.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਪ੍ਰਵਾਰਕ ਮੋਹ ਦੀਆਂ ਤੰਦਾਂ

ਜਿਸ ਤਰ੍ਹਾਂ ਪਹਿਲੇ ਸਲੋਕ ਵਿੱਚ ਇਹ ਵਿਚਾਰ ਆਏ ਹਾਂ ਕਿ ਹਰ ਮਨੁੱਖ ਨੂੰ ਆਪਣੇ ਪ੍ਰਵਾਰ ਦੀ ਸੇਵਾ ਸੰਭਾਲ਼ ਕਰਨੀ ਚਾਹੀਦੀ ਹੈ ਬਸ਼ਰਤੇ ਇਮਾਨਦਾਰੀ ਦਾ ਰਸਤਾ ਨਹੀਂ ਤਿਆਗਣਾ ਚਾਹੀਦਾ। ਇਹ ਵੀ ਵਿਚਾਰਿਆ ਹੈ ਜਿਸ ਪ੍ਰਵਾਰ ਲਈ ਗਲਤ ਹੱਥ ਕੰਡਿਆਂ ਨੂੰ ਵਰਤਿਆ ਜਾ ਰਿਹਾ ਹੈ ਉਹ ਸਮੁੱਚੇ ਪਰਵਾਰ ਲਈ ਹਾਨੀਕਾਰਕ ਹਨ ਓੱਥੇ ਚੰਗੇ ਸਮਾਜ ਦੀ ਸਿਰਜਣਾ ਵਿੱਚ ਬੜੀ ਵੱਡੀ ਰੁਕਾਵਟ ਖੜੀ ਕਰਦੇ ਹਨ।
ਦੂਸਰਾ ਮਨੁੱਖ ਆਪਣੇ ਸੁਭਾਅ ਵਿੱਚ ਵੀ ਇੱਕ ਉਸ ਪਰਵਾਰ ਦੀ ਸਿਰਜਣਾ ਕਰੀ ਬੈਠਾ ਹੈ ਜਿਹੜਾ ਇਸ ਦੇ ਅੰਦਰਲੇ ਦੈਵੀ ਗੁਣਾਂ ਨੂੰ ਖਾ ਜਾਂਦਾ ਹੈ ਏਸੇ ਤਰ੍ਹਾਂ ਦਾ ਹੀ ਸਲੋਕ ਸਹਿਸਕ੍ਰਿਤੀ ਵਿੱਚ ਅਗਲਾ ਸਲੋਕ ਆਉਂਦਾ ਹੈ—
ਧ੍ਰਿਗੰਤ ਮਾਤ ਪਿਤਾ ਸਨੇਹੰ, ਧ੍ਰਿਗ ਸਨੇਹੰ ਭ੍ਰਾਤ ਬਾਂਧਵਹ॥
ਧ੍ਰਿਗ ਸ੍ਨੇਹੰ ਬਨਿਤਾ ਬਿਲਾਸ ਸੁਤਹ॥
ਧ੍ਰਿਗ ਸ੍ਨੇਹੰ ਗ੍ਰਿਹਾਰਥਕਹ॥
ਸਾਧ ਸੰਗ ਸ੍ਨੇਹ ਸਤ੍ਹਿੰ ਸੁਖਯੰ ਬਸੰਤਿ ਨਾਨਕਹ ॥੨॥

ਅਰਥ: — ਮਾਂ ਪਿਉ ਦਾ ਮੋਹ ਤਿਆਗਣ-ਜੋਗ ਹੈ, ਭਰਾਵਾਂ ਸਨਬੰਧੀਆਂ ਦਾ ਮੋਹ ਭੀ ਮਾੜਾ ਹੈ। ਇਸਤ੍ਰੀ ਪੁਤ੍ਰ ਦੇ ਮੋਹ ਦਾ ਆਨੰਦ ਭੀ ਛੱਡਣ-ਜੋਗ ਹੈ, ਘਰ ਦੇ ਪਦਾਰਥਾਂ ਦੀ ਖਿੱਚ ਵੀ ਭੈੜੀ ਹੈ (ਕਿਉਂਕਿ ਇਹ ਸਾਰੇ ਨਾਸਵੰਤ ਹਨ, ਤੇ ਇਹਨਾਂ ਦਾ ਮੋਹ ਪਿਆਰ ਭੀ ਸਦਾ ਕਾਇਮ ਨਹੀਂ ਰਹਿ ਸਕਦਾ)। ਸਤਸੰਗ ਨਾਲ (ਕੀਤਾ ਹੋਇਆ) ਪਿਆਰ ਸਦਾ-ਥਿਰ ਰਹਿੰਦਾ ਹੈ, ਤੇ, ਹੇ ਨਾਨਕ! (ਸਤਸੰਗ ਨਾਲ ਪਿਆਰ ਕਰਨ ਵਾਲੇ ਮਨੁੱਖ) ਆਤਮਕ ਆਨੰਦ ਨਾਲ ਜੀਵਨ ਬਿਤੀਤ ਕਰਦੇ ਹਨ। ੨।
੧. ਕੀ ਜਿੰਨਾਂ ਮਾਪਿਆਂ ਨੇ ਬੱਚਿਆਂ ਜਨਮ ਦਿੱਤਾ ਹੈ ਉਹਨਾਂ ਦਾ ਤਿਆਗ ਕਰਕੇ ਸੰਨਿਆਸੀ ਬਣ ਚਾਹੀਦਾ ਹੈ?
੨. ਕੀ ਜਿਹੜੇ ਭੈਣ ਭਰਾਵਾਂ ਨਾਲ ਅਸੀਂ ਖੇਡ ਕੇ ਵੱਡੇ ਹੋਏ ਹਾਂ ਦੁੱਖ ਸੁੱਖ ਦੀ ਸਾਂਝ ਰਹੀ ਹੈ ਕੀ ਉਹਨਾਂ ਨਾਲ ਸਬੰਧ ਤੋੜ ਲੈਣਾ ਕੋਈ ਸਿਆਣਪ ਹੈ?
੩. ਕੀ ਇਸਤ੍ਰੀ ਤੋਂ ਸੰਤਾਨ ਪੈਦਾ ਕਰਕੇ ਇਹ ਦੋਵੇਂ ਛੱਡ ਦੇਣੇ ਚਾਹੀਦੇ ਹਨ?
੪. ਕੀ ਸਾਨੂੰ ਪਦਾਰਥ ਆਦ ਘਰ ਵਿੱਚ ਨਹੀਂ ਰੱਖਣੇ ਚਾਹੀਦੇ?
੫ ਅਸਲ ਮੁੱਦਾ ਗੈਰ ਜ਼ਿੰਮੇਵਾਰੀ ਦਾ ਆਉਂਦਾ ਹੈ—ਜਿਹੜੇ ਮਾਪਿਆਂ ਨੇ ਬੱਚਿਆਂ ਨੂੰ ਜਨਮ ਤਾਂ ਜ਼ਰੂਰ ਦਿੱਤਾ ਪਰ ਮੁੜ ਉਹਨਾਂ ਨੂੰ ਪੂਰਾ ਸਮਾਂ ਨਹੀਂ ਦਿੱਤਾ, ਪੂਰੀ ਸੰਭਾਲ਼ ਵਿੱਚ ਕੋਈ ਕੁਤਾਹੀ ਰਹਿ ਗਈ ਜਿਸ ਕਰਕੇ ਉਹ ਮਾਨਸਕ ਵਿਕਾਸ ਪੱਖੋਂ ਊਣਾ ਰਹਿ ਗਿਆ।
੬ ਦੂਜਾ ਕਈ ਵਾਰੀ ਬਹੁਤਾ ਲਾਡ ਪਿਆਰ ਵੀ ਬੱਚਿਆਂ ਨੂੰ ਵਿਗਾੜ ਦੇਂਦਾ ਹੈ ਜਿਸ ਕਰਕੇ ਬੱਚਾ ਜ਼ਿੰਦਗੀ ਦੇ ਅਸਲ ਮਕਸਦ ਨੂੰ ਸਮਝਣ ਤੋਂ ਹੀ ਅਸਮਰੱਥ ਹੋ ਜਾਂਦਾ ਹੈ। ਜਿਹੜਾ ਸਨੇਹ ਬੱਚੇ ਨੂੰ ਵਿਗਾੜ ਦੇਵੇ ਉਹ ਮੋਹ ਫਿਟਕਾਰ ਯੋਗ ਹੈ।
੭ ਉਹਨਾਂ ਸਾਕ ਸਬੰਧੀਆਂ ਦੇ ਮੋਹ ਨੂੰ ਫੇਹ ਕੇ ਫੋੜੇ `ਤੇ ਲਉਣਾ ਹੈ ਜਿਹੜੇ ਕੇਵਲ ਸਗਨ ਦੀ ਆਸ ਲਾਈ ਬੈਠੇ ਹਨ ਸਾਨੂੰ ਸਗਨ ਕਿੰਨਾ ਮਿਲਣਾ ਹੈ।
੮ ਉਸ ਇਸਤ੍ਰੀ ਤੇ ਪੁੱਤਰ ਦੀ ਕਾਹਦੀ ਵਫਾਦਾਰੀ ਜਿਹੜੇ ਕੇਵਲ ਮੂੰਹ ਦੇ ਚਸਕੇ ਤੱਕ ਹੀ ਸੀਮਤ ਹਨ।
੯ ਕਈਆਂ ਬੰਦਿਆਂ ਦਾ ਅਜੇਹਾ ਚਸਕਾ ਹੈ ਕਿ ਉਹ ਪੁਰਾਣੀਆਂ ਵਸਤੂਆਂ ਹੀ ਇਕੱਠੀਆਂ ਕਰੀ ਜਾਣਗੇ। ਕਈ ਰਾਜਨੀਤਿਕ ਨੇਤਾ ਵੀ ਅਜੇਹੇ ਹਨ ਜਿਹੜੇ ਸਮਾਜ ਭਲਾਈ ਦੇ ਕੰਮ ਛੱਡ ਕੇ ਕੇਵਲ ਆਪਣੇ ਘਰ ਦੀ ਪੂਰਤੀ ਕਰ ਰਹੇ ਹਨ।
੧੦ ਜੇ ਮਨੁੱਖ ਨੂੰ ਸੱਚੇ ਗਿਆਨ ਦੀ ਸੋਝੀ ਆ ਜਾਏ ਤਾਂ ਉਹ ਪ੍ਰਵਾਰਕ ਤੰਦਾਂ ਦੇ ਮੋਹ ਵਿੱਚ ਨਹੀਂ ਫਸਦਾ। ਉਹ ਬੇਲੋੜੀ ਆਸ ਕਿਸੇ ਸਬੰਧੀ ਤੋਂ ਨਹੀਂ ਰੱਖਦਾ। ਸਿੱਖ ਰਾਜਨੀਤੀ ਸਾਰੀ ਪ੍ਰਵਰਾਕ ਮੋਹ ਦੀ ਭੇਟ ਚੜ੍ਹ ਗਈ ਹੈ। ਧਾਰਮਕ ਪਦਵੀਆਂ `ਤੇ ਬੈਠਿਆਂ ਨੇ ਵੀ ਪ੍ਰਵਾਰਕ ਹਿੱਤ ਹੀ ਅੱਗੇ ਰੱਖੇ ਹਨ। ਕੌਮ ਦਾ ਡੱਕਾ ਭੰਨ੍ਹ ਕਿ ਦਹਿਰਾ ਨਹੀਂ ਕੀਤਾ
੧੧ ਜ਼ਿੰਦਗੀ ਦਾ ਅਸਲ ਅਨੰਦ ਪਰਵਾਰ ਵਿੱਚ ਰਹਿੰਦਿਆਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਦਿਆ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।
੧੨ ਹਰ ਮਨੁੱਖ ਦਾ ਉਹ ਮੋਹ ਫਿਟਕਾਰ ਯੋਗ ਹੈ ਜਿਹੜਾ ਕੇਵਲ ਨਿੱਜੀ ਲਾਲਚ ਤਕ ਸੀਮਤ ਹੋ ਕੇ ਰਹਿ ਗਿਆ ਹੈ।
੧੩ ਇੱਕ ਮਨੁੱਖ ਨੇ ਆਪਣੇ ਸੁਭਾਅ ਵਿੱਚ ਵੀ ਭੈੜਾ ਪਰਵਾਰ ਸੰਭਾਲ਼ਿਆ ਹੋਇਆ ਹੈ ਜਿਹੜਾ ਫਿਟਕਾਰਨ ਯੋਗ ਕਿਉਂ ਕਿ ਆਤਮਕ ਉਨਤੀ ਵਿੱਚ ਵੱਡੀ ਰੁਕਾਵਟ ਖੜੀ ਕਰਦਾ ਹੈ। ਦੂਜਾ ਆਪਣੇ ਪਰਵਾਰ ਦੀ ਸਹੀ ਤਰੀਕੇ ਨਾਲ ਸੰਭਾਲ਼ ਕਰਨੀ ਕੋਈ ਮਾੜਾ ਕਰਮ ਨਹੀਂ ਹੈ। ਸਮਾਜਕ ਪਰਵਾਰ ਲਈ ਠੱਗੀਆਂ ਮਾਰਨੀਆਂ ਮਨੁੱਖ ਦੇ ਮੱਥੇ `ਤੇ ਕਲੰਕ ਹੈ--
ਏ ਮਨ ਪਿਆਰਿਆ, ਤੂ ਸਦਾ ਸਚੁ ਸਮਾਲੇ।।
ਏਹੁ ਕੁਟੰਬੁ ਤੂ ਜਿ ਦੇਖਦਾ, ਚਲੈ ਨਾਹੀ ਤੇਰੈ ਨਾਲੇ।।




.