.

ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ॥ …

ਸੱਪ ਇੱਕ ਜ਼ਹਿਰੀਲਾ ਜੀਵ ਹੈ। ਦੂਸਰਿਆਂ ਨੂੰ ਡੱਸਣਾ ਉਸ ਦੀ ਫ਼ਿਤਰਤ ਹੈ। ਕੁਦਰਤਨ, ਉਹ ਆਪਣੀ ਕੁੰਜ ਬਦਲਦਾ ਰਹਿੰਦਾ ਹੈ। ਕੁੰਜ ਬਦਲਣ ਨਾਲ ਉਸ ਦੀ ਬਾਹਰੀ ਦਿੱਖ ਵਿੱਚ ਤਾਂ ਨਿਖਾਰ ਆ ਜਾਂਦਾ ਹੈ, ਪ੍ਰੰਤੂ ਉਸ ਦੀ ਅੰਦਰ ਦੀ, ਦੂਸਰਿਆਂ ਵਾਸਤੇ ਜਾਨ-ਲੇਵਾ ਜ਼ਹਿਰ ਨਹੀਂ ਜਾਂਦੀ ਅਰਥਾਤ ਉਸ ਦੀ ਜ਼ਹਿਰੀਲੀ ਫ਼ਿਤਰਤ ਜਾਂ ਸੁਭਾਉੇ ਵਿੱਚ ਕੋਈ ਤਬਦਲੀ ਨਹੀਂ ਆਉਂਦੀ। ਇਸੇ ਤਰ੍ਹਾਂ, ਅੱਖਾਂ ਮੀਚ ਕੇ ਪਾਣੀ ਵਿੱਚ ਇੱਕ ਟੰਗ `ਤੇ ਖੜਾ ਚਿੱਟਾ ਬਗੁਲਾ ਹੰਸ ਹੋਣ ਦਾ ਭੁਲੇਖਾ ਤਾਂ ਪਾਉਂਦਾ ਹੈ, ਪਰੰਤੂ ਉਸ ਦੀ ਸੁਰਤ ਹਮੇਸ਼ਾ ਨੰਨ੍ਹੀਆਂ ਨਿਮਾਣੀਆਂ ਡੱਡਾਂ ਅਤੇ ਮੱਛੀਆਂ ਨੂੰ ਨਿਗਲ ਜਾਣ ਵਿੱਚ ਲੱਗੀ ਰਹਿੰਦੀ ਹੈ। ਸੱਪ ਅਤੇ ਬਗੁਲੇ ਵਾਂਙ, ਸੰਪਰਦਾਈ ਧਰਮਾਂ ਦੇ, ਮਾਇਆਵੀ ਜ਼ਹਿਰ ਨਾਲ ਨੱਕੋ ਨੱਕ ਭਰੇ ਪੁਜਾਰੀ ਵੀ ਹਰਾਮ ਖਾ ਖਾ ਕੇ ਪਾਲੇ ਪਿੰਡੇ ਉੱਤੇ ਭੇਖ ਅਤੇ ਚਿੰਨ੍ਹਾਂ ਦਾ ਭਰਮਾਊ ਪਾਜ ਚੜ੍ਹਾ ਕੇ ਰੱਬ ਦੀ ਸਿੱਧੀ ਸਾਦੀ ਅਚੇਤ ਜਨਤਾ ਨੂੰ ਜ਼ਹਿਰੀਲੇ ਸੱਪਾਂ ਦੀ ਤਰ੍ਹਾਂ ਡੱਸਣ ਅਤੇ ਚਿੱਟੇ ਬਗੁਲਿਆਂ ਦੀ ਤਰ੍ਹਾਂ ਨਿਰਦਯਤਾ ਨਾਲ ਨਿਗਲਣ ਦੀ ਤਾੜ ਵਿੱਚ ਰਹਿੰਦੇ ਹਨ। ਗੁਰਬਾਣੀ ਵਿੱਚ, ਮਨ ਦੇ ਖੋਟੇ, ਨਿਰਦਈ ਅਤੇ ਭੇਖਧਾਰੀ ਪੁਜਾਰੀਆਂ ਨੂੰ ਪਾਖੰਡ ਨਾਲ ਲੋਕਾਂ ਨੂੰ ਠੱਗਣ ਤੇ ਦੁੱਖ ਦੇਣ ਦਾ ਕੁਰਾਹ ਛੱਡ ਕੇ ਸੱਚੇ ਦਿਲੋਂ ਰੱਬ ਦੇ ਰਾਹ ਪੈਣ ਦਾ ਸੰਦੇਸ਼ ਦਿੰਦੇ ਕਈ ਤੁਕਾਂ ਤੇ ਸ਼ਬਦ ਮਿਲਦੇ ਹਨ। ਜਿਵੇਂ ਕਿ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਹਨ:

ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ॥ ਸੂਹੀ ਮ: ੧

ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿੑ॥

ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿੑ॥ ਸੂਹੀ ਮ: ੧

ਹਥਲੇ ਲੇਖ ਵਿੱਚ ਅਸੀਂ ਨਾਮ ਦੇਵ ਜੀ ਦੇ ਇੱਕ ਸ਼ਬਦ ਉੱਤੇ ਬੀਚਾਰ ਕਰਦੇ ਹਾਂ। ਨਾਮਦੇਵ ਜੀ ਕਥਨ ਕਰਦੇ ਹਨ:

ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ॥ ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ॥ ੧॥

ਕਾਹੇ ਕਉ ਕੀਜੈ ਧਿਆਨੁ ਜਪੰਨਾ॥

ਜਬ ਤੇ ਸੁਧੁ ਨਾਹੀ ਮਨੁ ਅਪਨਾ॥ ਰਹਾਉ॥ ੧॥

ਸਿੰਘਚ ਭੋਜਨੁ ਜੋ ਨਰੁ ਜਾਨੈ॥

ਐਸੇ ਹੀ ਠਗ ਦੇਉ ਬਖਾਨੈ॥ ੨॥ ਨਾਮੇ ਕੇ ਸੁਆਮੀ ਲਾਹਿਲੇ ਝਗਰਾ॥ ਰਾਮ ਰਸਾਇਨ ਪੀਉ ਰੇ ਦਗਰਾ॥ ੩॥ ਆਸਾ ਨਾਮ ਦੇਵ ਜੀ

ਸ਼ਬਦ ਅਰਥ:- ਕੁੰਚ: ਕੁੰਜ, ਸੱਪ ਦੀ ਬਾਹਰੀ ਖੱਲ ਜੋ ਪਿਆਜ਼ ਦੇ ਛਿਲਕੇ ਵਾਂਗ ਪੱਕਦੀ ਤੇ ਲਹਿੰਦੀ ਰਹਿੰਦੀ ਹੈ। ਬਿਖੁ: ਜ਼ਹਿਰ। ਉਦਕ: ਜਲ, ਪਾਣੀ। ਬਗੁ: ਬਗੁਲਾ। ਧਿਆਨ ਮਾਡੈ: (ਡੱਡਾਂ/ਛੋਟੀਆਂ ਮੱਛੀਆਂ ਨੂੰ ਝਪਟ ਕੇ ਖਾ ਜਾਣ ਵਾਸਤੇ) ਟਿਕਟਿਕੀ ਲਾ ਰੱਖਦਾ ਹੈ। ੧।

ਕਾਹੇ ਕਉ: ਕਿਸ ਵਾਸਤੇ, ਕਿਉਂ। ਜਪੰਨਾ: (ਪ੍ਰਭੂ ਦਾ) ਨਾਮ ਜਪਨਾ। ਸੁਧੁ: ਦੋਸ਼-ਰਹਿਤ, ਖਰਾ, ਖ਼ਾਲਿਸ, ਪਵਿੱਤਰ। ਰਹਾਉ। ੧॥

ਸਿੰਘਚ ਭੋਜਨ: ਸ਼ੇਰਾਂ ਵਾਲਾ ਭੋਜਨ, ਦੂਸਰੇ ਜੀਵਾਂ ਨੂੰ ਮਾਰਿ ਖਾਣਾ। ਠਗ ਦੇਉ: ਠੱਗਾਂ ਦਾ ਵੀ ਠੱਗ, ਮਹਾਂ ਠੱਗ। ਬਖਾਨੇ: ਕਿਹਾ ਜਾਂਦਾ ਹੈ। ੨।

ਲਾਹਿਲੇ: ਲਾਹ ਦਿੱਤਾ ਹੈ। ਝਗਰਾ: ਝਗੜਾ, ਹੁੱਜਤਬਾਜ਼ੀ, ਬੇਹੂਦਾ ਬਹਿਸਬਾਜ਼ੀ। ਰਾਮ ਰਸਾਇਨ: ਹਰਿਨਾਮ ਰੂਪੀ ਜਲ, ਨਾਮ-ਅੰਮ੍ਰਿਤ। ਦਗਰ: ਡਗਰ=ਰਾਹ, ਰਸਤਾ; ਦਗਰਾ: ਰਾਹੀ, ਮੁਸਾਫ਼ਿਰ। ੩।

ਭਾਵ ਅਰਥ:- ਸੱਪ ਆਪਣੀ ਕੁੰਜ ਤਾਂ ਬਦਲ ਲੈਂਦਾ ਹੈ, (ਪਰੰਤੂ) ਉਹ ਆਪਣੇ ਅੰਦਰ ਦੀ ਜ਼ਹਿਰ ਨੂੰ ਨਹੀਂ ਛੱਡਦਾ। ਜਿਵੇਂ ਪਾਣੀ ਕਿਨਾਰੇ (ਅੱਖਾਂ ਮੁੰਦ ਕੇ ਇੱਕ ਲੱਤ `ਤੇ ਖੜਾ) ਬਗੁਲਾ (ਲਗਦਾ ਇਉਂ ਹੈ ਕਿ ਉਹ ਭਗਤੀ ਕਰ ਰਿਹਾ ਹੋਵੇ! ਪਰੰਤੂ, ਅਸਲ ਵਿੱਚ ਉਹ, ਡੱਡਾਂ ਨੂੰ ਨਿਗਲ ਜਾਣ ਵਾਸਤੇ) ਟਿਕਟਿਕੀ ਲਾ ਕੇ ਬੈਠਾ ਹੁੰਦਾ ਹੈ। ੧।

(ਐ ਤੀਰਥਾਂ ਉੱਤੇ ਬੈਠੇ ਪੁਜਾਰੀ! ਜ਼ਹਿਰੀਲੇ ਸੱਪਾਂ ਅਤੇ ਨਿਰਦਈ ਬਗੁਲਿਆਂ ਦੀ ਤਰ੍ਹਾਂ) ਜਦ ਤੇਰਾ ਮਨ ਹੀ ਸ਼ੁੱਧ/ਨਿਰਮਲ ਨਹੀਂ ਤਾਂ ਫਿਰ ਤੂੰ ਜਪ ਕਰਨ ਦਾ ਪਾਖੰਡ ਕਿਉਂ ਕਰਦਾ ਹੈਂ। ਰਹਾਉ। ੧।

(ਦੂਸਰੇ ਜੀਵਾਂ ਨੂੰ ਪਾੜ ਖਾ ਜਾਣ ਵਾਲੇ) ਸ਼ੇਰ ਵਾਂਙ, ਜਿਹੜੇ ਮਨੁੱਖ ਦੂਸਰੇ ਮਨੁੱਖਾਂ ਨੂੰ ਆਪਣਾ ਭੋਜਨ ਬਣਾਉਂਦੇ ਹਨ, ਉਹ ਠੱਗਾਂ ਦੇ ਵੀ ਠੱਗ ਅਰਥਾਤ ਮਹਾਂ ਠੱਗ ਕਹੇ ਜਾਂਦੇ ਹਨ। ੨।

ਨਾਮੇ ਦੇ ਮਾਲਿਕ ਪ੍ਰਭੂ ਨੇ ਉਸ ਦੇ ਮਨ ਦਾ ਦਵੰਦ ਖ਼ਤਮ ਕਰ ਦਿੱਤਾ ਹੈ (ਇਸ ਲਈ, ਉਹ, ਹਰਾਮ ਖਾਣ ਦੀ ਬਜਾਏ, ਆਪਣੀ ਕਿਰਤ ਦੀ ਕਮਾਈ ਹੀ ਖਾਂਦਾ ਹੈ। (ਦੂਸਰਿਆਂ ਨੂੰ ਸੱਪਾਂ ਦੀ ਤਰ੍ਹਾਂ ਦੁੱਖ ਦੇਣ ਅਤੇ ਠੱਗ ਕੇ ਖਾਣ ਦੇ ਗ਼ਲਤ ਰਾਹ ਪਏ ਹੋਏ ਓਏ ਭੇਖੀ ਪੁਜਾਰੀ! ਤੂੰ ਵੀ) ਪਾਖੰਡ ਛੱਡ ਕੇ ਸੱਚੇ ਦਿਲੋਂ ਹਰਿਨਾਮ ਰੂਪੀ ਅੰਮ੍ਰਿਤ ਦਾ ਸੇਵਨ ਕਰ। ੩।

ਉਪਰ ਬੀਚਾਰਿਆ ਨਾਮ ਦੇਵ ਜੀ ਦਾ ਅਨਮੋਲ ਸ਼ਬਦ ਸਮੇਂ ਦੇ ਪੁਜਾਰੀਆਂ ਨੂੰ ਸੰਬੋਧਿਤ ਹੋ ਕੇ ਲਿਖਿਆ ਗਿਆ ਹੈ। ਇਸ ਸ਼ਬਦ ਵਿੱਚ ਮਨ ਦੇ ਖੋਟੇ ਭੇਖੀ ਪੁਜਾਰੀਆਂ ਨੂੰ ਤਿੰਨ ਉਪਦੇਸ਼ ਦਿੱਤੇ ਗਏ ਹਨ: ਪਹਿਲਾ, ਭੇਖ ਕਰਨਾ ਅਧਾਰਮਕ ਕਰਮ ਹੈ। ਦੂਜਾ, ਭੇਖੀ ਦਾ ਜਪ, ਤਪ, ਸਮਾਧੀ ਅਤੇ ਗਿਆਨ ਆਦਿ ਸਭ ਦੰਭ, ਛਲਾਵਾ, ਕਪਟ ਤੇ ਢੋਂਗ ਹੈ। ਤੀਜਾ, ਦਰਿੰਦਿਆਂ ਦੀ ਤਰ੍ਹਾਂ ਦੂਸਰੇ ਮਨੁੱਖਾਂ ਨੂੰ ਨਿਰਦਯਤਾ ਨਾਲ ਪਾੜ ਖਾਣ ਵਾਲਾ ਮਨੁੱਖ ਦਰਅਸਲ ਮਹਾਂਚੋਰ, ਮਹਾਂਠੱਗ ਅਤੇ ਮਹਾਂਦਰਿੰਦਾ ਹੈ। ਅਤੇ, ਇੱਕ ਚਿਤਾਵਨੀ ਸਿੱਧੜ ਸ਼੍ਰੱਧਾਲੂਆਂ ਵਾਸਤੇ ਵੀ ਹੈ: ਪੁਜਾਰੀ ਦਾ ਭੇਖ ਭਿਆਨਕ ਖ਼ਤਰੇ ਦੀ ਨਿਸ਼ਾਨੀ ਹੈ, ਇਸ ਲਈ ਕਿਸੇ ਵੀ ਭੇਖਧਾਰੀ ਤੋਂ ਸਾਵਧਾਨ ਰਹੋ।

ਪਾਠਕ ਸੱਜਨੋਂ! ਕੀ ਗੁਰੂਦਵਾਰਿਆਂ ਦੇ ਚਿਟਕਪੜੀਏ ਭੇਖੀ ਪੁਜਾਰੀਆਂ ਅਤੇ ਉਨ੍ਹਾਂ ਮਗਰ ਲਾਗੀਆਂ ‘ਗੁਰੂ ਦੀਆਂ ਸਿੱਖ ਸੰਗਤਾਂ’ ਨੇ ਗੁਰਮਤਿ ਦੇ ਉਕਤ ਉਪਦੇਸ਼ਾਂ ਦੀ ਕਦੇ ਵੀ ਬੀਚਾਰੁ ਕਰਕੇ ਇਨ੍ਹਾਂ ਦੀ ਪਾਲਣਾ ਕੀਤੀ ਹੈ? ਨਿਰਸੰਕੋਚ ਕਿਹਾ ਜਾ ਸਕਦਾ ਹੈ ਕਿ, ਨਹੀਂ! ਭਾਰਤ ਦੇ ਹਰ ਗੁਰੂਦਵਾਰੇ ਨੂੰ, ਆਨੇ ਬਹਾਨੇ, ਤੀਰਥ ਬਣਾ ਲਿਆ ਗਿਆ ਹੈ। ਇਨ੍ਹਾਂ ‘ਪਵਿਤ੍ਰ ਤੀਰਥਾਂ’ ਉੱਤੇ ਕੁੰਜ ਬਦਲ ਕੇ ਰੀਂਗਦੇ ਸੱਪ ਅਤੇ ਟਿਕਟਿਕੀ ਲਾਈ ਬੈਠੇ ਬਗੁਲੇ ਹੀ ਬਗੁਲੇ ਦਿਖਾਈ ਦਿੰਦੇ ਹਨ। ਜੇ ਕਿਸੇ ਸ਼੍ਰੱਧਾਲੂ ਨੂੰ ਕਿਤੇ ਵੀ ਕੋਈ ਹੰਸ ਦਿਖਾਈ ਦੇਵੇ ਤਾਂ ਸਾਨੂੰ ਵੀ ਦੱਸਣਾ, ਅਸੀਂ ਵੀ ਦਰਸ਼ਨ ਕਰ ਆਵਾਂ ਗੇ!

ਗੁਰਇੰਦਰ ਸਿੰਘ ਪਾਲ




.