.

ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ

ਇਕਤਾਲੀਵਾਂ ਸਲੋਕ

ਵੀਰ ਭੁਪਿੰਦਰ ਸਿੰਘ

41. ਇਕਤਾਲੀਵਾਂ ਸਲੋਕ -
ਝੂਠੈ ਮਾਨੁ ਕਹਾ ਕਰੈ ਜਗੁ ਸੁਪਨੇ ਜਿਉ ਜਾਨੁ ॥
ਇਨ ਮੈ ਕਛੁ ਤੇਰੋ ਨਹੀ ਨਾਨਕ ਕਹਿਓ ਬਖਾਨਿ ॥41॥
ਹਰ ਤਿਨ-ਚਾਰ ਸਲੋਕਾਂ ਮਗਰੋਂ ਹੰਕਾਰ, ਮਾਣ, ਹਉਮੈ, ਗਰਭ ਆਦਿ ਇਨ੍ਹਾਂ ਦੀ ਹੀ ਗਲ ਕੀਤੀ ਜਾ ਰਹੀ ਹੈ। ਅੱਜ ਦਾ ਪਰਕਰਨ ‘ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ’ ਤੇ ਸਮਾਪਤ ਹੋਏਗਾ।
ਇਕਤਾਲੀਵੇਂ ਸਲੋਕ ਤੋਂ ਲੈ ਕੇ ਛਿਤਾਲੀਵੇਂ ਸਲੋਕ ਤਕ ਦੇ ਪੂਰੇ ਪਰਕਰਨ ਵਿਚ ਹਉਮੈ ਦੀ ਗਲ ਕੀਤੀ ਜਾ ਰਹੀ ਹੈ। ਹਾਥੀ ਨੂੰ ਸਭ ਤੋਂ ਜ਼ਿਆਦਾ ਹੰਕਾਰ ਹੁੰਦਾ ਹੈ। ਸਭ ਤੋਂ ਬੁੱਧੀਮਾਨ ਜਾਨਵਰ ਵੀ ਹਾਥੀ ਹੀ ਹੈ। ਸਭ ਤੋਂ ਛੋਟੀ ਕੀੜੀ ਹੁੰਦੀ ਹੈ ਜੋ ਕਿ ਨਿਮਰਤਾ ਵਿਚ ਰਹਿੰਦੀ ਹੈ। ਗੁਰੂ ਸਾਹਿਬ ਸਾਨੂੰ ਹਾਥੀ ਦੀ ਬਿਰਤੀ ਸਮਝਾ ਰਹੇ ਹਨ। ਐ ਮਨੁੱਖ! ਤੇਰੇ ਦੁਖ ਦਾ ਮੁਖ ਕਾਰਨ ਹਉਮੈ-ਹੰਕਾਰ ਹੈ।
ਇੰਜ ਨਾ ਸਮਝ ਕਿ ਇਹ ਸਾਰੀ ਦੁਨੀਆ ਸੁਫਨਾ ਹੈ। ਇਹ ਦਿਸਦੀ ਸ੍ਰਿਸ਼ਟੀ ਸੱਚ ਹੈ ਤੇ ਰਹੇਗੀ। ਤੂੰ ਜੋ ਆਪਣੀ ਮਨ ਕੀ ਮਤ ਨਾਲ ਪੈਦਾ ਕੀਤੇ ਖਿਆਲਾਂ ਦਾ ਜਗ ਰਚਿਆ ਹੋਇਆ ਹੈ ਇਹ ਸੁਫਨਾ ਹੈ। ਕਿਸੇ ਪਿਤਾ ਨੂੰ ਪੁਛੀਏ ਕਿ ਸਿੱਧੇ ਰਾਹ ਤੇ ਟੁਰਨਾ ਹੈ? ਉਹ ਕਹਿੰਦਾ ਹੈ ਕਿ ਬਸ ਇਹ ਕਾਕੇ ਨੂੰ ਪੜ੍ਹਾ ਲਵਾਂ, ਥੋੜ੍ਹੀਆਂ ਕਮਾਈਆਂ ਕਰ ਲਵਾਂ ਬਸ ਉਸ ਮਗਰੋਂ ਮੈਂ ਸੇਵਾ ਨਿਵਿਰਤ ਹੋ ਜਾਵਾਂਗਾ ਤਾਂ ਸਿੱਧੇ ਰਾਹ ਪੈ ਜਾਵਾਂਗਾ। ਮਾਂ ਵੀ ਇਹੀ ਕਹਿੰਦੀ ਹੈ ਕਿ ਹੁਣੇ ਗੁਰਬਾਣੀ ਅਰਥਾਂ ਸਮੇਤ ਪੜ੍ਹਨ ਦਾ ਵਕਤ ਨਹੀਂ ਹੈ, ਹੁਣੇ ਤੇ ਬੱਚੇ ਪਾਲਣੇ ਹਨ ਤੇ ਪੜ੍ਹਾਉਣੇ ਹਨ। ਹਰ ਕੋਈ ਇਸੇ ਗਲ ਵਿਚ ਹੀ ਲੱਗਾ ਹੋਇਆ ਹੈ। ਇਹੀ ਝੂਠਾ ਜਗ ਬਣਾਇਆ ਹੋਇਆ ਹੈ। ਇਹ ਤੇ ਸੁਫਨੇ ਸਮਾਨ ਸਮਝ। ਸਾਰੇ ਕੰਮ ਕਰਦਿਆਂ-ਕਰਦਿਆਂ ਆਪਣੇ ਮਾਨਸਿਕ ਸੁੱਖ ਦਾ ਜਤਨ ਕਰ ਤੇ ਸੋਚ ਕਿ ਮੈਂ ਹਉਮੈ ਤੋਂ ਕਿਵੇਂ ਛੁੱਟਣਾ ਹੈ। ਇਹ ਸਾਰੇ ਸਲੋਕ ਮ: 9 ਦਾ ਤੱਤ ਹੈ। ਮਨ ਕੀ ਮੱਤ ਨਾਲ ਰਚਿਆ ਝੂਠਾ ਜਗ ਹੀ ਝੂਠਾ ਮਾਨ ਹੈ ਇਸਨੂੰ ਸੁਫਨੇ ਵਾਂਗੂੰ ਸਮਝ। ਜਗ ਹਰ ਕਿਸੇ ਨੇ ਆਪਣਾ-ਆਪਣਾ ਬਣਾਇਆ ਹੋਇਆ ਹੈ। ਮੱਖੀ ਨੇ ਆਪਣਾ ਜਗ ਬਣਾਇਆ ਹੋਇਆ ਹੈ। ਜੇ ਅਸੀਂ ਮੱਖੀ ਨੂੰ ਵਿਸ਼ਟਾ ਵਿਚੋਂ ਕਢਕੇ ਸਾਫ ਥਾਂ ਤੇ ਲੈ ਜਾਈਏ ਪਰ ਉਹ ਮੁੜ੍ਹ ਗੰਦਗੀ ਵਾਲੀ ਥਾਂ ਤੇ ਹੀ ਜਾਏਗੀ ਕਿਉਂਕਿ ਉਸਦਾ ਆਪਣਾ ਜਗ ਹੈ। ਇਹ ਜਿਹੜਾ ਹਰੇਕ ਨੇ ਮਨ ਕੀ ਮਤਿ ਨਾਲ ਆਪਣਾ ਜਗ ਘੜਿਆ ਹੋਇਆ ਹੈ ਇਸਨੂੰ ਝੂਠਾ ਸੁਫਨਾ ਸਮਝ। ਤੂੰ ਸਤਿਗੁਰ ਦੀ ਮੱਤ ਲੈ ਕੇ ਅੱਜ ਵਰਤਮਾਨ ਵਿਚ ਜਿਊਣਾ ਸਿੱਖ ਲੈ।
ਗੁਰੂ ਸਾਹਿਬ ਕਹਿੰਦੇ ਹਨ, ‘ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥’ (657) ਸੁਫਨੇ ਵਿਚ ਭਿਖਾਰੀ ਹੈ ਪਰ ਅਸੀਂ ਤੇ ਜਾਗਦੇ ਹੋਏ ਵੀ ਸੁਫਨੇ ਲੈਂਦੇ ਹਾਂ। ‘ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥’ (657)
ਝੂਠਾ ਮਾਨ ਕਰੀਂ ਜਾਂਦੇ ਹਾਂ! ਝੂਠੇ ਮਾਨ ਵਿਚ ਕੀ ਹੁੰਦਾ ਹੈ? ਜਿਹੜੀ ਕੁਰਸੀ ਸਾਨੂੰ ਮਿਲ ਗਈ ਹੈ ਉਹ ਕੁਰਸੀ ਛੋੜ੍ਹਨਾ ਨਹੀਂ ਚਾਹੁੰਦੇ ਹਾਂ। ਇਸ ਦਾ ਇੱਕੋ ਹੀ ਢੰਗ ਹੈ, ਕੁਰਸੀ ਨੂੰ ਪਕੜਨਾ ਪੈਂਦਾ ਹੈ। ਜਿਹੜਾ ਮਨੁੱਖ ਕੁਰਸੀ ਨੂੰ ਪਕੜ ਲੈਂਦਾ ਹੈ ਉਸਦੇ ਹੱਥ ਵਿਹਲੇ ਹੀ ਨਹੀਂ ਹੁੰਦੇ, ਕੰਮ ਕਰ ਹੀ ਨਹੀਂ ਸਕਦਾ। ਜਿਸ ਕਿਸਮ ਦੀ ਵੀ ਕੁਰਸੀ ਸਾਨੂੰ ਮਿਲ ਗਈ ਹੈ ਉਹ ਅਸੀਂ ਛੋੜ੍ਹਨਾ ਨਹੀਂ ਚਾਹੁੰਦੇ ਹਾਂ। ਜੇ ਸੱਸ ਨੂੰ ਚਾਬੀਆਂ ਦੇਣ ਦਾ ਰਾਜ ਛੁੱਟਦਾ ਹੋਵੇ ਤੇ ਭਾਵੇਂ ਨੂੰਹ ਨੂੰ ਨਿਵਣਾ ਪੈ ਰਿਹਾ ਹੋਵੇ। ਪਿਤਾ ਚਾਹੁੰਦਾ ਹੈ ਕਿ ਮੈਂ ਪੁਤਰਾਂ ਨੂੰ ਚਾਬੀਆਂ ਨਹੀਂ ਦੇਣੀਆਂ ਆਖਰੀ ਦਮ ਤਕ, ਨਹੀਂ ਤਾਂ ਇਹ ਤੇ ਰੁਲਾਕੇ ਮਾਰ ਦੇਣਗੇ ਮੈਨੂੰ। ਇਹ ਸਾਰਾ ਜਿਤਨਾ ਵੀ ਰਾਜ ਹੈ ਇਹ ਝੂਠਾ ਹੈ। ਇਸੇ ਨੂੰ ਗੁਰੂ ਸਾਹਿਬ ਕਹਿੰਦੇ ਹਨ ਕਿ ਆਪਣੇ ਮਨ ਦੇ ਘੜੇ ਖਿਆਲਾਂ ਵਾਲਾ ਸੁਫਨਾ ਨਾ ਵੇਖਿਆ ਕਰ।
ਸੁਫਨਾ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਸੁੱਤੇ ਮਨੁੱਖ ਵੇਖਦੇ ਹਨ ਦੂਜੇ ਜਾਗਦੇ ਵੀ ਵੇਖਦੇ ਹਨ। ਸੁੱਤੇ ਵਾਲਾ ਸੁਫਨਾ ਸਾਨੂੰ ਸਭ ਨੂੰ ਪਤਾ ਹੈ ਪਰ ਜਾਗੇ ਵਾਲਾ ਸੁਫਨਾ ਵੀ ਹੈ ਜਿਸ ਤੇ ਅਸੀਂ ‘ਨੀਂਦ’ ਵਿਸ਼ੇ ਤੇ ਸੈਮੀਨਾਰ ਕੀਤਾ ਸੀ। ‘ਰਾਮ ਪਿਆਰੇ ਸਦਾ ਜਾਗਹਿ’ ਕਿਵੇਂ ਹੋਈਏ? ਸਵੇਰੇ ਅੰਮ੍ਰਿਤ ਵੇਲੇ ਜਾਗਕੇ ਸਦਾ ਜਾਗ ਵਾਲਾ ਗੁਰਬਾਣੀ ਵਿਚੋਂ ਤੱਤ ਗਿਆਨ ਸਿੱਖ ਲਈਏ। ਫਿਰ ਜਾਗਕੇ ਸੁਫਨਾ ਨਹੀਂ ਲਵਾਂਗੇ। ਫਿਰ ਬੇਫਿਕਰੀ ਦੀ ਨੀਂਦ ਸੌਂ ਸਕਾਂਗੇ। ਲੇਕਿਨ ਜਾਗਕੇ ਜੋ ਆਪਣੀ ਮਨ ਕੀ ਮੱਤ ਰਾਹੀਂ ਸੁਫਨਾ ਲੈ ਰਿਹਾ ਹੈ ਉਸਦੇ ਕਾਰਨ ਅਸੀਂ ਸੁੱਤੇ ਵੀ ਬੇਫਿਕਰੇ ਨਹੀਂ ਹਾਂ। ਜੇਕਰ ਆਤਮਕ ਤੋਰ ਤੇ ਜਾਗ ਕੇ ਸੁਫਨੇ ਬਾਰੇ ਇਕ ਵਾਰੀ ਸਮਝ ਗਏ ਤਾਂ ਬੇਫਿਕਰੀ ਦੀ ਨੀਂਦ ਸੌ ਸਕਾਂਗੇ। ਮਨ ਦਾ ਆਧਾਰ ਸੱਚ ਬਣਾ ਲਈਏ ਵਰਨਾ ਜੇ ਮਨ ਦਾ ਆਧਾਰ ਬਾਹਰਲੇ ਬਣਾਏ ਹੋਏ ਹਨ ਤਾਂ ‘ਇਨ ਮੈ ਕਛੁ ਤੇਰੋ ਨਹੀ ਨਾਨਕ ਕਹਿਓ ਬਖਾਨਿ ॥’ ਨਾਨਕ ਜੀ ਬਿਆਨ ਕਰਦੇ ਹਨ ਕਿ ਅਉਗੁਣ ਤੇਰਾ ਕੋਈ ਸਾਥ ਨਹੀਂ ਦੇ ਸਕਦਾ।




.