ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਜਨਮ ਕਰਕੇ ਸਭ ਬਰਾਬਰ ਹਨ
ਭਾਰਤ ਇਕ ਐਸਾ ਦੇਸ ਹੈ ਜਿੱਥੇ
ਧਾਰਮਕ ਬਿਰਤੀ ਨੇ ਭਾਵ ਬਿੱਪਰ ਭਾਊ ਨੇ ਮਨੁੱਖਤਾ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਏੱਥੇ
ਹੀ ਬੱਸ ਨਹੀਂ ਇਹਨਾਂ ਦੇ ਅਗਾਂਹ ਕੰਮ ਵੀ ਵੰਡੇ ਹੋਏ ਹਨ। ਵਿਦਿਆ ਦਾ ਪੱਖ ਬ੍ਰਾਹਮਣ ਦੇਵਤਾ ਨੇ
ਆਪਣੇ ਪਾਸ ਰੱਖਿਆ ਹੋਇਆ ਹੈ ਤੇ ਸਰਹੱਦਾਂ ਦੀ ਰਾਖੀ ਤਥਾ ਬ੍ਰਾਹਮਣ ਪੁਜਾਰੀ ਤੇ ਰਾਜੇ ਦੀ ਰਾਖੀ ਕਰਨ
ਦਾ ਜ਼ਿੰਮਾ ਖੱਤਰੀ ਭਾਊ ਦੇ ਹਿੱਸੇ ਆਇਆ ਹੈ। ਵੈਸ ਦਾ ਕੰਮ ਖੇਤੀ ਦੁਆਰਾ ਇਹਨਾਂ ਦਾ ਪੇਟ ਭਰਨਾ
ਗਿਣਿਆ ਗਿਆ ਸੀ। ਸ਼ੂਦਰ ਵਿਚਾਰਾ ਇਹਨਾਂ ਸਾਰਿਆਂ ਦੀ ਹਰ ਵੇਲੇ ਸੇਵਾ ਵਿਚ ਲੱਗਿਆ ਹੋਣਾ ਚਾਹੀਦਾ ਹੈ।
ਇਹਨਾਂ ਤੋਂ ਇਲਾਵਾ ਇਕ ਹੋਰ ਵਿਹਲੜ ਜੇਹਾ ਵੀ ਤੁਰਿਆ ਫਿਰਦਾ ਸੀ ਜਿਹੜਾ ਜ਼ਿਉਂਦੇ ਜੀਅ ਆਪਣੇ ਸਰੀਰ
‘ਤੇ ਸਵਾਹ ਮਲ਼ ਕੇ ਆਪਣੇ ਆਪ ਨੂੰ ਮਰਿਆ ਹੋਇਆ ਹੀ ਸਾਬਤ ਕਰਨ ਵਿਚ ਲੱਗਿਆ ਹੋਇਆ ਸੀ। ਇਸ ਸਲੋਕ ਵਿਚ
ਕੋਈ ਉੱਚਾ ਨੀਵਾਂ ਨਹੀਂ ਹੈ ਸਗੋਂ ਮਨੁੱਖ ਦੇ ਕਰਮ ਹੀ ਉਚਿਆਂ ਨੀਵਿਆਂ ਵਾਲੇ ਹਨ---
ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਤ ਬ੍ਰਾਹਮਣਹ॥
ਖੵਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ॥
ਸਰਬ ਸਬਦੰ ਤ ਏਕ ਸਬਦੰ ਜੇ ਕੋ ਜਾਨਸਿ ਭੇਉ॥
ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਉ॥੩॥
ਅੱਖਰੀਂ ਅਰਥ--— (ਵਰਨ-ਵੰਡ ਦੇ ਵਿਤਕਰੇ ਪਾਣ ਵਾਲੇ ਆਖਦੇ ਹਨ ਕਿ) ਜੋਗ ਦਾ ਧਰਮ ਗਿਆਨ
ਪ੍ਰਾਪਤ ਕਰਨਾ ਹੈ (ਬ੍ਰਹਮ ਦੀ ਵਿਚਾਰ ਕਰਨਾ ਹੈ;) ਬ੍ਰਾਹਮਣਾਂ ਦਾ ਧਰਮ ਵੇਦਾਂ ਦੀ ਵਿਚਾਰ ਹੈ;
ਖਤ੍ਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ ਅਤੇ ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨੀ
ਹੈ। ਪਰ ਸਭ ਤੋਂ ਸ੍ਰੇਸ਼ਟ ਧਰਮ ਇਹ ਹੈ ਕਿ ਪਰਮਾਤਮਾ ਦਾ ਸਿਮਰਨ ਕੀਤਾ ਜਾਏ। ਜੇ ਕੋਈ ਮਨੁੱਖ ਇਸ ਭੇਤ
ਨੂੰ ਸਮਝ ਲਏ, ਨਾਨਕ ਉਸ ਮਨੁੱਖ ਦਾ ਦਾਸ ਹੈ, ਉਹ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ।੩।
ਵਿਚਾਰ ਚਰਚਾ
ਓਸੇ ਹੀ ਦੇਸ਼ ਨੇ ਤਰੱਕੀ ਕੀਤੀ ਹੈ ਜਿਸ ਦੇ
ਮੁਲਕ ਵਿਚ ਵਿਸ਼ਾ ਮਾਹਰ ਮਨੁੱਖਾਂ ਦੀ ਕਦਰ ਹੁੰਦੀ ਹੈ। ਜਿਹੜੇ ਵਿਸ਼ੇ ਵਿਚ ਕਿਸੇ ਨੇ ਮੁਹਾਰਤ ਹਾਸਲ
ਕੀਤੀ ਹੁੰਦੀ ਹੈ ਉਸੇ ਵਿਸ਼ੇ ਅਨੁਸਾਰ ਹੀ ਮਨੁੱਖ ਦਾ ਨਾਂ ਪੱਕ ਜਾਂਦਾ ਹੈ। ਜਿਸ ਤਰਾਂ੍ਹ ਕਿਸੇ
ਮਨੁੱਖ ਨੇ ਮਨੁੱਖੀ ਸਰੀਰ ਦੀ ਜਾਣਕਾਰੀ ਹਾਸਲ ਕਰਕੇ ਉਸ ਦਾ ਇਲਾਜ ਕਰਨਾ ਸ਼ੂਰੂ ਕੀਤਾ ਤਾਂ ਦੁਨੀਆਂ
ਨੇ ਉਸ ਨੂੰ ਵੈਦ, ਹਕੀਮ ਤੇ ਡਾਕਟਰ ਦੇ ਨਾਂਵਾਂ ਨਾਲ ਬੁਲਾਇਆ ਹੈ। ਜਿਸ ਮਨੁਖ ਦੀ ਜਿਹੜੀ ਕਿਰਤ
ਹੁੰਦੀ ਹੈ ਉਸ ਅਨੁਸਾਰ ਹੀ ਉਸ ਦਾ ਨਾਮ ਬਣ ਜਾਂਦਾ ਹੈ। ਪਰ ਸਾਡੇ ਮੁਲਕ ਵਿਚ ਜੱਗੋਂ ਤਰ੍ਹਵੀਂ
ਕਰਦਿਆਂ ਮੰਨੂ ਭਾਈ ਨੇ ਮਨੁੱਖਤਾ ਦੀਆਂ ਚਾਰ ਵੰਡੀਆਂ ਪਾ ਕੇ ਆਪਣੇ ਆਪ ਨੂੰ ਸ੍ਰੇਸ਼ਟ ਗਿਣ ਲਿਆ ਹੈ।
ਗੁਰੂ ਸਾਹਿਬ ਜੀ ਨੇ ਇਸ ਖੜੋਤ ਨੂੰ ਤੋੜਿਆ ਹੀ ਨਹੀਂ ਸਗੋਂ ਹਰ ਕਿਰਤੀ ਦਾ ਸਤਕਾਰ ਕਰਨਾ ਦੱਸਿਆ ਹੈ।
ਵਿਤਕਰਿਆਂ ਦੀ ਵੰਡ ਨੂੰ ਮੁੱਢੋਂ ਰੱਦ ਕੀਤਾ ਹੈ।
੧. ਵਿਹਲੜ ਜੋਗੀ ਤੇ ਬ੍ਰਾਹਮਣ ਨੂੰ ਫਟਕਾਰ ਲਗਾਉਂਦਿਆਂ ਸਾਫ਼ ਕਹਿਆ ਹੈ ਕਿ ਅਜੇਹੀ ਕਾਣੀ ਵੰਡ ਨੂੰ
ਛੱਡੋ। ਆਮ ਮਨੁੱਖਾਂ ਵਾਂਗ ਵਿਚਰ ਕੇ ਹੱਥੀਂ ਕਿਰਤ ਕਰਨ ਦਾ ਯਤਨ ਕਰੋ। ਜੋਗੀ ਨੂੰ ਸਵਾਲ ਹੈ ਕਿ ਕੀ
ਬਾਕੀ ਲੋਕ ਗਿਆਨ ਹਾਸਲ ਨਹੀਂ ਕਰ ਸਕਦੇ? ਇੰਜ ਹੀ ਬਰਾਹਮਣ ਨੂੰ ਪੁੱਛਿਆ ਗਿਆ ਹੈ ਕਿ ਕੀ ਬਾਕੀ
ਦੁਨੀਆਂ ਧਾਰਮਕ ਗ੍ਰੰਥ ਨਹੀਂ ਪੜ੍ਹ ਸਕਦੀ?
੨. ਇੰਜ ਹੀ ਖੱਤਰੀਆਂ ਤੇ ਸ਼ੂਦਰਾਂ ਪ੍ਰਤੀ ਸਮਝਾਇਆ ਹੈ ਕਿ ਕੀ ਖੱਤਰੀ ਹੀ ਸੂਰਮਿਆਂ ਵਾਲਾ ਕਰਮ ਕਰ
ਸਕਦੇ ਹਨ? ਕੀ ਸ਼ੂਦਰ ਹੀ ਬ੍ਰਾਹਮਣ ਦੀ ਸੇਵਾ ਕਰਨ ਵਿਚ ਲੱਗਿਆ ਰਹੇ? ਜੋਗੀ ਤੇ ਬ੍ਰਾਹਮਣ ਕਿਉਂ ਨਹੀਂ
ਅਜੇਹਾ ਕਰਮ ਕਰ ਸਕਦੇ ਤੇ ਖੱਤਰੀ ਤੇ ਸ਼ੂਦਰ ਧਾਰਮਕ ਗ੍ਰੰਥ ਜਾਂ ਹੋਰ ਗਿਆਨ ਹਾਸਲ ਕਿਉਂ ਨਹੀਂ ਹਾਸਲ
ਕਰ ਸਕਦੇ? ਵਿਦਿਆ ਦਾ ਹੱਕ ਹਰੇਕ ਇਨਸਾਨ ਨੂੰ ਬਰਾਬਰ ਹੋਣਾ ਚਾਹੀਦਾ ਹੈ।
੩ ਗੁਰੂ ਸਾਹਿਬ ਜੀ ਨੇ ਸਮਝਾਇਆ ਹੈ ਕਿ ਹਰੇਕ ਮਨੁੱਖ ਕੋਈ ਵੀ ਗਿਆਨ ਹਾਸਲ ਕਰਕੇ ਮਨੁੱਖਤਾ ਦੇ ਭਲੇ
ਲਈ ਕਰਮ ਕਰ ਸਕਦਾ ਹੈ। ਕੋਈ ਵੀ ਕਿਰਤ ਮਾੜੀ ਨਹੀਂ ਹੈ। ਕਿਸੇ ਵੀ ਖੇਤਰ ਵਿਚ ਕੋਈ ਵੀ ਮਿਹਨਤ ਕਰਕੇ
ਤਰੱਕੀ ਕਰ ਸਕਦਾ ਹੈ। ਸਭ ਤੋਂ ਸ੍ਰਿਸ਼ਟ ਕਰਮ ਰੱਬ ਜੀ ਦਾ ਨਾਮ ਜੱਪਣਾ ਦੱਸਿਆ ਗਿਆ ਹੈ ਜਿਹੜਾ
ਸੰਤੋਖ, ਇਮਾਨਦਾਰੀ, ਮਿਹਨਤ ਕਰਨੀ, ਦਇਆ, ਧੀਰਜ ਆਦ ਦੇਵੀ ਗੁਣਾਂ ਦੀ ਵਰਤੋਂ ਕਰਦਾ ਹੈ ਅਸਲ ਵਿਚ
ਇਹੀ ਨਾਮ ਜਪਣ ਹੈ।
੪ ਮਨੁੱਖਤਾ ਦੀਆਂ ਵੰਡੀਆਂ ਪਉਣ ਦੀ ਥਾਂ ‘ਤੇ ਕੋਈ ਵੀ ਮਨੁੱਖ ਕਿਸੇ ਵੀ ਕੰਮ ਨੂੰ ਸਿੱਖ ਕੇ ਆਪਣੀ
ਉਪਜੀਵਕਾ ਪੈਦਾ ਕਰਦਾ ਹੈ ਪਰਵਾਰ ਚਲਾਉਂਦਾ ਹੋਇਆ, ਸਮਾਜ ਪ੍ਰਤੀ ਸੁਚੇਤ ਹੈ ਅਸਲ ਵਿਚ ਉਸ ਨੇ ਰੱਬ
ਦੇ ਇਸ ਭੇਦ ਨੂੰ ਸਮਝ ਲਿਆ ਹੈ। ਅਸਲ ਵਿਚ ਉਹ ਹੀ ਰੱਬ ਦਾ ਰੂਪ ਹੈ। ਗੁਰੂ ਸਾਹਿਬ ਜੀ ਆਖਦੇ ਹਨ ਮੈਂ
ਉਹਨਾਂ ਦਾ ਸਤਕਾਰ ਕਰਦਾ ਹਾਂ ਜਿਹੜੀ ਕਿਰਤੀ ਹਨ। ਨਿਰਮਲ ਕਰਮ ਕਰਨੇ ਹੀ ਰੱਬ ਦਾ ਨਾਮ ਜੱਪਣਾ ਹੈ।
ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥
ਗਉੜੀ ਮਹਲਾ ੫ ਪੰਨਾ ੨੬੬