.

ਰੱਬੀ ਮਿਲਨ ਦੀ ਬਾਣੀ

ਸਲੋਕ ਮ: ੯

ਦੀ ਵਿਚਾਰ

ਛੱਤੀਵਾਂ ਸਲੋਕ

ਵੀਰ ਭੁਪਿੰਦਰ ਸਿੰਘ

36. ਛੱਤੀਵਾਂ ਸਲੋਕ -

ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੈ ਫੰਧ ॥

ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ ॥36॥

ਤੂੰ ਆਪਣਾ ਸਮਾਂ ਜ਼ਾਇਆ ਕਰਦਾ ਹੈਂ, ਸਤਿਗੁਰ ਦੀ ਮਤ ਨਹੀਂ ਲੈਂਦਾ। ਆਪਣੇ ਇਕ ਅਵਗੁਣ ਨੂੰ ਸੁਧਾਰਨ ਲਈ ਜਤਨ ਨਾ ਕਰੋ ਤਾਂ ਕਈ ਗੁਣਾ ਹੋਰ ਅਵਗੁਣ ਆ ਜਾਂਦੇ ਹਨ। ਹੁਣ ਹੰਕਾਰ ਵੀ ਆ ਗਿਆ, ਮੋਹ ਅਤੇ ਮਮਤਾ ਵੀ ਆ ਗਈ, ਲੋਭ ਦਾ ਫੰਧ ਵੀ ਪੈ ਗਿਆ। ਤੂੰ ਇਹ ਕਰਣਾ ਸੀ ਕਿ ਮੈਨੂੰ ਲੋਭ ਠੀਕ ਕਰਨਾ ਆ ਜਾਏ। ਬਲਕਿ ਤੂੰ ਹੋਰ-ਹੋਰ ਲੋਭੀ ਹੋ ਗਿਆ ਹੈਂ, ਆਪਣੇ ਤ੍ਰਿਸ਼ਨਾ ਦੇ ਤੰਦੂਰ ਵਿਚ ਹੋਰ-ਹੋਰ ਇਛਾਵਾਂ ਦੀਆਂ ਲਕੜਾਂ ਪਾਈ ਜਾਂਦਾ ਹੈਂ।

ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ ॥

ਹੁਣ ਕਿਉਂ ਰੋ ਰਿਹਾ ਹੈਂ ਜੇ ਤੂੰ ਦੁਖੀ ਹੈਂ। ਜਿਵੇਂ ਕੁੜੀ ਪੇਕੇ ਰਹਿੰਦਿਆਂ ਠੀਕ ਕੰਮ ਨਹੀਂ ਸਿੱਖਦੀ ਉਹ ਸਹੁਰੇ ਸੁਖੀ ਨਹੀਂ ਵੱਸ ਸਕਦੀ। ਸੱਸ ਉਸਨੂੰ ਕਹਿੰਦੀ ਹੈ ਕਿ ਖੀਰ ਬਣਾਕੇ ਲਿਆ। ਕਹਿੰਦੀ ਹੈ ਹਾਂ ਮੈਨੂੰ ਬੜੀ ਸਵਾਦ ਖੀਰ ਬਣਾਉਣੀ ਆਉਂਦੀ ਹੈ। ਪਰ ਜਦੋਂ ਖੀਰ ਬਣਾਕੇ ਲਿਆਈ ਤਾਂ ਲੂਣ ਪਾਕੇ ਲੈ ਆਈ। ਪਤਾ ਹੀ ਨਹੀਂ ਕਿ ਖੀਰ ਬਣਾਉਣੀ ਕਿਵੇਂ ਹੈ। ਇਸ ਤਰ੍ਹਾਂ ਜਿਹੜੀ ਕੁੜੀ ਪੇਕੇ ਘਰ ਠੀਕ ਜੀਵਨ ਜਾਚ ਨਹੀਂ ਸਿਖਦੀ ਉਹ ਸੁਹਰੇ ਘਰ ਸੁਖੀ ਨਹੀਂ ਵਸ ਸਕਦੀ। ਸਾਰੇ ਅਸੀਂ ਆਪਣੇ ਜੀਵਨ ਦੇ ਕਿਸੇ ਵੀ ਉਮਰ ਦੇ ਪੜ੍ਹਾ ਤੇ ਹਾਂ ਅਸੀਂ ਸਾਰੇ ਹੀ ਪੇਕੇ ਘਰ ਵਿਚ ਹਾਂ ਅਤੇ ਇਸੀ ਪੇਕੇ ਘਰ ਵਿਚ ਅਸੀਂ ਰੱਬੀ ਇਕਮਿਕਤਾ ਲਈ ਜੀਵਨ ਜਾਚ ਸਿਖਣੀ ਹੈ। ਰੱਬ ਜੀ ਸਾਡੇ ਸਹੁ-ਪਤੀ ਹਨ - ਸਹੁਰਾ ਘਰ। ਰੱਬ ਨਾਲ ਸਾਡਾ ਮਿਲਾਪ ਹੁਣੇ ਹੋ ਸਕਦਾ ਹੈ ਜੇ ਹੁਣੇ ਅਸੀਂ ਇੱਥੇ ਪੇਕੇ ਘਰ ਵਿਚ ਰੱਬੀ ਗੁਣਾਂ ਬਾਰੇ ਸਤਿਗੁਰ ਦੀ ਮਤ ਲੈ ਲਈਏ।

ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ

ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ ॥ (50)

ਪੇਈਅੜੈ ਭਾਵ ਪੇਕੇ ਰਹਿਕੇ ‘ਸਹੁ ਸੇਵਿ ਤੂੰ’ ਭਾਵ ਸਤਿਗੁਰ ਦੀ ਮਤ ਲੈ। ‘ਸਾਹੁਰੜੈ ਸੁਖਿ ਵਸੁ’ ਤੂੰ ਸੁਖੀ ਰਹਿ ਸਕਦੀ ਹੈ ਅੱਜ ਹੀ ਰੱਬ ਨਾਲ ਇਕਮਿਕਤਾ ਪ੍ਰਾਪਤ ਕਰਕੇ, ਮੁਕਲਾਵਾ ਲੈਕੇ ਰੱਬ ਨਾਲ ਆਤਮਕ ਵਿਆਹ ਦਾ ਕਾਰਜ ਆਰੰਭ ਕਰ ਸਕਦਾ ਹੈਂ। ਤੂੰ ਇਸ ਦਾ ਕਾਰਜ ਆਰੰਭ ਕਰ। ਸੋ ਰੱਬੀ ਇਕਮਿਕਤਾ ਲਈ ਜਦੋਂ ਸਤਿਗੁਰ ਦੀ ਮਤ ਲੈਣ ਲਈ ਮਿਹਨਤ ਕਰਦੇ ਹਾਂ ਉਸ ਨੂੰ ਪੇਕੇ ਦੀ ਅਵਸਥਾ ਕਹਿੰਦੇ ਹਨ। ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ ॥ (50) ਲੋਕੀ ਸਮਝਦੇ ਹਨ ਕਿ ਚੰਗਾ ਵਤੀਰਾ ਕੇਵਲ ਗੁਰਦੁਆਰੇ, ਮੰਦਰ, ਮਸਜ਼ਿਦ ਵਿਚ ਹੀ ਦਿਖਾਣਾ ਹੁੰਦਾ ਹੈ। ਬਾਹਰ ਜਾਣ ਸਾਰ ਪੁੱਠੇ ਹੋ ਜਾਂਦੇ ਹਨ। ਤਾਂਹੀ ਤੇ ਲੋਕੀ ਵਪਾਰ ਵਿਚ ਹੇਰਾਫੇਰੀ ਕਰ ਲੈਂਦੇ ਹਨ। ਬਾਹਰ ਜਾਣ ਸਾਰ ਰਿਕਸ਼ੇ ਵਾਲੇ ਨਾਲ ਭਾਅ ਕਰਕੇ ਉਸਨੂੰ ਬੁਰਾ ਭਲਾ ਕਹਿੰਦੇ ਹਨ। ਉਸੇ ਵੇਲੇ ਆਪਣੇ ਜੀਵਨ ਤੋਂ ਚੱਜ ਆਚਾਰ ਭੁੱਲ ਗਏ। ਚੱਜ ਆਚਾਰ ਹੈ ਧਾਰਮਕ ਸਥਾਨਾਂ ਵਿਚ ਅਤੇ ਧਾਰਮਕ ਸਥਾਨਾਂ ਤੋਂ ਬਾਹਰ, ਨੌਕਰੀ ਕਰਦਿਆਂ, ਦੁਕਾਨਦਾਰੀ ਕਰਦਿਆਂ, ਸੁਹਰੇ ਘਰ ਵਿਚ ਵਤੀਰਾ, ਆਪਣੇ ਨੌਕਰ-ਚਾਕਰ ਨਾਲ ਜਿਹੜਾ ਚੱਜ ਆਚਾਰ ਹੈ ਸਿੱਖ ਲੈ - ‘ਤੁਧੁ ਕਦੇ ਨ ਲਗੈ ਦੁਖੁ’। ਜੇ ਚੱਜ ਆਚਾਰ ਨਹੀਂ ਸਿੱਖੇਂਗਾ ਤਾਂ ਕੀ ਹੋਏਗਾ? ਹੰਕਾਰ ਤੈਨੂੰ ਸਤਾਏਗਾ। ਜੇ ਤੂੰ ਨਹੀਂ ਸਮਝਦਾ ਤੇ ਹੁਣ ਰੋ ਕਿਉਂ ਰਿਹਾ ਹੈਂ! ਅਬ ਕਿਉ ਰੋਵਤ ਅੰਧ। ਜਦੋਂ ਤੈਨੂੰ ਠੋਕਰਾਂ ਲਗਦੀਆਂ ਹਨ ਤਾਂ ਕਿਉਂ ਰੋਂਦਾ ਹੈਂ। ਅਸੀਂ ਹਨੇਰੇ ਵਿਚ ਠੋਕਰਾਂ ਵੀ ਖਾਉਂਦੇ ਹਾਂ ਪਰ ਫਿਰ ਵੀ ਹਨੇਰੇ ਦੀ ਕਾਲਖ ਤੋਂ ਬਾਜ਼ ਨਹੀਂ ਆਉਂਦੇ ਹਾਂ।

ਅੰਧੇਰੋਂ ਸੇ ਠੋਕਰ ਖਾਤੇ ਹੋ ਪਰ ਕਹਤੇ ਹੋ ਕਿ ਯੇ ਕਾਲਖ ਕਭੀ ਕੰਮ ਨਾ ਹੋ। ਚਿਰਾਗੋਂ ਸੇ ਜਲ ਕਰ ਕਹਤੇ ਹੋ ਕਿ ਯੇ ਰਾਤ ਕਭੀ ਖਤਮ ਨਾ ਹੋ।

ਅਸੀਂ ਇਹ ਅਗਿਆਨਤਾ ਦੀ ਹਨੇਰੀ ਰਾਤ ਆਪਣੇ ਆਪ ਵਿਚੋਂ ਕਦੀ ਖਤਮ ਕਰਨ ਨੂੰ ਤਿਆਰ ਨਹੀਂ ਹਾਂ। ਮੈਂ ਇਸ ਸ਼ੇਅਰ ਵਿਚ ਇਕ ਤੁਕ ਜੋੜੀ ਕਿ -

ਅੰਧੇਰੋਂ ਸੇ ਔਰ ਚਿਰਾਗੋਂ ਸੇ ਪਹਿਲੇ ਅਪਨੇ ਦਿਮਾਗ ਮੇਂ ਸਵੇਰਾ ਕਰੋ, ਸੁਕੂਨ ਮਿਲਨੇ ਪਰ ਕਹੋਗੇ ‘ਕਿ ਯੇ ਸਵੇਰਾ ਕਭੀ ਖਤਮ ਨਾ ਹੋ’।

ਸੱਚ ਦੇ ਗਿਆਨ ਨਾਲ ਰੱਬੀ ਗੁਣ ਲੈਕੇ ਅੰਦਰ ਇਕ ਵਾਰੀ ਸਵੇਰ ਚਾੜ੍ਹ ਲਈਏ ਤਾਂ ਸਦੀਵੀ ਖੁਸ਼ੀ ਕਾਇਮ ਰਹਿੰਦੀ ਹੈ। ਅੰਮ੍ਰਿਤ ਵੇਲਾ ਬਣਾਉਣਾ ਆ ਜਾਏਗਾ। ਹਮੇਸ਼ਾਂ ਦਾ ਅੰਮ੍ਰਿਤ ਵੇਲਾ ਸਵੇਰਾ ਹੈ। ਸਵੇਰੇ ਤੇ ਅਸੀਂ ਜਾਗਣਾ ਹੀ ਹੈ ਪਰ ਅੰਮ੍ਰਿਤ ਵੇਲੇ ਜਾਗਕੇ ਪਾਠ ਕਰਕੇ, ਬਾਣੀ ਪੜ੍ਹਕੇ ਚੌਵੀ ਘੰਟੇ, ਸਾਲ ਦੇ 365 ਦਿਨ, ਹਰ ਇੱਕ ਘੜੀ ਅਤੇ ਪੂਰੀ ਜ਼ਿੰਦਗੀ ਵਿਚ ਸਵੇਰਾ ਕਰ ਲਿਆ ਤਾਂ ਕਹਾਂਗੇ ਕਿ ਇਹ ਜੀਵਨ ਬਹੁਤ ਚੰਗਾ ਹੈ।

ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥ (463) ਇਹ ਜਗ ਤੇ ਰੱਬ ਦੀ ਕੋਠੜੀ ਹੈ ਇਸ ਵਿਚ ਰੱਬ ਆਪ ਵਸਦਾ ਹੈ। ਜੇ ਗਲ ਸਮਝ ਆ ਜਾਵੇ ਤਾਂ ਚੱਜ ਆਚਾਰ ਸਿੱਖਣਾ ਆ ਜਾਵੇਗਾ।

ਅਸੀਂ ਪਿੱਛੇ ਵਿਚਾਰ ਸਾਂਝ ਕੀਤੀ ਸੀ ਕਿ ਮਨੁੱਖ ਨੂੰ ਜੋ ਕਰਨਾ ਚਾਹੀਦਾ ਹੈ ਉਹ ਨਹੀਂ ਕਰਦਾ, ਬਾਕੀ ਸਾਰੇ ਕੰਮ ਕਰਦਾ ਹੈ।

ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੈ ਫੰਧ ॥

ਕੁਝ ਐਸਾ ਕਰਨਾ ਚਾਹੀਦਾ ਸੀ ਕਿ ਕੋਈ ਫੰਧਾ ਨਾ ਪਵੇ। ਮਨੁੱਖ ਨੂੰ ਗੁਰੂ ਪਾਤਸ਼ਾਹ ਵੱਲੋਂ ਇਹ ਗੁਰ ਸਿਖਾਇਆ ਗਿਆ ਕਿ ਤੂੰ ਕੁਝ ਐਸਾ ਕਰ ਤੈਨੂੰ ਜਮਾਂ ਦਾ ਫੰਧਾ ਨਾ ਪਵੇ। ਸਤਿਗੁਰ ਦੀ ਮਤ ਲੈ ਲੈ ਜਿਸ ਨਾਲ ਸੁਜਾਨ, ਸਿਆਣਾ ਅਤੇ ਚਤੁਰ ਮਨੁੱਖ ਬਣੀਦਾ ਹੈ। ਬਿਬੇਕ ਬੁਧੀ ਵਾਲਾ ਮਨੁੱਖ ਬਣੀਦਾ ਹੈ। ਇਸ ਬਾਰੇ ਤੂੰ ਸੋਚ ਕਿ ਮੈਂ ਐਸਾ ਕੁਝ ਕਰਾਂ ਕਿ ਮੈਨੂੰ ਜਮ ਦਾ ਫੰਧਾ ਨਾ ਪਵੇ। ਮਨੁੱਖ ਸੋਚ ਰਿਹਾ ਹੈ ਕਿ ਕੰਮ ਕਾਰ ਤੇ ਕਰਨਾ ਹੈ, ਵਹੁਟੀ ਬੱਚੇ ਤੇ ਪਾਲਣੇ ਹਨ, ਕਮਾਈਆਂ ਤੇ ਕਰਨੀਆਂ ਹਨ, ਇਸ ਚੱਕਰ ਵਿਚ ਉਸਨੂੰ ਪਤਾ ਹੀ ਨਹੀਂ ਕਿ ਉਸਨੂੰ ਲੋਭ ਦਾ, ਮੋਹ ਦਾ ਹੰਕਾਰ ਦੇ ਕਾਰਣ ਫੰਧਾ ਪਈ ਜਾ ਰਿਹਾ ਹੈ।

ਤੈਨੂੰ ਤੇ ਕੁਝ ਐਸਾ ਕਰਨਾ ਸੀ ਕਿ ਲੋਭ ਦਾ ਫੰਧਾ ਨਾ ਪਵੇ। ਤੂੰ ਧਾਰਮਕ ਦੁਨੀਆ ਵਿਚ ਆ ਕੇ ਸੱਚ ਨੂੰ ਸਿੱਖਕੇ ਆਤਮਕ ਫੰਧੇ ਤੋਂ ਬਚਣਾ ਸੀ। ਐ ਮਨੁੱਖ! ਤੂੰ ਵੀ ਉਸੇ ਚਤੁਰ, ਚਲਾਕ ਵਾਂਗੂੰ ਚਤੁਰਾਈਆਂ ਕਰਦਾ ਹੈਂ। ਦੁਨੀਆ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦਾ ਹੈਂ। ਤੈਨੂੰ ਨਹੀਂ ਪਤਾ ਕਿ ਦੁਨੀਆ ਨੂੰ ਮੂਰਖ ਬਣਾਕੇ ਬਾਹਰਲੇ ਫੰਧੇ ਤੋਂ ਬਚ ਜਾਂਦਾ ਹੈ। ਇਸ ਦੀ ਸਮਾਜ ਵੱਲੋਂ ਦਿੱਤੀ ਸਜ਼ਾ ਤੋਂ ਬੱਚ ਜਾਂਦਾ ਹੈ। ਪਰ ਤੂੰ ਆਪਣੇ ਅੰਤਰ ਆਤਮੇ ਦੀ ਕਚਹਿਰੀ ਵਿਚ ਪਕੜਿਆ ਜਾਂਦਾ ਹੈਂ। ਤੈਨੂੰ ਨਹੀਂ ਪਤਾ! ਐਸਾ ਕੁਝ ਕਰਿਆ ਕਰ ਕਿ ਤੂੰ ਆਪਣੇ ਅੰਤਰ ਆਤਮੇ ਦੀ ਕਚਹਿਰੀ ਵਿਚ ਸੱਚਾ ਸਾਬਤ ਹੋ ਸਕੇਂ। ਐਸਾ ਉੱਦਮ ਕਰਨਾ ਸੀ ਪਰ ਤੂੰ ਨਹੀਂ ਕੀਤਾ।

ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੈ ਫੰਧ ॥

ਕਿਤਨੇ ਪਿਆਰ ਅਤੇ ਦਰਦ ਨਾਲ ਸਮਝਾ ਰਹੇ ਹਨ ਤੈਨੂੰ ਜੋ ਦਸਿਆ ਸੀ ਉਹ ਤੂੰ ਨਹੀਂ ਕੀਤਾ। ਕੋਈ ਪਤੀ ਆਪਣੀ ਪਤਨੀ ਨੂੰ ਕਹੇ ਕਿ ਸਾਡੇ ਘਰ ਬਹੁਤ ਖਾਸ ਮਹਿਮਾਨ ਆ ਰਹੇ ਹਨ ਉਨ੍ਹਾਂ ਲਈ ਭੋਜਨ ਪਕਾਉਣਾ ਹੈ। ਤੇ ਜਦੋਂ ਮਹਿਮਾਨ ਆ ਜਾਣ ਪਤਨੀ ਸੁਹਣੇ ਭਾਂਡੇ ਰੱਖੇ, ਸਾਰੀਆਂ ਸਫਾਈਆਂ ਵੀ ਹੋਣ, ਸਲਾਦ ਬਹੁਤ ਸੁਹਣਾ ਕਟਿਆ ਹੋਵੇ ਤੇ ਜਦੋਂ ਪਤੀ ਕਹੇ ਕਿ ਰੋਟੀ ਲਿਆਓ ਤੇ ਪਤਨੀ ਕਹੇ ਕਿ ਮੈਂ ਤੇ ਸਫਾਈਆਂ ਵਿਚ ਹੀ ਵਿਅਸਤ ਰਹੀ, ਭਾਂਡੇ ਅਤੇ ਸਲਾਦ ਹੀ ਸਜਾਉਂਦੀ ਰਹੀ। ਖਾਣਾ ਨਹੀਂ ਬਣਾ ਸਕੀ। ਹੁਣ ਪਤੀ ਕਹੇਗਾ ਕਿ ਜੋ ਕਰਨਾ ਸੀ ਉਹ ਤੇ ਤੂੰ ਕੀਤਾ ਨਹੀਂ! ਮਹਿਮਾਨਾਂ ਨੂੰ ਸਲਾਦ ਖੁਆਵਾਂ ਜਾਂ ਸੋਹਣੇ ਭਾਂਡੇ ਖੁਆਵਾਂ। ਜੋ ਕਰਨਾ ਸੀ ਉਹ ਨਹੀਂ ਕੀਤਾ। ਇਹ ਹੀ ਸਾਡੇ ਘਰਾਂ ਵਿਚ ਆਪਸ ਵਿਚ ਪਤੀ-ਪਤਨੀ, ਨੂੰਹ-ਸੱਸ, ਮਾਤਾ-ਪਿਤਾ ਅਤੇ ਬੱਚੇ ਸਾਨੂੰ ਹਰ ਰਿਸ਼ਤੇ ਵਿਚ ਇਕ ਕੀਮਤੀ ਕੰਮ ਕਰਨਾ ਹੈ ਭਾਖਿਆ ਭਾਉ ਅਪਾਰੁ ਵਾਲਾ, ਪਿਆਰ ਵਾਲਾ, ਵੰਡ ਛੱਕਣ ਵਾਲਾ ਮਾਹੋਲ ਬਣਾਉਣਾ ਪਰ ਇਹ ਕੰਮ ਨਹੀਂ ਕਰਦੇ ਹਾਂ। ਬਾਕੀ ਸਾਰੇ ਕਰੀ ਜਾਂਦੇ ਹਾਂ। ਪਿਆਰ ਦਾ ਕੰਮ ਇਹ ਕਰਨਾ ਸੀ ਕਿ ਸਾਡੀ ਸਭ ਨਾਲ ਆਪਸ ਵਿਚ ਬਣ ਆਵੇ। ਬਾਕੀ ਦੁਨੀਆ ਨਾਲ ਬਣਾਉਣ ਚਲੇ ਹਾਂ। ਰੱਬ ਨੂੰ ਖ਼ੁਸ਼ ਕਰਨ ਲਈ ਚਲੇ ਹੋਏ ਹਾਂ। ਸਾਡੀ ਬੱਚਿਆਂ ਨਾਲ ਨਹੀਂ ਬਣਦੀ, ਸਾਡੀ ਪਤੀ-ਪਤਨੀ ਨਾਲ ਨਹੀਂ ਬਣਦੀ, ਸਾਡੀ ਮਾਤਾ-ਪਿਤਾ ਨਾਲ ਨਹੀਂ ਬਣਦੀ, ਹਰ ਕਿਸੇ ਨਾਲ ਅਸੀਂ ਰੁੱਸੇ ਹੀ ਤੇ ਰਹਿੰਦੇ ਹਾਂ। ਸਾਨੂੰ ‘ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ ॥’ (50) ਵਾਲੀ ਖੇਡ ਸਮਝ ਹੀ ਨਹੀਂ ਆਈ। ਅਸੀਂ ਤੇ ਆਪਣੇ ਨੇੜ੍ਹੇ ਵਾਲਿਆਂ ਨੂੰ ਹੀ ਨਹੀਂ ਬਖ਼ਸ਼ਦੇ ਹਾਂ ਪਰ ਵੇਖ ਕੇ ਅਣਡਿਠ ਦੀ ਅਰਦਾਸ ਕਰਦੇ ਹਾਂ। ਜਿਹੜੇ ਨੇੜੇ ਹਨ ਉਨ੍ਹਾਂ ਨੂੰ ਬਖਸ਼ਣਾ ਸਿਖੀਏ। ‘ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੈ ਫੰਧ’ ਲੋਭ ਇਤਨਾ ਕਰੀ ਜਾ ਰਹੇ ਹਾਂ ਕਿ ਜਿਨ੍ਹਾਂ ਨਾਲ ਪ੍ਰੇਮ ਪਿਆਰ ਨਹੀਂ ਕਰਦੇ ਹਾਂ ਉਨ੍ਹਾਂ ਵਾਸਤੇ ਹੀ ਕਮਾ ਕੇ ਲੁਟਾਈ ਜਾ ਰਹੇ ਹਾਂ, ਇੰਝ ਫੰਧਾ ਪੈਂਦਾ ਹੈ। ਜੇ ਉਨ੍ਹਾਂ ਨਾਲ ਪਿਆਰ ਕਰਨ ਲਗ ਪਾਵਾਂਗੇ ਨਾ ਫਿਰ ਉਹ ਕਹਿਣਗੇ ਮੇਰੇ ਲਈ ਭਾਵੇਂ ਤੁਸੀਂ ਕੁਝ ਨਾ ਲਿਆਓ ਪਿਆਰ ਨਾਲ ਮੇਰੇ ਨਾਲ ਬੈਠਿਆ ਕਰੋ। ਅੱਜ ਦੇ ਬਜ਼ੁਰਗ ਘਰਾਂ ਵਿਚ ਇਸੇ ਕਰਕੇ ਰੁਲ ਰਹੇ ਹਨ। ਉਹ ਕਹਿੰਦੇ ਹਨ ਦੇਵੋ ਕੁਝ ਨਾ ਸਿਰਫ ਕੁਝ ਸਮੇਂ ਲਈ ਕੋਲ ਬੈਠਿਆ ਕਰੋ! ਦਾਦਾ-ਦਾਦੀ ਇਤਨੇ ਵਿਚ ਹੀ ਖੁਸ਼ ਹੋ ਜਾਂਦੇ ਹਨ। ਕੋਲ ਬੈਠਿਆ ਕਰੋ!




.