ਨਾਮ: 'ਨਾਮ' ਜਾਂ 'ਨਾਮ੍ਹਾ' ਮੂਲ ਤੌਰ ਤੇ ਫਾਰਸੀ ਦਾ ਲਫਜ਼ ਹੈ, ਜਿਸ
ਦੇ ਅਰਥ 'ਸਿਫਤ' ਜਾਂ 'ਜਸ' ਹਨ। ਗੁਰਬਾਣੀ ਅੰਦਰ ਰੱਬ ਦੇ ਅਨੇਕਾਂ ਨਾਮ ਲਿਖੇ ਗਏ ਹਨ। ਇੱਕ ਸਿੱਖ
ਹੋਣ ਦੇ ਨਾਤੇ ਸਾਨੂੰ ਰੱਬ ਦੇ ਕਿਸੇ ਵੀ ਨਾਮ ਤੋਂ ਘਿਰਣਾ ਨਹੀਂ ਹੈ ਕਿਉਂਕਿ ਤਕਰੀਬਨ ਸਾਰੇ ਇਹ ਨਾਮ
ਮੇਰੇ ਗੁਰੂ ਨੇ ਆਪ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਹਨ। ਜ਼ਿਆਦਾ ਮਹੱਤਤਾ ਰੱਖਣ ਵਾਲੀ ਗੱਲ ਇਹ ਹੈ
ਕਿ ਕੀ ਇਹ ਨਾਮ ਰੱਬ ਵਾਸਤੇ ਹਨ ਜਾਂ ਕਿਸੇ ਹੋਰ ਲਈ। ਹੋਰ ਧਰਮਾਂ ਵਿੱਚ ਰੱਬ ਦੇ ਇਹ ਸਾਰੇ ਨਾਮ
ਕਿਰਤਮ ਨਾਮ ਹਨ। ਕਿਰਤਮ ਦਾ ਅਰਥ ਹੈ ਬਨਾਉਟੀ ਭਾਵ ਬਣਾਇਆ ਹੋਇਆ। ਲੋਕਾਂ ਨੇ ਰੱਬ ਦੇ ਨਾਮ ਉਸ ਦੇ
ਕੰਮ ਦੇਖ-ਦੇਖ ਕੇ ਰੱਖ ਲਏ ਹਨ। ਦਰ ਅਸਲ ਰੱਬ ਅਜਿਹੀ ਤਾਕਤ ਹੈ ਜਿਸ ਦਾ ਬਿਆਨ ਨਹੀ ਕੀਤਾ ਜਾ ਸਕਦਾ।
'ਬਿਜਲੀ ਦੇ ਕਰੰਟ' ਦੀ ਉਦਾਹਰਣ ਨਾਲ ਸ਼ਾਇਦ ਇਹ ਗੱਲ ਕੁੱਝ ਸਪੱਸ਼ਟ ਹੋ ਸਕਦੀ ਹੈ। ‘ਬਿਜਲੀ ਦੇ ਕਰੰਟ’
ਨਾਲ ਪੱਖਾ ਚਲਦਾ ਹੈ, ਜੋ ਹਵਾ ਦਿੰਦਾ ਹੈ, ਹੀਟਰ ਚਲਦਾ ਹੈ ਜੋ ਗਰਮੀ ਪੈਦਾ ਕਰਦਾ ਹੈ, ਬਲਬ ਅਤੇ
ਟਿਊਬਲਾਈਟ ਚਲਦੇ ਹਨ ਤਾਂ ਰੌਸ਼ਨੀ ਦਿੰਦੇ ਹਨ ਆਦਿ, ਆਦਿ...। ਇਸੇ ਤਰ੍ਹਾਂ ਹੀ ਰੱਬ ਦੇ ਗੁਣ ਹਨ; ਉਹ
ਕਰਤਾ ਹੈ, ਜੋ ਜੀਵਾਂ ਨੂੰ ਪੈਦਾ ਕਰਦਾ ਹੈ, ਉਹ ਦਾਤਾਰ ਹੈ ਜੋ ਜੀਵਾਂ ਨੂੰ ਦਾਤਾਂ ਦਿੰਦਾ ਹੈ, ਉਹ
ਅਚੁਤ ਹੈ ਜੋ ਤਬਾਹ ਨਹੀ ਹੋ ਸਕਦਾ, ਉਹ ਅੰਤਰਜਾਮੀ ਹੈ ਜੋ ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ, ਉਹ
ਮੋਹਨ ਹੈ, ਜੋ ਮਨ ਨੂੰ ਮੋਹ ਲੈਣ ਵਾਲਾ ਹੈ, ਉਹ ਕ੍ਰਿਸ਼ਨ ਹੈ ਜੋ ਹੰਕਾਰ ਭੰਨਣ ਵਾਲਾ ਹੈ, ਉਹ ਜਗਦੀਸ਼
ਹੈ, ਜੋ ਜਗਤ ਦਾ ਮਾਲਕ ਹੈ, ਉਹ ਹਰੀ ਹੈ; ਜੋ ਸਭ ਤੋ ਪਿਆਰਾ ਹੈ, ਉਹ ਵਾਸਦੇਵ ਹੈ; ਜੋ ਖੂਬਸੂਰਤ ਹੈ
ਆਦਿ, ਆਦਿ। ਇਸੇ ਤਰ੍ਹਾਂ ਰੱਬ ਆਜੂਨੀ ਹੈ; ਜੋ ਜੂਨਾਂ ਤੋ ਰਹਿਤ ਹੈ, ਰੱਬ ਨਿਰਵੈਰ ਜੋ ਵੈਰ ਰਹਿਤ
ਹੈ, ਰੱਬ ਨਿਰਭਉ ਜੋ ਡਰ ਤੋਂ ਰਹਿਤ ਹੈ, ਰੱਬ ਅਕਾਲ ਹੈ ਜੋ ਸਮੇਂ ਸੀਮਾ ਤੋਂ ਰਹਿਤ ਹੈ, ਰੱਬ ਸੈਭੰ
ਹੈ; ਜੋ ਖੁਦ ਹੀ ਸਥਾਪਤ ਹੈ ਅਤੇ ਰੱਬ ਗੁਰਪ੍ਰਸਾਦਿ ਭਾਵ ਗੁਰੂ ਦੀ ਕਿਰਪਾ ਸਦਕਾ ਨਜ਼ਰ ਆਉਣ ਵਾਲਾ
ਹੈ, ਆਦਿ। ਇਸ ਤਰ੍ਹਾਂ ਰੱਬ ਦੇ ਕਰੋੜਾਂ ਅਰਬਾਂ ਨਾਮ ਹੋ ਸਕਦੇ ਹਨ ਪਰ ਉਸ ਨੂੰ ਪੂਰੀ ਤਰਾਂ ਬਿਆਨ
ਕਰਨ ਵਾਲਾ ਕੋਈ ਨਾਮ ਨਹੀ। ਪੰਜਵੇ ਨਾਨਕ, ਗੁਰੂ ਅਰਜਨ ਸਾਹਿਬ ਨੇ ਹੇਠ ਲਿਖੇ ਸ਼ਬਦ ਵਿੱਚ ਕਈ ਦਰਜ਼ਨ
ਨਾਮ ਲਿਖਣ ਉਪਰੰਤ ਲਿਖਿਆਂ ਹੈ:
"ਕਿਰਤਮ ਨਾਮ ਕਥੇ ਤੇਰੇ ਜਿਹਬਾ ॥ ਸਤਿ ਨਾਮੁ ਤੇਰਾ ਪਰਾ ਪੂਰਬਲਾ ॥" ਪੰਨਾਂ
੧੦੮੩ ਅਰਥਾਂ ਸਮੇਤ ਪੂਰਾ ਸ਼ਬਦ ਹੇਠਾਂ ਦਿੱਤਾ ਜਾ ਰਿਹਾ ਹੈ; ਮਾਰੂ ਮਹਲਾ ੫ ॥ ਅਚੁਤ
ਪਾਰਬ੍ਰਹਮ ਪਰਮੇਸੁਰ ਅੰਤਰਜਾਮੀ ॥ ਮਧੁਸੂਦਨ ਦਾਮੋਦਰ ਸੁਆਮੀ ॥ ਰਿਖੀਕੇਸ ਗੋਵਰਧਨ ਧਾਰੀ ਮੁਰਲੀ
ਮਨੋਹਰ ਹਰਿ ਰੰਗਾ ॥੧॥ ਮੋਹਨ ਮਾਧਵ ਕ੍ਰਿਸ੍ਨ ਮੁਰਾਰੇ ॥ ਜਗਦੀਸੁਰ ਹਰਿ ਜੀਉ ਅਸੁਰ ਸੰਘਾਰੇ ॥
ਜਗਜੀਵਨ ਅਬਿਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ ॥੨॥ ਧਰਣੀਧਰ ਈਸ ਨਰਸਿੰਘ ਨਾਰਾਇਣ ॥ ਦਾੜਾ ਅਗ੍ਰੇ
ਪ੍ਰਿਥਮਿ ਧਰਾਇਣ ॥ ਬਾਵਨ ਰੂਪੁ ਕੀਆ ਤੁਧੁ ਕਰਤੇ ਸਭ ਹੀ ਸੇਤੀ ਹੈ ਚੰਗਾ ॥੩॥ ਸ੍ਰੀ ਰਾਮਚੰਦ ਜਿਸੁ
ਰੂਪੁ ਨ ਰੇਖਿਆ ॥ ਬਨਵਾਲੀ ਚਕ੍ਰਪਾਣਿ ਦਰਸਿ ਅਨੂਪਿਆ ॥ ਸਹਸ ਨੇਤ੍ਰ ਮੂਰਤਿ ਹੈ ਸਹਸਾ ਇਕੁ ਦਾਤਾ ਸਭ
ਹੈ ਮੰਗਾ ॥੪॥ ਭਗਤਿ ਵਛਲੁ ਅਨਾਥਹ ਨਾਥੇ ॥ ਗੋਪੀ ਨਾਥੁ ਸਗਲ ਹੈ ਸਾਥੇ ॥ ਬਾਸੁਦੇਵ ਨਿਰੰਜਨ ਦਾਤੇ
ਬਰਨਿ ਨ ਸਾਕਉ ਗੁਣ ਅੰਗਾ ॥੫॥ ਮੁਕੰਦ ਮਨੋਹਰ ਲਖਮੀ ਨਾਰਾਇਣ ॥ ਦ੍ਰੋਪਤੀ ਲਜਾ ਨਿਵਾਰਿ ਉਧਾਰਣ ॥
ਕਮਲਾਕੰਤ ਕਰਹਿ ਕੰਤੂਹਲ ਅਨਦ ਬਿਨੋਦੀ ਨਿਹਸੰਗਾ ॥੬॥ ਅਮੋਘ ਦਰਸਨ ਆਜੂਨੀ ਸੰਭਉ ॥ ਅਕਾਲ ਮੂਰਤਿ
ਜਿਸੁ ਕਦੇ ਨਾਹੀ ਖਉ ॥ ਅਬਿਨਾਸੀ ਅਬਿਗਤ ਅਗੋਚਰ ਸਭੁ ਕਿਛੁ ਤੁਝ ਹੀ ਹੈ ਲਗਾ ॥੭॥ ਸ੍ਰੀਰੰਗ ਬੈਕੁੰਠ
ਕੇ ਵਾਸੀ ॥ ਮਛੁ ਕਛੁ ਕੂਰਮੁ ਆਗਿਆ ਅਉਤਰਾਸੀ ॥ ਕੇਸਵ ਚਲਤ ਕਰਹਿ ਨਿਰਾਲੇ ਕੀਤਾ ਲੋੜਹਿ ਸੋ ਹੋਇਗਾ
॥੮॥ ਨਿਰਾਹਾਰੀ ਨਿਰਵੈਰੁ ਸਮਾਇਆ ॥ ਧਾਰਿ ਖੇਲੁ ਚਤੁਰਭੁਜੁ ਕਹਾਇਆ ॥ ਸਾਵਲ ਸੁੰਦਰ ਰੂਪ ਬਣਾਵਹਿ
ਬੇਣੁ ਸੁਨਤ ਸਭ ਮੋਹੈਗਾ ॥੯॥ ਬਨਮਾਲਾ ਬਿਭੂਖਨ ਕਮਲ ਨੈਨ ॥ ਸੁੰਦਰ ਕੁੰਡਲ ਮੁਕਟ ਬੈਨ ॥ ਸੰਖ ਚਕ੍ਰ
ਗਦਾ ਹੈ ਧਾਰੀ ਮਹਾ ਸਾਰਥੀ ਸਤਸੰਗਾ ॥੧੦॥ ਪੀਤ ਪੀਤੰਬਰ ਤ੍ਰਿਭਵਣ ਧਣੀ ॥ ਜਗੰਨਾਥੁ ਗੋਪਾਲੁ ਮੁਖਿ
ਭਣੀ ॥ ਸਾਰਿੰਗਧਰ ਭਗਵਾਨ ਬੀਠੁਲਾ ਮੈ ਗਣਤ ਨ ਆਵੈ ਸਰਬੰਗਾ ॥੧੧॥ ਨਿਹਕੰਟਕੁ ਨਿਹਕੇਵਲੁ ਕਹੀਐ ॥
ਧਨੰਜੈ ਜਲਿ ਥਲਿ ਹੈ ਮਹੀਐ ॥ ਮਿਰਤ ਲੋਕ ਪਇਆਲ ਸਮੀਪਤ ਅਸਥਿਰ ਥਾਨੁ ਜਿਸੁ ਹੈ ਅਭਗਾ ॥੧੨॥ ਪਤਿਤ
ਪਾਵਨ ਦੁਖ ਭੈ ਭੰਜਨੁ ॥ ਅਹੰਕਾਰ ਨਿਵਾਰਣੁ ਹੈ ਭਵ ਖੰਡਨੁ ॥ ਭਗਤੀ ਤੋਖਿਤ ਦੀਨ ਕ੍ਰਿਪਾਲਾ ਗੁਣੇ ਨ
ਕਿਤ ਹੀ ਹੈ ਭਿਗਾ ॥੧੩॥ ਨਿਰੰਕਾਰੁ ਅਛਲ ਅਡੋਲੋ ॥ ਜੋਤਿ ਸਰੂਪੀ ਸਭੁ ਜਗੁ ਮਉਲੋ ॥ ਸੋ ਮਿਲੈ ਜਿਸੁ
ਆਪਿ ਮਿਲਾਏ ਆਪਹੁ ਕੋਇ ਨ ਪਾਵੈਗਾ ॥੧੪॥ ਆਪੇ ਗੋਪੀ ਆਪੇ ਕਾਨਾ ॥ ਆਪੇ ਗਊ ਚਰਾਵੈ ਬਾਨਾ ॥ ਆਪਿ
ਉਪਾਵਹਿ ਆਪਿ ਖਪਾਵਹਿ ਤੁਧੁ ਲੇਪੁ ਨਹੀ ਇਕੁ ਤਿਲੁ ਰੰਗਾ ॥੧੫॥ ਏਕ ਜੀਹ ਗੁਣ ਕਵਨ ਬਖਾਨੈ ॥ ਸਹਸ
ਫਨੀ ਸੇਖ ਅੰਤੁ ਨ ਜਾਨੈ ॥ ਨਵਤਨ ਨਾਮ ਜਪੈ ਦਿਨੁ ਰਾਤੀ ਇਕੁ ਗੁਣੁ ਨਾਹੀ ਪ੍ਰਭ ਕਹਿ ਸੰਗਾ ॥੧੬॥ ਓਟ
ਗਹੀ ਜਗਤ ਪਿਤ ਸਰਣਾਇਆ ॥ ਭੈ ਭਇਆਨਕ ਜਮਦੂਤ ਦੁਤਰ ਹੈ ਮਾਇਆ ॥ ਹੋਹੁ ਕ੍ਰਿਪਾਲ ਇਛਾ ਕਰਿ ਰਾਖਹੁ
ਸਾਧ ਸੰਤਨ ਕੈ ਸੰਗਿ ਸੰਗਾ ॥੧੭॥ ਦ੍ਰਿਸਟਿਮਾਨ ਹੈ ਸਗਲ ਮਿਥੇਨਾ ॥ ਇਕੁ ਮਾਗਉ ਦਾਨੁ ਗੋਬਿਦ ਸੰਤ
ਰੇਨਾ ॥ ਮਸਤਕਿ ਲਾਇ ਪਰਮ ਪਦੁ ਪਾਵਉ ਜਿਸੁ ਪ੍ਰਾਪਤਿ ਸੋ ਪਾਵੈਗਾ ॥੧੮॥ ਜਿਨ ਕਉ ਕ੍ਰਿਪਾ ਕਰੀ
ਸੁਖਦਾਤੇ ॥ ਤਿਨ ਸਾਧੂ ਚਰਣ ਲੈ ਰਿਦੈ ਪਰਾਤੇ ॥ ਸਗਲ ਨਾਮ ਨਿਧਾਨੁ ਤਿਨ ਪਾਇਆ ਅਨਹਦ ਸਬਦ ਮਨਿ
ਵਾਜੰਗਾ ॥੧੯॥ ਕਿਰਤਮ ਨਾਮ ਕਥੇ ਤੇਰੇ ਜਿਹਬਾ ॥ ਸਤਿ ਨਾਮੁ ਤੇਰਾ ਪਰਾ ਪੂਰਬਲਾ ॥ ਕਹੁ ਨਾਨਕ ਭਗਤ
ਪਏ ਸਰਣਾਈ ਦੇਹੁ ਦਰਸੁ ਮਨਿ ਰੰਗੁ ਲਗਾ ॥੨੦॥ ਤੇਰੀ ਗਤਿ ਮਿਤਿ ਤੂਹੈ ਜਾਣਹਿ ॥ ਤੂ ਆਪੇ ਕਥਹਿ ਤੈ
ਆਪਿ ਵਖਾਣਹਿ ॥ ਨਾਨਕ ਦਾਸੁ ਦਾਸਨ ਕੋ ਕਰੀਅਹੁ ਹਰਿ ਭਾਵੈ ਦਾਸਾ ਰਾਖੁ ਸੰਗਾ ॥੨੧॥ ਪੰਨਾਂ ੧੦੮੨-੮੩
ਅਰਥ: ਹੇ ਕਰਤਾਰ ! ਤੂੰ ਅਬਿਨਾਸੀ ਹੈਂ, ਤੂੰ ਪਾਰਬ੍ਰਹਮ ਹੈਂ, ਤੂੰ ਪਰਮੇਸ਼ਰ
ਹੈਂ, ਤੂੰ ਅੰਤਰਜਾਮੀ ਹੈਂ। ਹੇ ਸੁਆਮੀ ! ਮਧੁਸੂਦਨ ਅਤੇ ਦਾਮੋਦਰ ਭੀ ਤੂੰ ਹੀ ਹੈਂ । ਹੇ ਹਰੀ !
ਤੂੰ ਹੀ ਰਿਖੀਕੇਸ਼, ਗੋਵਰਧਨਧਾਰੀ ਅਤੇ ਮਨੋਹਰ ਮੁਰਲੀ ਵਾਲਾ ਹੈਂ। ਤੂੰ ਅਨੇਕਾਂ ਹੀ ਰੰਗ-ਤਮਾਸ਼ੇ ਕਰ
ਰਿਹਾ ਹੈਂ।੧। ਹੇ ਹਰੀ ! ਮੋਹਨ, ਮਾਧਵ, ਕ੍ਰਿਸ਼ਨ, ਮੁਰਾਰੀ ਭੀ ਤੂੰ ਹੀ ਹੈਂ। ਤੂੰ ਹੀ ਜਗਤ ਦਾ
ਮਾਲਕ ਹੈਂ, ਤੂੰ ਹੀ ਹੈਂ ਦੈਂਤਾਂ ਦਾ ਨਾਸ਼ ਕਰਨ ਵਾਲਾ ਹੈਂ। ਹੇ ਜਗਜੀਵਨ ! ਹੇ ਅਬਿਨਾਸ਼ੀ ਠਾਕੁਰ !
ਤੂੰ ਸਭ ਸਰੀਰਾਂ ਵਿੱਚ ਮੌਜ਼ੂਦ ਹੈਂ, ਤੂੰ ਸਭਨਾਂ ਦੇ ਨਾਲ ਵੱਸਦਾ ਹੈਂ।੨। ਹੇ ਧਰਤੀ ਦੇ ਆਸਰੇ ! ਹੇ
ਈਸ਼ਵਰ ! ਤੂੰ ਹੀ ਨਰਸਿੰਘ ਅਵਤਾਰ ਹੈਂ, ਤੂੰ ਹੀ ਵਿਸ਼ਨੂੰ ਹੈਂ, ਜਿਸ ਦਾ ਨਿਵਾਸ ਸਮੁੰਦਰ ਵਿੱਚ ਹੈ।
ਵਰਾਹ ਅਵਤਾਰ ਧਾਰ ਕੇ ਧਰਤੀ ਨੂੰ ਆਪਣੀਆਂ ਦਾੜ੍ਹਾਂ ਉੱਤੇ ਚੁੱਕਣ ਵਾਲਾ ਭੀ ਤੂੰ ਹੀ ਹੈਂ। ਹੇ
ਕਰਤਾਰ ! ਰਾਜਾ ਬਲ ਨੂੰ ਛੱਲਣ ਲਈ ਤੂੰ ਹੀ ਵਾਮਨ-ਰੂਪ ਧਾਰਿਆ ਸੀ। ਤੂੰ ਸਭ ਜੀਵਾਂ ਦੇ ਨਾਲ ਵੱਸਦਾ
ਹੈਂ, ਫਿਰ ਭੀ ਤੂੰ ਸਭ ਤੋਂ ਉੱਤਮ ਹੈਂ।੩। ਹੇ ਪ੍ਰਭੂ ! ਤੂੰ ਹੀ ਸ੍ਰੀ ਰਾਮਚੰਦਰ ਹੈਂ, ਜਿਸ ਦਾ ਨਾ
ਕੋਈ ਰੂਪ ਹੈ ਨਾ ਰੇਖ। ਤੂੰ ਹੀ ਬਨਵਾਲੀ ਅਤੇ ਸੁਦਰਸ਼ਨ-ਚੱਕ੍ਰ-ਧਾਰੀ ਹੈਂ। ਤੂੰ ਬੇ-ਮਿਸਾਲ ਸਰੂਪ
ਵਾਲਾ ਹੈਂ। ਤੇਰੇ ਹਜ਼ਾਰਾਂ ਨੇਤਰ ਹਨ, ਤੇਰੀਆਂ ਹਜ਼ਾਰਾਂ ਮੂਰਤੀਆਂ ਹਨ। ਤੂੰ ਇਕੱਲਾ ਹੀ ਦਾਤਾ ਹੈਂ,
ਸਾਰੀ ਦੁਨੀਆ ਤੈਥੋਂ ਮੰਗਣ ਵਾਲੀ ਹੈ।੪। ਹੇ ਅਨਾਥਾਂ ਦੇ ਨਾਥ ! ਤੂੰ ਭਗਤੀ ਨੂੰ ਪਿਆਰ ਕਰਨ ਵਾਲਾ
ਹੈਂ। ਤੂੰ ਹੀ ਗੋਪੀਆਂ ਦਾ ਨਾਥ ਹੈਂ। ਤੂੰ ਸਭ ਜੀਵਾਂ ਦੇ ਨਾਲ ਰਹਿਣ ਵਾਲਾ ਹੈਂ। ਹੇ ਵਾਸੁਦੇਵ !
ਹੇ ਨਿਰਲੇਪ ਦਾਤਾਰ ! ਮੈਂ ਤੇਰੇ ਅਨੇਕਾਂ ਗੁਣ ਨੂੰ ਬਿਆਨ ਨਹੀਂ ਕਰ ਸਕਦਾ।੫। ਹੇ ਮੁਕਤੀ ਦਾਤੇ !
ਹੇ ਸੋਹਣੇ ਪ੍ਰਭੂ ! ਹੇ ਲੱਛਮੀ ਦੇ ਪਤੀ ਨਾਰਾਇਣ ! ਹੇ ਦ੍ਰੋਪਤੀ ਨੂੰ ਬੇਪਤੀ ਤੋਂ ਬਚਾ ਕੇ ਉਸ ਦੀ
ਇੱਜ਼ਤ ਰੱਖਣ ਵਾਲੇ ! ਹੇ ਲੱਛਮੀ ਦੇ ਪਤੀ ! ਤੂੰ ਅਨੇਕ ਕੌਤਕ ਕਰਦਾ ਹੈਂ। ਤੂੰ ਸਾਰੇ ਆਨੰਦ ਮਾਣਨ
ਵਾਲਾ ਹੈਂ ਅਤੇ ਸਾਰੀਆਂ ਤੋਂ ਨਿਰਲੇਪ ਭੀ ਹੈਂ।੬। ਹੇ ਫਲ ਦੇਣ ਤੋਂ ਕਦੇ ਨਾ ਉੱਕਣ ਵਾਲੇ! ਹੇ ਦਰਸ਼ਨ
ਵਾਲੇ ਪ੍ਰਭੂ ! ਹੇ ਜੂਨਾਂ-ਰਹਿਤ ਪ੍ਰਭੂ ! ਹੇ ਆਪਣੇ ਆਪ ਤੋਂ ਪ੍ਰਕਾਸ਼ ਹੋਣ ਵਾਲੇ ਪ੍ਰਭੂ ! ਹੇ
ਮੌਤ-ਰਹਿਤ ਵਾਲੇ ਪ੍ਰਭੂ ! ਹੇ ਅਜਿਹੇ ਪ੍ਰਭੂ ਜਿਸ ਦਾ ਕਦੇ ਨਾਸ਼ ਨਹੀਂ ਹੋ ਸਕਦਾ ! ਹੇ ਅਬਿਨਾਸ਼ੀ !
ਹੇ ਅਦ੍ਰਿਸ਼ਟ ! ਹੇ ਅਗੋਚਰ ! ਜਗਤ ਦਾ ਹਰ ਜੀਵ-ਜੰਤੂ ਨੂੰ ਤੇਰਾ ਹੀ ਆਸਰਾ ਹੈ।੭। ਹੇ ਲੱਛਮੀ ਦੇ
ਪਤੀ ! ਹੇ ਬੈਕੁੰਠ ਦੇ ਰਹਿਣ ਵਾਲੇ ! ਮੱਛ ਅਤੇ ਕੱਛੂਕੁੰਮਾ ਆਦਿ, ਤੇਰੀ ਹੀ ਆਗਿਆ ਵਿੱਚ ਪੈਦਾ
ਹੋਇਆ ਹੈ। ਹੇ ਸੋਹਣੇ ਲੰਮੇ ਕੇਸਾਂ ਵਾਲੇ ! ਤੂੰ ਸਦਾ ਅਨੋਖੇ ਕੌਤਕ ਕਰਦਾ ਹੈਂ। ਜੋ ਕੁੱਝ ਤੂੰ
ਕਰਨਾ ਚਾਹੁੰਦਾ ਹੈਂ, ਜ਼ਰੂਰ ਉਹ ਹੀ ਹੁੰਦਾ ਹੈ।੮। ਹੇ ਪ੍ਰਭੂ ! ਤੂੰ ਅੰਨ ਖਾਣ ਤੋਂ ਬਿਨ੍ਹਾਂ
ਜੀਊਂਦਾ ਰਹਿਣ ਵਾਲਾ ਹੈਂ, ਤੇਰਾ ਕਿਸੇ ਨਾਲ ਵੈਰ ਨਹੀਂ, ਤੂੰ ਸਭ ਵਿੱਚ ਵਿਆਪਕ ਹੈਂ। ਇਹ ਜਗਤ-ਖੇਡ
ਰਚ ਕੇ ਤੂੰ ਹੀ ਆਪਣੇ -ਆਪ ਨੂੰ ਬ੍ਰਹਮਾ ਅਖਵਾਇਆ ਹੈ। ਹੇ ਪ੍ਰਭੂ ! ਕ੍ਰਿਸ਼ਨ ਵਰਗੇ ਅਨੇਕਾਂ ਸਾਂਵਲੇ
ਸੋਹਣੇ ਰੂਪ ਤੂੰ ਹੀ ਬਣਾਉਂਦਾ ਰਹਿੰਦਾ ਹੈਂ। ਤੇਰੀ ਬਜਾਈ ਹੋਈ ਬੰਸਰੀ ਸੁਣਦਿਆਂ ਸਾਰ ਸਾਰੀ
ਸ੍ਰਿਸ਼ਟੀ ਮੋਹੀ ਜਾਂਦੀ ਹੈ।੯। ਹੇ ਪ੍ਰਭੂ ! ਸਾਰੀ ਸ੍ਰਿਸ਼ਟੀ ਦੀ ਬਨਸਪਤੀ ਤੇਰੇ ਹੀ ਗਹਿਣੇ ਹਨ। ਹੇ
ਕੌਲ-ਫੁੱਲਾਂ ਵਰਗੀਆਂ ਅੱਖਾਂ ਵਾਲੇ ! ਹੇ ਸੋਹਣੇ ਕੁੰਡਲਾਂ ਵਾਲੇ ! ਹੇ ਮੁਕਟ-ਧਾਰੀ ! ਹੇ ਬੰਸਰੀ
ਵਾਲੇ ! ਹੇ ਸੰਖ-ਧਾਰੀ ! ਹੇ ਚੱਕ੍ਰ-ਧਾਰੀ ! ਹੇ ਗਦਾ-ਧਾਰੀ ! ਤੂੰ ਹੀ ਸਤਸੰਗੀਆਂ ਦਾ ਸਭ ਤੋਂ
ਵੱਡਾ ਰਥਵਾਹੀ ਆਗੂ ਹੈਂ।੧੦। ਹੇ ਪੀਲੇ ਬਸਤ੍ਰਾਂ ਵਾਲੇ ! ਹੇ ਤਿੰਨਾਂ ਭਵਨਾਂ ਦੇ ਮਾਲਕ ! ਤੂੰ ਹੀ
ਸਾਰੇ ਜਗਤ ਦਾ ਨਾਥ ਹੈਂ ਅਤੇ ਸਾਰੀ ਸ੍ਰਿਸ਼ਟੀ ਦਾ ਪਾਲਣਹਾਰ ਹੈਂ । ਮੈਂ ਆਪਣੇ ਮੂੰਹ ਨਾਲ ਤੇਰੇ ਨਾਮ
ਉਚਾਰਦਾ ਹਾਂ। ਹੇ ਧਨੁਖ-ਧਾਰੀ ! ਹੇ ਭਗਵਾਨ ! ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ ਪ੍ਰਭੂ
! ਮੈਂ ਤੇਰੇ ਸਾਰੇ ਗੁਣ ਬਿਆਨ ਨਹੀਂ ਕਰ ਸਕਦਾ।੧੧। ਹੇ ਭਾਈ ! ਪ੍ਰਮਾਤਮਾ ਦਾ ਕੋਈ ਵੈਰੀ ਨਹੀਂ ਹੈ,
ਉਸ ਨੂੰ ਵਾਸ਼ਨਾ-ਰਹਿਤ ਹੈ, ਉਹ ਹੀ ਸਾਰੇ ਜਗਤ ਦੇ ਧਨ ਨੂੰ ਜਿੱਤਣ ਵਾਲਾ ਧਨੰਜੈ ਹੈ। ਉਹ ਜਲ ਵਿੱਚ
ਹੈ, ਥਲ ਵਿੱਚ ਹੈ ਅਤੇ ਹਰ ਥਾਂ ਧਰਤੀ ਉੱਤੇ ਹੈ। ਉਹ ਮਾਤ ਲੋਕ ਵਿੱਚ, ਪਤਾਲ ਵਿੱਚ ਅਤੇ ਸਭ ਜੀਵਾਂ
ਦੇ ਨੇੜੇ ਹੈ। ਉਸ ਦਾ ਥਾਂ ਸਦਾ ਕਾਇਮ ਰਹਿਣ ਵਾਲਾ ਹੈ ਅਤੇ ਕਦੇ ਟੁੱਟਣ ਵਾਲਾ ਨਹੀਂ ਹੈ।੧੨। ਹੇ
ਭਾਈ ! ਪ੍ਰਮਾਤਮਾ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਜੀਵਾਂ ਦੇ ਸਾਰੇ ਦੁੱਖ ਅਤੇ ਸਾਰੇ ਡਰ
ਦੂਰ ਕਰਨ ਵਾਲਾ ਹੈ। ਪ੍ਰਭੂ ਜੀਵਾਂ ਦਾ ਹੰਕਾਰ ਦੂਰ ਕਰਨ ਵਾਲਾ ਹੈ ਅਤੇ ਉਨ੍ਹਾਂ ਦੇ ਜਨਮ-ਮਰਨ ਦਾ
ਗੇੜ ਨਾਸ਼ ਕਰਨ ਵਾਲਾ ਹੈ। ਹੇ ਭਾਈ ! ਦੀਨਾਂ ਉੱਤੇ ਕ੍ਰਿਪਾ ਕਰਨ ਵਾਲਾ ਪ੍ਰਭੂ ਭਗਤੀ ਨਾਲ ਖ਼ੁਸ਼
ਹੁੰਦਾ ਹੈ, ਉਹ ਕਿਸੇ ਹੋਰ ਗੁਣ ਨਾਲ ਨਹੀਂ ਪਤੀਜਦਾ।੧੩। ਹੇ ਭਾਈ ! ਆਕਾਰ-ਰਹਿਤ ਪ੍ਰਮਾਤਮਾ ਨੂੰ
ਮਾਇਆ ਛੱਲ ਨਹੀਂ ਸਕਦੀ, ਮਾਇਆ ਦੇ ਹੱਲਿਆਂ ਅੱਗੇ ਉਹ ਡੋਲਣ ਵਾਲਾ ਨਹੀਂ ਹੈ। ਉਹ ਨਿਰਾ ਨੂਰ ਹੀ ਨੂਰ
ਹੈ। ਉਸ ਦੇ ਨੂਰ ਨਾਲ ਸਾਰਾ ਜਗਤ ਖਿੜ ਰਿਹਾ ਹੈ। ਉਸ ਪ੍ਰਮਾਤਮਾ ਨੂੰ ਉਹ ਹੀ ਮਨੁੱਖ ਮਿਲ ਸਕਦਾ ਹੈ,
ਜਿਸ ਨੂੰ ਉਹ ਆਪ ਮਿਲਾਂਉਦਾ ਹੈ। ਉਸ ਦੀ ਮਿਹਰ ਤੋਂ ਬਿਨ੍ਹਾਂ ਕੋਈ ਵੀ ਜੀਵ ਆਪਣੇ ਉੱਦਮ ਨਾਲ
ਪ੍ਰਮਾਤਮਾ ਨੂੰ ਮਿਲ ਨਹੀਂ ਸਕਦਾ।੧੪। ਹੇ ਭਾਈ ! ਪ੍ਰਮਾਤਮਾ ਆਪ ਹੀ ਗੋਪੀਆਂ ਅਤੇ ਆਪ ਹੀ ਕ੍ਰਿਸ਼ਨ
ਹੈ। ਪ੍ਰਭੂ ਆਪ ਹੀ ਗਊਆਂ ਨੂੰ ਬਿੰਦ੍ਰਾਬਨ ਵਿੱਚ ਚਾਰਦਾ ਹੈ। ਹੇ ਪ੍ਰਭੂ ! ਤੂੰ ਆਪ ਹੀ ਸਭ ਜੀਵਾਂ
ਨੂੰ ਪੈਦਾ ਕਰਨ ਵਾਲਾ ਅਤੇ ਆਪ ਹੀ ਨਾਸ਼ ਕਰਨ ਵਾਲਾ ਹੈਂ। ਦੁਨੀਆਂ ਦੇ ਰੰਗ-ਤਮਾਸ਼ਿਆਂ ਦਾ ਤੇਰੇ ਤੇ
ਕੋਈ ਅਸਰ ਨਹੀਂ ਹੁੰਦਾ।੧੫। ਹੇ ਪ੍ਰਭੂ ! ਮੇਰੀ ਇੱਕ ਜੀਭ ਤੇਰੇ ਸਾਰੇ ਗੁਣ ਬਿਆਨ ਮਹੀਨ ਕਰ ਸਕਦੀ।
ਹਜ਼ਾਰ ਫਣਾਂ ਵਾਲਾ ਸ਼ੇਸ਼ਨਾਗ ਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ। ਉਹ ਦਿਨ ਰਾਤ ਤੇਰੇ
ਨਵੇਂ-ਨਵੇਂ ਨਾਮ ਜਪਦਾ ਹੈ, ਪਰ, ਹੇ ਪ੍ਰਭੂ ! ਉਹ ਤੇਰਾ ਇੱਕ ਭੀ ਗੁਣ ਬਿਆਨ ਨਹੀਂ ਕਰ ਸਕਦਾ।੧੬।
ਹੇ ਜਗਤ ਦੇ ਪਿਤਾ ! ਮੈਂ ਤੇਰੀ ਓਟ ਲਈ ਹੈ, ਮੈਂ ਤੇਰੀ ਸ਼ਰਨ ਆਇਆ ਹਾਂ। ਜਮਦੂਤ ਬਹੁਤ ਡਰਾਉਣੇ ਅਤੇ
ਡਰ ਦੇ ਰਹੇ ਹਨ। ਮਾਇਆ ਇੱਕ ਅਜਿਹਾ ਸਮੁੰਦਰ ਹੈ ਜਿਸ ਵਿੱਚੋਂ ਪਾਰ ਲੰਘਣਾ ਔਖਾ ਹੈ। ਹੇ ਪ੍ਰਭੂ !
ਦਇਆਵਾਨ ਹੋ ਕੇ ਮੈਨੂੰ ਕ੍ਰਿਪਾ ਕਰ ਕੇ ਸਾਧ ਸੰਗਤ ਵਿੱਚ ਰੱਖ ਲੈ।੧੭। ਹੇ ਗੋਬਿੰਦ ! ਤੇਰਾ ਇਹ
ਦਿੱਸਦਾ ਸਾਰਾ ਪਸਾਰਾ ਨਾਸ਼ਵੰਤ ਹੈ। ਮੈਂ ਤੇਰੇ ਪਾਸੋਂ ਇੱਕ ਦਾਨ ਮੰਗਦਾ ਹਾਂ ਕਿ ਮੈਨੂੰ ਸੰਤ ਜਨਾਂ
ਦੇ ਚਰਨਾਂ ਦੀ ਧੂੜ ਮਿਲ ਜਾਵੇ। ਇਹ ਧੂੜ ਮੈਂ ਆਪਣੇ ਮੱਥੇ ਉੱਤੇ ਲਾ ਕੇ ਸਭ ਤੋਂ ਉੱਚਾ ਆਤਮਕ ਦਰਜ਼ਾ
ਹਾਸਲ ਕਰ ਲਵਾਂ। ਪਰ ਜਿਸ ਦੇ ਭਾਗਾਂ ਵਿੱਚ ਚਰਨ-ਧੂੜ ਦੀ ਇਹ ਪ੍ਰਾਪਤੀ ਲਿਖੀ ਹੈ, ਉਹ ਜੀਵ ਹੀ ਇਹ
ਚਰਨ-ਧੂੜ ਹਾਸਲ ਕਰ ਸਕਦਾ ਹੈ।੧੮। ਹੇ ਸੁੱਖ ਦੇਣ ਵਾਲੇ ਪ੍ਰਭੂ ! ਜਿਨ੍ਹਾਂ ਜੀਵਾਂ ਉੱਤੇ ਤੂੰ ਮਿਹਰ
ਕਰਦਾ ਹੈਂ, ਉਹ ਜੀਵ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਪ੍ਰੋ ਲੈਂਦੇ ਹਨ ਅਤੇ ਉਨ੍ਹਾਂ ਨੂੰ
ਸਾਰੇ ਖ਼ਜ਼ਾਨਿਆਂ ਤੋਂ ਸ੍ਰੇਸ਼ਟ ਨਾਮ-ਖ਼ਜ਼ਾਨਾ ਪ੍ਰਾਪਤ ਹੋ ਜਾਂਦਾ ਹੈ। ਉਨ੍ਹਾਂ ਦੇ ਮਨ ਵਿੱਚ ਮਾਨੋ
ਇੱਕ-ਰਸ ਵਾਜੇ ਵੱਜਣ ਲੱਗ ਜਾਂਦੇ ਹਨ।੧੯। ਹੇ ਪ੍ਰਭੂ ! ਜੀਵਾਂ ਦੀ ਜੀਭ ਤੇਰੇ ਉਹ ਨਾਮ ਉਚਾਰਦੀ ਹੈ,
ਜੋ ਤੇਰੇ ਨਾਮ ਜੀਵਾਂ ਨੇ ਤੇਰੇ ਗੁਣ ਦੇਖ-ਦੇਖ ਕੇ ਬਣਾਏ ਹੋਏ ਹਨ। ਪਰ ‘ਸਤਿਨਾਮੁ’ ਤੇਰਾ
ਮੁੱਢ-ਕਦੀਮਾਂ ਦਾ ਨਾਮ ਹੈ ਭਾਵ, ਤੂੰ ‘ਹੋਂਦ ਵਾਲਾ’ ਹੈਂ, ਤੇਰੀ ਇਹ ‘ਹੋਂਦ’ ਜਗਤ-ਰਚਨਾ ਤੋਂ
ਪਹਿਲਾਂ ਭੀ ਮੌਜ਼ੂਦ ਸੀ। ਗੁਰੂ ਨਾਨਕ ਸਾਹਿਬ ਦੇ ਪੰਜਵੇਂ ਸਰੂਪ ਗੁਰੂ ਅਰਜਨ ਸਾਹਿਬ ਆਖਦੇ ਹਨ ਕਿ ਹੇ
ਪ੍ਰਭੂ ! ਤੇਰੇ ਭਗਤ ਤੇਰੀ ਸ਼ਰਨ ਵਿੱਚ ਰਹਿੰਦੇ ਹਨ। ਤੂੰ ਉਨ੍ਹਾਂ ਨੂੰ ਦਰਸ਼ਨ ਦਿੰਦਾ ਹੈਂ ਜਿਸ ਨਾਲ
ਉਨ੍ਹਾਂ ਦੇ ਮਨ ਵਿੱਚ ਆਨੰਦ ਬਣਿਆ ਰਹਿੰਦਾ ਹੈ।੨੦। ਹੇ ਪ੍ਰਭੂ ! ਤੂੰ ਕਿਹੋ ਜਿਹਾ ਹੈਂ ਅਤੇ
ਕਿਨ੍ਹਾਂ ਵੱਡਾ ਹੈਂ; ਇਹ ਗੱਲ ਤੂੰ ਆਪ ਹੀ ਜਾਣਦਾ ਹੈਂ। ਆਪਣੀ ‘ਗਤ-ਮਿਤ’ ਤੂੰ ਹੀ ਦੱਸ ਸਕਦਾ ਹੈਂ
ਅਤੇ ਆਪ ਹੀ ਬਿਆਨ ਕਰ ਸਕਦਾ ਹੈਂ। ਹੇ ਪ੍ਰਭੂ ! ਤੂੰ ਨਾਨਕ ਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ।
ਹੇ ਹਰੀ ! ਆਪਣੀ ਮਿਹਰ ਨਾਲ ਤੂੰ ਹਮੇਸ਼ਾਂ ਨਾਨਕ ਨੂੰ ਆਪਣੇ ਦਾਸਾਂ ਦੀ ਸੰਗਤ ਵਿੱਚ ਰੱਖ।੨੧। ਇਸ
ਤਰ੍ਹਾਂ ਰੱਬ ਦੀਆਂ ਸਿਫਤਾਂ ਹੀ ਉਸ ਦਾ ਨਾਮ ਹਨ। ਪ੍ਰਭੂ ਦੀਆਂ ਸਿਫਤਾਂ ਅਸੀਂ ਗਾ ਕੇ ਕੀਰਤਨ ਰਾਹੀਂ
ਕਰ ਸਕਦੇ ਹਾਂ ਅਤੇ ਪ੍ਰਭੂ ਦੀਆਂ ਸਿਫਤਾਂ ਅਸੀਂ ਗੱਲਾਂ, ਬਾਤਾਂ ਅਤੇ ਵੀਚਾਰਾਂ ਰਾਹੀਂ ਕਰ ਸਕਦੇ
ਹਾਂ। ਇਸ ਲਈ ਜਿਸ ਤਰ੍ਹਾਂ ਵੀ ਰੱਬ ਦੀਆਂ ਸਿਫਤਾਂ ਹੋਣ, ਸਭ ਨਾਮ ਹੀ ਹੈ। ਉਸ ਨਿਰੰਕਾਰ ਪ੍ਰਭੂ ਨੂੰ
ਪੂਰਨ ਤੌਰ ਤੇ ਧਿਆਇਆ ਨਹੀਂ ਜਾ ਸਕਦਾ ਕਿਉਂਕਿ ਉਹ ਨਿਰੰਕਾਰ ਹੈ।
ਸੋ ਹਰਿ ਪੁਰਖੁ ਅਗੰਮੁ ਹੈ ਕਹੁ ਕਿਤੁ ਬਿਧਿ ਪਾਈਐ ॥ ਤਿਸੁ ਰੂਪੁ ਨ ਰੇਖ
ਅਦ੍ਰਿਸਟੁ ਕਹੁ ਜਨ ਕਿਉ ਧਿਆਈਐ ॥ ਨਿਰੰਕਾਰੁ ਨਿਰੰਜਨੁ ਹਰਿ ਅਗਮੁ ਕਿਆ ਕਹਿ ਗੁਣ ਗਾਈਐ ॥ ਪੰਨਾਂ
੬੪੪
ਹੇ ਪ੍ਰਭੂ! ਮੈਂ ਕੁਰਬਾਨ ਜਾਂਦਾ ਹਾਂ ਤੇਰੇ ਨਾਵਾਂ ਤੋਂ ਅਤੇ ਤੇਰੀਆਂ
ਸਿਫਤਾਂ ਤੋਂ; "ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ॥" ਪੰਨਾਂ ੧੧੬੮ ਮੈਂ ਤੇਰੇ ਜਸ ਤੋਂ
ਬਲਿਹਾਰ ਜਾਂਦਾ ਹਾਂ, "ਕੁਰਬਾਣੁ ਜਾਂਈ ਤੇਰੇ ਪਰਤਾਪ ॥ ਪੰਨਾਂ ੧੨੭੦ ਅਤੇ ਹਉ ਵਾਰੀ ਹਉ
ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥ ਪੰਨਾਂ ੭੧
ਸਾਰੀ ਸ੍ਰਿਸਟੀ ਪ੍ਰਮਾਤਮਾ ਦੀ ਰਚਨਾ ਹੈ ਅਤੇ ਜਿੰਨੀਆਂ ਵੀ ਚੀਜ਼ਾਂ ਪੈਦਾ
ਕੀਤੀਆ ਹਨ, ਉਹ ਪ੍ਰਮਾਤਮਾ ਦਾ ਹੀ ਨਾਮ ਹੈ ਭਾਵ ਪ੍ਰਿਥਵੀ, ਸੂਰਜ, ਹਾਥੀ, ਕੀੜੀ, ਪਹਾੜ ਦਾ ਪੈਦਾ
ਕਰਨ ਵਾਲਾ ਪ੍ਰਮਾਤਮਾ ਆਪ ਹੈ; ਜਿਵੇਂ ਜਪੁ ਵਿੱਚ ਦੇਖੋ, "ਜੇਤਾ ਕੀਤਾ ਤੇਤਾ ਨਾਉ॥"
ਪੰਨਾਂ ੪
ਸਿੱਖ-ਮਤ ਵਿੱਚ ਪ੍ਰਮਾਤਮਾ ਨੂੰ ‘ਸਤਿ’ ਅਤੇ ‘ਅਕਾਲ’ ਕਿਹਾ ਜਾਂਦਾ ਹੈ। ਇਹ
ਪ੍ਰਮਾਤਮਾ ਦੇ ਸਰਬੋਤਮ ਗੁਣਾਂ ਨੂੰ ਉਜਾਗਰ ਕਰਨ ਦਾ ਤਰੀਕਾ ਹੈ। ‘ਸਤਿ’ ਨੂੰ ਗੁਰਬਾਣੀ ਨੇ
‘ਪਰ-ਪੂਰਬਲਾ’ ਦੱਸਿਆ ਹੈ ਅਤੇ ‘ਅਕਾਲ’ ਕਹਿ ਕੇ ਪ੍ਰਮਾਤਮਾ ਦੀ ਸਦੀਵਤਾ, ਅਮਿਟਤਾ, ਸਥਿਰਤਾ ਅਤੇ
ਕਾਲ-ਰਹਿਤ ਆਦਿ ਦਾ ਸੰਕੇਤ ਦਿੱਤਾ ਹੈ। ਕਾਲ ਅਤੇ ਅਕਾਲ: ਗੁਰਬਾਣੀ ਵਿੱਚ ‘ਕਾਲ’ ਦੇ ਅਰਥ,
ਆਮ ਤੌਰ ਤੇ ‘ਸਮਾਂ’ ਅਤੇ ‘ਮੌਤ’ ਆਏ ਹਨ। ਅਕਾਲ, ਕਾਲ ਦੇ ਵਿਰੋਧੀ ਅਰਥ ਹੋਣ ਕਰਕੇ ਇਸ ਦੇ ਅਰਥ
ਸਮੇਂ-ਸਥਾਨ ਤੋਂ ਉਪਰ ਬਣਦੇ ਹਨ। ਅਕਾਲ ਉਹ ਹੈ, ਜੋ ਕਾਲ ਭਾਵ ਮੌਤ ਦੇ ਚੱਕਰ ਵਿੱਚ ਨਹੀਂ ਆਉਂਦਾ,
ਜਿਸ ਤੇ ਸਮੇਂ ਅਤੇ ਮੌਤ ਦਾ ਕੋਈ ਅਸਰ ਨਹੀਂ ਹੁੰਦਾ; ਜੋ ਜੰਮਦਾ ਅਤੇ ਮਾਰਦਾ ਨਹੀਂ, ਜੋ ਅਜੂਨੀ ਹੈ
ਅਤੇ ਜੋ ਅਥਾਪ ਹੈ। ਸਿੱਖ ਮਤ ਵਿੱਚ ਪ੍ਰਮਾਤਮਾ ਦੇ ਗੁਣ, ‘ਸਤਿ’ ਅਤੇ ‘ਅਕਾਲ’ ਕੇਂਦਰੀ ਧੁਰਾ ਹਨ।
ਪ੍ਰਮਾਤਮਾ ਦੇ ਇਨ੍ਹਾਂ ਗੁਣਾਂ ਦੇ ਅਰਥਾਂ ਨੂੰ ਸ਼ਪਸ਼ਟ ਕਰਨ ਲਈ ਅਸੀਂ ਗੁਰਬਾਣੀ ਵਿੱਚੋਂ ਕੁੱਝ
ਉਦਾਹਰਣਾਂ ਦੇ ਰਹੇ ਹਾਂ;
- ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨ ਕਦੇ ਮਰੈ ਨ ਜਾਇਆ॥ ਪੰਨਾਂ ੪
- ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਡਾ ਥੀਵਾਂ ਜੀਉ॥ ਪੰਨਾਂ ੯੯
- ਸਫਲ ਦਰਸਨ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ॥ ਪੰਨਾਂ ੬੦੯
- ਕਾਲੁ ਅਕਾਲੁ ਖਸਮ ਨਾ ਕੀਨਾ ਇਹ ਪਰਪੰਚ ਬਧਵਨ॥ ਪੰਨਾਂ ੧੧੦੪
- ਸਿਮਰੈ ਕਾਲੁ ਅਕਾਲੁ ਸੁਚਿ ਸੋਚਾ॥ ਪੰਨਾਂ ੧੦੭੯
ਪ੍ਰਮਾਤਮਾ ਦੇ ਕੁੱਝ ਹੋਰ ਕਲਪਤ ਨਾਮ: ਅੱਗੇ ਅਸੀਂ ਪ੍ਰਮਾਤਮਾ ਦੇ ਕੁੱਝ
ਹੋਰ ਕਲਪਤ ਨਾਵਾਂ ਦਾ ਜ਼ਿਕਰ ਕਰ ਰਹੇ ਹਾਂ, ਜਿੱਥੇ ਅਸੀਂ ਇਹ ਵੀ ਦੇਖਾਂਗੇ ਕਿ ਕੀ ਇਹ ਨਾਮ
ਪ੍ਰਮਾਤਮਾ ਦੇ ਸੂਚਕ ਹਨ ਜਾਂ ਕਿਸੇ ਹੋਰ ਸ਼ੈ ਦੇ।
੧. ਸ਼੍ਰੀ ਅਸਿਪਾਨ: ਕਈ ਵਿਦਵਾਨਾਂ ਨੇ ‘ਸ਼੍ਰੀ ਅਸਿਪਾਨ’ ਦੇ ਅਰਥ
‘ਅਕਾਲਪੁਰਖ’ ਕੀਤੇ ਹਨ ਪਰ ਇਹ ਅਰਥ ਠੀਕ ਨਹੀਂ ਹਨ। ਦਸਮ ਗ੍ਰੰਥ ਦੇ ਸਵੱਯਆਂ ਵਿੱਚ ਕਿਤੇ ਵੀ
‘ਅਕਾਲਪੁਰਖ’ ਸ਼ਬਦ ਨਹੀਂ ਲਿਖਿਆ ਹੋਇਆ, ਕੇਵਲ ‘ਸ਼੍ਰੀ ਅਸਿਪਾਨ’ ਸ਼ਬਦ ਹੀ ਹੈ, ਜਿਸ ਤੋਂ ਰਾਮਾਵਤਾਰ
ਭਾਵ ਰਾਮਾਇਣ ਦੇ ਕਵੀ ਨੇ ਕੁੱਝ ਮੰਗ ਕੀਤੀ ਹੈ। ਆਓ ਦਸਮ ਗ੍ਰੰਥ ਵਿੱਚੋਂ ‘ਅਸਿਪਾਨ’ ਸ਼ਬਦ ਦੇ ਸਹੀ
ਅਰਥ ਲੱਭੀਏ; ਦਸਮ ਗ੍ਰੰਥ ਵਿੱਚ ਤਿੰਨ ਸ਼ਬਦ ਆਉਂਦੇ ਹਨ-ਅਸਿਪਾਨ, ਅਸਿਕੇਤ ਅਤੇ ਅਸਿਧੁਜ। ਇਨ੍ਹਾਂ
ਤਿੰਨਾਂ ਸ਼ਬਦਾਂ ਵਿੱਚ ਵਰਤੇ ‘ਅਸਿ’ ਸ਼ਬਦ ਦਾ ਅਰਥ ਤਲਵਾਰ ਹੈ। ਸ਼ਬਦ ‘ਕੇਤ’ ਅਤੇ ‘ਧੁਜ’ ਦਾ ਅਰਥ:
‘ਝੰਡਾ’ ਹੈ। (ਮਹਾਨ ਕੋਸ਼ ਪੰਨਾਂ ੩੪੭ ਅਤੇ ੬੬੮)
ਅਸਿਪਾਨ ਦਾ ਅਰਥ: ਹੱਥ ਵਿੱਚ ਫੜੀ ਕਿਰਪਾਨ ਵਾਲ਼ਾ, ਦੇਹਧਾਰੀ ਦੇਵਤਾ
ਮਹਾਂਕਾਲ਼। ਅਸਿਪਾਨ ਕੌਣ ਅਤੇ ਕਿਰਪਾਨ ਕਿਸ ਦੇ ਹੱਥ ਵਿੱਚ ਹੈ?, ਇਸ ਨੂੰ ਪ੍ਰਮਾਣ ਨੂੰ ਜਾਨਣ ਲਈ,
ਦਸਮ ਗ੍ਰੰਥ ਵਿੱਚੋਂ ਤ੍ਰਿਅ ਚਰਿੱਤ੍ਰ ਨੰਬਰ 404, ਦੇ ਬੰਦ ਨੰਬਰ 111 ਨੂੰ ਪੜ੍ਹ ਕੇ ਦੇਖੋ,
1. ਜਿਹ ਅਰਿ ਕਾਲ ਕ੍ਰਿਪਾਨ ਪ੍ਰਹਾਰੈ। ਇਕ ਤੇ ਦੋਇ ਪੁਰਖ ਕੈ ਡਾਰੈ।
ਦ੍ਵੈ ਮਨੁਖਨ ਪਰ ਕਰਤ ਪ੍ਰਹਾਰਾ। ਦ੍ਵੈ ਤੇ ਹੋਤ ਛਿਨਿਕ ਮੋ ਚਾਰਾ ।੧੧੧। ਦਸਮ ਗ੍ਰੰਥ ਪੰਨਾਂ
੧੩੬੭
ਅਰਥ: ਜਿਸ ਅਰਿ ਭਾਵ ਦੁਸ਼ਮਨ ਉੱਤੇ ਮਹਾਂਕਾਲ਼ ਭਾਵ ਕਾਲ਼ ਆਪਣੇ ਹੱਥ ਵਿੱਚ
ਫੜੀ ਹੋਈ ਕ੍ਰਿਪਾਨ ਨਾਲ਼ ਵਾਰ ਕਰਦਾ ਹੈ, ਉਸ ਦੁਸ਼ਮਨ ਦੇ ਦੋ ਟੁਕੜੇ ਹੋ ਜਾਂਦੇ ਹਨ। ਸਪੱਸ਼ਟ ਹੈ ਕਿ
ਮਹਾਂਕਾਲ਼ ਹੀ ਸ਼੍ਰੀ ‘ਅਸਿਪਾਨ’ ਹੈ। ਕਿਸੇ ਵੀ ਤਰ੍ਹਾਂ ‘ਅਸਿਪਾਨ’ ਦਾ ਅਰਥ ‘ਅਕਾਲਪੁਰਖ’ ਨਹੀਂ ਹੈ।
ਲੜਨ ਵਾਲ਼ਾ ਅਕਾਲਪੁਰਖ ਨਹੀਂ ਸਗੋਂ ਅਕਾਲਪੁਰਖ ਦੀ ਕ਼ੁਦਰਤ ਵਿੱਚ ਕਲ਼ਪਿਆ ਇੱਕ ਦੇਹਧਾਰੀ ਦੇਵਤਾ ਹੈ,
ਜੋ ਸ਼ਿਵ ਜੀ ਦੇ, 12 ਵਿੱਚੋਂ, ਇੱਕ ਜੋਤ੍ਰਿ ਲਿੰਗਮ ਹੈ।
2. ਜਾ ਪਰ ਮਹਾਕਾਲ਼ ਅਸਿ ਝਾਰਾ। ਏਕ ਸੁਭਟ ਤੇ ਦ੍ਵੈ ਕਰ ਡਾਰਾ। ਜੌ ਦ੍ਵੈ ਨਰ
ਪਰ ਟੁਕ ਅਸਿ ਧਰਾ। ਚਾਰਿ ਟੂਕ ਤਿੰਨ ਦ੍ਵੈ ਕੈ ਕਰ।੧੯੨। ਦਸਮ ਗ੍ਰੰਥ ਪੰਨਾਂ ੧੩੭੩
ਅਰਥ: ‘ਅਸਿ’ ਭਾਵ ਤਲਵਾਰ ਰੱਖਣ ਵਾਲ਼ਾ ਮਹਾਂਕਾਲ਼ ਹੈ, ਜਿਸ ਨੂੰ ਇੱਥੇ
‘ਅਸਿਪਾਨ’ ਕਿਹਾ ਗਿਆ ਹੈ। ‘ਪਾਣਿ’/’ਪਾਨਿ’ ਦਾ ਅਰਥ ਹੈ; "ਹੱਥ ਵਿੱਚ"। ਇਸ ‘ਅਸਿ’ ਭਾਵ ਤਲਵਾਰ ਦੀ
ਵਰਤੋਂ ਮਹਾਂਕਾਲ਼, ਜੰਗ ਵਿੱਚ ਖ਼ੂਬ ਕਰ ਰਿਹਾ ਹੈ।
ਅਸਿਧੁਜ ਦਾ ਅਰਥ : ਜਿਸ ਨੇ ਤਲਵਾਰ ਦੇ ਨਿਸ਼ਾਨ ਵਾਲ਼ਾ ਝੰਡਾ ਚੁੱਕਿਆ
ਹੋਇਆ ਹੈ, ਇਹ ਹੈ ਦੇਹਧਾਰੀ ਦੇਵਤਾ ਮਹਾਂਕਾਲ਼। ਦਸਮ ਗ੍ਰੰਥ ਵਿੱਚ ਦੋ ਹੋਰ ਭੀ ਰਲ਼ਦੇ ਮਿਲ਼ਦੇ ਸ਼ਬਦ
ਹਨ; ‘ਖੜਗਕੇਤ’ ਅਤੇ ‘ਖੜਗਧੁਜ’। ਸ਼ਬਦ ‘ਅਸਿਪਾਨ’, ‘ਖੜਗਕੇਤ’ ਅਤੇ ‘ਖੜਗਧੁਜ’ ਗੁਰੂ ਗ੍ਰੰਥ ਸਾਹਿਬ
ਵਿੱਚ ਕਿਤੇ ਵੀ ਨਹੀਂ ਮਿਲਦੇ।
‘ਖੜਗਕੇਤ’ ਅਤੇ ‘ਖੜਗਧੁਜ’ ਦੇ ਅਰਥ: ਮਹਾਨ ਕੋਸ਼ ਅਨੁਸਾਰ,
ਮਹਾਂਕਾਲ਼ ਦੇਹਧਾਰੀ ਦੇਵਤਾ, ਜਿਸ ਦੇ ਚੁੱਕੇ ਹੋਏ ਝੰਡੇ ਵਿੱਚ ਤਲਵਾਰ ਦਾ ਨਿਸ਼ਾਨ ਹੈ। ‘ਅਸਿਕੇਤ’,
‘ਖੜਗਕੇਤ’ ਅਤੇ ਖੜਗਧੁਜ ਤਿੰਨਾਂ ਹੀ ਸ਼ਬਦਾਂ ਦਾ ਅਰਥ ਹੈ- ਮਹਾਂਕਾਲ਼ ਜਿਸ ਦੇ ਝੰਡੇ ਵਿੱਚ ਤਲਵਾਰ ਦਾ
ਨਿਸ਼ਾਨ ਹੈ। ਮਹਾਂਕਾਲ਼ ਦੇਵਤੇ ਲਈ ਹੀ; ਅਸਿਕੇਤ, ਅਸਿਧੁਜ, ਖੜਗਕੇਤ ਅਤੇ ਖੜਗਧੁਜ ਸ਼ਬਦ ਵਰਤੇ ਗਏ ਹਨ।
ਇਸ ਦਾ ਵੇਰਵਾ ਉੱਪਰ ਦੱਸੇ ਤ੍ਰਿਅ ਚਰਿੱਤ੍ਰ ਨੰਬਰ 404 ਵਿੱਚ ਵੀ ਦਿੱਤਾ ਗਿਆ ਹੈ, ਜਿਸ ਵਿੱਚ
ਮਹਾਂਕਾਲ਼ ਦੇਹਧਾਰੀ ਦੇਵਤਾ ਇੱਕ ਸੁੰਦਰੀ ਦੂਲਹ ਦੇਈ ਨੂੰ ਪ੍ਰਾਪਤ ਕਰਨ ਲਈ ਉਸ ਦੀ ਸਹਾਇਤਾ ਕਰਦਾ
ਹੋਇਆ ਦੈਂਤਾਂ ਨਾਲ਼ ਯੁੱਧ ਕਰਦਾ ਹੈ ਅਤੇ ਜਿੱਤਣ ਵਿੱਚ ਸਫ਼ਲ ਹੋ ਜਾਂਦਾ ਹੈ।
ਨੋਟ 1: ਗੁਰੂ ਗ੍ਰੰਥ ਸਾਹਿਬ ਵਿੱਚ ਅਸਿਕੇਤ, ਅਸਿਧੁਜ, ਖੜਗਕੇਤ ਅਤੇ
ਖੜਗਧੁਜ ਸ਼ਬਦ ਕਿਤੇ ਵੀ ਨਹੀਂ ਆਏ।
ਨੋਟ 2: ਦਸਮ ਗ੍ਰੰਥ ਵਿੱਚ ਦਰਜ਼, ਚੌਪਈ ਵਿੱਚ ਦੇਵੀ ਦੇਵਤਿਆਂ ਅਤੇ
ਰਾਜਿਆ ਦਾ ਦੈਂਤਾਂ ਨਾਲ ਯੁੱਧਾਂ ਦਾ ਵੇਰਵਾ ਹੈ। ਇਨ੍ਹਾਂ ਦੇਵੀ ਦੇਵਤਿਆਂ ਅਤੇ ਰਾਜਿਆਂ ਦਾ ਦੈਂਤਾਂ
ਨਾਲ ਯੁਧਾਂ ਦਾ ਵਰਨਣ, ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਨਹੀਂ ਮਿਲਦਾ। ਇਸ ਤਰ੍ਹਾਂ ਇਨ੍ਹਾਂ
ਪ੍ਰਮਾਣਾਂ ਨਾਲ ਪੂਰਣ ਤੌਰ ਤੇ ਇਹ ਸ਼ਪਸ਼ਟ ਹੋ ਜਾਂਦਾ ਹੈ ਕਿ ਇਥੇ ਇਹ ਸ਼੍ਰੀ ਅਸਿਧੁਜ, ਖੜਗਕੇਤੁ ਅਤੇ
ਮਹਾਕਾਲ ਦੇਹਧਾਰੀ ਦੇਵਤੇ ਹਨ। ਇਹ ਨਿਰੰਕਾਰ ਅਕਾਲਪੁਰਖ ਲਈ ਵਰਤੇ ਗਏ ਸ਼ਬਦ ਨਹੀਂ ਹਨ। ਇਹ ਦੇਹਧਾਰੀ
ਦੇਵਤੇ ਖੜਗ ਭਾਵ ਤਲਵਾਰ ਵੀ ਚਲਾਉਦੇ ਹਨ ਅਤੇ ਯੁੱਧ ਵੀ ਕਰਦੇ ਹਨ।
ਨੋਟ 3: ਕਾਲ ਦੇਹਧਾਰੀ, ਸਥੂਲ ਸ਼ਰੀਰ ਵਾਲਾ ਦੇਵਤਾ ਹੈ, ਜੋ ਹੱਥ ਵਿਚ
ਖੜਗ ਫੜ ਕੇ ਚਲਾਉਦਾ ਹੈ। ਇਹ ਭਗਵਾਨ ਉਹ ਨਿਰੰਕਾਰ ਕਰਤਾਰ ਨਹੀਂ ਹੈ ਜਿਸ ਨੂੰ ਅਸੀਂ ੴ ਸਤਿਗੁਰ
ਪ੍ਰਸਾਦਿ॥ ਕਹਿੰਦੇ ਹਾਂ।
ਨੋਟ 4: ਮਿਥਹਾਸਕ ਕਹਾਣੀਆਂ ਅਨੁਸਾਰ ਬ੍ਰਹਮਾਂ ਅਤੇ ਵਿਸ਼ਨੂੰ ਦੇਵਤੇ ਵੀ
ਡਰ ਕੇ ਮਹਾ ਕਾਲ ਦੇਵਤੇ ਦੀ ਸ਼ਰਣ ਵਿੱਚ ਰਹਿੰਦੇ ਹਨ।
ਨੋਟ 5: ਅਸਿਕੇਤ ਦਾ ਅਰਥ - ਮਹਾਂਕਾਲ਼ ਦੇਵਤੇ ਦਾ ਨਾਂ ਹੈ, ਜਿਸ ਨੇ
ਤਲਵਾਰ ਦੇ ਨਿਸ਼ਾਨ ਵਾਲ਼ਾ ਝੰਡਾ ਫੜਿਆ ਹੋਇਆ ਹੈ। ਜਿਸ ਮਹਾਂਕਾਲ਼ ਲਈ ‘ਅਸਿਧੁਜ’ ਅਤੇ ‘ਅਸਿਕੇਤ’ ਸ਼ਬਦ
ਵਰਤੇ ਹਨ; ਉਸੇ ਲਈ ਹੀ ‘ਅਸਿਪਾਨ’ ਸ਼ਬਦ ਦੀ ਵਰਤੋਂ ਹੈ। ਇਸ ਲਈ ਅਸਿਕੇਤ; ਭਗਵਾਨ, ਨਿਰੰਕਾਰ ਅਤੇ
ਕਰਤਾਰ ਨਹੀਂ ਹੈ। ਅਸਿਧੁਜ/ਮਹਾਕਾਲ ਦੇਵਤਿਆਂ ਨੂੰ ਕਾਫੀ ਕ੍ਰੋਧ ਵੀ ਆਉਂਦਾ ਹੈ ਪਰ ਪ੍ਰਮਾਤਮਾ ਨੂੰ
ਕਦੇ ਵੀ ਗੁੱਸਾ ਨਹੀਂ ਆਉਂਦਾ। ਨੋਟ 6: ਕਾਲ ਪੁਰਖ ਦੇ ਅਰਥ: ਯਮਦੂਤ, ਕਾਲ (ਧਰਮ) ਦਾ
ਸੇਵਕ, ਭਾਵ ਕਾਲ ਪੁਰਖ ਪ੍ਰਮਾਤਮਾ ਨਹੀਂ, ਇਹ ਵੀ ਇੱਕ ਦੇਵਤਾ ਹੈ। (ਮਹਾਨ ਕੋਸ਼ ਪੰਨਾਂ
੩੨੪)
"ਕਾਲ ਪੁਰਖ ਕਾ ਮਰਦੈ ਮਾਨ।।" ਭੈਰਉ ਕਬੀਰ ਜੀ, ਪੰਨਾਂ ੧੧੫੯
ਨੋਟ 7: ਕਲਿਕੋ/ਕਾਲਕਾ/ਕਾਲਿਕਾ ਦੇ ਅਰਥ: ਕਾਲੇ ਰੰਗ ਦੀ ਦੇਵੀ, ਕਾਲੀ।
1. "ਚੰਡੀ ਦਯੋ ਬਿਦਾਰ, ਸ੍ਰਉਨ ਪਾਨ ਕਾਲੀ ਕਰਯੋ।" ਮਹਾਨ ਕੋਸ਼
ਪੰਨਾਂ ੩੨੪
2. ਸੋਰਠਾ। "ਚੰਡੀ ਦਯੋ ਬਿਦਾਰ, ਸ੍ਰਉਨ ਪਾਨ ਕਾਲੀ ਕਰਯੋ।" ਛਿਨ ਮੈ ਡਾਰਿਓ
ਮਾਰ ਸ੍ਰਉਨਤ ਬਿੰਦ ਦਾਨਵ ਮਹਾਂ।੧੭੨।" ਇਤਿ ਸ੍ਰੀ ਮਾਰਕੰਡੇ ਪੁਰਾਣੇ ਸ੍ਰੀ ਚੰਡੀ ਚਰਿਤ੍ਰ ਉਕਤਿ
ਬਿਲਾਸ ਰਕਤਬੀਜ ਬਧਹਿ ਨਾਮ ਪੰਚਮੋ ਧਿਆਇ।੫। ਦਸਮ ਗ੍ਰੰਥ ਪੰਨਾਂ ੯੧
ਇਸ ਤਰ੍ਹਾਂ ਸਿੱਧ ਹੋਇਆ ਕਿ ਕਾਲਿਕਾ ਵੀ ਪ੍ਰਮਾਤਮਾ ਨਹੀਂ ਹੈ। ਇਹ ਇੱਕ
ਦੇਵੀ ਹੈ। ‘ਜਗਮਾਤਾ’, ‘ਭਗੌਤੀ’, ‘ਚੰਡੀ’, ‘ਕਾਲਕਾ’ ਅਤੇ ‘ਕਾਲਿਕਾ’ ਸ਼ਬਦ ਭੀ ਗੁਰੂ ਗ੍ਰੰਥ ਸਾਹਿਬ
ਵਿੱਚ ਕਿਤੇ ਨਹੀਂ ਮਿਲਦੇ।
ਨੋਟ 8: ਭਗਉਤੀ: ਭਾਈ ਕਹਨ ਸਿੰਘ ਨਾਭਾ ਅਨੁਸਾਰ, ਭਗਉਤੀ ਦਾ
ਅਰਥ ਪਾਰਬਤੀ, ਚੰਡੀ ਅਤੇ ਦੁਰਗਾ ਦੇਵੀ ਹੈ। ਗੁਰਮਤ ਮਾਰਤੰਡ ਪੰਨਾਂ ੭੩੩ ਗੁਰੂ ਗ੍ਰੰਥ ਸਾਹਿਬ ਵਿੱਚ
‘ਭਗਉਤੀ’ ਦਾ ਅਰਥ ਹੈ, ‘ਕਰਤਾਰ ਦਾ ਭਗਤ’ ਜਾਂ ‘ਭਗਤੀ ਕਰਨ ਵਾਲਾ’। ਸੋ ਭਗਉਤੀ ਜੋ ਭਗਵੰਤੈ
ਜਾਣੈ।। ਗੁਰਪਰਸਾਦੀ ਆਪੁ ਪਛਾਣੈ।। ਪੰਨਾਂ ੮੮ ਭਗਉਤੀ ਦਾ ਅਰਥ ਕਿਸੇ ਵੀ ਤਰ੍ਹਾਂ ਪ੍ਰਮਾਤਮਾ
ਨਹੀਂ ਹੋ ਸਕਦਾ।
ਕਾਲਕਾ: ਦਾ ਅਰਥ ‘ਜਗਮਾਤਾ’ ਅਤੇ ‘ਭਵਾਨੀ’ ਵੀ ਹੈ। ਭਵਾਨੀ ਵਾਰੇ ਗੁਰੂ
ਗ੍ਰੰਥ ਸਾਹਿਬ ਵਿੱਚ ਦਿੱਤੇ, ਭਗਤ ਨਾਮ ਦੇਵ ਜੀ ਦੇ ਹੇਠਾਂ ਦਿੱਤੇ ਵੀਚਾਰ ਪੜ੍ਹੋ ਜੀ; ਤੂ
ਕਹੀਅਤ ਹੀ ਆਦਿ ਭਵਾਨੀ।। ਮੁਕਤਿ ਕੀ ਬਰੀਆ ਕਹਾ ਛਪਾਨੀ।। ਪੰਨਾਂ ੮੭੪
ਅਰਥ: ਹੇ ਭਵਾਨੀ! ਤੂੰ ਆਪਣੇ ਆਪ ਨੂੰ ਸਾਰੇ ਸੰਸਾਰ ਦੀ ਮੁੱਢ
ਅਖਵਾਉਂਦੀ ਹੈਂ, ਪਰ ਆਪਣੇ ਭਗਤਾਂ ਨੂੰ ਮੁਕਤੀ ਵੇਲੇ ਤੂੰ ਭੀ ਕਿਤੇ ਛੁੱਪ ਜਾਂਦੀ ਹੈਂ ਭਾਵ ਤੂੰ ਭੀ
ਆਪਣੇ ਭਗਤਾਂ ਨੂੰ ਮੁਕਤੀ ਨਹੀਂ ਦੇ ਸਕਦੀ; ਮੁਕਤੀ ਦੇਣ ਵਾਲਾ ਕੇਵਲ ਪ੍ਰਮਾਤਮਾ ਹੀ ਹੈ।
ਸ਼ਿਵਾ/ਸ਼ਿਵਾਂ/ਪਾਰਬਤੀ/ਪਾਰਵਤੀ/ਚੰਡੀ/ਜਗਮਾਤਾ/ਭਗੌਤੀ: ਹਿਮਾਲਯ ਪਰਬਤ
ਦੀ ਪੁੱਤਰੀ; ਉਮਾ, ਜੋ ਸ਼ਿਵ ਨੂੰ ਵਿਆਹੀ ਗਈ ਸੀ। ਇਹ ਵੀ ਇੱਕ ਦੇਵੀ ਹੈ। ਜਪੁਜੀ ਵਿੱਚ ਗੁਰੂ ਨਾਨਕ
ਸਾਹਿਬ ਕਹਿੰਦੇ ਹਨ ਕਿ; ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ।। ਪੰਨਾਂ ੨
ਅਰਥ: ਗੁਰੂ ਹੀ ਮੇਰੇ ਲਈ ਲਈ ਸ਼ਿਵ ਹੈ, ਗੁਰੂ ਹੀ ਮੇਰੇ ਲਈ ਗੋਰਖ ਅਤੇ
ਬ੍ਰਹਮਾ ਅਤੇ ਗੁਰੂ ਹੀ ਮੇਰੇ ਲਈ ਪਾਰਬਤੀ ਮਾਈ ਹੈ।
ਨੋਟ 9: ਮਹਾਂਕਾਲ: 1. ਮਹਾਨ ਕੋਸ਼ ਦੇ ਪੰਨਾਂ 934 ਤੇ ਭਾਈ ਕਾਹਨ ਸਿੰਘ
ਨਾਭਾ ਅਨੁਸਾਰ ਕਾਲਿਕਾ ਪੁਰਾਨ ਅਨੁਸਾਰ ਮਹਾਂਕਾਲ ਸ਼ਿਵ ਦਾ ਇੱਕ ਪੁੱਤਰ ਹੈ। ਇੱਕ ਵਾਰ ਸ਼ਿਵ ਨੇ ਆਪਣਾ
ਵੀਰਯ ਅਗਨਿ ਵਿੱਚ ਅਸਥਾਪਨ ਕੀਤਾ। ਉਸ ਵੇਲੇ ਦੋ ਬੂੰਦਾਂ ਬਾਹਰ ਡਿੱਗ ਪਈਆਂ; ਇੱਕ ਬੂੰਦ ਤੋਂ
ਮਹਾਂਕਾਲ ਅਤੇ ਦੂਜੀ ਤੋਂ ਭ੍ਰਿੰਗੀ ਪੈਦਾ ਹੋਇਆ। ਗਯਾਨ ਹੂੰ ਕੇ ਗਯਾਤਾ ਮਹਾ ਬੁਧਿਤਾ ਕੇ ਦਾਤਾ
ਦੇਵ, ਕਾਲ ਹੂੰ ਕੇ ਕਾਲ ਮਹਾਕਾਲ ਹੂੰ ਕੇ ਕਾਲ ਹੈਂ। ਦਸਮ ਗ੍ਰੰਥ-ਅਕਾਲ ਉਸਤਤਿ, ਪੰਨਾਂ ੩੬
2. ਉੱਜੈਨ ਵਿੱਚ ਮਹਾਕਾਲ ਨਾਮਕ ਸ਼ਿਵਲਿੰਗ। ਮਹਾਨ ਕੋਸ਼ ਦੇ ਪੰਨਾਂ ੯੩੪
3. ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਰਤਨ ਸਿੰਘ ਜੱਗੀ ਅਨੁਸਾਰ
ਮਹਾਂਕਾਲ, ਸ਼ਿਵ ਦੇ ਅਨੇਕਾਂ ਰੂਪਾਂ ਇੱਕ ਭਿਆਨਕ ਰੂਪ ਹੈ ਜਿਸ ਨੂੰ ‘ਪ੍ਰਲਯੰਕਰ’ ਵੀ ਕਿਹਾ ਜਾਂਦਾ
ਹੈ । ‘ਸ਼ਿਵ ਪੁਰਾਣ (ਸ਼ਤਰੁਦ੍ਰ-ਸੰਹਿਤਾ) ਵਿੱਚ ਵਿਸ਼ਨੂੰ ਦੀ ਅਵਤਾਰ ਪਰੰਪਰਾ ਦੇ ਸਮਾਨਾਂਤਰ ਸ਼ਿਵ ਦੇ
ਵੀ ਦਸ ਅਵਤਾਰ ਕਲਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪਹਿਲਾ ਅਤੇ ਸਰਵ ਪ੍ਰਮੁਖ ਅਵਤਾਰ, ਮਹਾਕਾਲ
ਹੈ। ਇਸ ਦਾ ਨਾਮ ‘ਮਹਾਕਾਲ’, ਇਸ ਕਰਕੇ ਹੈ ਕਿ ਇਸ ਨੇ ਕਾਲ (ਮ੍ਰਿਤੂ) ਉੱਤੇ ਜਿੱਤ ਪ੍ਰਾਪਤ ਕੀਤੀ
ਹੋਈ ਦੱਸੀ ਗਈ ਹੈ। ਸ਼ਿਵ ਦੇ ਦਸਾਂ ਅਵਤਾਰਾਂ ਦੀਆਂ ਦਸ ਸ਼ਕਤੀਆਂ ਵੀ ਦੱਸੀਆਂ ਗਈਆਂ ਹਨ । ‘ਮਹਾਕਾਲ’
ਦੀ ਸ਼ਕਤੀ ਦਾ ਨਾਮ ‘ਮਹਾਕਾਲੀ’ ਹੈ। ਇਸ ਨੂੰ ‘ਕਾਲੀ’, ‘ਕਾਲਿਕਾ’ ਆਦਿ ਨਾਵਾਂ ਨਾਲ ਵੀ ਯਾਦ ਕੀਤਾ
ਜਾਂਦਾ ਹੈ। ‘ਮਹਾਕਾਲ’ ਅਤੇ ‘ਮਹਾਕਾਲੀ’, ਆਪਣੇ ਭਗਤਾਂ ਨੂੰ ਭਗਤੀ ਅਤੇ ਮੁਕਤੀ ਦੇਣ ਵਾਲੇ ਮੰਨੇ
ਜਾਂਦੇ ਹਨ। ਇਨ੍ਹਾਂ ਦੋਨ੍ਹਾਂ ਦੇ ਰੂਪ ਬਹੁਤ ਕਠੋਰ ਅਤੇ ਭਿਆਨਕ ਹਨ। ਇਹ ਰੂਪ, ਸ਼ਿਵ ਦੇ ਕਪਾਲਿਨ
ਰੂਪ ਨਾਲ ਬਹੁਤ ਸਮਾਨਤਾ ਰੱਖਦੇ ਹਨ। ਇਨ੍ਹਾਂ ਦੇ ਦੰਦ ਬਾਹਰ ਨੂੰ ਨਿਕਲੇ ਹੋਏ ਹੁੰਦੇ ਹਨ ਅਤੇ ਇਹ
ਹਰ ਪੱਖੋਂ ਡਰਾਉਣੇ ਲੱਗਦੇ ਹਨ। ਇਨ੍ਹਾਂ ਦੇ ਗਲੇ ਵਿੱਚ ਨਰ-ਮੁੰਡ ਦੀ ਭਾਵ ਮਨੁੱਖਾਂ ਦੀਆਂ ਹੱਡੀਆਂ
ਦੀ ਮਾਲਾ ਹੁੰਦੀ ਹੈ। ਇਹ ਹਰ ਵਕਤ ਨੰਗੇ ਰਹਿੰਦੇ ਹਨ। ਇਨ੍ਹਾਂ ਦਾ ਨਿਵਾਸ-ਸਥਾਨ ਸ਼ਮਸ਼ਾਨ-ਭੂਮੀ
ਹੁੰਦਾ ਹੈ। ਇਨ੍ਹਾਂ ਦਾ ਆਸਨ, ਸ਼ਵ-ਆਸਨ ਹੁੰਦਾ ਹੈ ਭਾਵ ਇਹ ਮੁਰਦੇ ਦੀ ਲਾਸ਼ ਉੱਤੇ ਬੈਠ ਕੇ ਬਹੁਤ
ਖੁਸ਼ ਹੁੰਦੇ ਹਨ। ਸ਼ਮਸ਼ਾਨ ਵਿੱਚੋਂ ਸੁਆਹ ਲੈ ਕੇ ਇਹ ਆਪਣੇ ਸਰੀਰ ਉੱਤੇ ਸੁਆਹ ਮਲਦੇ ਹਨ। ਸ਼ਿਵ ਦਾ
ਪ੍ਰਸਿੱਧ ਮੰਦਿਰ ਉਜੈਨ ਵਿੱਚ ਹੈ । ਮੂੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਯੋ ਗਲ ਮੈ ਅਸਿ
ਭਾਰੌ॥ ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੌ॥ ਛੁਟੇ ਹੈ ਬਾਲ ਮਹਾ ਬਿਕਰਾਲ ਬਿਸਾਲ
ਲਸੈ ਰਦ ਪੰਤਿ ਜ਼ਯਾਰੋ॥ ਛਾਡਤ ਜਵਾਲ ਲਏ ਕਰ ਬਿਯਾਲ ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ॥ ਦਸਮ ਗ੍ਰੰਥ
ਪੰਨਾਂ ੮੧੦
ਦਸਮ ਗ੍ਰੰਥ ਵਿੱਚ ਦੱਸਿਆ ਹੋਇਆ ‘ਮਹਾਕਾਲ’ ਦਾ ਰੂਪ ਪੌਰਾਣਿਕ ‘ਮਹਾਕਾਲ’ ਦੇ
ਰੂਪ ਨਾਲ ਬਹੁਤ ਸਮਾਨਤਾ ਰੱਖਦਾ ਹੈ। ‘ਬਚਿਤ੍ਰ-ਨਾਟਕ’ ਵਿੱਚ ਦੱਸੀ ਚਰਿਤ-ਨਾਇਕ ਵਲੋਂ ਪੂਰਵ ਜਨਮ
ਵਿੱਚ ‘ਮਹਾਕਾਲ’ ‘ਕਾਲਿਕਾ’ ਦੀ ਅਰਾਧਨਾ ਕੀਤੀ ਮੰਨੀ ਗਈ ਹੈ; "ਤਹ ਹਮ ਅਧਿਕ ਤਪਸਿਆ ਸਾਧੀ।।
ਮਹਾਕਾਲ ਕਾਲਕਾ ਆਰਾਧੀ ।। ਪੰਨਾਂ ੫੪-੫੫ ਚਰਿਤ੍ਰੋਪਾਖਿਆਨ ਦੇ ਚਰਿਤ੍ਰ ਨੰ. ੨੬੬ ਅਨੁਸਾਰ
‘ਮਹਾਕਾਲ’ ਦੀ ਦੀਖਿਆ ਭਾਵ ‘ਮਹਾਕਾਲ’ ਦਾ ਸਿੱਖ ਬਣਨ ਲਈ ‘ਖੰਡੇ ਦੀ ਪਾਹੁਲ’ ਦੀ ਥਾਂ ਤੇ ‘ਸ਼ਰਾਬ’
ਅਤੇ ‘ਭੰਗ’ ਪੀਣ ਨਾਲ ਪ੍ਰਾਪਤ ਕੀਤੀ ਜਾਂਦੀ ਦੱਸੀ ਗਈ ਹੈ, "ਇਹ ਛਲ ਸੌ ਮਿਸਰਹਿ ਛਲਾ ਪਾਹਨ ਦਏ
ਬਹਾਇ।। ਮਹਾਕਾਲ ਕੋ ਸਿਖਯ ਕਰਿ ਮਦਰਾ ਭਾਂਗ ਪਿਵਾਇ।।" ਦਸਮ ਗ੍ਰੰਥ ਪੰਨਾਂ ੧੨੧੦
ਪਰ ਖੰਡੇ ਦੀ ਪਾਹੁਲ ਲੈਣ ਵਾਸਤੇ ਇਹ ਜ਼ਰੂਰੀ ਅਤੇ ਪਹਿਲੀ ਸ਼ਰਤ ਹੈ ਕਿ
ਅਭਿਲਾਖੀ ਕਿਸੇ ਕਿਸਮ ਦਾ ਨਸ਼ਾ ਨਾ ਕਰਦਾ ਹੋਵੇ, ਅਮਲ ਕੇਵਲ ਪ੍ਰਸ਼ਾਦੇ ਦਾ। ਇਸ ਤਰ੍ਹਾਂ
ਮਹਾਨ ਕੋਸ਼ ਅਤੇ ਸਿੱਖ ਪੰਥ ਵਿਸ਼ਵਕੋਸ਼ ਮੁਤਾਬਕ ‘ਮਹਾਕਾਲ’ ‘ਅਕਾਲ ਪੁਰਖ’ ਨਹੀਂ, ਇੱਕ ਦੇਵਤਾ ਹੈ।
ਦਸਮ ਗ੍ਰੰਥ ਵਿੱਚ ਪੰਨਾਂ ੩੧੦ ਤੇ ‘ਮਹਾਕਾਲ’ ਦੇਵਤੇ ਦੀ ਓਟ ਲਈ ਗਈ ਹੈ। ਪ੍ਰਮਾਣ ਵਾਸਤੇ ਹੇਠ
ਲਿਖਿਆ ਪੜ੍ਹ ਲਵੋ;
ਮਹਾਂਕਾਲ ਰਖਵਾਰ ਹਮਾਰੋ ॥ ਮਹਾਂ ਲੋਹ ਮੈ ਕਿੰਕਰ ਥਾਰੋ ॥ ਅਪਨਾ ਜਾਨ ਕਰੋ
ਰਖਵਾਰ ॥ ਬਾਂਹ ਗਏ ਕੀ ਲਾਜ ਬਿਚਾਰ ॥੪੩੫॥ ਅਪਨਾ ਜਾਨ ਮੁਝੈ ਪ੍ਰਤਿਪਰੀਐ ॥ ਚੁਨ ਚੁਨ ਸਤ੍ਰੂ ਹਮਾਰੇ
ਮਰੀਐ ॥ ਦੇਗ ਤੇਗ ਜਗ ਮੈ ਦੋਊ ਚਲੈ ॥ ਰਾਖ ਆਪ ਮੁਹਿ ਅਵਰ ਨ ਦਲੈ ॥੪੩੬॥ ਤੁਮ ਮਮ ਕਰੋ ਸਦਾ
ਪ੍ਰਤਿਪਾਰਾ ॥ ਤੁਮ ਸਾਹਿਬ ਮੈ ਦਾਸ ਤਿਹਾਰਾ ॥ ਜਾਨ ਅਪਨਾ ਮੁਝੈ ਨਿਵਾਜ ॥ ਆਪ ਕਰੋ ਹਮਰੇ ਸਭ ਕਾਜ
॥੪੩੭॥ ਤੁਮ ਹੋ ਸਭ ਰਾਜਨ ਕੇ ਰਾਜਾ ॥ ਆਪੇ ਆਪ ਗਰੀਬ ਨਿਵਾਜਾ ॥ ਦਾਸ ਜਾਨ ਕਰ ਕ੍ਰਿਪਾ ਕਰੋ ਮੁਹਿ ॥
ਹਾਰ ਪਰਾ ਮੈ ਆਨ ਦ੍ਵਾਰ ਤੁਹਿ ॥੪੩੮॥ ਅਪਨਾ ਜਾਨ ਕਰੋ ਪ੍ਰਤਿਪਾਰਾ ॥ ਤੁਮ ਸਾਹਿਬ ਮੈ ਕਿੰਕਰ ਥਾਰਾ
॥ ਦਾਸ ਜਾਨ ਦੈ ਹਾਥ ੳਬਾਰੋ ॥ ਹਮਰੇ ਸਭ ਬੈਰਿਨ ਸੰਘਾਰੋ ॥੪੩੯॥ ਪ੍ਰਥਮਿ ਧਰੋ ਭਵਤ ਕੋ ਧ੍ਯਾਨਾ॥
ਬਹੁਰਿ ਕਰੋ ਕਬਿਤਾ ਬਿਧਿ ਨਾਨਾ॥ ਕ੍ਰਿਸਨ ਜਥਾਮਤਿ ਚਰਿਤ੍ਰ ਉਚਾਰੋ॥ ਚੂਕ ਹੋਇ ਕਬਿ ਲੇਹੁ
ਸੁਧਾਰੋ॥੪੪੦॥ ਇਤਿ ਸ੍ਰੀ ਦੇਵੀ ਉਸਤਤਿ ਸਮਾਪਤ ।। ਦਸਮ ਗ੍ਰੰਥ ਪੰਨਾਂ ੩੧੦
ਇਸ ਤਰ੍ਹਾਂ ਸਿੱਧ ਹੋਇਆ ਕਿ ‘ਅਸਿਪਾਨ’, ‘ਅਸਿਧੁਜ’, ‘ਅਸਿਕੇਤ’,
‘ਖੜਗਕੇਤ’, ‘ਖੜਗਧੁਜ’, ‘ਮਹਾਕਾਲ’, ‘ਚੰਡੀ’, ‘ਕਾਲਕਾ’, ਅਤੇ ‘ਕਾਲਿਕਾ’ ਆਦਿ ਵਿੱਚੋਂ ਕੋਈ ਵੀ
ਰੱਬ ਨਹੀਂ। ਇਹ ਸਾਰੇ ਦੇਵੀ ਅਤੇ ਦੇਵਤੇ ਹੀ ਹਨ। ਇਹ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਨਹੀਂ
ਮਿਲਦੇ। ਗੁਰੂ ਗ੍ਰੰਥ ਵਿੱਚ ਸ਼ਬਦ, ‘ਮਹਾਂ ਮਾਈ’, ‘ਅਹੋਈ’, ‘ਭਵਾਨੀ’ ਅਤੇ ‘ਭਗਓਤੀ’ ਮਿਲਦੇ ਹਨ ਜੋ
ਕਿ ਦੇਵੀ ਦੇ ਸੂਚਕ ਹਨ। ਸਿੱਖ ਕਿਸੇ ਦੇਵੀ-ਦੇਵਤੇ ਦੀ ਪੂਜਾ ਨਹੀਂ ਕਰਦਾ। ਸਿੱਖ ਤਾਂ ਕੇਵਲ ਇੱਕ
ਅਕਾਲਪੁਰਖ ਦਾ ਹੀ ਪੂਜਾਰੀ ਹੈ। ਆਪਣਾ ਇਹ ਲੇਖ ਖਤਮ ਕਰਨ ਤੋਂ ਪਹਿਲਾਂ ਅਸੀਂ ਗੁਰੂ ਗ੍ਰੰਥ ਵਿੱਚ
ਦੇਵੀ-ਦੇਵਤਿਆਂ ਵਾਰੇ ਕੁੱਝ ਵੀਚਾਰ ਸਾਂਝੇ ਕਰਨਾ ਚਾਹੁੰਦੇ ਹਾਂ। ੧. ਸਲੋਕੁ ਮਃ ੧ ॥ ਹਮ ਜੇਰ
ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ ॥ ਮੇ ਰਵਦਿ ਬਾਦਿਸਾਹਾ ਅਫਜੂ ਖੁਦਾਇ ॥ ਏਕ ਤੂਹੀ ਏਕ ਤੁਹੀ ॥੧॥
ਪੰਨਾਂ ੧੪੩
ਅਰਥ: ਪੀਰ, ਸ਼ੇਖ਼, ਰਾਇ ਆਦਿ ਸਾਰੀ ਦੁਨੀਆਂ ਅੰਤ ਨੂੰ ਧਰਤੀ ਦੇ ਥੱਲੇ ਆ
ਜਾਂਦੇ ਹਨ, ਇਸ ਧਰਤੀ ਉੱਤੇ ਹੁਕਮ ਕਰਨ ਵਾਲੇ ਬਾਦਸ਼ਾਹ ਭੀ ਨਾਸ਼ ਹੋ ਜਾਂਦੇ ਹਨ, ਸਦਾ ਟਿਕੇ ਰਹਿਣ
ਵਾਲਾ, ਹੇ ਖ਼ੁਦਾ ! ਇੱਕ ਤੂੰ ਹੀ ਹੈਂ, ਇੱਕ ਤੂੰ ਹੀ ਹੈਂ।
ਮਃ ੧ ॥ ਨ ਦੇਵ ਦਾਨਵਾ ਨਰਾ ॥ ਨ ਸਿਧ ਸਾਧਿਕਾ ਧਰਾ ॥ ਅਸਤਿ ਏਕ ਦਿਗਰਿ ਕੁਈ
॥ ਏਕ ਤੁਈ ਏਕ ਤੁਈ ॥੨॥
ਅਰਥ: ਨਾ ਦੇਵਤੇ, ਨਾ ਦੈਂਤ, ਨਾ ਮਨੁੱਖ, ਨਾ ਜੋਗ-ਸਾਧਨਾਂ ਵਿੱਚ ਪੁੱਗੇ
ਜੋਗੀ, ਨਾ ਜੋਗ-ਸਾਧਨ ਕਰਨ ਵਾਲੇ ਜੋਗੀ, ਕੋਈ ਭੀ ਧਰਤੀ ਤੇ ਨਾ ਰਿਹਾ। ਸਦਾ-ਥਿਰ ਰਹਿਣ ਵਾਲਾ ਹੋਰ
ਦੂਜਾ ਕੋਈ ਨਹੀਂ ਹੈ। ਸਦਾ ਕਾਇਮ ਰਹਿਣ ਵਾਲਾ, ਹੇ ਪ੍ਰਭੂ ! ਇੱਕ ਤੂੰ ਹੀ ਹੈਂ, ਇੱਕ ਤੂੰ ਹੀ ਹੈਂ।
ਮਃ ੧ ॥ ਨ ਦਾਦੇ ਦਿਹੰਦ ਆਦਮੀ ॥ ਨ ਸਪਤ ਜੇਰ ਜਿਮੀ ॥ ਅਸਤਿ ਏਕ ਦਿਗਰਿ ਕੁਈ
॥ ਏਕ ਤੁਈ ਏਕ ਤੁਈ ॥੩॥ ਪੰਨਾਂ ੧੪੪}
ਅਰਥ: ਇਨਸਾਫ਼ ਕਰਨ ਵਾਲੇ ਅਤੇ ਦੂਜਿਆਂ ਦੇ ਝਗੜੇ ਨਿਬੇੜਨ ਵਾਲੇ ਆਦਮੀ ਸਦਾ
ਟਿਕੇ ਰਹਿਣ ਵਾਲੇ ਨਹੀਂ ਹਨ, ਨਾ ਹੀ ਧਰਤੀ ਅਤੇ ਪਤਾਲ ਸਦਾ ਰਹਿ ਸਕਦੇ ਹਨ। ਸਦਾ ਰਹਿਣ ਵਾਲਾ ਹੋਰ
ਦੂਜਾ ਕੋਈ ਨਹੀਂ ਹੈ। ਹੇ ਪ੍ਰਭੂ ! ਸਦਾ ਕਾਇਮ ਰਹਿਣ ਵਾਲਾ ਕੇਵਲ ਇੱਕ ਤੂੰ ਹੀ ਹੈ।
ਮਃ ੧ ॥ ਨ ਸੂਰ ਸਸਿ ਮੰਡਲੋ ॥ ਨ ਸਪਤ ਦੀਪ ਨਹ ਜਲੋ ॥ ਅੰਨ ਪਉਣ ਥਿਰੁ ਨ
ਕੁਈ ॥ ਏਕੁ ਤੁਈ ਏਕੁ ਤੁਈ ॥੪॥
ਅਰਥ: ਨਾ ਸੂਰਜ, ਨਾ ਚੰਦ, ਨਾ ਇਹ ਦਿੱਸਦਾ ਆਕਾਸ਼, ਨਾ ਧਰਤੀ ਦੇ ਸੱਤ ਦੀਪ,
ਨਾ ਪਾਣੀ, ਨ ਅੰਨ, ਨਾ ਹਵਾ; ਕੋਈ ਭੀ ਸਦਾ ਥਿਰ ਰਹਿਣ ਵਾਲਾ ਨਹੀਂ ਹੈ। ਸਦਾ ਰਹਿਣ ਵਾਲਾ, ਹੇ
ਪ੍ਰਭੂ ! ਇੱਕ ਤੂੰ ਹੀ ਹੈਂ, ਇੱਕ ਤੂੰ ਹੀ ਹੈਂ।
ਮਃ ੧ ॥ ਨ ਰਿਜਕੁ ਦਸਤ ਆ ਕਸੇ ॥ ਹਮਾ ਰਾ ਏਕੁ ਆਸ ਵਸੇ ॥ ਅਸਤਿ ਏਕੁ ਦਿਗਰ
ਕੁਈ ॥ ਏਕ ਤੁਈ ਏਕੁ ਤੁਈ ॥੫॥
ਅਰਥ: ਜੀਵਾਂ ਦਾ ਰਿਜ਼ਕ ਪ੍ਰਮਾਤਮਾ ਤੋਂ ਬਿਨ੍ਹਾਂ ਕਿਸੇ ਹੋਰ ਦੇ ਹੱਥ ਵਿੱਚ
ਨਹੀਂ ਹੈ। ਸਭ ਜੀਵਾਂ ਨੂੰ, ਬੱਸ, ਕੇਵਲ ਇੱਕ ਪ੍ਰਭੂ ਦੀ ਆਸ ਹੀ ਹੈ ਕਿਉਂਕਿ ਸਦਾ-ਥਿਰ ਰਹਿਣ ਵਾਲਾ
ਹੋਰ ਕੋਈ ਵੀ ਨਹੀਂ ਹੈ। ਸਦਾ ਰਹਿਣ ਵਾਲਾ, ਹੇ ਪ੍ਰਭੂ ! ਇੱਕ ਤੂੰ ਹੀ ਹੈਂ।
ਮਃ ੧ ॥ ਪਰੰਦਏ ਨ ਗਿਰਾਹ ਜਰ ॥ ਦਰਖਤ ਆਬ ਆਸ ਕਰ ॥ ਦਿਹੰਦ ਸੁਈ ॥ ਏਕ ਤੁਈ
ਏਕ ਤੁਈ ॥੬॥
ਅਰਥ: ਪੰਛੀ ਧਨ ਨਹੀਂ ਜੋੜਦੇ, ਉਹ ਤਾਂ ਪ੍ਰਭੂ ਦੇ ਬਣਾਏ ਹੋਏ ਰੁੱਖਾਂ ਅਤੇ
ਪਾਣੀ ਦਾ ਆਸਰਾ ਹੀ ਲੈਂਦੇ ਹਨ, ਉਨ੍ਹਾਂ ਨੂੰ ਰੋਜ਼ੀ ਦੇਣ ਵਾਲਾ ਭੀ ਕੇਵਲ ਉਹ ਪ੍ਰਭੂ ਆਪ ਹੀ ਹੈ। ਹੇ
ਪ੍ਰਭੂ ! ਇਨ੍ਹਾਂ ਪੰਛੀਆਂ ਦਾ ਰਿਜ਼ਕ-ਦਾਤਾ ਇੱਕ ਤੂੰ ਹੀ ਹੈਂ, ਇੱਕ ਤੂੰ ਹੀ ਹੈਂ।
ਮਃ ੧ ॥ ਨਾਨਕ ਲਿਲਾਰਿ ਲਿਖਿਆ ਸੋਇ ॥ ਮੇਟਿ ਨ ਸਾਕੈ ਕੋਇ ॥ ਕਲਾ ਧਰੈ ਹਿਰੈ
ਸੁਈ ॥ ਏਕੁ ਤੁਈ ਏਕੁ ਤੁਈ ॥੭॥
ਅਰਥ: ਹੇ ਨਾਨਕ ! ਜੀਵ ਦੇ ਮੱਥੇ ਉੱਤੇ ਜੋ ਕੁੱਝ ਪ੍ਰਭੂ ਵਲੋਂ ਲਿਖਿਆ ਗਿਆ
ਹੈ, ਉਸ ਨੂੰ ਕੋਈ ਮੇਟ ਨਹੀਂ ਸਕਦਾ। ਜੀਵ ਦੇ ਅੰਦਰ ਪ੍ਰਭੂ ਹੀ ਸੱਤਿਆ ਪਾਉਂਦਾ ਹੈ, ਪ੍ਰਭੂ ਹੀ
ਜੀਵਾਂ ਤੋਂ ਸੱਤਿਆ ਖੋਹ ਲੈਂਦਾ ਹੈ। ਹੇ ਪ੍ਰਭੂ ! ਜੀਵਾਂ ਨੂੰ ਸੱਤਿਆ ਦੇਣ ਅਤੇ ਖੋਹ ਲੈਣ ਵਾਲਾ
ਇੱਕ ਤੂੰ ਹੀ ਹੈਂ, ਇੱਕ ਤੂੰ ਹੀ ਹੈਂ।
੨. ਗਉੜੀ ਬਾਵਨ ਅਖਰੀ ਮ. ੫ ਪਉੜੀ ॥ ਭਭਾ ਭਰਮੁ ਮਿਟਾਵਹੁ ਅਪਨਾ ॥
ਇਆ ਸੰਸਾਰੁ ਸਗਲ ਹੈ ਸੁਪਨਾ ॥ ਭਰਮੇ ਸੁਰਿ ਨਰ ਦੇਵੀ ਦੇਵਾ ॥ ਭਰਮੇ ਸਿਧ ਸਾਧਿਕ ਬ੍ਰਹਮੇਵਾ ॥ ਭਰਮਿ
ਭਰਮਿ ਮਾਨੁਖ ਡਹਕਾਏ ॥ ਦੁਤਰ ਮਹਾ ਬਿਖਮ ਇਹ ਮਾਏ ॥ ਗੁਰਮੁਖਿ ਭ੍ਰਮ ਭੈ ਮੋਹ ਮਿਟਾਇਆ ॥ ਨਾਨਕ ਤੇਹ
ਪਰਮ ਸੁਖ ਪਾਇਆ ॥੪੦॥ ਪੰਨਾਂ ੨੫੮
ਅਰਥ: ਹੇ ਭਾਈ ! ਜਿਵੇਂ ਸੁਪਨੇ ਵਿੱਚ ਕਈ ਪਦਾਰਥਾਂ ਨਾਲ ਵਾਹ ਪੈਂਦਾ ਹੈ,
ਪਰ ਜਾਗਦਿਆਂ ਹੀ ਉਨ੍ਹਾਂ ਦਾ ਸਾਥ ਮੁੱਕ ਜਾਂਦਾ ਹੈ, ਉਸੇ ਤਰ੍ਹਾਂ ਹੀ ਇਸ ਸਾਰੇ ਸੰਸਾਰ ਦਾ ਸਾਥ
ਹੈ, ਇਸ ਦੇ ਪਿੱਛੇ ਭਟਕਣ ਦਾ ਭਰਮ ਮਿਟਾ ਦਿਉ। ਅਸੀਂ ਸੁਣਦੇ ਰਹਿੰਦੇ ਹਾਂ ਕਿ ਇਸ ਮਾਇਆ ਦੇ
ਚੋਜ-ਤਮਾਸ਼ਿਆਂ ਦੀ ਖ਼ਾਤਰ ਜੀਵ, ਮਨੁੱਖ, ਦੇਵੀ ਅਤੇ ਦੇਵਤੇ ਖ਼ੁਆਰ ਹੁੰਦੇ ਹਨ, ਵੱਡੇ-ਵੱਡੇ ਸਾਧਨਾਂ
ਵਿੱਚ ਪੁੱਗੇ ਹੋਏ ਜੋਗੀ, ਸਾਧਨਾ ਕਰਨ ਵਾਲੇ ਜੋਗੀ, ਬ੍ਰਹਮਾ ਵਰਗੇ ਭੀ ਇਨ੍ਹਾਂ ਦੇ ਪਿੱਛੇ ਭਟਕਦੇ
ਰਹੇ ਅਤੇ ਧਰਤੀ ਦੇ ਬੰਦੇ ਮਾਇਕ ਪਦਾਰਥਾਂ ਦੀ ਖ਼ਾਤਰ ਭਟਕ ਕੇ ਧੋਖੇ ਵਿੱਚ ਆਉਂਦੇ ਰਹੇ ਹਨ। ਇਹ ਮਾਇਆ
ਇੱਕ ਐਸਾ ਔਖਾ ਸਮੁੰਦਰ ਹੈ ਜਿਸ ਵਿੱਚੋਂ ਤਰਨਾ ਬਹੁਤ ਕਠਨ ਹੈ। ਹੇ ਨਾਨਕ ! ਜਿਨ੍ਹਾਂ ਜੀਵਾਂ ਨੇ
ਗੁਰੂ ਦੀ ਸ਼ਰਨ ਪੈ ਕੇ ਮਾਇਆ ਦੀ ਭਟਕਣਾ, ਸਹਮ ਅਤੇ ਮੋਹ ਆਪਣੇ ਅੰਦਰੋਂ ਮਿਟਾ ਲਿਆ, ਉਨ੍ਹਾਂ ਨੇ ਸਭ
ਤੋਂ ਸ੍ਰੇਸ਼ਟ ਆਤਮਕ ਆਨੰਦ ਹਾਸਲ ਕਰ ਲਿਆ ਹੈ।
੩. ਵਡਹੰਸੁ ਮਹਲਾ ੩ ॥ ਅੰਮ੍ਰਿਤ ਨਾਮੁ ਸਦ ਮੀਠਾ ਲਾਗਾ ਗੁਰ ਸਬਦੀ ਸਾਦੁ
ਆਇਆ ॥ ਸਚੀ ਬਾਣੀ ਸਹਜਿ ਸਮਾਣੀ ਹਰਿ ਜੀਉ ਮਨਿ ਵਸਾਇਆ ॥੧॥ ਹਰਿ ਕਰਿ ਕਿਰਪਾ ਸਤਗੁਰੂ ਮਿਲਾਇਆ ॥
ਪੂਰੈ ਸਤਗੁਰਿ ਹਰਿ ਨਾਮੁ ਧਿਆਇਆ ॥੧॥ ਰਹਾਉ ॥ ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ॥
ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ ॥੨॥ ਕਿਸਨੁ ਸਦਾ ਅਵਤਾਰੀ ਰੂਧਾ ਕਿਤੁ
ਲਗਿ ਤਰੈ ਸੰਸਾਰਾ ॥ ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ ਚੂਕੈ ਮੋਹ ਗੁਬਾਰਾ ॥੩॥ ਸਤਗੁਰ ਸੇਵਾ ਤੇ
ਨਿਸਤਾਰਾ ਗੁਰਮੁਖਿ ਤਰੈ ਸੰਸਾਰਾ ॥ ਸਾਚੈ ਨਾਇ ਰਤੇ ਬੈਰਾਗੀ ਪਾਇਨਿ ਮੋਖ ਦੁਆਰਾ ॥੪॥ ਏਕੋ ਸਚੁ
ਵਰਤੈ ਸਭ ਅੰਤਰਿ ਸਭਨਾ ਕਰੇ ਪ੍ਰਤਿਪਾਲਾ ॥ ਨਾਨਕ ਇਕਸੁ ਬਿਨੁ ਮੈ ਅਵਰੁ ਨ ਜਾਣਾ ਸਭਨਾ ਦੀਵਾਨੁ
ਦਇਆਲਾ ॥੫॥ ਪੰਨਾਂ ੫੫੯
ਅਰਥ: ਹੇ ਭਾਈ ! ਪ੍ਰਮਾਤਮਾ ਨੇ ਕ੍ਰਿਪਾ ਕਰ ਕੇ ਜਿਸ ਪ੍ਰਾਣੀ ਨੂੰ ਗੁਰੂ
ਮਿਲਾ ਦਿੱਤਾ, ਉਸ ਨੇ ਪੂਰੇ ਗੁਰੂ ਦੀ ਰਾਹੀਂ ਪ੍ਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ।੧।
ਰਹਾਉ। ਜਿਸ ਨੂੰ ਗੁਰੂ ਮਿਲ ਪਿਆ, ਉਸ ਨੂੰ ਆਤਮਕ ਜੀਵਨ ਦੇਣ ਵਾਲਾ ਹਰੀ ਦਾ ਨਾਮ ਸਦਾ ਮਿੱਠਾ ਲੱਗਣ
ਲੱਗ ਗਿਆ, ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਨੂੰ ਹਰੀ ਨਾਮ ਦਾ ਸੁਆਦ ਆਉਣ ਲੱਗ ਪਿਆ, ਸਦਾ-ਥਿਰ
ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਆਤਮਕ ਅਡੋਲਤਾ ਵਿੱਚ ਉਸ ਦੀ ਲੀਨਤਾ ਹੋ ਗਈ; ਉਸ ਨੇ
ਪ੍ਰਮਾਤਮਾ ਨੂੰ ਆਪਣੇ ਮਨ ਵਿੱਚ ਪ੍ਰੋ ਲਿਆ। ਕਹਿੰਦੇ ਹਨ ਕਿ ਬ੍ਰਹਮਾ ਨੇ ਵੇਦਾਂ ਦੀ ਬਾਣੀ ਪਰਗਟ
ਕੀਤੀ ਪਰ ਉਸ ਨੇ ਭੀ ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਿਆ, ਕਹਿੰਦੇ ਹਨ ਕਿ ਮਹਾਂਦੇਉ ਆਤਮਕ
ਜੀਵਨ ਦੀ ਸੂਝ ਵਾਲਾ ਹੈ ਅਤੇ ਉਹ ਆਪਣੇ ਹਿਰਦੇ-ਘਰ ਵਿੱਚ ਮਸਤ ਰਹਿੰਦਾ ਹੈ, ਪਰ ਉਸ ਦੇ ਅੰਦਰ ਭੀ
ਬੜਾ ਕ੍ਰੋਧ ਅਤੇ ਹੰਕਾਰ ਹੈ। ਵਿਸ਼ਨੂੰ ਸਦਾ ਅਵਤਾਰ ਧਾਰਨ ਵਿੱਚ ਹੀ ਰੁੱਝਿਆ ਹੋਇਆ ਦੱਸਿਆ ਗਿਆ ਹੈ।
ਤਾਂ ਫਿਰ ਸੰਸਾਰ ਦੇ ਲੋਕ ਕਿਸ ਦੇ ਚਰਨੀਂ ਲੱਗ ਕੇ ਪਾਰ ਲੰਘਣ? ਜਿਹੜੇ ਪ੍ਰਾਣੀ ਸੰਸਾਰ ਵਿੱਚ
ਗੁਰੂ-ਸ਼ਰਨ ਪੈ ਕੇ ਆਤਮਕ ਗਿਆਨ ਵਿੱਚ ਰੰਗੇ ਰਹਿੰਦੇ ਹਨ, ਉਨ੍ਹਾਂ ਦੇ ਅੰਦਰੋਂ ਮੋਹ ਦਾ ਘੁੱਪ ਹਨੇਰਾ
ਦੂਰ ਹੋ ਜਾਂਦਾ ਹੈ। ਹੇ ਭਾਈ ! ਗੁਰੂ ਦੀ ਦੱਸੀ ਸੇਵਾ-ਭਗਤੀ ਦੀ ਬਰਕਤ ਨਾਲ ਹੀ ਪਾਰ-ਉਤਾਰਾ ਹੁੰਦਾ
ਹੈ, ਗੁਰੂ ਦੀ ਸ਼ਰਨ ਪੈ ਕੇ ਹੀ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਦਾ ਹੈ। ਗੁਰੂ ਦੀ ਰਾਹੀਂ
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਜੀਵ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਜਾਂਦੇ ਹਨ, ਅਤੇ,
ਮਾਇਆ ਦੇ ਮੋਹ ਤੋਂ ਖ਼ਲਾਸ ਹੋ ਜਾਂਦੇ ਹਨ। ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਇਹ ਸਮਝ ਆ ਜਾਂਦੀ ਹੈ ਕਿ
ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਹੀ ਹੈ ਜੋ ਸਭ ਜੀਵਾਂ ਦੀ ਪਾਲਣਾ ਕਰਦਾ ਹੈ। ਹੇ ਨਾਨਕ ! ਇੱਕ
ਪ੍ਰਮਾਤਮਾ ਤੋਂ ਬਿਨ੍ਹਾਂ ਮੈਂ ਕਿਸੇ ਹੋਰ ਨੂੰ ਉਸ ਵਰਗਾ ਨਹੀਂ ਸਮਝਦਾ, ਕੇਵਲ ਪ੍ਰਮਾਤਮਾ ਹੀ ਦਇਆ
ਦਾ ਘਰ ਅਤੇ ਸਭ ਜੀਵਾਂ ਦਾ ਆਸਰਾ ਹੈ।
੪. ਦੇਵੀਆ ਨਹੀ ਜਾਨੈ ਮਰਮ ॥ ਸਭ ਊਪਰਿ ਅਲਖ ਪਾਰਬ੍ਰਹਮ ॥ ਪੰਨਾਂ ੮੯੪
੫. ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਰਾਤਿ ਜਗਾਵਨ ਜਾਇ ॥ ਸਰਪਨਿ ਹੋਇ ਕੈ
ਅਉਤਰੈ ਜਾਏ ਅਪੁਨੇ ਖਾਇ ॥੧੦੭॥
੬. ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ ॥ ਗਦਹੀ ਹੋਇ ਕੈ
ਅਉਤਰੈ ਭਾਰੁ ਸਹੈ ਮਨ ਚਾਰਿ ॥੧੦੮॥ ਪੰਨਾਂ ੧੩੭੦
੭. ਗੋਂਡ ॥ ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥
ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥ ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥
ਬਰਦ ਚਢੇ ਡਉਰੂ ਢਮਕਾਵੈ ॥੨॥ ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥੩॥ ਤੂ ਕਹੀਅਤ
ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥ ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ
ਇਉ ਕਹੈ ਗੀਤਾ ॥੫॥ ਪੰਨਾਂ ੮੭੪
ਅੰਤ ਵਿੱਚ ਕੇਵਲ ਪ੍ਰਭੂ-ਸਿਮਰਨ ਦੇ ਲਾਭ ਦੱਸ ਕੇ ਇਸ ਲੇਖ ਦੀ ਸਮਾਪਤੀ ਕਰਦੇ
ਹਾਂ;
ਜਪਿ ਗੋਬਿੰਦੁ ਗੋਪਾਲ ਲਾਲੁ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ
ਕਾਲੁ॥੧॥ ਰਹਾਉ॥ ਕੋਟਿ ਜਨਮ ਭ੍ਰਮਿ ਭ੍ਰਮਿ ਭ੍ਰਮਿ ਆਇਓ ॥ ਬਡੈ ਭਾਗਿ ਸਾਧਸੰਗੁ ਪਾਇਓ ॥੧॥ ਬਿਨੁ
ਗੁਰ ਪੂਰੇ ਨਾਹੀ ਉਧਾਰੁ ॥ ਬਾਬਾ ਨਾਨਕੁ ਆਖੈ ਏਹੁ ਬੀਚਾਰੁ ॥੨॥ ਪੰਨਾਂ ੮੮੫
ਪਦ ਅਰਥ: ਤੂੰ ਜੀਵਹਿ-ਤੈਨੂੰ ਆਤਮਕ ਜੀਵਨ ਮਿਲਿਆ ਰਹੇਗਾ; ਮਹਾ ਕਾਲੁ-ਭਿਆਨਕ
ਆਤਮਕ ਮੌਤ; ਕੋਟਿ-ਕ੍ਰੋੜਾਂ; ਭ੍ਰਮਿ ਭ੍ਰਮਿ ਭ੍ਰਮਿ-ਮੁੜ ਮੁੜ ਕੇ; ਆਇਓ-ਤੂੰ ਇਸ ਜਨਮ ਵਿੱਚ ਆਇਆ
ਹੈਂ; ਵਡੈ ਭਾਗਿ-ਵੱਡੀ ਕਿਸਮਤ ਨਾਲ; ਪਾਇਓ-ਤੂੰ ਹਾਸਲ ਕੀਤਾ ਹੈ; ਸਾਧ ਸੰਗੁ-ਗੁਰੂ ਦਾ ਸਾਥ;
ਉਧਾਰੁ-ਪਾਰ-ਉਤਾਰਾ।
ਅਰਥ: ਹੇ ਭਾਈ ! ਧਰਤੀ ਦੇ ਮਾਲਕ ਪ੍ਰਭੂ ਦਾ ਨਾਮ ਜਪਿਆ ਕਰ, ਸੋਹਣੇ
ਗੋਪਾਲ ਦਾ ਨਾਮ ਜਪਿਆ ਕਰ। ਹੇ ਭਾਈ! ਪ੍ਰਮਾਤਮਾ ਦਾ ਨਾਮ ਸਿਮਰਿਆ ਕਰ। ਜਿਉਂ-ਜਿਉਂ ਤੂੰ ਪ੍ਰਭੂ ਦਾ
ਨਾਮ ਸਿਮਰੇਂਗਾ, ਤੈਨੂੰ ਉੱਚਾ ਆਤਮਕ ਜੀਵਨ ਮਿਲਦਾ ਜਾਵੇਗਾ। ਇਸ ਤਰ੍ਹਾਂ ਪ੍ਰਭੂ ਦੇ ਨਾਮ-ਸਿਮਰਨ
ਨਾਲ ਫਿਰ ਆਤਮਕ ਮੌਤ ਤੇਰੇ ਆਤਮਕ ਜੀਵਨ ਨੂੰ ਕਦੇ ਵੀ ਮੁਕਾ ਨਹੀਂ ਸਕੇਗੀ।੧। ਰਹਾਉ। ਹੇ ਭਾਈ !
ਅਨੇਕਾਂ ਕਿਸਮਾਂ ਦੇ ਕ੍ਰੋੜਾਂ ਜਨਮਾਂ ਵਿੱਚ ਭਟਕ ਕੇ ਹੁਣ ਤੂੰ ਮਨੁੱਖਾ ਜਨਮ ਮਿਲਿਆ ਹੈ ਅਤੇ ਤੇਰੀ
ਵੱਡੀ ਕਿਸਮਤ ਨਾਲ ਇਸੇ ਜੀਵਨ ਵਿੱਚ ਹੀ ਤੈਨੂੰ ਗੁਰੂ ਦਾ ਸਾਥ ਭੀ ਮਿਲ ਗਿਆ ਹੈ। ਇਸ ਲਈ ਹੇ ਭਾਈ !
ਗੁਰੂ ਨਾਨਕ ਸਾਹਿਬ ਦੇ ਪੰਵੇਂ ਸਰੂਪ, ਗੁਰੂ ਅਰਜਨ ਸਾਹਿਬ, ਤੈਨੂੰ ਇਹ ਵਿਚਾਰ ਦੀ ਗੱਲ ਦੱਸਦੇ ਹਨ
ਕਿ ਪੂਰੇ ਗੁਰੂ ਦੀ ਸ਼ਰਨ ਪੈਣ ਤੋਂ ਬਗੈਰ ਤੇਰਾ ਪਾਰ-ਉਤਾਰਾ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ
ਵਿੱਚ ਸ਼ਬਦ, ਮਹਾ ਕਾਲ ਕੇਵਲ ਇੱਕ ਵਾਰ ਕੇਵਲ ਇਸ ਸ਼ਬਦ ਵਿੱਚ ਹੀ ਆਇਆ ਹੈ, ਜਿਸ ਦਾ ਅਰਥ ਭਿਆਨਕ ਆਤਮਕ
ਮੌਤ ਜਾਂ ਮਹਾਂਕਾਲ ਦੇਵਤਾ ਹੈ। ਗੁਰੂ ਨਾਨਕ ਸਾਹਿਬ ਦੇ ਦਸਮੇਂ ਸਰੂਪ, ਗੁਰੂ ਗੋਬਿੰਦ ਸਿੰਘ ਸਾਹਿਬ,
‘ਜਗਮਾਤਾ’, ‘ਭਵਾਨੀ’, ‘ਚੰਡੀ’, ਭਗੌਤੀ’, ‘ਕਾਲਕਾ’, ‘ਕਾਲਿਕਾ’, ਅਤੇ ‘ਮਹਾ ਕਾਲ’ ਨੂੰ ਪ੍ਰਮਾਤਮਾ
ਕਹਿ ਕੇ ਅਜਿਹੀ ਬੱਜਰ ਗਲਤੀ ਨਹੀਂ ਸਨ ਕਰ ਸਕਦੇ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਹਨ ਜਿਨ੍ਹਾਂ
ਨੇ ਆਪਣਾ ਸਰੀਰਕ ਜਾਮਾਂ ਛੱਡਣ ਤੋਂ ਪਹਿਲਾਂ ਸਿੱਖਾਂ ਨੂੰ ਹੁਕਮ ਕੀਤਾ ਸੀ ਕਿ ;
ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ । ਸਭ ਸਿੱਖਣ ਕੋ ਹੁਕਮ ਹੈ, ਗੁਰੂ
ਮਾਨੀਓ ਗ੍ਰੰਥ।
ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਨਮ ਦਿਹਾੜੇ ਦੀ ਸਭ ਸੰਗਤਾਂ ਨੂੰ ਲੱਖ-ਲੱਖ
ਵਾਧਾਈ ਹੋਵੇ ਜੀ।
ਵਾਹਿ ਗੁਰੂ ਜੀ ਕਾ ਖਾਲਸਾ।।
ਵਾਹਿ ਗੁਰੂ ਜੀ ਕੀ ਫ਼ਤਹਿ।।