ਰੱਬੀ
ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ
ਤਿਰਤਾਲੀਵਾਂ ਸਲੋਕ
ਵੀਰ ਭੁਪਿੰਦਰ
ਸਿੰਘ
43. ਤਿਰਤਾਲੀਵਾਂ ਸਲੋਕ -
ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥
ਤਿਹਿ ਨਰ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥43॥
ਜੋ ਮਨੁੱਖ ਰੱਬੀ ਗੁਣਾਂ ਨੂੰ ਆਪਣੇ ਵਿਹਾਰ ਵਿਚ ਹਰ ਪਲ ਜਿਊਂਣ ਲਗ ਪੈਂਦਾ ਹੈ ਉਸੇ ਨੂੰ ਮੁਕਤ ਸਮਝ
ਅੱਜ ਹੀ ਇੱਥੇ ਹੀ। ਜਿਊਂਦਿਆਂ ਮੁਕਤੀ ਦਾ ਸੰਕਲਪ ਜੇ ਇਕ ਵਾਰ ਦ੍ਰਿੜ ਹੋ ਜਾਏ ਤਾਂ ਮਰਨ ਮਗਰੋਂ
ਵਾਲੀ ਮੁਕਤੀ ਦੇ ਭੁਲੇਖੇ ਆਪੇ ਹੀ ਦੂਰ ਹੋ ਜਾਂਦੇ ਹਨ। ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ
ਜਾਨੈ ਕੋਇਲਾ ॥ (1292) ਮਰਨ ਮਗਰੋਂ ਮੁਕਤੀ ਨੂੰ ਕੋਈ ਨਹੀਂ ਜਾਣਦਾ। ਕਿਸੇ ਮਨੁੱਖ ਨੂੰ ਨਹੀਂ ਪਤਾ
ਕਿ ਮਰਨ ਮਗਰੋਂ ਕੀ ਹੁੰਦਾ ਹੈ! ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥ (93) ਮਰਨ
ਮਗਰੋਂ ਮੁਕਤੀ ਮਿਲਦੀ ਹੈ ਜਾਂ ਨਹੀਂ ਇਹ ਤਾਂ ਪਤਾ ਨਹੀਂ ਪਰ ਤੈਨੂੰ ਅੱਜ-ਹੁਣੇ ‘ਆਜੁ ਮਿਲਾਵਾ ਸੇਖ
ਫਰੀਦ’ ਮੁਕਤੀ ਸਿਖਾਈ ਜਾ ਰਹੀ ਹੈ, ਇਹ ਸਿੱਖ ਲੈ! ਜਿਨ੍ਹਾਂ ਨੂੰ ਅੱਜ ਵਾਲੀ ਮੁਕਤੀ ਦਾ ਸੰਕਲਪ
ਦ੍ਰਿੜ ਹੋ ਜਾਂਦਾ ਹੈ ਉਹ ਮਰਨ ਮਗਰੋਂ ਆਵਾਗਵਣ ਦੇ ਬਦਲੇ ਅੱਜ ਦੇ ਆਵਾਗਵਣ ਬਾਰੇ ਸੋਚਣਗੇ ਕਿ ਮੈਂ
ਆਵਾਗਵਣ ਵਿਚ ਨਹੀਂ ਪੈਣਾ, ਮੈਂ ਇਕਦਮ ਛਿੱਥੇ ਨਹੀਂ ਪੈਣਾ। ਮੈਂ ਕੁੱਤੇ, ਬਿੱਲੀ, ਹਾਥੀ ਦੀ ਜੂਨ
ਵਿਚ ਹੁਣੇ ਨਹੀਂ ਜਾਣਾ। ਮੈਂ ਹੰਕਾਰ ਨਹੀਂ ਕਰਨਾ। ਕੋਈ ਭਾਵੇਂ ਮੇਰੇ ਸਿਰ ਤੇ ਚੱੜ ਜਾਏ ਪਰ ਮੇਰੇ
ਅੰਦਰ ਨਹੀਂ ਜਾ ਸਕਦੇ। ਉੱਥੇ ਤਕ ਕੋਈ ਵੀ ਨਹੀਂ ਪਹੁੰਚ ਸਕਦਾ। ਉੱਥੇ ਤਾਂ ਕੇਵਲ ਮੇਰਾ ਸਤਿਗੁਰ ਹੀ
ਰਖਵਾਲਾ ਹੋ ਸਕਦਾ ਹੈ। ਅੰਦਰ ਦੀ ਗਲ ਚਲ ਰਹੀ ਹੈ ਬਾਹਰ ਦੀ ਗਲ ਨਹੀਂ ਚਲ ਰਹੀ ਹੈ।
ਸੋ ਜੋ ਮਨੁੱਖ ਮਨ ਕਰਕੇ ਰੱਬੀ ਗੁਣਾਂ ਨਾਲ ਜਿਊਂਦਾ ਹੈ ਉਹ ਜਿਊਂਦੇ-ਜੀ ਹੀ ਰੱਬ ਨਾਲ ਇਕਮਿਕ ਹੋ
ਜਾਂਦਾ ਹੈ।