.

ਆਮ ਬਨਾਮ ਖਾਸ

ਜਦੋਂ ਤੋਂ ਮਾਨਵਤਾ ਹੌਂਦ ਵਿੱਚ ਆਈ ਹੈ ਉਦੋਂ ਤੋਂ ਹੀ ਮਾਨਵਤਾ ਅੰਦਰ ਆਮ ਬਨਾਮ ਖਾਸ ਵਿਤਕਰਾ ਚਲਦਾ ਆਇਆ ਹੈ। ਸਾਤਰ ਕਿਸਮ ਦੇ ਮਨੁੱਖ ਆਪਣੇ ਆਪ ਨੂੰ ਖਾਸ ਬਣਾਕੇ ਲੋਕਾਈ ਦਾ ਸੋਸਣ ਕਰਦੇ ਆਏ ਹਨ ਅਤੇ ਅੱਗੇ ਤੋਂ ਅੱਗੇ ਕਰੀ ਜਾ ਰਹੇ ਹਨ। ਇਸ ਆਪਣੇ ਆਪ ਨੂੰ ਖਾਸ ਬਣਾਕੇ ਪੇਸ ਕਰਨ ਵਾਲਿਆ ਦੀ ਸ੍ਰੇਣੀ ਵਿੱਚੋਂ ਹੀ ਇੱਕ ਹੋਰ ਕਹੀ ਜਾਂਦੀ ਖਾਸ ਕਿਸਮ ਦੀ ਸ੍ਰੇਣੀ ਪੈਦਾ ਹੁੰਦੀ ਹੈ, ਜੋ ਆਪਣੇ ਆਪ ਨੂੰ ਅਖੌਤੀ ਖਾਸ ਕਿਸਮ ਦੇ ਲੋਕਾਂ ਦੇ ਦੂਤ ਬਣਾਕੇ, ਆਪਣੇ ਆਪ ਨੂੰ ਉਨ੍ਹਾਂ ਵਲੋਂ ਵਰੋਸੋਏ ਹੋਇ ਸਾਬਤ ਕਰਦੇ ਹੈ। ਜਿਹੜੇ ਤਖੱਲਸ ਇਕੁ ਕਰਤੇ ਨੂੰ ਸੋਭਦੇ ਹਨ ਉਨ੍ਹਾਂ ਵੱਡੇ ਵੱਡੇ ਤਖੱਲਸਾਂ ਨਾਲ ਇਨ੍ਹਾਂ ਨੂੰ ਨਿਵਾਜਦੇ ਹੋਇ ਸਾਰੇ ਹੱਕ ਹਕੂਕ ਆਪਣੇ ਰਾਖਵੇਂ ਸਮਝਦੇ ਹਨ। ਜਿਨ੍ਹਾਂ ਦਾ ਹਵਾਲਾ ਗੁਰਬਾਣੀ ਸੰਸਾਰ ਵਿੱਚੋਂ ਵੀ ਮਿਲਦਾ ਹੈ ਜਿਵੇਂ: - “ਅਚੁਤ ਪਾਰਬ੍ਰਹਮ ਪਰਮੇਸਰ ਅੰਤਰਜਾਮੀ ਮਧਸੂਦਨ ਦਮੋਦਰ ਸੁਆਮੀ॥” ਇਸ ਤਰ੍ਹਾਂ ਅਜਿਹੀ ਪੁਜਾਰੀ ਸ੍ਰੇਣੀ ਲੋਕਾਈ ਨੂੰ ਫਿਰ ਧਰਮ ਰੰਗ ਨਸਲ ਜਾਤ ਪਾਤ ਲਿੰਗ ਭੇਦ ਦੁਆਰਾ ਵੰਡਦੀ ਰਹੀ ਹੈ ਅਤੇ ਵੰਡਦੀ ਆ ਰਹੀ ਹੈ, ਉਦੋਂ ਤੋਂ ਹੀ ਅਜਿਹੀ ਸ੍ਰੇਣੀ ਦੇ ਵਿਰੁੱਧ ਆਮ ਲੋਕਾਂ ਵਲੋਂ ਬਿਮਾਰ ਮਾਨਸਕਤਾ ਵਾਲੀ ਖਾਸ ਕਹੀ ਜਾਂਦੀ ਵੀਚਾਰਧਾਰਾ ਨੂੰ ਦੁਰਕਾਰਿਆ ਵੀ ਜਾਂਦਾ ਰਿਹਾ ਹੈ। ਇਸ ਅਖੌਤੀ ਖਾਸ ਸ੍ਰੇਣੀ ਨੂੰ ਦੁਰਕਾਰਨ ਵਾਲਿਆ ਦੀ ਗੁਰਮਤਿ ਸਿਧਾਂਤ ਅਨੁਸਾਰ ਕਤਾਰ ਵੀ ਬੜੀ ਲੰਬੀ ਹੈ। ਜਿਵੇਂ ਸੁਦਾਮਾ ਬਿਦਰ ਦ੍ਰੋਪਤੀ ਕੁਬਜਾ ਅਜਾਮਲ ਅਬਰੀਕ ਉਦੋ ਅਕੂਰ ਉਗਰਸੈਨ ਗਜ ਨਾਰਦ ਧ੍ਰੂ ਪ੍ਰਹਿਲਾਦ ਬਾਲਮੀਕ ਆਦਿ ਇਨਕਲਾਬੀ ਪੁਰਸ਼ਾਂ ਨੇ ਬਿਪਰਵਾਦੀ ਵੀਚਾਰਧਾਰਾ ਆਮ ਬਨਾਮ ਖਾਸ ਵੀਚਾਰਧਾਰਾ ਦੇ ਵਿਰੁੱਧ ਲੜਾਈ ਡਟ ਕੇ ਲੜੀ, ਪਰ ਸਾਤਰ ਸਰੇਣੀ ਨੇ ਇਨ੍ਹਾਂ ਨੂੰ ਪਿਆਰ ਨਾਲ ਗਲਵਕੜੀ ਵਿੱਚ ਲੈਕੇ ਜਿਨ੍ਹਾਂ ਅਖੌਤੀ ਖਾਸ ਲੋਕਾਂ ਵਿਰੁੱਧ ਲੜਾਈ ਲੜੀ, ਇਨ੍ਹਾਂ ਨੂੰ ਉਨ੍ਹਾਂ ਦੇ ਹੀ ਪੁਜਾਰੀ ਦਰਸਾਕੇ ਇਨ੍ਹਾਂ ਦੇ ਜੀਵਣ ਨਾਲ ਤਰ੍ਹਾਂ ਤਰ੍ਹਾਂ ਦੀਆਂ ਕਰਮਕਾਂਡੀ ਸੁਆਦਲੀਆ ਕਹਾਣੀਆਂ ਜੋੜਕੇ ਗਲਵੱਕੜੀ ਵਿੱਚ ਹੀ ਘੁੱਟਕੇ ਇਨ੍ਹਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਗੁਰਬਾਣੀ ਰਚਣਹਾਰਿਆ ਨੇ ਇਨ੍ਹਾਂ ਦੇ ਪ੍ਰੇਰਣਾ ਸ੍ਰੋਤ ਜੀਵਣ ਦਾ ਸੱਚ ਹਵਾਲਿਆ ਸਮੇਤ ਲੋਕਾਈ ਸਾਹਮਣੇ ਰੱਖਕੇ ਲੋਕਾਈ ਨੂੰ ਵੀ ਇਨ੍ਹਾਂ ਵਰਗਾ ਜੀਵਣ ਅਪਣਾਉਣ ਲਈ ਪ੍ਰੇਰਿਆ।
ਜਿਸਦਾ ਹਵਾਲਾ ਵੀ ਗੁਰਬਾਣੀ ਸੰਸਾਰ ਵਿੱਚੋਂ ਵੀ ਮਿਲਦਾ ਹੈ।
ਜਿਵੇਂ: - “ਰਾਮ ਜਪਉ ਜੀਅ ਐਸੇ ਐਸੇ॥ ਧ੍ਰ¨ ਪ੍ਰਹਿਲਾਦ ਜਪਿਓ ਹਰਿ ਜੈਸੇ॥ ੧॥” ਧ੍ਰੂ ਅਤੇ ਪ੍ਰਹਿਲਾਦ ਜੀ ਵਰਗਾ ਜੀਵਣ ਬਣਾਉਣ ਦੀ ਪ੍ਰੇਰਣਾ ਹੈ ਜਿਨ੍ਹਾਂ ਨੇ ਬਿਪਰਵਾਦੀ ਵੀਚਾਰਧਾਰਾ ਅਨੁਸਾਰ ਆਪਣੇ ਆਪ ਨੂੰ ਆਮ ਤੋਂ ਖਾਸ ਬਣਾਕੇ ਪੇਸ ਕਰਨ ਵਾਲਿਆ ਦੇ ਵਿਰੁੱਧ ਲੜਾਈ ਲੜੀ। ਬਿਪਰਵਾਦੀ ਵੀਚਾਰਧਾਰਾ ਨੂੰ ਪ੍ਰਹਿਲਾਦ ਜੀ ਵਲੋਂ ਦੁਰਕਾਰਨ ਦੀ ਮਹਲੇ ਤੀਜੇ ਵਲੋਂ ਕੀਤੀ ਪ੍ਰੋੜਤਾ ਦਾ ਗੁਰਬਾਣੀ ਹਵਾਲਾ: - “ਦੈਤ ਪੁਤ੍ਰੁ ਪ੍ਰਹਲਾਦੁ ਗਾਇਤ੍ਰੀ ਤਰਪਣੁ ਕਿਛੂ ਨ ਜਾਣੈ ਸਬਦੇ ਮੇਲਿ ਮਿਲਾਇਆ॥ ੧॥” ਜਿਸ ਪ੍ਰਹਿਲਾਦ ਜੀ ਨੂੰ ਬਿਪਰ ਵਲੋਂ ਦੈਤ ਪੁਤ੍ਰ ਕਿਹਾ ਗਿਆ ਉਸਦਾ ਕੀ ਕਾਰਣ ਸੀ, ਮਹਲੇ ਤੀਜੇ ਜੀ ਨੇ ਸਪਸਟ ਕੀਤਾ ਹੈ ਕਿ ਪ੍ਰਹਿਲਾਦ ਜੀ ਨੇ ਗਾਇਤ੍ਰੀ ਮੰਤ੍ਰ ਅਤੇ ਤਰਪਣ, ਪਿਤਰਾ ਨੂੰ ਪਾਣੀ ਸੂਰਜ ਨੂੰ ਪਾਣੀ ਦੇ ਝੱਟੇ ਮਾਰਨੇ, “ਕਿਛੂ ਨਾ ਜਾਣੈ” ਭਾਵ ਸਾਰਾ ਕੁੱਝ ਰੱਦ ਕਰ ਦਿੱਤਾ ਸੀ, ਕਿੳ+ ਰੱਦ ਕੀਤਾ, ਕਹਿੰਦੇ “ਸਬਦੇ ਮੇਲਿ ਮਿਲਾਇਆ॥” ਭਾਵ ਉਨ੍ਹਾਂ ਨੂੰ ਆਤਮਿਕ ਗਿਆਨ ਹੋ ਚੁੱਕਾ ਸੀ, ਉਨ੍ਹਾਂ ਦੀ ਜਮੀਰ ਜਾਗ ਚੁੱਕੀ ਸੀ, ਉਸਨੇ ਕਿਹਾ ਕਿ ਗਾਂ ਦਾ ਮੰਤ੍ਰ ਪੜਨ
ਨਾਲ ਕੁੱਝ ਨਹੀਂ ਹੋਣ ਵਾਲਾ ਅਤੇ ਸੂਰਜ ਕ੍ਰੋੜਾ ਮੀਲ ਦੂਰ ਹੈ ਤੁਹਾਡਾ ਪਾਣੀ ਉਥੇ ਨਹੀਂ ਅਪੜਨਾ। ਇਸ ਤਰ੍ਹਾਂ ਆਪਣੇ ਆਪ ਨੂੰ ਖਾਸ ਅਖਵਾਉਣ ਵਾਲਿਆ ਦੀ ਗਿਆਨਹੀਣ ਵੀਚਾਰਧਾਰਾ ਨੂੰ ਇਨਕਲਾਬੀ ਪੁਰਸ਼ਾਂ ਨੇ ਦੁਰਕਾਰਿਆ। ਇਸ ਤਰ੍ਹਾਂ ਅੱਗੇ ਤੋਂ ਅੱਗੇ ਫਰੀਦ ਜੀ ਕਬੀਰ ਜੀ ਨਾਮਦੇਵ ਜੀ ਤ੍ਰਿਲੋਚਨ ਜੀ ਸਧਨਾ ਜੀ ਬੇਣੀ ਜੀ ਸੈਣ ਜੀ ਨਾਨਕ ਜੀ ਗੱਲ ਕੀ ਹੋਰ ਅਨੇਕਾਂ ਭਗਤਾਂ/ਇਨਕਲਾਬੀ ਪੁਰਸ਼ਾਂ ਭੱਟ ਸਾਹਿਬਾਨ ਨੇ ਇਸ ਆਮ ਬਨਾਮ ਖਾਸ ਬਿਪਰਵਾਦੀ ਵੀਚਾਰਧਾਰਾ ਵਿਰੁੱਧ ਗਿਆਨ ਨਾਲ ਲੜਾਈ ਲੜੀ ਅਤੇ ਇਸ ਅਖੌਤੀ ਖਾਸ ਨਿਖਿਧ ਵੀਚਾਰਧਾਰਾ ਨੂੰ ਭੰਡਿਆ।
ਜਿਵੇਂ ਕਿ ਭਗਤ ਕਬੀਰ ਜੀ ਨੇ: -
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥ ੨॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥
ਹਮ ਕਤ ਲੋਹੂ ਤੁਮ ਕਤ ਦੂਧ॥ ੩॥
ਆਪਣੇ ਆਪ ਨੂੰ ਖਾਸ ਅਖਵਾਉਣ ਵਾਲਿਆ ਲਈ ਲਾਹਨਤ ਹੈ। ਜੇ ਤੂੰ ਆਪਣੇ ਆਪ ਨੂੰ ਖਾਸ (ਸੁਧ) ਬ੍ਰਾਹਮਣ ਬ੍ਰਾਹਮਣੀ ਜਾਇਆ ਅਖਵਾਉਦਾ ਹੈ ਤੂੰ ਫਿਰ ਕਿਸੇ ਹੋਰ ਰਸਤੇ ਕਿਉਂ ਨਹੀਂ ਆਇਆ ਜੇਕਰ ਤੂੰ (ਖਾਸ) ਬ੍ਰਹਮਣ ਹੈਂ ਅਤੇ ਮੈਂ ਸ਼ੂਦਰ ਹਾਂ ਤਾਂ ਜੇ ਮੇਰੇ ਅੰਦਰ ਲਹੂ ਹੈ ਤਾਂ ਤੇਰੇ ਅੰਦਰ ਕਿਹੜਾ ਦੁੱਧ ਹੈ।
ਇਸ ਤਰ੍ਹਾਂ ਅਖੌਤੀ ਖਾਸ ਲੋਕਾਂ ਦੇ ਵਿਰੁੱਧ ਲੜਾਈ ਲੜਨ ਵਾਲਿਆ ਨੇ ਆਪਣੇ ਆਪ ਨੂੰ ਆਮ ਲੋਕਾਂ ਦੀ ਕਚਹਿਰੀ ਵਿੱਚ ਖਾਸ ਬਣਾਕੇ ਨਹੀਂ ਆਮ ਬਣਾਕੇ ਹੀ ਪੇਸ ਕੀਤਾ। ਜਿਸਦਾ ਹਵਾਲਾ ਗੁਰਬਾਣੀ ਸੰਸਾਰ ਵਿੱਚੋ ਮਿਲਦਾ ਹੈ ਜਿਵੇਂ: - ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥ ੪॥ ੩॥
ਅਖੌਤੀ ਖਾਸ ਸ੍ਰੇਣੀ ਅਖਵਾਉਣ ਵਾਲਿਆ ਦੇ ਵੱਡਪੁਣੇ ਨੂੰ ਦੁਰਕਾਰਿਆ ਹੈ ਅਤੇ ਆਪਣੇ ਆਪ ਨੂੰ ਆਮ ਨਿਮਾਣੇ ਲੋਕਾਂ ਦੀ ਕਤਾਰ ਵਿੱਚ ਰੱਖਕੇ ਵੱਡਪੁਣੇ ਦੀ ਰੀਸ ਨਾ ਕਰਨ ਅਤੇ ਆਮ ਲੋਕਾਈ ਦਾ ਸਾਥ ਦੇਣ ਦੀ ਪ੍ਰੋੜਤਾ ਕੀਤੀ।
ਹਮ ਆਦਮੀ ਹਾਂ ਇੱਕ ਦਮੀ ਮੁਹਲਤਿ ਮੁਹਤੁ ਨ ਜਾਣਾ॥ ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ॥ ੧॥
ਪਰ ਇਕਵੀ ਸਦੀ ਅੰਦਰ ਵੀ ਅਖੌਤੀ ਵੱਡਪੁਣੇ ਨੂੰ ਦੁਰਕਾਰਕ ਵਾਲਿਆ ਇਨਕਲਾਬੀ ਪੁਰਸ਼ਾਂ ਨੂੰ ਉਨ੍ਹਾਂ ਦੇ ਸਿਰਜੇ ਸਿਧਾਂਤ ਵਿੱਰੁਧ ਉਨ੍ਹਾਂ ਨੂੰ ਵੀ ਅਖੌਤੀ ਵੱਡਪੁਣੇ ਦੀ ਕਤਾਰ ਵਿੱਚ ਖੜਿਆ ਕਰਨ ਦਾ ਸਿਰਤੋੜ ਯਤਨ ਹੋ ਰਹੇ ਹਨ।
ਸਾਰੀ ਗੁਰਬਾਣੀ ਅੰਦਰ ਇਕਸਾਰਤਾ ਹੈ, ਪਰ ਪਰਚਲਤ ਵਿਆਖਿਆ ਅੰਦਰ ਕਈ ਤਰ੍ਹਾਂ ਦੇ ਉਤਰਾਅ ਚੜਾਅ ਵਿਆਖਿਆ ਕਰਨ ਵਾਲਿਆ ਵਲੋਂ ਜਰੂਰ ਪੈਦਾ ਕਰ ਦਿੱਤੇ ਗਏ ਹਨ। ਜਿਸ ਨੂੰ ਲੈ ਕਰਕੇ ਆਮ ਖਾਸ ਦੇ ਨਾਮ ਉੱਪਰ ਗਰੁੱਪਬਾਜੀ ਉਭਰਕੇ ਸਾਹਮਣੇ ਆ ਰਹੀ ਹੈ ਅਤੇ ਗਰੁਬਾਣੀ ਸੱਚ ਨੂੰ ਅੱਖੋ ਪਰੋਖਿਆ ਕੀਤਾ ਜਾ ਰਿਹਾ ਹੈ। ਜਿਵੇਂ ਕਿ ਅੱਗੇ ਦਿੱਤੇ ਪ੍ਰਮਾਣ ਨੂੰ ਲੈ ਕਰਕੇ ਵਾਦ ਵਿਵਾਦ ਕੀਤਾ ਜਾ ਰਿਹਾ ਹੈ।
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ॥ ੪॥ ੧੦॥ ੫੭॥
ਇਨ੍ਹਾਂ ਗੁਰਬਾਣੀ ਦੀਆਂ ਪੰਗਤੀਆਂ ਨੂੰ ਲੈ ਕਰਕੇ ਤਰ੍ਹਾਂ ਤਰ੍ਹਾਂ ਦਾ ਵਾਦ ਵਿਵਾਦ ਖੜਾ ਹੋ ਰਿਹਾ ਹੈ ਕਿ ਨਾਨਕ ਪਾਤਸਾਹ ਸਾਰਿਆ ਨਾਲੋ ਵੱਡੇ ਹਨ ਪਰ ਉਹ ਤਾਂ ਕਹਿ ਰਹੇ ਹਨ ਕਿ ਹੇ ਭਾਈ ਜਿਸਦੇ ਸੱਚ ਨੂੰ ਗਿਆਨ ਨੂੰ
ਨਾਨਕ ਪਰਣਾਇਆ ਹੋਇਆ ਹੈ ਉਹ ਸੱਚ ਸੱਭ ਤੋਂ ਵੱਡਾ ਹੈ। ਇੱਕ ਸੱਜਣ ਦੀ ਦਾਸ ਨਾਲ ਵੀ ਇਸ ਵਿਸੇ ਤੇ ਗੱਲਬਾਤ ਹੋ ਰਹੀ ਸੀ, ਤੇ ਉਹ ਕਹਿ ਰਿਹਾ ਸੀ ਕੇ ਮਹਲਾ ਪੰਜਵਾਂ ਨੇ ਮਹਲੇ ਪਹਿਲੇ ਜੀ ਦੇ ਸਤਿਕਾਰ ਵਿੱਚ ਇਹ ਸ਼ਬਦ ਕਹੇ ਹਨ। ਜੇਕਰ ਉਸ ਸੱਜਣ ਦੀ ਇਸ ਦਲੀਲ ਨਾਲ ਸਹਿਮਤ ਹੋਇਆ ਜਾਏ ਤਾਂ ਫਿਰ ਅੱਗੇ ਦਿੱਤੀਆ ਪੰਗਤੀਆਂ ਵੀ ਜੋ ਮਹਲਾ ਪੰਜਵਾਂ ਵਲੋ ਹੀ ਉਚਾਰਨ ਹਨ, ਨੂੰ ਕਿਸ ਨਜਰੀਏ ਨਾਲ ਦੇਖਿਆ ਜਾਏ। ਕੀ ਫਿਰ ਇਨ੍ਹਾਂ ਪੰਗਤੀਆਂ ਨੂੰ ਸਤਿਕਾਰ ਦੇ ਉੱਲਟ ਸਮਝਿਆ ਜਾਏ? ਨਹੀਂ ਰਹਗਜ ਨਹੀਂ।
ਨਾਨਕੁ ਗਰੀਬੁ ਬੰਦਾ ਜਨੁ ਤੇਰਾ॥
ਰਾਖਿ ਲੇਇ ਸਾਹਿਬੁ ਪ੍ਰਭੁ ਮੇਰਾ॥ ੪॥ ੧॥ ੨੨॥
ਹੁਣ ਆਪਾ ਇਨ੍ਹਾਂ ਦੋਨਾਂ ਪੰਗਤੀਆਂ ਨੂੰ ਜੇਕਰ ਆਪਣੇ ਆਪਣੇ ਨਜਰੀਏ ਨਾਲ ਦੇਖੀਏ ਤਾਂ ਵਿਰੋਧਾ ਭਾਸ ਲਗਦਾ ਹੈ ਪਰ ਜੇਕਰ ਗੁਰਮਤਿ ਦੇ ਨਜਰੀਏ ਨਾਲ ਜੋ ਨਾਨਕ ਜੀ ਨੇ ਮੂਲ ਮੰਤ੍ਰ, ਗਿਆਨ ਦਾ ਚਸ਼ਮਾ ਬਖਸ਼ਿਸ਼ ਕੀਤਾ ਹੈ, ਉਹ ਲਾ ਕਰਕੇ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਕੋਈ ਵਿਰੋਧਾ ਭਾਸ ਨਹੀਂ ਹੈ।
ਉਪਰਲੀਆਂ ਪੰਗਤੀਆਂ ਵਿੱਚ ਮਹਲਾ ਪੰਜਵਾਂ ਨੇ ਸਭ ਤੇ ਵਡਾ ਸਤਿਗੁਰੁ-ਸਦੀਵੀ ਸਥਿਰ ਰਹਿਣ ਵਾਲੇ ਕਰਤੇ ਦੀ ਬਖਸ਼ਿਸ਼ ਗਿਆਨ ਨੂੰ ਮੰਨਿਆ ਹੈ ਜਿਸ ਨੇ ਮੈਨੂੰ ਨਾਨਕ ਨੂੰ ਕਲ ਤੋਂ ਰੱਖ ਲਿਆ ਹੈ ਭਾਵ ਬਚਾ ਲਿਆ ਹੈ। ਭਾਵ ਇਥੇ ਮਹਲਾ ਪੰਜਵਾਂ, ਪੰਜਵੇ ਨਾਨਕ ਕਰਤੇ ਦੀ ਬਖਸ਼ਿਸ਼, ਗਿਆਨ ਦੀ ਪ੍ਰੌੜਤਾ ਕਰ ਰਹੇ ਹਨ। ਕਿ ਹੇ ਭਾਈ! ਉਸਦੀ ਬਖਸ਼ਿਸ਼ ਗਿਆਨ ਵੱਡਾ ਹੈ ਨਾ ਕਿ ਇਨਸਾਨ। ਇਸ ਸਬਦ ਦੀ ਪਹਿਲੀ ਪੰਗਤੀ ਜੋ ਅੱਗੇ ਦਿੱਤੀ ਹੈ ਉਸ ਤੋਂ ਆਪਣੇ ਆਪ ਹੀ ਸਪਸਟ ਹੋ ਜਾਂਦਾ ਹੈ ਕਿ ਇਹ ਸ਼ਬਦ ਮਹਲਾ ਪੰਜਵਾਂ ਵਲੋਂ ਨਾਨਕ ਜੀ ਪ੍ਰਥਾਇ ਉਚਾਰਣ ਹੈ ਜਾ ਮਹਲੇ ਪੰਜਵੇ, ਪੰਜਵੇ ਨਾਨਕ ਜੀ ਵਲੋਂ ਕਰਤੇ ਦੀ ਬਖਸ਼ਿਸ਼ ਗਿਆਨ ਦੀ ਪ੍ਰਥਾਇ ਹੈ: - ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ॥ ਮੂਲ ਮੰਤ੍ਰ ਨੂੰ ਮੁਖ ਰਖਕੇ ਸਮਝਣਾ ਪਵੇਗਾ ਕਿ ਨਾਨਕ ਬਾਣੀ ਦਾ ਸੁਆਮੀ ਸਤਿਗੁਰ ਕੌਣ ਹੈ, ਜੂਨੀ ਹੈ ਜਾ ਅਜੂੰਨੀ।
ਹੁਣ ਜੋ ਦੂਸਰੀ ਪੰਗਤੀ ਹੈ “ਨਾਨਕੁ ਗਰੀਬੁ ਬੰਦਾ ਜਨੁ ਤੇਰਾ ਰਾਖਿ ਲੇਇ ਸਾਹਿਬੁ ਪ੍ਰਭੁ ਮੇਰਾ॥” ਇਹ ਪੰਗਤੀ ਵੀ ਉੱਪਰਲੀ ਪੰਗਤੀ ਸਤਿਗੁਰ ਸਾਹਿਬ ਪ੍ਰਭੂ ਪ੍ਰਥਾਇ ਹੀ ਹੈ ਕਿ ਨਾਨਕ ਨਿਮਾਣੇ ਨੇ ਆਪਣੇ ਆਪ ਨੂੰ ਤੇਰਾ ਬੰਦਾ ਤੇਰਾ ਜਨ ਮੰਨ ਲਿਆ ਹੈ ਹੁਣ ਤੂੰ ਹੀ ਮੇਰਾ ਨਾਨਕ ਦਾ ਰਾਖਾ, ਨਾਨਕ ਨੂੰ ਆਪਣੇ ਅਕੀਦੇ ਤੋਂ ਡੋਲਣ ਤੋਂ ਰੱਖਣ, ਬਚਾ ਲੈਣ ਵਾਲਾ ਸਾਹਿਬ ਹੈ।
ਕੁਝ ਲੋਕ ਭੱਟ ਸਵਈਯਾ ਦਾ ਹਵਾਲਾ ਦੇ ਕਰਕੇ ਇਹ ਆਖਦੇ ਹਨ ਨਾਨਕ ਪਾਤਸਾਹ ਜੀ ਨੂੰ ਨਾਰਾਇਣ ਕਹਿਕੇ ਭੱਟ ਸਾਹਿਬਾਨ ਨੇ ਨਿਵਜਿਆ ਹੈ: -
ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥
ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ॥
ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ॥
ਜਿਹ ਸਿਖਹ ਸੰਗ੍ਰਹਿਓ ਤਤੁ ਹਰਿ ਚਰਣ ਮਿਲਾਯਉ॥
ਨਾਨਕ ਕੁਲਿ ਨਿੰਮਲੁ ਅਵਤਰਿ੍ਯ੍ਯਉ ਅੰਗਦ ਲਹਣੇ ਸੰਗਿ ਹੁਅ॥
ਗੁਰ ਅਮਰਦਾਸ ਤਾਰਣ ਤਰਣ ਜਨਮ ਜਨਮ ਪਾ ਸਰਣਿ ਤੁਅ॥ ੨॥ ੧੬॥
ਪਦ ਅਰਥ:- ਆਪਿ ਨਰਾਇਣੁ ਕਲਾ ਧਾਰਿ – ਨਰਾਇਣ ਆਪ ਆਪਣੀ ਕਲਾ ਵਰਤਾ ਕੇ। ਕਲਾ ਧਾਰਿ – ਕਲਾ ਵਰਤਾ ਕੇ। ਜਗ ਮਹਿ ਪਰਵਰਿਯਉ – ਜਗਤ ਵਿੱਚ ਰੰਮਿਆ ਹੋਇਆ ਹੈ। ਪਰਵਰਿਯਉ – ਪ੍ਰਵਿਰਤ ਹੋਇਆ, ਰੰਮਿਆ ਹੋਇਆ ਹੈ। ਨਿਰੰਕਾਰਿ ਅਕਾਰੁ ਜੋਤਿ – ਉਹ ਨਿਰੰਕਾਰਿ ਜਿਸ ਦੀ ਜੋਤ ਆਕਾਰ ਤੋਂ ਰਹਿਤ ਹੈ, ਨਿਰੰਕਾਰਿ ਹੈ। ਜਗ ਮੰਡਲਿ –
ਜਗਤ ਮੰਡਲਿ, ਸੰਸਾਰ ਰਚਨਾ। ਜਹ – ਜਹਾਨ, ਜਗਤ। ਕਹ ਤਹ – ਜਿੱਥੇ ਕਿੱਥੇ, ਹਰ ਜਗ੍ਹਾ। ਭਰਪੂਰੁ – ਵਿਆਪਕ, ਹਾਜ਼ਰ-ਨਾਜ਼ਰ। ਸਬਦੁ – ਬਖਸ਼ਿਸ਼। ਸਬਦੁ ਦੀਪਕਿ – ਉਸ ਅਕਾਲ ਪੁਰਖ ਦੀ ਬਖਸ਼ਿਸ਼ ਦੇ ਦੀਪਕ। ਦੀਪਾਯਉ – ਜਗਾਇਆ। ਜਿਹ ਸਿਖਹ ਸੰਗ੍ਰਹਿਓ ਤਤੁ – ਜਿਨ੍ਹਾਂ ਨੇ ਤਤੁ ਗਿਆਨ ਦੀ ਸਿੱਖਿਆ ਗ੍ਰਹਿਣ ਕੀਤੀ। ਹਰਿ ਚਰਣ ਮਿਲਾਯਉ – ਉਹ ਨਿਰੰਕਾਰ ਹਰੀ ਦੇ ਚਰਨਾਂ ਭਾਵ ਗਿਆਨ ਨਾਲ ਮਿਲ ਗਏ ਭਾਵ ਜੁੜ ਗਏ। ਨਾਨਕ ਕੁਲਿ ਨਿੰਮਲੁ – ਨਾਨਕ ਦੀ ਨਿਰਮਲ ਵਿਚਾਰਧਾਰਾ। ਕੁਲਿ – ਵੀਚਾਰਧਾਰਾ (ਨੋਟ:- ਨਾਨਕ ਕੁਲਿ ਤੋਂ ਭਾਵ ਨਾਨਕ ਜੀ ਦੀ ਵੀਚਾਰਧਾਰਾ ਅਪਣਾਉਣ ਤੋਂ ਹੈ)। ਅਵਤਰਿ੍ਯ੍ਯਉ – ਜਨਮ ਹੋਇਆ। ਸੰਗਿ – ਜੁੜਨ ਨਾਲ, ਸੰਗ ਕਰਨ ਨਾਲ। ਹੁਅ – ਹੋਇਆ। ਅੰਗਦ – ਪੂਰਨ ਤੌਰ `ਤੇ ਨਾਨਕ ਕੁਲਿ-ਵੀਚਾਰਧਾਰਾ ਨਾਲ ਜੁੜਨ ਕਰਕੇ। ਗੁਰ – ਗਿਆਨ। ਤਾਰਣ ਤਰਣ – ਡੁੱਬਣ ਤੋਂ ਬਚਣ-ਤਰਨ ਲਈ ਸਾਰਥਿਕ। ਜਨਮ - ਜੀਵਨ, ਜ਼ਿੰਦਗੀ, ਉਤਪਤੀ, ਪੈਦਾਇਸ਼। ਜਨਮ ਜਨਮ – ਜੀਵਨ ਤੋਂ ਅੱਗੇ ਵੀਚਾਰਧਾਰਕ ਜੀਵਨ। ਪਾ – ਪ੍ਰੇਰਨਾ। ਤੁਅ – ਰਹੇ ਹਨ। ਤੁਅ ਪ੍ਰੇਰਨਾ ਕਰ ਰਹੇ ਹਨ।
ਅਰਥ:- ਹੇ ਭਾਈ! ਉਹ ਨਿਰੰਕਾਰ ਜਿਸ ਦੀ ਜੋਤਿ ਆਕਾਰ ਤੋਂ ਰਹਿਤ ਹੈ ਜਿਸ ਨੇ ਜਗਤ ਮੰਡਲ ਦੀ ਸਿਰਜਣਾ ਕੀਤੀ ਹੈ, ਉਹ ਆਪਣੀ ਕਲਾ ਆਪ ਵਰਤਾ ਕੇ ਆਪ ਆਪਣੀ ਜਗਤ ਰਚਨਾ ਵਿੱਚ ਹੀ ਰੰਮਿਆ ਹੋਇਆ ਹੈ ਭਾਵ ਆਪਣੀ ਜਗਤ ਰਚਨਾ ਵਿੱਚ ਬਖਸ਼ਿਸ਼ ਰੂਪ ਵਿੱਚ ਹਰ ਜਗ੍ਹਾ ਵਿਆਪਕ ਹੈ। ਜਿਨ੍ਹਾਂ ਨੇ ਉਸ ਨਿਰੰਕਾਰਿ ਨੂੰ ਸਰਬ ਵਿਆਪਕ ਜਾਣਿਆਂ ਉਨ੍ਹਾਂ ਨੇ ਇਸ ਗਿਆਨ ਦੇ ਦੀਪਕ ਨੂੰ ਅੱਗੇ ਤੋਂ ਅੱਗੇ ਜਗਾਇਆ। ਜਿਨ੍ਹਾਂ ਨੇ ਇਹ ਤੱਤ ਗਿਆਨ ਦੀ ਸਿੱਖਿਆ ਗ੍ਰਹਿਣ ਕੀਤੀ ਉਹ ਨਿਰੰਕਾਰ ਹਰੀ ਦੇ ਚਰਨਾਂ-ਗਿਆਨ ਨਾਲ ਮਿਲ ਗਏ ਭਾਵ ਜੁੜ ਗਏ। ਇਸ ਤਰ੍ਹਾਂ ਨਾਨਕ ਕੁਲ ਦੀ ਨਿਰਮਲ ਵੀਚਾਰਧਾਰਾ ਦਾ ਜਨਮ ਲਹਣਾ ਜੀ ਦੇ ਅੰਦਰ ਇਸ ਵੀਚਾਰਧਾਰਾ ਨਾਲ ਜੁੜਨ ਕਰਕੇ ਹੋਇਆ। ਭਾਵ ਲਹਣਾ ਜੀ, ਪੂਰਨ ਤੌਰ `ਤੇ ਇਸ ਵੀਚਾਰਧਾਰਾ ਨਾਲ ਜੁੜਨ ਕਰਕੇ, ਨਾਨਕ ਕੁਲ/ਵੀਚਾਰਧਾਰਾ ਅੰਦਰ ਲਹਣਾ ਜੀ ਤੋਂ ਅੰਗਦ ਅਖਵਾਏ। ਹੇ ਭਾਈ! ਇਸੇ ਤਰ੍ਹਾਂ ਹੀ ਉਸੇ ਗਿਆਨ ਗੁਰੂ ਦੀ ਸ਼ਰਨ ਜੋ (ਕਮਰਕਾਂਡੀ) ਵੀਚਾਰਧਾਰਾ ਵਿੱਚ ਡੁੱਬਣ ਤੋਂ ਬਚਣ ਲਈ ਸਾਰਥਿਕ-ਤਾਰਨ ਤਰਨ ਹੈ, ਉਸੇ ਵੀਚਾਰਧਾਰਾ ਗਿਆਨ ਗੁਰੂ ਦੀ ਕੁਲਿ-ਵੀਚਾਰਧਾਰਾ ਦਾ ਜਨਮ ਅਮਰਦਾਸ ਜੀ ਦੇ ਜੀਵਨ ਵਿੱਚ ਵੀ ਹੋਇਆ ਅਤੇ ਉਸ ਵੀਚਾਰਧਾਰਾ ਗਿਆਨ ਗੁਰੂ ਦੀ ਸ਼ਰਨ ਪੈਣ-ਆਉਣ ਲਈ ਹੀ ਅੱਗੇ ਪ੍ਰੇਰਨਾ ਕਰ ਰਹੇ ਹਨ।
ਇਸ ਤਰ੍ਹਾਂ ਗੁਰਬਾਣੀ ਰਚਣਹਾਰਿਆ ਨੇ ਕਿਤੇ ਆਪਣੇ ਨੂੰ ਸਤਿਗੁਰ ਜਾਂ ਸਤਿਗੁਰ ਦੇ ਬਰਾਬਰ ਆਖ ਜਾ ਅਖਵਾਕੇ ਮਾਨਵਤਾ ਦਾ ਸੋਸਣ ਨਹੀਂ ਕੀਤਾ ਅਤੇ ਨਾ ਹੀ ਮਾਨਵਤਾ ਦਾ ਆਪਣੇ ਨਾਮ ਤੇ ਸੋਸਣ ਕਰਨ ਦੀ ਇਜਾਜਤ ਹੀ ਦਿੱਤੀ ਹੈ। ਪਰ ਅਖੌਤੀ ਖਾਸ ਕਿਸਮ ਦੀ ਸ੍ਰੇਣੀ ਉਨ੍ਹਾਂ ਦੇ ਦਿੱਤੇ ਗਿਆਨ ਨੂੰ ਛੁਪਾਕੇ ਉਨ੍ਹਾਂ ਦੇ ਨਾਮ ਤੇ ਮਾਨਵਤਾ ਦਾ ਸੋਸਣ ਕਰਨ ਤੋਂ ਗੁਰੇਜ ਕਰਨ ਤੋਂ ਨਹੀਂ ਰੁਕਦੀ।
ਬਲਦੇਵ ਸਿੰਘ ਟੌਰਾਂਟੋ।




.