ਐਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੧॥ ਰਹਾਉ ॥
ਇੱਕ ਦਿਨ ਯੂ ਟਿਊਬ ਤੇ ਮੈਂ ਅਕਾਲ ਬੁੰਗਾ ਦੇ ਇੱਕ ਸਾਬਕਾ ਸੇਵਾਦਾਰ ਦਾ
ਭਾਸ਼ਣ ਸੁਣ ਰਿਹਾ ਸੀ ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਕੇਵਲ ਭਗਤ ਪੈਦਾ ਕਰਦਾ
ਹੈ ਅਤੇ ਦਸਮ ਗ੍ਰੰਥ ਸੂਰਵੀਰ ਅਤੇ ਯੋਧੇ। ਅਸੀਂ ਦਸਮ ਗ੍ਰੰਥ ਦੀ ਕਿਸੇ ਬਹਿਸ ਵਿੱਚ ਨਹੀਂ
ਪੈਣਾ। ਸਾਡਾ ਗੁਰੂ, ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਗ੍ਰੰਥ ਸਾਹਿਬ ਪੂਰਾ ਗੁਰੂ ਹੈ ਜਿਸ ਤੇ ਸਾਨੂੰ
ਪੂਰਾ ਭਰੋਸਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿੰਦਗੀ ਅਤੇ ਰੱਬ, ਲੋਕ-ਪ੍ਰਲੋਕ ਆਦਿ ਵਾਰੇ ਹਰ ਸਵਾਲ
ਦਾ ਉੱਤਰ ਮਿਲਦਾ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੇ ਹਰ ਉਪਦੇਸ਼ ਤੇ ਸਾਨੂੰ ਪੂਰਾ ਯਕੀਨ
ਰੱਖਣਾ ਚਾਹੀਦਾ ਹੈ। ਜੇ ਸਾਡਾ ਅਕੀਦਾ, ਵਿਸ਼ਵਾਸ਼, ਭਰੋਸਾ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਤਾਂ ਫਿਰ
ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਕਿ ; ਘਰ
ਦਰ ਫਿਰਿ ਥਾਕੀ ਬਹੁਤੇਰੇ ॥ ਜਾਤਿ ਅਸੰਖ ਅੰਤ ਨਹੀ ਮੇਰੇ ॥ ਕੇਤੇ ਮਾਤ ਪਿਤਾ ਸੁਤ ਧੀਆ ॥ ਕੇਤੇ ਗੁਰ
ਚੇਲੇ ਫੁਨਿ ਹੂਆ ॥ ਕਾਚੇ ਗੁਰ ਤੇ ਮੁਕਤਿ ਨ ਹੂਆ ॥ ਕੇਤੀ ਨਾਰਿ ਵਰੁ ਏਕੁ ਸਮਾਲਿ ॥ ਗੁਰਮੁਖਿ ਮਰਣੁ
ਜੀਵਣੁ ਪ੍ਰਭ ਨਾਲਿ ॥ ਦਹ ਦਿਸ ਢੂਢਿ ਘਰੈ ਮਹਿ ਪਾਇਆ ॥ ਮੇਲੁ ਭਇਆ ਸਤਿਗੁਰੂ ਮਿਲਾਇਆ ॥੨੧
॥
ਪੰਨਾਂ ੮੩੨
ਅਰਥ: ਹੇ ਭਾਈ! ਗੁਰੂ ਦੀ ਮਤ ਵਾਲਾ ਰਸਤਾ ਫੜਨ ਤੋਂ ਬਿਨ੍ਹਾਂ ਜਿੰਦ ਕਈ
ਜੂਨਾਂ ਵਿੱਚ ਭਟਕਦੀ ਰਹਿੰਦੀ ਹੈ। ਉਹ ਐਨੀਆਂ ਅਣ-ਗਿਣਤ ਜਾਤੀਆਂ ਵਿੱਚੋਂ ਲੰਘਦੀ ਹੈ ਜਿਨ੍ਹਾਂ ਦਾ
ਅੰਤ ਨਹੀਂ ਪੈ ਸਕਦਾ। ਇਨ੍ਹਾਂ ਬੇਅੰਤ ਜੂਨਾਂ ਵਿੱਚ ਭਟਕਦੀ ਜਿੰਦ ਦੇ ਕਈ ਮਾਂ, ਪਿਉ, ਪੁੱਤਰ, ਧੀਆਂ
ਆਦਿ ਬਣਦੇ ਹਨ। ਉਸ ਦੇ ਕਈ ਗੁਰੂ ਬਣਦੇ ਹਨ ਅਤੇ ਕਈ ਚੇਲੇ ਭੀ ਬਣਦੇ ਹਨ। ਇਨ੍ਹਾਂ ਜੂਨਾਂ ਤੋਂ ਉਦੋਂ
ਤੱਕ ਖ਼ਲਾਸੀ ਨਹੀਂ ਹੁੰਦੀ ਜਦੋਂ ਤੱਕ ਕਿਸੇ ਕੱਚੇ ਗੁਰੂ ਦੀ ਸ਼ਰਨ ਲਈ ਹੋਈ ਹੈ। ਸਤਿਗੁਰੂ ਤੋਂ
ਖੁੰਝੀਆਂ ਹੋਈਆਂ ਅਜਿਹੀਆਂ ਕਈ ਜੀਵ-ਇਸਤ੍ਰੀਆਂ ਹਨ ਪਰ ਖਸਮ-ਪ੍ਰਭੂ ਸਭ ਦੀ ਸੰਭਾਲ ਕਰਦਾ ਹੈ। ਜੋ
ਜਿੰਦ ਗੁਰੂ ਦੇ ਸਨਮੁਖ ਰਹਿੰਦੀ ਹੈ, ਉਸ ਦਾ ਆਸਰਾ ਗੋਪਾਲ-ਪ੍ਰਭੂ ਹੋ ਜਾਂਦਾ ਹੈ। ਕੇਵਲ ਉਸ ਜਿੰਦ
ਦਾ ਪ੍ਰਭੂ ਨਾਲ ਮਿਲਾਪ ਹੁੰਦਾ ਹੈ ਜਿਸ ਨੂੰ ਪੂਰਾ ਗੁਰੂ ਮਿਲਦਾ ਹੈ। ਇਸ ਤਰ੍ਹਾਂ ਹੋਰ
ਸਾਰੇ ਪਾਸੇ ਢੂੰਢਣ ਤੋਂ ਬਾਅਦ ਗੁਰੂ ਦੀ ਕਿਰਪਾ ਨਾਲ ਹਿਰਦੇ-ਘਰ ਵਿੱਚ ਹੀ ਗੋਪਾਲ-ਪ੍ਰਭੂ ਲੱਭ
ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੇ ਉਪਦੇਸ਼ਾਂ ਤੋਂ ਸੇਧ ਲੈ ਕੇ ਅਸੀਂ ਸਿੱਖ, ਸੂਰਵੀਰ,
ਨਾਮ ਆਦਿ ਵਾਰੇ ਇਸ ਲੇਖ ਵਿੱਚ ਚਾਨਣਾ ਪਾਵਾਂਗੇ ਅਤੇ ਦੱਸਾਂਗੇ ਕਿ ਕਿਸ ਤਰ੍ਹਾਂ ਪ੍ਰਭੂ ਨਾਲ ਪ੍ਰੀਤ
ਪਾਉਣੀ ਹੈ। ਇਸ ਲੇਖ ਵਿੱਚ ਬਹੁਤੇ ਸ਼ਬਦ ਭਗਤ ਨਾਮ ਦੇਵ ਜੀ ਦੇ ਲਿਖੇ ਹੋਏ ਹਨ। ਸਿੱਖ ਪੰਥ ਵਿੱਚ
ਅਨੇਕਾਂ ਸ਼ੂਰਵੀਰ ਪੈਦਾ ਹੋਏ ਹਨ। ਭਗਤ ਨਾਮ ਦੇਵ ਜੀ ਉਨ੍ਹਾਂ ੩੫ ਵਿੱਚੋਂ ਇੱਕ ਸ਼ੂਰਵੀਰ ਮਹਾਂਪੁਰਸ਼
ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ ਅਤੇ ਜਿਨ੍ਹਾਂ ਨੇ ਧਾਰਮਕ ਲੁੱਟ-ਖਸੁੱਟ
ਅਤੇ ਪਾਖੰਡਾਂ ਤੋਂ ਲੋਕਾਂ ਨੂੰ ਰੋਕਿਆ ਅਤੇ ਜਿਸ ਨੂੰ ਪੁਜਾਰੀ ਲੋਕ ਆਪਣੀ ਪੇਟ-ਪੂਜਾ ਲਈ ਪ੍ਰਚਾਰਦੇ
ਸਨ। ਇਹ ਸੂਰਮਾ, ਨਾਮ ਦੇਵ ਜੀ, ਹੀ ਹਨ ਜਿਸ ਨੇ ਪੂਜਾਰੀਆਂ ਨੂੰ ਖਰੀਆਂ-ਖਰੀਆਂ ਸੁਣਾ ਕੇ ਕਿਹਾ ਸੀ
ਕਿ; ਹਿੰਦੂ ਅੰਨ੍ਹਹਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥ ਹਿੰਦੂ ਪੂਜੈ ਦੇਹੁਰਾ
ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥੪॥
ਸਿੱਖ ਕੌਣ ਹੈ? ਭਾਈ ਕਾਹਨ ਸਿੰਘ ਨਾਭਾ ਅਨੁਸਾਰ ਸਿੱਖ ਉਹ ਹੈ ਜਿਸ ਨੇ
ਜਗਤ ਗੁਰੂ ਦੇ ਵਿਚਾਰ ਅਨੁਸਾਰ ਸਿਖ੍ਯਾ ਸਿੱਖੀ ਹੈ-"ਸਿਖੀ ਸਿਖਿਆ ਗੁਰ ਵੀਚਾਰੁ" ਅਰ ਸਿੱਖ ਧਰਮ ਦੀ
ਰਹਿਤ ਧਾਰਨ ਕੀਤੀ ਹੈ। ਅੱਗੇ ਲਿਖੇ ਸ਼ਬਦਾਂ ਵਿੱਚ ਸੰਖੇਪ ਮਾਤਰ ਗੁਰਸਿੱਖਾਂ ਦੇ ਲਛਣ ਅਤੇ ਕਰਮ ਵਰਣਨ
ਹਨ, ਜਿਨ੍ਹਾਂ ਉੱਪਰ ਅਮਲ ਕਰਨ ਨਾਲ ਸਤਿਗੁਰੁ ਦੀ ਸਿੱਖੀ ਪ੍ਰਾਪਤ ਹੋ ਜਾਂਦੀ ਹੈ, ਜਿਸ ਤੋਂ ਸਿੱਖ
ਕਹਾਉਣ ਯੋਗ੍ਯ ਹੋਈਦਾ ਹੈ।
(ਗੁਰਮਤ
ਮਾਰਤੰਡ ਪੰਨਾਂ ੧੩੭-੩੮) ਗੁਰਸਿੱਖ ਦੀਆਂ ਨਿਸ਼ਾਨੀਆਂ ਵਾਰੇ ਗੁਰਬਾਣੀ ਵਿੱਚੋਂ ਹੇਠਾਂ ਕੁੱਝ ਪ੍ਰਮਾਣ
ਦਿੱਤੇ ਜਾ ਰਹੇ ਹਨ;
1. ਬੋਲਹਿ ਸਾਚੁ ਮਿਥਿਆ ਨਹੀ
ਰਾਈ ॥ ਚਾਲਹਿ ਗੁਰਮੁਖਿ ਹੁਕਮਿ ਰਜਾਈ ॥ ਰਹਹਿ ਅਤੀਤ ਸਚੇ ਸਰਣਾਈ ॥੧॥
ਪੰਨਾਂ ੨੨੭ ਅਰਥ: ਗੁਰਸਿੱਖ ਗੁਰੂ ਦੇ ਸਨਮੁਖ
ਰਹਿ ਕੇ ਰਜ਼ਾ ਦੇ ਮਾਲਕ ਪ੍ਰਭੂ ਦੇ ਹੁਕਮ ਵਿੱਚ ਆਪਣਾ ਜੀਵਨ ਜਿਉਂਦੇ ਹਨ। ਉਹ ਸਦਾ-ਥਿਰ ਪ੍ਰਭੂ ਦੀ
ਸ਼ਰਨ ਵਿੱਚ ਰਹਿ ਕੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿੰਦੇ ਹਨ। ਉਹ ਮਾਇਆ ਦੀ ਖਾਤਰ ਝੂਠ ਭੀ ਨਹੀਂ
ਬੋਲਦੇ।
ਉਹ ਕੇਵਲ ਸਦਾ ਅਟੱਲ ਰਹਿਣ ਵਾਲੇ ਪ੍ਰਭੂ ਦੇ ਬੋਲ ਹੀ
ਬੋਲਦੇ ਹਨ।
2. ਮਃ ੪ ॥
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ
ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ
ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ
ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ ਮੇਰਾ
ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ
ਜਪੈ ਅਵਰਹ ਨਾਮੁ ਜਪਾਵੈ ॥੨॥ ਪੰਨਾਂ ੩੦੫-੩੦੬
ਅਰਥ: ਜੋ ਪ੍ਰਾਣੀ ਆਪਣੇ-ਆਪ ਨੂੰ ਸਤਿਗੁਰੂ ਦਾ ਸੱਚਾ ਸਿੱਖ ਅਖਵਾਂਦਾ ਹੈ
ਅਤੇ ਜਿਸ ਨੂੰ ਲੋਕ ਸੱਚਾ ਸਿੱਖ ਆਖਦੇ ਹਨ; ਉਹ ਰੋਜ਼ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਪ੍ਰਭੂ ਦਾ
ਨਾਮ ਸਿਮਰਨ ਕਰਦਾ ਹੈ, ਉਹ ਹਮੇਸ਼ਾਂ ਉੱਦਮੀ ਬਣਿਆ ਰਹਿੰਦਾ ਹੈ; ਉਹ ਮਖੱਟੂ ਨਹੀਂ। ਉਹ ਹਰੀ ਦੇ ਨਾਮ
ਦਾ ਇਸ਼ਨਾਨ ਕਰਦਾ ਹੈ ਅਤੇ ਫਿਰ ਨਾਮ-ਰੂਪ ਅੰਮ੍ਰਿਤ ਦੇ ਸਰੋਵਰ ਵਿੱਚ ਟੁੱਭੀ ਲਾਉਂਦਾ ਹੈ। ਇੱਕ ਸੱਚਾ
ਸਿੱਖ ਸਤਿਗੁਰੂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ ਅਤੇ ਇਸ ਤਰ੍ਹਾਂ ਉਸ ਦੇ ਸਾਰੇ
ਪਾਪਾਂ ਦੇ ਵਿਕਾਰ ਉੱਤਰ ਜਾਂਦੇ ਹਨ। ਗੁਰੂ ਦਾ ਸਿੱਖ ਦਿਨ ਚੜ੍ਹੇ ਸਤਿਗੁਰੂ ਦੀ ਗੁਰਬਾਣੀ ਦਾ ਕੀਰਤਨ
ਕਰਦਾ ਹੈ ਅਤੇ ਬਹਿੰਦਿਆਂ ਉੱਠਦਿਆਂ ਭਾਵ ਕਾਰ-ਵਿਹਾਰ ਕਰਦਿਆਂ ਉਹ ਪ੍ਰਭੂ ਨੂੰ ਹਮੇਸ਼ਾਂ ਯਾਦ ਰੱਖਦਾ
ਹੈ। ਸਤਿਗੁਰੂ ਦੇ ਮਨ ਵਿੱਚ ਉਹ ਸਿੱਖ ਚੰਗਾ ਲੱਗਦਾ ਹੈ ਜੋ ਪਿਆਰੇ ਪ੍ਰਭੂ ਨੂੰ ਹਰ ਵੇਲੇ ਯਾਦ ਕਰਦਾ
ਹੈ। ਜਿਸ ਤੇ ਪਿਆਰਾ ਪ੍ਰਭੂ ਦਿਆਲ ਹੁੰਦਾ ਹੈ, ਉਸ ਗੁਰਸਿੱਖ ਨੂੰ ਹੀ ਸਤਿਗੁਰੂ ਸਿੱਖਿਆ ਦਿੰਦਾ ਹੈ।
ਦਾਸ ਨਾਨਕ ਭੀ ਉਸ ਗੁਰਸਿੱਖ ਦੀ ਚਰਨ-ਧੂੜ ਮੰਗਦਾ ਹੈ ਜੋ ਆਪ ਪ੍ਰਭੂ ਦਾ ਨਾਮ ਜਪਦਾ ਹੈ ਤੇ ਹੋਰਾਂ
ਨੂੰ ਭੀ ਪ੍ਰਭੂ ਦਾ ਨਾਮ ਜਪਾਉਂਦਾ ਹੈ।
3. ਪਉੜੀ ॥ ਸਾ ਸੇਵਾ ਕੀਤੀ
ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ ॥ ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ ॥
ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥ ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ
ਚਵਗਣਿ ਵੰਨੇ ॥ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ ॥੨੫॥ ਪੰਨਾਂ ੩੧੪
ਅਰਥ: ਜਿਸ ਸੇਵਾ ਨਾਲ ਸਤਿਗੁਰੂ ਦਾ ਮਨ ਸਿੱਖ ਤੇ ਪਤੀਜ ਜਾਵੇ, ਉਹ ਹੀ ਸੇਵਾ
ਕੀਤੀ ਹੋਈ ਲਾਭਦਾਇਕ ਹੈ, ਕਿਉਂਕਿ ਜਦੋਂ ਸਤਿਗੁਰ ਦਾ ਮਨ ਪਤੀਜ ਜਾਵੇ ਤਾਂ ਹੀ ਵਿਕਾਰਾਂ ਦੇ ਪਾਪ ਭੀ
ਦੂਰ ਹੋ ਜਾਂਦੇ ਹਨ। ਜੋ ਵੀ ਉਪਦੇਸ਼ ਸਤਿਗੁਰੂ ਨੂੰ ਦਿੰਦਾ ਹੈ ਉਸ ਉਪਦੇਸ਼ ਨੂੰ ਸਿੱਖ ਗਹੁ ਨਾਲ ਉਸ
ਨੂੰ ਸੁਣਦੇ ਹਨ। ਉਪਦੇਸ਼ ਸੁਣਨ ਤੋਂ ਬਾਅਦ ਸਿੱਖ ਸਤਿਗੁਰੂ ਦੇ ਭਾਣੇ ਤੇ ਸਿਦਕ ਲਿਆਉਂਦੇ ਹਨ।
ਉਨ੍ਹਾਂ ਉਪਦੇਸ਼ਾਂ ਨਾਲ ਸਿੱਖਾਂ ਨੂੰ ਅੱਗੇ ਨਾਲੋਂ ਚਾਰ ਗੁਣਾਂ ਰੰਗ ਚੜ੍ਹ ਜਾਂਦਾ ਹੈ। ਸਤਿਗੁਰੂ ਦੀ
ਸਿੱਖਿਆ ਨਾਲ ਗੁਰਸਿੱਖ ਦਾ ਮਨ ਹਰੀ-ਪਿਆਰ ਵਿੱਚ ਭਿੱਜ ਜਾਂਦਾ ਹੈ। ਸਤਿਗੁਰੂ ਦੇ ਸਨਮੁਖ
ਰਹਿਣ ਵਾਲਾ ਰਸਤਾ ਸੰਸਾਰ ਦੇ ਹੋਰ ਮਤਾਂ ਨਾਲੋਂ ਨਿਰਾਲਾ ਹੈ।
4. ਸੋਰਠਿ ਮਹਲਾ ੩
॥
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ
ਵਿਚਿ ਆਵੈ ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ
ਭਾਈ ਫਿਰਿ ਫਿਰਿ ਪਛੋਤਾਵੈ ॥੧॥ ਅਰਥ: ਹੇ
ਭਾਈ! ਉਹ ਹੀ ਪ੍ਰਾਣੀ ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜਿਹੜਾ
ਪ੍ਰਾਣੀ ਗੁਰੂ ਦੀ ਰਜ਼ਾ ਵਿੱਚ ਆਪਣਾ ਜੀਵਨ ਜਿਉਂਦਾ ਹੈ। ਜਿਹੜਾ ਪ੍ਰਾਣੀ ਆਪਣੀ ਮਰਜ਼ੀ ਅਨੁਸਾਰ ਆਪਣਾ
ਜੀਵਨ ਜਿਉਂਦਾ ਹੈ, ਉਹ ਪ੍ਰਭੂ ਤੋਂ ਵਿੱਛੁੜ ਕੇ ਦੁੱਖ ਹੀ ਸਹਾਰਦਾ ਹੈ। ਗੁਰੂ ਦੀ ਸ਼ਰਨ ਪੈਣ ਤੋਂ
ਬਗੈਰ ਉਹ ਪ੍ਰਾਣੀ ਕਦੇ ਸੁਖ ਨਹੀਂ ਪਾ ਸਕਦਾ ਅਤੇ ਦੁੱਖੀ ਹੋ ਕੇ ਪਛੁਤਾਉਦਾ ਹੈ।
5. ਜੇ ਕੋ ਸਿਖੁ ਗੁਰੂ ਸੇਤੀ
ਸਨਮੁਖੁ ਹੋਵੈ ॥ ਹੋਵੈ ਤ ਸਨਮੁਖੁ ਸਿਖੁ ਕੋਈ ਜੀਅਹੁ ਰਹੈ ਗੁਰ ਨਾਲੇ ॥ ਗੁਰ ਕੇ ਚਰਨ ਹਿਰਦੈ ਧਿਆਏ
ਅੰਤਰ ਆਤਮੈ ਸਮਾਲੇ ॥ ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ ॥ ਕਹੈ ਨਾਨਕੁ
ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ ॥੨੧॥ ਪੰਨਾਂ ੯੧੯-੯੨੦
ਅਰਥ: ਜੇ ਕੋਈ ਸਿੱਖ ਗੁਰੂ ਦੇ ਸਾਹਮਣੇ ਸੁਰਖ਼ਰੂ ਹੋਣਾ ਚਾਹੁੰਦਾ ਹੈ ਅਤੇ ਇਹ
ਚਾਹੁੰਦਾ ਹੈ ਕਿ ਕਿਸੇ ਲੁਕਵੇਂ ਖੋਟ ਦੇ ਕਾਰਨ ਉਸ ਨੂੰ ਗੁਰੂ ਦੇ ਸਾਹਮਣੇ ਅੱਖਾਂ ਨੀਵੀਆਂ ਨਾ
ਕਰਨੀਆਂ ਪੈਣ ਤਾਂ ਰਸਤਾ ਇੱਕ ਹੀ ਹੈ ਕਿ ਉਹ ਸੱਚੇ ਦਿਲੋਂ ਗੁਰੂ ਦੇ ਚਰਨਾਂ ਵਿੱਚ ਟਿਕ ਜਾਵੇ। ਸਿੱਖ
ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਥਾਂ ਦੇਵੇ ਅਤੇ ਆਪਣੇ ਆਤਮਾ ਦੇ ਅੰਦਰ ਸੰਭਾਲ ਰੱਖੇ। ਉਹ
ਆਪਾ-ਭਾਵ ਛੱਡ ਕੇ ਸਦਾ ਗੁਰੂ ਦੇ ਆਸਰੇ ਤੇ ਚੱਲੇ ਅਤੇ ਗੁਰੂ ਤੋਂ ਬਿਨ੍ਹਾਂ ਕਿਸੇ ਹੋਰ ਨੂੰ ਆਪਣੇ
ਆਤਮਕ ਜੀਵਨ ਅਤੇ ਆਤਮਕ ਆਨੰਦ ਦਾ ਵਸੀਲਾ ਨਾ ਸਮਝੇ। ਗੁਰੂ ਨਾਨਕ ਸਾਹਿਬ ਦੇ ਤੀਜੇ ਰੂਪ, ਗੁਰੂ ਅਮਰ
ਦਾਸ ਕਹਿੰਦੇ ਹਨ ਕਿ ਹੇ ਸੰਤ ਜਨੋ! ਸੁਣੋ,ਇਸ ਤਰ੍ਹਾਂ ਕਰਨ ਨਾਲ ਹੀ ਉਹ ਸਿੱਖ ਹੀ ਖਿੜੇ-ਮੱਥੇ ਰਹਿ
ਸਕਦਾ ਹੈ, ਉਸ ਦੇ ਅੰਦਰ ਹੀ ਆਤਮਕ ਖੇੜਾ ਹੋ ਸਕਦਾ ਹੈ ਅਤੇ ਉਹ ਹੀ ਆਤਮਕ ਆਨੰਦ ਮਾਣ ਸਕਦਾ ਹੈ।
ਸ਼ੂਰਵੀਰ ਅਤੇ ਸੂਰਮਾ ਕੌਣ ਹੈ? ਪੰਨਾਂ ੧੮੦ ਤੇ ਭਾਈ ਕਾਹਨ
ਸਿੰਘ ਦੇ ਗੁਰਮਤ ਮਾਰਤੰਡ ਅਨੁਸਾਰ, "ਜੋ ਲੋਕ ਕਾਯਰਤਾ ਨੂੰ ਮਨ ਵਿੱਚ ਕਦੇ ਨਹੀਂ ਆਉਣ ਦਿੰਦੇ ਅਤੇ
ਜੰਗ ਵਿੱਚ ਸ਼ਤਰੂ ਨੂੰ ਪਿੱਠ ਨਹੀਂ ਦਿਖਾਉਂਦੇ ਅਤੇ ਵਿਸ਼ਯ ਵਿਕਾਰਾਂ ਉੱਤੇ ਫ਼ਤਹ ਪਾਉਂਦੇ ਹਨ, ਉਹ ਸਭ
ਤੋਂ ਸਨਮਾਨ ਯੋਗ੍ਯ ਸ਼ੂਰਵੀਰ ਹਨ।" ਹੇਠ ਦਿੱਤੀਆਂ ਉਦਾਹਰਣਾਂ ਨਾਲ ਗੁਰਬਾਣੀ ਅਜਿਹੇ ਗੁਣਾਂ ਵਾਲੇ
ਸੂਰਮਿਆਂ ਦੀ ਪੁਸ਼ਟੀ ਕਰਦੀ ਹੈ।
1. ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ
।।
ਗੁਰਮੁਖਿ ਨਾਮੁ ਸਾਲਾਹਿ ਜਨਮੁ ਸਵਾਰਿਆ ॥ ਆਪਿ ਹੋਆ ਸਦਾ ਮੁਕਤੁ ਸਭੁ ਕੁਲੁ ਨਿਸਤਾਰਿਆ ॥ ਸੋਹਨਿ
ਸਚਿ ਦੁਆਰਿ ਨਾਮੁ ਪਿਆਰਿਆ ॥
ਪੰਨਾਂ ੮੬
ਅਰਥ: ਹੇ ਨਾਨਕ ! ਉਹ ਬਹਾਦਰ ਸੂਰਮਾ ਹੈ ਜਿਸ ਨੇ ਆਪਣੇ ਮਨ ਵਿੱਚੋਂ ਦੁਸ਼ਟ ਹੰਕਾਰ ਨੂੰ ਦੂਰ ਕਰ
ਦਿੱਤਾ ਹੈ ਅਤੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦੇ ਨਾਮ ਦੀ ਸਿਫ਼ਤ-ਸਾਲਾਹ ਕਰ ਕੇ ਜਨਮ ਸਫ਼ਲ ਕਰ ਲਿਆ
ਹੈ। ਉਹ ਸੂਰਮਾ ਆਪ ਸਦਾ ਲਈ ਵਿਕਾਰਾਂ ਤੋਂ ਛੁੱਟ ਜਾਂਦਾ ਹੈ ਅਤੇ ਵਿਕਾਰਾਂ ਤੋਂ ਛੁਡਵਾ ਕੇ ਆਪਣੀ
ਸਾਰੀ ਕੁਲ ਨੂੰ ਤਾਰ ਲੈਂਦਾ ਹੈ। ਪ੍ਰਭੂ ਦੇ ‘ਨਾਮ’ ਨਾਲ ਪਿਆਰ ਕਰਨ ਵਾਲੇ ਬੰਦੇ ਸੱਚੇ ਪ੍ਰਭੂ ਦੀ
ਦਰਗਾਹ ਵਿੱਚ ਸ਼ੋਭਾ ਪਾਉਂਦੇ ਹਨ।
2. ਮਰਣੁ ਮੁਣਸਾਂ ਸੂਰਿਆ ਹਕੁ
ਹੈ ਜੋ ਹੋਇ ਮਰਹਿ ਪਰਵਾਣੋ।।
ਪੰਨਾਂ ੫੮੦
ਅਰਥ: ਜਿਹੜੇ ਜੀਵ ਜੀਊਂਦਿਆਂ ਹੀ ਪ੍ਰਭੂ ਦੀਆਂ
ਨਜ਼ਰਾਂ ਵਿੱਚ ਕਬੂਲ ਹੋ ਕੇ ਮਰਦੇ ਹਨ, ਉਹ ਅਸਲੀ ਸੂਰਮੇ ਹਨ, ਉਹਨਾਂ ਦਾ ਮਰਨਾ ਲੋਕ-ਪਰਲੋਕ ਵਿੱਚ
ਸਲਾਹਿਆ ਜਾਂਦਾ ਹੈ।
3. ਜਾ ਕਉ ਹਰਿ ਰੰਗੁ ਲਾਗੋ
ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ।।
ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ।।
ਪੰਨਾਂ ੬੭੯
ਅਰਥ: ਹੇ ਭਾਈ! ਇਸ ਸੰਸਾਰ ਵਿੱਚ ਉਸ ਪ੍ਰਾਣੀ ਨੂੰ ਹੀ ਸੂਰਮਾ ਆਖਿਆ ਜਾਂਦਾ ਹੈ ਜਿਸ ਦੇ ਹਿਰਦੇ
ਵਿੱਚ ਪ੍ਰਭੂ ਦਾ ਪਿਆਰ ਪੈਦਾ ਹੋ ਜਾਂਦਾ ਹੈ। ਜਿਸ ਪ੍ਰਾਣੀ ਦਾ ਪੂਰਾ ਗੁਰੂ ਮਦਦਗਾਰ ਬਣ ਜਾਂਦਾ ਹੈ,
ਉਹ ਪ੍ਰਾਣੀ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਸਾਰੀ ਸ੍ਰਿਸ਼ਟੀ ਉਸ ਪ੍ਰਾਣੀ ਦੇ ਵੱਸ ਵਿੱਚ ਆ ਜਾਂਦੀ
ਹੈ ਅਤੇ ਦੁਨੀਆ ਦਾ ਕੋਈ ਪਦਾਰਥ ਉਸ ਪ੍ਰਾਣੀ ਨੂੰ ਮੋਹ ਨਹੀਂ ਸਕਦਾ।
4. ਜੋ ਸੂਰਾ ਤਿਸ ਹੀ ਹੋਇ
ਮਰਣਾ।।
ਜੋ ਭਾਗੈ ਤਿਸੁ ਜੋਨੀ ਫਿਰਣਾ।। ਜੋ ਵਰਤਾਏ ਸੋਈ
ਭਲ ਮਾਨੈ ਬੁਝਿ ਹੁਕਮੈ ਦੁਰਮਤਿ ਜਾਲੀਐ ॥
ਪੰਨਾਂ ੧੦੧੯ ਅਰਥ: ਹੇ ਭਾਈ! ਜਿਹੜਾ ਜੀਵ
ਮਾਇਆ ਦੇ ਟਾਕਰੇ ਤੇ ਸੂਰਮਾ ਬਣਦਾ ਹੈ ਉਸ ਨੂੰ ਹੀ ਮਾਇਆ ਵਲੋਂ ਉਪਰਾਮਤਾ ਮਿਲਦੀ ਹੈ; ਪਰ ਜਿਹੜਾ
ਜੀਵ ਮਾਇਆ ਤੋਂ ਡਰ ਜਾਂਦਾ ਹੈ ਉਸ ਨੂੰ ਅਨੇਕਾਂ ਜੂਨਾਂ ਵਿੱਚ ਭਟਕਣਾ ਪੈਂਦਾ ਹੈ। ਸੂਰਮਾ ਪ੍ਰਮਾਤਮਾ
ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ ਕਿਉਂਕਿ ਪ੍ਰਮਾਤਮਾ ਹੀ ਭਾਣਾ ਵਰਤਾਉਦਾ ਹੈ। ਸੂਰਮਾ
ਪ੍ਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਆਪਣੇ ਅੰਦਰੋਂ ਖੋਟੀ ਮਤ ਸਾੜ ਦਿੰਦਾ ਹੈ।
5. ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ।।
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ।।੧।।
ਸੂਰਾ ਸੋ ਪਹਿਚਨੀਐ ਜੁ ਲਰੈ ਦੀਨ ਕੇ ਹੇਤ ।। ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।।੨।।
ਪੰਨਾਂ ੧੧੦੫ ਅਰਥ: ਭਗਤ ਕਬੀਰ ਜੀ ਉਪਦੇਸ਼
ਕਰਦੇ ਹਨ ਕਿ ਉਹ ਜੀਵ ਹੀ ਅਸਲ ਸੂਰਮਾ ਹੈ ਜੋ ਸੰਸਾਰ-ਰੂਪ ਰਣ-ਭੂਮੀ ਵਿੱਚ ਦਲੇਰ ਹੋ ਕੇ ਵਿਕਾਰਾਂ
ਦੇ ਸਾਹਮਣੇ ਅੜ ਜਾਂਦਾ ਹੈ ਅਤੇ ਇਹ ਸਮਝਦਾ ਹੈ ਕਿ ਇਹ ਮਨੁੱਖਾ-ਜੀਵਨ ਹੀ ਇੱਕ ਮੌਕਾ ਹੈ ਜਦੋਂ
ਇਨ੍ਹਾਂ ਵਿਕਾਰਾਂ ਨਾਲ ਲੜਿਆ ਜਾ ਸਕਦਾ ਹੈ। ਉਸ ਦਾ ਮਨ ਪ੍ਰਭੂ-ਚਰਨਾਂ ਵਿੱਚ ਉੱਚੀਆਂ ਉਡਾਰੀਆਂ
ਲਾਉਂਦਾ ਹੈ, ਜਿੱਥੇ ਕਿਸੇ ਵਿਕਾਰ ਦੀ ਸੁਣਾਈ ਹੀ ਨਹੀਂ ਹੋ ਸਕਦੀ, ਉਸ ਸੂਰਮੇ ਦੇ ਹਿਰਦੇ ਵਿੱਚ
ਪ੍ਰਭੂ-ਚਰਨਾਂ ਵਿੱਚ ਜੁੜੇ ਰਹਿਣ ਦੀ ਧ੍ਰੂਹ ਪੈਂਦੀ ਹੈ। ਭਗਤ ਕਬੀਰ ਜੀ ਕਹਿੰਦੇ ਹਨ ਕਿ ਉਸ ਪ੍ਰਾਣੀ
ਨੂੰ ਭੀ ਸੂਰਮਾ ਹੀ ਸਮਝਣਾ ਚਾਹੀਦਾ ਹੈ ਜੋ ਗ਼ਰੀਬਾਂ ਦੀ ਖ਼ਾਤਰ ਲੜਦਾ ਹੈ, ਜੋ ਗ਼ਰੀਬਾਂ ਵਾਸਤੇ ਲੜਦਾ
ਹੋਇਆ ਟੋਟੇ-ਟੋਟੇ ਹੋ ਕੇ ਮਰ ਜਾਂਦਾ ਹੈ, ਪਰ ਲੜਾਈ ਦਾ ਮੈਦਾਨ ਕਦੇ ਨਹੀਂ ਛੱਡਦਾ ਅਤੇ ਗ਼ਰੀਬ ਦੀ
ਫੜੀ ਹੋਈ ਬਾਂਹ ਨਹੀਂ ਛੱਡਦਾ।
6. ਸੂਰਬੀਰ ਬਚਨ ਕੇ ਬਲੀ।।
ਕਉਲਾ ਬਪੁਰੀ ਸੰਤੀ ਛਲੀ।।
ਅਰਥ: ਗੁਰੂ ਦੇ ਸਿੱਖ ਵਿਕਾਰਾਂ ਦੇ ਟਾਕਰੇ ਤੇ ਸੂਰਮੇ
ਹੁੰਦੇ ਹਨ। ਉਹ ਕੀਤੇ ਬਚਨਾਂ ਤੇ ਚੱਲਦੇ ਹਨ। ਉਨ੍ਹਾਂ ਦੀ ਨਿਗਾਹ ਵਿੱਚ ਇਹ ਮਾਇਆ ਭੀ ਨਿਮਾਣੀ ਜਿਹੀ
ਚੀਜ਼ ਹੈ। ਇਹ ਨਿਮਾਣੀ ਮਾਇਆ ਨੂੰ ਗੁਰੂ ਦੇ ਸਿੱਖਾਂ ਨੇ ਆਪਣੇ ਵੱਸ ਕਰ ਲਿਆ ਹੋਇਆ ਹੈ।
ਕਿਸ ਦਾ ਅਤੇ ਨਾਮ ਕਿਵੇਂ ਜਪਣਾ ਹੈ?
1. ਕੇਵਲ ਰਾਮੂ ਨਾਮੁ ਮਨੋਰਮੰ ।। ਬਦਿ ਅੰਮ੍ਰਿਤ ਤਤ ਮਇਮੰ ।। ਨ ਦਨੋਤਿ ਜ
ਸਮਰਣੇਨ ਜਨਮ ਜਰਾਧਿ ਮਰਣ ਭਇਅੰ ।।
ਪੰਨਾਂ ੫੨੬ ਅਰਥ: ਭਗਤ ਜੈ ਦੇਵ ਜੀ ਦਾ ਉਪਦੇਸ਼ ਹੈ ਕਿ ਕੇਵਲ ਪ੍ਰਮਾਤਮਾ ਨੂੰ ਹੀ ਸਿਮਰੋ
ਕਿਉਂਕਿ ਪ੍ਰਮਾਤਮਾ ਅੰਮ੍ਰਿਤ ਨਾਲ ਭਰਪੂਰ ਹੈ। ਪ੍ਰਭੂ ਦੇ ਸਿਮਰਨ ਕਰਨ ਨਾਲ ਜਨਮ-ਮਰਨ,
ਚਿੰਤਾ, ਫਿਕਰ ਅਤੇ ਮੌਤ ਦਾ ਡਰ ਨਹੀਂ ਰਹਿੰਦਾ।
2.
ਪਰ ਧਨ ਪਰ ਦਾਰਾ ਪਰਹਰੀ ॥ ਤਾ ਕੈ ਨਿਕਟਿ ਬਸੈ ਨਰਹਰੀ ॥੧॥
ਜੋ ਨ ਭਜੰਤੇ ਨਾਰਾਇਣਾ ॥ ਤਿਨ ਕਾ ਮੈ ਨ ਕਰਉ
ਦਰਸਨਾ ॥੧॥ ਰਹਾਉ ॥ ਜਿਨ ਕੈ ਭੀਤਰਿ ਹੈ ਅੰਤਰਾ ॥ ਜੈਸੇ ਪਸੁ ਤੈਸੇ ਓਇ ਨਰਾ ॥੨॥
ਪ੍ਰਣਵਤਿ ਨਾਮਦੇਉ ਨਾਕਹਿ ਬਿਨਾ ॥ ਨਾ ਸੋਹੈ ਬਤੀਸ
ਲਖਨਾ ॥੩॥੨॥ ਪੰਨਾਂ ੧੧੬੩
ਅਰਥ: ਜੋ ਪ੍ਰਾਣੀ ਪ੍ਰਮਾਤਮਾ ਦਾ ਭਜਨ ਨਹੀਂ ਕਰਦੇ, ਮੈਂ ਉਨ੍ਹਾਂ ਦਾ ਦਰਸ਼ਨ
ਨਹੀਂ ਕਰਦਾ ਅਤੇ ਮੈਂ ਉਨ੍ਹਾਂ ਦੀ ਸੰਗਤ ਬੈਠਕ ਨਹੀਂ ਕਰਦਾ। ਮੇਰਾ ਉਨ੍ਹਾਂ ਨਾਲ ਕੋਈ ਬੈਠਣਾ-ਖਲੋਣਾ
ਨਹੀਂ ਹੈ।੧। ਰਹਾਉ। ਨਾਰਾਇਣ ਦਾ ਭਜਨ ਕਰਨ ਦੇ ਨਾਲ ਜਿਸ ਪ੍ਰਾਣੀ ਨੇ ਪਰਾਏ ਧਨ ਅਤੇ ਪਰਾਈ ਇਸਤ੍ਰੀ
ਦਾ ਤਿਆਗ ਕਰ ਦਿੱਤਾ ਹੈ, ਪ੍ਰਮਾਤਮਾ ਉਸ ਦੇ ਅੰਗ-ਸੰਗ ਵੱਸਦਾ ਹੈ। ਜਿਨ੍ਹਾਂ ਪ੍ਰਾਣੀਆਂ ਦੇ ਅੰਦਰ
ਪ੍ਰਮਾਤਮਾ ਨਾਲੋਂ ਵਿੱਥ ਹੈ ਉਹ ਮਨੁੱਖ ਪਸ਼ੂਆਂ ਵਰਗੇ ਹੀ ਹਨ।
ਭਗਤ ਨਾਮਦੇਵ ਬੇਨਤੀ ਕਰਦਾ ਹੈ ਕਿ ਜੇ ਜੀਵ ਹਰ
ਪੱਖੋਂ ਭਾਵੇਂ ਸੁੰਦਰ ਪਰ ਜੇ ਉਸ ਦਾ ਨੱਕ ਨਾ ਹੋਵੇ ਤਾਂ ਉਹ ਸੁਹਣਾ ਨਹੀਂ ਲੱਗਦਾ।
ਇਸ ਤਰ੍ਹਾਂ ਹੀ ਜੇ ਇੱਕ ਜੀਵ ਵਿੱਚ ਭਾਵੇਂ ਹੋਰ
ਸਾਰੇ ਗੁਣ ਹੋਣ, ਧਨ ਆਦਿ ਭੀ ਹੋਵੇ, ਜੇ ਉਹ ਪ੍ਰਭੂ ਦਾ ਨਾਮ ਨਹੀਂ ਸਿਮਰਦਾ ਤਾਂ ਉਹ ਕਿਸੇ ਕੰਮ ਦਾ
ਨਹੀਂ ਹੈ।
3. ੴ ਸਤਿਗੁਰ ਪ੍ਰਸਾਦਿ ॥ ਭੈਰਉ ਬਾਣੀ ਨਾਮਦੇਉ ਜੀਉ ਕੀ ਘਰੁ ੧ ਰੇ ਜਿਹਬਾ
ਕਰਉ ਸਤ ਖੰਡ ॥ ਜਾਮਿ ਨ ਉਚਰਸਿ ਸ੍ਰੀ ਗੋਬਿੰਦ ॥੧॥
ਰੰਗੀ ਲੇ ਜਿਹਬਾ ਹਰਿ ਕੈ ਨਾਇ ॥ ਸੁਰੰਗ ਰੰਗੀਲੇ
ਹਰਿ ਹਰਿ ਧਿਆਇ ॥੧॥ ਰਹਾਉ ॥ ਮਿਥਿਆ ਜਿਹਬਾ ਅਵਰੇਂ ਕਾਮ ॥ ਨਿਰਬਾਣ ਪਦੁ ਇਕੁ ਹਰਿ ਕੋ ਨਾਮੁ ॥੨॥
ਅਸੰਖ ਕੋਟਿ ਅਨ ਪੂਜਾ ਕਰੀ ॥ ਏਕ ਨ ਪੂਜਸਿ ਨਾਮੈ
ਹਰੀ ॥੩॥
ਪ੍ਰਣਵੈ ਨਾਮਦੇਉ ਇਹੁ ਕਰਣਾ ॥ ਅਨੰਤ ਰੂਪ ਤੇਰੇ ਨਾਰਾਇਣਾ
॥੪॥੧॥ ਪੰਨਾਂ ੧੧੬੩
ਅਰਥ: ਕੇਵਲ ਇਕ ਪ੍ਰਮਾਤਮਾ ਦਾ ਨਾਮ ਸਿਮਰੋ। ਹੋਰ ਕ੍ਰੋੜਾਂ ਦੇਵਤਿਆਂ ਦੀ
ਪੂਜਾ ਪ੍ਰਭੂ-ਯਾਦ ਦੀ ਬਰਾਬਰੀ ਨਹੀਂ ਕਰ ਸਕਦੀ। ਮੈਂ ਆਪਣੀ ਜੀਭ ਨੂੰ ਪ੍ਰਮਾਤਮਾ ਦੇ ਨਾਮ ਨਾਲ ਰੰਗ
ਲਿਆ ਹੈ ਅਤੇ ਪ੍ਰਭੂ ਦਾ ਨਾਮ ਸਿਮਰ ਕੇ ਮੈਂ ਇਸ ਨੂੰ ਸੋਹਣੇ ਰੰਗ ਵਿੱਚ ਰੰਗ ਲਿਆ ਹੈ।੧। ਰਹਾਉ। ਹੇ
ਭਾਈ! ਜੇ ਹੁਣ ਕਦੇ ਮੇਰੀ ਜੀਭ ਪ੍ਰਭੂ ਦਾ ਨਾਮ ਨਾ ਜਪੇ ਤਾਂ ਮੈਂ ਇਸ ਦੇ ਸੌ ਟੋਟੇ ਕਰ ਦੇਵਾਂ ।
ਮੈਨੂੰ ਹੁਣ ਯਕੀਨ ਹੋ ਗਿਆ ਹੈ ਕਿ ਮੈਂ ਕਦੇ ਵੀ ਪ੍ਰਭੂ ਦੇ ਨਾਮ ਨੂੰ ਨਹੀਂ ਵਿਸਾਰਾਂਗਾ। ਹੋਰ ਕ੍ਰਮ
ਕਾਂਡਾਂ ਅਤੇ ਪਾਖੰਡਾਂ ਵਿੱਚ ਲੱਗੀ ਹੋਈ ਜੀਭ ਵਿਅਰਥ ਹੈ। ਪ੍ਰਮਾਤਮਾ ਦਾ ਨਾਮ ਹੀ ਵਾਸ਼ਨਾ-ਰਹਿਤ
ਅਵਸਥਾ ਪੈਦਾ ਕਰਦਾ ਹੈ ਪਰ ਕ੍ਰਮ-ਕਾਂਡ ਵਾਸ਼ਨਾ ਪੈਦਾ ਕਰਦੇ ਹਨ। ਕ੍ਰੋੜਾਂ-ਅਸੰਖਾਂ ਦੇਵਤਿਆਂ ਦੀ
ਪੂਜਾ ਮਿਲ ਕੇ ਪ੍ਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ। ਭਗਤ ਨਾਮਦੇਵ ਬੇਨਤੀ ਕਰਦਾ ਹੈ ਕਿ
ਮੇਰੀ ਜੀਭ ਕੇਵਲ ਪ੍ਰਭੂ ਦੇ ਗੁਣ ਹੀ ਗਾਏ ਅਤੇ ਆਖੇ, ‘ਹੇ ਨਾਰਾਇਣ ! ਤੇਰੇ ਬੇਅੰਤ ਰੂਪ ਹਨ’।
4. ਨਾਮਦੇਵ ਜੀ ॥
ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥ ਮੈ
ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥੧॥ ਰਹਾਉ ॥ ਕਰੀਮਾਂ ਰਹੀਮਾਂ ਅਲਾਹ ਤੂ ਗਨੀ= ॥
ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨੀ= ॥੧॥
ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ ॥ ਦੇਹਿ
ਲੇਹਿ ਏਕੁ ਤੂੰ ਦਿਗਰ ਕੋ ਨਹੀ ॥੨॥
ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ ॥
ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥੩॥੧॥੨॥
ਪੰਨਾਂ ੭੨੭
ਅਰਥ: ਹੇ ਮੇਰੇ ਪ੍ਰਭੂ! ਤੇਰਾ ਨਾਮ ਹੀ ਮੈਂ ਅੰਨ੍ਹੇ ਦੀ ਡੰਗੋਰੀ ਅਤੇ
ਸਹਾਰਾ ਹੈ। ਮੈਂ ਤਾਂ ਕੰਗਾਲ ਅਤੇ ਆਜਿਜ਼ ਹਾਂ। ਤੇਰਾ ਨਾਮ ਹੀ ਮੇਰਾ ਆਸਰਾ ਹੈ।੧। ਰਹਾਉ। ਹੇ
ਅੱਲ੍ਹਾ ! ਹੇ ਕਰੀਮ ! ਹੇ ਰਹੀਮ ! ਤੂੰ ਹੀ ਅਮੀਰ ਹੈਂ। ਤੂੰ ਹਰ ਵੇਲੇ ਮੇਰੇ ਸਾਹਮਣੇ ਹੈਂ।
ਇਸ ਲਈ ਮੈਨੂੰ ਕਿਸੇ ਹੋਰ ਦੀ ਕੋਈ ਮੁਥਾਜੀ ਨਹੀਂ।
ਹੇ ਪ੍ਰਭੂ! ਤੂੰ ਹੀ ਰਹਿਮਤ ਦਾ ਦਰੀਆ ਹੈਂ।
ਤੂੰ ਦਾਤਾ ਹੈਂ।
ਤੂੰ ਬਹੁਤ ਹੀ ਧਨ ਵਾਲਾ ਹੈਂ।
ਇੱਕ ਤੂੰ ਹੀ ਸਾਰੇ ਜੀਵਾਂ ਨੂੰ ਪਦਾਰਥ ਦਿੰਦਾ ਹੈਂ ਅਤੇ ਫਿਰ ਮੋੜ ਲੈਂਦਾ ਹੈਂ।
ਸੰਸਾਰ ਵਿੱਚ ਕੋਈ ਹੋਰ ਐਸਾ ਨਹੀਂ ਜੋ ਇਹ ਸਮਰੱਥਾ ਰੱਖਦਾ ਹੋਵੇ।
ਹੇ ਨਾਮਦੇਵ ਦੇ ਖਸਮ! ਹੇ ਹਰੀ! ਤੂੰ ਸਭ ਬਖ਼ਸ਼ਸ਼ਾਂ
ਕਰਨ ਵਾਲਾ ਹੈਂ।
ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ ਅਤੇ ਸਭ ਦੇ ਕੰਮ ਵੇਖਣ ਵਾਲਾ ਹੈਂ। ਹੇ ਹਰੀ! ਮੈਂ ਤੇਰੇ
ਸਾਰੇ ਗੁਣ ਬਿਆਨ ਨਹੀਂ ਕਰ ਸਕਦਾ।
ਪ੍ਰਭੂ ਦੇ ਨਾਮ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ:
1. ੴ ਸਤਿਗੁਰ ਪ੍ਰਸਾਦਿ ॥ ਰਾਗੁ ਗੋਂਡ ਬਾਣੀ ਨਾਮਦੇਉ ਜੀ ਕੀ ਘਰੁ ੧
ਅਸੁਮੇਧ ਜਗਨੇ ॥ ਤੁਲਾ ਪੁਰਖ ਦਾਨੇ ॥ ਪ੍ਰਾਗ ਇਸਨਾਨੇ ॥੧॥
ਤਉ ਨ ਪੁਜਹਿ ਹਰਿ ਕੀਰਤਿ ਨਾਮਾ ॥ ਅਪੁਨੇ ਰਾਮਹਿ
ਭਜੁ ਰੇ ਮਨ ਆਲਸੀਆ ॥੧॥ ਰਹਾਉ ॥ ਗਇਆ ਪਿੰਡੁ ਭਰਤਾ ॥ ਬਨਾਰਸਿ ਅਸਿ ਬਸਤਾ ॥ ਮੁਖਿ ਬੇਦ ਚਤੁਰ ਪੜਤਾ
॥੨॥
ਸਗਲ ਧਰਮ ਅਛਿਤਾ ॥ ਗੁਰ ਗਿਆਨ ਇੰਦ੍ਰੀ ਦ੍ਰਿੜਤਾ ॥ ਖਟੁ
ਕਰਮ ਸਹਿਤ ਰਹਤਾ ॥੩॥
ਸਿਵਾ ਸਕਤਿ ਸੰਬਾਦੰ ॥ ਮਨ ਛੋਡਿ ਛੋਡਿ ਸਗਲ ਭੇਦੰ ॥
ਸਿਮਰਿ ਸਿਮਰਿ ਗੋਬਿੰਦੰ ॥ ਭਜੁ ਨਾਮਾ ਤਰਸਿ ਭਵ ਸਿੰਧੰ ॥੪॥੧॥ ਪੰਨਾਂ ੮੭੩
ਅਰਥ: ਜੱਗ, ਦਾਨ, ਤੀਰਥ-ਇਸ਼ਨਾਨ ਆਦਿ ਕੋਈ ਭੀ ਕਰਮ ਸਿਮਰਨ ਦੀ ਬਰਾਬਰੀ ਨਹੀਂ
ਕਰ ਸਕਦਾ। ਜੇ ਕੋਈ ਪ੍ਰਾਣੀ ਅਸਮੇਧ ਜੱਗ ਕਰੇ, ਆਪਣੇ ਬਰਾਬਰ ਦਾ ਤੋਲ ਕੇ ਸੋਨਾ ਚਾਂਦੀ ਆਦਿ ਦਾਨ
ਕਰੇ ਅਤੇ ਪ੍ਰਾਗ ਆਦਿ ਤੀਰਥਾਂ ਤੇ ਇਸ਼ਨਾਨ ਕਰੇ
ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਅਤੇ
ਉਸ ਦੀ ਸਿਫ਼ਤ-ਸਾਲਾਹ ਦੀ ਬਰਾਬਰੀ ਨਹੀਂ ਕਰ ਸਕਦੇ। ਇਸ ਲਈ ਸਾਰੇ ਕ੍ਰਮ-ਕਾਂਡ ਅਤੇ ਪਾਖੰਡ ਛੱਡ ਕੇ
ਹੇ ਮੇਰੇ ਆਲਸੀ ਮਨ! ਆਪਣੇ ਪਿਆਰੇ ਪ੍ਰਭੂ ਦਾ ਨਾਮ ਹੀ ਸਿਮਰ।੧। ਰਹਾਉ। ਜੇ ਕੋਈ ਪ੍ਰਾਣੀ ਗਇਆ ਤੀਰਥ
ਤੇ ਜਾ ਕੇ ਪਿਤਰਾਂ ਨਿਮਿੱਤ ਪਿੰਡ ਭਰਾਏ, ਜੇ ਕਾਂਸ਼ੀ ਦੇ ਨਾਲ ਵਗਦੀ ਅਸ ਨਦੀ ਦੇ ਕੰਢੇ ਰਹਿੰਦਾ
ਹੋਵੇ, ਜੇ ਮੂੰਹੋਂ ਚਾਰੇ ਵੇਦ ਜ਼ਬਾਨੀ ਪੜ੍ਹ ਸਕਦਾ ਹੋਵੇ। ਜੇ ਕੋਈ ਪ੍ਰਾਣੀ ਸਾਰੇ ਕਰਮ ਧਰਮ ਕਰਦਾ
ਹੋਵੇ, ਆਪਣੇ ਗੁਰੂ ਦੀ ਸਿੱਖਿਆ ਲੈ ਕੇ ਇੰਦ੍ਰੀਆਂ ਨੂੰ ਕਾਬੂ ਰੱਖਦਾ ਹੋਵੇ, ਜੇ ਬ੍ਰਾਹਮਣਾਂ ਵਾਲੇ
ਛੇ ਹੀ ਕ੍ਰਮ-ਕਾਂਡ, ਰਾਮਾਇਣ ਆਦਿ ਦਾ ਪਾਠ ਸਦਾ ਹੀ ਕਰਦਾ ਰਹੇ, ਤਾਂ ਭੀ ਕਰਮ ਪ੍ਰਭੂ ਸਿਮਰਨ ਦੀ
ਬਰਾਬਰੀ ਨਹੀਂ ਕਰ ਸਕਦਾ। ਹੇ ਮੇਰੇ ਮਨ ! ਇਹ ਸਾਰੇ ਕਰਮ ਛੱਡ ਦੇਹ, ਛੱਡ ਦੇਹ, ਇਹ ਸਭ ਕ੍ਰਮ-ਕਾਂਡ
ਪ੍ਰਭੂ ਨਾਲੋਂ ਵਿੱਥ ਪਾਉਣ ਵਾਲੇ ਹੀ ਹਨ। ਹੇ ਨਾਮਦੇਵ ! ਗੋਬਿੰਦ ਦਾ ਭਜਨ ਕਰ, ਪ੍ਰਭੂ ਦਾ ਨਾਮ
ਸਿਮਰ, ਪ੍ਰਭੂ ਦੇ ਨਾਮ ਸਿਮਰਨ ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਵੇਂਗਾ।
2. ਰਾਮਕਲੀ ਘਰੁ ੨ ॥
ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ
ਕਾਇਆ ਕਲਪੁ ਕੀਜੈ ॥ ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੧॥
ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ ॥ ਹਰਿ
ਕਾ ਨਾਮੁ ਨਿਤ ਨਿਤਹਿ ਲੀਜੈ ॥੧॥ ਰਹਾਉ ॥ ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨ੍ਹਹਾਈਐ
ਗੋਮਤੀ ਸਹਸ ਗਊ ਦਾਨੁ ਕੀਜੈ ॥ ਕੋਟਿ ਜਉ ਤੀਰਥ ਕਰੈ ਤਨੁ ਜਉ ਹਿਵਾਲੇ ਗਾਰੈ ਰਾਮ ਨਾਮ ਸਰਿ ਤਊ ਨ
ਪੂਜੈ ॥੨॥
ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ ਐਸੋ ਦਾਨੁ ਨਿਤ
ਨਿਤਹਿ ਕੀਜੈ ॥ ਆਤਮ ਜਉ ਨਿਰਮਾਇਲੁ ਕੀਜੈ ਆਪ ਬਰਾਬਰਿ ਕੰਚਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੩॥
ਮਨਹਿ ਨ ਕੀਜੈ ਰੋਸੁ ਜਮਹਿ ਨ ਦੀਜੈ ਦੋਸੁ ਨਿਰਮਲ
ਨਿਰਬਾਣ ਪਦੁ ਚੀਨ੍ਹਹ ਲੀਜੈ ॥ ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ ਪ੍ਰਣਵੈ ਨਾਮਾ ਤਤੁ ਰਸੁ
ਅੰਮ੍ਰਿਤੁ ਪੀਜੈ ॥੪॥
ਪੰਨਾਂ ੯੭੩
ਅਰਥ:
ਇਸ ਸ਼ਬਦ ਵਿੱਚ ਉਨ੍ਹਾਂ ਕ੍ਰਮ-ਕਾਂਡਾਂ ਦਾ ਜ਼ਿਕਰ ਹੈ
ਜਿਨ੍ਹਾਂ ਨੂੰ ਲੋਕ ਧਾਰਮਕ ਕੰਮ ਸਮਝਦੇ ਹਨ ਪਰ ਭਗਤ ਨਾਮ ਦੇਵ ਅਨੁਸਾਰ ਇਹ ਨਿਰਾ ਪਖੰਡ ਹਨ। ਜਿਵੇਂ
ਤੀਰਥ-ਇਸ਼ਨਾਨ, ਦਾਨ, ਮੂਰਤੀ-ਪੂਜਾ ਆਦਿ ਕੋਈ ਭੀ ਪ੍ਰਭੂ-ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦੇ, ਉਸੇ
ਤਰ੍ਹਾਂ ਜਪ-ਤਪ, ਜੱਗ, ਦਾਨ, ਤੀਰਥ-ਇਸ਼ਨਾਨ, ਅਵਤਾਰ ਅਤੇ ਮੂਰਤੀ-ਪੂਜਾ ਆਦਿ ਹੋਰ ਸਾਰੇ ਧਾਰਮਿਕ ਕੰਮ
ਪਾਖੰਡ ਹਨ। ਭਗਤ ਨਾਮ ਦੇਵ ਜੀ ਆਖਦੇ ਹਨ ਕਿ ਅਜਿਹੇ ਕੰਮਾਂ ਨਾਲ ਜਮਾਂ ਤੋਂ ਖ਼ਲਾਸੀ ਨਹੀਂ ਹੋ ਸਕਦੀ।
ਹੇ ਮੇਰੇ ਪਖੰਡੀ ਮਨ! ਕਪਟ ਨਾ ਕਰ, ਛੱਡ-ਛੱਡ ਇਹ
ਕਪਟ। ਕੇਵਲ ਪ੍ਰਮਾਤਮਾ ਦੇ ਨਾਮ ਦਾ ਹੀ ਸਿਮਰਨ ਕਰ।੧। ਰਹਾਉ। ਹੇ ਮੇਰੇ ਮਨ! ਜੇ ਕੋਈ ਪ੍ਰਾਣੀ ਕਾਸ਼ੀ
ਵਿੱਚ ਉਲਟਾ ਲਮਕ ਕੇ ਤਪ ਕਰੇ, ਤੀਰਥਾਂ ਤੇ ਜਾ ਕੇ ਸਰੀਰ ਤਿਆਗੇ, ਧੂਣੀਆਂ ਵਿੱਚ ਸੜੇ, ਜੇ
ਜੋਗ-ਅੱਭਿਆਸ ਆਦਿ ਨਾਲ ਆਪਣੀ ਉਮਰ ਵਧਾ ਲਵੇ; ਜੇ ਕੋਈ ਅਸਮੇਧ ਜੱਗ ਕਰੇ ਅਤੇ ਸੋਨਾ ਆਦਿ ਦਾਨ ਕਰੇ;
ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ।੧।
ਹੇ ਮੇਰੇ ਮਨ! ਜੇ ਕੋਈ ਪ੍ਰਾਣੀ ਕੁੰਭ ਦੇ ਮੇਲੇ
ਅਤੇ ਗੰਗਾ ਜਾਂ ਗੋਦਾਵਰੀ,
ਕੇਦਾਰ ਆਦਿ ਨਦੀ ਤੇ ਜਾ ਕੇ ਤੀਰਥ ਇਸ਼ਨਾਨ ਕਰ ਲਵੇ ਜਾਂ
ਗੋਮਤੀ ਨਦੀ ਦੇ ਕੰਢੇ ਹਜ਼ਾਰ ਗਊਆਂ ਦਾ ਦਾਨ ਭੀ ਕਰ ਦੇਵੇ। ਇਸੇ ਤਰ੍ਹਾਂ ਜੇ ਕੋਈ ਕ੍ਰੋੜਾਂ ਵਾਰੀ
ਤੀਰਥ-ਜਾਤ੍ਰਾ ਕਰ ਆਵੇ ਜਾਂ ਆਪਣਾ ਸਰੀਰ ਹਿਮਾਲੇ ਪਰਬਤ ਦੀ ਬਰਫ਼ ਵਿੱਚ ਗਾਲ ਦੇਵੇ ਤਾਂ ਭੀ ਇਹ ਸਾਰੇ
ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ।੨।
ਹੇ ਮੇਰੇ ਮਨ! ਜੇ ਕੋਈ ਘੋੜੇ, ਹਾਥੀ, ਸੇਜਾ,
ਆਪਣੀ ਵਹੁਟੀ ਅਤੇ ਜ਼ਿਮੀਂਨ ਦਾ ਦਾਨ ਕਰ ਦੇਵੇ; ਜੇ ਉਹ ਸਦਾ ਕੋਈ ਨ ਕੋਈ ਦਾਨ ਕਰਦਾ ਰਵੇ; ਜੇ ਉਹ
ਆਪਣਾ ਆਪ ਭੀ ਭੇਟ ਕਰ ਦੇਵੇ; ਜੇ ਕੋਈ ਆਪਣੇ ਬਰਾਬਰ ਤੋਲ ਕੇ ਸੋਨਾ ਦਾਨ ਕਰ ਦੇਵੇ, ਤਾਂ ਭੀ ਇਹ
ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ।੩।
ਹੇ ਮੇਰੇ ਮਨ! ਜੇ ਸਦਾ ਹੀ ਅਜਿਹੇ ਪਾਖੰਡ ਕਰਦੇ
ਰਹਿਣਾ ਹੈ ਅਤੇ ਪ੍ਰਭੂ ਦਾ ਨਾਮ ਨਹੀਂ ਸਿਮਰਨਾ ਤਾਂ ਫਿਰ ਗਿਲ੍ਹਾ ਨਾ ਕਰਨਾ ਅਤੇ ਜਮ ਨੂੰ ਦੋਸ਼ ਨਾ
ਦੇਣਾ ਕਿ ਉਹ ਕਿਉਂ ਆ ਗਿਆ ਹੈ; ਇਨ੍ਹਾਂ ਕੰਮਾਂ ਨੇ ਜਮਾਂ ਤੋਂ ਖ਼ਲਾਸੀ ਨਹੀਂ ਕਰਵਾਉਣੀ।
ਇਸ ਲਈ ਤੂੰ ਪਵਿੱਤਰ ਅਤੇ ਵਾਸ਼ਨਾ-ਰਹਿਤ ਪ੍ਰਭੂ
ਨਾਲ ਜਾਣ-ਪਛਾਣ ਪਾ ਲੈ
ਹੇ ਨਾਮਦੇਵ!
ਸਭ ਰਸਾਂ ਦੇ ਮੂਲ ਰੱਬ ਨਾਮ-ਅੰਮ੍ਰਿਤ ਪੀਣਾ
ਚਾਹੀਦਾ ਹੈ।
ਪ੍ਰਭੂ ਦਾ ਨਾਮ ਹੀ ਮੇਰੇ ਲਈ ਰਾਜਾ ਰਾਮ ਚੰਦ ਹੈ, ਜੋ
ਰਾਜਾ ਜਸਰਥ ਦਾ ਪੁੱਤਰ ਹੈ। ਮੈਂ ਕਿਸੇ ਅਵਤਾਰ ਦੀ ਪੂਜਾ ਨਹੀਂ ਕਰਦਾ ।੪।
ਗੁਰੂ ਦੇ ਸਿੱਖ ਰੱਬ ਤੋਂ ਬਗੈਰ, ਕਿਸੇ ਦੇਵੀ-ਦੇਵਤੇ ਦੀ ਪੂਜਾ ਨਹੀਂ ਕਰਦੇ:
1. ਗੋਂਡ ॥ ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥
ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ
ਦੈਹਉ ॥੧॥ ਰਹਾਉ ॥ ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥੨॥
ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ
ਅਉਤਰੈ ॥੩॥
ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ
॥੪॥
ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ
ਗੀਤਾ ॥੫॥੨॥੬॥ ਪੰਨਾਂ ੮੭੪
ਅਰਥ: ਸੰਸਾਰ-ਸਮੁੰਦਰ ਤੋਂ ਮੁਕਤੀ ਦਿਵਾਉਣੀ ਕਿਸੇ ਦੇਵੀ ਦੇਵਤੇ ਦੇ ਹੱਥ
ਨਹੀਂ; ਇਸ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ, ਪ੍ਰਭੂ ਹੀ ਮੁਕਤੀ-ਦਾਤਾ ਹੈ। ਇਸ
ਲਈ ਹੇ ਪੰਡਤ! ਮੈਂ ਤਾਂ ਇੱਕ ਸੋਹਣੇ ਰਾਮ ਦਾ ਨਾਮ ਹੀ ਲਵਾਂਗਾ, ਹੋਰ ਸਾਰੇ ਦੇਵੀ-ਦੇਵਤਿਆਂ ਨੂੰ ਉਸ
ਨਾਮ ਦੇ ਵੱਟੇ ਵਿੱਚ ਦੇ ਦਿਆਂਗਾ। ਪ੍ਰਭੂ-ਨਾਮ ਦੇ ਟਾਕਰੇ ਮੈਨੂੰ ਕਿਸੇ ਭੀ ਦੇਵੀ ਦੇਵਤੇ ਦੀ ਲੋੜ੍ਹ
ਨਹੀਂ।੧। ਰਹਾਉ।
ਜੋ ਪ੍ਰਾਣੀ ਭੈਰੋਂ ਭੈਰੋਂ ਦੀ ਅਰਾਧਨਾ ਕਰਦਾ ਹੈ ਉਹ ਵਧ
ਤੋਂ ਵਧ ਭੈਰੋਂ ਵਰਗਾ ਹੀ ਭੂਤ ਬਣ ਜਾਂਦਾ ਹੈ। ਜੋ ਸੀਤਲਾ ਨੂੰ ਅਰਾਧਦਾ ਹੈ ਉਹ ਸੀਤਲਾ ਵਾਂਗ ਖੋਤੇ
ਦੀ ਸਵਾਰੀ ਕਰਦਾ ਹੈ ਅਤੇ ਖੋਤੇ ਵਾਂਗ ਸੁਆਹ ਹੀ ਉਡਾਉਂਦਾ ਹੈ।
ਜੋ ਪ੍ਰਾਣੀ ਸ਼ਿਵ ਜੀ ਦਾ ਨਾਮ ਜਪਦਾ ਹੈ ਉਹ ਵੱਧ
ਤੋਂ ਵੱਧ ਸ਼ਿਵ ਜੀ ਦਾ ਰੂਪ ਲੈ ਕੇ, ਸ਼ਿਵ ਜੀ ਦੀ ਸਵਾਰੀ ਬਲਦ ਉੱਤੇ ਚੜ੍ਹ ਸਕਦਾ ਹੈ ਅਤੇ ਸ਼ਿਵ ਵਾਂਗ
ਡਮਰੂ ਵਜਾਉਂਦਾ ਹੈ।
ਜੋ ਪ੍ਰਾਣੀ ਪਾਰਬਤੀ ਦੀ ਪੂਜਾ ਕਰਦਾ ਹੈ ਉਹ ਮਨੁੱਖ ਤੋਂ
ਜ਼ਨਾਨੀ ਬਣ ਕੇ ਜਨਮਦਾ ਹੈ ਕਿਉਂਕਿ ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ।
ਹੇ ਭਵਾਨੀ! ਤੂੰ ਸਾਰੇ ਦੇਵੀ-ਦੇਵਤਿਆਂ ਦਾ ਮੁੱਢ
ਅਖਵਾਉਂਦੀ ਹੈਂ। ਮੁਕਤੀ ਦੇਣ ਵੇਲੇ ਤੂੰ ਪਤਾ ਨਹੀਂ ਕਿੱਥੇ ਲੁਕ ਜਾਂਦੀ ਹੈਂ ਕਿਉਂਕਿ ਮੁਕਤੀ ਤੇਰੇ
ਕੋਲ ਭੀ ਨਹੀਂ ਹੈ। ਇਸ ਲਈ ਭਗਤ ਨਾਮਦੇਵ ਬੇਨਤੀ ਕਰਦਾ ਹੈ ਕਿ ਹੇ ਮਿੱਤਰ! ਸਤਿਗੁਰੂ ਦੀ ਸਿੱਖਿਆ ਲੈ
ਕੇ ਪ੍ਰਭੂ ਨਾਮ ਦੀ ਓਟ ਲੈ, ਤੁਹਾਡੀ ਗੀਤਾ ਭੀ ਇਹ ਹੀ ਆਖਦੀ ਹੈ।
2. ਬਿਲਾਵਲੁ ਗੋਂਡ ॥ ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥
ਰਹਾਉ ॥ ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥ ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ
ਲਾਂਗਤ ਜਾਤੀ ਥੀ ॥੧॥
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ
॥ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥੨॥
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ
॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥
ਹਿੰਦੂ ਅੰਨ੍ਹਹਾ ਤੁਰਕੂ ਕਾਣਾ ॥ ਦੁਹਾਂ ਤੇ
ਗਿਆਨੀ ਸਿਆਣਾ ॥ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ
ਮਸੀਤਿ ॥੪॥ ਪੰਨਾਂ ੮੭੪-੮੭੫
ਅਰਥ: ਹੇ ਪਾਂਡੇ! ਮੈਂ ਤਾਂ ਇਸੇ ਜਨਮ ਵਿੱਚ ਹੀ ਰੱਬ ਦਾ ਦਰਸ਼ਨ ਕਰ ਲਿਆ ਹੈ
ਪਰ ਤੂੰ ਮੂਰਖ ਹੀ ਰਿਹਾ, ਤੈਨੂੰ ਰੱਬ ਦਾ ਦਰਸ਼ਨ ਨਹੀਂ ਹੋਇਆ; ਆ ਮੈਂ ਤੈਨੂੰ ਮੂਰਖ ਨੂੰ ਸਮਝਾਵਾਂ
ਕਿ ਤੈਨੂੰ ਦਰਸ਼ਨ ਕਿਉਂ ਨਹੀਂ ਹੁੰਦਾ।੧। ਰਹਾਉ। ਹੇ ਪਾਂਡੇ! ਪਹਿਲਾਂ ਤਾਂ ਜਿਸ ਗਾਇਤ੍ਰੀ ਦਾ ਤੂੰ
ਪਾਠ ਕਰਦਾ ਹੈਂ ਉਸ ਉੱਤੇ ਤੇਰੀ ਸ਼ਰਧਾ ਨਹੀਂ ਬਣ ਸਕੀ, ਕਿਉਂਕਿ ਤੇਰੀ ਗਾਇਤ੍ਰੀ ਉਹ ਹੈ ਜਿਸ ਬਾਰੇ
ਤੂੰ ਆਪ ਹੀ ਆਖਦਾ ਹੈਂ ਕਿ ਇਕ ਵਾਰੀ ਸ੍ਰਾਪ ਦੇ ਕਾਰਨ ਗਊ ਦੀ ਜੂਨ ਵਿੱਚ ਆ ਕੇ ਇਹ ਇੱਕ ਲੋਧੇ ਜੱਟ
ਦੀ ਪੈਲੀ ਖਾਣ ਜਾ ਪਈ, ਜਿਸ ਨੇ ਸੋਟਾ ਲੈ ਕੇ ਉਸ ਗਾਂ ਲੱਤ ਤੋੜ ਦਿੱਤੀ ਇਸ ਤਰ੍ਹਾਂ ਉਹ ਵਿਚਾਰੀ
ਲੰਙਾ ਕੇ ਤੁਰਨ ਲੱਗ ਪਈ।
ਹੇ ਪਾਂਡੇ! ਫਿਰ ਤੂੰ ਜਿਸ ਸ਼ਿਵ ਜੀ ਦੀ ਅਰਾਧਨਾ ਕਰਦਾ ਹੈਂ
ਉਸ ਨੂੰ ਬੜਾ ਕ੍ਰੋਧੀ ਸਮਝਦਾ ਹੈਂ।
ਤੂੰ ਆਖਦਾ ਹੈਂ ਕਿ ਗੁੱਸੇ ਵਿੱਚ ਆ ਕੇ ਸ਼ਿਵ ਜੀ
ਸ੍ਰਾਪ ਦੇ ਕੇ ਭਸਮ ਕਰ ਦਿੰਦਾ ਹੈ। ਐਸੇ ਸ਼ਿਵ ਨਾਲ ਤੂੰ ਪਿਆਰ ਕਿਵੇਂ ਕਰ ਸਕਦਾ ਹੈਂ? ਤੇਰਾ ਸ਼ਿਵ
ਤਾਂ ਉਹ ਹੈ ਜਿਸ ਬਾਰੇ ਤੂੰ ਆਖਦਾ ਹੈਂ ਕਿ ਕਿਸੇ ਭੰਡਾਰੀ ਨੇ ਸ਼ਿਵ ਜੀ ਵਾਸਤੇ ਭੋਜਨ ਤਿਆਰ ਕੀਤਾ
ਗਿਆ, ਤੂੰ ਦੱਸਦਾ ਹੈਂ ਕਿ ਸ਼ਿਵ ਜੀ ਚਿੱਟੇ ਬਲਦ ਦੀ ਸਵਾਰੀ ਕਰਦਾ ਸੀ ਪਰ ਸ਼ਾਇਦ ਉਸ ਨੂੰ ਭੋਜਨ ਪਸੰਦ
ਨਾ ਆਇਆ। ਸ਼ਿਵ ਜੀ ਨੇ ਸ੍ਰਾਪ ਦੇ ਕੇ ਉਸ ਭੰਡਾਰੀ ਦਾ ਮੁੰਡਾ ਮਾਰ ਦਿੱਤਾ।
ਹੇ ਪਾਂਡੇ! ਜਿਸ ਸ੍ਰੀ ਰਾਮ ਚੰਦਰ ਜੀ ਦੀ ਤੂੰ
ਉਪਾਸ਼ਨਾ ਕਰਦਾ ਹੈਂ, ਉਸ ਵਾਰੇ ਭੀ ਇਹ ਹੀ ਕੁੱਝ ਸੁਣਿਆ ਹੈ ਕਿ ਰਾਵਣ ਨਾਲ ਉਸ ਦੀ ਲੜਾਈ ਹੋ ਗਈ। ਉਸ
ਲੜਾਈ ਵਿੱਚ ਰਾਮ ਚੰਦਰ ਸੀਤਾ ਜੀ ਗਵਾ ਬੈਠੇ।
ਇਸ ਤਰ੍ਹਾਂ ਦੇ ਅਧੂਰੇ ਵਿਸ਼ਵਾਸ਼ ਕਾਰਨ ਹਿੰਦੂ
ਦੋਵੇਂ ਅੱਖਾਂ ਗਵਾ ਬੈਠਾ ਹੈ। ਪਰ ਮੁਸਲਮਾਨ ਦੀ ਇੱਕ ਹੀ ਅੱਖ ਖ਼ਰਾਬ ਹੋਈ ਹੈ। ਇਨ੍ਹਾਂ ਦੋਨ੍ਹਾਂ
ਨਾਲੋਂ ਸਿਆਣਾ ਉਹ ਬੰਦਾ ਹੈ ਜਿਸ ਨੂੰ ਪ੍ਰਭੂ ਦੀ ਹਸਤੀ ਦਾ ਸਹੀ ਗਿਆਨ ਹੋ ਗਿਆ ਹੈ। ਹਿੰਦੂ ਨੇ ਇੱਕ
ਅੱਖ ਉਸ ਵੇਲੇ ਗਵਾਈ ਜਦੋਂ ਉਹ ਆਪਣੇ ਇਸ਼ਟ ਬਾਰੇ ਸ਼ਰਧਾ-ਹੀਣ ਕਹਾਣੀਆਂ ਘੜਨ ਲੱਗ ਪਿਆ ਅਤੇ ਦੂਜੀ ਅੱਖ
ਉਸ ਵੇਲੇ ਗਵਾਈ, ਜਦੋਂ ਉਹ ਪ੍ਰਮਾਤਮਾ ਨੂੰ ਨਿਰਾ ਮੰਦਰ ਵਿੱਚ ਬੈਠਾ ਸਮਝ ਕੇ ਮੰਦਰ ਨੂੰ ਪੂਜਣ ਲੱਗ
ਪਿਆ। ਮੁਸਲਮਾਨ ਦੀ ਹਜ਼ਰਤ ਮੁਹੰਮਦ ਸਾਹਿਬ ਵਿੱਚ ਪੂਰੀ ਸ਼ਰਧਾ ਹੋਣ ਕਰਕੇ ਇੱਕ ਅੱਖ ਤਾਂ ਸਾਬਤ ਹੈ ਪਰ
ਦੂਜੀ ਗਵਾ ਬੈਠਾ ਹੈ, ਕਿਉਂਕਿ ਰੱਬ ਨੂੰ ਨਿਰਾ ਮਸਜਿਦ ਵਿੱਚ ਵੱਸਦਾ ਸਮਝ ਕੇ ਕੇਵਲ ਮਸਜਿਦ ਨੂੰ ਹੀ
ਰੱਬ ਦਾ ਘਰ ਸਮਝ ਰਿਹਾ ਹੈ। ਮੈਂ ਨਾਮਦੇਵ ਉਸ ਪ੍ਰਮਾਤਮਾ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾ ਕੋਈ
ਖ਼ਾਸ ਮੰਦਰ ਹੈ ਅਤੇ ਨਾ ਮਸਜਿਦ।
ਭਾਵ ਰੱਬ ਹਰ ਥਾਂ ਤੇ ਵੱਸਦਾ ਹੈ।
ਭਗਤ ਨਾਮ ਦੇਵ ਅਤੇ ਕਬੀਰ ਜੀ
ਦੱਸਦੇ ਹਨ ਕਿ ਅਸੀਂ ਰੱਬ ਨਾਲ ਕਿਸ ਤਰ੍ਹਾਂ ਪਿਆਰ ਕਰਨਾ ਹੈ?
1. ਗੋਂਡ ॥ ਜੈਸੇ ਮੰਦਰ ਮਹਿ
ਬਲਹਰ ਨਾ ਠਾਹਰੈ ॥ ਨਾਮ ਬਿਨਾ ਕੈਸੇ ਪਾਰਿ ਉਤਰੈ ॥ ਕੁੰਭ ਬਿਨਾ ਜਲੁ ਨਾ ਟੀਕਾਵੈ ॥ ਸਾਧੂ ਬਿਨੁ
ਐਸੇ ਅਬਗਤੁ ਜਾਵੈ ॥੧॥
ਜਾਰਉ ਤਿਸੈ ਜੁ ਰਾਮੁ ਨ ਚੇਤੈ ॥ ਤਨ ਮਨ ਰਮਤ ਰਹੈ
ਮਹਿ ਖੇਤੈ ॥੧॥ ਰਹਾਉ ॥ ਜੈਸੇ ਹਲਹਰ ਬਿਨਾ ਜਿਮੀ ਨਹੀ ਬੋਈਐ ॥ ਸੂਤ ਬਿਨਾ ਕੈਸੇ ਮਣੀ ਪਰੋਈਐ ॥
ਘੁੰਡੀ ਬਿਨੁ ਕਿਆ ਗੰਠਿ ਚੜ੍ਹਾਈਐ ॥ ਸਾਧੂ ਬਿਨੁ ਤੈਸੇ ਅਬਗਤੁ ਜਾਈਐ ॥੨॥
ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ ॥ ਬਿੰਬ
ਬਿਨਾ ਕੈਸੇ ਕਪਰੇ ਧੋਈ ॥ ਘੋਰ ਬਿਨਾ ਕੈਸੇ ਅਸਵਾਰ ॥ ਸਾਧੂ ਬਿਨੁ ਨਾਹੀ ਦਰਵਾਰ ॥੩॥
ਜੈਸੇ ਬਾਜੇ ਬਿਨੁ ਨਹੀ ਲੀਜੈ ਫੇਰੀ ॥ ਖਸਮਿ
ਦੁਹਾਗਨਿ ਤਜਿ ਅਉਹੇਰੀ ॥ ਕਹੈ ਕਬੀਰੁ ਏਕੈ ਕਰਿ ਕਰਨਾ ॥ ਗੁਰਮੁਖਿ ਹੋਇ ਬਹੁਰਿ ਨਹੀ ਮਰਨਾ ॥੪॥
ਪੰਨਾਂ ੮੭੨
ਅਰਥ: ਮੈਂ ਉਸ ਮਨ ਨੂੰ ਸਾੜ ਦਿਆਂ ਜੋ ਪ੍ਰਭੂ ਨੂੰ ਨਹੀਂ ਸਿਮਰਦਾ ਅਤੇ ਸਦਾ
ਸਰੀਰਕ ਭੋਗਾਂ ਵਿੱਚ ਹੀ ਖਚਿਤ ਰਹਿੰਦਾ ਹੈ।੧। ਰਹਾਉ। ਜਿਵੇਂ ਘਰ ਵਿੱਚ ਸ਼ਤੀਰ ਤੋਂ ਬਿਨ੍ਹਾਂ ਛੱਤ
ਨਹੀਂ ਠਹਿਰ ਸਕਦੀ, ਇਸੇ ਤਰ੍ਹਾਂ ਹੀ ਪ੍ਰਭੂ ਤੇ ਨਾਮ ਤੋਂ ਬਿਨ੍ਹਾਂ ਸਾਡਾ ਮਨ ਸੰਸਾਰ-ਸਮੁੰਦਰ ਦੇ
ਘੁੰਮਣ-ਘੇਰੇ ਵਿੱਚੋਂ ਪਾਰ ਨਹੀਂ ਲੰਘ ਸਕਦਾ। ਜਿਵੇਂ ਘੜੇ ਤੋਂ ਬਿਨ੍ਹਾਂ ਪਾਣੀ ਨਹੀਂ ਟਿਕ ਸਕਦਾ,
ਉਸੇ ਤਰ੍ਹਾਂ ਗੁਰੂ ਤੋਂ ਬਿਨ੍ਹਾਂ ਸਾਡਾ ਮਨ ਨਹੀਂ ਟਿਕਦਾ ਅਤੇ ਪ੍ਰਾਣੀ ਦੁਨੀਆਂ ਤੋਂ ਭੈੜੇ ਹਾਲ ਹੀ
ਜਾਂਦਾ ਹੈ।
ਜਿਵੇਂ ਕਿਸਾਨ ਤੋਂ ਬਿਨ੍ਹਾਂ ਜ਼ਮੀਨ ਨਹੀਂ ਬੀਜੀ ਜਾ ਸਕਦੀ,
ਸੂਤ ਤੋਂ ਬਿਨ੍ਹਾਂ ਮਣਕੇ ਪਰੋਏ ਨਹੀਂ ਜਾ ਸਕਦੇ, ਘੁੰਡੀ ਤੋਂ ਬਿਨ੍ਹਾਂ ਗੰਢ ਨਹੀਂ ਪਾਈ ਜਾ ਸਕਦੀ;
ਉਸੇ ਤਰ੍ਹਾਂ ਗੁਰੂ ਦੀ ਸ਼ਰਨ ਤੋਂ ਬਿਨ੍ਹਾਂ ਪ੍ਰਾਣੀ ਭੈੜੇ ਹਾਲ ਹੀ ਜਾਂਦਾ ਹੈ।
ਜਿਵੇਂ ਮਾਂ ਪਿਉ ਦੇ ਮੇਲ ਤੋਂ ਬਿਨ੍ਹਾਂ ਬਾਲ
ਨਹੀਂ ਜੰਮਦਾ, ਪਾਣੀ ਤੋਂ ਬਿਨ੍ਹਾਂ ਕੱਪੜੇ ਨਹੀਂ ਧੋਏ ਜਾ ਸਕਦੇ, ਘੋੜੇ ਤੋਂ ਬਿਨ੍ਹਾਂ ਪ੍ਰਾਣੀ
ਅਸਵਾਰ ਨਹੀਂ ਅਖਵਾ ਸਕਦਾ, ਉਸੇ ਤਰ੍ਹਾਂ ਗੁਰੂ ਤੋਂ ਬਿਨ੍ਹਾਂ ਪ੍ਰਭੂ ਦੇ ਦਰ ਦੀ ਪ੍ਰਾਪਤੀ ਨਹੀਂ
ਹੁੰਦੀ।
ਜਿਵੇਂ ਸਾਜ਼ਾਂ ਤੋਂ ਬਿਨ੍ਹਾਂ ਜਿਵੇਂ ਨਾਚ ਨਹੀਂ ਹੋ ਸਕਦਾ
ਉਸੇ ਤਰ੍ਹਾਂ ਖਸਮ ਤੋਂ ਬਿਨ੍ਹਾਂ ਇਸਤ੍ਰੀ ਸੁਹਾਗਣ ਨਹੀਂ ਹੋ ਸਕਦੀ।
ਦੁਹਾਗਣ ਅਤੇ ਭੈੜੇ ਸੁਭਾਉ ਵਾਲੀ ਇਸਤ੍ਰੀ ਨੂੰ
ਖਸਮ ਨੇ ਤਿਆਗ ਕੇ ਸਦਾ ਦੁਰਕਾਰ ਦਿੱਤਾ ਹੁੰਦਾ ਹੈ। ਭਗਤ ਕਬੀਰ ਆਖਦੇ ਹਨ ਕਿ ਭਾਈ! ਇੱਕ ਕਰਨ-ਜੋਗ
ਕੰਮ ਕਰ। ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਨਾਮ ਸਿਮਰ।
ਇਸ ਤਰ੍ਹਾਂ ਤੇਰਾ ਜੰਮਣ-ਮਰਨਾ ਮੁੱਕ ਜਾਵੇਗਾ।
2. ਗੋਂਡ
॥
ਨਾਦ ਭ੍ਰਮੇ ਜੈਸੇ ਮਿਰਗਾਏ ॥ ਪ੍ਰਾਨ ਤਜੇ ਵਾ ਕੋ
ਧਿਆਨੁ ਨ ਜਾਏ ॥੧॥
ਐਸੇ ਰਾਮਾ ਐਸੇ ਹੇਰਉ ॥ ਰਾਮੁ ਛੋਡਿ ਚਿਤੁ ਅਨਤ ਨ ਫੇਰਉ
॥੧॥ ਰਹਾਉ ॥ ਜਿਉ ਮੀਨਾ ਹੇਰੈ ਪਸੂਆਰਾ ॥ ਸੋਨਾ ਗਢਤੇ ਹਿਰੈ ਸੁਨਾਰਾ ॥੨॥
ਜਿਉ ਬਿਖਈ ਹੇਰੈ ਪਰ ਨਾਰੀ ॥ ਕਉਡਾ ਡਾਰਤ ਹਿਰੈ
ਜੁਆਰੀ ॥੩॥
ਜਹ ਜਹ ਦੇਖਉ ਤਹ ਤਹ ਰਾਮਾ ॥ ਹਰਿ ਕੇ ਚਰਨ ਨਿਤ ਧਿਆਵੈ
ਨਾਮਾ ॥੪॥੨॥ ਪੰਨਾਂ ੮੭੩
ਅਰਥ: ਮੈਂ ਪਿਆਰੇ ਪ੍ਰਭੂ ਦਾ ਸਿਮਰਨ ਛੱਡ ਕੇ ਕਿਸੇ ਹੋਰ ਪਾਸੇ ਵਲ ਆਪਣਾ
ਚਿੱਤ ਨਹੀਂ ਲਾਉਂਦਾ। ਮੈਂ ਕੇਵਲ ਪ੍ਰਭੂ ਦਾ ਨਾਮ ਹੀ ਜਪਦਾ ਰਹਿੰਦਾ ਹਾਂ।੧। ਰਹਾਉ। ਜਿਵੇਂ ਹਰਨ
ਆਪਣਾ ਆਪ ਭੁਲਾ ਕੇ ਨਾਦ ਦੇ ਪਿੱਛੇ ਦੌੜਦਾ ਹੈ, ਜਿੰਦ ਦੇ ਦਿੰਦਾ ਹੈ ਪਰ ਨਾਦ ਦਾ ਧਿਆਨ ਨਹੀਂ
ਵਿੱਸਰਾਦਾ। ਜਿਵੇਂ ਮਾਛੀਗਰ ਮੱਛੀਆਂ ਵਲ ਤੱਕਦਾ ਹੈ। ਜਿਵੇਂ ਸੋਨਾ ਘੜਦਿਆਂ ਸੁਨਿਆਰਾ ਸੋਨੇ ਵਲ ਗਹੁ
ਨਾਲ ਤੱਕਦਾ ਹੈ। ਜਿਵੇਂ ਕੋਈ ਵਿਸ਼ਈ ਪਰਾਈ ਨਾਰ ਵਲ ਤੱਕਦਾ ਹੈ ਅਤੇ ਜਿਵੇਂ ਜੂਆ ਖੇਡਣ ਲੱਗਾ ਜੁਆਰੀਆ
ਕੌਡਾ ਸੁੱਟ ਕੇ ਗਹੁ ਨਾਲ ਤੱਕਦਾ ਹੈ ਕਿ ਕੀ ਦਾਉ ਲੱਗਿਆ ਹੈ। ਹੇ ਨਾਮਦੇਵ! ਇਨ੍ਹਾਂ ਸਾਰਿਆਂ ਵਾਂਗ
ਮੈਂ ਭੀ ਸਦਾ ਕੇਵਲ ਆਪਣੇ ਪ੍ਰਭੂ ਨੂੰ ਸਿਮਰਦਾ ਹਾਂ। ਮੈਂ ਸਾਰੇ ਪਾਸੇ ਪ੍ਰਭੂ ਦਾ ਹੀ ਪਸਾਰਾ ਵੇਖਦਾ
ਹਾਂ। ਮੇਰੀ ਸੁਰਤ ਸਦਾ ਪ੍ਰਭੂ ਵਿੱਚ ਹੀ ਲੱਗੀ ਰਹਿੰਦੀ ਹੈ।
3. ੴ ਸਤਿਗੁਰ ਪ੍ਰਸਾਦਿ ॥ ਭੈਰਉ ਨਾਮਦੇਉ ਜੀਉ ਘਰੁ ੨ ਜੈਸੀ ਭੂਖੇ ਪ੍ਰੀਤਿ
ਅਨਾਜ ॥
ਤ੍ਰਿਖਾਵੰਤ ਜਲ ਸੇਤੀ ਕਾਜ ॥ ਜੈਸੀ ਮੂੜ ਕੁਟੰਬ ਪਰਾਇਣ ॥
ਐਸੀ ਨਾਮੇ ਪ੍ਰੀਤਿ ਨਰਾਇਣ ॥੧॥
ਨਾਮੇ ਪ੍ਰੀਤਿ ਨਾਰਾਇਣ ਲਾਗੀ ॥ ਸਹਜ ਸੁਭਾਇ ਭਇਓ
ਬੈਰਾਗੀ ॥੧॥ ਰਹਾਉ ॥ ਜੈਸੀ ਪਰ ਪੁਰਖਾ ਰਤ ਨਾਰੀ ॥ ਲੋਭੀ ਨਰੁ ਧਨ ਕਾ ਹਿਤਕਾਰੀ ॥ ਕਾਮੀ ਪੁਰਖ
ਕਾਮਨੀ ਪਿਆਰੀ ॥ ਐਸੀ ਨਾਮੇ ਪ੍ਰੀਤਿ ਮੁਰਾਰੀ ॥੨॥
ਸਾਈ ਪ੍ਰੀਤਿ ਜਿ ਆਪੇ ਲਾਏ ॥ ਗੁਰ ਪਰਸਾਦੀ
ਦੁਬਿਧਾ ਜਾਏ ॥
ਕਬਹੁ ਨ ਤੂਟਸਿ ਰਹਿਆ ਸਮਾਇ ॥ ਨਾਮੇ ਚਿਤੁ ਲਾਇਆ ਸਚਿ ਨਾਇ
॥੩॥
ਜੈਸੀ ਪ੍ਰੀਤਿ ਬਾਰਿਕ ਅਰੁ ਮਾਤਾ ॥ ਐਸਾ ਹਰਿ ਸੇਤੀ ਮਨੁ
ਰਾਤਾ ॥ ਪ੍ਰਣਵੈ ਨਾਮਦੇਉ ਲਾਗੀ ਪ੍ਰੀਤਿ ॥ ਗੋਬਿਦੁ ਬਸੈ ਹਮਾਰੈ ਚੀਤਿ ॥੪॥
ਪੰਨਾਂ ੧੧੬੪
ਪਦਅਰਥ: ਤ੍ਰਿਖਾਵੰਤ-ਪਿਆਸਾ; ਪਰਾਇਣ-ਆਸਰੇ, ਹਿਤਕਾਰੀ-ਪ੍ਰੇਮ ਕਰਨ ਵਾਲਾ;
ਕਾਮੀ-ਵਿਸ਼ਈ; ਕਾਮਨੀ-ਇਸਤ੍ਰੀ; ਚੀਤਿ-ਚਿੱਤ ਵਿੱਚ।
ਅਰਥ: ਭਗਤ ਨਾਮ ਦੇਵ ਜੀ ਕਹਿੰਦੇ ਹਨ ਕਿ ਹੁਣ
ਮੇਰੀ ਪ੍ਰੀਤ ਪ੍ਰਮਾਤਮਾ ਨਾਲ ਲੱਗ ਗਈ ਹੈ। ਉਸ ਪ੍ਰੀਤ ਦੀ ਬਰਕਤ ਨਾਲ ਮੈਂ ਹੁਣ ਕੋਈ ਬਾਹਰਲੇ ਭੇਖ
ਆਦਿ ਨਹੀਂ ਕਰਦਾ । ਇਨ੍ਹਾਂ ਭੇਖਾਂ ਤੋਂ ਬਿਨ੍ਹਾਂ ਹੀ ਮੈਂ ਬੈਰਾਗੀ ਬਣ ਗਿਆ ਹੈ।੧। ਰਹਾਉ।
ਜਿਵੇਂ ਕਿਸੇ ਭੁੱਖੇ ਨੂੰ ਅੰਨ ਪਿਆਰਾ ਲੱਗਦਾ ਹੈ,
ਜਿਵੇਂ ਪਿਆਸੇ ਨੂੰ ਪਾਣੀ ਨਾਲ ਗ਼ਰਜ਼ ਹੁੰਦੀ ਹੈ, ਜਿਵੇਂ ਕੋਈ ਮੂਰਖ ਆਪਣੇ ਟੱਬਰ ਦੇ ਆਸਰੇ ਹੋ ਜਾਂਦਾ
ਹੈ, ਤਿਵੇਂ ਭਗਤ ਨਾਮੇ ਦਾ ਪ੍ਰਭੂ ਨਾਲ ਪਿਆਰ ਪੈ ਗਿਆ ਹੈ।
ਜਿਵੇਂ ਕੋਈ ਨਾਰ ਪਰਾਏ ਮਨੁੱਖ ਨਾਲ ਪਿਆਰ ਪਾ
ਲੈਂਦੀ ਹੈ, ਜਿਵੇਂ ਕਿਸੇ ਲੋਭੀ ਮਨੁੱਖ ਨੂੰ ਧਨ ਪਿਆਰਾ ਲੱਗਦਾ ਹੈ, ਜਿਵੇਂ ਕਿਸੇ ਵਿਸ਼ਈ ਬੰਦੇ ਨੂੰ
ਇਸਤ੍ਰੀ ਚੰਗੀ ਲੱਗਦੀ ਹੈ, ਉਸੇ ਤਰ੍ਹਾਂ ਹੀ ਭਗਤ ਨਾਮ ਦੇਵ ਨੂੰ ਪ੍ਰਮਾਤਮਾ ਦਾ ਨਾਮ ਮਿੱਠਾ ਲੱਗਦਾ
ਹੈ।
ਪਰ ਅਸਲੀ ਸੱਚਾ ਪਿਆਰ ਉਹ ਹੈ ਜੋ ਪ੍ਰਭੂ ਆਪ ਕਿਸੇ ਪ੍ਰਾਣੀ
ਦੇ ਹਿਰਦੇ ਵਿੱਚ ਪੈਦਾ ਕਰ ਦੇਵੇ। ਇਸ ਤਰ੍ਹਾਂ ਗੁਰੂ ਦੀ ਕ੍ਰਿਪਾ ਨਾਲ ਜਿਸ ਪ੍ਰਾਣੀ ਦੀ ਮੇਰ-ਤੇਰ
ਮਿਟ ਜਾਂਦੀ ਹੈ; ਉਸ ਦਾ ਪ੍ਰਭੂ ਨਾਲ ਪ੍ਰੇਮ ਕਦੇ ਨਹੀਂ ਟੁੱਟਦਾ। ਉਹ ਹਰ ਵੇਲੇ ਪ੍ਰਭੂ-ਚਰਨਾਂ ਨਾਲ
ਜੁੜਿਆ ਰਹਿੰਦਾ ਹੈ। ਭਗਤ ਨਾਮ ਦੇਵ ਜੀ ਕਹਿੰਦੇ ਹਨ ਕਿ ਮੇਰੇ ਉੱਤੇ ਭੀ ਪ੍ਰਭੂ ਦੀ ਮਿਹਰ ਹੋਈ ਹੈ
ਅਤੇ ਹੁਣ ਮੇਰਾ ਚਿੱਤ ਸਦਾ ਕਾਇਮ ਰਹਿਣ ਵਾਲੇ ਪ੍ਰਭੂ-ਨਾਮ ਵਿੱਚ ਟਿਕ ਗਿਆ ਹੈ।
ਜਿਵੇਂ ਮਾਂ-ਪੁੱਤ ਦਾ ਪਿਆਰ ਹੁੰਦਾ ਹੈ, ਤਿਵੇਂ
ਮੇਰਾ ਮਨ ਪ੍ਰਭੂ-ਚਰਨਾਂ ਨਾਲ ਰੰਗਿਆ ਗਿਆ ਹੈ। ਭਗਤ ਨਾਮਦੇਵ ਬੇਨਤੀ ਕਰਦਾ ਹੈ ਕਿ ਮੇਰੀ ਪ੍ਰਭੂ ਨਾਲ
ਪ੍ਰੀਤ ਲੱਗ ਗਈ ਹੈ। ਪ੍ਰਭੂ ਹੁਣ ਸਦਾ ਮੇਰੇ ਚਿੱਤ ਵਿੱਚ ਵੱਸਦਾ ਹੈ।
4. ਗੋਂਡ ॥ ਮੋਹਿ ਲਾਗਤੀ ਤਾਲਾਬੇਲੀ ॥
ਬਛਰੇ ਬਿਨੁ ਗਾਇ ਅਕੇਲੀ ॥੧॥
ਪਾਨੀਆ ਬਿਨੁ ਮੀਨੁ ਤਲਫੈ ॥ ਐਸੇ ਰਾਮ ਨਾਮਾ ਬਿਨੁ
ਬਾਪੁਰੋ ਨਾਮਾ ॥੧॥ ਰਹਾਉ ॥ ਜੈਸੇ ਗਾਇ ਕਾ ਬਾਛਾ ਛੂਟਲਾ ॥ ਥਨ ਚੋਖਤਾ ਮਾਖਨੁ ਘੂਟਲਾ ॥੨॥
ਨਾਮਦੇਉ ਨਾਰਾਇਨੁ ਪਾਇਆ ॥ ਗੁਰੁ ਭੇਟਤ ਅਲਖੁ
ਲਖਾਇਆ ॥੩॥
ਜੈਸੇ ਬਿਖੈ ਹੇਤ ਪਰ ਨਾਰੀ ॥ ਐਸੇ ਨਾਮੇ ਪ੍ਰੀਤਿ ਮੁਰਾਰੀ
॥੪॥
ਜੈਸੇ ਤਾਪਤੇ ਨਿਰਮਲ ਘਾਮਾ ॥ ਤੈਸੇ ਰਾਮ ਨਾਮਾ ਬਿਨੁ
ਬਾਪੁਰੋ ਨਾਮਾ ॥੫॥ ਪੰਨਾਂ ੮੭੪
ਪਦਅਰਥ: ਮੋਹਿ-ਮੈਨੂੰ; ਤਾਲਾਬੇਲੀ-ਤੜਫਣੀ;
ਮੀਨੁ-ਮੱਛੀ; ਤਲਫੈ-ਤੜਫਦੀ ਹੈ; ਬਾਪਰੋ-ਵਿਚਾਰਾ;
ਛੂਟਲਾ-ਕਿੱਲੇ ਨਾਲੋਂ ਖੁਲ੍ਹ ਜਾਂਦਾ ਹੈ; ਬਾਛਾ-ਵੱਛਾ; ਚੋਖਤਾ-ਚੁੰਘਦਾ ਹੈ; ਘੂਟਲਾ-ਘੁੱਟ ਭਰਦਾ
ਹੈ;
ਭੇਟਤ-ਮਿਲਦਿਆਂ ਹੀ; ਅਲਖੁ-ਜੋ ਬਿਆਨਿਆ ਲਖਿਆ ਨਾ ਜਾ ਸਕੇ;
ਬਿਖੈ ਹੇਤ-ਵਿਸ਼ੇ ਦੀ ਖ਼ਾਤਰ;
ਤਾਪਤੇ-ਤਪਦੇ ਹਨ; ਨਿਰਮਲ-ਸਾਫ਼; ਘਾਮਾ-ਧੁੱਪ ਦੀ
ਗਰਮੀ।
ਅਰਥ: ਜਿਵੇਂ ਪਾਣੀ ਤੋਂ ਬਿਨ੍ਹਾਂ ਮੱਛੀ ਤੜਫਦੀ ਹੈ,
ਤਿਵੇਂ ਮੈਂ ਨਾਮਦੇਵ ਪ੍ਰਭੂ ਦੇ ਨਾਮ ਤੋਂ ਬਿਨ੍ਹਾਂ ਤੜਫਦਾ ਰਹਿੰਦਾ ਹਾਂ।੧। ਰਹਾਉ। ਜਿਵੇਂ ਵੱਛੇ
ਤੋਂ ਵਿੱਛੜ ਕੇ ਇਕੱਲੀ ਗਾਂ ਤੜਫਦੀ ਹੈ, ਤਿਵੇਂ ਮੈਨੂੰ ਪ੍ਰਭੂ ਤੋਂ ਵਿਛੁੜ ਕੇ ਤੜਫਣੀ ਲੱਗੀ
ਰਹਿੰਦੀ ਹੈ।
ਜਿਵੇਂ ਜਦੋਂ ਗਾਂ ਦਾ ਵੱਛਾ ਕਿੱਲੇ ਨਾਲੋਂ ਖੁਲ੍ਹਦਾ ਹੈ
ਤਾਂ ਗਾਂ ਦੇ ਥਣ ਚੁੰਘਦਾ ਹੈ ਅਤੇ ਦੁਧ ਦੇ ਘੁੱਟ ਭਰਦਾ ਹੈ। ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਉਸੇ
ਤਰ੍ਹਾਂ ਜਦੋਂ ਮੈਨੂੰ ਸਤਿਗੁਰੂ ਮਿਲ ਗਿਆ ਤਾਂ ਮੈਨੂੰ ਅਲੱਖ ਪ੍ਰਭੂ ਦੀ ਸੂਝ ਪੈ ਗਈ ਅਤੇ ਮੈਨੂੰ
ਰੱਬ ਮਿਲ ਗਿਆ।
ਜਿਵੇਂ ਕਿਸੇ ਵਿਸ਼ਈ ਨੂੰ ਵਿਸ਼ੇ ਵਾਸਤੇ ਪਰਾਈ ਨਾਰ ਨਾਲ
ਪਿਆਰ ਹੁੰਦਾ ਹੈ। ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਉਸ ਤਰ੍ਹਾਂ ਹੀ ਮੈਨੂੰ ਪ੍ਰਭੂ ਨਾਲ ਪਿਆਰ ਹੈ।
ਪ੍ਰਭੂ ਦੇ ਨਾਮ ਤੋਂ ਵਿੱਛੜ ਕੇ ਨਾਮਦੇਵ ਇਉਂ
ਤੜਫਦਾ ਹਾਂ, ਜਿਵੇਂ ਚਮਕਦੀ ਧੁੱਪ ਵਿੱਚ ਜੀਵ-ਜੰਤ ਤਪਦੇ ਹਨ। ਭਾਵ ਪ੍ਰਭੂ-ਪ੍ਰੀਤ ਦਾ ਪ੍ਰੇਮ
ਵਿਛੋੜਾ ਅਸਹਿ ਹੁੰਦਾ ਹੈ।
ਮੈਨੂੰ ਯਕੀਨ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਜੀਵਨ ਜਿਉਂਣ
ਨਾਲ ਇੱਕ ਸਾਧਾਰਨ ਬੰਦਾ ਵੀ ਨਿੱਡਰ ਯੋਧਾ, ਸ਼ੂਰਵੀਰ ਅਤੇ ਸਿਆਣਾ ਬਣ ਜਾਂਦਾ ਹੈ। ਉਹ ਫਿਰ ਹੋਰ
ਗ੍ਰੰਥ ਨੂੰ ਗੁਰੂ ਦੇ ਬਰਾਬਰ ਨਹੀਂ ਸਮਝਦਾ।
ਉਹ ਤਨ-ਮਨ-ਧਨ ਨਾਲ ਪ੍ਰਮਾਤਮਾ, ਗੁਰੂ, ਧਰਮ, ਦੇਸ਼
ਅਤੇ ਲੋੜ੍ਹਵੰਦਾਂ ਦੀ ਸੇਵਾ ਕਰਦਾ ਹੈ ਅਤੇ ਅਨਿਆਏ ਵਿਰੁੱਧ ਆਪਣੀ ਜਾਨ ਦੀ ਬਾਜੀ ਵੀ ਲਾ ਦਿੰਦਾ ਹੈ।
ਸ਼ੂਰਵੀਰ ਜੋਧਿਆਂ ਅਤੇ ਸ਼ਹੀਦਾਂ ਨੂੰ ਲੱਖ-ਲੱਖ ਵਾਰ ਪ੍ਰਣਾਮ !
ਵਾਹਿ ਗੁਰੂ ਜੀ ਕਾ ਖਾਲਸਾ ॥
ਵਾਹਿ ਗੁਰੂ ਜੀ ਕੀ ਫ਼ਤਹਿ ॥
ਬਲਬਿੰਦਰ
ਸਿੰਘ