ਜੇ ਕਰ ਬਚਪਨ, ਜਵਾਨੀ ਅਤੇ ਬੁਢਾਪੇ ਨੂੰ ਨਕਾਰਿਆ ਹੋਵੇ ਤਾਂ ਇਸ ਦਾ ਭਾਵ ਇਹ
ਹੋ ਜਾਏਗਾ ਕਿ ਅਸੀਂ ਰੱਬੀ ਰਜ਼ਾ ਨੂੰ ਨਹੀਂ ਮੰਨ ਰਹੇ ਹਾਂ। ਇਹ ਮਨੁੱਖ ਦੀਆਂ ਤਿੰਨੇ ਸਰੀਰਕ
ਅਵਸਥਾਵਾਂ ਰੱਬੀ ਰਜ਼ਾ ਵਿਚ ਹੀ ਹਨ। ਇਨ੍ਹਾਂ ਦੀ ਨਿਖੇਦੀ ਨਹੀਂ ਕੀਤੀ ਜਾ ਰਹੀ। ਇਹ ਤੇ ਮਨੁੱਖ ਦੀ
ਸੋਚ ਬਾਰੇ ਗਲ ਚਲ ਰਹੀ ਹੈ। ਬੁਢੇਪਾ, ਬਚਪਨਾ, ਜਵਾਨੀ ਮਾੜੀ ਨਹੀਂ ਦਰਅਸਲ ‘ਮੇਰੀ ਮੇਰੀ ਕਰਤੇ’
ਵਾਲੀ ਬਿਰਤੀ ਮਾੜੀ ਹੈ। ਇਹ ‘ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ’ ਇਹ ਤਿੰਨਾਂ
ਅਵਸਥਾਵਾਂ ਨੂੰ ਠੀਕ ਤਰ੍ਹਾਂ ਸਮਝ ਲੈ! ਬੱਚੇ ਨੂੰ ਆਪਣੇ ਕਿਸਮ ਦੇ ਛੋਟੇ-ਛੋਟੇ ਹੰਕਾਰ ਹਨ, ਜਵਾਨ
ਨੂੰ ਆਪਣੇ ਰੂਪ ਦੇ, ਕਾਮ ਦੇ, ਇੰਦ੍ਰੀਆਂ ਦਾ ਹੰਕਾਰ ਹੈ। ਬਜ਼ੁਰਗ ਨੂੰ ਆਪਣੇ ਜ਼ਾਤ-ਪਾਤ, ਬਿਰਾਦਰੀ,
ਆਪਣੀ ਕੀਤੀ ਕਮਾਈ ਦਾ, ਪ੍ਰਾਪਤ ਕੀਤੇ ਤਜ਼ਰਬੇ ਦਾ ਹੰਕਾਰ ਹੈ। ਬਜ਼ੁਰਗ ਕਹਿੰਦੇ ਹਨ ਕਿ ਅਸੀਂ ਇਹ ਵਾਲ
ਧੁੱਪ ਵਿਚ ਚਿੱਟੇ ਨਹੀਂ ਕੀਤੇ ਹਨ ਮੇਰੀ ਗਲ ਮੰਨਣੀ ਪਏਗੀ, ਉਹ ਤੇ ਕਹਿੰਦੇ ਹਨ ਕਿ, ਤੈਨੂੰ ਕੀ ਪਤਾ
ਮੈਨੂੰ ਤੇ ਜ਼ਿੰਦਗੀ ਦਾ ਤਜ਼ਰਬਾ ਹੈ। ਇਹ ਬਿਰਧ ਅਵਸਥਾ ਦੀ ਨਿਸ਼ਾਨੀ ਹੈ। ਇਹ ਨਿਸ਼ਾਨੀਆਂ ਜਵਾਨਾਂ ਅਤੇ
ਬੱਚਿਆਂ ਵਿਚ ਵੀ ਵੇਖੀਆਂ ਜਾ ਸਕਦੀਆਂ ਹਨ।
ਫਰੀਦਾ ਕਾਲਂੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥ ਕਰਿ ਸਾਂਈ ਸਿਉ ਪਿਰਹੜੀ
ਰੰਗੁ ਨਵੇਲਾ ਹੋਇ ॥ (1378) ਫਰੀਦ ਜੀ ਕਹਿੰਦੇ ਹਨ ਕਿ ਜਿਸਨੇ ਕਾਲੇ ਵਾਲਾਂ ਵੇਲੇ ਨਹੀਂ
ਸਮਝਿਆ ਉਹ ਬੁਢਾਪੇ ਵੇਲੇ ਨਹੀਂ ਸਮਝ ਸਕਦਾ ਸੋ ਗੁਰੂ ਸਾਹਿਬ ਇਸਨੂੰ ਹੋਰ ਖੋਲਕੇ ਸਮਝਾਉਣਾ ਚਾਹੁੰਦੇ
ਹਨ, ‘ਮਃ 3 ॥ ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ ॥ ਆਪਣਾ ਲਾਇਆ ਪਿਰਮੁ ਨ
ਲਗਈ ਜੇ ਲੋਚੈ ਸਭੁ ਕੋਇ ॥ ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥’ (1378)
ਹਮੇਸ਼ਾਂ, ਹਰ ਵਕਤ, ਹੁਣੇ ਵੀ ਤੂੰ ਸਮਝ ਸਕਦਾ ਹੈਂ, ਡੁੱਲੇ ਬੇਰਾਂ ਦਾ ਹੁਣੇ ਕੁਝ ਨਹੀਂ ਗਿਆ। ਜੋ
ਬੀਤ ਗਿਆ ਸੋ ਬੀਤ ਗਿਆ! ਜੋ ਮਾੜੇ ਕਰਮ ਕੀਤੇ ਸੀ ਉਨ੍ਹਾਂ ਨੂੰ ਭੁਲਾ ਦੇ। ਆਪਣੇ ਆਪ ਨੂੰ ਕੋਸਦਾ ਹੀ
ਨਾ ਰਹਿ ਅਤੇ ਅੱਜ ਹੀ ਕਮਰ ਕੱਸਾ ਕਰ ਲੈ। ਅੱਜ ਹੀ ਫੈਂਸਲਾ ਕਰ ਲੈ। ਅੱਜ ਹੀ ਔਗੁਣਾਂ ਕਾਰਨ ਹੋ ਰਹੀ
ਖੁਆਰੀ ਤੋਂ ਤੋਬਾ ਕਰਕੇ ਰੱਬੀ ਗੁਣਾਂ ਨਾਲ ਜੀਵਨ ਜੀ। ਤੂੰ ਰੱਬ ਨਾਲ ਇੱਕਮਿਕਤਾ ਪ੍ਰਾਪਤ ਕਰ ਸਕਦਾ
ਹੈ।
ਸੋ ਬਾਲ ਬੁਧਿ ਭਾਵ ਬਚਪਨੇ ਵਿਚ ਵੀ ਤੈਨੂੰ ਚੰਗੇ ਕੰਮ ਲਾਇਆ ਜਾ ਸਕਦਾ ਹੈ।
ਅਸੀਂ ਬੱਚਿਆਂ ਲਈ ਤਾਂ ਇਹ ਮਾਹੋਲ ਤਿਆਰ ਹੀ ਨਹੀਂ ਕਰਦੇ। ਅਸੀਂ ਬਚਪਨ ਵਿਚ ਹੀ ਉਸਨੂੰ ਸਿੱਧੇ ਰਾਹ
ਪਾ ਸਕਦੇ ਹਾਂ। ਕਾਸ਼ ਐਸੇ ਸਕੂਲ ਖੋਲੇ ਜਾਣ ਜਿਸ ਵਿਚ ਸਤਿਗੁਰ ਦੀ ਗਲ ਬੱਚਿਆਂ ਨੂੰ ਸਮਝਾਈ ਜਾਵੇ।
ਛੋਟੇ ਤੋਂ ਛੋਟੇ ਬੱਚੇ ਨੂੰ ਵਧ ਤੋਂ ਵਧ ਅੰਤਰ ਆਤਮੇ ਨੂੰ ਉੱਤਾਂਹ ਚੁੱਕਣ ਲਈ ਪ੍ਰੇਰਿਆ ਜਾਵੇ। ਤਾਂ
ਜੋ ਇਹ ਦੁਨੀਆ ਵਿਚ ਬਲਾਤਕਾਰ ਹੋ ਰਹੇ ਹਨ, ਵਿਸ਼ਵ ਯੁਧ ਚਲ ਰਹੇ ਹਨ, ਮਾਰ ਕਾਟ ਹੋ ਰਹੀ ਹੈ ਇਹ ਸਾਰਾ
ਛੁੱਟ ਸਕਦਾ ਹੈ ਜੇ ਕਰ ਅਸੀਂ ਬਚਪਨ ਵਿਚ ਉਸਨੂੰ ਸੰਵਾਰ ਸਕੀਏ। ਐਸਾ ਉਸਾਰੂ ਮਾਹੋਲ ਬਣਾਈਏ। ਐਸੇ
ਕੰਮਾਂ ਵਿਚ ਮਿਹਨਤ ਕਰੀਏ।
ਸੋ ਬਾਲ ਬੁੱਧ ਹੈ ਭੋਲਾਪਨ। ਪਰ ਭੋਲਾਪਨ ਅਤੇ ਅਨਜਾਣਪੁਣੇ ਵਿਚ ਬਹੁਤ ਫਰਕ
ਹੈ। ‘ਭੋਲੇ ਭਾਇ ਮਿਲੇ ਰਘੁਰਾਇਆ’ ਦਾ ਅਰਥ ਹੈ ਕਿ ਜੋ ਸਤਿਗੁਰ ਕਹਿੰਦਾ ਹੈ ਉਸਨੂੰ ਮੰਨ ਲੈ।
ਅਨਜਾਣਪੁਣਾ ਹੁੰਦਾ ਹੈ ਕਿ ਮੈਂ ਵੱਡਾ ਵੀ ਹੋ ਗਿਆ ਹਾਂ ਪਰ ਤੂੰ ਜੋ ਕਿਹਾ ਹੈ ਉਹ ਮੈਂ ਨਹੀਂ
ਮੰਨਣਾ। ਸੋ ਜਦੋਂ ਅਸੀਂ ਅਵੇਸਲੇ ਹੋ ਜਾਂਦੇ ਹਾਂ ਤਾਂ ਅਸੀਂ ਬਿਨਾ ਵਾਕਫੀਅਤ ਤੋਂ (ਬੇਵਾਕੂਫ) ਅਸੀਂ
ਸੱਚ ਨੂੰ ਨਹੀਂ ਲੈਂਦੇ ਹਾਂ ਤਾਂ ਅਸੀਂ ਆਪਣੇ ਜੀਵਨ ਨੂੰ ਬਰਬਾਦ ਕਰਦੇ ਹਾਂ। ਉਹ ਅਨਜਾਣਪੁਣਾ ਠੀਕ
ਨਹੀਂ ਹੈ ਸਾਨੂੰ ਸਤਿਗੁਰ ਦੀ ਮਤ ਭੋਲੇ ਭਾਅ, ਨਿਮਰਤਾ ਵਿਚ ਲੈਣੀ ਹੈ।
ਚੰਚਲ ਮਤਿ ਬਾਰਿਕ ਬਪੁਰੇ ਕੀ ਸਰਪ ਅਗਨਿ ਕਰ ਮੇਲੈ ॥ (1266)
ਜਦੋਂ ਵੀ ਅਸੀਂ ਚੰਚਲ ਮਤ ਵਿਚ ਹੁੰਦੇ ਹਾਂ ਤਾਂ ਅਸੀਂ ਬੱਚੇ ਹੁੰਦੇ ਹਾਂ।
ਬੱਚੇ ਨੂੰ ਪਤਾ ਨਹੀਂ ਚਲਦਾ ਉਹ ਤੇ ਅੱਗ ਤੇ ਵੀ ਹੱਥ ਰੱਖ ਦੇਂਦਾ ਹੈ, ਸੱਪ ਨੂੰ ਫੜ ਲੈਂਦਾ ਹੈ, ਪਰ
ਮਾਂ ਸਮਝਾਉਂਦੀ ਹੈ। ਸੋ ਸੱਚ ਕਿਸੇ ਵੀ ਉਮਰ ਵਿਚ ਲਿਆ ਜਾ ਸਕਦਾ ਹੈ। ਇਹ ਤੇਰੀਆਂ ਤਿੰਨੋਂ
ਅਵਸਥਾਵਾਂ ਜ਼ਾਇਆ ਚਲੀਆਂ ਜਾਣਗੀਆਂ। ਗੁਰੂ ਸਾਹਿਬ ਕਹਿੰਦੇ ਹਨ, ਜੋਬਨ ਜਾਂਦੇ ਨਾ ਡਰਾਂ ਜੇ ਸਹ
ਪ੍ਰੀਤਿ ਨ ਜਾਇ ॥
ਫਰੀਦਾ ਕਿਤਂੀ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ ॥ (1379)
ਤੂੰ ਸਤਿਗੁਰ ਦੀ ਮੱਤ ਲੈ ਤਾਂ ਕਿ ਤੇਰੀ ਰੱਬੀ ਗੁਣਾਂ ਨਾਲ ਪ੍ਰੀਤ ਬਣ ਆਵੇ।