.

ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ

ਵੀਰ ਭੁਪਿੰਦਰ ਸਿੰਘ


ਸਲੋਕ ਸੈਂਤੀਵਾਂ

37. ਸਲੋਕ ਸੈਂਤੀਵਾਂ -
ਮਨੁ ਮਾਇਆ ਮੈ ਰਮਿ ਰਹਿਓ ਨਿਕਸਤ ਨਾਹਿਨ ਮੀਤ ॥
ਨਾਨਕ ਮੂਰਤਿ ਚਿਤ੍ਰ ਜਿਉ ਛਾਡਿਤ ਨਾਹਿਨ ਭੀਤਿ ॥37॥

‘ਮਨੁ ਮਾਇਆ ਮੈ ਰਮਿ ਰਹਿਓ’ ਅਤੇ ਪਿਛਲੇ ਸਲੋਕ ਵਿਚ ਦਰਸਾਈ ‘ਪਰਿਓ ਲੋਭ ਕੈ ਫੰਧ’ ਮਨ ਦੀ ਅਵਸਥਾ ਹੈ। ਇਹ ਅੰਨੇ ਮਨ ਦਾ ਪ੍ਰਤੀਕ ਹੈ ਜੋ ਕਿ ਸੱਚ ਨਹੀਂ ਲੈਣਾ ਚਾਹੁੰਦਾ, ਜਿਸ ਕਾਰਨ ਬਾਰ-ਬਾਰ ਔਗੁਣਾਂ ਵਿਚ ਫਸਦਾ ਰਹਿੰਦਾ ਹੈ।
ਨਾਨਕ ਮੂਰਤਿ ਚਿਤ੍ਰ ਜਿਉ ਛਾਡਿਤ ਨਾਹਿਨ ਭੀਤਿ ॥
ਜਿਵੇਂ ਚਿੱਤਰ ਦਿਵਾਰ ਨੂੰ ਨਹੀਂ ਛੱਡਦਾ, ਇਸ ਤਰ੍ਹਾਂ ਤੂੰ ਆਪਣੇ ਅਉਗੁਣਾਂ ਨੂੰ ਛੱਡਦਾ ਨਹੀਂ ਹੈ। ਇਸ ਤਰ੍ਹਾਂ ਚੰਬੜਿਆ ਹੋਇਆ ਹੈਂ। ਅਸੀਂ ਬਾਰ-ਬਾਰ ਇਹ ਪੰਕਤੀ ਪੜ੍ਹਦੇ ਹਾਂ, ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥ (1406) ਗਾਇਨ ਹੀ ਨਹੀਂ ਕਰਦੇ ਰਹਿਣਾ, ਜੇ ਇਹ ਪੰਕਤੀ ਪੜ੍ਹਦੇ ਹਾਂ ਤਾਂ ਏਕੁ ਗੁਣੁ ਲਈਏ। ਸਿਰਫ ਇਹ ਬਿਆਨ ਹੀ ਨਹੀਂ ਕਰਨਾ, ਬਲਕਿ ਅਸੀਂ ਇਹ ਕਹੀਏ ਅਤੇ ਇਹ ਮੰਨੀਏ ਕਿ ਮੈਂ ਵਾਕਈ ਅਉਗੁਣਿਆਰਾ ਹਾਂ ਸਤਿਗੁਰ ਜੀ ਮੈਨੂੰ ਸੁਮੱਤ ਬਖਸ਼ੋ ਤਾਂ ਜੋ ਮੈਂ ਪਾਖੰਡੀ ਨਾ ਰਹਾਂ।
ਸਭਿ ਅਵਗਣ ਮੈ ਗੁਣੁ ਨਹੀ ਕੋਈ ॥ ਕਿਉ ਕਰਿ ਕੰਤ ਮਿਲਾਵਾ ਹੋਈ ॥ (750) ਫਿਰ ਮੈਂ ਇਹ ਮਿਹਨਤ ਕਰਾਂ ਕਿ ਮੇਰਾ ਕਿਵੇਂ ਮਿਲਾਵਾ ਹੋ ਸਕਦਾ ਹੈ। ਮੈਨੂੰ ਗੁਣ ਬਖਸ਼ੋ। ਅਵਗੁਣ ਛੋਡਿ ਗੁਣਾ ਕਉ ਧਾਵਹੁ ਵਾਲੀ ਸੁਮਤ ਮੈਨੂੰ ਬਖ਼ਸ਼ੋ। ਇਹ ਆਤਮ ਸਮਰਪਣ ਦੀ ਅਵਸਥਾ ਹੈ।




.