. |
|
ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ
ਚੌਤੀਵਾਂ ਸਲੋਕ
ਵੀਰ ਭੁਪਿੰਦਰ ਸਿੰਘ
34. ਚੌਤੀਵਾਂ ਸਲੋਕ -
ਜਤਨ ਬਹੁਤੁ ਮੈ ਕਰਿ ਰਹਿਓ ਮਿਟਿਓ ਨ ਮਨ ਕੋ ਮਾਨੁ ॥
ਦੁਰਮਤਿ ਸਿਉ ਨਾਨਕ ਫਧਿਓ ਰਾਖਿ ਲੇਹੁ ਭਗਵਾਨ ॥34॥
ਮੈਂ ਬੜੇ ਜਤਨ ਕੀਤੇ ਪਰ ਮਨ ਦਾ ਹੰਕਾਰ ਨਹੀਂ ਮਿਟਿਆ ਮੈਂ ਜੇ ਪੜ੍ਹਾਈ ਕੀਤੀ
ਮੈਨੂੰ ਉਸਦਾ ਹੰਕਾਰ, ਜੇ ਮੈਂ ਕਮਾਈ ਕੀਤੀ ਮੈਨੂੰ ਉਸਦਾ ਹੰਕਾਰ, ਜੇ ਮੈਂ ਨਵੀਂ ਕਾਰ ਖਰੀਦੀ ਮੈਨੂੰ
ਉਸਦਾ ਹੰਕਾਰ ਹੋ ਗਿਆ। ਜਤਨ ਕੀਤਾ ਕਾਰ ਨਵੀਂ ਆ ਗਈ ਪਰ ਨਾਲ ਹੀ ਹੰਕਾਰ ਵੀ ਚੜ੍ਹ ਗਿਆ। ਹੁਣ ਹੰਕਾਰ
ਇਤਨਾ ਵੱਧ ਗਿਆ ਕਿ ਸਵੇਰੇ-ਸਵੇਰੇ ਕਾਰ ਦੇ ਕੋਲ ਮੰਗਤਾ ਆ ਗਿਆ, ਮੈਲੇ ਕਪੜਿਆਂ ਨਾਲ ਕਾਰ ਨੂੰ ਹੱਥ
ਲਗਾਉਣ ਲੱਗਾ, ਉਸਨੂੰ ਗੁੱਸੇ ਨਾਲ ਕਹਿੰਦੇ ਹਾਂ ਕਿ ਪਿੱਛੇ ਹੋ ਜਾ - ਪੰਦਰ੍ਹਾਂ ਲੱਖ ਦੀ ਗੱਡੀ
ਖਰੀਦੀ ਹੈ, ਗੰਦੇ ਹਥ ਲਗਾ ਦਿੱਤੇ ਹਨ। ਜੋ ਵੀ ਮੈਂ ਜਤਨ ਕਰਦਾ ਹਾਂ ਉਸਦਾ ਹੰਕਾਰ ਵਧੀ ਜਾਂਦਾ ਹੈ।
ਪਰ ਥੋੜ੍ਹੇ ਦਿਨਾਂ ਮਗਰੋਂ ਝਰੀਠ ਲਗ ਗਈ, ਹੁਣ ਨਾ ਕਾਰ ਨੂੰ ਤਾਲਾ ਮਾਰਕੇ ਅੰਦਰ ਰੱਖਦੇ ਹਨ, ਹੁਣ
ਉਹ ਰੋਹਬ ਨਹੀਂ ਰਿਹਾ। ਜੋ ਵੀ ਮੈਂ ਜਤਨ ਕਰਦਾ ਹਾਂ ਉਸਦਾ ਹੰਕਾਰ ਵਧੀ ਜਾਂਦਾ ਹੈ। ਹਰ ਗਲ ਦਾ
ਹੰਕਾਰ ਮਨੁੱਖ ਨੂੰ ਵੱਧ ਜਾਂਦਾ ਹੈ, ਮਨੁੱਖ ਨੂੰ ਦੁਨੀਆਵੀ ਚੀਜ਼ਾਂ ਦੇ ਨਾਲ-ਨਾਲ ਧਾਰਮਕ ਗੱਲਾਂ ਦਾ
ਵੀ ਹੰਕਾਰ ਹੋ ਜਾਂਦਾ ਹੈ। ਮੈਨੂੰ ਇਤਨੇ ਪਾਠ ਆਉਂਦੇ ਹਨ, ਮੈਂ ਮਿੱਠਾ ਗਾਉਂਦਾ ਹਾਂ, ਮੈਂ ਧਾਰਮਕ
ਸਥਾਨ ਤੇ ਨੰਗੇ ਪੈਰ ਜਾਂਦਾ ਹਾਂ। ਧਾਰਮਕ ਦੁਨੀਆ ਵਿਚ ਵੀ ਮਨੁੱਖ ਹੰਕਾਰ ਕਰੀ ਜਾਂਦਾ ਹੈ। ਇਹੀ
ਗੁਰੂ ਸਾਹਿਬ ਕਹਿੰਦੇ ਹਨ - ‘ਜਤਨ ਬਹੁਤੁ ਮੈ ਕਰਿ ਰਹਿਓ’। ਕਰਮ-ਕਾਂਡ ਵੀ ਕੀਤੇ, ਪੜ੍ਹਾਈਆਂ ਵੀ
ਕੀਤੀਆਂ, ਦੁਨਿਆਵੀ ਕਮਾਈ ਵੀ ਕੀਤੀ ਪਰ ‘ਮਿਟਿਓ ਨ ਮਨ ਕੋ ਮਾਨ’। ਇਹੀ ਜਮ ਫੰਧ ਹੈ, ਇਹੀ ਦੁਖਾਂ ਦੀ
ਜੇਵਰੀ ਹੈ ਗਲੇ ਵਿਚ।
ਗੁਰੂ ਸਾਹਿਬ ਨੇ ਕਿਤਨਾ ਕੀਮਤੀ ਮਾਰਗ ਬਣਾ ਦਿੱਤਾ ਹੈ। ਸਾਰਾ ਸੰਸਾਰ ਹੰਕਾਰ
ਤੋਂ ਦੁਖੀ ਹੈ। ਗੁਰੂ ਸਾਹਿਬ ਸਾਨੂੰ ਇਨ੍ਹਾਂ ਸਾਰੇ ਸਲੋਕਾਂ ਦੇ ਰਾਹੀਂ ਇਸ ਹਉਮੈ ਤੋਂ ਛੁਟਣ ਦਾ
ਰਾਹ ਸਮਝਾਣਾ ਚਾਹ ਰਹੇ ਹਨ। ਇਸਨੂੰ ਗੱਲਾਂ ਤਕ ਹੀ ਨਾ ਰਹਿਣ ਦੇਈਏ ਸਗੋਂ ਅਭਿਮਾਨ ਨੂੰ ਕਾਬੂ ਕਰਕੇ
ਸਵੈਅਭਿਮਾਨ ਬਣਾਕੇ ਆਪਣਾ ਜੀਵਨ ਉੱਚਿਆਂ ਕਰ ਸਕੀਏ। ਇਸ ਦਾ ਫਾਇਦਾ ਲੈ ਸਕੀਏ।
ਦੁਰਮਤਿ ਸਿਉ ਨਾਨਕ ਫਧਿਓ, ਭੈੜੀ ਮਤ ਦੀ ਜੇਵਰੀ ਰੂਪੀ ਫੰਧਾ ਪਿਆ ਹੋਇਆ ਹੈ।
ਮੈਂ ਐਸੇ ਮੂਰਖ ਕੁੱਤੇ ਦੀ ਨਿਆਈ ਹਾਂ ਜਿਸਨੂੰ, ਜਿਸ ਲਾਇਆ ਗਲੀ ਉਸ ਨਾਲ
ਉੱਠ ਚਲੀ। ਦੀ ਤਰ੍ਹਾਂ ਭੌਂਦਾ ਰਹਿੰਦਾ ਹੈਂ। ਕਬੀਰ ਕੂਕਰੁ ਰਾਮ ਕੋ ਮੁਤੀਆ ਮੇਰੋ ਨਾਉ ॥
ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਉ
॥
(1368)
ਜਦੋਂ ਵੀ ਕੋਈ ਸਾਡੇ ਬੱਚੇ ਨੂੰ ਆ ਕੇ ਕਹੇ ਕਿ ਆਉ ਅੱਜ ਗੁਰਦੁਆਰੇ ਚਲਦੇ
ਹਾਂ ਸ਼ਬਦ ਵਿਚਾਰ ਸੁਣਾਗੇ। ਉਹ ਕਹੇਗਾ ਕਿ ਨਹੀਂ ਹੁਣੇ ਮੈਂ ਸਕੂਲ ਦਾ ਕੰਮ ਕਰਨਾ ਹੈ। ਉਸੇ ਵੇਲੇ
ਦੂਜਾ ਆ ਕੇ ਕਹੇ ਕਿ ਡਾਂਸ ਵੇਖਣ ਜਾਣਾ - ਮਾਇਕਲ ਜੈਕਸਨ ਆਇਆ ਹੈ, ਫਿਰ ਉਸ ਬੱਚੇ ਦਾ ਨਿਰਣਾ ਬਦਲ
ਜਾਂਦਾ ਹੈ। ਹੁਣ ਸਕੂਲ ਦਾ ਕੰਮ ਉਹ ਰਾਤ ਨੂੰ ਜਾਗਕੇ ਵੀ ਕਰ ਸਕੇਗਾ, ਸਵੇਰੇ ਸਕੂਲ ਜਾਣ ਤੋਂ
ਪਹਿਲਾਂ ਵੀ ਕਰਨ ਨੂੰ ਤਿਆਰ ਹੋ ਜਾਏਗਾ।
ਐਸੇ ਲੋਕਾਂ ਨੂੰ ਅਸੀਂ ਵੇਖਦੇ ਹਾਂ ਕਿ ਜਦੋਂ ਕਿਸੇ ਪਾਰਟੀ ਵਿਚ ਹੋਣ ਅਗਲੇ
ਦਿਨ ਸਵੇਰੇ ਕੰਮ ਤੇ ਵੀ ਜਾਣਾ ਹੈ ਪਰ ਜੇ ਕੇਕ ਨਹੀਂ ਕਟਿਆ ਗਿਆ ਤਾਂ ਇੰਤਜ਼ਾਰ ਕਰਨਗੇ, ਰੋਟੀ ਸ਼ੁਰੂ
ਨਹੀਂ ਹੋਈ ਇੰਤਜ਼ਾਰ ਕਰਨਗੇ, ਇਹ ਕੀ ਹੈ? ‘ਦੁਰਮਤਿ ਸਿਉ ਨਾਨਕ ਫਧਿਓ’।
‘ਰਾਖਿ ਲੇਹੁ ਭਗਵਾਨ’ ਮੇਰੀ ਇਹ ਫਾਹੀ ਛੁੜਾ ਦਿਉ। ‘ਜਿਉ ਭਾਵੈ ਤਿਉ
ਰਾਖਿ ਲੈ ਹਮ ਸਰਣਿ ਪ੍ਰਭ ਆਏ ਰਾਮ ਰਾਜੇ ॥’ (450) ਮੈਂ ਤੇਰੀ ਸ਼ਰਨ ਕਿਉਂ ਆਇਆ ਹਾਂ, ਕਾਰਨ ਕੀ ਹੈ?
‘ਹਮ ਭੂਲਿ ਵਿਗਾੜਹ ਦਿਨਸੁ ਰਾਤਿ ਹਰਿ ਲਾਜ ਰਖਾਏ ॥’ (450) ਅਸੀਂ ਤੇ ਦਿਨ ਰਾਤ ਗਲਤੀਆਂ ਕਰਦੇ ਹਾਂ
ਸਾਨੂੰ ਬਚਾ ਲਉ ‘ਰਾਖਿ ਲੇਹੁ’। ਸਾਰੇ ਕਰਮ ਕਾਂਡ ਕੀਤੇ, ਧਾਰਮਕ ਵਿਖਾਵੇ ਕੀਤੇ, ਸਾਰੀ ਮਾਇਆ ਕਮਾਈ,
ਪੜ੍ਹਾਈ ਕੀਤੀ ਪਰ ਮਨ ਦਾ ਮਾਨ ਨਹੀਂ ਗਿਆ। ਮੈਨੂੰ ਮਾਣ ਤੋਂ ਬਚਾ ਲਉ ‘ਮਾਨੁ ਕਰਉ ਅਭਿਮਾਨੈ ਬੋਲਉ
ਭੂਲ ਚੂਕ ਤੇਰੀ ਪ੍ਰਿਅ ਚਿਰੀਆ ॥’ (1209) ਜਿਸ ਮਤ, ਅਕਲ ਨਾਲ ਹੰਕਾਰ ਵਧੇ ਉਸ ਨਾਲ ਸੁਖ ਨਹੀਂ
ਮਿਲੇਗਾ।
ਗੁਰੂ ਸਾਹਿਬ ਕਹਿੰਦੇ ਹਨ ‘ਮਨ ਖੁਟਹਰ ਤੇਰਾ ਨਹੀ ਬਿਸਾਸੁ ਤੂ ਮਹਾ
ਉਦਮਾਦਾ ॥’
ਮੇਰੇ ਮਨ! ਤੂੰ ਬਹੁਤ ਸ਼ਰਾਰਤੀ ਹੈਂ, ਖਰ ਕਾ ਪੈਖਰੁ ਤਉ
ਛੁਟੈ ਜਉ ਊਪਰਿ ਲਾਦਾ ॥ (815)
ਇਹ ਦੁਲੱਤੀ ਮਾਰਨ ਦਾ ਡਰ ਤਦ ਲੱਥੇਗਾ ਜਦੋਂ ਇਸਦੇ ਉਪਰ ਕੁਝ ਲੱਦ ਦਈਏ।
ਜਦੋਂ ਖੋਤਾ ਅੜੀ ਕਰਦਾ ਹੈ, ਦੁਲੱਤੀ ਮਾਰਦਾ ਹੈ, ਸਥਿਰ ਨਹੀਂ ਰਹਿੰਦਾ ਤਾਂ ਉਸਦਾ ਮਾਲਕ ਉਸਦੇ ਇਕ
ਪਾਸੇ ਦਾ ਅਗਲਾ-ਪਿਛਲਾ ਪੈਰ ਬੰਨ੍ਹ ਦੇਂਦਾ ਹੈ। ਜਿਸ ਰੱਸੀ ਦੇ ਨਾਲ ਉਸਦੇ ਪੈਰ ਬੰਨਦਾ ਹੈ ਉਸ ਰੱਸੀ
ਨੂੰ ਪੈਖਰੁ ਕਹਿੰਦੇ ਹਨ। ਓਏ ਖੋਤੇ ਮਨ! ਇਹ ਜਿਹੜਾ ਤੇਰੇ ਪੈਰਾਂ ਤੇ ਬੱਝਾ ਹੋਇਆ ਹੈ। ਤੂੰ ਖੜਾ
ਰਹਿੰਦਾ ਹੈਂ, ਲੰਗੜਾਉਂਦਾ ਰਹਿੰਦਾ ਹੈਂ, ਦੁਖੀ ਰਹਿੰਦਾ ਹੈਂ। ਤੇਰੀ ਕਰਤੂਤ ਸੀ, ਤੂੰ ਸ਼ਰਾਰਤਾਂ
ਕਰਦਾ ਹੈਂ, ਤੂੰ ਇਸ ਤੋਂ ਛੁਟ ਸਕਦਾ ਹੈਂ। ਓਏ ਖੋਤੇ ਤੇਰੇ ਪੈਰਾਂ ਤੇ ਬੱਧਾ ਹੋਇਆ ਇਹ ਜਿਹੜਾ ਰੱਸਾ
ਹੈ ਇਹ ਤਾਂ ਛੁੱਟ ਸਕਦਾ ਹੈ ਜੇ ਇਸਦੇ ਉਪਰ ਕੁਝ ਲੱਦ ਦੇਈਏ। ਜਦੋਂ ਅਸੀਂ ਸੱਚ ਦੇ ਗਿਆਨ ਰਾਹੀਂ ਮਨ
ਸ਼ਰਾਰਤੀ ਨੂੰ ਕਾਬੂ ਕਰ ਲੈਂਦੇ ਹਾਂ ਤਾਂ ਸਾਡੇ ਇਹ ਬੰਧਨ ਕੱਟੇ ਜਾਂਦੇ ਹਨ। ‘ਖਰ ਕਾ ਪੈਖਰੁ’ ਛੁੱਟ
ਜਾਂਦਾ ਹੈ। ਜੇ ਸਤਿਗੁਰ ਦੀ ਮਤ ਲਈ ਤਾਂ ਦੁਰਮਤ ਦੀ ਰੱਸੀ ਤੋਂ ਅਸੀਂ ਛੁੱਟ ਗਏ। ਸਤਿਗੁਰ ਦੀ ਮਤ
ਜਦੋਂ ਅਸੀਂ ਕਹਿੰਦੇ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਸਮਝਣਾ ਕਿ ਕੇਵਲ ਸਿੱਖਾਂ ਦੇ ਸਤਿਗੁਰ ਜੀ।
ਸਤਿਗੁਰ ਦਾ ਮਤਲਬ ਹੁੰਦਾ ਹੈ - ਸਤਿ + ਗੁਰ: ਸੱਚਾ ਗੁਰ, ਸੱਚਾ ਗਿਆਨ, ਸੱਚਾ ਤਰੀਕਾ, ਸੱਚੀ ਵਿਧੀ।
ਸੱਚਾ ਗੁਰ ਸਾਰੀ ਦੁਨੀਆ ਲਈ ਇੱਕੋ ਜਿਹਾ ਹੁੰਦਾ ਹੈ। ਜਿੱਥੋਂ ਵੀ ਐਸਾ ਗੁਰ ਮਿਲੇ ਜਿਸਦੇ ਨਾਲ
ਮਨੁੱਖ ਦੀ ਅੰਤਰ ਆਤਮੇ ਦੀ ਗਤੀ ਹੋ ਸਕੇ। ਮਨੁੱਖ ਸੁਚੱਜਾ ਜੀਵਨ ਪ੍ਰਾਪਤ ਕਰ ਸਕਦਾ ਹੈ, ਗੁਰੂ
ਸਾਹਿਬ ਉਸਨੂੰ ਸਤਿਗੁਰ ਦੀ ਮਤ ਕਹਿੰਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਬਾਣੀ ਸਾਨੂੰ
ਸਤਿਗੁਰ ਦੀ ਮਤ ਨਾਲ ਜੋੜਦੀ ਹੈ। ਅਸੀਂ ਇਸ ਲਈ ਜਦੋਂ ਵੀ ਮੱਥਾ ਟੇਕਦੇ ਹਾਂ ਤਾਂ ਇਹ ਜਾਚਨਾ ਕਰਦੇ
ਹਾਂ ਕਿ ਮੈਨੂੰ ਦੁਰਮਤ ਤੋਂ ਛੁੜਾਓ ਅਤੇ ਆਪਣੀ ਸੁਮਤ ਬਖਸ਼ੋ।
|
. |