.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਫੋਕਟ ਦੇ ਕਰਮ ਕਾਂਡ ਜ਼ਿੰਦਗੀ `ਚ ਬੋਝ

ਗੁਰੂ ਨਾਨਕ ਸਾਹਿਬ ਨੇ ਪੁਜਾਰੀ ਦੀਆਂ ਗਤੀ ਵਿਧੀਆਂ ਦੇਖ ਕੇ ਕਿਹਾ ਸੀ ਕਿ ਇਹ ਸਾਰੀਆਂ ਮਨੁੱਖਤਾ ਦੇ ਆਤਮਕ ਜੀਵਨ ਨੂੰ ਤਬਾਹ ਕਰਨ ਵਾਲੀਆਂ ਹਨ। ਫੋਕਟ ਦੇ ਕਰਮ-ਕਾਂਡਾਂ ਨਾਲ ਮਨੁੱਖਤਾ ਦੀ ਕੋਈ ਆਤਮਕ ਉੱਨਤੀ ਨਹੀਂ ਹੋ ਸਕਦੀ ਤੇ ਨਾ ਹੀ ਸਮਾਜ ਵਿੱਚ ਕੋਈ ਨਿਖਾਰ ਆ ਸਕਦਾ ਹੈ। ਫੋਕਟ ਦੇ ਕਰਮਾਂ ਨੂੰ ਸਮਝਣ ਲਈ ਸਹਿਸਕ੍ਰਿਤੀ ਦੇ ਪਹਿਲੇ ਸਲੋਕ ਨੂੰ ਅਧਾਰ ਬਣਾਇਆ ਹੈ।

ਪੜਿੑ ਪੁਸ੍ਤਕ ਸੰਧਿਆ ਬਾਦੰ॥ ਸਿਲ ਪੂਜਸਿ ਬਗੁਲ ਸਮਾਧੰ॥

ਮੁਖਿ ਝੂਠੁ ਬਿਭੂਖਨ ਸਾਰੰ॥ ਤ੍ਰੈਪਾਲ ਤਿਹਾਲ ਬਿਚਾਰੰ॥

ਗਲਿ ਮਾਲਾ ਤਿਲਕ ਲਿਲਾਟੰ॥ ਦੋਇ ਧੋਤੀ ਬਸਤ੍ਰ ਕਪਾਟੰ॥

ਜੋ ਜਾਨਸਿ ਬ੍ਰਹਮੰ ਕਰਮੰ॥ ਸਭ ਫੋਕਟ ਨਿਸਚੈ ਕਰਮੰ॥

ਕਹੁ ਨਾਨਕ ਨਿਸਚੌ ਧਿ੍ਯ੍ਯਾਵੈ॥ ਬਿਨੁ ਸਤਿਗੁਰ ਬਾਟ ਨ ਪਾਵੈ॥ ੧॥

(੧੩੫੩)

ਅੱਖਰੀਂ ਅਰਥ--— ਪੰਡਿਤ (ਵੇਦ ਆਦਿਕ ਧਾਰਮਿਕ) ਪੁਸਤਕਾਂ ਪੜ੍ਹ ਕੇ ਸੰਧਿਆ ਕਰਦਾ ਹੈ, ਅਤੇ (ਹੋਰਨਾਂ ਨਾਲ) ਚਰਚਾ ਕਰਦਾ ਹੈ, ਮੂਰਤੀ ਪੂਜਦਾ ਹੈ ਅਤੇ ਬਗਲੇ ਵਾਂਗ ਸਮਾਧੀ ਲਾਂਦਾ ਹੈ; ਮੁਖੋਂ ਝੂਠ ਬੋਲਦਾ ਹੈ (ਪਰ ਉਸ ਝੂਠ ਨੂੰ) ਬੜੇ ਸੋਹਣੇ ਗਹਣਿਆਂ ਵਾਂਗ ਸੋਹਣਾ ਕਰ ਕੇ ਵਿਖਾਲਦਾ ਹੈ; (ਹਰ ਰੋਜ਼) ਤਿੰਨ ਵੇਲੇ ਗਾਯਤ੍ਰੀ ਮੰਤ੍ਰ ਨੂੰ ਵਿਚਾਰਦਾ ਹੈ; ਗਲ ਵਿੱਚ ਮਾਲਾ ਰੱਖਦਾ ਹੈ, ਮੱਥੇ ਉਤੇ ਤਿਲਕ ਲਾਂਦਾ ਹੈ; ਸਦਾ ਦੋ ਧੋਤੀਆਂ (ਆਪਣੇ ਪਾਸ) ਰੱਖਦਾ ਹੈ, ਤੇ (ਸੰਧਿਆ ਕਰਨ ਵੇਲੇ) ਸਿਰ ਉਤੇ ਇੱਕ ਵਸਤ੍ਰ ਧਰ ਲੈਂਦਾ ਹੈ।

ਪਰ ਜੋ ਮਨੁੱਖ ਪਰਮਾਤਮਾ ਦੀ ਭਗਤੀ ਦਾ ਕੰਮ ਜਾਣਦਾ ਹੋਵੇ, ਤਦ ਨਿਸ਼ਚਾ ਕਰ ਕੇ ਜਾਣ ਲਵੋ ਕਿ ਉਸ ਦੇ ਵਾਸਤੇ ਇਹ ਸਾਰੇ ਕੰਮ ਫੋਕੇ ਹਨ। ਹੇ ਨਾਨਕ! ਆਖ— (ਮਨੁੱਖ) ਸਰਧਾ ਧਾਰ ਕੇ ਪਰਮਾਤਮਾ ਨੂੰ ਸਿਮਰੇ (ਕੇਵਲ ਇਹੋ ਰਸਤਾ ਲਾਭਦਾਇਕ ਹੈ, ਪਰ) ਇਹ ਰਸਤਾ ਸਤਿਗੁਰੂ ਤੋਂ ਬਿਨਾ ਨਹੀਂ ਲੱਭਦਾ। ੧।

ਵਿਚਾਰ ਚਰਚਾ---

ਸੋਚਣ ਵਾਲਾ ਵਿਸ਼ਾ ਹੈ ਕਿ ਕੀ ਅਸੀਂ ਉਪਰੋਕਤ ਸਲੋਕ ਪੜ੍ਹ ਕੇ ਕਿਤੇ ਆਪਣੇ ਜੀਵਨ ਇਹ ਨਿਰਾਥਕ ਕਰਮ ਕਾਂਡ ਤਾਂ ਨਹੀਂ ਕਰ ਰਹੇ?

ਸਮਾਜ ਵਿੱਚ ਧਰਮ ਦੀਆਂ ਪ੍ਰਕ੍ਰਿਆਵਾਂ ਨਿਬਾਹੁੰਣ ਲਈ ਪੰਡਤ ਅਤੇ ਮੁੱਲਾਂ ਸਨ। ਇਹਨਾਂ ਦੋਹਾਂ ਦੀਆਂ ਧਰਮ ਦੇ ਨਾਂ `ਤੇ ਕੀਤੀਆਂ ਜਾ ਰਹੀਆਂ ਧਾਰਮਕ ਰਸਮਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਿਲਕੁਲ ਨਿਕਾਰ ਦਿੱਤਾ ਪਰ ਉਹੀ ਕਰਮ ਕਾਂਡ ਅੱਜ ਅਸੀਂ ਹੂ-ਬ-ਹੂ ਸਿੱਖੀ ਪਹਿਰਾਵੇ ਵਿੱਚ ਔਖਿਆਂ ਹੋ ਕਿ ਨਿਭਾਅ ਰਹੇ ਹਾਂ—

੧. ਸਵੇਰੇ ਸ਼ਾਮ ਪੰਡਤ ਜੀ ਧਾਰਮਕ ਪੁਸਤਕਾਂ ਪੜ੍ਹਦਾ ਹੈ ਕੇਵਲ ਰਸਮਾਂ ਨਿਭਾਹੁੰਣ ਲਈ ਤੇ ਅੱਜ ਅਸੀਂ ਵੀ ਕੇਵਲ ਖਾਨਾਪੂਰਤੀ ਲਈ ਗਿਣਤੀ ਮਿਣਤੀ ਦੇ ਪਾਠ ਹੀ ਕਰ ਰਹੇ ਹਾਂ। ਸਵੇਰੇ ਸ਼ਾਮ ਅਸੀਂ ਵੀ ਨਿਤਾ ਪ੍ਰਤੀ ਗੁਰਦੁਆਰੇ ਜਾ ਰਹੇ ਹਾਂ ਪਰ ਕਿਣਕਾ ਮਾਤਰ ਵੀ ਉਪਦੇਸ਼ ਨੂੰ ਨੇੜੇ ਨਹੀਂ ਆਉਣ ਦਿੱਤਾ। ਪੰਡਤ ਧਰਮ ਦੀਆਂ ਆਮ ਚਰਚਾਵਾਂ ਕਰਦਾ ਹੈ ਤੇ ਸਿੱਖ ਵੀ ਵੱਡੀ ਰਹਿਰਾਸ ਦੀਆਂ ਚਰਚਾਵਾਂ ਕਰਕੇ ਆਪਣੇ ਆਪ ਨੂੰ ਸ੍ਰਿਸ਼ੇਟ ਦੱਸਣ ਦਾ ਯਤਨ ਕੀਤਾ ਜਾ ਰਿਹਾ ਹੈ-- ਪੜਿੑ ਪੁਸ੍ਤਕ ਸੰਧਿਆ ਬਾਦੰ।।

੨. ਅਗਲੀ ਤੁਕ ਵਿੱਚ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਨੀ ਤੇ ਬਗਲ਼ੇ ਵਾਂਗ ਸਮਾਧੀ ਲਗਾਉਣ ਨੂੰ ਫੋਕਟ ਦਾ ਕਰਮ ਦੱਸਿਆ ਹੈ-ਸਿਲ ਪੂਜਸਿ ਬਗੁਲ ਸਮਾਧੰ।। ਕੀ ਸਿੱਖ ਮੂਰਤੀਆਂ ਦੀ ਪੂਜਾ ਨਹੀਂ ਕਰ ਰਹੇ? ਕੀ ਬਗਲ਼ਿਆਂ ਵਾਂਗ ਸਮਾਧੀਆਂ ਨਹੀਂ ਲਾਈਆਂ ਜਾ ਰਹੀਆਂ। ਕਿਸੇ ਗੁਰਦੁਆਰੇ ਨੂੰ ਦੇਖ ਲਓ ਹਰੇਕ ਨੁੱਕਰ ਵਿੱਚ ਕੋਈ ਨਾ ਸਿੱਖ ਅੱਖਾਂ ਮੀਚੀ ਬੈਠਾ ਦਿਖਾਈ ਦੇ ਰਿਹਾ ਹੈ।

੩. ਸਿੱਖਾਂ ਦੇ ਧਾਰਮਕ ਤੇ ਰਾਜਨੀਤਕ ਆਗੂ ਸ਼ਿੰਗਾਰ ਕੇ ਝੂਠ ਬੋਲ ਰਹੇ ਹਨ। ਗੁਰਬਾਣੀ ਸਿਧਾਂਤ ਦੇ ਉਲਟ ਵਿਚਾਰ ਦੇਣੇ ਸਿਰੇ ਦਾ ਝੂਠ ਹੈ। ਸਾਧ ਲਾਣਾ ਤਾਂ ਟਿਕਿਆ ਹੀ ਝੂਠ `ਤੇ ਹੈ ਮੁਖਿ ਝੂਠੁ ਬਿਭੂਖਨ ਸਾਰੰ।। ਆਪਣੇ ਝੂਠ ਨੂੰ ਸਹੀ ਸਾਬਤ ਕਰਨ ਲਈ ਗੁਰਬਾਣੀਆਂ ਦੀਆਂ ਤੁਕਾਂ ਦੀ ਵਰਤੋਂ ਕਰਦੇ ਹਨ।

੪. ਤਿੰਨ ਸਮੇਂ ਗਾਇਤ੍ਰੀ ਦਾ ਪਾਠ ਕਰਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਕੀ ਕਰ ਰਹੇ ਹਾਂ? ਉੱਤਰ ਅਸੀਂ ਵੀ ਤਾਂ ਏਹੀ ਕੁੱਝ ਕਰ ਰਹੇ ਹਾਂ--ਹਰ ਗੁਰਦੁਆਰੇ ਨਿਤਾ ਪ੍ਰਤੀ ਨਿਤ ਨੇਮ ਦਾ ਪਾਠ ਹੋ ਰਿਹਾ ਹੈ ਪਰ ਜ਼ਿਆਦਾਤਰ ਗੁਦੁਆਰਿਆਂ ਦੇ ਮੁਕਦਮੇ ਕੋਰਟ-ਕਚਿਹਰੀਆਂ ਵਿੱਚ ਚੱਲ ਰਹੇ ਹਨ— "ਤ੍ਰੈਪਾਲ ਤਿਹਾਲ ਬਿਚਾਰੰ" ਦੱਸੋ ਫਿਰ ਨਿਤ ਨੇਮ ਕਰਨ ਦਾ ਕੀ ਲਾਭ ਹੈ। ਹਰ ਰੋਜ਼ ਗੁਰਦੁਆਰਿਆਂ ਵਿੱਚ ਕਰਮਕਾਂਡਾਂ ਦਾ ਵਾਧਾ ਹੀ ਹੋਇਆ ਹੈ।

੫ ਗਲ਼ ਵਿੱਚ ਮਾਲਾ ਪਾਈ ਹੋਈ ਹੈ ਤੇ ਮੱਥੇ `ਤੇ ਤਿਲਕ ਲਗਾਇਆ ਹੋਇਆ ਹੈ। ਲੋਹੇ, ਸੁਤਰ, ਮਣਕਿਆਂ ਤੇ ਲਕੜ ਆਦਿ ਦੀ ਮਾਲਾ ਤਾਂ ਬਹੁਤੇ ਸਿੱਖ ਹੱਥਾਂ, ਉਂਗਲ਼ਾਂ ਤੇ ਗਲ਼ ਵਿੱਚ ਪਾਈ ਫਿਰਦੇ ਹਨ। ਤਿਲਕਾਂ ਦੀ ਥਾਂ `ਤੇ ਪਤਾ ਨਹੀਂ ਅਸੀਂ ਕੀ ਕੁੱਝ ਬੰਨ੍ਹੀ ਫਿਰਦੇ ਹਾਂ— "ਗਲਿ ਮਾਲਾ ਤਿਲਕ ਲਿਲਾਟੰ" ਉਂਝ ਅਸੀਂ ਖੰਡੇ ਦੀ ਪਹੁਲ ਵੀ ਲਈ ਹੋਈ ਹੈ।

ਦੋ ਧੋਤੀਆਂ ਆਪਣੇ ਪਾਸ ਰੱਖਦਾ ਹੈ ਸੰਧਿਆ ਕਰਨ ਸਮੇਂ ਇੱਕ ਨੂੰ ਸਿਰ `ਤੇ ਰੱਖ ਲੈਂਦਾ ਹੈ-- ਤੇ ਅਸੀਂ ਮਾਇਕ ਨੂੰ ਪਰਨੇ ਨਾਲ ਹੀ ਫੜਦੇ ਹਾਂ-ਭਾਂਡੇ ਆਪਣੇ ਵੱਖਰੇ ਚੁੱਕੀ ਫਿਰਦੇ ਹਾਂ। ਫਿਰ ਦੱਸੋ ਸਾਡੇ ਵਿੱਚ ਤੇ ਉਹਨਾਂ ਬ੍ਰਾਹਮਣਾਂ ਵਿੱਚ ਕੀ ਅੰਤਰ ਕੀ ਰਹਿ ਗਿਆ--ਦੋਇ ਧੋਤੀ ਬਸਤ੍ਰ ਕਪਾਟੰ।।

ਜੇ ਬੰਦੇ ਨੂੰ ਇਹ ਪਤਾ ਲਗ ਜਾਏ ਕਿ ਰੱਬ ਤਾਂ ਸਦੀਵ ਕਾਲ ਇੱਕ ਨਿਯਮਾਵਲੀ ਹੈ ਤੇ ਸਾਰੀ ਕਾਇਨਾਤ ਇੱਕ ਬੱਝਵੇਂ ਹੁਕਮ (ਨਿਯਮ) ਵਿੱਚ ਚੱਲਦੀ ਹੈ ਤਾਂ ਫਿਰ ਮਨੁੱਖ ਪੁਜਾਰੀ ਵਲੋਂ ਨਿਸਚਤ ਕੀਤੇ ਕਰਮ ਕਾਂਡ ਕਦੇ ਵੀ ਨਹੀਂ ਕਰੇਗਾ--ਜੋ ਜਾਨਸਿ ਬ੍ਰਹਮੰ ਕਰਮੰ।। ਸਭ ਫੋਕਟ ਨਿਸਚੈ ਕਰਮੰ।। ਬੱਤੀਆਂ ਬੰਦ ਕਰਨੀਆਂ ਅੱਖਾਂ ਮੀਟ ਲੈਣੀਆਂ ਵਾਲੇ ਕਰਮ ਤਾਂ ਅਸੀਂ ਸਹਿਜੇ ਹੀ ਗੁਰਦੁਆਰਿਆਂ ਵਿੱਚ ਨਿਭਾਈ ਜਾ ਰਹੇ ਹਾਂ।

੮. ਰੱਬ ਜੀ ਦੀ ਪ੍ਰਾਪਤੀ ਸਤਿਗੁਰ ਦੇ ਗਿਆਨ ਵਿਚੋਂ ਹੈ ਗਿਆਨ ਨੂੰ ਸਮਝ ਕੇ ਜੀਵਨ ਵਿੱਚ ਧਾਰਨ ਕਰਨਾ ਹੀ ਸਿਮਰਨ ਹੈ। ਸਿਮਰਨ ਦਾ ਭਾਵ ਹੈ ਇਮਾਨਦਾਰੀ, ਵਫ਼ਾਦਾਰੀ ਤੇ ਸਖਤ ਮਿਹਨਤ ਕਰਨ ਤੋਂ ਹੈ ਨਾ ਕਿ ਤੋਤਾ ਰਟਨ ਤੋਂ ਹੈ-- ਕਹੁ ਨਾਨਕ ਨਿਸਚੌ ਧਿ੍ਯ੍ਯਾਵੈ।। ਬਿਨੁ ਸਤਿਗੁਰ ਬਾਟ ਨ ਪਾਵੈ।। ੧।। ਸੱਚੇ ਗਿਆਨ ਦੀ ਜਾਣਕਾਰੀ ਸਾਨੂੰ ਸਤਿਗੁਰ ਨੇ ਦਿੱਤੀ ਹੈ ਜਿਹੜਾ ਸਾਰੇ ਸੰਸਾਰ ਲਈ ਸਾਂਝਾ ਹੈ। ਸੰਸਾਰ ਵਿੱਚ ਜਿਹੜਾ ਵੀ ਸੱਚ ਦਾ ਪਾਂਧੀ ਬਣਦਾ ਹੈ ਉਸ ਨੂੰ ਫੋਟਕਟ ਦੇ ਕਰਮ ਕਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ। ਜਿਹੜਾ ਵੀ ਸੱਚ ਦਾ ਧਾਰਨੀ ਹੋ ਕੇ ਚਲਦਾ ਤੇ ਫੋਕਟ ਦੇ ਕਰਮਾਂ ਤੋਂ ਬਚਿਆ ਹੋਇਆ ਹੈ ਅਸਲ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਉਹ ਸੱਚਾ ਇਨਸਾਨ ਹੈ—

ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ।।

ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ।। ੧।।

ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ।।

ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ।। ਰਹਾਉ।।

ਸੋਰਠਿ ਮਹਲਾ ੫ ਪੰਨਾ ੬੪੧




.