ਪੰਜਾਹ ਕੁ ਸਾਲ ਤੋਂ ਇਹ ਲੇਖਕ ਗੁਰੂ ਨਾਨਕ ਦੇਵ ਜੀ ਦੇ ਚਰਨ-ਛੋਹ ਸਥਾਨਾਂ
ਦੀ ਖੋਜ ਵਿਚ ਲੱਗਿਆ ਹੋਇਆ ਹੈ ਤੇ ਦੇਖਿਆ ਹੈ ਕਿ ਦੁਨੀਆਂ ਦੇ ਹਰ ਕੋਨੇ ਵਿਚ ਗੁਰੂ ਨਾਨਕ-ਨਾਮ ਲੇਵਾ
ਹਨ ਜਿਨ੍ਹਾਂ ਦੀ ਗਿਣਤੀ 14 ਕ੍ਰੋੜ ਤੋਂ ਉਪਰ ਦਸੀਂਦੀ ਹੈ।ਇਨ੍ਹਾਂ ਮੰਨਣ ਵਾਲਿਆਂ ਵਿਚ ਸਿੱਖ ਹੀ
ਨਹੀਂ, ਹਿੰਦੂ, ਬੋਧੀ, ਜੈਨੀ, ਮੁਸਲਿਮ ਤੇ ਈਸਾਈ ਮਤਾਂ ਦੇ ਲੋਕ ਵੀ ਸ਼ਾਮਿਲ ਹਨ।ਵੱਡੀ ਗਿਣਤੀ ਵਿਚ
ਸਿਕਲੀਗਰ, ਵਣਜਾਰੇ, ਸਤਨਾਮੀਏਂ, ਜੌਹਰੀ, ਥਾਰੂ, ਸਿੰਧੀ , ਲਾਮੇ, ਯੋਗੀ ਹਰਭਜਨ ਸਿੰਘ ਨਾਲ ਜੁੜੇ
ਗੋਰੇ ਤੇ ਅਫਰੀਕਣ ਸਿੱਖ ਵੀ ਹਨ। ਇਹ ਸਭ ਇਸ ਲਈ ਜੁੜੇ ਹਨ ਕਿਉਂਕਿ ਗੁਰੂ ਨਾਨਕ ਦੇਵ ਜੀ ਦੀਆਂ
ਸਿਖਿਆਵਾਂ ਕਿਸੇ ਇਕ ਇਲਾਕੇ ਜਾਂ ਫਿਰਕੇ ਲਈ ਨਹੀਂ ਸਗੋਂ ਸਾਰੇ ਵਿਸ਼ਵ ਦੇ ਪ੍ਰਾਣੀਆਂ ਲਈ ਹਨ। ਕਈਆਂ
ਨੇ ਗੁਰੁ ਨਾਨਕ ਦੇਵ ਜੀ ਨੂੰ ਅਪਣੇ ਨਾਲ ਜੋੜਣ ਲਈ ਨਵੇਂ ਨਾਮ ਦੇ ਰੱਖੇ ਹਨ ਜਿਵੇਂ ਕਿ ਅਰਬ ਦੇਸ਼ਾਂ
ਵਿਚ ਵਲੀ-ਹਿੰਦ, ਲਾਮਿਆਂ ਵਿਚ ਗੁਰੂ ਰਿੰਪੋਸ਼ ਤੇ ਭਦਰਾ ਗੁਰੂ, ਨੇਪਾਲ ਵਿਚ ਨਾਨਕ ਰਿਸ਼ੀ,
ਤੁਰਕਿਸਤਾਨ ਤੇ ਉਜ਼ਬੇਕਿਸਤਾਨ ਵਿਚ ਨਾਨਕ ਕਲੰਦਰ, ਅਫਗਾਨਿਸਤਾਨ ਵਿਚ ਬਾਲਗਦਾਂ ਤੇ ਚੀਨ ਵਿਚ ਬਾਬਾ
ਫੂ ਸਾ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।
ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਅਨੇਕਾਂ ਪਿੰਡ ਗਰਾਂ ਵਸ ਗਏ ਹਨ ਜਿਵੇਂ ਕਿ
ਪਾਕਿਸਤਾਨ ਵਿਚ ਨਾਨਕਾਣਾ ਸਾਹਿਬ ਤੇ ਨਾਨਕਸਰ (ਹੜੱਪਾ), ਯੂ ਪੀ ਵਿਚ ਨਾਨਕ ਮਤਾ, ਗੁਜਰਾਤ ਵਿਚ
ਨਾਨਕ ਲੋਧੀਆਂ ਢੋਲਕਾ, ਯੂਗੰਡਾਤ ਵਿਚ ਬਾਬ ਨਾਨਕਾ, ਹਾਂਗਕਾਂਗ ਵਿਚ ਨਾਨਕ ਫੁੰਗੀ, ਚੀਨ ਵਿਚ
ਨਾਨਕਿਆਂਗ, ਭਾਰਤ-ਤਿਬਤ ਹੱਦ ਤੇ ਨਾਨਕੇਨ-ਥਾਗਲਾ-ਰਿਜ, ਨੇਪਾਲ ਵਿਚ ਨਾਨਕੀ ਲਾ, ਕਰਨਾਟਕ ਵਿਚ
ਨਾਨਕ-ਝੀਰਾ, ਪੰਜਾਬ ਵਿਚ ਡੇਰਾ ਬਾਬਾ ਨਾਨਕ ਆਦਿ।
ਗੁਰੁ ਨਾਨਕ ਦੇਵ ਜੀ ਦੇ ਸਰੀਰਕ ਅੰਗਾਂ ਦੀਆਂ ਛਾਪਾਂ ਨੂੰ ਵੀ ਕਈ ਥਾਂ
ਸੰਭਾਲ ਕੇ ਰਖਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਦੇ ਚਰਨ-ਚਿੰਨ੍ਹ ਕਰਨਾਟਕ ਵਿਚ ਨਾਨਕ ਝੀਰਾ ਬਿਦਰ,
ਲਾਚਿਨ ਦੇ ਗੋਂਫਾ ਵਿਚ, ਚੁੰਗਥਾਂਗ ਪੱਥਰ ਸਾਹਿਬ ਉਪਰ, ਹਜੋ ਆਸਾਮ ਵਿਚ, ਗੁਜਰਾਤ ਵਿਚ ਜੂਨਾਗੜ੍ਹ
ਦੀ ਪਹਾੜੀ ਉਪਰ, ਉਤਰਾਖਂਡ ਵਿਚ ਕੋਟਦਵਾਰ ਤੇ ਸ੍ਰੀਨਗਰ ਵਿਚ ਬਲੋਚਿਸਤਾਨ ਵਿਚ, ਕਠਮੰਡੂ ਨੇਪਾਲ
ਵਿਚ, ਵਾਟ ਸਰਕਾਟ ਬੰਗਕੌਕ ਥਾਈ ਲੈਂਡ ਵਿਚ ਬੰਗਲਾ ਦੇਸ਼ ਦੇ ਢਾਕਾ ਤੇ ਸੁਜਾਤਪੁਰ ਵਿਚ ਗੁਰੂ ਨਾਨਕ
ਦੇਵ ਜੀ ਦੇ ਹੱਥਾਂ ਦੇ ਨਿਸ਼ਾਨ ਪੰਜਾ ਸਾਹਿਬ ਵਿਚ, ਸਰੀਰ ਦੇ ਨਿਸ਼ਾਨ ਨਿਮੋ-ਲੇਹ ਲਦਾਖ ਤੇ ਮੰਚੂਖਾ
ਅਰੁਣਾਂਚਲ਼ ਪ੍ਰਦੇਸ਼ ਵਿਚ ਹਨ।
ਗੁਰੁ ਨਾਨਕ ਦੇਵ ਜੀ ਨਾਲ ਸਬੰਧਤ ਤਲਾ, ਦਰਖਤ ਤੇ ਥੜੇ ਵੀ ਸਾਰੀ ਦੁਨੀਆਂ
ਵਿਚ ਹਨ। ਰੀਠਾ ਸਾਹਿਬ ਉਤਰਾਖੰਡ ਤੇ ਸ੍ਰੀ ਲੰਕਾ ਵਿਚ, ਨਾਨਕ ਬਗੀਚੀ ਯੂ ਪੀ ਵਿਚ, ਖੂੰਡੀ ਸਾਹਿਬ
ਤੇ ਚੌਲਾਂ ਦੀ ਖੇਤੀ ਚੁੰਗਥਾਂਗ ਸਾਹਿਬ, ਨਾਨਕ ਥੜਾ ਨੈਨੀ ਤਾਲ ਵਿਚ, ਥੜਾ ਸਾਹਿਬ ਦਿਲੀ ਵਿਚ,
ਵਾਹਿਗੁਰੂ ਮੱਠ ਤੇ ਬਾਉਲੀ ਮੱਠ ਜਗਨਨਾਥ ਪੁਰੀ ਵਿਚ, ਗੁਰੂ ਕਾ ਬਾਗ (ਮਾਲਦਾ, ਬੰਗਾਲ ਵਿਚ) ਨਾਨਕ
ਘਰ ਹਜੋ ਗੁਹਾਟੀ ਵਿਚ, ਮਾਲ-ਟੇਕਰੀ ਨਾਦੇੜ ਵਿਚ, ਗੁਰੁ ਘਾਟੀ ਅਜਮੇਰ ਵਿਚ, ਰਾਮ-ਟੇਕਰੀ ਪੁਣੇ ਵਿਚ
ਹਨ।
ਲਦਾਖ, ਉਤਰਾਖੰਡ, ਸਿਕਿਮ, ਭੁਟਾਨ, ਨੇਪਾਲ, ਅਰੁਣਾਚਲ ਪ੍ਰਦੇਸ਼ ਤੇ ਤਿਬਤ ਦੇ
ਕਰਮਾਪਾ ਬੋਧ ਮੱਠਾਂ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਮੂਰਤੀਆਂ ਸਥਾਪਿਤ ਹਨ। ਗੁਰੂ ਨਾਨਕ ਦੇਵ ਜੀ
ਦੇ ਸੰਗਤੀ ਅਸਥਾਨ ਵਿਚ ਨਾਨਕਸ਼ਾਹੀ ਸੰਗਤ, ਨਾਨਕ ਪੰਥੀ, ਮੁਰੀਦ ਨਾਨਕੀ ਆਦਿ ਨਾਮ ਲੇਵਾ ਹਨ।
ਗੁਰੁ ਨਾਨਕ ਦੇਵ ਜੀ ਦੀ ਫਿਲਾਸਫੀ ਤੇ ਸਿਖਿਆਵਾਂ ਨੂੰ ਵਧਾਉਣ ਫੈਲਾਉਣ ਵਿਚ
ਬਾਕੀ ਨੌਂ ਗੁਰੂ ਸਾਹਿਬਾਨ ਦਾ ਬਹੁਤ ਵੱਡਾ ਯੋਗਦਾਨ ਹੈ।ਗੁਰੁ ਨਾਨਕ ਦੇਵ ਜੀ ਦੀ ਫਿਲ਼ਾਸਫੀ ਨੂੰ
ਉਨ੍ਹਾਂ ਪਰਚਾਰਿਆ ਪਰਸਾਰਿਆ ਹੀ ਨਹੀਂ ਸਗੋਂ ਬਾਣੀ ਵੀ ਰਚੀ ਤੇ ਅਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ
ਦਾ ਮਹਲ ਹੀ ਜਣਾਇਆ ਤੇ ਅਪਣੀ ਬਾਣੀ ਵਿਚ ਨਾਨਕ ਨਾਮ ਹੀ ਵਰਤਿਆ ਜਿਵੇਂ ਕਿ ਮਹਲ ਦੂਜਾ ਗੁਰੁ ਅੰਗਦ
ਦੇਵ ਜੀ, ਮਹਲ ਤੀਜਾ ਗੁਰੁ ਅਮਰਦਾਸ ਜੀ …ਮਹਲ ਨੌਵਾਂ ਗੁਰੁ ਤੇਗ ਬਹਾਦੁਰ ਜੀ ਆਦਿ।ਇਸਤਰ੍ਹਾਂ ਗੁਰੂ
ਨਾਨਕ ਦੇਵ ਜੀ ਦੀ ਜੋਤ ਅਗੇ ਫੇਲਦੀ ਚਲੀ ਗਈ ਤੇ ਜਗਤ ਦਾ ਹਨੇਰਾ ਕਟਦੀ ਚਲੀ ਗਈ। ਗੁਰੂ ਅਰਜਨ ਦੇਵ
ਜੀ ਨੇ ਪੰਜ ਗੁਰੂ ਸਾਹਿਬਾਨ ਤੇ ਗੁਰੂ ਨਾਨਕ ਫਿਲਾਸਫੀ ਅਨੁਸਾਰ ਹੋਰ ਸੰਤਾ ਭਗਤਾਂ ਦੀ ਬਾਣੀ ਨੂੰ
ਸੰਪਾਦ ਕਰਕੇ ਆਦਿ ਗ੍ਰੰਥ ਰਚਿਆ ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਤੇਗ
ਬਹਾਦਰ ਜੀ ਦੀ ਬਾਣੀ ਹੋਰ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਦਾ ਲਈ ਗੁਰੂ ਸਥਾਪਿਤ ਕਰ
ਦਿਤਾ।
ਲੱਖਾਂ ਗੁਰਦੁਆਰੇ ਹਨ ਜਿਨ੍ਹਾਂ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਜਲਾਈਆਂ ਇਹ
ਸਦੀਵੀ ਜੋਤਾਂ ਗਿਆਨ ਬਣ ਬਣ ਬਣ ਦਲਾਂ-ਮਨਾਂ ਨੂੰ ਜਗਾਉਂਦੀਆਂ-ਹਲੂਣਦੀਆਂ-ਟੌਭਦੀਆਂ ਤੇ ਸੱਚ ਦੇ
ਰਸਤੇ ਪਾਉਂਦੀਆਂ ਹਨ।ਹਰ ਰੋਜ਼ ਪ੍ਰਮੁਖ ਗੁਰਦੁਆਰਿਆਂ ਵਿਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੰਗੀਤਬੱਧ
ਕਰਕੇ ਸੰਗਤਾਂ ਤਕ ਪਹੁੰਚਦੀ ਹੈ; ਹਜ਼ਾਰਾਂ ਕੀਰਤਨੀਏ ਲਗਾਤਾਰ ਗੁਰਬਾਣੀ ਗਾਣ ਕਰਦੇ ਹਨ ਤੇ ਸੰਗਤਾਂ
ਗੁਰੂ ਨਾਨਕ ਬਾਣੀ ਦੀ ਚਰਚਾ ਕਰਦੀਆਂ ਹਨ।
ਪਰਸੋਂ ਮੈਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਗਿਆ ਜਿਥੇ ਸ੍ਰੀ ਗੁਰੂ
ਗ੍ਰੰਥ ਸਾਹਿਬ ਸ਼ੁਸ਼ੋਭਤ ਹਨ ਤੇ ਗੁਰਬਾਣੀ ਦੇ ਕੀਰਤਨ ਦਾ ਪਰਵਾਹ ਲਗਾਤਾਰ ਹੁੰਦਾ ਹੈ। ਇਤਨੀ ਸੰਗਤ ਸੀ
ਕਿ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅਗੇ ਨਤਮਸਤਕ ਹੋਣ ਲਈ ਢਾਈ ਘੰਟੇ ਲੱਗ ਗਏ।ਹੁਣ ਤੁਸੀਂ ਖੁਦ
ਹੀ ਸਮਝ ਲਉ ਕਿ ਕਿਤਨੇ ਨਾਮ ਲੇਵਾ ਹਰ ਰੋਜ਼ ਸ੍ਰੀ ਦਰਬਾਰ ਸਾਹਿਬ ਪਹੁੰਚਦੇ ਹਨ ਤੇ ਫਿਰ ਤਿਥ ਤਿਉਹਾਰ
ਤੇ ਜਦੋਂ ਤਿਲ ਧਰਨ ਦੀ ਥਾਂ ਵੀ ਨਹੀਂ ਹੁੰਦੀ ਕਿਤਨੇ ਕੁ ਦਰਸ਼ਨ ਅਭਿਲਾਸ਼ੀ ਹਾਜ਼ਰ ਹੁੰਦੇ
ਹੋਣਗੇ।ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤਿੰਨ ਸੌ ਸਾਲਾ
ਸਥਾਪਨਾ ਦਿਵਸ ਮਨਾਇਆ ਗਿਆ ਸੀ ਤਾਂ ਸਾਰੇ ਹਿੰਦੁਸਤਾਨ ਵਿਚ ‘ਤਿੰਨ ਸੌ ਸਾਲ ਗੁਰੂ ਦੇ ਨਾਲ ਗੂੰਜ
ਰਿਹਾ ਸੀ ਤੇ ਦੀਦ ਪਾਉਣ ਵਾਲੀਆਂ ਸੰਗਤਾਂ ਦੀ ਲੰਬੀ ਕਤਾਰ ਹਰ ਥਾਂ ਹੂੰਦੀ ਸੀ।ਇਸੇ ਤਰ੍ਹਾਂ ਸਾਰੀ
ਦੁਨੀਆਂ ਵਿਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਥਾਪਨਾ ਦਿਵਸ ਮਨਾਇਆ ਗਿਆ ਸੀ।ਇਸ ਤੋਂ ਭਾਵ ਗੁਰੂ
ਨਾਨਕ ਦੇਵ ਜੀ ਦੀ ਵਿਚਾਰਧਾਰਾ, ਫਿਲਾਸਫੀ ਸਾਰੀ ਦੁਨੀਆਂ ਵਿਚ ਗੂੰਜ ਰਹੀ ਹੈ ਤੇ ਨਾਨਕ ਨਾਮ ਲੇਵਾ
ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
ਸੱਚ ਦਾ ਚਾਨਣ, ਹੱਕ ਦਾ ਚਾਨਣ, ਇਨਸਾਫ ਦਾ ਚਾਨਣ ਜੋ ਗੁਰੂ ਨਾਨਕ ਦੇਵ ਜੀ
ਤੋਂ ਚਲ ਕੇ ਦਸ ਗੁਰੂ ਸਾਹਿਬਾਨ ਤੇ ਫਿਰ ਸਦੀਵੀ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਹੀਂ ਘਰ
ਘਰ ਪਹੁੰਚ ਰਿਹਾ ਹੈ ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਦੇ 957 ਸ਼ਬਦ ਮੁੱਖ
ਚਾਨਣ ਮੁਨਾਰਾ ਹਨ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਦਾ ਸਾਰ ਕਰਨਾ ਹੋਵੇ ਤਾਂ ਜਪੁਜੀ
ਵਿਚ ਮਿਲ ਜਾਵੇਗਾ ਤੇ ਜੇ ਇਕ ਅੱਖਰ ਵਿਚ ਕਹੀਏ ਤਾਂ ੴ ਹੀ ਸਾਰੀ ਬਾਣੀ ਦਾ ਸਾਰ ਹੈ ਜੋ ਗੁਰੂ ਨਾਨਕ
ਦੇਵ ਜੀ ਦੀ ਰਚਨਾ ਹਨ।ਅੱਗੇ ਸਾਰਾ ਗੁਰੂ ਗ੍ਰੰਥ ਸਾਹਿਬ ਸਮੁਚੇ ਤੌਰ ਤੇ ਇਸੇ ਫਿਲਾਸਫੀ ਨੂੰ ਅਗੇ
ਵਧਾਉਂਦਾ ਹੈ ਜੋ ਮੁਢਲੀ ਫਿਲਾਸਫੀ ਗੁਰੂ ਨਾਨਕ ਦੇਵ ਜੀ ਦੀ ਹੀ ਹੈ।
ਲੱਖਾਂ ਪੁਸਤਕਾਂ ਗੁਰੂ ਨਾਨਕ ਦੇਵ ਜੀ ਬਾਰੇ ਤੇ ਉਨ੍ਹਾ ਦੇ ਦਿਤੇ ਸੁਨੇਹੜਿਆ
ਬਾਰੇ ਸਾਰੇ ਵਿਸ਼ਵ ਵਿਚ ਪਹੁੰਚ ਗਈਆਂ ਹਨ। ਹਜ਼ਾਰਾਂ ਸੈਮੀਨਾਰਾਂ ਵਿਚ ਕਵੀ ਦਰਬਾਰਾਂ ਵਿਚ ਗੁਰੂ ਨਾਨਕ
ਦੇਵ ਜੀ ਬਾਰੇ ਚਰਚਾ ਹੁੰਦੀ ਹੈ ।
ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦਾ ਪਰਚਾਰ ਪਰਸਾਰ ਕਰਨ ਲਈ ਦੋ
ਯੂਨੀਵਰਸਿਟੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ
ਨਨਕਾਣਾ ਸਾਹਿਬ ਹੋਂਦ ਵਿਚ ਆ ਚੁਕੀਆਂ ਹਨ। ਕਈ ਕਾਲਿਜ ਤੇ ਸੰਸਥਾਂਵਾਂ ਨੇ ਅਪਣਾ ਨਾਮ ਗੁਰੂ ਨਾਨਕ
ਦੇਵ ਜੀ ਨਾਲ ਜੋੜ ਰੱਖਿਆ ਹੈ।ਕਈ ਯੂਨੀਵਰਸਿਟੀਆਂ ਨੇ ਗੁਰੂ ਨਾਕ ਦੇਵ ਜੀ ਉਪਰ ਖੋਜ ਕਰਨ ਲਈ ਗੁਰੂ
ਨਾਨਕ ਦੇਵ ਚੇਆਰ ਸਥਾਪਿਤ ਕੀਤੀਆ ਹਨ।ਗੁਰੂ ਨਾਨਕ ਦੇਵ ਜੀ ਉਪਰ ਖੋਜ ਕਰਕੇ ਕਈ ਵਿਦਿਆਰਥੀ ਪੀ ਐਚ ਡੀ
ਦੀਆਂ ਡਿਗਰੀਆਂ ਪ੍ਰਾਪਤ ਕਰ ਚੁਕੇ ਹਨ ਕਰ ਰਹੇ ਹਨ ਤੇ ਕਰਨਗੇ ਵੀ। ਲੱਖਾਂ ਲੇਖ ਗੁਰੂ ਨਾਨਕ ਦੇਵ ਜੀ
ਉਪਰ ਲਿਖੇ ਜਾ ਚੁਕੇ ਹਨ ਬੜੀਆਂ ਕਿਤਾਬਾਂ ਛਪ ਚੁਕੀਆਂ ਹਨ।ਕਈ ਫਿਲਮਾਂ ਤੇ ਵਿਡੀਓ ਗੁਰੂ ਨਾਨਕ ਦੇਵ
ਜੀ ਨਾਲ ਉਨ੍ਹਾਂ ਦੇ ਸਥਾਨਾਂ ਨਾਲ ਸਬੰਧਿਤ ਬਣ ਚੁਕੇ ਹਨ। ਗੁਰੂ ਨਾਨਕ ਦੇਵ ਜੀ ਦੀ ਪੰਜ ਸੌ ਸਾਲਾ
ਸ਼ਤਾਬਦੀ ਸਮਾਰੋਹ ਧੂੰਮ ਧਾਮ ਨਾਲ ਮਨਾਇਆ ਗਿਆ ਤੇ ਹੁਣ 550 ਸਾਲਾ ਅਧ-ਸ਼ਤਾਬਦੀ ਨੂੰ ਦੁਨੀਆਂ ਦੇ
ਸਾਰੇ ਸਫਾਰਤ ਖਾਨਿਆਂ ਤੋਂ ਇਲਾਵਾ ਹਰ ਦੇਸ਼ ਵਿਚ ਮਨਾਏ ਜਾਣਗੇ।ਹੋਰ ਤਾਂ ਹੋਰ ਵਪਾਰੀ ਵਰਗ ਨੇ ਵੀ ਕਈ
ਦੁਕਾਨਾਂ ਤੇ ਵਪਾਰਕ ਕੇਂਦਰ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਰੱਖੇ ਹਨ।ਕਈ ਮਾਵਾਂ ਨੇ ਵੀ ਅਪਣੇ
ਪੁਤਰਾਂ ਦੇ ਨਾਮ ਨਾਨਕ ਨਾਮ ਨਾਲ ਰੱਖੇ ਹਨ।
ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ:
ਜਿਵੇਂ ਕਿ ਪਹਿਲਾਂ ਦਸਿਆ ਗਿਆ ਹੈ ਗੁਰੂ ਜੀ ਦੀ ਫਿਲਾਸਫੀ ਦਾ ਧੁਰਾ ਮੂਲ
ਮੰਤਰ ਹੈ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ॥(ਪੰਨਾ 1)
ਸਭ ਤੋਂ ਵੱਡਾ, ਸਭ ਨੂੰ ਰਚਣ, ਪਾਲਣ, ਵਿਸਥਾਰਨ ਤੇ ਸੰਘਾਰਣ ਵਾਲਾ ਸਿਰਫ
ਪ੍ਰਮਾਤਮਾ ਹੀ ਹੈ । ਉਸੇ ਦਾ ਨਾਮ ਸੱਚਾ ਹੈ ਸਥਾਂਈ ਹੈ ਕਿਉਂਕਿ ਉਹ ਬਦਲਣਹਾਰ ਨਹੀ। ਬਾਕੀ ਸਾਰੀ
ਰਚਨਾ ਬਦਲਣਹਾਰ ਹੈ ਇਸ ਲਈ ਝੂਟੀ ਹੈ ।ਸਾਰੀ ਦੁਨੀਆ ਦਾ ਕਰਤਾ ਹੀ ਵਿਸ਼ਵ ਦਾ ਪੁਰਖਾ ਹੈ ਜਿਸ ਦਾ
ਹੁਕਮ ਸਭ ਨੇ ਮੰਨਣਾ ਹੇ ।ਉਸ ਦੇ ਹੁਕਮੋ ਬਗੈਰ ਪੱਤਾ ਵੀ ਨਹੀਂ ਹਿਲਦਾ।ਉਹ ਕਿਸੇ ਤੋਂ ਨਾ ਡਰਦਾ ਹੈ
ਤੇ ਨਾਂ ਹੀ ਕਿਸੇ ਦੇ ਨਾਲ ਵੈਰ ਰਖਦਾ ਹੈ ਕਿਉਂਕਿ ਉਸ ਦੇ ਬਰਾਬਰ ਦਾ ਹੈ ਹੀ ਕੋਈ ਨਹੀਂ ਇਹ ਰਾਜੇ
ਮਹਾਰਾਜੇ, ਸੁਲਤਾਨ ਖਾਨ ਵੀ ਨਹੀਂ ਜੋ ਉਸੇ ਦੇ ਹੀ ਬਣਾਏ ਹੋਏ ਹਨ।ਇਹ ਜੋ ਰਾਜੇ ਮਹਾਰਾਜੇ ਪਰਜਾ ਉਪਰ
ਇਤਨੇ ਜ਼ੁਲਮ ਕਰਦੇ ਹਨ ਇਨ੍ਹਾ ਸਭ ਨੇ ਮਿਟ ਜਾਣਾ ਹੈ। ਇਹ ਸਭ ਤੋਂ ਵਡੇ ਨਹੀਂ ਇਨ੍ਹਾ ਤੋਂ ਵਡਾ
ਪਰਮਾਤਮਾ ਹੈ ਤੇ ਸਭ ਉਸੇ ਹੁਕਮ ਵਿਚ ਚਲਦੇ ਹਨ ਉਸ ਦੇ ਹੁਕਮ ਬਿਨਾ ਕੁਝ ਨਹੀਂ ਕਰ ਸਕਦੇ।ਉਸਦੀ ਨਜ਼ਰ
ਪੁਠੀ ਹੋ ਜਾਵੇ ਤਾਂ ਸਾਰੇ ਖਾਨ ਸੁਲਤਾਨ ਮਾਰੇ ਜਾਣਗੇ ਜਾਂ ਮੰਗਣ ਤੇ ਆ ਜਾਣਗੇ।
ਸੋ ਪਾਤਸਾਹੁ, ਸਾਹਾ ਪਾਤਿਸਾਹਿਬ, ਨਾਨਕ ਰਹਿਣ ਰਜਾਈ॥(ਜਪੁ ਪੰਨਾ 6)
ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ॥ (ਸਿਰੀ 16)
ਨਦਰਿ ਉਪਠੀ ਜੇ ਕਰੇ ਸੁਲਤਾਨਾਂ ਘਾਉ ਕਰਾਇਦਾ। (ੳਾਸਾ 472)
ਭਾਣੈ ਤਖਤਿ ਵਡਾਈਆ, ਭਾਣੈ ਭੀਖ ਉਦਾਸਿ ਜੀਉ॥ (ਸੂਹੀ 762)
ਉਸ ਇਕੋ ਦਾ ਹੁਕਮ ਸਾਰੇ ਵਿਸ਼ਵ ਉਤੇ ਚਲਦਾ ਹੈ। ਉਸ ਇਕ ਤੋਂ ਹੀ ਤਾਂ ਸਾਰੇ
ਪੈਦਾ ਹੋਏ ਹਨ;
ਏਕੋ ਹੁਕਮੁ ਵਰਤੈ ਸਭ ਲੋਈ, ਏਕਸੁ ਤੇ ਸਭ ਓਪਤਿ ਹੋਈ। (ਗਉੜੀ, 223)
ਹੁਕਮੁ ਚਲਾਇ, ਰਹਿਆ ਭਰਪੂਰੇ। (ਮਾਰੂ, 1042)
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ (ਜਪੁ 1)
ਸਭ ਦੁਨੀਆਂ ਆਵਣ ਜਾਵਣੀ ਮੁਕਾਮੁ ਏੁ ਰਹੀਮੁ॥ (ਸਿਰੀ 64)
ਸੋ ਉਸਾਰੇ ਸੋ ਢਾਹਿਸੀ, ਤਿਸੁ ਬਿਨੁ ਅਵਰੁ ਨ ਕੋਇ॥ (ਰਾਮਕਲੀ 934)
ਮੰਗਣ ਵਾਲੇ ਕੇਤੜੇ, ਦਾਤਾ ਏਕੋ ਸੋਇ॥ (ਸਿਰੀ, ਪੰਨਾ 18)
ਜੀਆਂ ਮਾਰਿ ਜੀਵਾਲੇ ਸੋਈ, ਅਵਰੁ ਨ ਕੋਈ ਰਖੇ।(ਮਾਝ ਪੰਨਾ 150)
ਜੋ ਕਰਤਾ ਕਾਦਰ ਕਰੀਮੁ, ਦੇ ਜੀਆ ਰਿਜਕ ਸੰਬਾਹਿ॥ (ਆਸਾ ਪੰਨਾ 475)
ਵਡਹੁ ਵਡਾ ਵਡ ਮੇਦਨੀ, ਸਿਰਿ ਸਿਰਿ ਧੰਧੇ ਲਾਇਦਾ॥( ਆਸਾ 472)
ਪ੍ਰਮਾਤਮਾ ਤਾਂ ਸਦੀਵੀ ਹੈ ਕਾਲ ਰਹਿਤ ਹੈ, ਕਿਸੇ ਜੂਨ ਵਿਚ ਨਹੀਂ ਪੈਂਦਾ।
ਉਸ ਦਾ ਰਚਣ ਵਾਲਾ ਕੋਈ ਨਹੀਂ ਉਹ ਤਾਂ ਅਪਣੇ ਆਪ ਤੋਂ ਹੀ ਉਜਾਗਰ ਹੋਇਆ ਹੈ।ਬ੍ਰਹਮਾ, ਵਿਸ਼ਨੂ, ਮਹੇਸ਼
ਵੀ ਨਹੀਂ ਜੋ ਸਭ ਉਸੇ ਦੇ ਰਚੇ ਹੋਏ ਹਨ ਤੇ ਜਨਮ ਮਰਨ ਦੇ ਚੱਕਰ ਵਿਚ ਹਨ:
ਬ੍ਰਹਮਾ ਬਿਸਨੁ ਮਹੇਸ ਇਕ ਮੂਰਤਿ, ਆਪੇ ਕਰਤਾ ਕਾਰੀ।(ਰਾਮਕਲੀ ਪੰਨਾ 908)
ਜੋ ਪੱਥਰ ਦੇ ਦੇਵੀ ਦੇਵਤਿਆ ਨੂੰ ਪੂਜਦੇ ਹਨ ਇਨ੍ਹਾ ਨੇ ਬੁਤ ਪੂਜਕਾਂ ਨੂੰ
ਕੀ ਦੇ ਦੇਣਾ ਹੈ ਜਦ ਉਨ੍ਹਾ ਕੋਲ ਹੈ ਹੀ ਕੁਝ ਨਹੀਂ; ਜਿਹੜੇ ਪੱਥਰ ਨਵਾ ਧੁਲਾ ਕੇ ਪਾਣੀ ਵਿਚ ਛਡੇ
ਸਨ ਉਹ ਤਾਂ ਪਾਣੀ ਵਿਚ ਹੀ ਡਬ ਗਏ ਉਨ੍ਹਾ ਨੇ ਇਨਸਾਨ ਨੂੰ ਭਵ ਸਾਗਰ ਤੋਂ ਕੀ ਪਾਰ ਕਰਾਉਣਾ ਹੈ? ਸ਼ੋ
ਇਸ ਲਈ ਮੰਨਣਾ, ਪੂਜਣਾ ਜਪਣਾ ਤਾਂ ਸਿਰਫ ਇਕ ਪ੍ਰਮਾਤਮਾਂ ਨੂੰ ਹੀ ਹੈ ਜੋ ਵਡਾ ਦਾਤਾ ਹੈ ਜਿਸ ਘਰ
ਕਦੇ ਦਾਤਾ ਦਾ ਅੰਤ ਨਹੀਂ ਸਾਰੇ ਹੀ ਉਸ ਤੋਂ ਪਾਉਂਦੇ ਹਨ ਹੋਰ ਕਿਸੇ ਤੋਂ ਨਹੀਂ
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ। ਪਾਹਣੁ ਨੀਰਿ ਪਖਾਲੀਐ ਭਾਈ,
ਜਲ ਮਹਿ ਬੂਡਹਿ ਤੇਹਿ॥ (ਸੋਰਠਿ ਪੰਨਾ 637)
ਉਸ ਨੂੰ ਪ੍ਰਾਪਤ ਕਰਨਾ ਹੀ ਇਨਸਾਨੀ ਜੀਵਨ ਦਾ ਅਸਲ ਮਕਸਦ ਹੈ ਪਰ ਇਸ ਲਈ
ਸੱਚੇ ਸਤਿਗੁਰ ਨਦਰ ਮਿਹਰ ਜ਼ਰੁਰੀ ਹੈ।
ਵਾਹਿਗੁਰੂ ਤੇ ਉਸ ਦੀ ਰਚਨਾ ਨਾਲ ਸਮੁਚੇ ਪਿਆਰ ਦੀ ਹੈ। ਇਕੋ ਪਿਤਾ ਦੀ ਸਾਰੀ
ਰਚਨਾ ਹੋਣ ਕਰਕੇ ਬਰਾਬਰਤਾ ਤੇ ਭਰਾਤਰੀਵਾਦ ਨੂੰ ਮੁੱਖ ਰਖਿਆ ਹੈ।ਕਿਰਤ ਕਰਨਾ, ਨਾਮ ਜਪਣਾ ਤੇ ਵੰਡ
ਛਕਣਾ ਨਾਮ-ਦਾਨ-ਇਸ਼ਨਾਨ, ਸੇਵਾ-ਸਿਮਰਨ ਤੇ ਸਰਬਤ ਦਾ ਭਲਾ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦੇ
ਪਰੈਕਟੀਕਲ ਹਨ। ਉਸੇ ਦਾ ਨਾਮ ਦਾ ਸਹਾਰਾ ਲੈਣਾ ਚਾਹੀਦਾ ਹੈ ਬਤੇ ਉਸ ਸੱਚੇ ਤੇ ਹੀ ਆਸ ਰੱਖਣੀ
ਚਾਹੀਦੀ ਹੈ:
- ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥ ਮੈ ਏਹਾ ਆਸ ਏਹੋ ਆਧਾਰੁ ॥੧॥ ਰਹਾਉ
॥(ਪੰਨਾ 24).
ਗੁਰੁ ਸਾਹਿਬ ਦੇ ਸ਼ਬਦਾਂ ਵਿਚ ਅੰਤਾਂ ਦੀ ਰਾਹਨੁਮਾਈ ਸਿਆਣਪ ਹੈ:
-ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥੫॥ (ਪੰਨਾ 62-11).
-ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥ (ਪੰਨਾ 470-13).
-ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥ (ਪੰਨਾ
1245).
-ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥ (ਪੰਨਾ 953).
- ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ ॥੮॥੩॥ (ਪੰਨਾ,
636-17).
- ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥ ਮੂਰਖੈ ਨਾਲਿ ਨ ਲੁਝੀਐ
॥੧੯॥ -
- ਵੇਖਿ ਵਿਡਾਣੁ ਰਹਿਆ ਵਿਸਮਾਦੁ ॥ ਨਾਨਕ ਬੁਝਣੁ ਪੂਰੈ ਭਾਗਿ ॥੧॥ (ਪੰਨਾ.
464-4).
- ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ (ਪੰਨਾ 473).
- ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥
- ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ ॥ (ਪੰਨਾ 730-9).
- ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਪੰਨਾ ਕਿਆ ਤਗੁ ॥੧॥ (ਪੰਨਾ, 467-6),
-ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥ (ਪੰਨਾ. 356-14).
ਯਾਤਰਾਵਾਂ
ਹਕ, ਸਚ, ਇਨਸਾਫ, ਬਰਾਬਰੀ, ਭਾਈਵਾਲਤਾ ਸ਼ਾਂਤੀ, ਪ੍ਰੇਮ ਦੀ ਇਸ ਫਿਲਾਸਫੀ ਦੇ
ਪਰਚਾਰ ਪ੍ਰਸਾਰ ਲਈ ਗੁਰੂ ਨਾਨਕ ਦੇਵ ਜੀ ਨੇ ਲਗਭਗ ਸਾਰੇ ਵਿਸ਼ਵ ਦੀ ਯਾਤਰਾ ਕੀਤੀ ਤੇ ਹਰ ਵਰਗ ਰਾਜੇ,
ਵਜ਼ੀਰ, ਮੁਕੱਦਮ, ਮੌਲਵੀ, ਮੁਲਾਂ, ਬ੍ਰਾਹਮਣ. ਪੰਡਿਤ, ਹਰ ਧਰਮ ਤੇ ਹਰ ਵਰਗ ਦੇ ਆਮ ਲੋਕ ਸਭਨਾਂ ਨੂੰ
ਮੁਖਾਤਬ ਹੋਏ ਤੇ ਉਨ੍ਹਾ ਦੀ ਸਥਤੀ ਅਨੁਸਾਰ ਉਨ੍ਹਾਂ ਨੂੰ ਇਸ ਵਿਚਾਰ ਧਾਰਾ ਤੋ ਜਾਣੂ ਕਰਵਾ ਕੇ ਸੱਚ
ਨਾਲ ਜੋੜਿਆ ਤੇ ਕੂੜ ਕੁਸਤ ਤੋਂ ਮੋੜਿਆ।ਪਹਿਲੀ ਉਦਾਸੀ ਵਿਚ ਉਹ ਸੁਲਤਾਨਪੁਰ ਲੋਧੀ ਤੋਂ ਚਲ ਕੇ
ਪੰਜਾਬ ਗਾਹ ਕੇ ਅਜੋਕੇ ਹਰਿਆਣਾ, ਦਿਲੀ, ਉਤਰ ਪਰਦੇਸ਼, ਬਿਹਾਰ, ਬੰਗਾਲ ਸਮੇਤ ਅਜੋਕਾ ਬੰਗਲਾ ਦੇਸ਼,
ਆਸਾਮ ਤੇ ਫਿਰ ਪੂਰਬੀ ਏਸ਼ੀਆ ਦੇ ਦੀਪਾਂ ਵਿਚੋਂ ਦੀ ਵਿਚਰਦੇ ਹੋਏ ਮੁੜ ਬੰਗਾਲ ਰਾਹੀਂ ਬਿਹਾਰ,
ਉੜੀਸਾ, ਮੱਧ ਪ੍ਰਦੇਸ਼, ਪਛਮੀ ਯੂ ਪੀ, ਤੇ ਹਰਿਆਣਾ ਹੁੰਦੇ ਹੋਏ ਸੁਲਤਾਨਪੁਰ ਲੋਧੀ ਪੰਜਾਬ ਪਰਤੇ।
ਦੂਜੀ ਉਦਾਸੀ ਵੀ ਸੁਲਤਾਨਪੁਰੋਂ ਸ਼ੁਰੁ ਕਰ ਰਾਜਿਸਥਾਨ. ਪਛਮੀ ਮਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ,
ਤਮਿਲਨਾਡ, ਸ੍ਰੀ ਲੰਕਾ, ਪਹੁੰਚੇ ਜਿਥੋਂ ਕੇਰਲ, ਕਰਨਾਟਕ ਪਛਮੀ ਮਹਾਰਾਸ਼ਟਰ, ਗੁਜਰਾਤ ਹੁੰਦੇ ਹੋਏ
ਸਿੰਧ ਰਾਹੀਂ ਪੰਜਾਬ ਪਹੁੰਚੇ ਤੇ ਕਰਤਾਰਪੁਰ ਵਸਾਇਆ। ਤੀਜੀ ਉਦਾਸੀ ਕਰਤਾਰਪੁਰੋਂ ਚੱਲ ਹਿਮਾਚਲ,
ਉਤਰਾਂਚਲ, ਮਾਨਸਰੋਵਰ, ਨੇਪਾਲ, ਸਿਕਿਮ, ਭੁਟਾਨ, ਤਿਬਤ, ਅਰੁਣਾਚਲ ਪ੍ਰਦੇਸ਼ ਹੁੰਦੇ ਹੋੲ ਚੀਨ, ਉਤਰੀ
ਤਿਬਤ ਰਾਹੀਂ ਲਦਾਖ, ਕਸ਼ਮੀਰ ਜੰਮੂ ਹੁੰਦੇ ਹੋੲ ਕਰਤਾਰ ਪੁਰ ਪਹੁੰਚੇ।ਚੌਥੀ ਉਦਾਸੀ ਪੰਜਾਬ ਵਿਚੋਂ ਦi
ਸਿੰਧ ਹੁੰਦੇ ਹੋੲ ਸਮੁੰਦਰੀ ਜਹਾਜ਼ ਰਾਹੀਂ ਯਮਨ, ਯੂਗੰਡਾ, ਮਿਸਰ, ਸਉਦੀ ਅਰਬ, ਇਜ਼ਰਾਈਲ, ਸੀਰਿੀਆ,
ਤੁਰਕੀ, ਗਰੀਸ ਹੁੰਦੇ ਹੋਏ ਇਟਲੀ ਰੋਮ ਪਹੁੰਚੇ ਤੇ ਵਾਪਸੀ ਤੇ ਆਜ਼ਰਬਾਇਜਨ ਰਾਹੀਂ ਇਰਕ, ਇਰਾਨ ਤੇ ਮਧ
ਪੂਰਬ ਏਸ਼ੀਆ ਦੀ ਰਿਆਸਤਾਂ ਵਿਚੋਂ ਦੀ ਅਫਗਾਨਿਸਤਾਨ ਹੁੰਦੇ ਹੋਏ ਕਰਤਾਰ ਪੁਰ ਪਹੁੰਚੇ। ਅਖੀਰਲੀ
ਉਦਾਸੀ ਦੱਖਣੀ ਤੇ ਪੂਰਬੀ ਅਫਗਾਨਿਸਤਾਨ ਦੀ ਹੈ।ਗੁਰੂ ਜੀ ਨੇ ਲੱਖਾ ਮੀਲਾਂ ਦਾ ਸਫਰ ਕੀਤਾ ਬਹੁਤ
ਪੈਦਲ ਤੇ ਕੁਝ ਸਮੁੰਦਰੀ ਜਹਾਜ਼ਾ ਤੇ ਹੋਰ ਸਾਧਨਾਂ ਰਾਹੀਂ ਕੀਤਾ।
ਗੁਰੁ ਨਾਨਕ ਦੇਵ ਜੀ ਨੇ ਜ਼ਿਆਦਾ ਤਰ ਪਰਚਾਰ ਸੰਗੀਤਕ ਸ਼ਬਦਾਂ ਨਾਲ ਕੀਤਾ ਜਿਸ
ਵਿਚ ਭਾਈ ਮਰਦਾਨਾ ਉਸ ਨਾਲ ਰਬਾਬ ਨਾਲ ਸੰਗਤ ਕਰਦੇ ਸਨ। ਸ਼ਬਦ ਸਿਧੇ ਸ਼ਪਸਟ ਰੂਹਾਂ ਝੰਝੋੜ ਦੇਣ ਵਾਲੇ
ਸਨ । ਉਨ੍ਹਾ ਦੇ ਇਹ ਸਾਰੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ।