. |
|
ਸਤਿੰਦਰਜੀਤ
ਸਿੰਘ
ਪਉੜੀ-11
ਸੁਣਿਐ ਸਰਾ ਗੁਣਾ ਕੇ ਗਾਹ ॥
ਪ੍ਰਮਾਤਮਾ ਦੇ ਉਪਦੇਸ਼ ਨੂੰ ਸੁਣ ਕੇ ਮਨੁੱਖ ਧਰਮਿਕ ਮਰਿਆਦਾ (ਸਰਾ) ਅਨੁਸਾਰ ਜੀਵਨ ਜਿਉਂਦਾ
ਹੋਇਆ, ਗੁਣਾ ਨੂੰ ਧਾਰਨ (ਗਾਹ) ਕਰ ਲੈਂਦਾ ਹੈ, ਸਚਿਆਰਾ ਬਣ ਜਾਂਦਾ ਹੈ
ਸੁਣਿਐ ਸੇਖ ਪੀਰ ਪਾਤਿਸਾਹ ॥
ਰੱਬੀ ਸਿੱਖਿਆ ਨੂੰ ਮਨ ਨਾਲ ਸੁਣ ਕੇ ਮਨੁੱਖ ਵਿਦਵਾਨ (ਸੇਖ) ਪ੍ਰਵਿਰਤੀ ਦਾ ਧਾਰਨੀ ਹੋ
ਜਾਂਦਾ ਹੈ, ਗੁਣਾਂ ਦੀ ਸਿੱਖਿਆ ਲੈ ਧਰਮ ਦਾ ਪ੍ਰਚਾਰ (ਪੀਰ) ਕਰਦਾ ਹੈ,ਉਹ ਗੁਣਾਂ ਦਾ ਮਾਲਕ
(ਪਾਤਿਸਾਹ) ਹੋ ਜਾਂਦਾ ਹੈ, ਪ੍ਰਮਾਤਮਾ ਦੀ ਸਿੱਖਿਆ ਉਸਦੇ ਜੀਵਨ ਦਾ ਆਧਾਰ ਬਣ ਜਾਂਦੀ ਹੈ
ਸੁਣਿਐ ਅੰਧੇ ਪਾਵਹਿ ਰਾਹੁ ॥
ਪ੍ਰਮਾਤਮਾ ਦੀ ਸਿੱਖਿਆ ਦਾ ਉਪਦੇਸ਼ ਮਨ ਨਾਲ ਸੁਣ ਕੇ ਵਿਕਾਰਾਂ ਵਿੱਚ ਅੰਨੇ ਹੋਏ ਮਨੁੱਖ
ਸਚਿਆਰੇ ਜੀਵਨ ਦਾ ਰਾਹ ਪ੍ਰਾਪਤ (ਪਾਵਹਿ) ਕਰ ਲੈਂਦੇ ਹਨ ਅਤੇ ਵਿਕਾਰਾਂ ਤੋਂ ਛੁੱਟ ਕੇ ਗੁਣਾਂ ਦੇ
ਧਾਰਨੀ ਹੋ ਜਾਂਦੇ ਹਨ
ਸੁਣਿਐ ਹਾਥ ਹੋਵੈ ਅਸਗਾਹੁ ॥
ਪ੍ਰਮਾਤਮਾ ਦੀ ਸਿੱਖਿਆ ਸਦਕਾ ਹੀ ਮਨੁੱਖ ਉਸਦੇ ਬੇਅੰਤ ਗੁਣਾਂ, ਅਥਾਹ (ਅਸਗਾਹੁ) ਗੁਣਾਂ ਦੀ
ਸਮਝ (ਹਾਥ), ਥਾਹ (ਹਾਥ) ਪਾ ਲੈਂਦੇ ਹਨ ਅਤੇ ਵਿਕਾਰਾਂ ਤੋਂ ਛੁੱਟ, ਗੁਣਾਂ ਵਾਲਾ ਜੀਵਨ ਬਣਾ ਲੈਂਦੇ
ਹਨ, ਸਚਿਆਰੇ ਬਣ ਜਾਂਦੇ ਹਨ
ਨਾਨਕ ਭਗਤਾ ਸਦਾ ਵਿਗਾਸੁ ॥
ਜਿਹੜੇ ਵੀ ਮਨੁੱਖ ਉਸ ਪ੍ਰਮਾਤਮਾ ਦੇ ਭਗਤ ਬਣ ਜਾਂਦੇ ਹਨ ਭਾਵ ਕਿ ਉਸਦੇ ਗੁਣ ਧਾਰ ਲੈਂਦੇ
ਹਨ, ਉਹ ਹਮੇਸ਼ਾ (ਸਦਾ) ਖੁਸ਼ (ਵਿਗਾਸੁ) ਰਹਿੰਦੇ ਹਨ, ਦੁੱਖ-ਸੁੱਖ ਵਿੱਚ ਖਿੜ੍ਹੇ ਰਹਿੰਦੇ ਹਨ
ਸੁਣਿਐ ਦੂਖ ਪਾਪ ਕਾ ਨਾਸੁ ॥੧੧॥
ਪ੍ਰਮਾਤਮਾ ਦੀ ਸਿੱਖਿਆ, ਉਪਦੇਸ਼ ਨੂੰ ਸੁਣ ਅਤੇ ਮੰਨ ਕੇ ਮਨੁੱਖ ਦੇ ਵਿਕਾਰਾਂ ਕਾਰਨ ਪੈਦਾ
ਹੋਏ ਦੁੱਖ ਅਤੇ ਗਲਤ ਕੰਮ (ਪਾਪ) ਖਤਮ ਹੋ ਜਾਂਦੇ ਹਨ ਅਤੇ ਮਨੁੱਖ ਗੁਣਾਂ ਦਾ ਧਨੀ ਹੋ ਕੇ ਸਚਿਆਰਾ
ਬਣ ਜਾਂਦਾ ਹੈ ॥11॥
{ਨੋਟ: ‘ਜਪੁ ਜੀ’ ਸਾਹਿਬ ਦੇ ਇਹ ਅਰਥ,
ਆਪਣੀ ਸਮਝ ਅਨੁਸਾਰ ਕੀਤੇ ਗਏ ਹਨ, ਕੋਈ ਆਖਰੀ ਨਿਰਣਾ ਨਹੀਂ, ਸਾਰੇ ਪਾਠਕਾਂ ਦੇ ਸੁਝਾਵਾਂ ਦਾ ਸੁਆਗਤ
ਹੈ}
|
. |