ਕਿਸੇ ਸਾਹਿਤਕ ਲਿਖਤ ਦੇ ਮੂਲ ਲੇਖਕ ਦੇ ਨਾਮ ਨੂੰ ਗੁਪਤ ਰੱਖਦਿਆਂ, ਉਸ ਲਿਖਤ
ਨੂੰ ਆਪਣੀ ਮੌਲਿਕ ਰਚਨਾ ਦੱਸ ਕੇ ਆਪਣੇ ਨਾਮ ਹੇਠ ਪ੍ਰਕਾਸ਼ਤ ਕਰਨ ਜਾਂ ਕਰਵਾਉਣ ਨੂੰ ਸਾਹਿਤ-ਚੋਰੀ
ਕਹਿੰਦੇ ਹਨ; ਅਤੇ ਇਹ ਅਮਾਨਵੀ ਕਾਰਾ ਕਰਨ ਵਾਲੇ ਬੇ-ਜ਼ਮੀਰੇ ਅਤੇ ਬੇ-ਅਸੂਲੇ ਲੇਖਕ ਨੂੰ ਸਾਹਿਤ-ਚੋਰ
ਦਾ ਨਾਮ ਦਿੱਤਾ ਜਾਂਦਾ ਹੈ। ਸਾਹਿਤ-ਚੋਰੀ ਇੱਕ ਅਤਿ ਅਨੈਤਿਕ ਕਰਮ ਹੈ। ਸਾਹਿਤ-ਚੋਰੀ ਦੇ ਅਨੈਤਿਕ
ਕਰਮ ਨੂੰ ਜੁਰਮ ਵੀ ਮੰਨਿਆਂ ਜਾਂਦਾ ਹੈ। ਇਹ ਜੁਰਮ ਇਨਸਾਨੀਅਤ ਤੋਂ ਗਿਰਿਆ ਹੋਇਆ ਕੋਈ ਨਿਰਲੱਜ ਲੇਖਕ
ਹੀ ਕਰ ਸਕਦਾ ਹੈ।
ਗੁਰਮਤਿ ਮਨੁੱਖ ਵਾਸਤੇ ਸਚ ਦਾ ਰਾਹ ਰੌਸ਼ਨ ਕਰਦੀ ਹੈ। ਇਸ ਰੌਸ਼ਨ ਰਾਹ ਉੱਤੇ
ਚੱਲਦਿਆਂ ਮਨੁੱਖ ਨੇ ਸਚਿਆਰ ਬਣ ਕੇ ਸੱਚੇ ਪ੍ਰਭੂ ਨਾਲ ਨੇੜਤਾ ਬਣਾਉਣੀ ਹੈ। ਗੁਰਮਤਿ ਦੇ ਗਿਆਨ-ਮਾਰਗ
ਉੱਤੇ ਅਡੋਲ ਚੱਲਣ ਵਾਸਤੇ ਗੁਰਬਾਣੀ ਦੇ ਸਿੱਧਾਂਤਾਂ ਨੂੰ ਸਮਝਣਾ ਜ਼ਰੂਰੀ ਹੈ। ਕੁੱਝ ਇੱਕ ਸੰਸਥਾਵਾਂ
ਦੇ ਸੰਚਾਲਕਾਂ ਅਤੇ ਲੇਖਕਾਂ ਨੇ ਗੁਰਬਾਣੀ ਦੇ ਸੱਚ ਦਾ ਸੁਨੇਹਾ ਆਮ ਸ਼੍ਰੱਧਾਲੂਆਂ ਦੀ ਸਮਝ ਗੋਚਰਾ
ਬਣਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਪਰੰਤੂ ਇਹ ਸੱਚ ਬੜਾ ਹੀ ਸ਼ਰਮਨਾਕ ਹੈ ਕਿ ਇਨ੍ਹਾਂ ਵਿੱਚੋਂ
ਕੁੱਝ ਇੱਕ ਸੰਸਥਾਵਾਂ ਦੇ ਸੰਸਥਾਪਕ, ਸੰਚਾਲਕ ਅਤੇ ਲੇਖਕ ਕਪਟੀ ਅਤੇ ਬੇ-ਈਮਾਨ ਲੋਕ ਹਨ। ਅਤੇ,
ਬੇਈਮਾਨ ਲੋਕ ਗੁਰਮਤਿ-ਪ੍ਰਚਾਰ ਦੀ ਸੱਚੀ ਸੇਵਾ ਕਿਵੇਂ ਕਰ ਸਕਦੇ ਹਨ? ਅਜਿਹੇ ਬੇ-ਈਮਾਨ ਲੋਕ ਤਾਂ
ਢੌਂਗੀ ਹਨ ਜੋ ਆਪਣੀ ਹਉਮੈ ਦੀ ਫੰਡਰ ਮੱਝ ਨੂੰ ਚੋਰੀ ਦੇ ਪੱਠੇ ਪਾਉਣ ਨੂੰ ਹੀ ਬੜਾ
ਵੱਡਾ ਕਾਰਨਾਮਾ ਸਮਝਦੇ ਹਨ।
ਜਿਵੇਂ ਕਿ ਉਪਰ ਦੱਸਿਆ ਜਾ ਚੁੱਕਿਆ ਹੈ ਕਿ, ਕਿਸੇ ਦੂਸਰੇ ਲੇਖਕ ਦੀ ਲਿਖਿਤ
ਦਾ ਆਪਣੇ ਨਾਮ ਹੇਠ ਪ੍ਰਸਾਰਨ ਕਰਨਾ ਜਾਂ ਕਰਵਾਉਣਾ ਮੂਲੋਂ ਹੀ ਗ਼ਲਤ ਹੈ। ਜੋ ਵੀ ਲੇਖਕ ਇਹ ਗ਼ਲੀਜ਼ ਕਰਮ
ਕਰਦਾ ਹੈ, ਉਸ ਨੂੰ ਸਾਹਿਤ-ਚੋਰ ਕਿਹਾ ਜਾਂਦਾ ਹੈ। ਅਤੇ, ਕੋਈ ਵੀ ਚੋਰ ਗੁਰੂ (ਗ੍ਰੰਥ) ਦਾ ਸਿੱਖ
ਜਾਂ ਸੇਵਕ ਹੋ ਹੀ ਨਹੀਂ ਸਕਦਾ। ਜੇ ਕੋਈ ਚੋਰ ਆਪਣੇ ਆਪ ਨੂੰ ਗੁਰੂ (ਗ੍ਰੰਥ) ਦਾ ਸਿੱਖ-ਸੇਵਕ
ਕਹਿੰਦਾ/ਕਹਾਉਂਦਾ ਹੈ ਤਾਂ ਸਮਝੋ ਉਹ ਮਹਾਂ ਝੂਠਾ, ਕਪਟੀ ਅਤੇ ਪਾਖੰਡੀ ਹੈ।
ਬੜੇ ਕਸ਼ਟ ਦੀ ਗੱਲ ਤਾਂ ਇਹ ਹੈ ਕਿ ਸੱਚ ਦਾ ਸੰਦੇਸ਼ ਦੇਣ ਵਾਲੀ ਗੁਰਬਾਣੀ ਦੇ
ਪਵਿੱਤਰ ਵਿਹੜੇ ਵਿੱਚ ਵੀ ਸਾਹਿਤ-ਚੋਰ ਨਿਸੰਗ ਹੋ ਕੇ ਵਿਚਰਦੇ ਨਜ਼ਰ ਆਉਂਦੇ ਹਨ। ਇਸ ਸੰਬੰਧ ਵਿੱਚ
ਮੈਂ ਸਿਰਫ਼ ਆਪਣੇ ਨਿੱਜੀ ਕੌੜੇ ਤਜੁਰਬੇ ਦਾ ਸੰਖੇਪ ਜਿਹਾ ਜ਼ਿਕਰ ਹੀ ਕਰਾਂਗਾ।
ਕੁਝ ਸਾਲ ਪਹਿਲਾਂ, ਪੰਜਾਬ ਦਾ ਇੱਕ ਕਥਿਤ ਗੁਰਮਤਿ ਪ੍ਰੇਮੀ ਮੇਰੀਆਂ ਲਿਖਤਾਂ
ਵਿੱਚੋਂ ਚੋਣਵੇਂ ਪੈਰੇ ਕੱਢ ਕੇ, ਆਪਣੇ ਨਾਮ ਹੇਠ, ਪੰਜਾਬੀ ਦੀਆਂ ਅਖ਼ਬਾਰਾਂ ਵਿੱਚ ਪ੍ਰਕਾਸ਼ਤ
ਕਰਵਾਉਂਦਾ ਰਿਹਾ ਹੈ। ਜਦੋਂ ਉਸ ‘ਗੁਰਸਿੱਖ ਵਿਦਵਾਨ’ ਨੂੰ ਉਸ ਦੀ ਇਸ ਸਾਹਿਤ-ਚੋਰੀ ਬਾਰੇ ਪੁੱਛਿਆ
ਤਾਂ ਉਹ ਅੱਗੋਂ ਇਉਂ ਬਿਰਕਿਆ, "ਗੁਰਮਤਿ ਦਾ ਸਹੀ ਗਿਆਨ ਹੋਰਾਂ ਨਾਲ ਸਾਂਝਾ ਕਰਨ ਦੀ ਲੋੜ ਹੈ, ਉਹ
ਮੈਂ ਕਰ ਰਿਹਾ ਹਾਂ"।
"ਪਰ ਤੁਸੀਂ ਦੂਸਰੇ ਲੇਖਕਾਂ ਦੀਆਂ ਲਿਖਤਾਂ ਵਿੱਚੋਂ ਪੈਰੇ ਕੱਢ ਕੇ ਆਪਣੇ
ਨਾਮ ਹੇਠ ਕਿਉਂ ਛਪਵਾਉਂਦੇ ਹੋ?", ਮੈਂ ਉਸ ਨੂੰ ਸਵਾਲ ਕੀਤਾ।
"…ਨਾਂਵਾਂ ਵਿੱਚ ਕੀ ਪਿਆ ਹੈ? ਮਕਸਦ ਤਾਂ ਲੋਕਾਂ ਤਕ ਗੁਰਬਾਣੀ ਦਾ ਗਿਆਨ
ਪਹੁੰਚਾਉਣਾ ਹੈ!" ਗੱਲ ਟਾਲਦਾ ਹੋਇਆ ਉਹ ਇਹ ਕਹਿ ਕੇ ਚਲਦਾ ਬਣਿਆ।
ਸਾਹਿਤ-ਚੋਰੀ ਦੀ ਕਾਲੀ ਕਰਤੂਤ ਕੈਲਿਫੋਰਨੀਆਂ ਦਾ ਇੱਕ ਹੋਰ ‘ਵਿਦਵਾਨ ਲੇਖਕ’
ਵੀ ਕਰਦਾ ਰਿਹਾ ਹੈ। ਉਹ ਮੇਰੀਆਂ ਰਚਨਾਵਾਂ ਵਿੱਚੋਂ ਚੋਣਵੇਂ ਪੈਰੇ ਕੱਢ ਕੇ ਪੰਜਾਬ ਦੇ ਕਿਸੇ ਵੈਬ
ਸਾਈਟ `ਤੇ ਪਾਇਆ ਕਰਦਾ ਸੀ।
ਦਾਸ ਦਾ ਇੱਕ ਲੇਖ, "
ਸਿਰਲੇਖ ਵਾਲਾ ਲੇਖ
ਵੀ "ਸਿੱਖ ਮਾਰਗ" ਦੀ ਲੇਖ ਲੜੀ ਤੀਜੀ ਵਿੱਚ ਮੇਰੇ ਖਾਤੇ ਵਿੱਚੋਂ ਪੜ੍ਹਿਆ ਜਾ ਸਕਦਾ ਹੈ।)
ਉਪਰ ਦਿੱਤੇ ਕੁੱਝ ਇੱਕ ਠੋਸ ਪ੍ਰਮਾਣਾਂ ਤੋਂ ਭਲੀ ਭਾਂਤ ਸਪਸ਼ਟ ਹੈ ਕਿ
ਆਪਣੀਆਂ ਲਿਖਤਾਂ ਦੁਆਰਾ ਗੁਰਮਤਿ-ਪ੍ਰਚਾਰ ਦਾ ਢੋਲ ਵਜਾਉਣ ਦਾ ਦਾਅਵਾ ਕਰਨ ਵਾਲੇ ਦਰਅਸਲ ਹਉਮੈ-ਰੋਗ
ਤੋਂ ਪੀੜਤ ਸਾਹਿਤ-ਚੋਰ ਹਨ, ਜੋ ਕਿਸੇ ਵੀ ਤਰੀਕੇ ਨਾਲ ਆਪਣੇ ਆਪ ਨੂੰ ਮਸ਼ਹੂਰ (ਦਰਅਸਲ ਨਸ਼ਰ) ਕਰਨ
ਵਿੱਚ ਲੱਗੇ ਰਹਿੰਦੇ ਹਨ।
ਜਿਸ ਸਾਹਿਤ-ਚੋਰੀ ਦਾ ਸੰਖੇਪ ਜ਼ਿਕਰ ਉਪਰ ਕੀਤਾ ਗਿਆ ਹੈ, ਉਸ ਦੇ ਦੋਸ਼ੀ
ਸਹਿਤ-ਚੋਰ ਲੇਖਕ ਤਾਂ ਹਨ ਹੀ ਪਰ ਨਾਲ ਹੀ ਇਨ੍ਹਾਂ ਸਾਹਿਤ-ਚੋਰਾਂ ਦੀਆਂ ਭੇਜੀਆਂ ਚੋਰੀ ਦੀਆਂ
ਲਿਖਤਾਂ ਪ੍ਰਕਾਸ਼ਤ ਕਰਨ ਵਾਲੇ ਅਦਾਰੇ (ਅਖ਼ਬਾਰ ਅਤੇ ਵੈਬਸਾਈਟਾਂ ਵਗ਼ੈਰਾ) ਅਤੇ, ਖ਼ਾਸ ਕਰਕੇ, ਉਸ
ਅਦਾਰੇ ਜਾਂ ਸਾਈਟ ਦੇ ਸੰਪਾਦਕ, ਸੰਚਾਲਕ ਅਤੇ ਸੰਸਥਾਪਕ ਵੀ ਜੇ ਕਰ ਲਿਖਤਾਂ ਛਾਪਣ ਵੇਲੇ ਸਾਵਧਾਨੀ
ਨਹੀਂ ਵਰਤਦੇ ਤਾਂ ਉਹ ਵੀ ਆਪਣੀ ਜ਼ੁੰਮੇਵਾਰੀ ਪ੍ਰਤੀ ਅਣਗਹਿਲੀ ਕਰ ਰਹੇ ਹੁੰਦੇ ਹਨ।
ਪਾਠਕ/ਲੇਖਕ ਸੱਜਨੋਂ! ਕਿਸੇ ਵੀ ਲੇਖਕ ਦੀ ਲਿਖਿਤ ਨੂੰ ਹੋਰਾਂ ਨਾਲ ਸਾਂਝਾ
ਕਰਨਾ ਜਾਂ ਅੱਗੇ ਪ੍ਰਸਾਰਨਾ ਕੋਈ ਬੁਰੀ ਗੱਲ ਨਹੀਂ, ਸਗੋਂ ਬਹੁਤ ਹੀ ਚੰਗੀ ਗੱਲ ਹੈ। ਇਥੇ ਇਸ ਸੱਚ
ਦਾ ਖ਼ੁਲਸਾ ਕਰ ਦੇਣਾ ਵੀ ਜ਼ਰੂਰੀ ਹੈ ਕਿ, ਕੁੱਝ ਇੱਕ ਅਦਾਰੇ (ਵੈਬਸਾਈਟ ਅਤੇ ਅਖ਼ਬਾਰ ਆਦਿ) ਅਜਿਹੇ ਵੀ
ਹਨ ਜਿਨ੍ਹਾਂ ਦੇ ਸੁਹਿਰਦ ਸੰਪਾਦਕ ਗੁਰਮਤਿ ਦਾ ਗਿਆਨ ਬਿਖੇਰਦੀਆਂ ਰਚਨਾਵਾਂ ਨੂੰ ਦੂਸਰੇ ਸ੍ਰੋਤਾਂ
ਤੋਂ ਲੈ ਕੇ ਆਪਣੇ ਅਖ਼ਬਾਰ ਜਾਂ ਵੈਬਸਾਈਟ ਉੱਤੇ ਮੂਲ ਲੇਖਕ ਦੇ ਨਾਮ ਹੇਠ ਹੀ ਪ੍ਰਕਾਸ਼ਤ ਕਰਦੇ ਹਨ।
ਇਹੀ ਸੱਚੀ ਸੇਵਾ ਹੈ! ਅਤੇ, ਸੱਚੀ ਸੇਵਾ ਕਰਨ ਵਾਲੇ ਅਜਿਹੇ ਸੰਪਾਦਕ ਹੀ ਸੱਚੀ ਸ਼ਲਾਘਾ ਦੇ ਹੱਕਦਾਰ
ਹਨ!