ਆਪਣੀ ਦੇਹ ਦਾ ਮਾਣ ਕਰਦਾ ਹੈਂ? ਗੁਰਬਾਣੀ ਨੂੰ ਖੋਜਕੇ ਪੜ੍ਹੀਏ ਤਾ ਪਤਾ
ਚਲੇਗਾ ਕਿ ਜਦੋਂ ਵੀ ਦੇਹ ਸਰੀਰ ਲਈ ਆਏਗਾ ਤਾਂ ‘ਹ’ ਮੁਕਤਾ ਹੋਵੇਗਾ। ਪਰ ਜੇ ਕੁਝ ਲੈਣ ਲਈ ਭਾਵ ਮੰਗ
ਕੀਤੀ ਜਾਏਗੀ ਤਾਂ ‘ਦੇਹੁ’ ਆਏਗਾ ‘ਹ’ ਨੂੰ ਔਕੜ ਲੱਗੀ ਹੋਵੇਗੀ।
ਇਕ ਤੇ ਸਾਡਾ ਸਰੀਰ ਇਹ ਬਾਹਰਲਾ ਹੋ ਗਿਆ ਜੋ ਕਿ ਹਡ-ਚਮ ਦਾ ਬਣਿਆ ਹੈ,
ਕੁਦਰਤ ਦੇ ਨਿਯਮਾਂ ਅਧੀਨ ਮਾਤਾ-ਪਿਤਾ ਤੋਂ ਮਿਲਿਆ। ਪਰ ਇਕ ਸਰੀਰ ਆਤਮਕ ਵੀ ਘੜਿਆ ਹੋਇਆ ਹੈ ਜੋ ਕਿ
ਸਮਾਜ ਵਿਚ ਤੇਰੀ ਪ੍ਰਤਿਸ਼ਠਾ ਦੀ ਦੇਹ ਹੈ ਉਹ ਤਾਂ ਬਿਨਸ ਹੀ ਜਾਂਦੀ ਹੈ - ‘ਬਿਨਸੈ ਛਿਨ ਮੈ ਮੀਤ’।
ਮੀਤ ਦਾ ਅਰਥ ਕਿਸੇ ਅਨਪੁਰਖ ਜਾਂ ਮਿੱਤਰ ਨੂੰ ਨਹੀਂ ਕਹਿ ਰਹੇ ਹਨ। ਆਪਣੇ ਮਨ ਨੂੰ ਮੁਖਾਤਿਬ ਕਰਕੇ
ਕਹਿ ਰਹੇ ਹਨ ਕਿ ਐ ਮੇਰੇ ਮਿੱਤਰ ਮਨ ਤੂੰ ਸਮਝ।
‘ਬਿਨਸੈ ਛਿਨ ਮੈ ਮੀਤ’ ਕੀ ਬਿਨਸ ਜਾਂਦਾ ਹੈ? ਇਸੁ ਦੇਹੀ ਅੰਦਰਿ ਪੰਚ
ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥ (600) ਮੈਂ ਇਨ੍ਹਾਂ ਵਿਕਾਰਾਂ ਨੂੰ ਆਪਣਾ ਮਿੱਤਰ
ਬਣਾਇਆ ਹੋਇਆ ਹੈ। ਮੇਰੇ ਮਨ ਨੂੰ ਕਹਿ ਰਹੇ ਹਨ ਕਿ ਤੂੰ ਇਹ ਸਮਝ -
ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ
ਬਾਬਾ ਅਬ ਨ ਬਸਉ ਇਹ ਗਾਉ ॥ ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ ॥
ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ ॥
ਹੁਣ ਮੈਂ ਇਸ ਅਉਗੁਣਾਂ ਭਰਪੂਰ ਸਰੀਰ ਰੂਪੀ ਪਿੰਡ ਵਿਚ ਨਹੀਂ ਰਹਿਣਾ।
ਕਿਉਂਕਿ ਇੱਥੇ ਤਾਂ ਘੜੀ-ਘੜੀ ਦਾ ਲੇਖਾ ਮੰਗਿਆ ਜਾ ਰਿਹਾ ਹੈ। ਕੋਈ ਇਹ ਭੁਲੇਖਾ ਨਾ ਖਾਣਾ ਕਿ ਮਰਨ
ਮਗਰੋਂ ਕੋਈ ਲੇਖਾ ਪੁੱਛੇਗਾ, ਮਰਨ ਮਗਰੋਂ ਕੋਈ ਦਰਗਾਹ ਹੋਵੇਗੀ, ਮਰਨ ਮਗਰੋਂ ਰੱਬ ਵਹੀ ਖਾਤਾ
ਕੱਢਣਗੇ! ਨਹੀਂ! ਇਹ ਤਾਂ ਅੱਜ, ਹੁਣੇ, ਨਾਲੋ-ਨਾਲ, ਪਲ੍ਹ-ਪਲ੍ਹ ਦਾ, ਘੜੀ-ਘੜੀ ਦਾ ਲੇਖਾ ਮੰਗਿਆ ਜਾ
ਰਿਹਾ ਹੈ। ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ ॥ (1104) ਬਾਕੀ ਤੋਂ ਭਾਵ ਹੈ ਉਹ
ਕਿਤਾਬ ਜਿਸ ਵਿਚ ਬਕਾਇਆ ਹਿਸਾਬ ਦਰਜ ਕੀਤਾ ਜਾਂਦਾ ਹੈ, ਉਹ ਹੁਣ ਭਾਰੀ ਪੈ ਰਹੀ ਹੈ। ਇਸੇ ਲਈ ਕਿਹਾ
ਹੈ ਕਿ, ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ ॥ (1104) ਜਿਸ ਮਨੁੱਖ ਨੂੰ ਇਹ ਪਤਾ
ਚਲ ਜਾਏ ਕਿ ਮੈਂ ਭੈੜ ਕਰਦਾ ਹਾਂ ਅਤੇ ਉਸ ਮਗਰੋਂ ਦੁਖੀ ਹੁੰਦਾ ਹਾਂ ਇਸ ਕਰਕੇ ਅਬ ਕੀ ਬਾਰ ਇਸਨੂੰ
ਕਹਿੰਦੇ ਹਨ। ਇਹ ਸ਼ਬਦ ਸਰੀਰਕ ਮੌਤ ਮਗਰੋਂ ਪੜ੍ਹਨ ਵਾਲਾ ਨਹੀਂ ਹੈ।
ਜਿਹੜਾ ਅਸੀਂ ਝੂਠਾ ਗਰਬ ਕਰਦੇ ਹਾਂ ਉਸਤੋਂ ਪਤਾ ਲੱਗਾ ਕਿ ਅਸੀਂ ਕਾਮ,
ਕ੍ਰੋਧ ਆਦਿ ਵਿਕਾਰਾਂ ਨੂੰ ਆਪਣਾ ਮਿੱਤਰ ਬਣਾਇਆ ਹੋਇਆ ਹੈ, ਇਹ ਸਾਥ ਛੱਡ ਜਾਂਦੇ ਹਨ। ‘ਬਿਨਸੈ ਛਿਨ
ਮੈ ਮੀਤ ॥’ ਜਦੋਂ ਵੀ ਵਿਕਾਰ ਸਤਾਉਂਦੇ ਹਨ ਉਸ ਵੇਲੇ ਅੰਤਕਾਲ ਵਾਪਰ ਰਿਹਾ ਹੁੰਦਾ ਹੈ। ਉਸ ਵੇਲੇ
ਇਹੀ ਵਿਕਾਰ ਜਿਹੜੇ ਮਿੱਤਰ ਬਣੇ ਹੋਏ ਸਨ ਉਹ ਪਲ ਵਿਚ ਹੀ ਬਿਨਸ ਜਾਣਗੇ, ਛੱਡ ਦੇਣਗੇ। ਅਸੀਂ ਤੇ
ਦੁਨੀਆਵੀ ਮਨੁੱਖਾਂ ਨੂੰ ਆਪਣਾ ਦੋਸਤ-ਮਿੱਤਰ ਬਣਾਈ ਫਿਰਦੇ ਹਾਂ ਕਿ ਇਹ ਸਾਥ ਦੇਣਗੇ। ਦੁਨੀਆਵੀ
ਮਿੱਤਰ ਆਤਮਕ ਮੌਤ ਵੇਲੇ ਤੇਰਾ ਸਾਥ ਦੇ ਹੀ ਨਹੀਂ ਸਕਦੇ ਅਤੇ ਅੰਦਰ ਜਿਹੜੇ ਵਿਕਾਰ ਹਨ ਜਿਨ੍ਹਾਂ ਨੂੰ
ਅਸੀਂ ਆਪਣੇ ਮਿੱਤਰ ਸਮਝੀ ਬੈਠੇ ਹਾਂ ਇਹ ਵੀ ਸਾਥ ਨਹੀਂ ਦੇਣਗੇ। ਐ ਮਨੁੱਖ! ਤੂੰ ਇਨ੍ਹਾਂ ਦਾ ਕਿਉਂ
ਗਰਬ ਕਰਦਾ ਹੈਂ? ਜੇ ਇਹ ਗਲ ਸਮਝ ਆ ਜਾਏ ਤਾਂ ਸਾਡਾ ਜੀਵਨ ਬਦਲ ਜਾਏ।
ਜਿਹਿ ਪ੍ਰਾਨੀ ਹਰਿ ਜਸੁ ਕਹਿਓ ਨਾਨਕ ਤਿਹਿ ਜਗੁ ਜੀਤਿ ॥
ਉਸਨੇ ‘ਮਨਿ ਜੀਤੈ ਜਗੁ ਜੀਤੁ’ ਸਮਝ ਲਿਆ। ‘ਜਗੁ ਜੀਤੁ’ ਦਾ ਅਰਥ ਇਹ
ਨਹੀਂ ਕਿ ਉਸਨੇ ਬਾਹਰ ਦਿਸਦਾ ਸਾਰਾ ਜਗਤ ਫਤਿਹ ਕਰ ਲਿਆ। ਇਥੇ ‘ਜਗੁ ਜੀਤੁ’ ਦਾ ਅਰਥ ਹੈ ਕਿ ਆਪਣਾ
ਇਹ ਸੋਚਣੀ ਦਾ ਸਰੀਰ ਜਿੱਤ ਲਿਆ ਭਾਵ ਸਤਿਗੁਰ ਦੀ ਮਤ ਲੈ ਕੇ ਆਪਣੇ ਮੰਦੇ ਖਿਆਲਾਂ ਤੋਂ ਛੁੱਟ ਗਿਆ।
ਜਿਸਨੇ ਰੱਬੀ ਗੁਣਾਂ ਵਾਲਾ ਜੀਵਨ ਜੀਵਿਆ ਉਸਨੇ ਆਪਣੇ ਇੰਦ੍ਰੇ-ਗਿਆਨ ਇੰਦ੍ਰੇ ਕਾਬੂ ਕਰ ਲਏ।
ਜਿਹਿ ਪ੍ਰਾਨੀ ਹਰਿ ਜਸੁ ਕਹਿਓ ਦਾ ਅਰਥ ਹੈ ਕਿ ਰੱਬ ਜੀ ਤੁਸੀਂ ਦਇਆਵਾਨ ਹੋ
ਤੁਸੀਂ ਨਿਰਵੈਰ ਹੈ, ਤੁਸੀਂ ਮਿਠਬੋਲੜੇ ਹੋ, ਮੈਂ ਵੀ ਤੁਹਾਡੇ ਗੁਣ ਲੈ ਕੇ ਆਪਣਾ ਜੀਵਨ ਗੁਣਾਂ
ਭਰਪੂਰ ਜੀਵਾਂ। ‘ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ ॥’ (755) ਜੈਸੇ ਰੱਬ ਦੇ ਗੁਣ
ਗਾਏਂਗਾ ਵੈਸਾ ਹੀ ਬਣ ਜਾਏਂਗਾ ਅਤੇ ਆਪਣੀ ਇਸ ਸੋਚਣੀ ਦੇ ਜਗ ਨੂੰ ਜਿੱਤ ਸਕੇਂਗਾ।