.

ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ
ਤੇਤੀਵਾਂ ਸਲੋਕ

ਵੀਰ ਭੁਪਿੰਦਰ ਸਿੰਘ

33. ਤੇਤੀਵਾਂ ਸਲੋਕ -
ਜਨਮ ਜਨਮ ਭਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸੁ ॥
ਕਹੁ ਨਾਨਕ ਹਰਿ ਭਜੁ ਮਨਾ ਨਿਰਭੈ ਪਾਵਹਿ ਬਾਸੁ ॥33॥
ਮੈਂ ਹੁਣੇ ਹੰਕਾਰ ਵਿਚ ਹਾਂ ਤੇ ਮੈਂ ਆਪਣੇ ਇਸ ਮਨੁੱਖਾ ਜਨਮ ਵਿਚ ਹਾਥੀ ਦੀ ਜੂਨ ਵਿਚ ਭਰਮਦਾ ਪਿਆ ਹਾਂ, ਜੇ ਮੈਂ ਉੱਚੀ ਆਵਾਜ਼ ਨਾਲ ਬੋਲਦਾ ਹਾਂ ਤਾਂ ਮੈਂ ਮਨੁੱਖਾ ਜਨਮ ਵਿਚ ਹੋਕੇ ਕੁੱਤੇ ਦੀ ਜੂਨ ਵਿਚ ਭਰਮਦਾ ਪਿਆ ਹਾਂ। ਇਸਨੂੰ ਕਹਿੰਦੇ ਹਨ ‘ਜਨਮ ਜਨਮ ਭਰਮਤ ਫਿਰਿਓ’। ਜੇ ਮੈਂ ਕਾਂ ਬਿਰਤੀ ਰੱਖੀ ਹੋਈ ਹੈ ਤਾਂ ਮੈਂ ਹੁਣੇ ਹੀ ਕਾਂ ਹਾਂ। ਗੁਰੂ ਸਾਹਿਬ ਕਹਿੰਦੇ ਹਨ ਕਿ, ਸਤਿਗੁਰ ਤੇਰਾ ਇਹ ਕਾਂ ਵਾਲਾ ਜੀਵਨ ਕੱਟ ਦੇਵੇਗਾ ‘ਕਾਗਹੁ ਹੰਸੁ ਕਰੇ’। ਸਤਿਗੁਰ ਦੀ ਮਤ ਲੈ ਕੇ ਜੀਵਨ ਜਿਊਣ ਦਾ ਸ਼ੌਕ ਬਣ ਜਾਏ ਤਾਂ ਜੀਵਨ ਬਦਲਣ ਲਗ ਪੈਂਦਾ ਹੈ।
‘ਭਰਮਤ ਫਿਰਿਓ’ ਦਾ ਭਾਵ ਹੈ ਕਿ ਅਸੀਂ ਜੋ ਥਾਂ-ਥਾਂ ਤੇ ਮੱਖਨ ਬਾਜ਼ੀ ਕਰਕੇ ਹੇਰਾਫੇਰੀ ਕਰਦੇ ਹਾਂ। ਕੁੱਤੇ ਦੀ ਨਿਆਈ ਕੀ ਲਾਲਚ ਵਿਚ ਫਸਿਆ ਰਹਿੰਦਾ ਹੈਂ। ਸਾਡੀ ਇਕ ਸੀ.ਡੀ ਹੈ "ਨਵਾਂ ਜਨਮ" ਜਿਸ ਵਿਚ ਅਸੀਂ ਸਮਝਣ ਦਾ ਜਤਨ ਕੀਤਾ ਹੈ ਕਿ ਅਸੀਂ ਕਿਵੇਂ ਕੁਤਾ, ਸ਼ੇਰ, ਕਛੂਆ ਆਦਿ ਜਾਨਵਰਾਂ ਦੀ ਜੂਨੀ ਵਿਚ ਕਿਵੇਂ ਜਾਂਦੇ ਹਾਂ। ਇਹ ਸਾਰੇ ਵਿਕਾਰ ਰੂਪੀ ਜਾਨਵਰ ਸਾਡੇ ਅੰਦਰ ਵੀ ਵਸਦੇ ਹਨ। ਇਹ ਸਾਰੇ ਜਾਨਵਰ ਹੀ ਸਾਨੂੰ ‘ਜਨਮ ਜਨਮ ਭਰਮਤ ਫਿਰਿਓ’ ਦੀ ਦੌੜ ਵਿਚ ਭਜਾਉਂਦੇ ਰਹਿੰਦੇ ਹਨ। ਤੇਰਾ ਇਹ ਵਿਕਾਰਾਂ ਤੋਂ ਹੋਈ ਖੁਆਰੀ ਦਾ ਦੁਖ ਕਟਿਆ ਜਾ ਸਕਦਾ ਹੈ।
ਕਹੁ ਨਾਨਕ ਹਰਿ ਭਜੁ ਮਨਾ ਨਿਰਭੈ ਪਾਵਹਿ ਬਾਸੁ ॥
ਤੂੰ ਨਿਰਭਉ ਹੋ ਜਾ, ਭਉਨਿਧ ਤੋਂ ਪਾਰ ਹੋ ਜਾਏਂਗਾ। ਤੂੰ ਨਿਰਭਉ ਨਹੀਂ ਹੈਂ ਤੇ ਤੂੰ ਆਪਣੀ ਖੁਦਗਰਜ਼ੀ ਵਿਚ ਹੈ। ਇੱਕ ਖੁਦਗਰਜ਼ ਮਨੁੱਖ ਹੀ ਤੇ ਨਿਰਭਉ ਨਹੀਂ ਹੁੰਦਾ, ਡਰਦਾ ਰਹਿੰਦਾ ਹੈ। ਇਸ ਲਈ ਖੁਦਗਰਜ਼ੀ ਵਾਲੇ ਖਿਆਲਾਂ ਤੋਂ ਉਪਰ ਉਠਣਾ ਚਾਹੀਦਾ ਹੈ, ਕਿ ਮੈਂ ਖੁਦਗਰਜ਼ ਨਹੀਂ ਰਹਿਣਾ। ਦੂਜਿਆਂ ਲਈ ਜੀਵੋ ਤੇ ਆਪਣੇ ਜੀਵਨ ਵਿਚ ਖੁਸ਼ਹਾਲੀ ਪਾਵੋ। ਲੋਕੀ ਕਹਿੰਦੇ ਹਨ ਕਿ ਦੂਜਿਆਂ ਲਈ ਜਿਊਣਾ ਤਾਂ ਕਿਤਾਬੀ ਗੱਲਾਂ ਹੀ ਹਨ। ਜ਼ਰਾ ਫੁੱਲਾਂ ਨੂੰ ਪੁੱਛਕੇ ਵੇਖੋ ਕਿ ਫੁੱਲ ਨੇ ਕਿਤਾਬ ਪੜ੍ਹੀ ਹੈ? ਕਿ ਜੇ ਮੈਂ ਖੁਸ਼ਬੂ ਦੇਵਾਂਗਾ, ਤੁਸੀਂ ਮੈਨੂੰ ਆਪਣੇ ਕੋਟ ਤੇ ਟੰਗਣਾ, ਜੇ ਮੈਂ ਖੁਸ਼ਬੂ ਦੇਵਾਂਗਾ ਤਾਂ ਤੁਸੀਂ ਮੇਰਾ ਹਾਰ ਬਣਾਕੇ ਰੱਖਣਾ, ਮੈਨੂੰ ਆਪਣੇ ਫੁਲਦਾਨ ਵਿਚ ਰੱਖਣਾ। ਫੁੱਲ ਨੂੰ ਪਤਾ ਹੀ ਨਹੀਂ ਹੈ। ਫੁੱਲ ਤੇ ਕੇਵਲ ਆਪਣੀ ਖੁਸ਼ਬੂ ਦੇਣਾ ਜਾਣਦਾ ਹੈ, ਭਾਵੇਂ ਕੋਈ ਉਸਨੂੰ ਪੈਰਾਂ ਹੇਠਾਂ ਮਸਲ ਕਿਉਂ ਨਾ ਦੇਵੇ ਪਰ ਉਹ ਖੁਸ਼ਬੂ ਹੀ ਦੇਈ ਜਾਂਦਾ ਹੈ। ਇੰਜ ਖਿੜ੍ਹਨਾ ਸਿੱਖ ਲਈਏ, ਬਿਨਾ ਕਿਸੇ ਸ਼ਰਤ ਤੋਂ, ਬਿਨਾ ਕਿਸੇ ਫਾਇਦੇ ਤੋਂ। ਅਸੀਂ ਤੇ ਪਾਠ ਵੀ ਸ਼ਰਤਾਂ ਤੇ ਜਾਂ ਆਪਣੀਆਂ ਦੁਨੀਆਵੀ ਮੰਗਾਂ ਹਿਤ ਕਰਦੇ ਹਾਂ। ਮੇਰੇ ਸਰੀਰ ਤੇ ਰੋਗ ਨਾ ਆਵੇ, ਮੇਰਾ ਘਰ ਸੁਖੀ ਵਸਦਾ ਰਹੇ, ਪੈਸੇ ਦੀ ਥੋੜ੍ਹ ਨਾ ਆਵੇ ਆਦਿ। ਹਰ ਚੀਜ਼ ਤੇ ਅਸੀਂ ਆਪਣੇ ਫਾਇਦੇ ਲਈ ਹੀ ਕਰੀ ਜਾ ਰਹੇ ਹਾਂ। ਗੁਰੂ ਸਾਹਿਬ ਕਹਿੰਦੇ ਹਨ ਕਿ ਇਸ ਖੁਦਗਰਜ਼ੀ ਤੋਂ ਉੱਪਰ ਉੱਠ ਜਾ। ਜੇ ਨਹੀਂ ਉੱਠਦਾ ਤੇ ਇਹੀ ਤੇਰਾ ਭਰਮ ਹੈ।
ਜਦੋਂ ਮੈਂ ਖੁਦਗਰਜ਼ ਹੁੰਦਾ ਹਾਂ ਤਾਂ ਜੀਵਾਂ-ਜੰਤਾਂ ਵਾਲਾ ਜੀਵਨ ਜਿਊਂਦਾ ਹਾਂ ਤਾਂ ਇਹ ਮੇਰਾ ਭਰਮ ਹੈ। ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ ਜੈਸਾ ਮਾਨੀਐ ਹੋਇ ਨ ਤੈਸਾ ॥ (657) ਮੈਂ ਸੋਚਿਆ ਕਿ ਲੋਭ ਕਰ ਲਵਾਂਗਾ ਤਾਂ ਸੁਖੀ ਹੋ ਜਾਵਾਂਗਾ ਜਾਂ ਕ੍ਰੋਧ ਕਰ ਲਵਾਂਗਾ ਤਾਂ ਸੁਖੀ ਹੋ ਜਾਵਾਂਗਾ, ਆਪਣੇ ਆਪ ਨੂੰ ਇਹ ਹੀ ਯਕੀਨ ਦੁਆਦੇ ਹਾਂ ਕਿ ਜਿਸਦੀ ਵੀ ਗਲਤੀ ਹੈ ਉਸਨੂੰ ਤਾਂ ਕ੍ਰੋਧ ਕਰਕੇ ਡਾਂਟਣਾ ਚਾਹੀਦਾ ਹੀ ਹੈ। ਮੈਂ ਕ੍ਰੋਧ ਕਰਾਂਗਾ, ਉਸਨੂੰ ਸਬਕ ਸਿਖਾਕੇ ਹੀ ਰਹਾਂਗਾ, ਇੰਜ ਕਹਿੰਦੇ ਹਾਂ! ਇਸ ਤੋਂ ਮਗਰੋਂ ਫਿਰ ਚੈਨ ਨਹੀਂ ਮਿਲਦਾ। ਉਸ ਵੇਲੇ ਆਪਣਾ ਬੀ.ਪੀ ਚੈਕ ਕਰੋ, ਹਾਈਪਰ-ਟੈਂਸ਼ਨ ਚੈਕ ਕਰੋ! ਡਾਕਟਰ ਕੋਲ ਜਾਉਗੇ ਉਹ ਦਵਾਈਆਂ ਲਿਖ ਦੇਵੇਗਾ ਪਰ ਬੀ.ਪੀ ਦੀ ਬਿਮਾਰੀ ਠੀਕ ਨਹੀਂ ਹੋਵੇਗੀ ਜੇ ਇਕ ਵਾਰੀ ਸ਼ੁਰੂ ਹੋ ਗਈ। ਪਤੀ ਜਾਂ ਪਤਨੀ ਨੂੰ, ਘਰ ਕੰਮ ਕਰਨ ਵਾਲੀ ਨੂੰ, ਦਫਤਰ ਵਿਚ ਕਰਮਚਾਰੀਆਂ ਨੂੰ, ਬੱਚਿਆਂ ਆਦਿ ਕਿਸੇ ਨੂੰ ਵੀ ਜੇ ਕ੍ਰੋਧ ਇਸ ਭਰਮ ਵਿਚ ਹੀ ਕੀਤਾ ਜਾਂਦਾ ਹੈ ਕਿ ਉਸਤੋਂ ਮਗਰੋਂ ਸੁੱਖ ਮਿਲੇਗਾ ਪਰ ਸੁੱਖ ਮਿਲਿਆ ਹੀ ਨਹੀਂ। ਸੋ ਇਹ ਸਾਰੇ ਭਰਮ ਹਨ। ਵਿਕਾਰਾਂ ਵਿਚ ਗ੍ਰਸਤ ਰਹਿਕੇ ਉਨ੍ਹਾਂ ਵਿਚੋਂ ਸੁੱਖ ਲਭਣਾ ਇਹ ਭਰਮ ਹੈ। ਵੱਖ-ਵੱਖ ਰੱਬ ਸਮਝਣੇ, ਮੈਂ ਕਰਤਾ ਹਾਂ ਅਤੇ ਆਪਣੇ ਆਪ ਨੂੰ ਰੱਬ ਤੋਂ ਵੱਖ ਸਮਝਣਾ ਹੀ ਭਰਮ ਹੈ। ਰੱਬ ਤੈਥੋਂ ਵੱਖ ਨਹੀਂ ਪਰ ਤੇਰੇ ਕੋਲ ਵੇਖਣ ਵਾਲੀ ਅੱਖ ਨਹੀਂ। ਰੱਬ ਨੂੰ ਨੇੜੇ ਸਮਝੇਂਗਾ ਤਾਂ ਮਾੜਾ ਕਰਮ ਨਹੀਂ ਹੋਵੇਗਾ।




.