.

ਰੱਬੀ ਮਿਲਨ ਦੀ ਬਾਣੀ

ਸਲੋਕ ਮ: ੯

ਦੀ ਵਿਚਾਰ

ਚਾਲ੍ਹੀਵਾਂ ਸਲੋਕ

ਵੀਰ ਭੁਪਿੰਦਰ ਸਿੰਘ

40. ਚਾਲ੍ਹੀਵਾਂ ਸਲੋਕ -

ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ ॥

ਕਹੁ ਨਾਨਕ ਮਨ ਸਿਮਰੁ ਤਿਹ ਪੂਰਨ ਹੋਵਹਿ ਕਾਮ ॥40॥

ਭਿਖਾਰੀ ਦਾ ਅਰਥ ਅਸੀਂ ਸਮਝ ਲੈਂਦੇ ਹਾਂ ਕਿ ਜਿਵੇਂ ਇਕ ਮੰਗਤਾ ਰਾਜਾ ਦੇ ਦਰਬਾਰ ਵਿਚ ਗਿਆ। ਉਸਨੇ ਕਿਹਾ ਕਿ ਤੂੰ ਕਲ ਆਈ। ਪਰ ਦੂਜੇ ਦਿਨ ਸਵੇਰੇ ਉਹ ਗਿਆ ਤਾਂ ਰਾਜਾ ਆਪ ਖੁਦਾ ਤੋਂ ਮੰਗ ਰਿਹਾ ਸੀ। ਭਿਖਾਰੀ ਨੇ ਕਿਹਾ ਕਿ ਮੈਂ ਤੇਰੇ ਤੋਂ ਨਹੀਂ ਮੰਗਦਾ, ਤੂੰ ਜਿਸ ਕੋਲੋਂ ਮੰਗ ਰਿਹਾ ਹੈਂ ਮੈਂ ਉਸ ਕੋਲੋਂ ਹੀ ਮੰਗਦਾ ਹਾਂ। ਇਸ ਦਾ ਅਰਥ ਇਹ ਨਿਕਲਦਾ ਹੈ ਕਿ ਸਾਰੀ ਦੁਨੀਆ ਰੱਬ ਕੋਲੋਂ ਕੁਝ ਨਾ ਕੁਝ ਮੰਗਦੀ ਰਹਿੰਦੀ ਹੈ ਅਤੇ ਗੁਰਬਾਣੀ ਦੀ ਇਸ ਪੰਕਤੀ ਦਾ ਸਹਾਰਾ ਵੀ ਲੈ ਲਿਆ - ‘ਜਗਤੁ ਭਿਖਾਰੀ ਫਿਰਤੁ ਹੈ’ ਕਿ ਸਾਰੇ ਰੱਬ ਕੋਲੋਂ ਹੀ ਮੰਗਦੇ ਹਨ। ਦੁਨੀਆ ਰੱਬ ਦੇ ਦਰ ਤੇ ਮੰਗਤਾ ਹੈ, ਭਿਖਾਰੀ ਹੈ। ਹਰ ਮਨੁੱਖ ਨੇ ਆਤਮਕ ਚੈਨ ਰੱਬੀ ਇਕਮਿਕਤਾ ਲਈ ਮੰਗ ਮੰਗਣੀ ਹੈ। ਭੀਖ ਦੁਨੀਆਵੀ ਪਦਾਰਥ ਪ੍ਰਾਪਤ ਕਰਨ ਲਈ ਨਹੀਂ, ਦੁਨੀਆਵੀ ਚੀਜ਼ਾਂ ਤੇ ਰੱਬੀ ਹੁਕਮ ਵਿਚ ਆਪੇ ਹੀ ਮਿਲ ਜਾਂਦੀਆਂ ਹਨ। ਰੱਬੀ ਹੁਕਮ ਵਿਚ ਜੇ ਅੰਬ ਉਗਾਏਂਗਾ ਤੇ ਅੰਬ ਹੀ ਉੱਗਣਗੇ ਜੇ ਕਿੱਕਰ ਉਗਾਏਂਗਾ ਤੇ ਕਿੱਕਰ ਹੀ ਉੱਗਣਗੇ। ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥ ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥ (1379)

ਇਸ ਸਲੋਕ ਦਾ ਇਹ ਮਾਇਨਾ ਨਿਕਲਿਆ ਕਿ ਸਾਰੇ ਦਾ ਸਾਰਾ ਜਗਤ ਸੱਚ ਲੱਭਦਾ ਹੈ, ਸੱਚ ਦੀ ਭੀਖ ਮੰਗਦਾ ਹੈ ਅਤੇ ਸਾਰਿਆਂ ਨੂੰ ਰੱਬ ਨੇ ਗੁਰ ਦਿੱਤਾ ਹੋਇਆ ਹੈ। ਸੱਚ ਦੇ ਗਿਆਨ, ਸੱਚੇ ਗੁਰ (ਸਤਿਗੁਰ) ਦੀ ਬਾਰਸ਼ ਹਰ ਵੇਲੇ ਹੋ ਰਹੀ ਹੈ। ਜਿਹੜਾ ਭਿਖਾਰੀ ਆਪਣੇ ਪਾਤਰ ਵਿਚ ਪੁਆਣਾ ਚਾਹੁੰਦਾ ਹੈ ਉਹ ਭਾਂਡਾ ਸਿੱਧਾ ਕਰ ਲੈਂਦਾ ਹੈ। ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ ॥ ਕਰਿ ਡੰਡਉਤ ਪੁਨੁ ਵਡਾ ਹੇ ॥ (13)

ਕਿਸੇ ਨੇ ਸਵਾਲ ਪੁੱਛਿਆ ਕਿ ਜਿਹੜੇ ਮਨੁੱਖ ਝੂਠ ਨਾਲ ਚਿੰਬੜੇ ਹੋਏ ਹਨ ਉਨ੍ਹਾਂ ਨੂੰ ਸੱਚ ਕਿਵੇਂ ਦੱਸੀਏ। ਮੈਂ ਕਿਹਾ ਕਿ ਨਹੀਂ ਦਸ ਸਕਦੇ। ਕਾਸ਼ ਇਹ ਭੁਲੇਖਾ ਸਾਨੂੰ ਲੱਥ ਜਾਏ ਕਿ ਅਸੀਂ ਦੁਨੀਆਂ ਨੂੰ ਪੜ੍ਹਾ ਦਿਆਂਗੇ। ਜਿਸ ਮਨੁੱਖ ਨੂੰ ਪਿਆਸ ਲੱਗੀ ਹੀ ਨਹੀਂ ਹੈ ਉਸਨੂੰ ਕਿਵੇਂ ਪਾਣੀ ਪਿਲਾ ਸਕਦੇ ਹਾਂ। ਅਸੀਂ ਘੋੜੇ ਨੂੰ ਪਾਣੀ ਕੋਲ ਲਿਜਾ ਸਕਦੇ ਹਾਂ ਪਰ ਪਾਣੀ ਪਿਲਾ ਨਹੀਂ ਸਕਦੇ। ਜਿਸ ਮਨੁੱਖ ਨੂੰ ਪਿਆਸ ਲੱਗੀ ਹੈ ਉਹ ਕਹੇਗਾ ਮੈਨੂੰ ਜਿਸ ਤਰ੍ਹਾਂ ਮਰਜ਼ੀ ਪਿਲਾਓ। ਜਿਸਨੂੰ ਪਿਆਸ ਨਹੀਂ ਲੱਗੀ ਹੈ ਉਹ ਸਟੀਲ, ਕੱਚ, ਤਾਂਬੇ ਆਦਿ ਦੇ ਬਰਤਨ ਵੇਖਦਾ ਰਹਿ ਜਾਏਗਾ। ਜਿਸਨੂੰ ਪਿਆਸ ਤੇ ਲੱਗੀ ਹੋਵੇ ਉਹ ਨਦੀ ਕੋਲ ਵੀ ਚਲਾ ਜਾਏ ਪਰ ਕਹੇ ਕਿ ਮੈਂ ਝੁਕਣਾ ਨਹੀਂ! ਮੈਂ ਬੁੱਕ ਭਰਕੇ ਪਾਣੀ ਨਹੀਂ ਪੀਣਾ। ਨਦੀ ਉੜਕੇ ਮੂੰਹ ਵਿਚ ਨਹੀਂ ਆਏਗੀ। ਜਿਸਨੂੰ ਪਿਆਸ ਲੱਗੀ ਹੈ ਉਹ ਝੁਕੇਗਾ ਵੀ, ਉਹ ਅੰਜੁਲੀ ਵੀ ਕਰੇਗਾ ਅਤੇ ਪੀਏਗਾ ਵੀ।

ਐ ਮਨੁੱਖ ਜੇ ਤੂੰ ਸੱਚ ਦਾ ਭਿਖਾਰੀ ਹੈਂ ਤਾਂ ਪੁਕਾਰ ਕਰੇਂਗਾ

‘ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥’ (666) ਭਾਵ, ਹੇ ਰੱਬ ਜੀ! ਤੁਸੀਂ ਮੇਰੀ ਅੰਤਰ ਆਤਮੇ ਦੀ ਪੱਤ ਰੱਖਣ ਵਾਲੇ ਦਾਤੇ ਹੋ। ਮੈਂ ਕੱਪੜੇ, ਮਕਾਨ ਆਦਿ ਪਦਾਰਥਕ ਮੰਗਾਂ ਲੈਕੇ ਨਹੀਂ ਆਇਆ ਹਾਂ। ਮੇਰੇ ਅੰਤਰ ਆਤਮੇ ਦੀ ਦਰਗਾਹ ਵਿਚ ਪੱਤ ਲੁੱਟੀ ਜਾਂਦੀ ਹੈ। ਤੁਸੀਂ ਮੇਰੇ ਮਾਲਕ ਹੈ ਮੈਨੂੰ ਸੁਮਤ ਬਖਸ਼ੋ। ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ ॥ (52) ਗੁਰਬਾਣੀ ਵਿਚ ਰੱਬ ਤੇ ਗੁਰੂ ਓਤਪ੍ਰੋਤ ਹਨ। ਗੁਰਬਾਣੀ ਵਿਚ ਰੱਬ ਨੂੰ ਗੁਰ ਕਿਹਾ ਹੈ ਅਤੇ ਗੁਰ ਨੂੰ ਰੱਬ ਕਿਹਾ ਹੈ। ਰੱਬ ਅਤੇ ਰੱਬ ਦਾ ਗਿਆਨ ਇੱਕਠੇ ਹਨ। ਸੋ, ‘ਸਭ ਕੋ ਦਾਤਾ ਰਾਮੁ’ ਦਾ ਮਾਇਨਾ ਇਹ ਨਿਕਲਿਆ ਕਿ ਆਤਮਕ ਚੈਨ ਪ੍ਰਾਪਤ ਕਰਨ ਲਈ ਜੇਕਰ ਮਨੁੱਖ ਸੁਖ ਚਾਹੁੰਦਾ ਹੈ ਉਸਦੀ ਮੰਗ ਹੈ ਤਾਂ ਉਸ ਲਈ ਰੱਬ ਸਾਰਿਆਂ ਦੇ ਦਾਤਾ ਹਨ।

ਕਹੁ ਨਾਨਕ ਮਨ ਸਿਮਰੁ ਤਿਹ ਪੂਰਨ ਹੋਵਹਿ ਕਾਮ ॥

ਐ ਮਨ ਸਤਿਗੁਰ ਦੀ ਮੱਤ ਲੈ ਤਾਂ ਕਿ ਤੇਰਾ ਜ਼ਿੰਦਗੀ ਵਿਚ ਧਾਰਮਕਤਾ ਦਾ ਕਾਰਜ ਰਾਸ ਹੋ ਜਾਵੇ।




.