ਸਤਿੰਦਰਜੀਤ ਸਿੰਘ
ਪਉੜੀ-10
ਸੁਣਿਐ ਸਤੁ ਸੰਤੋਖੁ ਗਿਆਨੁ ॥
ਪ੍ਰਮਾਤਮਾ ਦੀ ਸਿੱਖਿਆ ਮਨ ਨਾਲ ਸੁਣ ਕੇ ਲਾਲਚੀ ਮਨੁੱਖ ਦੇ ਮਨ ਵਿੱਚ
ਲੋੜਵੰਦ ਦੀ ਸਹਾਇਤਾ ਕਰਨ, ਦਾਨ (ਸਤੁ) ਕਰਨ ਦੀ ਪ੍ਰਵਿਰਤੀ ਜਨਮ ਲੈ ਲੈਂਦੀ ਹੈ ਅਤੇ ਉਸਦੇ ਮਨ ਵਿੱਚ
ਸਬਰ (ਸੰਤੋਖੁ) ਆ ਜਾਂਦਾ ਹੈ, ਲਾਲਚ ਦਾ ਤਿਆਗ (ਸੰਤੋਖੁ) ਕਰ ਦਿੰਦਾ ਹੈ ਅਤੇ ਪ੍ਰਮਾਤਮਾ ਦੀ
ਸਿੱਖਿਆ ਦੇ ਗਿਆਨ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦਾ ਹੈ
ਸੁਣਿਐ ਅਠਸਠਿ ਕਾ ਇਸਨਾਨੁ ॥
ਪ੍ਰਮਾਤਮਾ ਦੇ ਗਿਆਨ ਨੂੰ ਮਨ ਨਾਲ ਸੁਣਨਾ ਹੀ ਮਨੁੱਖ ਲਈ ਅਠਾਹਟ (ਅਠਸਠਿ)
ਭਾਵ ਕੇ ਸਾਰੇ ਤੀਰਥਾਂ ਦਾ ਇਸ਼ਨਾਨ ਹੈ, ਸਰੀਰਿਕ ਤੌਰ ਤੇ ਕਿਸੇ ਧਰਮ ਅਸਥਾਨ ਤੇ ਜਾ ਕੇ ਨਹਾਉਣਾ
ਗੁਰਮਤਿ ਅਨੁਸਾਰ ਸਹੀ ਨਹੀਂ, ਪ੍ਰਮਾਤਮਾ ਦੇ ਸ਼ਬਦ ਰੂਪੀ ਤੀਰਥ ਤੇ ਮਨ ਦਾ ਇਸ਼ਨਾਨ ਕਰਾਉਣਾ ਹੀ ਅਸਲ
ਤੀਰਥ ਇਸ਼ਨਾਨ ਹੈ ਭਾਵ ਪ੍ਰਮਾਤਮਾ ਦੇ ਉਪਦੇਸ਼ ਨੂੰ ਜੀਵਨ ਦਾ ਆਧਾਰ ਬਣਾ ਕੇ ਸਚਿਆਰਾ ਬਣਨਾ ਹੀ ਅਸਲ
ਪ੍ਰਾਪਤੀ ਹੈ
ਸੁਣਿਐ ਪੜਿ ਪੜਿ ਪਾਵਹਿ ਮਾਨੁ ॥
ਰੱਬੀ ਉਪਦੇਸ਼ ਨੂੰ ਮਨ ਨਾਲ ਸੁਣ ਕੇ ਅਤੇ ਮਨ ਨਾਲ ਪੜ੍ਹ ਕੇ ਭਾਵ ਕਿ ਉਸ ਤੇ
ਅਮਲ ਕਰ ਕੇ ਮਨੁੱਖ ਸੰਸਾਰ ਵਿੱਚ ਸਤਿਕਾਰ ਦਾ ਪਾਤਰ ਬਣ ਜਾਂਦਾ ਹੈ, ਸਾਰੇ ਉਸਦੀ ਸੋਭਾ ਕਰਦੇ ਹਨ
ਸੁਣਿਐ ਲਾਗੈ ਸਹਜਿ ਧਿਆਨੁ ॥
ਪ੍ਰਮਾਤਮਾ ਦਾ ਉਪਦੇਸ਼ ਜੇ ਮਨ ਨੂੰ ਇਕਾਗਰ ਕਰ ਕੇ ਸੁਣਿਆ ਜਾਵੇ ਤਾਂ
ਹੌਲੀ-ਹੌਲੀ (ਸਹਜਿ) ਮਨੁੱਖ ਦਾ ਧਿਆਨ, ਇਕਾਗਰਤਾ ਗੁਣਾਂ ਵੱਲ ਕੇਂਦਰਿਤ ਹੋ ਜਾਂਦੀ ਹੈ, ਫਿਰ ਉਸਦਾ
ਮਨ ਵਿਕਾਰਾਂ ਵੱਲ ਨਹੀਂ ਜਾਂਦਾ, ਸੋਚ ਉੱਚੀ ਅਤੇ ਸੁੱਚੀ ਹੋ ਜਾਂਦੀ ਹੈ, ਉਸਦਾ ਮਨ ਅਡੋਲ ਹੋ ਜਾਂਦਾ
ਹੈ
ਨਾਨਕ ਭਗਤਾ ਸਦਾ ਵਿਗਾਸੁ ॥
ਜਿਹੜੇ ਵੀ ਮਨੁੱਖ ਉਸ ਪ੍ਰਮਾਤਮਾ ਦੇ ਭਗਤ ਬਣ ਜਾਂਦੇ ਹਨ ਭਾਵ ਕਿ ਉਸਦੇ ਗੁਣ
ਧਾਰ ਲੈਂਦੇ ਹਨ, ਉਹ ਹਮੇਸ਼ਾ (ਸਦਾ) ਖੁਸ਼ (ਵਿਗਾਸੁ) ਰਹਿੰਦੇ ਹਨ, ਦੁੱਖ-ਸੁੱਖ ਵਿੱਚ ਖਿੜ੍ਹੇ
ਰਹਿੰਦੇ ਹਨ
ਸੁਣਿਐ ਦੂਖ ਪਾਪ ਕਾ ਨਾਸੁ ॥੧੦॥
ਪ੍ਰਮਾਤਮਾ ਦੀ ਸਿੱਖਿਆ, ਉਪਦੇਸ਼ ਨੂੰ ਸੁਣ ਅਤੇ ਮੰਨ ਕੇ ਮਨੁੱਖ ਦੇ
ਵਿਕਾਰਾਂ ਕਾਰਨ ਪੈਦਾ ਹੋਏ ਦੁੱਖ ਅਤੇ ਗਲਤ ਕੰਮ (ਪਾਪ) ਖਤਮ ਹੋ ਜਾਂਦੇ ਹਨ ਅਤੇ ਮਨੁੱਖ ਗੁਣਾਂ ਦਾ
ਧਨੀ ਹੋ ਕੇ ਸਚਿਆਰਾ ਬਣ ਜਾਂਦਾ ਹੈ
॥10॥
{
ਨੋਟ:
‘ਜਪੁ ਜੀ’ ਸਾਹਿਬ ਦੇ ਇਹ ਅਰਥ,
ਆਪਣੀ ਸਮਝ ਅਨੁਸਾਰ ਕੀਤੇ ਗਏ ਹਨ, ਕੋਈ ਆਖਰੀ ਨਿਰਣਾ ਨਹੀਂ, ਸਾਰੇ ਪਾਠਕਾਂ ਦੇ ਸੁਝਾਵਾਂ ਦਾ ਸੁਆਗਤ
ਹੈ}