.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਆਸਾ `ਚ ਗਵਾਚਣਾ

ਸਮਾਜ ਭਲਾਈ ਦੇ ਕੰਮਾਂ ਦੀ ਆਸਾ ਰੱਖਣ ਨਾਲ ਸਮਾਜ ਦਾ ਵਿਕਾਸ ਹੁੰਦਾ ਹੈ ਜਦ ਕਿ ਤ੍ਰਿਸ਼ਨਾ ਅਤੇ ਲਾਲਚ ਦੇ ਅਧੀਨ ਹੋ ਕੇ ਆਸਾ ਰੱਖਣ ਨਾਲ ਆਤਮਕ ਜੀਵਨ ਉਝੜ ਜਾਂਦਾ ਹੈ। ਇੰਜ ਪਰਵਾਰ ਤਥਾ ਸਮਾਜ ਦਾ ਜੀਵਨ ਦੂਸ਼ਤ ਹੁੰਦਾ ਹੈ। ਆਸਾ ਦਾ ਖੇਤਰ ਬਹੁਤ ਲੰਬਾ ਚੌੜਾ ਹੈ। ਪਰਾਏ ਰੂਪ ਨੂੰ ਹੰਢਾਉਣ ਦੀ ਆਸਾ, ਲੜਕੇ ਦੇ ਸਹੁਰਿਆਂ ਵਲੋਂ ਦਾਜ ਦੀ ਆਸਾ ਜਨੀ ਕਿ ਆਪਣੀ ਹੈਸੀਅਤ ਨਾਲੋਂ ਵੱਧ ਆਸ ਲਾਈ ਰੱਖਣ ਵਾਲਾ ਮਨੁੱਖ ਆਪਣੇ ਅੰਦਰੋਂ ਸਹਿਜ ਖੋਹ ਲੈਂਦਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਅਜੇਹੀ ਇੱਕ ਆਸਾ ਸਬੰਧੀ ਮਨੁੱਖ ਨੂੰ ਸਮਝਉਂਦੇ ਹਨ—
ਮਿਥੰੵ ਤ ਦੇਹੰ, ਖੀਣੰ ਤ ਬਲਨੰ॥ ਬਰਧੰਤਿ ਜਰੂਆ, ਹਿਤੵੰ ਤ ਮਾਇਆ॥
ਅਤੰੵ ਤ ਆਸਾ, ਆਥਿਤੵ ਭਵਨੰ॥ ਗਨੰਤ ਸ੍ਵਾਸਾ ਭੈਯਾਨ ਧਰਮੰ॥
ਪਤੰਤਿ ਮੋਹ ਕੂਪ ਦੁਰਲਭ੍ਯ੍ਯ ਦੇਹੰ, ਤਤ ਆਸ੍ਰਯੰ ਨਾਨਕ॥
ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕ੍ਰਿਪਾ॥ ੩॥

ਅੱਖਰੀਂ ਅਰਥ--— (ਇਹ) ਸਰੀਰ ਤਾਂ ਨਾਸਵੰਤ ਹੈ, (ਇਸ ਦਾ) ਬਲ ਭੀ ਘਟਦਾ ਰਹਿੰਦਾ ਹੈ। (ਪਰ ਜਿਉਂ ਜਿਉਂ) ਬੁਢੇਪਾ ਵਧਦਾ ਹੈ, ਮਾਇਆ ਦਾ ਮੋਹ ਭੀ (ਵਧਦਾ ਜਾਂਦਾ ਹੈ,) (ਪਦਾਰਥਾਂ ਦੀ) ਆਸਾ ਤੀਬਰ ਹੁੰਦੀ ਜਾਂਦੀ ਹੈ (ਉਂਞ ਜੀਵ ਇਥੇ) ਘਰ ਦੇ ਪਰਾਹੁਣੇ (ਵਾਂਗ) ਹੈ। ਡਰਾਉਣਾ ਧਰਮ ਰਾਜ (ਇਸ ਦੀ ਉਮਰ ਦੇ) ਸਾਹ ਗਿਣਦਾ ਰਹਿੰਦਾ ਹੈ। ਇਹ ਅਮੋਲਕ ਮਨੁੱਖਾ ਸਰੀਰ ਮੋਹ ਦੇ ਖੂਹ ਵਿੱਚ ਡਿੱਗਾ ਰਹਿੰਦਾ ਹੈ।
ਹੇ ਨਾਨਕ! ਇੱਕ ਗੋਬਿੰਦ ਗੋਪਾਲ ਦੀ ਮੇਹਰ ਹੀ (ਬਚਾ ਸਕਦੀ ਹੈ), ਉਸੇ ਦਾ ਆਸਰਾ (ਲੈਣਾ ਚਾਹੀਦਾ ਹੈ)। ੩।
੧. ਜਿਵੇਂ ਜਿਵੇਂ ਵਿਗਿਆਨ ਤਰੱਕੀ ਦੀ ਰਫਤਾਰ ਫੜਦਾ ਗਿਆ ਹੈ ਤਿਵੇਂ ਤਿਵੇਂ ਸਮਾਜ ਦਾ ਵਿਕਾਸ ਹੁੰਦਾ ਗਿਆ ਹੈ। ਇਸ ਵਿਕਾਸ ਕਰਕੇ ਮਨੁੱਖ ਨੂੰ ਸੁੱਖ ਸਹੂਲਤਾਂ ਵੀ ਬਹੁਤ ਸਾਰੀਆਂ ਮਿਲ ਰਹੀਆਂ ਹਨ। ਸੁੱਖ ਸਹੂਲਤਾ ਹੋਣ ਦੇ ਬਾਵਜੂਦ ਵੀ ਸਰੀਰ ਨਿੱਤਾ ਪ੍ਰਤੀ ਆਤਮਕ ਤੌਰ `ਤੇ ਬਲ ਹੀਣ ਹੁੰਦਾ ਜਾਂਦਾ ਹੈ।
੨. ਟੈਲੀਵੀਜਨ `ਤੇ ਪ੍ਰੋਗਰਾਮ ਹਰ ਰੋਜ਼ ਨਵੇਂ ਤੋਂ ਨਵੇਂ ਆਉਂਦੇ ਹਨ ਪਰ ਹੁਣ ਅੱਖਾਂ ਜੁਆਬ ਦੇ ਜਾਂਦੀਆਂ ਹਨ। ਕੰਨਾਂ ਦੇ ਸੁਣਨ ਨੂੰ ਬਹੁਤ ਕੁੱਝ ਆ ਗਿਆ ਪਰ ਕੰਨ ਸੁਣ ਸੁਣ ਕ ਬੋਲ਼ੇ ਹੋ ਜਾਂਦੇ ਹਨ।
੩. ਇਹ ਜ਼ਰੂਰੀ ਨਹੀਂ ਕਿ ਬੁਢੇਪੇ ਵਲ ਨੂੰ ਵੱਧ ਰਹੀ ਜ਼ਿੰਦਗੀ ਵਿੱਚ ਆਸਾ ਜ਼ਿਆਦਾ ਜਨਮ ਲੈਂਦੀ ਹੈ। ਅਸਲ ਮਕਸਦ ਹੈ ਕਿ ਕਈਆਂ ਨੂੰ ਧਰਮ ਦੀਆਂ ਪ੍ਰਕਿਰਿਆਂ ਨਿਬਾਹੁੰਦਿਆਂ ੨ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਪਰ ਉਹਨਾਂ ਦੇ ਜੀਵਨ ਵਿੱਚ ਸਹਿਜ ਵਾਲਾ ਬਦਲਾਅ ਨਹੀਂ ਆਉਂਦਾ। ਜ਼ਿੰਦਗੀ ਦੇ ਕਿਸੇ ਪੜਾਅ `ਤੇ ਵੀ ਆਸਾ ਖਤਮ ਨਹੀਂ ਹੁੰਦੀ।
੪ ਕਈ ਮਨੁੱਖਾਂ ਨੂੰ ਆਦਤ ਹੁੰਦੀ ਹੈ ਕਿ ਹਰੇਕ ਲੱਗੀ ਹੋਈ ਸੇਲ ਵਿਚੋਂ ਕੁੱਝ ਨਾ ਕੁੱਝ ਖ੍ਰੀਦਣਾ ਹੀ ਹੁੰਦਾ ਹੈ। ਅਜੇਹੇ ਲੋਕ ਏੰਨਾ ਸਮਾਨ ਇੱਕਤਰ ਕਰ ਲੈਂਦੇ ਹਨ ਕਿ ਜਿਹੜਾ ਕਿਸੇ ਵਰਤੋਂ ਵਿੱਚ ਵੀ ਨਹੀਂ ਆਉਂਦਾ।
੫ ਆਪਣੀਆਂ ਤਿੰਨ ਧੀਆਂ ਵਿਆਹੀਆਂ ਹੁੰਦੀਆਂ ਪਰ ਆਸ ਇਹ ਹੀ ਹੁੰਦੀ ਹੈ ਕਿ ਸਾਡੇ ਕੋਲੋਂ ਅਗਲੇ ਦਾਜ ਦੀ ਮੰਗ ਨਾ ਕਰਨ ਪਰ ਜੇ ਓਸੇ ਪਰਵਾਰ ਨੇ ਆਪਣਾ ਇੱਕ ਲੜਕਾ ਵਿਆਹੁੰਣਾ ਹੁੰਦਾ ਹੈ ਤਾਂ ਉਹ ਲੋੜ ਨਾਲੋਂ ਵੱਧ ਆਸ ਰੱਖਦੇ ਹਨ ਕਿ ਜੀ ਅਸਾਂ ਤਾਂ ਇੱਕ ਹੀ ਕਾਕਾ ਵਿਆਹੁੰਣਾ ਹੈ।
੬ ਆਸਾ ਰੱਖਣ ਵਾਲਾ ਹੌਕਿਆਂ ਵਿੱਚ ਹੀ ਜਿਉਂਦਾ ਹੈ ਤੇ ਹਰੇਕ ਹੌਕਾਂ ਉਸ ਨੂੰ ਅੰਦਰੋਂ ਖੋਰਾ ਲਉਂਦਾ ਰਹਿੰਦਾ ਹੈ।
੭ ਗੋਬਿੰਦ ਗੋਬਿੰਦ ਭਾਵ ਰੱਬ ਜੀ ਤੋਂ ਹੈ ਜਿਹੜਾ ਇਮਾਨਦਾਰੀ ਵਫ਼ਾਦਾਰੀ ਤੇ ਆਪਣੀ ਬਣਦੀ ਜ਼ਿੰਮੇਵਾਰੀ ਸਮਝਣ ਨਾਲ ਹੀ ਆਸਾ ਵਰਗੇ ਰੋਗ ਤੋਂ ਛੁਟਕਾਰਾ ਹੋ ਸਕਦਾ ਹੈ
੮ ਮਨੁੱਖ ਸਾਰਾ ਜੀਵਨ ਧਰਮ ਕਰਮ ਦੇ ਨਾਂ `ਤੇ ਬਹੁਤ ਪਾਪੜ ਵੇਲਦਾ ਰਹਿੰਦਾ ਹੈ ਪਰ ਉਸ ਦੇ ਸੁਭਾਅ ਵਿਚੋਂ ਬੇ-ਲੋੜੀ ਆਸਾ ਖਤਮ ਨਹੀਂ ਹੋਈ। ਧਾਰਮਕ ਆਗੂ, ਰਾਜਨੀਤਕ ਲੋਕ, ਸਮਾਜਕ ਭਾਈਚਾਰਾ, ਅਫਸਰਸ਼ਾਹੀ ਆਦ ਆਪੋ ਆਪਣੇ ਕੰਮ ਨੂੰ ਜ਼ਿੰਮੇਵਾਰੀ ਨਾਲ ਨਿਬਾਹੁੰਣ ਦੀ ਥਾਂ `ਤੇ ਦੂਜੇ ਕੋਲੋਂ ਮੁਫਤ ਵਿੱਚ ਕੁੱਝ ਪ੍ਰਾਪਤ ਕਰਨ ਦੀ ਲਾਲਸਾ ਮਨ ਵਿੱਚ ਜਮਾਈ ਰੱਖਦੇ ਹਨ।
੯ ਚਾਹੀਦਾ ਤਾਂ ਇਹ ਸੀ ਕਿ ਆਸਾ ਦੇ ਮਕਸਦ ਨੂੰ ਸਮਝ ਕੇ ਵਰਤਮਾਨ ਜੀਵਨ ਨੂੰ ਕੀਮਤੀ ਬਣਾ ਕੇ ਨਿਰੋਏ ਸਮਾਜ ਦੀ ਸਿਰਜਣਾ ਵਿੱਚ ਸਹਾਈ ਹੁੰਦਾ।
ਸਤੁ ਸੰਤੋਖੁ ਸਭੁ ਸਚੁ ਹੈ ਗੁਰਮੁਖਿ ਪਵਿਤਾ॥
ਅੰਦਰਹੁ ਕਪਟੁ ਵਿਕਾਰੁ ਗਇਆ ਮਨੁ ਸਹਜੇ ਜਿਤਾ॥
ਤਹ ਜੋਤਿ ਪ੍ਰਗਾਸੁ ਅਨੰਦ ਰਸੁ ਅਗਿਆਨੁ ਗਵਿਤਾ॥
ਪੰਨਾ ੫੧੨




.