ਧਰਮ ਅਤੇ ਨੇਕੀ
ਜਰਨੈਲ਼ ਸਿੰਘ
ਸਿਡਨੀ ਅਸਟ੍ਰੇਲੀਆ
www.understandingguru.com
ਅਸੀਂ ਅਕਸਰ ਦੇਖਦੇ ਹਾਂ ਕਿ ਧਰਮੀ (1) ਬੰਦੇ ਨੂੰ ਨੇਕ ਇਨਸਾਨ ਸਮਝਿਆ
ਜਾਂਦਾ ਹੈ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਘਟੋ ਘੱਟ ਧਰਮੀ ਬੰਦੇ ਪਾਸੋਂ ਨੇਕ ਹੋਣ ਦੀ ਉਮੀਦ ਜ਼ਰੂਰ
ਕੀਤੀ ਜਾਂਦੀ ਹੈ। ਇਸ ਕਰਕੇ ਸਵਾਲ ਉੱਠਦਾ ਹੈ ਕਿ ਧਰਮ ਅਤੇ ਨੇਕੀ ਦਾ ਆਪਸ ਵਿੱਚ ਉਹ ਕਿਹੜਾ ਰਿਸ਼ਤਾ
ਹੈ ਜੋ ਇਸ ਧਾਰਣਾ ਲਈ ਜੁੰਮੇਵਾਰ ਹੈ। ਇਸ ਰਿਸ਼ਤੇ ਦੀ ਡੁੰਘਿਆਈ ਵਿੱਚ ਜਾ ਕੇ ਪੜਤਾਲ ਕਰਨ ਦੀ ਜ਼ਰੂਰਤ
ਹੈ। ਅਜਿਹਾ ਕਿਉਂ ਹੈ ਕਿ ਧਰਮੀ ਬੰਦੇ ਤੋਂ ਹੀ ਇਹ ੳਮੀਦ ਕੀਤੀ ਜਾਂਦੀ ਹੈ ਕਿ ਉਸਦਾ ਵਿਹਾਰ ਨੇਕ
ਹੋਵੇ, ਕਿ ਬਦੀ ਉਸਦੇ ਨੇੜੇ ਤੇੜੇ ਵੀ ਨ ਹੋਵੇ, ਕਿ ਉਸਦਾ ਇਖਲਾਕ ਚੰਗਿਆਈ ਦੀ ਸਾਖਸ਼ਾਤ ਮੂਰਤ ਹੋਵੇ।
ਕੀ ਨੇਕ ਇਨਸਾਨ ਬਣਨ ਲਈ ਧਰਮੀ ਹੋਣਾ ਜ਼ਰੂਰੀ ਹੈ। ਧਰਮ ਵਿੱਚ ਉਹ ਕਿਹੜੀ ਗੱਲ ਹੈ ਜੋ ਬੰਦੇ ਨੂੰ ਨੇਕ
ਬਣਾਉਂਦੀ ਹੈ। ਕੀ ਨਾਸਤਿਕ ਬੰਦੇ ਨੇਕ ਨਹੀਂ ਹੁੰਦੇ ਜਾ ਨੇਕ ਨਹੀਂ ਬਣ ਸਕਦੇ। ਇਸ ਲੇਖ ਵਿੱਚ ਇਹਨਾਂ
ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ।
ਨੇਕੀ ਅਤੇ ਧਰਮ
ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਨੇਕੀ ਨੂੰ ਧਰਮ ਨਾਲ ਅਕਸਰ ਜੋੜਿਆ
ਜਾਂਦਾ ਹੈ। ਕੁੱਝ ਇਸ ਤਰ੍ਹਾਂ ਵੀ ਪ੍ਰਚਾਰਿਆ ਜਾਂਦਾ ਹੈ ਕਿ ਅਗਰ ਧਰਮ ਨਹੀਂ ਰਹਿੰਦਾ ਤਾਂ ਹਰ ਪਾਸੇ
ਬਦੀ ਦਾ ਬੋਲਬਾਲਾ ਹੋ ਜਾਏਗਾ। ਇੱਕ ਤਰ੍ਹਾਂ ਨਾਲ ਧਰਮ ਨੂੰ ਦੁਨੀਆਂ ਵਿੱਚ ਨੇਕੀ ਦੇ ਵਾਹਦ ਥੰਮ
ਵਜੋਂ ਵੀ ਪ੍ਰਚਾਰਿਆ ਜਾਂਦਾ ਹੈ। ਬਰਤਾਨੀਆ ਦੇ ਫਿਲਾਸਫਰ ਪ੍ਰੋ. ਏ ਜੇ ਏਅਰ ਦੀ ਇੱਕ ਵਾਰ ਟੈਲੀਵੀਜ਼ਨ
ਤੇ ਬਿਸ਼ਪ ਬੱਟਲਰ ਨਾਲ ਗੱਲਬਾਤ ਹੋ ਰਹੀ ਸੀ ਜਿਸ ਵਿੱਚ ਜਦੋਂ ਪ੍ਰੋ ਏਅਰ ਨੇ ਕਿਹਾ ਕਿ ਉਸ ਨੂੰ ਰੱਬ
ਦੀ ਹੋਂਦ ਦਾ ਕੋਈ ਸਬੂਤ ਨਜ਼ਰ ਨਹੀਂ ਆਉਂਦਾ ਤਾਂ ਬਿਸ਼ਪ ਬੱਟਲਰ ਇੱਕਦਮ ਕਹਿ ਉੱਠਿਆ "
Then
I cannot see why you do not lead a life of unbridled immorality." (2)।
ਬਿਸ਼ਪ ਬੱਟਲਰ ਦੀ ਇਹ ਗੱਲ ਸੁਣ ਪ੍ਰੋ ਏਅਰ ਨੇ ਜੋ ਕਿਹਾ ਉਹ ਦੱਸਣਾ ਵੀ ਇਥੇ ਤਰਕ ਸੰਗਤ ਹੋਏਗਾ। ਉਸ
ਨੇ ਕਿਹਾ "I must say that I think
that is a perfectly monstrous insinuation."।
ਭਾਵ ਇਹ ਇੱਕ ਨਿਹਾਇਤ ਹੀ ਬੇਹੂਦਾ ਅਤੇ ਸਰਾਸਰ ਗਲਤ ਸਿੱਟਾ ਕੱਢਿਆ ਗਿਆ ਹੈ। ਟੈਲੀਵੀਜ਼ਨ ਵਾਰਤਾਲਾਪ
ਦਾ ਇਹ ਟੋਟਕਾ ਇਹ ਸਿੱਧ ਕਰਦਾ ਹੈ ਕਿ ਧਰਮ ਨੇਕੀ ਨੂੰ ਆਪਣੀ ਖਾਸ ਮਲਕੀਅਤ ਸਮਝਦਾ ਹੈ। ਧਰਮ ਇਸ ਦਾ
ਪ੍ਰਚਾਰ ਵੀ ਬਖੂਬ ਕਰਦਾ ਹੈ ਬਲਕਿ ਨੇਕੀ ਨੂੰ ਆਪਣੀ ਹੋਂਦ ਦਾ ਮੂਲ ਮਨੋਰਥ ਅਤੇ ਬਦੀ ਤੋਂ ਬਚਣ ਦਾ
ਇੱਕੋ ਇੱਕ ਰਸਤਾ ਵੀ ਦੱਸਦਾ ਹੈ। ਇਸੇ ਪ੍ਰਚਾਰ ਸਦਕਾ ਅਸੀਂ ਇਹ ਗੱਲ ਅਕਸਰ ਜ਼ਿੰਦਗੀ ਵਿੱਚ ਵੀ ਅਨੁਭਵ
ਕਰਦੇ ਹਾਂ ਕਿ ਜੋ ਆਦਮੀ ਆਪਣੇ ਆਪ ਨੂੰ ਧਰਮੀ ਕਹਿਲਾਉਂਦਾ ਹੈ ਜਾਂ ਸਮਝਦਾ ਹੈ ਉਸ ਤੋਂ ਸਮਾਜ ਇੱਕ
ਨੇਕ ਤੇ ਇਮਾਨਦਾਰ ਇਨਸਾਨ ਬਣਨ ਦੀ ਆਸ ਕਰਦਾ ਹੈ। ਪਰ ਵਿਚਾਰਨ ਵਾਲੀ ਗੱਲ ਇਹ ਹੈ ਕਿ ਕੀ ਧਰਮ ਇਸ
ਵਿੱਚ ੳਸ ਦੀ ਕੋਈ ਮਦਦ ਕਰਦਾ ਹੈ ਜਾਂ ਨਹੀਂ। ਜਾਂ ਇਸ ਤਰ੍ਹਾਂ ਕਹਿ ਲਵੋ ਕਿ ਅਗਰ ਕੋਈ ਆਦਮੀ ਧਰਮੀ
ਨਹੀਂ ਹੈ ਤਾਂ ਉਸ ਵਿੱਚ ਉਹ ਕਿਹੜੀ ਗੱਲ ਦੀ ਘਾਟ ਰਹਿ ਜਾਂਦੀ ਹੈ ਜੋ ਉਸ ਨੂੰ ਨੇਕ ਇਨਸਾਨ ਨਹੀਂ
ਬਣਨ ਦਿੰਦੀ।
ਆਓ ਇਸ ਗੱਲ ਦੀ ਕੁੱਝ ਡੁੰਘਿਆਈ ਵਿੱਚ ਜਾ ਕੇ ਘੋਖ ਪੜਤਾਲ ਕਰੀਏ। ਹਰ ਧਰਮੀ
ਬੰਦੇ ਨੂੰ ਆਪਣੇ ਧਰਮ ਦੇ ਕੁੱਝ ਨਿਯਮਾਂ ਜਾਂ ਮਰਿਯਾਦਾ ਦੀ ਪਾਲਣਾ ਕਰਨੀ ਪੈਂਦੀ ਹੈ। ਜ਼ਾਹਰ ਹੈ
ਇਹਨਾਂ ਨਿਯਮਾਂ ਦੇ ਪਾਲਣ ਕਰਨ ਨਾਲ ਉਸ ਵਿੱਚ ਕੋਈ ਤਬਦੀਲੀ ਆਉਂਦੀ ਹੋਏਗੀ ਜੋ ਉਸ ਨੂੰ ਨੇਕ
ਬਣਾਉਂਦੀ ਹੈ। ਮਜ਼ੇਦਾਰ ਗੱਲ ਇਹ ਹੈ ਕਿ ਸਾਰੇ ਧਰਮਾਂ ਦੇ ਨਿਯਮ ਵੀ ਆਪਸ ਵਿੱਚ ਨਹੀਂ ਮਿਲਦੇ। ਖੈਰ
ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਸਾਰੇ ਨਿਯਮ ਹੀ ਆਪਣੇ ਆਪ ਵਿੱਚ ਕਾਰਗਰ ਨੇ ਅਤੇ ਇਹਨਾਂ ਚੋਂ
ਕਿਸੇ ਧਰਮ ਦੇ ਵੀ ਨਿਯਮਾਂ ਨੂੰ ਪਾਲਣ ਵਾਲਾ ਹਰ ਬੰਦਾ ਨੇਕ ਬਣ ਸਕਦਾ ਹੈ। ਈਸਾਈ ਅਤੇ ਯਹੂਦੀ ਮੱਤ
ਵਾਲੇ ਹਜ਼ਰਤ ਮੂਸਾ ਨੂੰ ਸਨਾਈ ਪਰਬਤ ਤੇ ਰੱਬ ਵਲੋ ਇੱਕ ਪੱਥਰ ਤੇ ਲਿਖ ਕੇ ਦਿੱਤੀਆਂ ਗਈਆਂ ਦਸ
ਹਦਾਇਤਾਂ ਨੂੰ ਮੰਨਦੇ ਹਨ। ਜਿਹਨਾ ਵਿੱਚ ਕਤਲ ਨਾ ਕਰਨਾ, ਵਿਭਚਾਰ ਨ ਕਰਨਾ, ਚੋਰੀ ਨ ਕਰਨਾ, ਝੂਠੀ
ਗਵਾਹੀ ਨ ਦੇਣਾ, ਗੁਆਂਡੀ ਦੀ ਔਰਤ ਅਤੇ ਦੌਲਤ ਵੇਖ ਨ ਲਲਚਾਉਣਾ ਆਦਿ ਸ਼ਾਮਿਲ ਹਨ। ਇਸਲਾਮ ਵਿੱਚ
ਇਹਨਾਂ ਸਭ ਨੂੰ ਮੰਨਣ ਤੋਂ ਸਿਵਾ ਪੰਜ ਹੋਰ ਗੱਲਾਂ ਤੇ ਵੀ ਜ਼ੋਰ ਦਿੱਤਾ ਗਿਆ ਹੈ ਜਿਸ ਨੂੰ ਇਸਲਾਮ ਦੇ
ਥੰਮ ਵੀ ਕਿਹਾ ਜਾਂਦਾ ਹੈ। ਇਹ ਹਨ ਮਹੱਮਦ ਸਾਹਿਬ ਨੂੰ ਰੱਬ ਦਾ ਆਖਰੀ ਪੈਗੰਬਰ ਮੰਨਣਾ, ਨਮਾਜ਼,
ਜ਼ਕਾਤ, ਰੋਜ਼ਾ ਅਤੇ ਹੱਜ਼। ਹਿੰਦੂ ਧਰਮ ਵਿੱਚ ਬ੍ਰਹਮਾ, ਵਿਸ਼ਨੂੰ ਮਹੇਸ਼ ਦੀ ਤਿੱਕੜੀ ਨੂੰ ਮੰਨਦੇ ਹੋਏ
ਮੂਰਤੀ ਪੂਜਾ, ਤੀਰਥ ਯਾਤਰਾ, ਵਰਨ ਵਿਵਸਥਾ ਨੂੰ ਸਵੀਕਾਰਨਾ, ਆਵਗਵਣ, ਅਵਤਾਰਵਾਦ, ਕਰਮ ਸਿਧਾਂਤ ਅਤੇ
ਅਮਰ ਆਤਮਾ ਵਿੱਚ ਵਿਸ਼ਵਾਸ਼ ਕੀਤਾ ਜਾਂਦਾ ਹੈ। ਬੁਧ ਧਰਮ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਦੁਨੀਆਂ
ਵਿੱਚ ਦੁੱਖ ਹੈ, ਇਸ ਦੁੱਖ ਦਾ ਇੱਕ ਕਾਰਨ ਹੈ, ਇਸ ਦੁੱਖ ਦਾ ਅੰਤ ਹੋ ਸਕਦਾ ਹੈ ਅਤੇ ਇਸ ਅੰਤ ਲਈ
ਅੱਠ ਗੱਲਾਂ ਨੂੰ ਮੰਨਣ ਪਏਗਾ। ਜਿਸ ਵਿੱਚ ਸਹੀ ਬੋਲਣਾ, ਸਹੀ ਕਿਰਤ, ਸਹੀ ਕੰਮ, ਸਹੀ ਕਦਮ, ਸਹੀ
ਸੋਚਣਾ, ਸਮਾਧੀ, ਸਹੀ ਸੋਚ ਅਤੇ ਸਹੀ ਨਿਸਚਾ ਸ਼ਾਮਲ ਹਨ। ਜਦੋਂ ਇਹਨਾ ਅੱਠਾ ਗੱਲਾਂ ਦਾ ਵਿਸਤਾਰ
ਪੜ੍ਹਿਆ ਜਾਂਦਾ ਹੈ ਤਾਂ ਇਹ ਵੀ ਮੂਸਾ ਦੀਆਂ ਦਸ ਹਦਾਇਤਾਂ ਨਾਲ ਮਿਲਦੇ ਜੁਲਦੇ ਹੀ ਨਜ਼ਰ ਆਉਂਦੇ ਨੇ।
ਸਿੱਖ ਧਰਮ ਵਿੱਚ ਵੀ ਕੁੱਝ ਰਹਿਤਾਂ ਅਤੇ ਕੁਰਿਹਤਾਂ ਦਾ ਜ਼ਿਕਰ ਆਉਂਦਾ ਹੈ। ਕੁਰਹਿਤਾਂ ਵਿੱਚ ਕੇਸਾਂ
ਦੀ ਬੇਅਦਬੀ, ਹਲਾਲ, ਪਰਨਾਰੀ ਅਤੇ ਨਸ਼ੇ ਦੀ ਮਨਾਹੀ ਹੈ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ
ਸਿਧਾਂਤ ਵੀ ਪ੍ਰਚਲਤ ਹੈ। ਬਾਕੀ ਹੋਰ ਧਰਮਾਂ ਵਿੱਚ ਵੀ ਮਿਲਦੇ ਜੁਲਦੇ ਨਿਯਮ ਹੀ ਪਾਏ ਜਾਂਦੇ ਹਨ। ਇਸ
ਤੋਂ ਇਲਾਵਾ ਹਰ ਧਰਮ ਦੀ ਮਰਯਾਦਾ ਵਿੱਚ ਧਾਰਮਿਕ ਅਸਥਾਨ ਤੇ ਮਿਲ ਬੈਠ ਜਾਂ ਕਿਸੇ ਨ ਕਿਸੇ ਹੋਰ ਰੂਪ
ਵਿੱਚ ਇਕੱਠੇ ਜਾਂ ਇਕੱਲੇ ਆਪਣੇ ਇਸ਼ਟ ਦੀ ਪੂਜਾ ਪਾਠ ਕਰਨਾ ਦਾ ਨੇਮ ਵੀ ਪਾਇਆ ਜਾਂਦਾ ਹੈ। ਐਤਵਾਰ
ਨੂੰ ਗਿਰਜ਼ੇ ਘਰ ਜਾਣਾ, ਸਵੇਰ ਸ਼ਾਮ ਨਿੱਤ ਨੇਮ ਕਰਨਾ, ਮੰਦਰ ਵਿੱਚ ਪੂਜਾ ਪਾਠ ਕਰਨਾ, ਪੰਜੇ ਵਖਤ
ਨਮਾਜ਼ ਅਦਾ ਕਰਨਾ ਜਾਂ ਇਸ ਤਰ੍ਹਾਂ ਦਾ ਕੋਈ ਹੋਰ ਮਿਲਦਾ ਜੁਲਦਾ ਨੇਮ ਹਰ ਧਰਮ ਵਿੱਚ ਨਿਰਧਾਰਿਤ ਕੀਤਾ
ਗਿਆ ਹੈ।
ਆਪਾਂ ਇਹ ਗਲ ਵਿਚਾਰਨੀ ਹੈ ਕਿ ਕੀ ਇਹਨਾਂ ਨਿਯਮਾਂ ਦੀ ਪਾਲਣਾ ਕਰਨ ਨਾਲ
ਬੰਦੇ ਨੇਕ ਬਣ ਸਕਦੇ ਹਨ ਜਾਂ ਇਸ ਵਿੱਚ ਕੋਈ ਹੋਰ ਭੇਤ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਧਰਮ
ਵਿੱਚ ਬਹੁਤ ਹੀ ਨੇਕ ਇਨਸਾਨ ਵੀ ਮਿਲਦੇ ਹਨ ਪਰ ਇਹ ਵੀ ਸੱਚ ਹੈ ਹਰ ਧਰਮ ਦਾ ਹਰ ਕੋਨਾ ਨਿਹਾਇਤ ਹੀ
ਕਮੀਨੇ ਤੇ ਲੁੱਚੇ ਬੰਦਿਆਂ ਨਾਲ ਵੀ ਭਰਿਆ ਪਿਆ ਹੈ। ਜਿਹੜੇ ਆਪਣੇ ਆਪ ਨੂੰ ਧਰਮੀ ਨਹੀਂ ਕਹਿਲਾਉਂਦੇ
ਉਹਨਾ ਵਿੱਚ ਵੀ ਨੇਕ ਅਤੇ ਲੁੱਚਿਆਂ ਦਾ ਅਨੁਪਾਤ ਲਗਭਗ ਉਹੀ ਹੈ। ਅਗਰ ਆਪਾਂ ਇਹ ਗੱਲ ਕਹੀਏ ਕਿ ਧਰਮ
ਦੇ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਨ ਕਰਨ ਵਾਲੇ ਧਰਮੀ ਹੀ ਨੇਕ ਨਹੀਂ ਬਣ ਸਕੇ ਤਾਂ ਇੱਕ ਨਵੀਂ
ਸਮੱਸਿਆ ਖੜੀ ਹੋ ਜਾਂਦੀ ਹੈ। ਕਿਉਂਕਿ ਜੋ ਧਰਮੀ ਇਹਨਾਂ ਨਿਯਮਾਂ ਨੂੰ ਪ੍ਰਚਾਰਣ ਅਤੇ ਅਪਨਾਉਣ ਲਈ
ਸਤਿਕਾਰੇ ਜਾਂਦੇ ਹਨ ਉਹ ਵੀ ਕਈ ਵਾਰੀ ਨੇਕੀ ਦੇ ਨੇੜੇ ਤੇੜੇ ਨਜ਼ਰ ਨਹੀਂ ਆਉਂਦੇ। ਕਈ ਤਾਂ ਜੇਲਾਂ
ਵਿੱਚ ਵੀ ਬੈਠੇ ਨੇ। ਕੁੱਝ ਕੁ ਮਿਸਾਲਾਂ ਦੇ ਰਿਹਾ ਹਾਂ।
- ਅਸਟ੍ਰੇਲੀਆ ਵਿੱਚ ਹੁਣੇ ਹੁਣੇ ਕਾਰਡੀਨਲ ਜਾਰਜ ਪੈੱਲ ਬੱਚਿਆਂ ਨਾਲ ਬਦਫੈਲੀ ਕਰਨ ਦੇ ਦੋਸ਼
ਵਿੱਚ ਕਸੂਰਵਾਰ ਪਾਇਆ ਗਿਆ ਹੈ (3)।
- ਧਰਮ ਵਾਲੇ ਆਪਣੇ ਬੁਰੇ ਕੰਮਾਂ ਦੀ ਹਮਾਇਤ ਵੀ ਆਪਣੇ ਧਾਰਮਿਕ ਗ੍ਰੰਥਾਂ ਵਿੱਚ ਹੀ ਲੱਭ
ਲੈਂਦੇ ਨੇ। ਮਿਸਾਲ ਦੇ ਤੌਰ ਤੇ ਕੁਰਾਨ ਦੇ ਅੱਠਵੇ ਸੂਰਾ ਵਿੱਚ ਇਹ ਕਿਹਾ ਗਿਆ ਹੈ ਕਿ ਕਾਫਰਾਂ
ਤੇ ਹਮਲਾਂ ਕਰਨਾ ਅਤੁੇ ਉਹਨਾਂ ਨੂੰ ਗੁਲਾਮ ਬਣਾਉਣਾ, ਦੌਲਤ ਲੁਟਣੀ, ਔਰਤਾਂ ਨੂੰ ਬੇਇਜ਼ਤ ਕਰਨਾ
ਜ਼ਾਇਜ਼ ਹੀ ਨਹੀਂ ਬਲਕਿ ਹਰ ਧਰਮੀ ਮੁਸਲਮਾਨ ਦਾ ਫਰਜ਼ ਵੀ ਹੈ। ਸਦਾਮ ਹੁਸੈਨ ਕੁਰਦਾਂ ਤੇ ਕੀਤੇ
ਜ਼ੁਲਮ ਇਸੇ ਸੂਰਾ ਨਾਲ ਹੀ ਜ਼ਾਇਜ਼ ਠਹਿਰਾਉਂਦਾ ਸੀ।
- ਹਿੰਦੁਸਤਾਨ ਵਿੱਚ ਧਰਮੀ ਹੀ ਨਹੀਂ ਪਰ ਧਰਮਾਂ ਦੇ ਰਹਿਬਰ ਕਹਾਉਂਦੇ ਗੁਰਮੀਤ ਰਾਮ ਰਹੀਮ,
ਆਸਾ ਰਾਮ ਵਰਗੇ ਅਨੇਕਾਂ ਅਜਿਹੇ ਕੁਕਰਮਾ ਕਾਰਨ ਜੇਲ ਵਿੱਚ ਹਨ ਜਿਹਨਾਂ ਨੂੰ ਸੁਣ ਕੇ ਰੂਹ ਕੰਬ
ਉੱਠਦੀ ਹੈ।
- ਗੁਰਦੁਵਰਿਆ ਮੰਦਰਾਂ ਵਿੱਚ ਨਿੱਤ ਵਾਪਰਦੇ ਕੁਕਰਮਾਂ ਦੀਆਂ ਖਬਰਾਂ ਅਖਬਾਰਾਂ ਦੀਆਂ
ਸੁਰਖੀਆਂ ਬਣਦੀਆਂ ਹੀ ਰਹਿੰਦੀਆਂ ਹਨ।
- ਸਿੱਖ ਧਰਮ ਵਿੱਚ ਜਥੇਦਾਰ ਅਖਵਾਂਦੇ ਲੋਕ ਜੋ ਕਾਰਨਾਵੇ ਕਰ ਰਹੇ ਨੇ ਉਸ ਨਾਲ ਸਿੱਖਾਂ ਦਾ
ਸਿਰ ਹਰ ਰੋਜ਼ ਸ਼ਰਮ ਨਾਲ ਝੁੱਕ ਜਾਂਦਾ ਹੈ। ਪਟਨੇ ਵਾਲੇ ਇਕਬਾਲ ਸਿੰਘ ਨੇ ਹੁਣੇ ਹੁਣੇ ਆਪਣੇ
ਅਸਤੀਫੇ ਬਾਅਦ ਜੋ ਬਾਂਦਰ ਟਪੂਸੀਆਂ ਮਾਰੀਆਂ ਹਨ ਸਭ ਦੇ ਸਾਹਮਣੇ ਹਨ। ਆਪਾਂ ਮੰਨੀਏ ਚਾਹੇ ਨ
ਮੰਨੀਏ ਪਰ ਇਹ ਕੌੜਾਂ ਸੱਚ ਹੈ ਕਿ ਖੁੱਲੇ ਦਾੜਿਆਂ ਤੇ ਗੋਲ ਪੱਗਾਂ ਵਾਲੇ ਜੋ ਸਿੱਖ ਆਪਣੇ ਆਪ
ਨੂੰ ਸਭ ਤੋਂ ਵੱਧ ਧਰਮੀ ਕਹਾਉਂਦੇ ਹਨ ਉਨ੍ਹਾਂ ਤੋ ਆਮ ਸਿੱਖ ਹੁਣ ਭੈ ਖਾਣ ਲੱਗ ਪਿਆ ਹੈ। ਕੋਈ
ਸਮਾਂ ਸੀ ਜਦ ਸਿੱਖ ਨੂੰ ਦੇਖ ਗੈਰ ਸਿੱਖ ਵੀ ਹੌਸਲੇ ਵਿੱਚ ਹੋ ਜਾਂਦੇ ਸਨ ਅਤੇ ਸਿੱਖ ਪ੍ਰਤੀ
ਧਾਰਨਾ ਦੇ ਇਸ ਪਤਨ ਦੇ ਜੁੰਮੇਵਾਰ ਉਹ ਕਾਰਨਾਮੇ ਹੀ ਹਨ ਜੋ ਇਹ ਅਖੌਤੀ ਸਿੱਖ ਆਏ ਦਿਨ ਕਰ ਰਹੇ
ਨੇ।
ਅਗਰ ਇਹਨਾਂ ਧਰਮ ਦੇ ਰਹਿਬਰਾਂ ਨੂੰ ਧਰਮ ਨੇਕ ਨਹੀਂ ਬਣਾ ਸਕਿਆਂ ਤਾਂ ਬਾਕੀ
ਜਨਤਾ ਦਾ ਕੀ ਹਾਲ ਹੋਵੇਗਾ। ਹੁਣ ਇੱਕ ਵਿਚਾਰ ਇਹ ਵੀ ਹੋ ਸਕਦਾ ਹੇ ਕਿ ਬੇਸ਼ੱਕ ਇਹ ਰਹਿਬਰ ਧਰਮੀ
ਕਹਾਉਂਦੇ ਸਨ ਪਰ ਇਹ ਅੰਦਰੋਂ ਜਾਂ ਮਨੋਂ ਧਰਮੀ ਨਹੀ ਸਨ। ਨ ਹੀ ਇਹ ਆਪਣੇ ਧ੍ਰਰਮ ਦੇ ਨਿਯਮਾਂ ਦੀ
ਪਾਲਣਾ ਕਰਦੇ ਸਨ। ਇਸ ਕਰਕੇ ਇਹ ਨੇਕ ਨਹੀਂ ਬਣ ਸਕੇ। ਪਰ ਇਸ ਨਾਲ ਸਮੱਸਿਆ ਇਹ ਖੜੀ ਹੋ ਜਾਂਦੀ ਹੈ
ਕਿ ਫਿਰ ਇਹ ਧਰਮ ਦੇ ਰਹਿਬਰ ਹੀ ਇਸ ਗਲ ਦਾ ਸਬੂਤ ਬਣ ਜਾਂਦੇ ਨੇ ਕਿ ਧਰਮ ਦੀ ਦੁਨੀਆਂ ਵਿੱਚ ਧਰਮ ਦੇ
ਨਿਯਮਾਂ ਨੂੰ ਪਾਲਣ ਬਿਨਾ ਵੀ ਪਾਲਣ ਕਰਨ ਦਾ ਪਖੰਡ ਕੀਤਾ ਜਾ ਸਕਦਾ ਹੈ ਜਿਸ ਦੀ ਇਹ ਸ਼ਖਸ਼ ਸ਼ਾਖਸ਼ਾਤ
ਮਿਸਾਲ ਹਨ ਜਾਂ ਸਨ। ਫਿਰ ਤਾਂ ਸਾਨੂੰ ਉਸ ਚੀਜ਼ ਦੀ ਭਾਲ ਕਰਨੀ ਪਏਗੀ ਜੋ ਨਿਯਮਾਂ ਦੇ ਪਾਲਣ ਨੂੰ
ਪਖੰਡ ਬਣਨ ਤੋਂ ਰੋਕ ਸਕੇ। ਕੀ ਇਹ ਚੀਜ਼ ਸਜ਼ਾ ਅਤੇ ਲਾਲਚ ਹੈ। ਹਰੇਕ ਧਰਮ ਵਿੱਚ ਬਦੀ ਲਈ ਕੁੱਝ ਨਾ
ਕੁੱਝ ਸਜ਼ਾ ਨਿਰਧਾਰਿਤ ਕੀਤੀ ਗਈ ਹੈ ਅਤੇ ਨੇਕੀ ਲਈ ਕੋਈ ਨ ਕੋਈ ਇਨਾਮ ਵੀ ਹੈ। ਮਿਸਾਲ ਦੇ ਤੌਰ ਤੇ
ਸਾਮੀ ਧਰਮਾਂ ਵਿੱਚ ਸਵਰਗ ਦੇ ਨਜ਼ਾਰੇ ਅਤੇ ਨਰਕ ਦੀ ਅੱਗ ਚ ਸੜਨਾ ਹੈ। ਪੂਰਬ ਦੇ ਧਰਮਾਂ ਵਿੱਚ ਜਨਮਾਂ
ਦੇ ਗੇੜ ਚ ਪੈ ਦੁਖ ਭੋਗਣੇ ਅਤੇ ਮੁਕਤੀ ਪ੍ਰਾਪਤ ਕਰ ਪ੍ਰਭੁ ਵਿੱਚ ਲੀਨ ਹੋਣਾ ਨਿਰਧਾਰਿਤ ਕੀਤਾ ਹੈ।
ਹੁਣ ਅਗਰ ਅਸੀਂ ਇਹ ਸੱਚ ਮੰਨ ਲਈਏ ਕਿ ਆਮ ਬੰਦਾ ਇਸ ਲਾਲਚ ਜਾਂ ਸਜ਼ਾ ਦੇ ਡਰ ਹੇਠ ਹੀ ਧਰਮ ਦੇ
ਨਿਯਮਾਂ ਦੀ ਇਮਾਨਦਾਰੀ ਨਾਲ ਪਾਲਣਾ ਕਰਦਾ ਹੈ ਤਾਂ ਫਿਰ ਸਵਾਲ ਉਠਦਾ ਹੈ ਧਰਮ ਦੇ ਉਹ ਵੱਡੇ ਵੱਡੇ
ਆਗੂ ਜੋ ਇਹਨਾਂ ਨਿਯਮਾਂ ਦੀ ਪਾਲਣਾ ਨਹੀ ਕਰਦੇ ਉਹਨਾਂ ਨੂੰ ਇਹ ਡਰ ਜਾਂ ਲਾਲਚ ਕਿਉਂ ਨਹੀ ਹੈ। ਕੀ
ਅਜਿਹਾਂ ਤਾਂ ਨਹੀ ਕਿ ਉਹ ਇਸ ਸਭ ਦੀ ਅਸਲੀਅਤ ਤੋਂ ਜਾਣੂ ਹਨ ਕਿ ਇਹ ਡਰ ਜਾਂ ਲਾਲਚ ਮਹਿਜ ਇੱਕ
ਢਕੌਂਸਲਾ ਹੈ ਅਤੇ ਇਸ ਵਿੱਚ ਕੋਈ ਵੀ ਸਚਾਈ ਨਹੀਂ ਹੈ। ਨਾ ਤਾਂ ਕੋਈ ਸਵਰਗ ਨਰਕ ਹੈ ਅਤੇ ਨ ਹੀ ਕੋਈ
ਅਗਲਾ ਪਿਛਲਾ ਜਨਮ। ਇਸ ਸਾਰਾ ਅਡੰਬਰ ਲੋਕਾਈ ਨੂੰ ਬੁਧੂ ਬਣਾਉਣ ਲਈ ਹੀ ਰਚਿਆ ਗਿਆ ਹੈ। ਜ਼ਾਹਰ ਹੈ
ਸਜ਼ਾ ਜਾਂ ਲਾਲਚ ਸਾਡੇ ਸਵਾਲ ਦਾ ਤਸੱਲੀਬਖਸ਼ ਜਵਾਬ ਨਹੀਂ ਹੈ।
ਨੇਕੀ ਅਤੇ ਨਾਸਤਿਕਤਾ
ਉਪਰ ਮੈਂ ਧਰਮ ਦੇ ਕੁੱਝ ਨਿਯਮਾਂ ਦਾ ਜ਼ਿਕਰ ਕੀਤਾ ਸੀ। ਧਿਆਨ ਨਾਲ ਪੜਿਆਂ ਇਹ
ਸਾਫ ਹੋ ਜਾਂਦਾ ਹੈ ਕਿ ਇਹ ਸਾਰੇ ਨਿਯਮ ਨੈਤਿਕਤਾ ਦੇ ਹੀ ਕੁੱਝ ਅਸੂਲ ਹਨ। ਮਿਸਾਲ ਦੇ ਤੌਰ ਤੇ ਚੋਰੀ
ਨ ਕਰਨਾ, ਲਾਲਚ ਨ ਕਰਨਾ, ਕਤਲ ਨ ਕਰਨਾ, ਕਿਸੇ ਦਾ ਦਿਲ ਨ ਦੁਖਾਉਣਾ, ਕਿਰਤ ਕਰਨਾ, ਲੋੜਵੰਦ ਦੀ ਮਦਦ
ਕਰਨਾ ਆਦਿ ਨੈਤਿਕਤਾ ਦੇ ਹੀ ਅਸੂਲ ਹਨ ਜਿਸਨੂੰ ਮੰਨਣ ਲਈ ਕਿਸੇ ਵੀ ਧਰਮ ਦੀ ਪਬੰਦੀ ਦੀ ਜ਼ਰੂਰਤ ਨਹੀਂ
ਹੋਣੀ ਚਾਹੀਦੀ ਅਤੇ ਨਾ ਹੀ ਅਜਿਹੀ ਕੋਈ ਪਬੰਦੀ ਹੈ। ਕੋਈ ਵੀ ਇਨਸਾਨ ਬਿਨਾ ਕੋਈ ਧਰਮ ਧਾਰਣ ਕੀਤੇ
ਇਨ੍ਹਾਂ ਨੂੰ ਮੰਨਣਾ ਸ਼ੁਰੂ ਕਰ ਸਕਦਾ ਹੈ। ਅਗਰ ਕੋਈ ਇਹਨਾਂ ਨਿਯਮਾਂ ਨੂੰ ਮੰਨਣ ਨਾਲ ਹੀ ਨੇਕ ਬਣ
ਜਾਂਦਾ ਹੈ ਤਾਂ ਅਗਰ ਕੋਈ ਨਾਸਤਿਕ ਬੰਦਾ ਇਹਨਾਂ ਅਸੂਲ਼ਾਂ ਨੂੰ ਮੰਨ ਕੇ ਚਲਦਾ ਹੈ ਤਾਂ ਉਸ ਨੂੰ ਕੋਈ
ਨੇਕ ਬਣਨ ਤੋਂ ਨਹੀਂ ਰੋਕ ਸਕਦਾ। ਅਤੇ ਅਗਰ ਕੋਈ ਨਾਸਤਿਕ ਬੰਦਾ ਇਹਨਾਂ ਅਸੂਲ਼ਾਂ ਨੂੰ ਨਹੀਂ ਮੰਨਦਾ
ਤਾਂ ਉਸ ਵਿੱਚ ਅਤੇ ਧਾਰਮਿਕ ਰਹਿਬਰ ਜੋ ਇਸ ਵੇਲੇ ਜੇਲਾਂ ਅੰਦਰ ਹਨ ਵਿੱਚ ਕੋਈ ਫਰਕ ਵੀ ਨਹੀਂ ਕਰਨਾ
ਚਾਹੀਦਾ। ਫਿਰ ਜੋ ਨਾਸਤਿਕ ਬੰਦੇ ਇਹਨਾਂ ਅਸੂਲਾਂ ਦੀ ਸੱਚੇ ਦਿਲੋਂ ਪਾਲਣਾ ਕਰਦੇ ਨੇ ਉਹ ਕਿਉਂ ਕਰਦੇ
ਨੇ। ਅਗਰ ਕੋਈ ਨਾਸਤਕ ਬੰਦਾ ਸੱਚੀ ਸੁੱਚੀ ਕਿਰਤ ਕਰਦਾ ਹੇ, ਆਪਣੀ ਵੁਕੱਤ ਮਤਾਬਿਕ ਲੋੜਵੰਦਾਂ ਦੀ
ਮਦਦ ਵੀ ਕਰਦਾ ਹੈ, ਝੁਠ ਅਤੇ ਲਾਲਚ ਉਸਦੇ ਦੇ ਨੇੜੇ ਵੀ ਨਹੀਂ ਹੈ ਤਾਂ ਉਹ ਇਹ ਸਭ ਕਿਉਂ ਕਰਦਾ ਹੈ।
ਉਹ ਤਾਂ ਕਿਸੇ ਧਰਮ ਨੂੰ ਨਹੀਂ ਮੰਨਦਾ ਅਤੇ ਨ ਹੀ ਉਸ ਨੂੰ ਕੋਈ ਲਾਲਚ ਜਾਂ ਡਰ ਹੋਣਾ ਚਾਹੀਦਾ ਹੈ।
ਫਿਰ ਉਸ ਦਾ ਪ੍ਰ੍ਰੇਰਣਾ ਸਰੋਤ ਕੀ ਹੈ। ਉਹ ਕਿਹੜੀ ਚੀਜ਼ ਹੈ ਜੋ ਉਸ ਨੂੰ ਇਸ ਰਾਹ ਤੇ ਤੋਰਦੀ ਹੈ। ਇਸ
ਸਵਾਲ ਦਾ ਜਵਾਬ ਵੀ ਉਸ ਸਵਾਲ ਦੇ ਜਵਾਬ ਨਾਲ ਮਿਲਦਾ ਹੋਏਗਾ ਜੋ ਅਸੀਂ ਉਪਰਲੇ ਪੈਰੇ ਵਿੱਚ ਉਠਾਇਆ
ਹੈ।
ਨੇਕੀ ਦੀ ਬਦਲਦੀ ਪ੍ਰੀਭਾਸ਼ਾ
ਗੱਲ ਨੂੰ ਅੱਗੇ ਤੋਰਨ ਤੋਂ ਪਹਿਲਾਂ ਆਉ ਨੇਕੀ ਦੀ ਪ੍ਰੀਭਾਸ਼ਾ ਵਾਰੇ ਵੀ ਕੁੱਝ
ਵਿਚਾਰ ਕਰ ਲਈਏ। ਭਾਈ ਕਾਨ੍ਹ ਸਿੰਘ ਨੇ ਨੇਕੀ ਦੇ ਅਰਥ ਭਲਾਈ ਅਤੇ ਸੱਜਨਤਾ ਕੀਤੇ ਨੇ। ਨੇਕੀ ਨੂੰ
ਚੰਗਿਆਈ ਵੀ ਕਿਹਾ ਜਾਂਦਾ ਹੈ। ਇਸ ਨੂੰ ਬਦੀ ਦਾ ਉਲਟ ਵੀ ਸਮਝਿਆ ਜਾਂਦਾ ਹੈ। ਪਰ ਨੇਕੀ ਕੀ ਹੈ ਅਤੇ
ਬਦੀ ਕੀ ਹੈ ਇਸ ਦੇ ਅਰਥ ਵੀ ਹਰ ਇਨਸਾਨ ਲਈ ਇਕੋ ਜਿਹੇ ਨਹੀਂ ਹੁੰਦੇ। ਇਹ ਵੀ ਆਮ ਦੇਖਣ ਵਿੱਚ ਆਉਂਦਾ
ਹੈ ਕਿ ਨੇਕ ਚਲਣੀ ਜਾਂ ਵਿਵਹਾਰ ਦੇ ਅਰਥ ਸਮੇ ਅਤੇ ਸਥਾਨ ਨਾਲ ਵੀ ਬਦਲਦੇ ਵੀ ਰਹਿੰਦੇ ਨੇ। ਇਸ ਦਾ
ਇੱਕ ਸਿੱਧਾ ਅਰਥ ਇਹ ਨਿਕਲਦਾ ਹੈ ਕਿ ਜਿਸ ਨੂੰ ਅੱਜ ਨੇਕ ਚਲਣੀ ਕਹਿੰਦੇ ਹਾਂ ਉਸ ਨੂੰ ਅੰਤਮ ਸੱਚ
ਨਹੀ ਕਿਹਾ ਜਾ ਸਕਦਾ। ਕੁੱਝ ਕੁ ਮਿਸਾਲਾਂ ਨਾਲ ਇਹ ਗੱਲ ਹੋਰ ਵੀ ਸਪੱਸ਼ਟ ਹੋ ਜਾਏਗੀ।
- ਮਾਸ ਖਾਣਾ ਕਿਤੇ ਪਾਪ ਅਤੇ ਬਹੁਤ ਹੀ ਬੁਰਾ ਸਮਝਿਆ ਜਾਂਦਾ ਹੈ ਪਰ ਕਿਤੇ ਇਸ ਨੂੰ ਬਾਕੀ
ਭੋਜਨ ਦੀ ਤਰ੍ਹਾਂ ਇੱਕ ਭੋਜਨ ਹੀ ਸਮਝਿਆ ਜਾਂਦਾ ਹੈ। ਮਾਸ ਖਾਣ ਨਾਲ ਕਿਤੇ ਬੰਦੇ ਦਾ ਧਰਮ
ਭ੍ਰਿਸ਼ਟ ਹੋ ਜਾਂਦਾ ਹੈ ਪਰ ਕਿਤੇ ਧਰਮੀ ਬੰਦੇ ਇਸ ਨੂੰ ਸੁਆਦ ਨਾਲ ਚੱਖਦੇ ਨੇ। ਇਹ ਹੀ ਨਹੀਂ
ਮਾਸ ਮਾਸ ਵਿੱਚ ਵੀ ਵਖਰੇਵਾਂ ਕੀਤਾ ਜਾਂਦਾ ਹੈ। ਗਾਂ ਦਾ ਮਾਸ ਹਿੰਦੂ ਲਈ ਪਾਪ ਹੈ ਜਦ ਕਿ ਸੂਰ
ਦਾ ਮਾਸ ਮੁਸਲਮਾਨ ਲਈ ਮਨਾਹੀ ਹੈ।
- ਸਿੱਖ ਧਰਮ ਵਿੱਚ ਕੇਸ ਕਟਾਉਣਾ ਮਨ੍ਹਾ ਹੈ ਪਰ ਹੋਰ ਧਰਮਾਂ ਵਿੱਚ ਅਜਿਹਾ ਨਹੀਂ। ਇਸ
ਤਰ੍ਹਾਂ ਨਾਲ ਕਿਤੇ ਕੇਸ ਰੱਖਣਾ ਇਹ ਨੇਕ ਕੰਮ ਬਣ ਜਾਂਦਾ ਹੈ ਅਤੇ ਕਿਤੇ ਇਸ ਨਾਲ ਕੋਈ ਫਰਕ
ਨਹੀਂ ਪੈਦਾ। ਹਿੰਦੂਆਂ ਵਿੱਚ ਤਾਂ ਮੁੰਡਨ ਕਰਾਉਣਾ ਇੱਕ ਧਾਰਮਿਕ ਰਸਮ ਵੀ ਹੈ। ਇਸੇ ਤਰ੍ਹਾਂ
ਸੁੰਨਤ ਦੀ ਵੀ ਮਿਸਾਲ ਦਿੱਤੀ ਜਾ ਸਕਦੀ ਹੈ। ਮੁਸਲਮਾਨ ਅਤੇ ਯਹੂਦੀ ਲੋਕਾਂ ਲਈ ਇਹ ਜ਼ਰੂਰੀ ਹੈ
ਪਰ ਸਿੱਖ ਧਰਮ ਇਸ ਨੂੰ ਬੇਕਾਰ ਦੱਸਦਾ ਹੈ।
- ਇਸੇ ਤਰ੍ਹਾਂ ਪਹਿਰਾਵੇ ਸਬੰਧੀ ਵੀ ਕਈ ਤਰ੍ਹਾ ਦੀਆਂ ਬੰਦਸ਼ਾਂ ਜਾਂ ਰਹਿਤਾਂ ਹਨ ਜੋ ਇੱਕ
ਧਰਮ ਵਿੱਚ ਨੇਕ ਕਹਾਉਣ ਲਈ ਜ਼ਰੂਰੀ ਹਨ ਪਰ ਦੂਸਰੇ ਧਰਮਾਂ ਵਿੱਚ ਅਜਿਹਾ ਕੁੱਝ ਵੀ ਨਹੀਂ ਹੈ।
ਇਸਲਾਮ ਵਿੱਚ ਬੁਰਕੇ ਦਾ ਪਹਿਰਾਵਾ ਇਸਦੀ ਇੱਕ ਮਿਸਾਲ ਹੈ। ਸਿੱਖ ਧਰਮ ਵਿੱਚ ਵੀ ਗੁਰਦੁਆਰੇ ਆਉਣ
ਵਕਤ ਔਰਤਾਂ ਪੰਜਾਬੀ ਪਹਿਰਾਵੇ ਵਿੱਚ ਆਉਂਦੀਆਂ ਹਨ। ਕਈ ਗੁਰਦੁਆਰਿਆਂ ਦੇ ਤਾਂ ਬਾਹਰ ਇਹ ਲਿਖ
ਕੇ ਵੀ ਲਾਇਆ ਹੁੰਦਾ ਹੈ।
- ਕਿਸੇ ਸਮਾਜ ਵਿੱਚ ਭੈਣਾ ਭਰਾਂਵਾਂ ਦੇ ਬੱਚਿਆਂ ਦੀ ਆਪਸ ਵਿੱਚ ਵਿਆਹ ਸ਼ਾਦੀ ਨੂੰ ਚੰਗਾ
ਸਮਝਿਆ ਜਾਂਦਾ ਹੈ ਪਰ ਕਿਤੇ ਇਹ ਘੋਰ ਪਾਪ ਅਤੇ ਅਨਰਥ ਹੈ।
- ਕਿਸੇ ਸਮਾਜ ਵਿੱਚ ਧੀ ਭੈਣ ਦੀ ਇੱਜ਼ਤ ਵੱਲ ਅਗਰ ਕੋਈ ਭੈੜੀ ਨੀਤ ਨਾਲ ਵੇਖੇ ਤਾਂ ਕਤਲ ਹੋ
ਜਾਂਦੇ ਹਨ ਪਰ ਭਾਰਤ ਵਿੱਚ ਇੱਕ ਐਸਾ ਇਲਾਕਾ ਅਤੇ ਕਬੀਲਾ ਵੀ ਹੈ ਜਿੱਥੇ ਧੀਆਂ ਭੈਣਾ ਤੋ
ਖੁਲੇਆਮ ਜਿਸਮ ਦਾ ਧੰਦਾ ਕਰਾਇਆ ਜਾਂਦਾ ਹੈ। ਇਸੇ ਕਰਕੇ ਉਥੇ ਕੁੜੀ ਪੈਦਾ ਹੋਣ ਤੇ ਖੁਸ਼ੀ ਵੀ
ਮਨਾਈ ਜਾਦੀ ਹੈ। ਸੋ ਇੱਕ ਸਮਾਜ ਦੀ ਬਦੀ ਦੂਜੇ ਸਮਾਜ ਵਿੱਚ ਨੇਕੀ ਬਣ ਜਾਂਦੀ ਹੈ। (4)
- ਇੱਕ ਮੁਲਖ ਦਾ ਸ਼ਹੀਦ ਦੂਜੇ ਮੁਲਖ ਲਈ ਅੱਤਵਾਦੀ ਹੁੰਦਾ ਹੈ। ਇੱਕ ਮੁਲਖ ਵਿੱਚ ਉਸਦਾ ਕੰਮ
ਨੇਕ ਗਿਣਿਆਂ ਜਾਂਦਾ ਹੈ ਜਦ ਕਿ ਦੂਜੇ ਵਿੱਚ ਉਹ ਬਦੀ ਦੀ ਤਸਵੀਰ ਹੁੰਦਾ ਹੈ। ਕੰਮ ਉਹੀ ਹੈ।
ਬੰਦਾ ਉਹੀ ਹੈ।
- ਕਿਸੇ ਸਮੇ ਸਮਲਿੰਗੀ ਰਿਸ਼ਤੇ ਨੂੰ ਬਹੁਤ ਹੀ ਭੈੜਾ ਸਮਝਿਆ ਜਾਂਦਾ ਸੀ ਪਰ ਅੱਜਕਲ ਬਹਤੀਆਂ
ਸਰਕਾਰਾਂ ਨੇ ਇਸ ਨੂੰ ਕਨੂੰਨੀ ਮਾਨਤਾ ਦਿੱਤੀ ਹੋਈ ਹੈ।
- ਕਿਸੇ ਸਮੇ ਪੰਜਾਬ ਵਿੱਚ ਸ਼ਰਮ ਨੂੰ ਔਰਤ ਦਾ ਗਹਿਣਾ ਕਿਹਾ ਜਾਂਦਾ ਸੀ ਅਤੇ ਅੱਖ ਦੀ ਸ਼ਰਮ
ਮੰਨਣ ਵਾਲੇ ਬੱਚੇ ਨੇਕ ਸਮਝੇ ਜਾਂਦੇ ਸਨ ਪਰ ਸਮੇ ਨਾਲ ਇਹ ਵੀ ਬਦਲ ਗਿਆ ਹੈ ਅਤੇ ਹੋਰ ਬਦਲ
ਰਿਹਾ ਹੈ। ਹੁਣ ਜਿਹੜੇ ਬੱਚੇ ਮਾਪਿਆਂ ਦੇ ਕਹਿਣ ਤੇ ਸ਼ਰਮ ਹਯਾ ਵਿੱਚ ਰਹਿੰਦੇ ਹਨ ਅਤੇ ਆਪਣਾ
ਸਾਥੀ ਆਪ ਨਹੀਂ ਚੁਣਦੇ ਜਾਂ ਲੱਭਦੇ ਉਹ ਉਹਨਾਂ ਬੱਚਿਆਂ ਨਾਲੋਂ ਪਛੜੇ ਹੋਏ ਸਮਝੇ ਜਾਂਦੇ ਹਨ ਜੋ
ਸ਼ਰਮ ਹਯਾ ਨੂੰ ਲਾਹ ਆਪਣਾ ਸਾਥੀ ਆਪ ਚੁਣ ਜਾਂ ਲੱਭ ਲੈਂਦੇ ਹਨ। ਸਮੇ ਨਾਲ ਸਾਡਾ ਨੇਕੀ ਦਾ
ਪੈਮਾਨਾ ਬਦਲ ਗਿਆ ਹੈ। ਮਾਪੇ ਮਾਣ ਨਾਲ ਕਹਿੰਦੇ ਸੁਣੇ ਜਾ ਸਕਦੇ ਨੇ ਕਿ ਉਹਨਾ ਦੇ ਬੱਚੇ
"ਐਡਵਾਂਸ" ਹਨ।
- ਕਿਸੇ ਵੇਲੇ ਕੁੜੀਆਂ ਵਿਆਹ ਤੋਂ ਪਹਿਲਾਂ ਕੋਈ ਹਾਰ ਸ਼ਿੰਗਾਰ ਨਹੀਂ ਸੀ ਕਰਦੀਆਂ ਪਰ ਅੱਜ
ਕੱਲ ਵਿਆਹੀ ਅਤੇ ਕੁਆਰੀ ਦਾ ਫਰਕ ਕਰਨਾਂ ਵੀ ਮੁਸ਼ਕਿਲ ਹੈ। ਕਿਸੇ ਵੇਲੇ ਦੀ ਕੁਰਹਿਤ ਨੂੰ ਅੱਜ
ਦੇ ਸਮਾਜ ਨੇ ਪ੍ਰਵਾਨਗੀ ਦੇ ਦਿੱਤੀ ਹੈ।
- ਕੁਝ ਸਮਾਂ ਪਹਿਲਾਂ ਘਰ ਦੇ ਵੱਡੇ ਬਝੁਰਗ ਦਾ ਕਹਿਣਾ ਮੋੜਨ ਦੀ ਟੱਬਰ ਦੇ ਕਿਸੇ ਵੀ ਮਰਦ
ਜਾਂ ਔਰਤ ਦੀ ਜੁਰੱ੍ਰਤ ਨਹੀਂ ਸੀ ਹੁੰਦੀ। ਪਰ ਹੁਣ ਇਹ ਸਭ ਕੁੱਝ ਬਦਲ ਗਿਆ ਹੈ। ਜਿਸ ਨੂੰ ਕਦੀ
ਇੱਕ ਕੁਤਾਹੀ ਸਮਝਿਆ ਜਾਂਦਾ ਸੀ ਉਸ ਨੂੰ ਹੁਣ ਸਮਾਜ ਨੇ ਪ੍ਰਵਾਨਗੀ ਦੇ ਦਿੱਤੀ ਹੈ।
- ਵਿਆਹ ਤੋਂ ਪਹਿਲਾਂ ਮੁੰਡੇ ਕੁੜੀਆਂ ਦੇ ਆਪਸੀ ਸੰਭੋਗ ਸਬੰਧੀ ਸਮਾਜ ਦੀ ਸੋਚ ਵਿੱਚ ਸਮੇ
ਨਾਲ ਬਹੁਤ ਜ਼ਿਆਦਾ ਬਦਲਾਅ ਆਇਆ ਹੈ। ਕਿਸੇ ਸਮੇ ਅਤਿ ਬੁਰਾ ਅਤੇ ਬਦੀ ਦੀ ਸ਼ਾਖਸ਼ਾਤ ਮੂਰਤ ਸਮਝੇ
ਜਾਂਦੇ ਕੰਮ ਨੂੰ ਹੁਣ ਇੰਨ੍ਹਾ ਬੁਰਾ ਨਹੀਂ ਸਮਝਿਆ ਜਾਂਦਾ।
- ਜਦੋਂ ਅਸੀਂ ਪੜ੍ਹਦੇ ਹੁੰਦੇ ਸਾਂ ਅਧਿਆਪਿਕ ਦੀ ਪਦਵੀ ਬਹੁਤ ਹੀ ਸਨਮਾਨਯੋਗ ਹੁੰਦੀ ਸੀ।
ਸਿਰਫ ਇੱਕ ਪੀੜ੍ਹੀ ਦੇ ਫਰਕ ਨਾਲ ਇਸ ਪਦਵੀ ਦਾ ਸਨਮਾਨ ਖੇਰੂੰ ਖੇਰੂੰ ਹੋ ਗਿਆ ਹੈ।
- ਕੋਈ ਸਮਾ ਸੀ ਕਿ ਸਕੂਲ਼ਾਂ ਅਤੇ ਘਰਾਂ ਵਿੱਚ ਬੱਚਿਆਂ ਨੂੰ ਕੁਟਣਾ ਜ਼ਾਇਜ਼ ਹੀ ਨਹੀਂ ਬਲਕਿ
ਜ਼ਰੂਰੀ ਸਮਝਿਆ ਜਾਂਦਾ ਸੀ। ਇਸ ਤਰ੍ਹਾਂ ਦੀ ਹਦਾਇਤ ਬਾਈਬਲ ਵਿੱਚ ਵੀ ਪਾਈ ਜਾਂਦੀ ਹੈ। (5) ਪਰ
ਅੱਜ ਕੱਲ ਇਹ ਕਨੂੰਨੀ ਤੌਰ ਤੇ ਜ਼ੁਰਮ ਮੰਨਿਆਂ ਜਾਂਦਾ ਹੈ। ਪੱਛਮ ਵਿੱਚ ਤਾਂ ਇਸ ਕਨੂੰਨ ਦੀ
ਬਹੁਤ ਸਖਤੀ ਨਾਲ ਪਾਲਣਾ ਕੀਤੀ ਜਾਂਦੀ ਹੈ। ਅਗਰ ਕੋਈ ਮਾਪਾ ਆਪਣੇ ਬੱਚੇ ਨੂੰ ਕੁੱਟਦਾ ਫੜਿਆ
ਜਾਂਦਾ ਹੈ ਤਾਂ ਫੱਟ ਕਾਰਵਾਈ ਕੀਤੀ ਜਾਂਦੀ ਹੈ। ਸੋ ਇੱਕ ਨੇਕੀ ਵਾਲਾ ਧਰਮੀ ਕੰਮ ਹੁਣ ਅਪਰਾਧ
ਬਣ ਗਿਆ ਹੈ।
- ਇੱਕ ਧਰਮ ਦਾ ਨੇਕੀ ਵਾਲਾ ਕੰਮ ਦੂਜੇ ਧਰਮ ਵਿੱਚ ਬਦੀ ਬਣ ਜਾਂਦਾ ਹੈ। ਮਿਸਾਲ ਦੇ ਤੌਰ ਤੇ
ਹਿੰਦੂਆਂ ਲਈ ਰੱਬ ਦੀ ਮੂਰਤੀ ਬਣਾ ਕੇ ਪੂਜਣਾ ਇੱਕ ਨੇਕ ਕੰਮ ਹੈ ਪਰ ਸਿੱਖ ਧਰਮ ਅਤੇ ਕਈ ਹੋਰ
ਧਰਮਾਂ ਵਿੱਚ ਇਸ ਦੀ ਮਨਾਹੀ ਹੈ।
- ਇਹ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਇੱਕ ਪਾਸੇ ਧਰਮ ਜਾਂ ਨਸਲ ਦੇ ਨਸ਼ੇ ਵਿੱਚ ਬੰਦਾ
ਦੂਸਰੇ ਧਰਮ ਦੇ ਬੰਦਿਆਂ ਨੂੰ ਨਫਰਤ ਕਰ ਗੋਲੀਆਂ ਨਾਲ ਭੁੰਨ ਸੁਟਦਾ ਹੈ ਅਤੇ ਉਸੇ ਧਰਮ ਦੇ ਦੂਜੇ
ਬੰਦੇ ਉਹਨਾਂ ਬੰਦਿਆਂ ਨੂੰ ਬਚਾਉਣ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੰਦੇ ਨੇ। ਅਮਰੀਕਾ ਅਤੇ
ਨਿਉਜ਼ਲੈਂਡ ਵਿੱਚ ਹੋਏ ਸਿੱਖਾਂ ਅਤੇ ਮੁਸਲਮਾਨਾਂ ਤੇ ਹਮਲੇ ਇਸ ਦਾ ਸਬੂਤ ਹਨ। ਧਰਮ ਉਹੀ ਹੈ ਪਰ
ਪ੍ਰੇਰਨਾ ਅੱਡ ਅੱਡ ਮਿਲ ਰਹੀ ਹੈ। ਅਜਿਹਾ ਕਿਉਂ?
- ਕਦੇ ਗੁਲਾਮ ਵਿਵਸਥਾ ਨੂੰ ਪੜ੍ਹੇ ਲਿਖੇ ਸਿਆਣੇ ਲੋਕ ਵੀ ਪ੍ਰਵਾਨਗੀ ਦਿੰਦੇ ਸਨ। ਯੁਨਾਨ ਦੇ
ਸਿਰਕੱਢ ਫਿਲਾਸਫਰ ਅਰੱਸਤੂ ਅਤੇ ਅਫਲਾਤੂਨ ਵੀ ਗੁਲਾਮੀ ਪ੍ਰਥਾ ਨੂੰ ਜ਼ਾਇਜ਼ ਸਮਝਦੇ ਸਨ। ਪਰ ਹੁਣ
ਕਿਸੇ ਵੀ ਸਿਆਣੇ ਵਿਅਕਤੀ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ ਕਿ ਉਹ ਬੰਦੇ ਨੂੰ ਬੰਦੇ ਦਾ
ਗੁਲਾਮ ਬਣਾ ਕੇ ਰੱਖਣ ਦੀ ਵਕਾਲਤ ਕਰੇ। ਅਰੱਸਤੂ ਅਤੇ ਅਫਲਾਤੂਨ ਆਪਣੇ ਸਮੇ ਦੇ ਨੇਕ ਇਨਸਾਨਾਂ
ਵਿੱਚ ਗਿਣੇ ਹੀ ਨਹੀਂ ਜਾਂਦੇ ਸਨ ਬਲਕਿ ਆਪਣੇ ਆਪ ਵਿੱਚ ਮਿਸਾਲ ਸਨ। ਪਰ ਅੱਜ ਕੱਲ ਅਜਿਹਾ ਕਰਨ
ਵਾਲੇ ਕਿਸੇ ਵੀ ਵਿਅਕਤੀ ਨੂੰ ਨੇਕ ਨਹੀਂ ਕਿਹਾ ਜਾ ਸਕਦਾ। ਸ਼ੁਰੂ ਵਿੱਚ ਕੈਥਲਿਕ ਚਰਚ ਵੀ ਗੁਲਾਮ
ਪ੍ਰਥਾ ਦਾ ਸਮਰਥਨ ਕਰਦੀ ਸੀ ਪਰ ਅੱਜ ਕੱਲ ਅਜਿਹਾ ਨਹੀ ਕਰਦੀ। ਮੁਸਲਮਾਨ ਧਾੜਵੀ ਵੀ ਹਾਰੇ ਹੋਏ
ਮੁਲਕ ਦੀਆਂ ਔਰਤਾ ਅਤੇ ਬੰਦਿਆਂ ਨਾਲ ਜੋ ਸਲੂਕ ਕਰਦੇ ਸਨ ਉਹ ਕੁਰਾਨ ਮੁਤਾਬਿਕ ਹੀ ਕਰਦੇ ਸਨ।
ਹਿੰਦੂ ਧਰਮ ਦੀ ਵਰਨ ਵਿਵਸਥਾ ਗੁਲਾਮ ਪ੍ਰਥਾ ਦਾ ਹੀ ਇੱਕ ਰੂਪ ਹੈ ਜੋ ਅੱਜ ਤੱਕ ਬੇਰੋਕ ਜਾਰੀ
ਹੈ।
ਫਿਰ ਸਵਾਲ ਪੈਦਾ ਹੁੰਦਾ ਹੈ ਅਗਰ ਨੇਕੀ ਦੀ ਕੋਈ ਇੱਕ ਪ੍ਰੀਭਾਸ਼ਾ ਹੀ ਨਹੀਂ
ਹੈ ਤਾਂ ਅਸੀਂ ਕਿਸੇ ਇਨਸਾਨ ਨੂੰ ਨੇਕ ਜਾਂ ਬਦ ਕਿਵੇਂ ਕਹਿ ਸਕਦੇ ਹਾਂ। ਮਸਲਨ ਅਗਰ ਕਿਸੇ ਨੂੰ
ਗੁਲਾਮ ਬਣਾ ਕਿ ਰੱਖਣਾ ਕਿਸੇ ਸਮੇ ਜ਼ਾਇਜ਼ ਸੀ ਅਤੇ ਇਸ ਵਿੱਚ ਕੋਈ ਬੁਰਾਈ ਨਹੀਂ ਸਮਝੀ ਜਾਂਦੀ ਸੀ ਤਾਂ
ਹੁਣ ਕਿਉਂ ਨਜ਼ਾਇਜ਼ ਸਮਝਿਆ ਜਾਂਦਾ ਹੈ। ਜ਼ਾਹਰ ਹੈ ਸਮੇ ਨਾਲ ਸਾਡੀ ਸੋਚ ਬਦਲ ਗਈ ਹੈ। ਇਸਦੀ ਇੱਕ
ਮਿਸਾਲ ਦੇਣੀ ਇੱਥੇ ਠੀਕ ਰਹੇਗੀ। ਅੇਬਰਾਹਮ ਲਿੰਕਨ ਦਾ ਨਾਂ ਸਭ ਨੇ ਸੁਣਿਆ ਹੈ। ਉਹ 19ਵੀ ਸਦੀ ਦਾ
ਉਹ ਬਹੁਤ ਹੀ ਰੌਸ਼ਨ ਦਿਮਾਗ ਅਤੇ ਅਗਾਂਹਵਧੂ ਵਿਚਾਰਾਂ ਵਾਲਾ, ਇਨਸਾਨੀਅਤ ਦਾ ਦਰਦ ਰੱਖਣ ਵਾਲਾ ਇਨਸਾਨ
ਅਤੇ ਅਮਰੀਕਾ ਦਾ ਮਸ਼ਹੂਰ ਰਾਸ਼ਟਰਪਤੀ ਸੀ। ਅਮਰੀਕਾ ਦੇ ਪਿਛਲੇ ਰਾਸ਼ਟਰਪਤੀ ਓਬਾਮਾ ਦਾ ਉਹ ਰੋਲ ਮਾਡਲ
ਵੀ ਹੈ ਅਤੇ ਅਮਰੀਕਾਂ ਵਿੱਚ ਕਾਲਿਆਂ ਨੂੰ ਗੁਲਾਮੀ ਤੋਂ ਅਜ਼ਾਦ ਕਰਾਉਣ ਦਾ ਸਿਹਰਾ ਵੀ ਉਸਦੇ ਸਿਰ ਹੀ
ਬੰਨ੍ਹਿਆ ਜਾਂਦਾ ਹੈ। ਪਰ ਜਰਾ ਸੁਣੋ ਉਹ ਆਪਣੀ ਸਟੀਫਨ ਡਗਲਸ ਨਾਲ 1858 ਵਿੱਚ ਹੋਈ ਇੱਕ ਗਲਬਾਤ
ਵਿੱਚ ਕੀ ਕਹਿੰਦਾ ਹੈ। "
I will say
then, that I am not, nor ever have been, in favour of bringing about in any way
the social and political equality of the white and black races; that I am not ,
nor even have been, in favour or making voters or jurors of negroes…."(6)
। ਭਾਵ ਬੇਸ਼ੱਕ ਉਹ ਕਾਲਿਆਂ ਨੂੰ ਗੁਲਾਮ ਰੱਖਣ ਦੇ ਤਾਂ
ਖਿਲਾਫ ਸੀ ਪਰ ਉਹ ਉਹਨਾਂ ਨੂੰ ਗੋਰਿਆਂ ਦੇ ਬਰਾਬਰ ਵੀ ਨਹੀਂ ਸਮਝਦਾ ਸੀ। ਲਿੰਕਨ ਬੇਸ਼ੱਕ ਆਪਣੇ ਸਮੇ
ਤੋਂ ਅੱਗੇ ਦੀ ਸੋਚਦਾ ਸੀ ਪਰ ਅੱਜ ਦੇ ਸਮੇ ਵਿੱਚ ਉਸਦੀ ਸੋਚ ਨੂੰ ਵੀ ਨਸਲਵਾਦੀ ਹੀ ਕਿਹਾ ਜਾਏਗਾ।
ਅਗਰ ਲਿੰਕਨ ਅੱਜ ਦੇ ਸਮੇ ਵਿੱਚ ਪੈਦਾ ਹੁੰਦਾ ਤਾਂ ਉਸ ਦੇ ਇਹ ਵਿਚਾਰ ਨਹੀਂ ਸਨ ਹੋਣੇ। ਅਗਰ ਉਸਦੇ
ਇਹੀ ਵਿਚਾਰ ਰਹਿੰਦੇ ਤਾਂ ਯਕੀਨਨ ਉਸ ਨੂੰ ਇੱਕ ਘਟੀਆ ਸੋਚ ਵਾਲਾ ਇਨਸਾਨ ਸਮਝਿਆ ਜਾਣਾ ਸੀ। ਸਮੇ ਨੇ
ਸਾਡੀ ਸੋਚ ਵਿੱਚ ਕਿੰਨਾ ਬਦਲਾਅ ਲੈ ਆਂਦਾ ਹੈ। ਕਿਸੇ ਸਮੇ ਦਾ ਵਧੀਆ ਇਨਸਾਨ ਅੱਜ ਦੇ ਸਮੇ ਘਟੀਆ
ਇਨਸਾਨ ਬਣ ਗਿਆ ਹੈ।
ਸਾਡੀ ਹੁਣ ਤੱਕ ਦੀ ਵਿਚਾਰ ਤੋਂ ਚਾਰ ਸਵਾਲ ਪੈਦਾ ਹੋ ਗਏ ਨੇ।
- ਉਹ ਕਿਹੜੀ ਚੀਜ਼ ਹੈ ਜੋ ਧਰਮੀ ਬੰਦੇ ਨੂੰ ਚੰਗੇ ਜਾਂ ਨੇਕ ਕੰਮ ਕਰਨ ਲਈ ਪ੍ਰੇਰਦੀ ਹੈ।
- ਆਪਾਂ ਧਰਮੀ ਬੰਦੇ ਤੋਂ ਹੀ ਇਹ ਆਸ ਕਿਉਂ ਕਰਦੇ ਹਾਂ ਕਿ ਉਸ ਦਾ ਚਲਣ ਨੇਕ ਹੋਵੇ।
- ਉਹ ਕਿਹੜੀ ਚੀਜ਼ ਹੈ ਜੋ ਨਾਸਤਿਕ ਬੰਦੇ ਨੂੰ ਨੇਕ ਕੰਮ ਕਰਨ ਤੋਂ ਰੋਕਦੀ ਹੈ।
- ਆਪਾਂ ਨੇਕੀ ਦੀ ਇੱਕ ਅਜਿਹੀ ਪ੍ਰੀਭਾਸ਼ਾ ਕਿਵੇਂ ਨਿਰਧਾਰਿਤ ਕਰ ਸਕਦੇ ਹਾਂ ਜੋ ਸਦੀਵ ਕਾਲ
ਲਈ ਹਰ ਜਗ੍ਹਾ ਹਰ ਸਮੇ ਸਹੀ ਹੋਵੇ।
ਨੇਕੀ ਅਤੇ ਵਿਗਿਆਨ
ਇਹਨਾਂ ਸਵਾਲਾਂ ਦਾ ਜਵਾਬ ਲੱਭਣ ਤੋਂ ਪਹਿਲਾਂ ਆਉ ਨੇਕੀ ਅਤੇ ਵਿਗਿਆਨ ਦੇ
ਰਿਸ਼ਤੇ ਤੇ ਵੀ ਇੱਕ ਝਾਤ ਮਾਰ ਲਈਏ। ਜਦ ਕਿ ਧਰਮ ਅਤੇ ਨੇਕੀ ਜਾਂ ਇਖਲਾਕ ਦਾ ਰਿਸ਼ਤਾ ਬਹੁਤ ਹੀ ਗਹਿਰਾ
ਮੰਨਿਆ ਜਾਦਾ ਹੈ ਪਰ ਆਮ ਤੌਰ ਤੇ ਨੇਕੀ ਜਾ ਨੈਤਿਕਤਾ ਅਤੇ ਵਿਗਿਆਨ ਦਾ ਕੋਈ ਰਿਸ਼ਤਾ ਨਹੀਂ ਮੰਨਿਆ
ਜਾਂਦਾ। ਵਿਗਿਆਨ ਇਸ ਤਰ੍ਹਾਂ ਦਾ ਕੋਈ ਦਾਅਵਾ ਵੀ ਨਹੀਂ ਕਰਦਾ ਕਿ ਉਸ ਦਾ ਮਨੋਰਥ ਲੋਕਾਂ ਦਾ ਇਖਲਾਕ
ਉੱਚਾ ਚੁੱਕਣਾ ਹੈ। ਇਹ ਵੀ ਨਹੀਂ ਕਿਹਾ ਜਾਂਦਾ ਕਿ ਅਗਰ ਕੋਈ ਵਿਗਿਆਨ ਨਾਲ ਸਬੰਧ ਨਹੀਂ ਰੱਖਦਾ ਤਾਂ
ਉਸ ਦਾ ਨੇਕੀ ਨਾਲੋਂ ਵੀ ਰਿਸ਼ਤਾ ਟੁੱਟ ਜਾਏਗਾ। ਪਰ ਵਿਗਿਆਨ ਨੇ ਪਿਛਲੀਆਂ ਦੋ ਢਾਈ ਸਦੀਆਂ ਵਿੱਚ ਕਈ
ਅਜਿਹੀਆਂ ਖੋਜਾਂ ਕੀਤੀਆਂ ਹਨ ਜਿਹਨਾਂ ਦਾ ਸਿੱਧਾ ਸਬੰਧ ਨੈਤਿਕਤਾ ਨਾਲ ਬਣਦਾ ਹੈ। ਜਾਂ ਆਉਣ ਵਾਲੇ
ਸਮੇ ਵਿੱਚ ਅਜਿਹੀਆਂ ਹੋਰ ਖੋਜਾਂ ਕਰ ਸਕਦਾ ਹੈ ਜਿਸ ਨਾਲ ਨੈਤਿਕਤਾ ਦੇ ਕਈ ਸਵਾਲਾਂ ਦੇ ਉੱਤਰ ਮਿਲ
ਸਕਦੇ ਨੇ। ਮਸਲਨ:
- ਵਿਗਿਆਨ ਇਹ ਸਾਬਤ ਕਰ ਸਕਦਾ ਹੈ ਕਿ ਮਾਸ ਜਾਂ ਹੋਰ ਕੋਈ ਭੋਜਨ ਖਾਣਾ ਸਿਹਤ ਲਈ ਹਾਨੀਕਾਰਕ
ਹੈ ਜਾਂ ਨਹੀ।
- ਸ਼ਰਾਬ ਜਾਂ ਨਸ਼ਾ ਸਿਹਤ ਲਈ ਹਾਨੀਕਾਰਕ ਹੈ ਜਾਂ ਨਹੀ।
- ਰੋਮਾਂ ਦੀ ਬੇਅਦਬੀ ਦਾ ਸਿਹਤ ਤੇ ਮਾੜਾ ਚੰਗਾ ਅਸਰ ਕੀ ਪੈਂਦਾ ਹੈ।
- ਸਮਲਿੰਗੀ ਰਿਸ਼ਤਿਆਂ ਦਾ ਸਿਹਤ ਤੇ ਕੀ ਅਸਰ ਪੈਂਦਾ ਹੈ।
- ਕਿਹੜੀ ਉਮਰ ਵਿੱਚ ਸਰੀਰਕ ਸਬੰਧ ਬਣਾਉਣੇ ਜਾਇਜ਼ ਨੇ।
- ਸੁੰਨਤ ਦਾ ਸਿਹਤ ਤੇ ਮਾੜਾ ਚੰਗਾ ਅਸਰ ਕੀ ਹੈ।
- ਡੀ ਅੇਨ ਏ ਇਹ ਸਾਬਤ ਕਰ ਸਕਦਾ ਕਿ ਸਾਰੇ ਇਨਸਾਨ ਬਰਾਬਰ ਕਿਉਂ ਹਨ। ਬਲਕਿ ਇਹ ਗੱਲ ਹੁਣ
ਸਾਬਤ ਵੀ ਹੋ ਚੁੱਕੀ ਹੈ। ਅਗਰ ਤੁਸੀਂ ਆਪਣਾ ਡੀ ਅੇਨ ਏ ਟੈਸਟ ਕਰਾਉ ਤਾਂ ਤੁਹਾਨੂੰ ਪਤਾ ਚਲੇਗਾ
ਕਿ ਤੁਸੀਂ ਕਿੰਨੇ ਪ੍ਰਤੀਸ਼ਤ ਬਲੋਚ ਹੋ, ਕਿੰਨੇ ਪ੍ਰਤੀਸ਼ਤ ਆਰੀਅਨ ਜਾਂ ਦ੍ਰਾਵੜ ਹੋ। ਇਸ ਨਾਲ
ਸਾਬਤ ਹੋ ਜਾਂਦਾ ਹੈ ਸਾਡੇ ਸਭ ਦਾ ਮੂਲ ਇੱਕ ਹੈ।
ਜਿਉਂ ਜਿਉਂ ਵਿਗਿਆਨ ਦਿਮਾਗ ਵਾਰੇ ਹੋਰ ਖੋਜ਼ ਕਰ ਰਿਹਾ ਹੈ ਧਰਮ ਦੇ ਕਈ ਹੋਰ
ਭੇਤ ਵੀ ਖੁਲਦੇ ਜਾ ਰਹੇ ਨੇ। ਮਿਸਾਲ ਦੇ ਤੌਰ ਤੇ ਮਨ ਕਿਵੇਂ ਹੋਂਦ ਵਿੱਚ ਆਉਂਦਾ ਹੈ ਅਤੇ ਕਿਵੇਂ
ਕੰਮ ਕਰਦਾ ਹੈ। ਬੰਦਾ ਇਖਲਾਕ ਤੋ ਗਿਰੇ ਹੋਏ ਕੰਮ ਕਿਉਂ ਕਰਦਾ ਹੈ ਅਤੇ ਇਸ ਦਾ ਇਲਾਜ਼ ਕਿਵੇਂ ਹੋ
ਸਕਦਾ ਹੈ। ਇਹ ਖੋਜ਼ ਧਰਮ ਅਤੇ ਨੇਕੀ ਦੇ ਗਹਿਰੇ ਸਬੰਧਾਂ ਤੇ ਵੀ ਬਹੁਤ ਕਰਾਰੀ ਚੋਟ ਹੈ ਕਿਉਂਕਿ ਇਹ
ਖੋਜ਼ ਬਦੀ ਦਾ ਕਾਰਨ ਧਰਮ ਤੋਂ ਦੂਰੀ ਨ ਦੱਸ ਕਿਸੇ ਮਾਨਸਿਕ ਬੀਮਾਰੀ ਨੂੰ ਦੱਸਦੀ ਹੈ। ਸ੍ਰਿਸ਼ਟੀ ਦੀ
ਰਚਨਾ ਕਿਵੇਂ ਹੋਈ ਆਦਿਕ ਸਵਾਲਾਂ ਦੇ ਜਵਾਬ ਵੀ ਵਿਗਿਆਨ ਲੱਭ ਰਿਹਾ ਹੈ। ਇਸ ਤਰ੍ਹਾਂ ਅਸੀਂ ਦੇਖਦੇ
ਹਾਂ ਕਿ ਬੇਸ਼ੱਕ ਨੈਤਿਕਤਾ ਵਿਗਿਆਨ ਦਾ ਮੁੱਖ ਮਨੋਰਥ ਨਹੀਂ ਹੈ ਪਰ ਫਿਰ ਵੀ ਵਿਗਿਆਨਿਕ ਖੋਜ਼ਾਂ
ਨੈਤਿਕਤਾ ਦੇ ਅਰਥ ਬਦਲਣ ਦੀ ਸਮਰੱਥਾ ਰੱਖਦੀਆਂ ਹਨ। ਇਸ ਤਰ੍ਹਾਂ ਇਸ ਦਾ ਨੈਤਿਕਤਾ ਨਾਲ ਸਬੰਧ ਧਰਮ
ਨਾਲੋਂ ਵੀ ਗਹਿਰਾ ਹੋ ਜਾਂਦਾ ਹੈ। ਫਿਰ ਸਾਨੂੰ ਇਹ ਗਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ
ਧਰਮੀ ਅਤੇ ਨਾਸਤਿਕ ਬੰਦੇ ਇਖਲਾਕ ਤੋਂ ਗਿਰੇ ਹੋਏ ਮਿਲਦੇ ਹਨ ਉਸੇ ਤਰ੍ਹਾਂ ਵਿਗਿਆਨੀ ਵੀ ਇਖਲਾਕ ਤੋਂ
ਗਿਰੇ ਹੋਏ ਕੰਮ ਕਰਦੇ ਮਿਲਦੇ ਹਨ। ਫਿਰ ਜਿਸ ਤਰ੍ਹਾਂ ਕਿਸੇ ਧਰਮੀ ਨੂੰ ਨੇਕ ਬਣਨ ਤੋਂ ਕੋਈ ਨਹੀਂ
ਰੋਕ ਸਕਦਾ ਇਸੇ ਤਰ੍ਹਾਂ ਕਿਸੇ ਵਿਗਿਆਨੀ ਨੂੰ ਵੀ ਨੇਕ ਬਣਨ ਤੋਂ ਨਹੀਂ ਰੋਕ ਸਕਦਾ। ਸਾਡੇ ਸਾਹਮਣੇ
ਫਿਰ ਉਹੀ ਸਵਾਲ ਖੜਾ ਹੋ ਜਾਂਦਾ ਹੈ ਕਿ ਜੋ ਵਿਗਿਆਨੀ ਧਰਮ ਤੋਂ ਮੁਨਕਿਰ ਹਨ ਉਹ ਕਿਵੇਂ ਚੰਗੇ ਇਨਸਾਨ
ਬਣ ਜਾਂਦੇ ਨੇ। ਚੰਗਿਆਈ ਲਈ ੳਹੁਨਾ ਨੂੰ ਕੌਣ ਪ੍ਰੇਰਦਾ ਹੈ।
ਨੇਕੀ ਅਤੇ ਗੁਰਬਾਣੀ
ਆਉ ਆਪਾਂ ਗੁਰਬਾਣੀ ਦੀ ਸ਼ਰਨ ਵਿੱਚ ਚਲਦੇ ਹਾਂ ਤਾਂ ਜੋ ਸਾਨੂੰ ਇਹਨਾਂ
ਸਵਾਲਾਂ ਦਾ ਕੋਈ ਸਿੱਕੇਬੰਦ ਜਵਾਬ ਮਿਲ ਸਕੇ। ਗੁਰ ਨਾਨਕ ਸਾਹਿਬ ਨੇ ਇੱਕ ਗੱਲ ਤਾਂ ਠੋਕ ਵਜਾ ਕੇ
ਆਖੀ ਹੈ ਕਿ ਧਰਮ ਦੇ ਮੋਹਰੀ ਸਮਾਜ ਨੂੰ ਚੰਗਾ ਬਣਾਉਣ ਦੀ ਵਜਾਏ ਇਸ ਨੂੰ ਉਜਾੜਨ ਵਿੱਚ ਲੱਗੇ ਹੋਏ
ਨੇ। ਉਹਨਾ ਦੇ ਸਮੇ ਦੁਨੀਆ ਦੇ ਇਸ ਖਿੱਤੇ ਵਿੱਚ ਧਰਮ ਦੇ ਖੇਤਰ ਵਿੱਚ ਤਿੰਨ੍ਹ ਮੋਹਰੀ ਸਨ ਜੋ ਸਮਾਜ
ਨੂੰ ਅਗਵਾਈ ਦੇਣ ਦਾ ਕੰਮ ਕਰ ਰਹੇ ਸਨ। ਇਸਲਾਮ ਧਰਮ ਦਾ ਕਾਜ਼ੀ, ਹਿੰਦੂ ਧਰਮ ਦਾ ਬ੍ਰਾਹਮਣ, ਅਤੇ ਜੋਗ
ਸਮਾਜ ਦਾ ਜੋਗੀ। ਇਹਨਾਂ ਦੇ ਚਲਣ ਅਤੇ ਕਾਰ ਵਿਹਾਰ ਨੂੰ ਦੇਖ ਗੁਰ ਨਾਨਕ ਸਾਹਿਬ ਨੇ ਰਾਗ ਧਨਾਸਰੀ
ਵਿੱਚ ਬਹੁਤ ਹੀ ਸਖਤ ਸ਼ਬਦਾਂ ਵਿੱਚ ਕਿਹਾ ਕਿ ਇਹ ਸਾਰੇ ਸਮਾਜ ਨੂੰ ਬਰਬਾਦ ਕਰ ਰਹੇ ਨੇ।
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰੁਾਹਮਣ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ
ਜਾਣੈ ਅੰਧੁ। ਤੀਨੇ ਓਜਾੜੇ ਕਾ ਬੰਧੁ॥ (ਪੰਨਾ 662)
ਸੋ ਇੱਕ ਗੱਲ ਤਾਂ ਸਾਫ ਹੋ ਗਈ ਕਿ ਗੁਰਬਾਣੀ ਅਨੁਸਾਰ ਧਰਮ ਦੇ ਮੋਹਰੀ ਗੁਰੂ
ਨਾਨਕ ਸਾਹਿਬ ਦੇ ਵੇਲੇ ਬੰਦੇ ਨੂੰ ਨੇਕ ਨਹੀ ਬਣਾ ਰਹੇ ਸਨ ਬਲਕਿ ਸਮਾਜ ਨੂੰ ਗੰਦਾ ਕਰ ਰਹੇ ਸਨ ਇਸੇ
ਕਰਕੇ ਉਹਨਾ ਨੂੰ ਇਤਨੇ ਸਖਤ ਸ਼ਬਦ ਵਰਤਣੇ ਪਏ। ਧਰਮ ਦੇ ਮੋਹਰੀ ਬੰਦਿਆਂ ਦੀ ਕਾਰਗੁਜ਼ਾਰੀ ਗੁਰ ਨਾਨਕ
ਸਾਹਿਬ ਦੇ ਵੇਲੇ ਨਾਲੋ ਬਦਤਰ ਹੀ ਹੋਈ ਹੋਵੇਗੀ ਇਸ ਲਈ ਇਹ ਕਹਿਣਾ ਦਰੁਸਤ ਨਹੀ ਹੋਏਗਾ ਕਿ ਹੁਣ
ਇਹਨਾਂ ਦਾ ਕਿਰਦਾਰ ਹੁਣ ਬਦਲ ਗਿਆ ਹੈ। ਹਰ ਰੋਜ਼ ਧਾਰਮਿਕ ਅਸਥਾਨਾ ਤੇ ਹੁੰਦੇ ਘੁਟਾਲੇ, ਲੜਾਈਆਂ,
ਬਲਾਤਕਾਰ ਆਦਿ ਦੀਆ ਘਟਨਾਵਾਂ ਦਾ ਅਖਬਾਰਾਂ ਦੀਆਂ ਸੁਰਖੀਆਂ ਬਣਨਾ ਇਸ ਗਲ ਦਾ ਸਬੂਤ ਹੈ। ਜਿਹੜੇ
"ਧਰਮੀ" ਮਹਾਪੁਰਖ ਇਸ ਵੇਲੇ ਜੇਲਾਂ ਵਿੱਚ ਬੰਦ ਨੇ ਜਾਂ ਜਾਣ ਦੀ ਤਿਆਰੀ ਵਿੱਚ ਨੇ ਉਹ ਗੁਰੂ ਸਾਹਿਬ
ਦੇ ਇਹਨਾਂ ਬਚਨਾ ਵਿੱਚਲੇ ਸੱਚ ਦਾ ਪ੍ਰਤੱਖ ਸਬੂਤ ਨੇ।
ਗੁਰਬਾਣੀ ਵਿੱਚ ਨੇਕੀ ਅਤੇ ਬਦੀ ਵਿੱਚ ਬੜਾ ਹੀ ਗਹਿਰਾ ਰਿਸ਼ਤਾ ਮੰਨਿਆ ਗਿਆ
ਹੈ। ਦੋਨੋ ਹੀ ਉਸ ਕਰਤਾਰ ਦੀ ਕਿਰਤ ਹਨ। ਇਸ ਤਰ੍ਹਾਂ ਇਹ ਦੋਨੋਂ ਸਕੀਆਂ ਭੈਣਾਂ ਹੋਈਆਂ। "ਕੁਦਰਤਿ
ਨੇਕੀਆਂ ਕੁਦਰਤਿ ਬਦੀਆਂ ਕੁਦਰਤਿ ਮਾਨੁ ਅਭਿਮਾਨੁ॥" ਪੰਨਾ 464. ਇਹ ਨੁਕਤਾ ਬਹੁਤ ਹੀ ਮਹੱਤਵਪੂਰਨ
ਹੈ ਅਤੇ ਇਸ ਦੀ ਅਹਿਮੀਅਤ ਸਮਝਣ ਲਈ ਬਾਕੀ ਧਰਮਾਂ ਵੱਲ ਨਿਗ੍ਹਾ ਮਾਰੋ ਜਿੱਥੇ ਬਦੀ ਨੂੰ ਕਾਦਰ ਦੀ
ਕਿਸੇ ਵਿਰੋਧੀ ਸ਼ਕਤੀ ਦੀ ਪੈਦਾਇਸ਼ ਕਿਹਾ ਗਿਆ ਹੈ। ਮਿਸਾਲ ਦੇ ਤੌਰ ਤੇ ਸਾਮੀ ਧਰਮਾਂ ਵਿੱਚ ਸ਼ੈਤਾਨ ਦਾ
ਸੰਕਲਪ ਹੈ। ਕਈ ਧਰਮਾਂ ਵਿੱਚ ਭੈੜੀਆਂ ਰੂਹਾਂ ਨੂੰ ਮਾਨਤਾ ਦਿੱਤੀ ਗਈ ਹੈ। ਇਹ ਸਾਰੇ ਰੱਬ ਜਾਂ ਕਾਦਰ
ਦੇ ਸ਼ਰੀਕ ਵਜੋਂ ਵਿਚਰਦੇ ਦਰਸਾਏ ਜਾਂਦੇ ਨੇ। ਪਰ ਇਸ ਸਭ ਦੇ ਉਲਟ ਗੁਰਬਾਣੀ ਵਿੱਚ ਰੱਬ ਦੇ ਕਿਸੇ ਵੀ
ਸ਼ਰੀਕ ਨੂੰ ਮਾਨਤਾ ਨਹੀਂ ਦਿੱਤੀ ਗਈ। "ਤੇਰਾ ਸਰੀਕੁ ਕੋ ਨਾਹੀ ਜਿਸ ਨੋ ਲਵੈ ਲਾਇ ਸੁਣਾਇਆ॥" ਪੰਨਾ
301 1ਸੋ ਇਸ ਦੁਨੀਆਂ ਵਿੱਚ ਜੋ ਵੀ ਚੰਗਾ ਮੰਦਾ ਹੋ ਰਿਹਾ ਹੈ ਸਭ ਕਰਤੇ ਦੀ ਹੀ ਖੇਡ ਹੈ। "ਸਭ ਤੇਰੀ
ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥ ਨਾਨਕ ਹੁਕਮੈ ਅੰਦਰਿ ਵੇਖੈ ਵਰਤੇ ਤਾਕੋ ਤਾਕੁ॥"
ਪੰਨਾ 464. ਸਭ ਉਸ ਦੀ ਖੇਡ ਹੈ ਜਿਸ ਵਿੱਚ ਉਹ "ਤਾਕੋ ਤਾਕੁ" ਭਾਵ ਇਕੱਲਾ ਹੀ ਵਰਤ ਵੇਖ ਰਿਹਾ ਹੈ।
ਹੁਣ ਅਗਰ ਇਹ ਸਭ ਉਸ ਦੀ ਹੀ ਖੇਡ ਹੈ ਤਾ ਸਾਨੂੰ ਨੇਕੀ ਅਤੇ ਬਦੀ ਨੂੰ ਇਹ ਖੇਡ ਵਿਚੋਂ ਹੀ ਸਮਝਣਾ
ਪਏਗਾ। ਅਗਰ ਸਾਨੂੰ ਨੇਕੀ ਅਤੇ ਬਦੀ ਦੀ ਉਤਪਤੀ ਦੀ ਸਮਝ ਆ ਗਈ ਤਾਂ ਸਾਨੂ ਸਾਡੇ ਸਵਾਲਾਂ ਦੇ ਜਵਾਬ
ਵੀ ਮਿਲ ਜਾਣਗੇ।
ਗੁਰਬਾਣੀ ਨਾਸਤਿਕ ਜਾ ਕਾਫਿਰ ਦੇ ਸੰਕਲਪ ਨੂੰ ਵੀ ਨਕਾਰਦੀ ਹੈ। ਨਾਸਤਿਕਤਾ
ਦਾ ਸਿਧਾਂਤ ਇਸ ਨੁਕਤੇ ਤੇ ਟਿਕਿਆ ਹੈ ਕਿ ਰੱਬ ਦੀ ਹੋਂਦ ਨਹੀਂ ਹੈ ਜਦਕਿ ਗੁਰਬਾਣੀ ਰੱਬ ਦੀ ਹੋਂਦ
ਨੂੰ ਇਸ ਸੰਸਾਰ ਅਤੇ ਸਮੇ ਦੇ ਪਾਰਲੇ ਬੰਨੇ ਵੀ ਸਵੀਕਾਰਦੀ ਹੈ। ਗੁਰਬਾਣੀ ਦਾ ਪੰਨਾ 953 ਤੇ ਫੁਰਮਾਨ
ਹੈ "ਆਸਤਿ ਨਾਸਤਿ ਏਕੋ ਨਾਉ॥" ਭਾਵ ਸ੍ਰਿਸ਼ਟੀ ਦੀ ਹੋਂਦ ਅਤੇ ਹੋਂਦ ਤੋਂ ਪਹਿਲਾਂ ਸਿਰਫ ਕਰਤਾਰ ਦਾ
ਹੀ ਹੁਕਮ ਵਰਤਦਾ ਹੈ। ਅਗਰ ਉਸਦੇ ਹੁਕਮ ਤੋਂ ਬਾਹਰ ਕੋਈ ਹੋ ਹੀ ਨਹੀਂ ਸਕਦਾ ਤਾਂ ਫਿਰ ਬੰਦਾ ਆਪਣੇ
ਆਪ ਨੂੰ ਜਿੰਨਾ ਮਰਜ਼ੀ ਨਾਸਤਿਕ ਕਹੇ ਪਰ ਗੁਰਬਾਣੀ ਦੀ ਪ੍ਰੀਭਾਸ਼ਾ ਮੁਤਾਬਿਕ ਕੋਈ ਵੀ ਨਾਸਤਿਕ ਨਹੀਂ
ਬਣ ਸਕਦਾ। ਗੁਰਬਾਣੀ ਮੁਤਾਬਿਕ ਰੱਬ ਨੂੰ ਮੰਨਣ ਜਾ ਨ ਮੰਨਣ ਦਾ ਸਾਡੇ ਕਿਸੇ ਕੋਲ ਵੀ ਵਿਕਲਪ ਨਹੀਂ
ਹੈ। ਇਸ ਸਵਾਲ ਹੀ ਨਹੀਂ ਉੱਠਦਾ ਕਿ ਅਸੀਂ ਰੱਬ ਨੂੰ ਮੰਨਣਾ ਹੈ ਜਾਂ ਨਹੀਂ ਕਿਉਂਕਿ ਅਸੀ ਸਭ ਉਸਦੇ
ਹੁਕਮ ਤੋਂ ਬਾਹਰ ਜਾ ਹੀ ਨਹੀ ਸਕਦੇ। ਇਸੇ ਕਰਕੇ ਗੁਰਬਾਣੀ ਮਾਨਵਤਾ ਦੀ ਧਰਮੀ/ਅਧਰਮੀ,
ਆਸਤਿਕ/ਨਾਸਤਿਕ ਜਾਂ ਮੋਮਨ/ਕਾਫਿਰ ਆਦਿ ਹਿੱਸਿਆਂ ਵਿੱਚ ਵੰਡ ਨਹੀ ਕਰਦੀ ਬਲਕਿ ਗੁਰਮੁਖ ਅਤੇ ਮਨਮੁਖ
ਦੋ ਵਰਗਾਂ ਵਿੱਚ ਕਰਦੀ ਹੈ। ਇਹ ਦੋਨੋ ਵਰਗ ਗੁਰਮੁਖ ਅਤੇ ਮਨਮੁਖ ਕਰਤਾਰ ਦੇ ਹੁਕਮ ਅਧੀਨ ਵਿਚਰਦੇ
ਹਨ। ਗੁਰਬਾਣੀ ਦਾ ਇਹ ਨੁਕਤਾ ਸਾਨੂੰ ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਜੋ ਬੰਦੇ ਆਪਣੇ ਆਪ ਨੂੰ
ਨਾਸਤਿਕ ਕਹਿੰਦੇ ਹਨ ਜਾਂ ਜਿਹਨਾਂ ਨੂੰ "ਧਰਮੀ" ਲੋਕ ਨਾਸਤਿਕ ਕਹਿ ਕੇ ਗਰਦਾਨਦੇ ਨੇ ਉਹ ਕਿਵੇਂ ਨੇਕ
ਬਣ ਜਾਂਦੇ ਨੇ। ਗੁਰਮੁਖ ਦਾ ਮਤਲਬ ਇਹ ਨਹੀ ਕਿ ਜੋ ਵੀ ਸਿੱਖ ਧਰਮ ਵਿੱਚ ਆਸਥਾ ਰੱਖਦਾ ਹੈ ਉਹ
ਗੁਰੁਮਖ ਹੋ ਜਾਏਗਾ ਜਾਂ ਕਹਿਲਾਏਗਾ ਅਤੇ ਬਾਕੀ ਬੱਚਦੇ ਸਾਰੇ ਮਨਮੁਖ ਹਨ। ਅਗਰ ਇਸ ਤਰ੍ਹਾਂ ਹੋਵੇ
ਤਾਂ ਫਿਰ ਗੁਰਮੁਖ ਅਤੇ ਮਨਮੁਖ ਵੀ ਮੋਮਨ ਅਤੇ ਕਾਫਰ ਦੇ ਸਮਾਨਅਰਥੀ ਹੋ ਜਾਣਗੇ। ਸਿੱਖਾਂ ਵਿੱਚ ਇੱਕ
ਬਹੁਤ ਹੀ ਗਲਤ ਰਿਵਾਜ਼ ਪੈ ਗਿਆ ਹੈ ਕਿ ਉਹ ਕਿਸੇ ਖੁੱਲੇ ਦਾਹੜੇ ਅਤੇ ਸਿਰ ਤੇ ਦਸਤਾਰ ਵਾਲੇ ਬੰਦੇ
ਨੂੰ ਦੇਖ ਝੱਟ ਉਸ ਨੂੰ ਗੁਰਮੁਖ ਦਾ ਖਿਤਾਬ ਦੇ ਦਿੰਦੇ ਨੇ। ਗੁਰਬਾਣੀ ਦੀ ਇਸ ਤੋਂ ਵੱਧ ਅਗਿਆਨਤਾ
ਅਤੇ ਨਿਰਾਦਰ ਹੋਰ ਨਹੀਂ ਹੋ ਸਕਦਾ। ਜਿਸ ਗੁਰਮੁਖ ਅਤੇ ਮਨਮੁਖ ਦਾ ਜ਼ਿਕਰ ਅਤੇ ਪ੍ਰੀਭਾਸ਼ਾ ਗੁਰਬਾਣੀ
ਵਿੱਚ ਹੈ ਉਹ ਗੁਰਮੁਖ ਅਤੇ ਮਨਮੁਖ ਸਾਰੇ ਧਰਮਾਂ ਵਿੱਚ ਮਿਲਦੇ ਨੇ ਬਲਕਿ ਉਹਨਾਂ ਲੋਕਾਂ ਵਿੱਚ ਵੀ
ਮਿਲਦੇ ਨੇ ਜੋ ਆਪਣੇ ਆਪ ਨੂੰ ਨਾਸਤਿਕ ਕਹਿੰਦੇ ਨੇ। ਕਿਉਂਕਿ ਗੁਰਮੁਖ ਅਤੇ ਮਨਮੁਖ ਦਾ ਸਬੰਧ ਕਿਸੇ
ਇੱਕ ਧਰਮ ਜਾਂ ਬਾਹਰੀ ਸਰੂਪ ਨਾਲ ਹੋਣ ਦੀ ਵਜਾਏ ਇਨਸਾਨ ਦੇ ਮਨ ਨਾਲ ਹੈ। ਦੁਨੀਆਂ ਵਿੱਚ ਅਜਿਹਾ ਕੋਈ
ਵੀ ਇਨਸਾਨ ਨਹੀਂ ਹੈ ਜਿਸ ਪਾਸ ਮਨ ਨ ਹੋਵੇ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 87 ਤੇ ਜ਼ਰਾ ਨਜ਼ਰ ਮਾਰੋ
ਤੇ ਦੇਖੋ ਗੁਰੂ ਸਾਹਿਬ ਗੁਰਮੁਖ ਅਤੇ ਮਨਮੁਖ ਦੀ ਪਹਿਚਾਣ ਦੀ ਕੀ ਕਸਵੱਟੀ ਦੱਸਦੇ ਨੇ।
ਮਨਮੁਖੁ ਲੋਕੁ ਸਮਝਾਈਐ ਕਦਹੁ ਸਮਝਾਇਆ ਜਾਇ॥ ਮਨਮੁਖੁ ਰਲਾਇਆ ਨਾ ਰਲੈ ਪਇਐ
ਕਿਰਤਿ ਫਿਰਾਇ॥ ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ॥ ਗੁਰਮੁਖਿ ਆਪਣਾ ਮਨੁ ਮਾਰਿਆ ਸਬਦਿ
ਕਸਵਟੀ ਲਾਇ॥ ਮਨ ਹੀ ਨਾਲ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ॥ ਮਨ ਜੋ ਇਛੈ ਸੋ ਲਹੈ ਸਚੈ
ਸਬਦਿ ਸੁਭਾਇ॥ ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ॥ ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ
ਜਾਸੀ ਜਨਮੁ ਗਵਾਇ॥ ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ॥ ਗੁਰ ਪਰਸਾਦ ਮਨੁ ਜਿਣੈ ਹਰਿ ਸੇਤੀ
ਲਿਵ ਲਾਇ॥ ਨਾਨਕ ਗੁਰਮੁਖਿ ਸਚੁ ਕਮਾਵੈ ਮਨਮੁੀਖ ਆਵੈ ਜਾਇ॥ 2॥
ਉਪਰਲੇ ਸ਼ਬਦ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਗੁਰਮੁਖ ਅਤੇ ਮਨਮੁਖ ਵਿੱਚ ਫਰਕ
ਸਿਰਫ ਮਨ ਦਾ ਹੈ। ਇੱਕ ਨੇ ਮਨ ਨੂੰ ਮਾਰ ਕਾਬੂ ਕਰ ਲਿਆ ਹੈ ਅਤੇ ਦੂਜੇ ਦਾ ਮਨ ਉਸ ਨੂੰ ਘਸੀਟੀ
ਫਿਰਦਾ ਹੈ। ਇੱਕ ਮਨ ਦੀ ਅਸਵਾਰੀ ਕਰਦਾ ਹੈ ਦੂਜਾ ਮਨ ਪਿੱਛੇ ਦੌੜ ਰਿਹਾ ਹੈ। ਅਗਰ ਕਿਸੇ ਹੋਰ ਧਰਮ
ਨੂੰ ਮੰਨਣ ਵਾਲਾ ਮਨ ਤੇ ਕਾਬੂ ਕਰ ਲੈਂਦਾ ਹੈ ਤਾਂ ਉਸ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੀ ਪ੍ਰੀਭਾਸ਼ਾ
ਮੁਤਾਬਿਕ ਗੁਰਮੁਖ ਬਣਨ ਤੋਂ ਕੋਈ ਨਹੀ ਰੋਕ ਸਕਦਾ। ਅਸੀਂ ਉਸ ਨੂੰ ਜੋ ਮਰਜ਼ੀ ਕਹੀ ਜਾਈਏ ਪਰ ਬਾਣੀ ਉਸ
ਨੂੰ ਗੁਰਮੁਖ ਹੀ ਮੰਨਦੀ ਹੈ। ਮਿਸਾਲ ਦੇ ਤੌਰ ਤੇ ਹਿੰਦੂ ਧਰਮ ਵਿੱਚ ਪੰਡਿਤ ਦਾ ਰੁਤਬਾ ਸਿੱਖ ਧਰਮ
ਵਿੱਚ ਗੁਰਮੁਖ ਦੇ ਰੁਤਬੇ ਦੀ ਤਰ੍ਹਾਂ ਬਹੁਤ ਹੀ ਸਤਿਕਾਰ ਵਾਲਾ ਹੈ/ਸੀ। ਜ਼ਰਾ ਧਿਆਨ ਦੇਵੋ ਗੁਰਬਾਣੀ
ਪੰਡਿਤ ਵਾਰੇ ਕੀ ਕਹਿੰਦੀ ਹੈ। ਅਗਰ ਪੰਡਿਤ ਮਾਇਆ ਵਿੱਚ ਗ੍ਰਸਤ ਹੈ ਤਾਂ ਗੁਰਬਾਣੀ ਉਸ ਨੂੰ ਮੂਰਖ
ਆਖਦੀ ਹੈ। "ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ॥" ਪੰਨਾ 469. ਇਹੋ ਜਿਹੇ ਪੰਡਤਿ ਨੂੰ
ਗੁਰੂ ਸਾਹਿਬ ਮਨਮੁਖ ਵੀ ਆਖਦੇ ਨੇ। "ਮਨਮੁਖ ਪੜਹਿ ਪੰਡਤਿ ਕਹਾਵਹਿ॥" ਪੰਨਾ 128. ਪਰ ਅਗਰ ਇਹੀ
ਪੰਡਿਤ ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ ਤਾਂ ਇਹ ਸਤਿਕਾਰਯੋਗ ਹੋ ਜਾਂਦਾ ਹੈ। ਦਰਅਸਲ ਪੰਡਤਿ ਦੀ
ਪਛਾਣ ਹੀ ਆਪਣੇ ਮਨ ਨੂੰ ਪੜਚੋਲਣਾ ਅਤੇ ਪ੍ਰਬੋਧਣਾ ਹੈ। ਗੁਰੂ ਦਾ ਫੁਰਮਾਨ ਹੈ," ਸੋ ਪੰਡਿਤੁ ਜੋ ਮਨ
ਪਰਬੋਧੈ॥" ਅਜਿਹੇ ਪੰਡਿਤ ਨੂੰ ਸਦਾ ਨਮਸਕਾਰ ਕਰਨੀ ਬਣਦੀ ਹੈ ਕਿਉਂਕਿ "ਉਸ ਪੰਡਿਤੁ ਕੈ ਉਪਦੈਸ ਜਗੁ
ਜੀਵੈ॥" ਪੰਨਾ 128. ਇਸੇ ਤਰ੍ਹਾਂ ਗੁਰੁ ਸਾਹਿਬ ਸੱਚੇ ਮੁਸਲਮਾਨ ਦੀ ਵੀ ਪ੍ਰਭਿਾਸ਼ਾ ਦਿੰਦੇ ਨੇ।
"ਮੁਸਲਮਾਣੁ ਸੋਈ ਮਲੁ ਖੋਵੈ॥" ਪੰਨਾ 662. ਭਾਵ ਜੋ ਆਪਣਾ ਮਨ ਸਾਫ ਕਰ ਲੈਂਦਾ ਹੈ ਉਹ ਹੀ ਮੁਸਲਮਾਨ
ਕਹਾ ਸਕਦਾ ਹੈ। ਜੋਗੀ ਨੂੰ ਵੀ ਗੁਰੂ ਸਾਹਿਬ ਸਮਝਾਉਂਦੇ ਨੇ ਕਿ "ਮਨਿ ਜੀਤੇ ਜਗੁ ਜੀਤੁ॥" ਇਸ ਗੱਲ
ਨੂੰ ਇੱਕ ਹੋਰ ਨਜ਼ਰੀਏ ਤੋਂ ਸਮਝਣ ਲਈ ਗੁਰ ਨਾਨਕ ਸਾਹਿਬ ਦਾ ਪੰਨਾ 951 ਤੇ ਸ਼ਬਦ ਸਾਡੀ ਸਹਾਇਤਾ
ਕਰੇਗਾ।
ਹਿੰਦੂ ਕੈ ਘਰਿ ਹਿੰਦੂ ਆਵੈ॥ ਸੂਤੁ ਜਨੇਉ ਪੜਿ ਗਲਿ ਪਾਵੈ॥ ਸੂਤੁ ਪਾਇ ਕਰੇ
ਬੁਰਿਆਦੀ॥ ਨਾਤਾ ਧੋਤਾ ਥਾਇ ਨ ਪਾਈ॥ ਮੁਸਲਮਾਨੁ ਕਰੇ ਵਡਿਆਈ॥ ਵਿਣੁ ਗੁਰ ਪੀਰੈ ਥਾਇ ਨ ਪਾਈ॥ ਰਾਹ
ਦਸਾਇ ਓਥੈ ਕੋ ਜਾਇ॥ ਕਰਣੀ ਬਾਝਹੁ ਭਿਸਤਿ ਨ ਪਾਇ॥ ਜੋਗੀ ਕੈ ਘਰਿ ਜੁਗਤਿ ਦਸਾਈ॥ ਤਿਤੁ ਕਾਰਣਿ ਕਨਿ
ਮੁੰਦ੍ਰਾ ਪਾਈ॥ ਮੁੰਦ੍ਰਾ ਪਾਇ ਫਿਰੈ ਸੰਸਾਰਿ॥ ਜਿਥੈ ਕਿਥੈ ਸਿਰਜਣਹਾਰੁ॥ ਜੇਤੇ ਜੀਅ ਤੇਤੇ ਵਟਾਅੂ॥
ਚੀਰੀ ਆਈ ਢਿਲ ਨ ਕਾਊ॥ ਏਐ ਜਾਣੈ ਸੁ ਜਾਇ ਸਿਞਾਣੈ॥ ਜੋਰ ਫਕੜੁ ਹਿੰਦੂ ਮੁਸਲਮਾਣੈ॥ ਸਭਨਾ ਕਾ ਦਰਿ
ਲੇਖਾ ਹੋਇ॥ ਕਰਣੀ ਬਾਝਹੁ ਤਰੈ ਨ ਕੋਇ॥ ਸਚੋ ਸਚੁ ਵਖਾਣੈ ਕੋਇ॥ ਨਾਨਕ ਅਗੈ ਪੁਛ ਨ ਹੋਇ॥ 2॥
ਇਸ ਸ਼ਬਦ ਵਿੱਚ ਗੁਰੂ ਸਾਹਿਬ ਸਾਫ ਦੱਸ ਰਹੇ ਨੇ ਕਿ ਚਾਹੇ ਤੁਸੀ ਕਿਸੇ ਵੀ
ਧਰਮ ਨਾਲ ਸਬੰਧ ਰੱਖ ਕੇ ਉਸ ਅਨੁਸਾਰ ਚਲਦੇ ਹੋ ਪਰ ਆਖਰ ਨੂੰ ਤੁਹਾਡੀ ਕਰਣੀ ਹੀ ਕੰਮ ਆਉਂਦੀ ਹੈ। ਇਸ
ਸ਼ਬਦ ਵਿੱਚ ਹਿੰਦੂ, ਮੁਸਲਮਾਨ ਅਤੇ ਜੋਗੀ ਦਾ ਜ਼ਿਕਰ ਹੈ ਪਰ ਇਹ ਗੱਲ ਸਿੱਖਾਂ ਜਾ ਹੋਰ ਧਰਮਾਂ ਦੇ
ਲੋਕਾਂ ਤੇ ਵੀ ਉਨ੍ਹੀ ਹੀ ਢੁੱਕਦੀ ਹੈ। ਕਰਣੀ ਨਾਲ ਕੀ ਹੁੰਦਾ ਹੈ? ਕਰਣੀ ਉਹ ਕਾਗਜ਼ ਹੈ ਜਿਸ ਤੇ ਮਨ
ਦੀ ਸਿਆਹੀ ਨਾ ਚੰਗੇ ਮੰਦੇ ਲੇਖ ਲਿਖੇ ਜਾ ਰਹੇ ਨੇ। "ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ
ਲੇਖ ਪਏ॥" ਪੰਨਾ 990. ਇਹ ਬੁਰੇ ਭਲੇ ਲੇਖ ਕਿਸੇ ਅਗਲੇ ਜਨਮ ਵਿੱਚ ਨਹੀਂ ਕੰਮ ਆਉਂਦੇ ਬਲਕਿ ਇਸੇ
ਜਨਮ ਵਿੱਚ "ਖੇਤਿ ਸਰੀਰ ਜੋ ਬੀਜੀਐ ਸੋ ਅੰਤਿ ਖਲੋਆ ਆਇ॥" ਪੰਨਾ 1417. ਸਰੀਰ ਰੂਪੀ ਖੇਤ ਦੇ ਜਿਸ
ਹਿੱਸੇ ਵਿੱਚ ਇਹ ਲੇਖ ਲਿਖੇ ਜਾ ਰਹੇ ਨੇ ਉਹ ਹੈ ਸਾਡਾ ਦਿਮਾਗ। ਇਸ ਗੱਲ ਨਾਲ ਅੱਜ ਦਾ ਵਿਗਿਆਨ ਵੀ
ਸਹਿਮਤ ਹੈ। ਇਹਨਾਂ ਲੇਖਾਂ ਦੀ ਬਦੋਲਤ ਬੰਦਾ ਦੋ ਰਾਹਾਂ ਤੇ ਚਲਦਾ ਹੈ। ਗੁਗਬਾਣੀ ਇਹਨਾ ਨੂੰ ਲਿਵ
ਅਤੇ ਧਾਤ ਦਾ ਨਾਮ ਦਿੰਦੀ ਹੈ। ਦੁਨੀਆਂ ਦੇ ਸਾਰੇ ਜੀਵ ਇਹਨਾਂ ਦੋ ਰਾਹਾਂ ਤੇ ਹੀ ਚਲ ਰਹੇ ਨੇ। ਗੁਰ
ਨਾਨਕ ਸਾਹਿਬ ਦੇ ਬਚਨ ਨੇ "ਵੇਕੀ ਵੇਕੀ ਜੰਤ ਉਪਾਏ॥ ਦੁਇ ਪੰਦੀ ਦੁਇ ਰਾਹ ਚਲਾਏ॥ ਗੁਰ ਪੂਰੇ ਵਿਣੁ
ਮੁਕਤਿ ਨ ਹੋਈ ਸਚੁ ਨਾਮੁ ਜਪਿ ਲਾਹਾ ਹੇ॥" ਪੰਨਾ 1032. ਸਾਰੇ ਜੀਵ ਦੋ ਤਰ੍ਹਾਂ ਦੀ ਸਿੱਖਿਆ
(ਗੁਰਮੁਖ ਅਤੇ ਮਨਮੁਖ) ਲੈ ਕੇ ਜ਼ਿੰਦਗੀ ਗੁਜ਼ਾਰ ਰਹੇ ਨੇ ਪਰ ਪੂਰੇ ਗੁਰ ਬਿਨਾ ਸਹੀ ਰਸਤਾ ਨਹੀਂ
ਲੱਭਦਾ।। ਪੂਰੇ ਗੁਰ ਨੂੰ ਗੁਰਬਾਣੀ ਵਿੱਚ ਬਿਬੇਕ ਵੀ ਕਿਹਾ ਗਿਆ ਹੈ "ਕਹੁ ਕਬੀਰ ਮੈ ਸੋ ਗੁਰੁ ਪਾਇਆ
ਜਾ ਕਾ ਨਾਉ ਬਿਬੇਕ+॥" ਪੰਨਾ 793. ਗੁਰੂ ਰਾਮ ਦਾਸ ਵੀ ਕਹਿੰਦੇ ਨੇ ਕਿ "ਬਿਬੇਕੁ ਗੁਰੁ ਗੁਰੂ
ਸਮਦਰਸੀ ਤਿਸੁ ਮਿਲੀਐ ਸੰਕ ਉਤਾਰੇ॥" ਪੰਨਾ 981. ਪਰ ਇਹ ਪੂਰਾ ਗੁਰੂ ਜਿਸ ਨੂੰ ਗੁਰਬਾਣੀ ਵਿੱਚ
ਬਿਬੇਕ ਵੀ ਕਿਹਾ ਗਿਆ ਹੈ ਸਿਰਫ ਇਨਾਸਾਨ ਦੇ ਹਿੱਸੇ ਆਇਆ ਹੈ। ਜਾਂ ਇਸ ਤਰ੍ਹਾਂ ਕਹਿ ਲਵੋ ਸਿਰਫ
ਇਨਸਾਨ ਦੀ ਦੇਹ ਦੇ ਹੀ ਹਿੱਸੇ ਆਇਆ ਹੈ। ਇਸੇ ਕਰਕੇ ਇਸ ਦੇਹ ਨੂੰ ਦੁਰਲੱਭ ਕਿਹਾ ਗਿਆ ਹੈ। ਪਰ ਜਦੋਂ
ਤਕ ਇਸ ਦੇਹ ਵਿੱਚ ਬਿਬੇਕ ਬੁੱਧ ਨਹੀਂ ਪਰਗਟ ਹੁੰਦੀ ਉਦੋਂ ਤਕ ਇਹ "ਕਾਮ ਕ੍ਰੋਧ ਕਾ ਚੋਲੜਾ" (ਪੰਨਾ
1414) ਹੀ ਰਹਿੰਦੀ ਹੈ।
ਗੁਰਮੁਖ ਅਤੇ ਮੁਨਮੁਖ ਵਿੱਚ ਇਹੀ ਫਰਕ ਹੈ। ਜਿਸ ਦੀ ਦੇਹ ਕਾਮ ਕਰੋਧ ਦਾ
ਚੋਲਾ ਬਣੀ ਰਹਿੰਦੀ ਹੈ ਉਹ ਮਨਮੁਖ ਹੈ ਅਤੇ ਜਿਸ ਦੀ ਦੇਹ ਵਿੱਚ ਬਿਬੇਕ ਬੁੱਧ ਪ੍ਰਗਟ ਹੋ ਗਈ ਉਹ
ਗੁਰਮੁਖ ਬਣਨ ਦੇ ਰਾਹ ਤੁਰ ਪੈਂਦਾ ਹੈ। ਬਿਬੇਕ ਬੁਧ ਨਾਲ ਮਾਇਆ ਜਾਂ ਧਾਤ ਵਿਰਤੀ ਜੋ ਸਾਤੋਂ ਸਾਰੇ
ਮਾੜੇ ਕੰਮ ਕਰਾਉਂਦੀ ਹੈ ਕਾਬੂ ਵਿੱਚ ਆ ਜਾਂਦੀ ਹੈ। ਕਬੀਰ ਸਾਹਿਬ ਪੰਨਾ 476 ਤੇ ਇਸ ਸ਼ਬਦ ਰਾਹੀਂ ਇਸ
ਦੀ ਗਵਾਹੀ ਭਰ ਰਹੇ ਨੇ।
ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ॥ ਆਸਿ ਪਾਸਿ ਪੰਚ
ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ॥ 1॥ ਨਕਟੀ ਕੋ ਠਨਗਨੁ ਬਾਡਾ ਡੂੰ॥ ਕਿਨਿਹ ਬਿਬੇਕੀ ਕਾਟੀ ਤੂੰ॥
1॥ ਰਹਾਉ॥ ਸਗਲ ਮਾਹਿ ਨਕਟੀ ਕਾ ਵਾਸਾ ਸਗਲ ਮਾਰਿ ਅਉਹੇਰੀ॥ ਸਗਲਿਆ ਕੀ ਹਉ ਬਹਿਨ ਭਾਨਜੀ ਜਿਨਿਹਿ
ਬਰੀ ਤਿਸੁ ਚੇਰੀ॥ 2॥ ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤੁ ਕਹਾਵੈ॥ ਓਹੁ ਹਮਾਰੇ ਮਾਥੈ ਕਾਇਮੁ ਅਉਰੁ
ਹਮਰੈ ਨਿਕਟਿ ਨ ਆਵੈ॥ 3॥ ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ॥ ਕਹੁ ਕਬੀਰ ਸੰਤਨ ਕੀ
ਬੈਰਨਿ ਤੀਨਿ ਲੋਕ ਕੀ ਪਿਆਰੀ॥ 4॥
ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਪੰਨਾ 658 ਤੇ ਹੈ ਜਿਸ ਵਿੱਚ ਉਹ ਦਸਦੇ ਨੇ
ਕਿ ਬਿਬੇਕ ਬੁੱਧ ਤੋਂ ਬਿਨਾ ਇਹ ਦੁਰਲੱਭ ਦੇਹ ਵਿਅਰਥ ਜਾ ਰਹੀ ਹੈ।
ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ॥ ਰਾਜੇ ਇੰਦ੍ਰ ਸਮਸਹਿ
ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ॥ 1॥ ਨ ਬੀਚਾਰਿਓ ਰਾਜਾ ਰਾਮ ਕੋ ਰਸੁ। ਜਿਹ ਰਸ ਅਨ
ਰਸ ਬੀਸਰਿ ਜਾਹੀ॥ 1॥ ਰਹਾਓ॥ ਜਾਨਿ ਅਜਾਨ ਭਏ ਜਮ ਬਾਵਰ ਸੋਚ ਅਸੋਚ ਦਿਵਸ ਜਾਹੀ॥ ਇੰਦ੍ਰੀ ਸਬਲ ਨਿਬਲ
ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ॥ 2॥ ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ॥ ਕਹਿ
ਰਵਿਦਾਸ ਉਦਾਸ ਦਾਸ ਮਤਿ ਪਰਹਰਿ ਕੋਪੁ ਕਰਹੁ ਜੀਅ ਦਇਆ॥ 3॥
ਇਸ ਸ਼ਬਦ ਨੂੰ ਧਿਆਨ ਨਾਲ ਪੜਿਆਂ ਬਹੁਤ ਸਾਰੇ ਭੇਤ ਖੁਲ ਜਾਂਦੇ ਨੇ। ਜਿਉਂ
ਜਿਉਂ ਬਿਬੇਕ ਬੁਧ ਕਮਜ਼ੋਰ ਹੁੰਦੀ ਹੈ ਤਿਉਂ ਤਿਉਂ ਬੰਦਾ ਪਰਮਾਰਥ ਜਾ ਨੇਕ ਚਲਣੀ ਤੋਂ ਦੂਰ ਜਾਂਦਾ
ਹੈ। ਸੋਚਾਂ ਵਿੱਚ ਘਿਰਿਆ ਬੰਦਾ ਆਪਣੀ ਉਮਰ ਅਜਾਈਂ ਗੁਆ ਦਿੰਦਾ ਹੈ। ਕਹਿੰਦਾ ਕੁੱਝ ਹੈ ਕਰਦਾ ਕੁੱਝ
ਹੋਰ ਹੈ ਅਤੇ ਉਸ ਨੂੰ ਮਾਇਆ ਜਾਂ ਧਾਤ ਦੇ ਪ੍ਰਭਾਵ ਹੇਠ ਕੁੱਝ ਸਮਝ ਨਹੀਂ ਆ ਰਹੀ ਉਹ ਕਰਦਾ ਕੀ ਹੈ।
ਇਸੇ ਕਰਕੇ ਭਗਤ ਜੀ ਕਰਤਾਰ ਅੱਗੇ ਇਸ ਤੋਂ ਛੁਟਕਾਰੇ ਲਈ ਅਰਦਾਸ ਕਰ ਰਹੇ ਨੇ। ਗੁਰੂ ਅਰਜਨ ਸਾਹਿਬ ਵੀ
ਕਹਿੰਦੇ ਨੇ ਕੇ ਮੈ ਸਾਰਾ ਕੁੱਝ ਕਰ ਕੇ ਵੇਖ ਲਿਆ ਕੋਈ ਹੋਰ ਹੀਲਾ ਕਾਰਗਰ ਨਹੀ ਹੋ ਰਿਹਾ ਇਸੇ ਕਰਕੇ
"ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ॥" ਪੰਨਾ 641.
ਇਹ ਬਿਬੇਕ ਬੁਧ ਹੈ ਕੀ ਜਿਸ ਦੀ ਗੁਰੂ ਸਾਹਿਬ ਸਾਨੂੰ ਇਤਨੀ ਪ੍ਰੇਰਨਾ ਦੇ
ਰਹੇ ਨੇ। ਬਿਬੇਕਬੁਧਿ ਦਾ ਅਰਥ ਭਾਈ ਕਾਨ੍ਹ ਸਿੰਘ ਨੇ "ਯਥਾਰਥ ਜਾਣਨ ਦੀ ਸਮਝ, ਸਤਯ ਅਸਤਯ ਦਾ
ਵਿਚਾਰ, ਪ੍ਰਕ੍ਰਿਤਿ ਅਤੇ ਬ੍ਰਹਮ ਦਾ ਯਥਾਰਥ ਗਿਆਨ" ਕੀਤੇ ਹਨ। ਕਿਸੇ ਵੇਲੇ ਸਿੱਖ ਧਰਮ ਦੇ ਨਿਯਮਾ
ਨੂੰ ਦ੍ਰਿੜ ਕਰਨ ਵਾਲੇ ਨੂੰ ਵੀ "ਬਿਬੇਕੀ" ਆਖਦੇ ਸਨ ਜੋ ਹੁਣ ਸੁਣਨ ਵਿੱਚ ਨਹੀਂ ਆਉਂਦਾ। (ਹੁਣ ਤਾਂ
ਹਾਲਤ ਇਹ ਹੈ ਕਿ ਅਗਰ ਕੋਈ ਬਿਬੇਕ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਅਕਸਰ ਨਾਸਤਿਕ ਕਹਿਕੇ ਦੁਰਕਾਰ
ਦਿੱਤਾ ਜਾਂਦਾ ਹੈ।) ਖੇਰ ਆਪਾਂ ਆਪਣੇ ਵਿਸ਼ੇ ਵਲ ਮੁੜਦੇ ਹਾਂ। ਆਪਾਂ ਉਪਰ ਵਿਚਾਰਿਆ ਸੀ ਕਿ ਮਨੁੱਖਾ
ਦੇਹੀ ਹੀ ਇਸ ਕਾਬਲ ਹੈ ਕਿ ਜਿਸ ਵਿੱਚ ਬਿਬੇਕ ਬੁੱਧ ਜਾ ਲਿਵ ਪ੍ਰਗਟ ਹੋ ਸਕਦੀ ਹੈ। ਕਬੀਰ ਸਾਹਿਬ ਦਾ
ਜੋ ਸ਼ਬਦ ਉਪਰ ਦਿੱਤਾ ਹੈ ਉਸ ਵਿੱਚ ਉਹ ਸਾਨੂੰ ਦੱਸਦੇ ਨੇ ਕਿ ਇਹ ਸਾਡੇ ਮੱਥੇ ਵਿੱਚ ਨਿਵਾਸ ਕਰਦੀ
ਹੈ। ਵਿਗਿਆਨ ਨੇ ਵੀ ਆਪਣੀ ਖੋਜ਼ ਨਾਲ ਇਹੀ ਸਿੱਧ ਕੀਤਾ ਹੈ। ਸਾਡੇ ਦਿਮਾਗ ਦਾ ਉਹ ਹਿੱਸਾ ਜੋ ਸਹੀ
ਗਲਤ ਦੀ ਪਹਿਚਾਣ ਕਰਦਾ ਹੈ, ਭਾਵ ਬਿਬੇਕ ਨਾਲ ਵਿਚਾਰ ਕਰਦਾ ਹੈ ਉਹ ਸਾਡਾ ਮੱਥਾ ਜਾਣੀ ਫ੍ਰੰਟਲ ਲੋਬ
ਹੀ ਹੈ। ਅਸੀਂ ਇਹ ਆਪ ਵੀ ਅਨੁਭਵ ਕਰ ਸਕਦੇ ਹਾਂ ਕਿ ਜਦੋਂ ਵੀ ਅਸੀਂ ਕਿਸੇ ਵਿਸ਼ੇ ਤੇ ਗਹਿਰ ਗੰਭੀਰ
ਵਿਚਾਰ ਕਰਦੇ ਹਾਂ ਤਾਂ ਆਪਣਾ ਮੱਥਾ ਕੰਮ ਕਰਦਾ ਮਹਿਸੂਸ ਕਰਦੇ ਹਾਂ। ਬਿਬੇਕ ਬੁੱਧ ਦਾ ਵਿੱਦਿਆ ਨਾਲ
ਵੀ ਕੋਈ ਰਿਸ਼ਤਾ ਨਹੀਂ ਹੈ। ਇੱਕ ਪੜਿਆ ਲਿਖਿਆ ਬੰਦਾ ਬਿਬੇਕ ਹੀਣ ਹੋ ਸਕਦਾ ਹੈ ਅਤੇ ਅਨਪੜ ਬੰਦਾ
ਬਿਬੇਕੀ ਹੋ ਸਕਦਾ ਹੈ। ਇਸ ਦਾ ਵਿਗਿਆਨ ਨਾਲ ਵੀ ਸਿੱਧਾ ਸਬੰਧ ਨਹੀਂ ਹੈ। ਇਹ ਜ਼ਰੂਰੀ ਨਹੀਂ ਹੈ ਕਿ
ਹਰ ਇੱਕ ਵਿਗਿਆਨੀ ਬਿਬੇਕੀ ਹੋਵੇ। ਵਿਗਿਆਨੀ ਵੀ ਦੂਸਰੇ ਇਨਸਾਨਾਂ ਦੀ ਤਰ੍ਹਾਂ ਲਿਵ ਅਤੇ ਧਾਤ ਦੇ ਦੋ
ਰਾਹਾਂ ਦੀ ਦੁਬਿਧਾ ਵਿੱਚ ਫਸੇ ਹੋਏ ਹਨ। ਇਸੇ ਕਰਕੇ ਵਿਗਿਆਨੀਆਂ ਵਿੱਚ ਵੀ ਚੰਗੇ ਮਾੜੇ ਬੰਦੇ ਅਕਸਰ
ਪਾਏ ਜਾਂਦੇ ਹਨ।
ਨਿਚੋੜ
ਸੋ ਆਖਰ ਵਿੱਚ ਆਪਾ ਇਹ ਨਿਚੋੜ ਕੱਢ ਸਕਦੇ ਹਾਂ ਕਿ ਗੁਰਬਾਣੀ ਅਨੁਸਾਰ ਨੇਕੀ
ਅਤੇ ਬਦੀ ਦੋਨੋਂ ਕਰਤਾਰ ਦਾ ਕੁਦਰਤ ਦੇ ਨਿਯਮਾਂ ਅਧੀਨ ਪੈਦਾ ਹੋਇਆ ਵਰਤਾਰਾ ਹੈ। ਜਿਵੇਂ ਜਿਵੇਂ
ਮਨੁੱਖ ਦੀ ਬਿਬੇਕ ਬੁਧ ਵਿਕਸਤ ਹੁੰਦੀ ਹੈ ਉਹ ਬਦੀ ਤੋਂ ਦੂਰ ਹੋ ਨੇਕੀ ਵਲ ਜਾਂਦਾ ਹੈ। ਨੇਕੀ ਤੋਂ
ਬਦੀ ਦਾ ਸਫਰ ਮਨਮੁੱਖ ਤੋਂ ਗੁਰਮੁਖ ਹੋਣ ਦਾ ਸਫਰ ਹੈ। ਇਸ ਦਾ ਕਿਸੇ ਵੀ ਧਰਮ ਨਾਲ ਕੋਈ ਵੀ ਸਬੰਧ
ਨਹੀਂ ਹੈ। ਇਸ ਦਾ ਕਿਸੇ ਕਿਸਮ ਦੀ ਵਿਦਿਆ ਨਾਲ ਸਬੰਧ ਨਹੀਂ ਹੈ। ਲੇਖ ਖਤਮ ਕਰਨ ਤੋਂ ਪਹਿਲਾਂ ਆਉ ਇਹ
ਵਿਚਾਰੀਏ ਕਿ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਮਿਲ ਗਏ ਹਨ ਜਾਂ ਨਹੀਂ। ਇਸ ਲੇਖ ਵਿੱਚ ਅਸੀਂ ਇਹ
ਸਮਝਿਆ ਹੈ ਕਿ
- ਹਰ ਇਨਸਾਨ ਨੂੰ ਨੇਕ ਬਣਨ ਦੀ ਪ੍ਰੇਰਣਾ ਉਸ ਦੀ ਬਿਬੇਕ ਬੁੱਧ ਤੋਂ ਮਿਲਦੀ ਹੈ।
- ਧਰਮੀਂ ਬੰਦੇ ਤੋਂ ਨੇਕ ਚਲਣ ਜਾਂ ਚੰਗੇ ਇਖਲਾਕ ਦੀ ਆਸ ਧਰਮ ਦੇ ਇਸ ਪ੍ਰਚਾਰ ਕਰਕੇ ਹੈ ਕਿ
ਸਿਰਫ ਧਰਮ ਹੀ ਬੰਦੇ ਨੂੰ ਨੇਕ ਬਣਾ ਸਕਦਾ ਹੈ। ਇਹ ਆਸ ਅਸਿੱਧੇ ਤੌਰ ਤੇ ਧਰਮ ਨੂੰ ਸਵਾਲ ਹੈ ਕਿ
ਤੇਰੇ ਪ੍ਰਚਾਰ ਦਾ ਸਬੂਤ ਕਿੱਥੇ ਹੈ।
- ਗੁਰਬਾਣੀ ਮੁਤਾਬਿਕ ਕੋਈ ਬੰਦਾ ਵੀ ਨਾਸਤਿਕ ਨਹੀਂ ਹੋ ਸਕਦਾ। ਇਸ ਕਰਕੇ ਨਾਸਤਿਕ ਕਹਾਉਂਦੇ
ਬੰਦੇ ਦਾ ਚੰਗਿਆਈ ਲਈ ਪ੍ਰੇਰਣਾ ਸਰੋਤ ਵੀ ਉਹੀ ਹੈ ਜੋ ਦੂਸਰੇ ਬੰਦਿਆ ਲਈ ਹੈ। ਇਸੇ ਕਰਕੇ
ਨਾਸਤਿਕ ਕਹਾਉਂਦੇ ਬੰਦਿਆਂ ਵਿੱਚ ਵੀ ਚੰਗੇ ਮੰਦੇ ਬੰਦੇ ਪਾਏ ਜਾਂਦੇ ਨੇ।
- ਨੇਕੀ ਅਤੇ ਬਦੀ ਦੀ ਸਰਵ ਪ੍ਰਮਾਣਿਤ ਪ੍ਰੀਭਾਸ਼ਾ ਵਿੱਚ ਅਗਰ ਕੋਈ ਸਾਡੀ ਮਦਦ ਕਰ ਸਕਦਾ ਹੈ
ਤਾਂ ਉਹ ਵਿਗਿਆਨ ਹੀ ਹੈ। ਵਿਗਿਆਨ ਹਰ ਇੱਕ ਤੇ ਇਕਸਾਰ ਲਾਗੂ ਹੁੰਦਾ ਹੈ ਜਦ ਕਿ "ਧਰਮ" ਵਿਤਕਰਾ
ਕਰਦਾ ਹੀ ਨਹੀ ਬਲਕਿ ਵਿਤਕਰੇ ਨੂੰ ਮਾਨਤਾ ਵੀ ਦਿੰਦਾ ਹੈ। ਪਰ ਬਿਬੇਕ ਬੁੱਧ ਸਾਨੂੰ ਇਹ ਵੀ
ਦੱਸਦੀ ਹੈ ਕਿ ਵਿਗਿਆਨ ਵੀ ਸਮੇ ਨਾਲ ਬਦਲਦਾ ਹੈ। ਸੋ ਸਾਨੂੰ ਹਮੇਸ਼ਾਂ ਅੱਖਾਂ ਖੋਲ ਕੇ ਤੁਰਨਾ
ਚਾਹੀਦਾ ਹੈ ਅਤੇ ਸਮੇ ਅੁਨਸਾਰ ਬਦਲਣਾ ਵੀ ਚਾਹੀਦਾ ਹੈ। ਦਰਅਸਲ ਸਾਡੇ ਕੋਲ ਹੋਰ ਕੋਈ ਰਸਤਾ ਵੀ
ਨਹੀਂ ਹੈ।
ਹਵਾਲੇ ਅਤੇ ਨੋਟ
ਇਸ ਲੇਖ ਵਿੱਚ ਮੇਰਾ ਧਰਮੀ ਬੰਦੇ ਤੋਂ ਭਾਵ ਹੈ ਉਹ ਵਿਅਕਤੀ ਜੋ ਕਿਸੇ ਵੀ ਮੌਜ਼ੂਦਾ ਧਰਮ
(ਈਸਾਈ, ਮੁਸਲਮਾਨ, ਹਿੰਦੂ, ਸਿੱਖ, ਬੋਧੀ ਇਤਿਆਦ) ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਉਸ ਦੇ
ਦੱਸੇ ਰਾਹ ਤੇ ਤੁਰਦਾ ਹੈ।
ਇਹ ਗੱਲ ਕਰਿਸਟੋਫਰ ਹਿਚਨਜ਼ ਨੇ ਆਪਣੀ ਕਿਤਾਬ "ਗਾਡ ਇਜ਼ ਨੌਟ ਗਰੇਟ" ਦੇ ਪੰਨਾ 222 ਤੇ
ਲਿਖੀ ਹੈ। ਪ੍ਰੋ ਏਅਰ ਜਿਸ ਨੂੰ ਲੋਕ ਪਿਆਰ ਨਾਲ "ਫ੍ਰੈਡੀ" ਵੀ ਕਹਿੰਦੇ ਸਨ ਬਰਤਾਨੀਆ ਦਾ ਇੱਕ
ਉੱਘਾ ਮਾਨਵਵਾਦੀ ਲੇਖਕ ਸੀ ਜਿਸ ਦੀ ਕਿਤਾਬ "ਲ਼ੈਂਗੂਇਜ਼, ਟਰੂਥ ਐਂਡ ਲਾਜ਼ਕ" ਬਹੁਤ ਹੀ ਮਕਬੂਲ
ਹੈ।
ਇਹ ਖਬਰ ਤੁਸੀਂ ਇਸ ਲਿੰਕ ਤੇ ਪੜ੍ਹ ਸਕਦੇ ਹੋ।
https://www.abc.net.au/4corners/guilty:-the-conviction-of-cardinal-pell/10869116
ਇਸ ਕਬੀਲੇ ਵਾਰੇ ਜਾਣਕਾਰੀ ਇਸ ਲਿੰਕ ਤੇ ਪੜ੍ਹ ਸਕਦੇ ਹੋ।
https://www.indiatimes.com/news/india/in-banchhada-community-of-madhya-pradesh-daughters-sisters-are-turned-into-prostitutes-for-money-341736.html
See Proverbs 13:24 (King James Trnsalation) It says like this.
: " He that spareth his rod hateth his son."
Quoted by Richaard Dawkins at page 302 of his book The God Delusion.
ਬੇਨਤੀ
ਮੇਰੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਲਿਖੇ ਹੋਰ ਲੇਖ ਅਤੇ ਗੁਰਬਾਣੀ ਦਾ ਅੰਗਰੇਜ਼ੀ ਵਿੱਚ ਉਲਥਾ
ਪੜ੍ਹਨ ਲਈ ਮੇਰੀ ਵੈੱਬ ਸਾਈਟ
www.understandingguru.com
ਤੇ ਤੁਹਾਡਾ ਤਹਿਦਿਲੋਂ ਸਵਾਗਤ ਹੈ।