. |
|
** ਮਨੁੱਖ ਦਾ ਆਪਣੇ-ਆਪ ਨੂੰ ਚੀਨਣਾ-ਪੜਚੋਲ। **
ਕਿਸ਼ਤ 1
"ਚੀਨੈ ਆਪੁ ਪਛਾਣੈ ਸੋਈ ਜੋਤੀ ਜੋਤਿ ਮਿਲਾਈ ਹੇ॥ ਮ1॥ 1024॥
** ਚੀਨੈ = ਸਮਝੇ, ਜਾਣੈ,
ਬੁੱਝੇ, ਜਾਣਕਾਰ ਹੋਵੇ, ਗਿਆਨ ਲਵੇ, ਪੜਚੋਲ।
**
ਆਪਣੇ-ਆਪ ਬਾਰੇ ‘ਗਿਆਨ’ ਲੈਣਾ ਜਾਂ ਹੋਣਾ, ਕਿਸੇ ਵੀ ਇਨਸਾਨ ਵਾਸਤੇ ਬਹੁਤ ਹੀ ਲਾਜ਼ਿਮ ਹੈ। ਬਿਨਾਂ
ਆਪਣੇ ਬਾਰੇ ਜਾਣੇ, ਅਸੀਂ ਹੋਰ ਕਿਸੇ ਨੂੰ ਵੀ, ਕਿਸੇ ਬਾਰੇ ਨਹੀਂ ਜਾਣ ਸਕਦੇ। ਕਿਉਂਕਿ ਆਪਾਂ ਸਾਰੇ
ਹੀ ਇਨਸਾਨ ਅਲੱਗ-ਅਲੱਗ ਹਾਂ, ਅਲੱਗ-ਅਲੱਗ ਸੋਚ ਦੇ ਮਾਲਿਕ ਹਾਂ, ਅਲੱਗ-ਅਲੱਗ ਹੀ ਸਾਡੇ ਹਰ ਮਨੁੱਖ
ਦੇ ਆਪਣੇ ਬਣਾਏ ਪੈਮਾਨੇ ਹਨ, ਫੈਸਲੇ ਹਨ।
** ਕਿਸੇ ਦੂਸਰੇ ਮਨੁੱਖ ਬਾਰੇ, ਤੁਸੀਂ ਆਪਣੀ ਕੋਈ ਰਾਏ ਤਾਂ ਬਣਾ ਸਕਦੇ ਹੋ,
ਪਰ ਯਕੀਨਨ 100% ਕਿਸੇ ਵੀ ਦੂਸਰੇ-ਤੀਸਰੇ-ਚੌਥੇ ਮਨੁੱਖ ਬਾਰੇ:-
ਕਿ ਉਹ ਕੀ ਸੋਚ ਰਿਹਾ ਹੈ?
ਤੁਹਾਡੇ ਬਾਰੇ ਉਸ ਮਨੁੱਖ ਦਾ ਕੀ ਨਜ਼ਰੀਆ ਹੈ।
ਉਹ ਚੰਗੇ ਖਿਆਲਾਂ ਦਾ ਹੈ ਜਾਂ ਕੇ ਮਾੜੇ ਖਿਆਲਾਂ ਦਾ।
- ਦੂਸਰੇ ਦੇ ਬਾਰੇ ਕੁੱਝ ਕਹਿਣਾ, ਬੋਲਣਾ, ਕੇਵਲ ਤੁਹਾਡੀ ਆਕਾਸ਼ਵਾਣੀ ਹੀ
ਹੋਵੇਗੀ, ਉਸਦੇ ਅੰਦਰ ਦਾ ‘ਸੱਚ’ ਕੀ ਹੈ, ਤੁਸੀਂ ਕੁੱਝ ਵੀ ਨਹੀਂ ਕਹਿ ਸਕਦੇ। ਨਹੀਂ ਜਾਣ ਸਕਦੇ।
** ਆਪਣੇ ਆਪ ਦੀ ਪੜਚੋਲ ਕਰਨ ਵਾਲਾ ਇਨਸਾਨ, ਕਦੇ ਕਿਸੇ ਦੂਸਰੇ ਦੀ ਮਨੁੱਖ
ਅਲੋਚਨਾ ਨਹੀਂ ਕਰਦਾ। ਅਗਰ ਮਨੁੱਖ ਸਮਝਦਾਰ ਹੈ, ਦੂਰ ਅੰਦੇਸ਼ ਹੈ, ‘ਗੁਰਮੱਤ-ਗਿਆਨ’ ਦੀ ਸੋਝੀ ਰੱਖਦਾ
ਹੈ ਤਾਂ, ਆਪਣੇ-ਆਪ ਬਾਰੇ ਜਾਣਕਾਰੀ ਹੋਣ ਨਾਲ, ਉਸ ਮਨੁੱਖ ਨੂੰ ਦੂਸਰੇ ਸਾਰੇ ਮਨੁੱਖ ਇੱਕ ਬਰੋਬਰ
ਨਜ਼ਰ ਆਉਣ ਲੱਗ ਜਾਂਦੇ ਹਨ। (ਕਿਉਂਕਿ ਸਾਰਿਆਂ ਮਨੁੱਖਾਂ ਵਿੱਚ ਇੱਕ ‘ਅਕਾਲ-ਪੁਰਖੀ’ ਜੋਤ ਹੀ ਤਾਂ
ਜਗਮਗਾ ਰਹੀ ਹੈ।)
** ਪ੍ਰਭਾਤੀ॥ ਕਬੀਰ ਜੀ॥
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ
ਉਪਜਿਆ ਕਉਨ ਭਲੇ ਕੋ ਮੰਦੇ॥ 1॥ ਲੋਗਾ ਭਰਮਿ ਨ ਭੂਲਹੁ ਭਾਈ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ
ਰਹਿੳ ਸ੍ਰਬ ਠਾਂਈ॥ 1॥ ਰਹਾਉ॥ ਮਾਟੀ ਏਕ ਅਨੇਕ ਭਾਂਤਿ ਕਰ ਸਾਜੀ ਸਾਜਨਹਾਰੈ॥ ਨਾ ਕਛੁ ਪੋਚ ਮਾਟੀ ਕੇ
ਭਾਂਡੇ ਨਾ ਕਛੁ ਪੋਚ ਕੁੰਭਾਰੈ॥ 2॥ ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ਹੁਕਮੁ
ਪਛਾਣੈ ਸੁ ਏਕੋ ਜਾਣੈ ਬੰਦਾ ਕਹੀਐ ਸੋਈ॥ 3॥ ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ॥
ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ। 4॥ 3॥
** ਬੇਸ਼ੱਕ ਵੇਖਣ ਵਿੱਚ ਅਸੀਂ ਅਲੱਗ-ਅਲੱਗ ਹਾਂ, ਪਰ ਹਾਂ! ਤਾਂ ਵੇਖਣ ਨੂੰ
ਸਾਰੇ ਹੀ ਮਨੁੱਖ ਇੱਕ ਜੈਸੇ। ਸਮਝਦਾਰ ਮਨੁੱਖ ਆਪਣੇ ਮੂੰਹ ਵਿਚੋਂ ਬੋਲ ਕੱਢਣ ਵੇਲੇ ਪਹਿਲਾਂ ਆਪਣੇ
ਬੋਲਾਂ ਨੂੰ ਤੋਲਦਾ ਹੈ, ਫਿਰ ਬੋਲਦਾ ਹੈ, ਕਿ ਕਿਥੇ ਅਤੇ ਕਿਸ ਜਗਹ ਉਸਨੇ ਕੀ ਬੋਲਣਾ ਚਾਹੀਦਾ ਹੈ।
** ਕਹਾਵਤ ਹੈ ‘ਪਹਿਲਾਂ ਤੋਲੋ, … ਫਿਰ ਬੋਲੋ’।
- ਆਪਣਾ ਵਿਚਾਰਾਂ ਨੂੰ, ਬੋਲਾਂ ਨੂੰ ਸਥਾਨ ਅਤੇ ਸਮੇਂ ਦੇ ਅਨੁਸਾਰੀ ਤੋਲ ਲਵੋ, ਭਾਵ, ਚੁਣ
ਲਵੋ, ਘੜ ਲਵੋ, ਤਰਤੀਬ ਵਿੱਚ ਕਰ ਲਵੋ, ਫਿਰ ਬੋਲਣਾ ਕਰੋ ਜੀ।
** ਸਿੱਖ ਕੋਲ ‘ਗਿਆਨ’ ਦਾ ਸਾਗਰ ਹੈ ‘ਸਬਦ ਗੁਰੂ ਗਰੰਥ ਸਾਹਿਬ ਜੀ।
‘ਗੁਰਬਾਣੀ’ ਨੂੰ ਪੜ੍ਹਕੇ, ਸੁਣਕੇ, ਮੰਨਕੇ, ਸਮਝਕੇ, ਇਸਦੇ ਗਿਆਨ ਨੂੰ ਆਪਣੇ ਆਪ ਉੱਪਰ ਲਾਗੂ ਕਰਨਾ
ਹੈ। ਇਹ ‘ਸਿੱਖੀ ਦਾ ਤੱਤ-ਸਾਰ ਹੈ, ਤਾਂ ਜੋ ਅਸੀਂ ਆਪਣੇ ਆਪ ਨੂੰ ‘ਗੁਰਮੱਤ’ ਦੇ ਅਨੁਸਾਰੀ ਬਣਾ
ਸਕੀਏ, ਘੜ ਸਕੀਏ।
** ‘ਗੁਰਬਾਣੀ-ਗਿਆਨ’ ਤਾਂ ਸਾਰੀ ਮਨੁੱਖਤਾ ਲਈ ਹੈ, ਪਰ ਪਹਿਲ ਹਰ ਸਿੱਖ ਨੇ
ਆਪਣੇ ਆਪ ਉੱਪਰ ਹੀ ਕਰਨੀ ਹੈ, ਚੀਨਣਾ ਵੀ ਆਪਣੇ ਆਪ ਨੂੰ ਹੈ, ਅਤੇ ਪੜਚੋਲ ਵੀ ਆਪਣੀ ਹੀ ਕਰਨੀ, ਤਾਂ
ਕਿ ਆਪਣੇ-ਆਪ ਨੂੰ ਜਾਣਿਆ ਜਾ ਸਕੇ।
"ਗੁਰਮੁਖਿ ਵਿਰਲਾ ਚੀਨੈ ਕੋਈ॥ ਮ1॥ ਪੰਨਾ 1024॥
** ਆਪਣੇ-ਆਪ ਦੀ ਪੜਚੋਲ ਨਾ ਕਰਕੇ, ਕੇਵਲ ਹੋਰਨਾਂ ਮਨੁੱਖਾਂ ਦੀ ਪੜਚੋਲ
ਕਰਨਾ ਵਾਲਾ ਮਨੁੱਖ, ਆਪਣੇ-ਆਪ ਬਾਰੇ ਹਨੇਰੇ ਵਿੱਚ ਹੀ ਰਹਿੰਦਾ ਹੈ, ਆਪਣੇ ਆਪ ਬਾਰੇ ਸਚਾਈ ਨਹੀਂ
ਜਾਣ ਪਾਉਂਦਾ। ਜਿਸ ਤਰਾਂ ਦੀਵੇ ਦੇ ਥੱਲੇ ਹਨੇਰਾ ਹੁੰਦਾ ਹੈ, ਠੀਕ ਉਸੇ ਤਰਾਂ ਇਹ ਮਨੁੱਖ ਵੀ ਆਪਣੇ
ਆਪ ਨੂੰ ਗਿਆਨਵਾਨ, ਬ੍ਰਹਮ-ਗਿਆਨੀ ਹੋਣ ਦੇ ਬਹੁਤ ਵੱਡੇ ਭੁਲੇਖੇ ਪਾਲ ਲੈਂਦਾ ਹੈ। ਲੋਕਾਈ ਦੀਆਂ
ਨਜ਼ਰਾਂ ਵਿੱਚ ਲੰਬੇ-ਲੰਬੇ ਚੋਲੇ ਪਾ ਕੇ, ਗੋਲ ਪੱਗਾਂ ਬੰਨ੍ਹਕੇ, ਹੱਥ ਵਿੱਚ ਤਿੰਨ ਫੁਟੀ ਤਲਵਾਰ
ਫੜਕੇ, ਨੰਗੀਆਂ ਲੱਤਾਂ ਰੱਖਕੇ, ਪ੍ਰਚੱਲਤ ਬ੍ਰਾਹਮਣੀ ਮਾਨਤਾਵਾਂ ਦਾ ਪ੍ਰਚਾਰ-ਪ੍ਰਸਾਰ ਕਰਦਾ, ਆਪਣੇ
ਆਪ ਨੂੰ ਬਹੁਤ ਹੀ ਉਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਵਾਲਾ ਪਹੁੰਚਿਆ ਸਾਧ/ਬਾਬਾ/ਸੰਤ/ਮਹਾਂਪੁਰਖ
ਸਾਬਿਤ ਕਰਨਾ ਲੋਚਦਾ ਹੈ।
** ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ, ਕਿ ਸਿੱਖੀ ਵੀਚਾਰਧਾਰਾ ਅੱਜ ਦੇ
ਸਮੇਂ ਦੇ ਸਾਰੇ ਧਰਮਾਂ, ਮਜ਼ਹਬਾਂ ਵਿਚੋਂ ਇੱਕ ਅਧੁਨਿਕ ਵੀਚਾਰਧਾਰਾ ਹੈ। ਜਾਗਰੂਕਾਂ ਅਤੇ
ਸਾਇੰਸਦਾਨਾਂ ਨੂੰ ਵੀ ਹੋਰ ਅਗੇਰੇ ਰਾਹ ਵਿਖਾਉਣ ਵਾਲਾ ਰਾਹ ਹੈ, ‘ਗਿਆਨ’ ਹੈ।
** ਭਾਰਤੀ ਖਿੱਤੇ ਵਿੱਚ ਕਾਜ਼ੀਆਂ, ਬ੍ਰਾਹਮਣਾਂ ਅਤੇ ਯੋਗੀਆਂ ਨੇ ਆਪਣੇ-ਆਪਣੇ
ਸੁੱਖੀ ਜੀਵਨ ਲਈ ਮਨੁੱਖਾ ਸਮਾਜ ਵਿੱਚ ਆਪਣੇ ਮਾੜੇ ਮਨਸੂਬਿਆਂ ਦਾ ਜਾਲ ਵਿਛਾ ਰੱਖਿਆ ਸੀ। ਲੋਕਾਈ
ਨੂੰ ਭਰਮ-ਭੁਲੇਖਿਆਂ ਅਤੇ ਕਰਮਕਾਂਡਾਂ ਵਿੱਚ ਫਸਾ ਰੱਖਿਆ ਸੀ।
** ਇਸ ਭਰਮ ਜਾਲ ਨੂੰ ਤੋੜਨ ਲਈ ਗਿਆਰਵੀਂ ਸਦੀ ਤੋਂ ਜਾਗਰਤ ਮਹਾਨ ਰੂਹਾਂ ਨੇ
ਆਪਣੀ ਆਵਾਜ਼ ਬੁਲੰਦ ਕਰਨੀ ਸੁਰੂ ਕਰ ਦਿੱਤੀ ਸੀ। ਬੇਬਾਕੀ ਨਾਲ ਆਪਣੀ ਆਵਾਜ਼ ਉੱਚੀ ਕੀਤੀ। ਲੋਕਾਂ
ਵਿੱਚ ‘ਸੱਚ’ ਨੂੰ ਉਜਾਗਰ ਕਰਨਾ ਸੁਰੂ ਕੀਤਾ।
** ਪੰਦਰਵੀਂ, ਸੋਲਵੀਂ, ਸਤਾਰਵੀਂ ਸਦੀ ਤੱਕ ਆਉਂਦੇ-ਆਉਂਦੇ, ਦਸ ਗੁਰੂ
ਸਹਿਬਾਨਾਂ, 15 ਭਗਤ ਸਾਹਿਬਾਨਾਂ, 11 ਭਟ ਸਾਹਿਬਾਨਾਂ ਅਤੇ 3 ਗੁਰਸਿਖਾਂ ਨੇ ‘ਗੁਰਮੱਤ-ਗਿਆਨ’ ਦਾ
ਸੰਦੇਸ਼, ਸੁਨੇਹਾ, ਮਨੁੱਖਤਾ ਨੂੰ ਪਰਪੱਕ ਅਤੇ ਦ੍ਰਿੜ ਕਰਾਉਣ ਲਈ 239 ਸਾਲ ਦਾ ਸਮਾਂ ਲਾ ਕੇ ਇਸ
‘ਸੱਚ’ ਦੇ ਗਿਆਨ ਨੂੰ ਪ੍ਰਚੰਡ ਰੂਪ ਦੇ ਦਿੱਤਾ। ਭਾਰਤੀ ਖਿੱਤੇ ਵਿੱਚ ਜਾਗਰਤੀ ਲੈ ਆਂਦੀ।
** ਕਾਦੀ ਕੂੜੁ ਬੋਲ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ
ਜਾਣੈ ਅੰਧੁ॥ ਤੀਨੇ ੳਜਾੜੇ ਕਾ ਬੰਧੁ॥ 2॥ ਮ1॥ 662॥
** ਇਸ ਤਿਕੜੀ ਦੇ ਪਾਏ ਹੋਏ ਉਜਾੜੈ ਅਤੇ ਇਹਨਾਂ ਦੇ ਜ਼ੁਲਮਾਂ ਦੇ ਕਾਰਨ,
ਭਾਰਤੀ ਖਿੱਤੇ ਦੇ ਲੋਕ, ਨਾਨਕ-ਫਲਸਫੇ ਦੇ ਸੁਨੇਹੇ, ਸੰਦੇਸ਼, ਪਿਆਰ ਨੂੰ ਸਮਝਦੇ-ਬੁੱਝਦੇ ਉਹਨਾਂ ਵੱਲ
ਨੂੰ ਖਿੱਚੇ ਚਲੇ ਆਏ। ਉਹਨਾਂ ਦੇ ਬਚਨਾਂ ਅਤੇ ਪਿਆਰ ਦੀ ਬੋਲੀ ਅਤੇ ਭਾਸ਼ਾ ਨੂੰ ਸਮਝਦੇ, ਬੁੱਝਦੇ
ਸਮਾਜ ਦੇ ਗਰੀਬ ਦੱਬਲੇ-ਕੁਚਲੇ ਲੋਕਾਂ ਨੇ ਆਪਣੇ-ਆਪ ਦੀ ਪੜਚੋਲ ਕਰਕੇ ਆਪਣੇ ਆਪ ਨੂੰ ਜਗਾਉਣਾ ਸੁਰੂ
ਕਰ ਦਿੱਤਾ। ਗੁਰੁ ਸਾਹਿਬਾਨਾਂ ਦੇ ਬਚਨਾਂ ਨੂੰ ਸਤਿ ਕਰਕੇ ਮੰਨਣਾ ਸੁਰੂ ਕਰ ਦਿੱਤਾ। ਸਾਲ 1699 ਤੱਕ
ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ-ਆਪ ਵਿੱਚ ਬਦਲਾਅ ਲਿਆ ਕੇ, ਬ੍ਰਾਹਮਣੀ ਪਾਰੰਪਰਾਵਾਦੀ
ਫੋਕੀਆਂ ਮਾਨਤਾਵਾਂ ਨੂੰ ਮੰਨਣ-ਮਨਾਉਣ ਵਾਲਾ ਢੌਂਗ ਛੱਡ ਕੇ, ਆਪਣੇ ਆਪ ਨੂੰ ‘ਸਿੱਖ’ ਅਖਵਾਉਣਾ ਸੁਰੂ
ਕਰ ਦਿੱਤਾ ਸੀ। ਲੋਕਾਂ ਵਿੱਚ ਜਾਗਰਤੀ ਆ ਗਈ। ਆਪਣੇ ਆਪ ਨੂੰ ਪਹਿਚਾਨਣਾ ਸੁਰੂ ਕਰ ਦਿੱਤਾ, ਕਿ ਅਸੀਂ
ਕੌਣ ਹਾਂ, ਅਤੇ ਸਾਡੇ ਕੀ ਅਧਿਕਾਰ ਹਨ?
** ਆਤਮ ਚੀਨੈ ਸੁ ਤਤੁ ਬੀਚਾਰੇ॥ ਮ1॥ 224॥
ਆਪਣੇ ਆਪ ਨੂੰ ਚੀਨਣ, ਜਾਨਣ, ਸਮਝਣ,
ਬੁੱਝਣ ਵਾਲਾ ਮਨੁੱਖ ਹੀ ਤੱਤ (ਸੱਚ) ਬਾਰੇ ਵੀਚਾਰ ਕਰ ਸਕਦਾ ਹੈ, ਦੀ ਸਾਰ/ਥਾਹ ਪਾ ਸਕਦਾ ਹੈ। ਆਪਣੇ
ਜੀਵਨ ਵਿੱਚ ਸਾਤਵਿੱਕ ਗੁਣਾਂ ਨੂੰ ਧਾਰਨ ਕਰਕੇ ਚੰਗੇ ਸੁਲਝੇ ਹੋਏ ਮਨੁੱਖਾਂ ਵਾਲਾ ਜੀਵਨ ਬਤੀਤ ਕਰਦਾ
ਹੈ।
** ਆਪੁ ਨ ਚੀਨੈ ਬਾਜੀ ਹਾਰੀ॥ ਮ3॥ 230॥
ਜਿਹੜੇ ਮਨੁੱਖ ਆਪਣੇ ਆਪ ਨੂੰ ਚੀਨਣਾ,
ਜਾਨਣਾ, ਸਮਝਣਾ, ਬੁੱਝਣਾ ਨਹੀਂ ਕਰਦੇ, ਉਹ ਅੰਤ ਨੂੰ, ਅਖੀਰ ਨੂੰ ਬਾਜ਼ੀ, (ਮਨੁੱਖਾ ਜੀਵਨ ਦੀ
ਖੇਡ/ਬਾਜ਼ੀ) ਹਾਰ ਜਾਂਦੇ ਹਨ, ਭਾਵ ਉਹਨਾਂ ਮਨੁੱਖਾਂ ਦਾ ਜੀਵਨ ਖੁਆਰ ਹੋ ਜਾਂਦਾ ਹੈ।
** ਸਿੱਖੀ ਅਸੂਲਾਂ ਦੀ ਪਾਲਣਾ ਕਰਨ ਵਾਲੀ ਸੰਗਤ (ਬ੍ਰਾਹਮਣ ਵਲੋਂ ਦੁਰਕਾਰੇ
ਸੂਦਰ) ਸਿੱਖਾਂ ਨੂੰ ਸੰਨ 1699 ਵਿੱਚ 10ਵੇਂ ਗੁਰੁ ਜੀ ਨੇ ‘ਸਿੱਖ’ ਤੋਂ ਸਿੰਘ (ਖਾਲਸਾ) ਸਜਾ
ਦਿੱਤਾ ਅਤੇ ਸਾਲ 1708 ਵਿੱਚ ਸ਼ਬਦ ਗੁਰੂ ਨੂੰ ਗੁਰੱਤਾ ਦੇ ਦਿੱਤੀ। ‘ਪੋਥੀ ਪ੍ਰਮੇਸ਼ਰ ਕਾ ਥਾਨ’ ਦੇ
ਬਚਨਾਂ ਨੂੰ ਸੱਚ ਕਰ ਦਿੱਤਾ। ਧੁਰ ਕੀ ਬਾਣੀ ਦੇ ਸੰਗ੍ਰਹਿ ਗ੍ਰੰਥ ਸਾਹਿਬ ਨੂੰ ‘ਗੁਰੂ’ ਪਦਵੀ ਨਾਲ
ਸਸ਼ੋਬਿੱਤ ਕਰ ਕੇ, ਜੁਗੋ ਜੁੱਗ ਅਟੱਲ ਸ਼ਬਦ ਗੁਰੂ ਦਾ ਤਾਜ ਪਹਿਨਾ ਦਿੱਤਾ।
"ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੁ ਸੁਰਤਿ ਧੁਨਿ ਚੇਲਾ॥ ਮ1॥ ਪੰ
942॥
** ਸ਼ਬਦ ਗੁਰੂ ਤੇ ਆਧਾਰਿੱਤ ਗਿਆਨ ਦਾ ਜੋ ਵੱਡਮੁੱਲਾ ਨਾਨਕ
ਫਲਸ਼ਫਾ/ਫਲੌਸਿਫੀ, ਨਾਨਕ-ਜੋਤ ਨੇ ਸਿੱਖ ਕੌਮ/ਖਾਲਸਾ ਪੰਥ ਦੀ ਝੋਲੀ ਪਾਇਆ, ਉਸ ਸ਼ਬਦ ਗਿਆਨ ਜੋਤ ਦਾ
ਪ੍ਰਚਾਰ/ਪ੍ਰਸਾਰ ਉਸੇ ਭਾਵਨਾ ਨਾਲ ਨਾ ਹੋਣ ਕਰਕੇ, ਅੱਜ ਖਾਲਸਾ-ਪੰਥ ਦੀਆਂ ਮੁਸ਼ਕਲਾਂ ਵਿੱਚ ਵਾਧਾ
ਹੋਇਆ ਆਮ ਦਿੱਸ ਰਿਹਾ ਹੈ।
** ਸੰਨ 1708 ਤੋਂ ਬਾਅਦ ਦਾ ਸਮਾਂ ਖਾਲਸਾ ਪੰਥ ਲਈ ਮੁਸਕਲਾਂ/ਮੁਸੀਬਤਾਂ
ਭਰਿਆ ਹੋਣ ਕਰਕੇ, ਗੁਰਬਾਣੀ ਦੀ ਅਸਲ ਵਿਚਾਰਧਾਰਾ ਦਾ ਪ੍ਰਚਾਰ/ਪ੍ਰਸਾਰ ਨਾ ਹੋ ਸਕਿਆ। ਨਾਨਕ
ਵਿਚਾਰਧਾਰਾ ਨਾਲ ਜੁੜਿਆ ਤੱਤ ਖਾਲਸਾ, ਆਪਣੇ ਤੇ ਹੋ ਰਹੇ ਜ਼ੁਲਮਾਂ ਦਾ ਟਾਕਰਾ ਕਰਨ ਲਈ
ਜੰਗਲਾਂ-ਬੇਲਿਆਂ ਵਿੱਚ ਪਨਾਹ ਲੈ ਕੇ ਜਾਲਮਾਂ ਦਾ ਟਾਕਰਾ/ ਮੁਕਾਬਿਲਾ ਕਰ ਰਿਹਾ ਸੀ। ਏਧਰ ਪੰਜਾਬ
ਵਿੱਚ ਖਾਲਸੇ ਦੇ ਧਾਰਮਿੱਕ ਸਥਾਨਾਂ ਤੇ ਸਿਰੀਚੰਦੀਏ, ਧੀਰਮੱਲੀਏ, ਰਾਮਰਾਈਏ, ਨਿਰਮਲਿਆਂ ਸਾਧਾਂ ਅਤੇ
ਹੋਰ ਗੁਰੁ ਅੰਸ਼-ਬੰਸ਼ ਦਾ ਕਾਬਜ਼ ਹੋਣਾ ਸੁਭਾਵਿੱਕ ਹੀ ਸੀ। ਏਹਨਾਂ ਲੋਕਾਂ (ਪੂਜਾਰੀਆਂ ਅਤੇ ਮਹੰਤਾਂ/
ਮਸੰਦਾਂ) ਨੇ ਸਮੇਂ ਦੀ ਨਬਜ਼ ਪਛਾਣਦੇ ਹੋਏ, ਬਿਪਰਵਾਦੀਆਂ ਦੀ ਖੁਸ਼ਨਮੂਦੀ ਕਰਕੇ ਖਾਲਸਾ ਪੰਥ ਦੇ
ਧਾਰਮਿਕ ਸਥਾਨਾਂ ਦਾ ਕਬਜ਼ਾ ਕੰਟਰੋਲ ਆਪਣੇ ਹੱਥਾਂ ਵਿੱਚ ਪੱਕਾ ਕਰ ਲਿਆ। ਪੰਥ ਦੇ ਧਾਰਮਿਕ ਸਥਾਨਾਂ
ਵਿੱਚ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਦੂਸ਼ਤ ਵੀ ਇਹਨਾਂ ਲੋਕਾਂ ਨੇ ਇਸੇ ਸਮੇਂ ਤੋਂ ਕਰਨਾ ਸੁਰੂ ਕਰ
ਦਿੱਤਾ ਸੀ।
** 1708 ਤੋਂ ਬਾਦ ਬੀਤੇ 311 ਸਾਲਾਂ ਵਿੱਚ ਇਹਨਾਂ ਬਿਪਰਵਾਧੀ ਕਰਮਕਾਡਾਂ
ਅਤੇ ਆਡੰਬਰੀ ਰੀਤੀ ਰਿਵਾਜਾਂ ਦਾ ਅਸਰ ਸਿੱਖ ਕੌਮ ਵਿੱਚ ਇਤਨਾ ਗਹਿਰਾ ਹੋ ਚੁੱਕਿਆ ਹੈ ਕਿ ਅੱਜ
ਸਿੱਖੀ ਦਾ ਚਿਹਰਾ ਮੁਹਰਾ ਖਤਮ ਹੁੰਦਾ ਨਜ਼ਰ ਆ ਰਿਹਾ ਹੈ।
** ਬਿਪਰਨ-ਵਾਦੀ ਖ਼ੁਦਗਰਜ਼ ਲਾਲਚੀ ਲੋਭੀ ਭੇਖੀ ਮਸੰਦਾਂ/ਮਹੰਤਾਂ ਨੇ, ਗੁਰ
ਨਾਨਕ ਦੇ ਸਿੱਖੀ ਦੇ ਅਸਲ ਫਲਸਫੇ ਉਤੇ ਬ੍ਰਹਾਮਣ/ਬਿਪਰਨ ਵਾਦੀ ਕੁਰੀਤੀਆਂ/ਆਡੰਬਰੀ ਕਰਮਕਾਡਾਂ ਦਾ
ਪੋਚਾ ਫੇਰ ਦਿੱਤਾ।
(ਅੱਜ 100 ਵਿਚੋਂ 90 ਸਿੱਖ ਆਪਣੇ ਗੁੱਟਾਂ ਉਪਰ ਮੌਲੀਆਂ ਬੰਨਹੀ ਫਿਰਦੇ
ਵੇਖੇ ਜਾ ਸਕਦੇ ਹਨ। ਇਹੀ ਮੌਲੀਆਂ ਬੰਨਹੀ ਫਿਰਦੇ ਸਿੱਖਾਂ ਦੇ ਘਰਾਂ ਵਿੱਚ ਹਰ ਤਰਾਂ ਬ੍ਰਾਹਮਣੀ
ਕਰਮਕਾਂਡ ਕੀਤਾ ਜਾਂਦਾ ਹੈ, ਹੁੰਦਾ ਹੈ। ਫਿਰ ਵੀ ਇਹ ਸਾਰੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਨ,
ਗੁਰੁ ਕੀਆਂ ਲਾਡਲੀਆਂ ਫੌਜਾਂ ਅਖਵਾਉਂਦੇ ਹਨ। ਇਹਨਾਂ ਦੇ ਕੰਮ, ਵਹਿਮ, ਭਰਮ, ਕਰਮਕਾਂਡ, ਅਡੰਬਰ,
ਸਾਰੇ ਬ੍ਰਾਹਮਣ ਵਾਲੇ ਹੀ ਹਨ।)
** 1849 ਤੋਂ ਬਾਅਦ ਚਲਾਕ ਅੰਗਰੇਜਾਂ ਨੇ ਆਪਣੀ ਬਾਦਸ਼ਾਹਤ ਨੂੰ ਮਜ਼ਬੂਤ ਕਰਨ
ਅਤੇ ਸਿੱਖਾਂ ਨੂੰ ਕਮਜ਼ੋਰ ਕਰਨ ਦੀ ਖਾਤਰ, ਸਿੱਖਾਂ ਦੇ ਇਤਹਾਸਿਕ ਧਾਰਮਿੱਕ ਅਸਥਾਨਾਂ ਵਿੱਚ
ਬ੍ਰਾਹਮਣੀ ਕਰਮਕਾਡਾਂ ਦਾ ਰਲਾ ਕਰਵਾ ਕੇ ਮੂਰਤੀ ਪੂਜਾ ਸੁਰੂ ਕਰਵਾ ਦਿੱਤੀ।
(ਸਨਾਤਨ ਮੱਤ ਦੇ ਸਾਰੇ ਦੇਵੀ-ਦੇਵਤਿਆਂ ਦੀਆਂ ਅਤੇ ਸਾਰੇ ਗੁਰੂ ਸਾਹਿਬਾਨਾਂ
ਦੀਆਂ ਮੂਰਤੀਆਂ ਬਣਵਾ ਕੇ ਦਰਬਾਰ ਸਾਹਿਬ ਦੀ ਪਰਕਰਮਾਂ ਵਿੱਚ ਇਹਨਾਂ ਸਾਰੀਆਂ ਮੂਰਤੀਆਂ ਨੂੰ ਰੱਖਵਾ
ਦਿੱਤਾ ਗਿਆ ਸੀ। ਜਾਗਰਤ ਸਿੰਘਾਂ ਨੇ ਇਹ ਸਾਰੀਆਂ ਮੂਰਤੀਆਂ 20ਵੀਂ ਸਦੀ ਦੇ ਸੁਰੂਆਤ (ਤਕਰੀਬਨ
1920) ਵਿੱਚ ਬੜੀਆਂ ਮੁੱਸ਼ਕਲਾਂ/ਮੁੱਸ਼ਕਤਾਂ ਨਾਲ ਚੁਕਵਾਉਣੀਆਂ ਕੀਤੀਆਂ ਸਨ।)
** ਸਿੱਖ ਕੌਮ ਵਿੱਚ ਅੱਜ ਦੇ ਇਹ ਪਾਖੰਡੀ ਭੇਖੀ ਸੰਤ, ਬਾਬੇ, ਡੇਰੇਦਾਰ,
ਟਕਸਾਲੀ ਬ੍ਰਹਮਗਿਆਨੀ 108 ਅਤੇ 1008 ਤੇ ਹੋਰ ਅਨੇਕਾਂ ਆਡੰਬਰੀ ਡੇਰੇਦਾਰ ਖੁੰਬਾਂ ਵਾਂਗ ਨਿਕਲ ਰਹੇ
ਹਨ। ਇਹ ਸਾਰੇ ਅੰਗਰੇਜਾਂ ਦੀ ਹੀ ਦੇਣ ਹਨ। ਇਹ ਬਹੁਤੇ ਸਿੱਖ ਸੰਤ ਬਾਬੇ ਅੰਗਰੇਜਾਂ ਵੇਲੇ ਦੀ ਸਿੱਖ
ਆਰਮੀ ਦੇ ਹੀ ਸਿਪਾਹੀ ਸਨ। ਪੰਜਾਬ ਵਿੱਚ ਇਹਨਾ ਨੇ ਪੇਂਡੂ ਸਿੱਖ ਸੰਗਤਾਂ ਨੂੰ ਪੂਰੀ ਤਰਾਂ ਨਾਲ
ਬਰੇਨ ਵਾਸ਼ ਕਰਕੇ ਆਪਣੇ-ਆਪਣੇ ਮਹਾਂਪੁਰਸ਼ਾਂ ਦੇ ਕਾਰਨਾਮਿਆਂ/ਕਰਾਮਾਤਾਂ ਨਾਲ ਕੀਲਿਆ ਹੋਇਆ ਹੈ।
** ਸਬਦ ਗੁਰੂ ਗਰੰਥ ਸਾਹਿਬ ਜੀ ਨੂੰ ਇਹ ਭੇਖੀ ਸਾਧ ਲਾਣਾ, ਆਪਣੀ ਇੱਕ
ਦੁਕਾਨਦਾਰੀ ਵਾਂਗ ਵਰਤ ਰਿਹਾ ਹੈ, ਤਾਂ ਕਿ ਸਿੱਖ ਸੰਗਤਾਂ ਨੂੰ ਬੇਵਕੂਫ ਬਣਾਇਆ ਜਾ ਸਕੇ, ਅਤੇ ਬਣਾ
ਰਹੇ ਹਨ।
** ਜਾਗਰੂਕ ਸਿੱਖ ਸੰਗਤਾਂ ਮਹਿਸੂਸ ਕਰ ਰਹੀਆਂ ਹਨ ਕਿ ਗੁਰ ਨਾਨਕ ਦਾ ਉੱਚਾ
ਸੁੱਚਾ, ਜੀਵਨ ਜਾਚ ਦਾ ਗੁਰਬਾਣੀ-ਸੰਦੇਸ਼, ਸੁਨੇਹਾ, ਗਿਆਨ ਆਪਣੇ ਆਪ ਨੂੰ ਸਿੱਖ ਕਹਾਉਦੇ ਸਿੱਖਾਂ ਨੇ
ਵਿਸਾਰ ਦਿੱਤਾ ਹੈ। ਸਿੱਖ ਕਰਮਕਾਂਡੀ, ਆਡੰਬਰੀ, ਪੂਜਾਰੀਆਂ ਅਤੇ ਡੇਰੇਵਾਦੀਆਂ ਬਾਬਿਆਂ/ਸੰਤਾਂ, ਅਤੇ
ਮੜ੍ਹੀਆਂ ਮਸਾਨਾਂ ਦਾ ਪੂਜਕ ਬਣ ਚੁੱਕਾ ਹੈ। ਗੁਰਬਾਣੀ ਦੀ ਵਿਚਾਰ/ਰਾਹ ਛੱਡ ਚੁੱਕਾ ਹੈ।
** ਸਿੱਖ ਨੇ ਤਾਂ ਆਪਣੀ ‘ਮਨਮੱਤ’ ਤਿਆਗ ਕੇ ‘ਗੁਰਮੱਤ’ ਅਨੁਸਾਰੀ ਹੋਣਾ ਹੈ।
ਗੁਰਬਾਣੀ ਦਾ ਅੰਮ੍ਰਿਤ ਰੂਪੀ ‘ਗਿਆਨ’ ਦਾ ਭੰਡਾਰਾ ਤਾਂ ਸਾਰੀ ਮਨੁਖਤਾ ਵਾਸਤੇ ਖੁੱਲਾ ਹੈ। ਲੋੜ ਤਾਂ
ਅਭਿਲਾਖੀ ਬਨਣ ਦੀ ਹੈ ।
"ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ"। ਪੰਨਾ 1429॥
** ਸਬਦ ਗੁਰੂ ਗਰੰਥ ਸਾਹਿਬ ਜੀ ਨੂੰ ਦੇਹਧਾਰੀ ਗੁਰੂ ਦੀ ਨਿਆਈਂ ਪੂਜਿਆ ਜਾ
ਰਿਹਾ ਹੈ।
** ਗੁਰਬਾਣੀ ਵਿਚਾਰ/ਗਿਆਨ ਦਾ ਫਲਸਫਾ ਅਲੋਪ ਹੋ ਚੁਕਿਆ ਹੈ।
** ਸਿੱਖ ਸਮਾਜ ਵਿੱਚ 90% ਲੋਕ ਕਰਮਕਾਂਡੀ ਹੋ ਚੁੱਕੇ ਹਨ।
** ਅਨੇਕਾਂ ਅਣਸੁਲਝੈ ਮਸਲੇ ਵਿਚਾਲੇ ਲਟਕ ਰਹੇ ਹਨ।
** ਭਾਰਤ ਤੋਂ ਬਾਹਰ ਦੀ ਦੁਨੀਆਂ ਦੇ ਲੋਕਾਂ ਨੂੰ ‘ਸਿੱਖ’ ਆਪਣੀ ਪਹਿਚਾਨ
ਨਹੀਂ ਕਰਵਾ ਸਕੇ।
** ਅੱਜ ਵੀ ਸਾਡੀ ਇਸ ਦੁਨੀਆ ਵਿੱਚ ਕਈ ਦੇਸਾਂ ਦੇ ਲੋਕ, ਦਸਤਾਰਧਾਰੀ ਅਤੇ
ਕੇਸਾਧਾਰੀ ਸਿੱਖਾਂ ਨੂੰ ਮੁਸਲਮਾਨ ਸਮਝਦੇ ਹਨ ਅਤੇ ਸਿੱਖਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
…………… ਚੱਲਦਾ।
ਭੁੱਲ ਲਈ ਖਿਮਾ ਕਰਨਾ।
ਇੰਜ ਦਰਸ਼ਨ ਸਿੰਘ ਖਾਲਸਾ (ਅਸਟ੍ਰੇਲੀਆ)
16 ਮਾਰਚ 2019
|
. |