ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਵਾਹ ਪਾਠੀ ਜੀ
ਭਾਰਤ ਇੱਕ ਐਸਾ ਮੁਲਕ ਹੈ ਜਿੱਥੇ
ਜਿਉਂਦੇ ਚੂਹੇ ਨੂੰ ਫੜ੍ਹਨ ਲਈ ਪਿੰਜਰਾ ਲਗਾਇਆ ਜਾਂਦਾ ਹੈ ਤੇ ਉਂਜ ਪੱਥਰ ਦਾ ਚੂਹਾ ਬਣਾ ਕੇ ਉਸ ਦੀ
ਪੂਜਾ ਕੀਤੀ ਜਾਂਦੀ ਹੈ। ਪਿੱਪਲ ਬਹੁਤ ਵਧੀਆ ਛਾਂ ਅਤੇ ਸਭ ਤੋਂ ਔਕਸੀਜਨ ਦੇਂਦਾ ਹੈ ਉਸ ਨੂੰ ਪਾਣੀ
ਪਉਣ ਦੀ ਥਾਂ `ਤੇ ਆਲੇ ਦੁਆਲੇ ਧਾਗੇ ਬੱਧੇ ਜਾਂਦੇ ਹਨ ਅੱਖੇ ਹੇ ਪਿੱਪਲ ਸਾਹਿਬ ਸਾਡੀਆਂ ਮਨੋ ਕਾਮਨਾ
ਪੂਰੀਆਂ ਕਰੋ। ਇਸ ਮੁਲਕ ਦਾ ਬਾਬਾ ਆਦਮ ਹੀ ਨਿਰਾਲਾ ਹੈ। ਘਰ ਵਿੱਚ ਕੋਈ ਕੀੜਾ ਕਾਡਾ ਆ ਜਾਏ ਤਾਂ
ਸਾਰਾ ਟੱਬਰ ਦਵਾਈ ਪਾ ਪਾ ਕੇ ਕਾਡਿਆਂ ਕੀੜਿਆਂ ਨੂੰ ਜਾਨੋਂ ਮਾਰਦਾ ਫਿਰਦਾ ਹੈ ਪਰ ਬਾਹਰ ਕਾਡਿਆਂ ਦੇ
ਭੌਣ `ਤੇ ਦਾਣੇ ਕਣੀਆਂ ਸੁੱਟ ਕੇ ਉਹਨਾਂ ਕੋਲੋਂ ਮਨ ਦੀਆਂ ਮੁਰਾਦਾਂ ਪੂਰੀਆਂ ਕਰਾਉਣ ਵਿੱਚ ਰੁਝਿਆ
ਹੋਇਆ ਹੈ।
ਸੱਪ ਦਿਸ ਜਾਏ ਤਾਂ ਸਾਰ ਮਹੱਲਾ ਉਸ ਨੂੰ ਮਾਰਨ ਲਈ ਡਾਂਗਾਂ ਚੁੱਕੀ ਫਿਰਦਾ ਹੈ ਉਂਝ ਸੱਪਾਂ ਦੇ ਮੰਦਰ
ਬਣੇ ਹੋਏ ਹਨ। ਬਾਂਦਰਾਂ ਨੂੰ ਕੋਈ ਵੀ ਨਗਰ ਨਿਵਾਸੀ ਨੇੜੇ ਨਹੀਂ ਆਉਣ ਦੇਂਦਾ ਪਰ ਸੜਕਾਂ ਦਿਆਂ
ਕਿਨਾਰਿਆਂ ਜਾਂ ਪਹਾੜੀਆਂ ਇਲਾਕਿਆਂ ਵਿੱਚ ਲੋਕ ਬਾਂਦਰਾਂ ਨੂੰ ਨਿੱਕੜ ਸੁਕੜ ਪਾਉਣ ਲਈ ਦੂਰ ਦਰਾਡੇ
ਤੱਕ ਪੈਂਡਾ ਤਹਿ ਕਰਦੇ ਹਨ।
ਦੁਕਾਨਦਾਰ ਦੀ ਦੁਕਾਨ ਦੇ ਬਾਹਰ ਪਈਆਂ ਬੋਰੀਆਂ ਵਿਚੋਂ ਜੇ ਕਿਤੇ ਗਊ ਮੂੰਹ ਮਾਰ ਜਾਏ ਤਾਂ ਦੁਕਾਨਦਾਰ
ਸੋਟਾ ਫੜ ਕੇ ਵਿਚਾਰੀ ਗਊ ਦੇ ਪਾਸੇ ਭੰਨ ਸੁਟਦਾ ਹੈ। ਓਨਾ ਚਿਰ ਸੋਟਾ ਫੇਰਦਾ ਜਾਂਦਾ ਹੈ ਜਿੰਨਾ ਚਿਰ
ਵਿਚਾਰੀ ਗਊ ਬਜ਼ਾਰ ਦੀਆਂ ਹੱਦਾਂ ਪਾਰ ਨਹੀਂ ਕਰ ਜਾਂਦੀ। ਉਂਜ ਦਿਨ ਦੀਵੀਂ ਇਹ ਲੋਕ ਗਊ ਲੱਭਦੇ ਫਿਰਦੇ
ਹਨ ਕਿ ਅਸਾਂ ਗਊ ਮਾਤਾ ਨੂੰ ਪੇੜਾ ਦੇਣਾ ਹੈ।
ਪੰਜਾਬ ਵਿੱਚ ਬਹੁਤ ਸਾਰੀਆਂ ਘਟਨਾਵਾਂ ਐਸੀਆਂ ਵਾਪਰੀਆਂ ਰਹੀਆਂ ਕਿ ਮਨੁੱਖਤਾ ਦੀ ਕਦਰ ਕੋਈ ਨਹੀਂ ਹੈ
ਪਰ ਧਰਮ ਦੇ ਨਾਂ `ਤੇ ਕੁੱਤਿਆਂ ਬਿੱਲਿਆਂ ਦੀ ਜ਼ੋਰ ਸ਼ੋਰ ਨਾਲ ਪੂਜਾ ਕੀਤੀ ਜਾ ਰਹੀ ਹੈ। ਨਿੱਤ ਉੱਚ
ਜਾਤੀਆਂ ਵਲੋਂ ਪਛੜੇ ਵਰਗਾਂ `ਤੇ ਹੋ ਰਹੇ ਜ਼ੁਲਮਾਂ ਦੀ ਗਾਥਾ ਅਕਸਰ ਅਖਬਾਰਾਂ ਵਿੱਚ ਆਉਂਦੀ ਰਹਿੰਦੀ
ਹੈ।
ਅਵਾਰਾ ਕੁੱਤਿਆਂ ਨੇ ਬਹੁਤ ਸਾਰੇ ਬੱਚਿਆਂ ਨੂੰ ਨੋਚ ਨੋਚ ਕੇ ਖਾ ਲਿਆ ਹੈ। ਆ ਹੁਣ ਹੀ ਇੱਕ ਖਬਰ ਆਈ
ਹੈ ਕਿ ਸਵੇਰ ਦੇ ਸਮੇਂ ਧੂੰਦ ਪਈ ਹੋਈ ਸੀ ਫਤਹਗੜ੍ਹ ਚੂੜੀਆਂ ਵਿਖੇ ਇਜ ਸਿਆਣੀ ਬਿਆਣੀ ਬੀਬੀ ਨੂੰ
ਕੁੱਤਿਆਂ ਨੇ ਨੋਚ ਨੋਚ ਖਾ ਲਿਆ ਹੈ।
ਲੁਧਿਆਣੇ ਸ਼ਾਹਿਰ ਦੇ ਕਿਸੇ ਕੋਨੇ ਵਿੱਚ ਚਲੇ ਜਾਓ ਦਸ ਬਾਰ੍ਹਾਂ ਕੁੱਤੇ ਹਰ ਮੋੜ `ਤੇ ਬੈਠੇ ਦਿਖਾਈ
ਹੀ ਨਹੀਂ ਦੇਂਦੇ ਸਗੋਂ ਓਪਰੇ ਬੰਦੇ ਦੇ ਗਲ਼ ਪੈ ਜਾਂਦੇ ਹਨ। ਸਵੇਰੇ ਸਵੇਰੇ ਸੈਰ ਕਰਨ ਜਾਈਏ ਤਾਂ ਹੱਥ
ਵਿੱਚ ਸੋਟੀ ਲੈ ਕੇ ਜਾਣਾ ਪੈਂਦਾ ਹੈ। ਪਤਾ ਨਹੀਂ ਕਿੱਥੇ ਕਿਸੇ ਕੁੱਤੇ ਨੇ ਲੱਤੋਂ ਫੜ ਲੈਣਾ ਹੈ।
ਪਾਰਕ ਵਿੱਚ ਬੈਠਿਆਂ ਇੱਕ ਦਿਨ ਉਸ ਭਰਾ ਨਾਲ ਟਾਕਰਾ ਹੋ ਗਿਆ ਜਿਹੜਾ ਪੇਸ਼ੇ ਵਜੋਂ ਅਣਸਿਖਾਂਦਰੂ ਪਾਠੀ
ਹੈ। ਇਹ ਭਾਊ ਕੇਵਲ ਰੌਲ਼ਾਂ ਹੀ ਲਗਾਉਂਦੇ ਹਨ। ਇਹਨਾਂ ਦੇ ਬਹੁਤ ਵੱਡੇ ਗਿਲੇ ਸ਼ਿਕਵੇ ਹਨ। ਦੇਖੋ ਜੀ
ਡੀ ਜੇ ਵਾਲਿਆਂ ਨੂੰ ਪਰਵਾਰ ਵਾਲੇ ਬਹੁਤ ਪੈਸੇ ਦੇਂਦੇ ਹਨ ਪਰ ਸਾਨੂੰ ਪੈਸੇ ਦੇਣ ਲੱਗੇ ਕਮੇਟੀ
ਪ੍ਰਧਾਨ ਨੂੰ ਟੈਲੀਫੂਨ ਕਰਨਗੇ ਜੀ ਇਹਨਾਂ ਦੀ ਭੇਟਾ ਕਿੰਨੀ ਬੱਧੀ ਹੋਈ ਹੈ।
ਲਗ ਪਗ ਸਾਰੀ ਜ਼ਿੰਦਗੀ ਲੰਘ ਚੱਲੀ ਹੈ ਰੌਲ਼ਾਂ ਲਉਂਦਿਆਂ ਦੀ ਪਰ ਗੁਰਬਾਣੀ ਪਾਠ ਦੀ ਸ਼ੁਧਤਾ ਜਾਂ
ਵਿਸ਼ਰਾਮ ਉਚਾਰਨ ਸਬੰਧੀ ਉਹਨਾਂ ਦਾ ਕੋਈ ਵਾਹ ਵਾਸਤਾ ਨਹੀਂ ਹੈ। ਸਾਡੇ ਮਹੱਲੇ ਦੇ ਚਾਰੇ ਪਾਸੇ ਦਸ ਦਸ
ਕੁੱਤੇ ਰਹਿੰਦੇ ਹਨ ਇਹ ਸਭ ਬਿੱਪਰੀ ਸੋਚ ਵਿਚੋਂ ਪੈਦਾ ਹੋਏ ਹਨ ਅੱਖੇ ਇਹਨਾਂ ਦੀ ਸੇਵਾ ਕਰਨੀ
ਚਾਹੀਦੀ ਹੈ। ਨਿੱਕੇ ਨਿੱਕੇ ਕਤੂਰੇ ਅਕਸਰ ਦਿਸਦੇ ਰਹਿੰਦੇ ਹਨ ਜਿੰਨ੍ਹਾਂ ਦੀ ਲੋਕ ਅਕਸਰ ਸੇਵਾ ਵਿੱਚ
ਰੁੱਝੇ ਹੋਏ ਦਿਖਾਈ ਦੇਂਦੇ ਹਨ। ਬਿੱਪਰੀ ਸੋਚ ਵਾਲੇ ਪਰਵਾਰਾਂ ਨੇ ਆਪਣੇ ਘਰਾਂ ਦੇ ਬਾਹਰ ਕੂੰਡੇ ਜਾਂ
ਬਾਟੀਆਂ ਵਰਗੇ ਮਿੱਟੀ ਸਿਲਵਰ ਆਦੇ ਦੇ ਬਰਤਨ ਰੱਖੇ ਹੁੰਦੇ ਹਨ। ਨਿਆਣਿਆਂ ਨੂੰ ਭਾਂਵੇ ਦੁੱਧ ਨਾ
ਮਿਲੇ ਪਰ ਇਹਨਾਂ ਬੱਠਲ਼ਾਂ ਵਿੱਚ ਲੋਕ ਦੁੱਧ ਪਉਣਾ ਨਹੀਂ ਭੁੱਲਦੇ।
ਪਾਰਕ ਵਿੱਚ ਬੈਠਿਆਂ ਪਾਠੀ ਸਿੰਘ ਨੇ ਬੜੀ ਮਜ਼ੇਦਾਰ ਗੱਲ ਸੁਣਾਈ ਕਿ ਦੇਖੋ ਜੀ ਫਲਾਣੇ ਘਰ ਦੀਆਂ
ਬੱਚੀਆਂ ਨੇ ਕਤੂਰਿਆਂ ਦੀ ਬਹੁਤ ਸੇਵਾ ਕੀਤੀ ਹੈ। ਪਾਠੀ ਸਿੰਘ ਅੱਗੇ ਕਹਿੰਦਾ ਸੀ ਦੇਖੋ ਜੀ ਫਲਾਣਾ
ਹੋਟਲ ਵਾਲਾ ਭੁੱਖਾ ਮਰਦਾ ਹੁੰਦਾ ਸੀ ਉਸ ਨੇ ਸੂਈ ਕੁੱਤੀ ਦੇ ਕਤੁਰਿਆਂ ਦੀ ਬਹੁਤ ਸੇਵਾ ਕੀਤੀ। ਬੱਸ
ਫਿਰ ਕੀ ਸੀ ਅੱਜ ਉਸ ਨੂੰ ਮਹਾਂਰਾਜ ਜੀ ਨੇ ਬਹੁਤ ਭਾਗ ਲਗਾਏ ਹਨ ਚਾਰ ਤੇ ੳਹਨਾਂ ਪਾਸ ਕਾਰਾਂ ਹਨ।
ਕਾਰੋਬਾਰ ਵਿੱਚ ਬੇਓੜਕਾ ਵਾਧਾ ਹੋਇਆ ਹੈ ਸਾਰੇ ਬੱਚੇ ਸੈੱਟ ਹੋ ਗਏ ਹਨ ਇਹ ਤੇ ਜੀ ਉਹਨਾਂ ਨੇ
ਕੁੱਤਿਆਂ ਦੀ ਸੇਵਾ ਵਿਚੋਂ ਸਭ ਕੁੱਝ ਪ੍ਰਾਪਤ ਕਰ ਲਿਆ ਹੈ।
ਪਾਠੀ ਵਿਚਾਰਾ ਮੇਰੇ ਤੇ ਭਰੋਸਾ ਕਰਕੇ ਦਵਾ ਦਵ ਆਪਣੀ ਗੱਲ ਸੁਣਾਈ ਰਿਹਾ ਸੀ। ਪਾਠੀ ਸਿੰਘ
ਕਿੰਨਿਆਂ ਹੋਰ ਘਰਾਂ ਦੀਆਂ ਗੱਲਾਂ ਸਣਾਉਂਦਾ ਜਿੰਨ੍ਹਾਂ ਨੇ ਕੁੱਤਿਆਂ ਦੀ ਸੇਵਾ ਕਰਕੇ ਰਾਜ ਭਾਗ
ਪ੍ਰਾਪਤ ਕੀਤਾ ਹੈ ਜੇ ਸਾਬਕਾ ਇੱਕ ਗਵਾਂਢੀ ਅਫ਼ਸਰ ਆ ਕੇ ਉਸ ਨੂੰ ਨਾ ਟੋਕਦਾ। ਉਹ ਬੈਠਦਿਆਂ ਸਾਰ ਹੀ
ਕਹਿਣ ਲੱਗਾ ਜਾ ਭਾਈ ਬਹੁਤੀਆਂ ਗੱਪਾਂ ਨਾ ਮਾਰਿਆਂ ਕਰ। ਤੇਰੀਆਂ ਬੇਥਵੀਆਂ ਨਾਲ ਹੀ ਦਿਨੋ ਦਿਨ ਸਾਡੀ
ਗਲ਼ੀ ਵਿੱਚ ਕੁੱਤਿਆਂ ਦਾ ਵਾਧਾ ਹੋਈ ਜਾ ਰਿਹਾ ਹੈ। ਇਹ ਬੰਦਾ ਸਾਰੀ ਜ਼ਿੰਦਗੀ ਰੌਲ਼ਾਂ ਲਉਂਦਾ ਰਿਹਾ ਹੈ
ਪਰ ਗੁਰਬਾਣੀ ਦੇ ਇੱਕ ਸ਼ਬਦ ਦਾ ਵੀ ਗਿਆਨ ਨਹੀਂ ਹੋਇਆ ਲਓ ਕਰ ਤੇਲ ਨੂੰ ਭਾਂਡਾ—ਅਖੇ ਕੌਮ ਚੜ੍ਹਦੀ
ਕਲਾ ਵਿੱਚ ਲੈ ਕੇ ਜਾਣੀ ਆਂ।
ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਦਿਆਂ ਉਸ ਭਾਈ ਸਾਹਿਬ ਜੀ ਨੂੰ ਸਾਰੇ ਵੀਰਾਂ ਨੇ ਸਮਝਾਉਣ ਦਾ
ਯਤਨ ਕੀਤਾ ਕਿ ਭਾਈ ਤੁਸੀਂ ਬਾਣੀ ਪੜ੍ਹਨ ਵਾਲੇ ਅਜੇਹੀਆਂ ਬੇਤੁਕੀਆਂ ਗੱਪਾਂ ਨਾ ਮਾਰਿਆ ਕਰੋ।
ਇਕ ਵੀਰ ਬੋਲਿਆ ਕਿ ਬਾਈ ਜੀ ਸਾਡੇ ਜ਼ਮਾਨੇ ਵਿੱਚ ਸਰਕਾਰ ਅਵਾਰਾ ਕੁੱਤਿਆਂ ਨੂੰ ਆਪ ਮਾਰਦੀ ਹੁੰਦੀ
ਸੀ। ਅੱਜ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਤਾਂ ਦੇ ਨਹੀਂ ਰਹੀ ਪਰ ਕੁੱਤਿਆਂ ਬਿੱਲਿਆਂ ਤੇ ਗਾਈਆਂ
ਨੂੰ ਬਚਾਉਣ `ਤੇ ਲੱਗੀ ਹੋਈ ਹੈ।
ਭਾਈ ਨੇ ਆਪਣੀ ਹੇਠੀ ਮਹਿਸੂਸ ਕਰਦਿਆਂ ਓੱਥੋਂ ਉੱਠ ਕੇ ਜਾਣ ਵਿੱਚ ਜੀ ਭਲਾ ਸਮਝਿਆ। ਪਾਰਕ ਵਿੱਚ ਹੋਰ
ਵੀਰ ਵੀ ਆ ਗਏ ਜਿੰਨ੍ਹਾਂ ਨੇ ਦੱਬ ਕੇ ਸਰਕਾਰੀ ਤੰਤਰ ਨੂੰ ਕੋਸਿਆ। ਮਨੱਖਤਾ ਦੇ ਭਲੇ ਨਾਲੋਂ ਬੇਲੋੜੇ
ਕੁਤਿਆਂ ਨੂੰ ਅਵਾਰਾ ਛੱਡਣ ਕਰਕੇ ਹੋ ਰਹੇ ਨੁਕਸਾਨ ਦੀ ਭਰਪਾਈ ਕੌਣ ਕਰਾਏਗਾ। ਅਸੀਂ ਸਾਰੇ ਸੋਚ ਰਹੇ
ਸੀ ਨਿਰਾ ਪਾਠ ਪੜ੍ਹਨ ਨਾਲ ਕੋਈ ਲਾਭ ਨਹੀਂ ਹੁੰਦਾ ਜਿੰਨ੍ਹਾਂ ਚਿਰ ਗੁਰਬਾਣੀ ਦੀਆਂ ਵਿਚਾਰਾਂ ਨਹੀਂ
ਹੁੰਦੀਆਂ।
ਜੇ ਗੁਰਬਾਣੀ ਪੜ੍ਹਨ ਵਾਲਾ ਹੀ ਪਹਾੜਾਂ ਜਿੱਡੇ ਵਹਿਮ ਪਾਲ਼ੀ ਬੈਠਾ ਹੈ ਤਾਂ ਜ਼ਰਾ ਸੋਚੋ ਕੌਮ ਦਾ ਕੀ
ਹਾਲ ਹੋਏਗ?
ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ।।