ਮਾਇਆ
ਸੰਸਾਰ ਦੇ ਸਾਰੇ ਧਰਮ-ਗ੍ਰੰਥਾਂ ਵਿੱਚ ਮਾਇਆ ਦੇ ਸਿੱਧਾਂਤ ਦਾ ਬਹੁਤ
ਵਰਣਨ ਹੈ। ਹਰ ਗ੍ਰੰਥ ਵਿੱਚ ਮਾਇਆ ਅਤੇ ਇਸ ਦੇ ਸਿੱਧਾਂਤ ਨੂੰ ਵੱਖ ਵੱਖ ਨਜ਼ਰੀਏ ਨਾਲ ਵੇਖਿਆ ਜਾਂਦਾ
ਹੈ। ਸੰਪਰਦਾਇਕ ਧਰਮਾਂ ਦੇ ਭਿੰਨ ਭਿੰਨ ਗ੍ਰੰਥਾਂ ਵਿੱਚ ਇਸ ਸ਼ਬਦ (ਮਾਇਆ) ਦੇ ਅਰਥਾਂ ਵਿੱਚ
ਵੀ ਭਿੰਨਤਾ ਦੇਖੀ ਜਾ ਸਕਦੀ ਹੈ। ਵੱਖ ਵੱਖ ਪ੍ਰਸੰਗਾਂ ਵਿੱਚ ਵੀ ਇਸ ਗੁੰਝਲਦਾਰ ਪਦ (ਮਾਇਆ) ਦੇ ਅਰਥ
ਬਦਲਦੇ ਨਜ਼ਰ ਆਉਂਦੇ ਹਨ। ਦੁਨੀਆ ਦੇ ਤਕਰੀਬਨ ਸਾਰੇ ਧਰਮ-ਗ੍ਰੰਥਾਂ ਵਿੱਚ ਮਾਇਆ ਦੇ ਸੱਭ ਤੋਂ ਵੱਧ
ਪ੍ਰਵਾਣਿਤ ਅਤੇ ਪ੍ਰਚੱਲਿਤ ਅਰਥ ਹੇਠ ਲਿਖੇ ਹਨ:
ਧਨ-ਦੌਲਤ, ਸੋਨਾ-ਚਾਂਦੀ, ਹੀਰੇ ਮੋਤੀ ਆਦਿਕ ਕੀਮਤੀ ਪਦਾਰਥ ਅਤੇ ਸੰਪਤੀ,
ਮਲਕੀਯਤ ਜਾਂ ਮਿਲਖ-ਜਾਇਦਾਦ ਅਤੇ ਦਿਸਦਾ ਸੰਸਾਰ/ਦੁਨੀਆ……ਵਗੈਰਾ।
ਰਾਜਨੀਤਿਕ ਦਾਵ-ਪੇਚ, ਕੁਟਿਲ/ਕਪਟ ਨੀਤੀ ਦੀ ਚਾਲ ਅਤੇ ਦੁਸ਼ਟਤਾ ਆਦਿਕ।
ਹਿੰਦੂ ਮਤਿ
ਦੇ
ਗ੍ਰੰਥਾਂ ਅਨੁਸਾਰ,
ਧਨ-ਦੌਲਤ ਅਤੇ ਸੰਸਾਰਕ ਸੰਪਤੀ ਦੀ ਦੇਵੀ ਲਕਸ਼ਮੀ ਦਾ ਪ੍ਰਤੱਖ ਰੂਪ
ਮਾਇਆ ਹੈ।
ਭਾਰਤੀ ਮਿਥਿਹਾਸ ਮੁਤਾਬਿਕ, ਖੀਰਸਮੁੰਦਰ ਨੂੰ ਰਿੜਕਣ ਨਾਲ ਦੇਵਤਿਆਂ ਨੂੰ ਜੋ
ਚੌਦਾਂ ਰਤਨ ਮਿਲੇ, ਉਨ੍ਹਾਂ ਵਿੱਚੋਂ ਇੱਕ ਰਤਨ ਮਾਇਆ ਦੀ ਦੇਵੀ
ਲਕਸ਼ਮੀ
ਸੀ। ਇਸੇ ਲਈ ਗੁਰਬਾਣੀ ਵਿੱਚ ਇਸ ਨੂੰ
"ਸਾਇਰ ਕੀ ਪੁਤ੍ਰੀ"
ਕਿਹਾ ਗਿਆ ਹੈ:
ਸਾਇਰ ਕੀ ਪੁਤ੍ਰੀ ਪਰਹਰਿ ਤਿਆਗੀ ਚਰਨ ਤਲੈ ਵੀਚਾਰੇ॥ ਆਸਾ ਛੰਤ ਮ: ੧
ਸਾਇਰ ਕੀ ਪੁਤ੍ਰੀ ਬਿਦਾਰਿ ਗਵਾਈ॥ ਗਉੜੀ ਅ: ਮ: ੩
(ਸਇਰ: ਸਮੁੰਦਰ, ਸਾਗਰ। ਸਾਇਰ ਕੀ ਪੁਤ੍ਰੀ: ਸਮੁੰਦਰ
ਵਿੱਚੋਂ ਉਤਪੰਨ/ਪੈਦਾ ਹੋਈ ਪੁਤ੍ਰੀ/ਬੇਟੀ/ਧੀ)।
ਮਾਇਆਧਾਰੀ ਧਾਂਦਲੀਆਂ ਦਾ ਇਸ਼ਟ ਲਕਸ਼ਮੀ ਦੇਵੀ ਹੈ। ਲਕਸ਼ਮੀ ਦੇਵੀ ਦੀ
ਪੂਜਾ-ਅਰਚਾ ਵਾਸਤੇ ਅਨੇਕ ਕਾਲਪਨਿਕ ਚਿਤਰ/ਮੂਰਤੀਆਂ ਬਣਾ ਲਈਆਂ ਗਈਆਂ ਹਨ ਅਤੇ ਬਾਜ਼ਾਰਾਂ ਵਿੱਚ ਮਾਇਆ
ਦੇ ਮੁੱਲ ਨਾਲ ਹੀ ਆਮ ਮਿਲਦੀਆਂ ਹਨ। ਲਕਸ਼ਮੀ ਦੇਵੀ ਦੇ ਮੰਦਿਰਾਂ ਵਿੱਚ ਲਕਸ਼ਮੀ ਦੇਵੀ ਦੀਆਂ ਮੂਰਤੀਆਂ
ਸਥਾਪਿਤ ਕੀਤੀਆਂ ਹੋਈਆਂ ਹਨ, ਜਿੱਥੇ ਮਾਇਆ ਦੇ ਅਭਿਲਾਸ਼ੀ ਲੋਕ ਉਨ੍ਹਾਂ ਦੀ ਪੂਜਾ ਕਰਨ ਜਾਂਦੇ ਹਨ।
ਮਇਆ-ਮੂਠੇ ਵਪਾਰੀਆਂ ਦੇ ਘਰਾਂ ਅਤੇ ਦੁਕਾਨਾਂ ਵਿੱਚ ਵੀ ਲਕਸ਼ਮੀ ਦੇਵੀ ਦੀਆਂ ਮੂਰਤੀਆਂ ਰੱਖੀਆਂ
ਹੁੰਦੀਆਂ ਹਨ। ਉਹ ਉਸ ਦੀ ਪੂਰੀ ਸ਼੍ਰੱਧਾ ਅਤੇ ਨੇਮ ਨਾਲ ਪੂਜਾ-ਭਗਤੀ ਕਰਦੇ ਹਨ!
ਕੁਬੇਰ: ਮਿਥਿਹਾਸ ਮੁਤਾਬਿਕ, ਕੁਬੇਰ ਦੇਵਤਿਆਂ ਦੇ ਅਥਾਹ ਖ਼ਜ਼ਾਨੇ ਦਾ
ਖ਼ਜ਼ਾਨਚੀ/ਮਾਲਿਕ ਸੀ। ਕਈ ਮਾਇਆਧਾਰੀ ਲੋਕ, ਲਕਸ਼ਮੀ ਦੇਵੀ ਵਾਂਙ, ਕੁਬੇਰ ਨੂੰ ਧਨ-ਦੌਲਤ ਦਾ ਦੇਵਤਾ
ਮੰਨ ਕੇ ਉਸ ਦੀ ਵੀ ਪੂਜਾ ਕਰਦੇ ਹਨ। (ਕੁਬੇਰ: ਕੁ: ਭੱਦਾ, ਘ੍ਰਿਣਤ, ਕੋੜ੍ਹੀ; ਬੇਰ:
ਜਿਸਮ, ਸਰੀਰ, ਦੇਹ। ਕੁਬੇਰ: ਭੱਦੇ ਤੇ ਭ੍ਰਸ਼ਟ ਸਰੀਰ ਵਾਲਾ।)
(
ਨੋਟ:-
ਗੁਰਬਾਣੀ ਵਿੱਚ ਕੁਬੇਰ ਦਾ ਜ਼ਿਕਰ ਨਹੀਂ ਹੈ। ਪਰੰਤੂ, ਅਖੌਤੀ ਦਸਮ ਗ੍ਰੰਥ/ਬਿਚਿਤ੍ਰ ਨਾਟਕ ਵਿੱਚ ਇਸ
ਮਿਥਿਹਾਸਿਕ ਪਾਤ੍ਰ ਦਾ ਵਰਣਨ ਹੈ!)
ਅੰਗਰੇਜ਼ੀ ਵਿੱਚ ਮਾਇਆ ਦਾ ਸਮਾਨਾਰਥੀ ਸ਼ਬਦ ਹੈ: ਮੈਮਅਨ
(mammon),
ਜਿਸ ਦੇ ਅਰਥ ਹਨ: ਮਾਲ, ਧਨ, ਦੌਲਤ, ਸੰਪਤੀ…।
ਉਪਰੋਕਤ ਅਰਥਾਂ ਤੋਂ ਬਿਨਾਂ, ਸਿੱਧਾਂਤਿਕ ਦ੍ਰਿਸ਼ਟੀਕੋਣ ਤੋਂ, ਮਾਇਆ
ਸ਼ਬਦ ਦੇ ਕਈ ਹੋਰ ਅਰਥ ਵੀ ਕੀਤੇ ਜਾਂਦੇ ਹਨ, ਜਿਵੇਂ: ਮਿਥਿਆ, ਅਵਾਸਤਵਿਕਤਾ, ਭ੍ਰਮ-ਭ੍ਰਾਂਤੀ,
ਧੋਖਾ, ਜਅਲਸਾਜ਼ੀ, ਛਲ-ਕਪਟ; ਜਾਦੂ-ਟੂਣਾ, ਇੰਦ੍ਰਜਾਲ; ਬਿੰਬ, ਕਲਪਨਾਸ੍ਰਿਸ਼ਟੀ, ਮਨੋ-ਲੀਲਾ,
ਛਾਯਾ-ਮਾਯਾ ਅਤੇ ਮਾਯਾਮਰਿਗ ਅਥਵਾ ਮ੍ਰਿਗਤ੍ਰਿਸ਼ਨਾ ਆਦਿਕ।
ਝੂਠ ਨੂੰ ਸੱਚ ਮੰਨ ਲੈਣਾ ਅਥਵਾ ਮਿੱਥਿਆ ਨੂੰ ਯਥਾਰਥ ਸਮਝਣਾ ਮਾਇਆ
ਹੈ।
ਮਾਇਆ ਅਬਿੱਦਿਆ, ਬਿਬੇਕਹੀਣਤਾ ਅਤੇ ਅਗਿਆਨਤਾ ਦੀ ਸੂਚਕ ਹੈ। ਅਵਿੱਦਿਆ ਅਤੇ
ਅਗਿਆਨਤਾ ਇੱਕ ਪ੍ਰਕਾਰ ਨਾਲ ਮਾਇਆ ਦਾ ਹੀ ਪਰਛਾਵਾਂ ਹਨ।
ਮਾਇਆ ਮਨੁੱਖ ਦੇ ਮਨ ਵਿੱਚ ਪ੍ਰਭੂ ਵਾਸਤੇ ਸੱਚੇ ਦ੍ਰਿੜ ਵਿਸ਼ਵਾਸ ਦੀ ਅਣਹੋਂਦ
ਦਾ ਕਾਰਣ ਹੈ।
ਮਾਈ ਮਾਇਆ
ਨੂੰ
ਅੰਧਵਿਸ਼ਵਾਸ ਦੀ ਜਨਨੀ ਵੀ
ਕਹਿੰਦੇ ਹਨ। ਇਸ ਨੂੰ ਗਿਆਨਹੀਣਤਾ ਅਥਵਾ ਅਪ੍ਰਤੀਤੀ ਵੀ ਕਿਹਾ ਜਾਂਦਾ ਹੈ। ਜੋ ਵਸਤੂ ਨਾ ਹੋਣ
`ਤੇ ਵੀ ਹੋਣ ਵਾਲੀ ਵਸਤੂ ਜਿਹੀ ਪ੍ਰਤੀਤ ਹੋਵੇ ਅਤੇ ਜੋ ਵਸਤੂ ਹੋਣ `ਤੇ ਵੀ ਉਹੋ ਜਿਹੀ ਨਾ ਲੱਗੇ,
ਉਸ ਨੂੰ ਪਰਮਾਤਮਾ ਦੀ ਮਾਇਆ ਸਮਝਣਾ ਚਾਹੀਦਾ ਹੈ।
ਸਰੀਰ ਜਾਂ ਇੰਦ੍ਰੀਆਂ ਨੂੰ ਆਤਮਾ ਸਮਝ ਲੈਣਾ, ਹਨੇਰੇ ਵਿੱਚ ਰੱਸੀ ਨੂੰ ਸੱਪ
ਸਮਝਣ ਵਾਂਙ, ਭਰਮ-ਭੁਲੇਖਾ, ਮਿਥਿਆ ਗਿਆਨ ਜਾਂ ਮਾਇਆ ਹੈ।
ਗੁਰਬਾਣੀ ਵਿੱਚ ਮਾਇਆ ਪਦ ਦਾ ਪ੍ਰਯੋਗ ਉਕਤ, ਲਗ ਪਗ, ਸਾਰੇ ਅਰਥਾਂ
ਵਿੱਚ ਕੀਤਾ ਮਿਲਦਾ ਹੈ।
ਗੁਰੁਫ਼ਲਸਫ਼ੇ
ਮੁਤਾਬਿਕ,
ਸ੍ਰਿਸ਼ਟੀ ਦੀਆਂ ਸਾਰੀਆਂ ਦ੍ਰਿਸ਼ਟ-ਅਦ੍ਰਿਸ਼ਟ, ਚਲ-ਅਚਲ ਅਤੇ ਜੜ-ਚੇਤਨ ਹੋਂਦਾਂ
ਤ੍ਰੈਗੁਣੀ ਮਾਇਆ
ਦਾ ਹੀ ਪ੍ਰਤਿਬਿੰਬ ਜਾਂ ਪ੍ਰਗਟਾਵਾ ਹਨ।
ਮਾਇਆ
ਦੇ ਤਿੰਨ ਗੁਣ
ਹਨ: ਪਹਿਲਾ, ਸਤੋ
ਗੁਣ: ਇਸ ਦਾ ਸੰਬੰਧ ਮਨ ਦੇ ਭਲੇ ਪੱਖ
ਅਰਥਾਤ ਪੁੰਨ ਮੰਨੇ ਜਾਂਦੇ ਕਰਮਾਂ ਅਥਵਾ ਨੈਤਿਕ ਗੁਣਾਂ ਨਾਲ ਹੈ। ਸਤੋ ਗੁਣ ਦੇ
ਲੱਛਣ ਹਨ: ਦਾਨ-ਪੁੰਨ, ਮਿਹਰ/ਦਯਾ, ਸਬਰ-ਸੰਤੋਖ, ਖਿਮਾ, ਸਹਿਨਸ਼ੀਲਤਾ, ਸ਼ਾਂਤੀ ਅਤੇ
ਖ਼ੁਸ਼ੀ ਆਦਿਕ। ਦੂਜਾ,
ਰਜੋ ਗੁਣ: ਮਾਇਆ ਦੇ ਇਸ ਗੁਣ ਦਾ ਸੰਬੰਧ
ਮਨੁੱਖਾ ਮਨ ਦੇ ਬੁਰੇ ਪੱਖ ਨਾਲ ਹੈ। ਕਾਮ, ਕ੍ਰੋਧ, ਲਬ-ਲੋਭ, ਮੋਹ ਅਤੇ ਹਉਮੈਂ-ਹੰਕਾਰ ਆਦਿ ਵਿਕਾਰ
ਅਤੇ ਇਨ੍ਹਾਂ ਵਿਕਾਰਾਂ ਦੇ ਪ੍ਰਭਾਵ ਹੇਠ ਕੀਤੇ ਜਾਂਦੇ ਪਾਪ-ਕਰਮ ਰਜੋ ਗੁਣ ਦੇ ਲੱਛਣ ਹਨ। ਮਾਇਆ
ਦਾ ਤੀਜਾ ਗੁਣ ਹੈ,
ਤਮੋ ਗੁਣ। ਤਮ
ਦੇ ਅਰਥ ਹਨ: (ਅਗਿਆਨ-) ਅੰਧੇਰਾ ਅਤੇ ਇਸ ਅੰਧੇਰੇ ਵਿੱਚ ਕੀਤੇ ਜਾਂਦੇ ਦੁਸ਼ਕਰਮ; ਅਵਿੱਦਿਆ,
ਮੂੜ੍ਹਤਾ ਅਤੇ ਉਜੱਡਤਾ ਆਦਿਕ।
ਮਾਇਆ ਉਪਰੋਕਤ ਤਿੰਨ ਗੁਣਾਂ ਦੇ ਮੇਲ ਨਾਲ ਬਣੀ ਇੱਕ ਅਥਾਹ, ਅਸੀਮ ਅਤੇ
ਵਿਨਾਸ਼ਕ ਸ਼ਕਤੀ ਹੈ, ਜੋ ਸਾਰੇ ਜਗਤ ਉੱਤੇ ਮਾਰੂ ਵੇਲ ਵਾਂਙ ਛਾਈ ਹੋਈ ਹੈ:
ਰਜਗੁਣ ਤਮਗੁਣ ਸਤਗੁਣ ਕਹੀਐ ਤੇਰੀ ਸਭ ਮਾਇਆ॥ ਕੇਦਾਰਾ ਕਬੀਰ ਜੀ
ਤੇਰੇ ਤੀਨਿ ਗੁਣਾਂ ਸੰਸਾਰਿ ਸਮਾਵਹਿ ਅਲਖੁ ਨ ਲਖਣਾ ਜਾਈ ਰੇ॥ …ਗਉੜੀ ਮ: ੧
ਰਜ ਤਮ ਸਤ ਕਲ ਤੇਰੀ ਛਾਇਆ॥ ਜਨਮ ਮਰਣ ਹਉਮੈ ਦੁਖੁ ਪਾਇਆ॥
ਜਿਸ ਨੋ ਕ੍ਰਿਪਾ ਕਰੇ ਹਰਿ ਗੁਰਮੁਖਿ ਗੁਣਿ ਚਉਥੈ ਮੁਕਤਿ ਕਰਾਇਦਾ॥ ਮਾਰੂ
ਸੋਲਹੇ ਮ: ੧
(ਕਲ: ਕੁਦਰਤ, ਸ਼ਕਤੀ। ਛਾਇਆ: ਸਾਇਆ, ਸਹਾਰਾ, ਰੱਖਿਆ।)
ਮਾਇਆ ਦੇ ਇਨ੍ਹਾਂ ਤਿੰਨਾਂ ਹੀ ਗੁਣਾਂ ਦਾ ਸੰਬੰਧ ਮਨੁੱਖ ਦੇ ਸਰੀਰ, ਸੰਸਾਰਕ
ਸੋਚ, ਪਦਾਰਥਕ ਜਗਤ, ਦੁਨਿਆਵੀ ਜ਼ਿੰਦਗੀ ਅਤੇ ਮਨ ਨਾਲ ਹੈ। ਅਧਿਆਤਮਿਕ ਜੀਵਨ ਨਾਲ ਮਾਇਆ ਦਾ ਸੰਬੰਧ
ਕਤਈ ਨਹੀਂ ਹੈ।
ਗੁਰਮਤਿ ਅਨੁਸਾਰ, ਮਨੁੱਖ ਦਾ ਜੀਵਨ-ਮਨੋਰਥ ਮਾਇਆ ਦੇ ਇਨ੍ਹਾਂ ਤਿੰਨਾਂ
ਗੁਣਾਂ ਤੋਂ ਉਚੇਰਾ ਉੱਠ ਕੇ ਚੌਥੇ ਪਦ ਜਿਸ ਨੂੰ ਸਚਿ ਖੰਡ, ਅਰਸ਼ੀ ਮੰਡਲ, ਪਰਮ ਪਦ ਜਾਂ ਤੁਰੀਆ
ਅਵਸਥਾ ਵੀ ਕਹਿੰਦੇ ਹਨ, ਵਿੱਚ ਵਿਚਰਨਾ ਹੈ।
ਤ੍ਰਿਬਿਧਿ ਮਨਸਾ ਤ੍ਰਿਬਿਧਿ ਮਾਇਆ॥ ਪੜਿ ਪੜਿ ਪੰਡਿਤ ਮੋਨੀ ਥਕੇ
ਚਉਥੇ ਪਦ ਕੀ ਸਾਰ ਨ ਪਾਵਣਿਆ॥ ਮਾਝ ਮ: ੩
ਤ੍ਰੈਗੁਣ ਬਾਣੀ ਬੇਦ ਬੀਚਾਰੁ॥ ਬਿਖਿਆ ਮੈਲੁ ਬਿਖਿਆ ਵਾਪਾਰੁ॥
ਮਰਿ ਜਨਮਹਿ ਫਿਰਿ ਹੋਹਿ ਖੁਆਰੁ॥ ਗੁਰਮੁਖਿ ਤੁਰੀਆ ਗੁਣੁ ਉਰਿਧਾਰੁ॥
੪॥ ਮਲਾਰ ਮ: ੩
ਤ੍ਰੈ ਗੁਣ ਮਾਇਆ ਮੋਹ ਪਸਾਰਾ ਸਭ ਵਰਤੈ ਆਕਾਰੀ॥
ਤੁਰੀਆ ਗੁਣੁ ਸਤ ਸੰਗਤਿ ਪਾਈਐ ਨਦਰੀ ਪਾਰਿ ਉਤਾਰੀ॥ ਮਲਾਰ ਮ: ੩
(ਨੋਟ:-
ਆਪਣੀ ਮਨਮਤਿ ਦੇ ਮੁਹਤਾਜ, ਜਿਹੜੇ
‘ਵਿਦਵਾਨ’ ਸਮਾਜਿਕ ਵਾਦਾਂ ਅਤੇ ਲਹਿਰਾਂ ਨੂੰ ਗੁਰਮਤਿ ਵਿੱਚ ਘਸੋੜਦੇ ਹਨ, ਉਨ੍ਹਾਂ ਨੂੰ ਆਪਣੇ ਖੋਟੇ
ਮਨ ਅਤੇ ਹਉਮੈਂ- ਯੁਕਤ ਗੰਧਲੇ ਦਿਮਾਗ਼ ਨੂੰ ਗੁਰਬਾਣੀ/ਗੁਰਮਤਿ ਦੇ ਨਿਰਮਲ ਜਲ ਨਾਲ ਖੰਘਾਲਨ ਦੀ ਲੋੜ
ਹੈ!)
ਗੁਰਮਤਿ ਅਨੁਸਾਰ, ਸ੍ਰਿਸ਼ਟੀ, ਤ੍ਰਿਭਵਨ ਅਤੇ ਮਿਥਿਆ ਸੰਸਾਰ ਦੇ ਸਾਰੇ
ਇਤਿਹਾਸਕ ਤੇ ਮਿਥਿਹਾਸਕ ਪਾਤ੍ਰ, ਇੱਥੋਂ ਤਕ ਕਿ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਜਾਂ ਸ਼ਿਵ ਵੀ ਮਾਇਆ
ਦੇ ਤ੍ਰੈ ਗੁਣਾਂ (ਸਤ, ਰਜ, ਅਤੇ ਤਮ) ਦੀ ਹੀ ਦੇਣ ਹਨ। ਸੰਪਰਦਾਈ ਧਰਮਾਂ ਦੇ ਗ੍ਰੰਥ ਅਤੇ
ਧਰਮ-ਸਥਾਨਾਂ ਦੇ ਪੁਜਾਰੀ ਅਤੇ ਪੈਰੋਕਾਰ ਆਦਿਕ ਵੀ ਮਾਇਆ-ਮੋਹ ਦੀ ਮਾਰੂ ਮਾਰ ਦੇ ਪ੍ਰਭਾਵ ਹੇਠ
ਵਿਚਰਦੇ ਹਨ:
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥
ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥ ਜਪੁ ਮ: ੧
(ਮਾਈ:
ਮਾਂ ਮਾਇਆ।
ਤਿਨਿ ਚੇਲੇ: ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ।)
ਮਾਇਆ ਮੋਹੇ ਦੇਵੀ ਸਭਿ ਦੇਵਾ॥ ਗਉੜੀ ਅ: ਮ: ੧
ਸੋਹਾਗਨਿ ਭਵਨ ਤ੍ਰੈ ਲੀਆ॥ ਦਸ ਅਠ ਪੁਰਾਣ ਤੀਰਥ ਰਸ ਕੀਆ॥
ਮਾਇਆ ਅੰਤਰਿ ਭੀਨੇ ਦੇਵ॥ ਸਾਗਰ ਇੰਦ੍ਰਾ ਅਰੁ ਧਰਤੇਵ॥
ਕਹਿ ਕਬੀਰ ਜਿਸੁ ਉਦਰੁ ਤਿਸੁ ਮਾਇਆ॥ ਤਬ ਛੂਟੈ ਜਬ ਸਾਧੂ ਪਾਇਆ॥ ਭੈਰਉ ਕਬੀਰ
ਜੀ
ਬ੍ਰਹਮਾ ਬਿਸਨੁ ਮਹੇਸਰ ਬੇਧੇ॥ ਬਡੇ ਭੂਪਤਿ ਰਾਜੇ ਹੈ ਛੇਧੇ॥ … ਗੌਂਡ ਕਬੀਰ
ਜੀ
ਸੁਰਿ ਨਰ ਗਣ ਗੰਧ੍ਰਬ ਜਿਨਿ ਮੋਹੇ ਤ੍ਰਿਭਵਣ ਮੇਖੁਲੀ ਲਾਈ॥ ਸਿਰੀ ਰਾਗੁ
ਕਬੀਰ ਜੀ
ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ॥ ਮਾਰੂ ਸੋਲਹੇ ਮ: ੧
(ਮੇਖੁਲੀ: (ਮਾਇਆ ਦੀ) ਤੜਾਗੀ, ਬੰਧਨ।)
ਤ੍ਰੈਗੁਣ ਬਾਣੀ ਬ੍ਰਹਮ ਜੰਜਾਲਾ॥ ਪੜਿ ਵਾਦੁ ਵਖਾਣਹਿ ਸਿਰਿ ਮਾਰੇ ਜਮ ਕਾਲਾ॥
ਗਉੜੀ ਅਸ: ਮ: ੩
ਮਾਇਆ ਮੋਹਿ ਸਭੁ ਜਗਤੁ ਉਪਾਇਆ॥ ਬ੍ਰਹਮਾ ਬਿਸਨੁ ਦੇਵ ਸਬਾਇਆ॥
ਜੋ ਤੁਧੁ ਭਾਣੇ ਸੇ ਨਾਮਿ ਲਾਗੇ ਗਿਆਨ ਮਤੀ ਪਛਾਤਾ ਹੇ॥ ਮਾਰੂ ਸੋਲਹੇ ਮ: ੩
ਬ੍ਰਹਮਾ ਬਿਸਨੁ ਮਹਾਦੇਉ ਤ੍ਰੈਗੁਣ ਭੁਲੇ ਹਉਮੈ ਮੋਹ ਵਧਾਇਆ॥
ਪੰਡਿਤ ਪੜਿ ਪੜਿ ਮੋਨੀ ਭੁਲੇ ਦੂਜੈ ਭਾਇ ਚਿਤੁ ਲਾਇਆ॥
ਜੋਗੀ ਜੰਗਮ ਸੰਨਿਆਸੀ ਭੁਲੇ ਵਿਣੁ ਗੁਰ ਤਤੁ ਨ ਪਾਇਆ॥
ਮਨਮੁਖ ਦੁਖੀਏ ਸਦਾ ਭਰਮਿ ਭੁਲੇ ਤਿਨੀੑ ਬਿਰਥਾ ਜਨਮੁ ਗਵਾਇਆ॥
ਨਾਨਕ ਨਾਮਿ ਰਤੇ ਸੇਈ ਜਨ ਸਮਧੇ ਜਿ ਆਪੇ ਬਖਸਿ ਮਿਲਾਇਆ॥ ਸਲੋਕ ਮ: ੩
ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ॥
ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ॥ ਸੂਹੀ ਮ: ੪
ਏਹੁ ਸਰੀਰੁ ਹੈ ਤ੍ਰੈਗੁਣ ਧਾਤੁ॥ ਇਸ ਨੋ ਵਿਆਪੈ ਸੋਗ ਸੰਤਾਪ॥
ਐਸੀ ਇਸਤ੍ਰੀ ਇੱਕ ਰਾਮਿ ਉਪਾਈ॥ ਉਨਿ ਸਭੁ ਜਗੁ ਖਾਇਆ ਹਮ ਗੁਰਿ ਰਾਖੇ ਮੇਰੇ
ਭਾਈ॥ ਰਹਾਉ॥
ਪਾਇ ਠਉਗਲੀ ਸਭੁ ਜਗੁ ਜੋਹਿਆ॥ ਬ੍ਰਹਮਾ ਬਿਸਨੁ ਮਹਾਦੇਉ ਮੋਹਇਆ॥
ਗੁਰਮੁਖਿ ਨਾਮਿ ਲਗੇ ਸੇ ਸੋਹਿਆ॥ ੨॥ ਰਾਗੁ ਆਸਾ ਮ: ੫
ਸਮੁੱਚੀ ਸ੍ਰਿਸ਼ਟੀ ਵਿੱਚ ਵਿਆਪਕ ਮਨਮੋਹਕ ਮਾਇਆ ਅਤੇ ਇਸ ਦੇ ਬੇਹਦ ਗੁੰਝਲਦਾਰ
ਵਰਤਾਰੇ ਨੂੰ ਮਿੱਟੀ ਦੇ ਪੁਤਲੇ ਮਨੁੱਖ ਵਾਸਤੇ ਸਮਝਣਾ ਨਾਮੁਮਕਿਨ ਹੈ! ਮਾਇਆ ਦਾ ਰਹੱਸ ਇੱਕ ਗੂੜ੍ਹ
ਪਹੇਲੀ ਹੈ ਜਿਸ ਨੂੰ ਸਮਝਣਾ ਮਾਇਆਮੂਠੇ (ਅ) ਗਿਆਨੀਆਂ ਦੇ ਵੱਸ ਦੀ ਗੱਲ ਨਹੀਂ। ਮਾਇਆ ਦੇ ਭ੍ਰਮਾਊ
ਅਤੇ ਉਲਝਾਊ ਵਰਤਾਰੇ ਨੂੰ ਮਾਇਆ ਦਾ ਕਰਤਾ ਅਤੇ ਮਾਲਿਕ ਪ੍ਰਭੂ ਆਪ ਹੀ ਸਮਝ ਸਕਦਾ ਹੈ:
ਮਾਇਆ ਮਮਤਾ ਮੋਹਣੀ ਜਿਨਿ ਕੀਤੀ ਸੋ ਜਾਣ॥ ਰਾਗੁ ਰਾਮਕਲੀ ਓਅੰਕਾਰ ਮ: ੧
ਮਾਇਆ ਦਾ ਕਰਤਾ ਅਤੇ ਮਾਲਿਕ ਭਾਵੇਂ ਪ੍ਰਭੂ ਆਪ ਹੀ ਹੈ, ਪਰੰਤੂ ਸਿੱਧਾਂਤਿਕ
ਦ੍ਰਿਸ਼ਟੀਕੋਣ ਤੋਂ, ਸਿਰਜਨਹਾਰ ਕਰਤਾਰ ਅਤੇ ਮਾਇਆ ਦੋ ਵਿਰੋਧੀ ਸ਼ਕਤੀਆਂ ਹਨ। ਕਰਤਾਰ
"ਗਿਆਨ ਰਾਉ" ਹੈ; ਇਸ ਦੇ ਉਲਟ, ਮਾਇਆ ਗਿਆਨ ਦੀ ਦੋਖੀ ਅਤੇ ਅਗਿਆਨ-ਅੰਧੇਰੇ ਦੀ ਜਨਨੀ ਹੈ।
ਕ੍ਰਿਪਾਲੂ ਕਰਤਾਰ ਕਲਿਆਣਕਾਰੀ ਹੈ; ਇਸ ਦੇ ਵਿਪ੍ਰੀਤ, ਦੁਸ਼ਟੀ ਮਾਇਆ ਵਿਨਾਸ਼ਕ ਸ਼ਕਤੀ ਹੈ।
ਬਿਖੁ ਅੰਮ੍ਰਿਤੁ ਕਰਤਾਰਿ ਉਪਾਏ॥ ਸੰਸਾਰ ਬਿਰਖ ਕਉ ਦੁਇ ਫਲ ਲਾਏ॥
ਆਪੇ ਕਰਤਾ ਕਰੇ ਕਰਾਏ॥ ਜੋ ਤਿਸੁ ਭਾਵੈ ਤਿਸੈ ਖਵਾਏ॥ ਬਸੰਤ ਮ: ੩
(ਬਿਖੁ: ਮਾਇਆ ਰੂਪੀ ਜ਼ਹਿਰ ਜੋ ਮਨ/ਆਤਮਾ ਦੀ ਮੌਤ ਦਾ ਕਾਰਣ ਬਣਦੀ
ਹੈ। ਅੰਮ੍ਰਿਤ: ਆਤਮਾ ਨੂੰ ਸਜੀਵ ਰੱਖਣ ਵਾਲਾ ਹਰਿਨਾਮ ਰੂਪੀ ਜਲ ਅੰਮ੍ਰਿਤ।)
ਮਾਇਆ ਮਮਤਾ ਕਰਤੈ ਲਾਈ॥ ਏਹੁ ਹੁਕਮੁ ਕਰਿ ਸ੍ਰਿਸਟਿ ਉਪਾਈ॥
ਗੁਰ ਪਰਸਾਦੀ ਬੂਝਹੁ ਭਾਈ॥ ਸਦਾ ਰਹਹੁ ਹਰਿ ਕੀ ਸਰਣਾਈ॥ ੨॥ ਮਲਾਰ ਮ: ੩
ਐਸੀ ਇਸਤ੍ਰੀ ਇੱਕ ਰਾਮਿ ਉਪਾਈ॥ ਉਨਿ ਸਭੁ ਜਗੁ ਖਾਇਆ ਹਮ ਗੁਰਿ ਰਾਖੇ ਮੇਰੇ
ਭਾਈ॥ ਆਸਾ ਮ: ੫
ਮਾਖੀ ਰਾਮ ਕੀ ਤੂ ਮਾਖੀ॥ ਜਹ ਦੁਰਗੰਧ ਤਹਾ ਤੂ ਬੈਸਹਿ ਮਹਾ ਬਿਖਿਆ ਮਦ
ਚਾਖੀ॥ ਸਰਗ ਮ: ੫
ਆਓ! ਹੁਣ, ਗੁਰਬਾਣੀ ਦੇ ਆਧਾਰ `ਤੇ, ਤ੍ਰੈਗੁਣੀ ਮਾਇਆ ਦੇ ਲੱਛਣਾ ਅਤੇ
ਮਨੁੱਖ ਦੇ ਸੰਸਾਰਕ ਜੀਵਨ ਅਤੇ ਮਨ ਉੱਤੇ ਪੈਂਦੇ ਇਸ ਦੇ ਮੰਦੇ ਅਤੇ ਆਤਮਾ ਲਈ ਘਾਤਿਕ ਅਤੇ ਬੁਰੇ
ਪ੍ਰਭਾਵਾਂ ਦੀ ਸੁਵਿਸਤਾਰ ਵਿਚਾਰ ਕਰੀਏ:
ਮਿਥਿਆ ਮਇਆ ਅਨੇਕ ਮਨਮੋਹਕ ਰੂਪ ਧਾਰ ਕੇ ਮਨੁੱਖ ਨੂੰ ਛਲਦੀ
ਹੈ। ਪਤੀ, ਪਤਨੀ, ਪੁੱਤਰ, ਭਰਾ, ਸਕੇ-ਸਨਬੰਧੀ, ਮਿੱਤਰ, ਜਵਾਨੀ, ਸਰੀਰਕ ਸੁੰਦਰਤਾ, ਧਨ-ਮਾਲ,
ਸੰਪਤੀ ਜਾਂ ਜਾਇਦਾਦ ਦੀ ਮਾਲਿਕੀ, ਉਹਦਾ, ਰੁਤਬਾ, ਕੁਰਸੀ/ਗੱਦੀ ਅਤੇ ਦੁਨਿਆਵੀ ਤਖ਼ਤ ਦੀ ਅਭਿਲਾਸ਼ਾ
…ਵਗ਼ੈਰਾ ਵਗ਼ੈਰਾ ਛਲਨੀ ਮਾਇਆ ਦਾ ਸਾਕਸ਼ਾਤ ਰੂਪ ਹੀ ਹਨ। ਇਸ ਤੱਥ ਦੀ ਝਲਕ ਗੁਰਬਾਣੀ ਦੇ ਕਈ ਸ਼ਬਦਾਂ
ਅਤੇ ਤੁਕਾਂ ਵਿੱਚ ਵੇਖੀ ਜਾ ਸਕਦੀ ਹੈ:
ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਨ ਘਰ ਨਾਰਿ॥
ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ॥
ਮੋਹ ਠਗਉਲੀ ਹਉ ਮੁਈ ਸਾ ਵਰਤੈ ਸੰਸਾਰਿ॥ ਸਿਰੀ ਰਾਗੁ ਅਸ: ਮ: ੧
ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕੁ॥
ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ॥ ਜਿਨਿ ਕੀਤਾ ਤਿਸਹਿ ਨ ਜਾਣਈ ਮਨਮੁਖ
ਪਸੁ ਨਾਪਾਕ॥ ਸਿਰੀ ਰਾਗੁ ਮ: ੫
ਗੁਰੂ ਨਾਨਕ ਦੇਵ ਜੀ ਮਾਇਆ ਦੇ ਇਸ ਗੁੱਝੇ ਛਲਾਵੇ ਨੂੰ ਆਪਣੇ ਰਚੇ ਇੱਕ ਸਲੋਕ
ਵਿੱਚ ਅਭਿਵਿਅਕਤ ਕਰਦੇ ਹੋਏ ਲਿਖਦੇ ਹਨ:
ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ॥ ਕੂੜੁ ਮੰਡਪ ਕੂੜੁ ਮਾੜੀ ਕੂੜੁ
ਬੈਸਣਹਾਰੁ॥ ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨਣਹਾਰੁ॥ ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ
ਅਪਾਰੁ॥ ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ॥ ਕੂੜਿ ਕੂੜੇ ਨੇਹੁ ਲਗਾ ਵਿਸਰਿਆ ਕਰਤਾਰੁ॥ ਕਿਸੁ
ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ॥ ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ॥ ਨਾਨਕੁ
ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ॥ ਸਲੋਕ ਮ: ੧
ਗੁਰੂ ਅਰਜਨ ਦੇਵ ਜੀ ਮਾਇਆ ਦੀ ਵਿਆਪਕਤਾ ਦਾ ਸੁਵਿਤਾਰ ਵਰਣਨ ਕਰਦੇ ਹੋਏ
ਫ਼ਰਮਾਉਂਦੇ ਹਨ:
ਮਾਇਆ ਬਿਆਪਤ ਬਹੁ ਪਰਕਾਰੀ॥ ……
ਬਿਆਪਤ ਅਹੰਬੁਧਿ ਕਾ ਮਾਤਾ॥ ਬਿਆਪਤ ਪੁਤ੍ਰ ਕਲਤ੍ਰ ਸੰਗਿ ਰਾਤਾ॥
ਬਿਆਪਤ ਹਸਤਿ ਘੋੜੇ ਅਰ ਬਸਤਾ॥ ਬਿਆਪਤ ਰੂਪ ਜੋਬਨ ਮਦ ਮਸਤਾ॥
ਬਿਆਪਤ ਭੂਮਿ ਰੰਗ ਅਰੁ ਰੰਗਾ॥ ਬਿਆਪਤ ਗੀਤ ਨਾਦ ਸੁਣਿ ਸੰਗਾ॥
ਬਿਆਪਤ ਸੇਜ ਮਹਲ ਸੀਗਾਰ॥ ਪੰਚ ਦੂਤ ਬਿਆਪਤ ਅੰਧਿਆਰ॥ ੩॥
ਬਿਆਪਤ ਕਰਮ ਕਰੈ ਹਉ ਫਾਸਾ॥ ਬਿਆਪਤਿ ਗਿਰਸਤ ਬਿਆਪਤ ਉਦਾਸਾ॥
ਆਚਾਰ ਬਿਉਹਾਰ ਬਿਆਪਤ ਇਹ ਜਾਤਿ॥ ਸਭ ਕਿਛੁ ਬਿਆਪਤ ਬਿਨੁ ਹਰਿ ਰੰਗ ਰਾਤ॥
…ਰਾਗੁ ਗਉੜੀ ਮ: ੫
ਪੂਤ ਮੀਤ ਮਾਇਆ ਮਮਤਾ ਸਿਉ ਇਹ ਬਿਧਿ ਆਪੁ ਬੰਧਾਵੈ॥
ਮ੍ਰਿਗ ਤ੍ਰਿਸਨਾ ਜਿਉ ਝੂਠੈ ਇਹੁ ਜਗੁ ਦੇਖਿ ਤਾਸਿ ਉਠਿ ਧਾਵੈ॥ ਗਉੜੀ ਮ: ੯
ਗੁਰੂ ਅਰਜਨ ਦੇਵ ਜੀ ਦੇ ਕਥਨ ਅਨੁਸਾਰ, ਮਾਇਆ ਭ੍ਰਮ ਦੀ ਉਹ ਦੀਵਾਰ ਹੈ
ਜਿਹੜੀ ਮਨੁੱਖ ਦੀ ਮੱਤ ਮਾਰ ਕੇ ਉਸ ਨੂੰ ਰੱਬ ਦੇ ਰਾਹ ਤੋਂ ਭਟਕਾ ਕੇ ਪੁੱਠੇ ਪਾਸੇ ਵੱਲ ਪ੍ਰੇਰ ਕੇ
ਲੈ ਜਾਂਦੀ ਹੈ।
ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ ਤੀਖਣ ਮਦ ਬਿਪਰੀਤਿ ਹੇ ਅਵਧ ਅਕਾਰਥ
ਜਾਤ॥ … ਰਾਗੁ ਅਸਾ ਛੰਤ ਮ: ੫
(ਕਮਲਾ: ਮਾਇਆ; ਭੀਤਿ: ਦੀਵਾਰ, ਕੰਧ।)
ਮਾਇਆ ਦਾ ਕੂੜ (ਭ੍ਰਮ/ਛਲਾਵਾ) ਮਨੁੱਖ ਦੇ ਮਾਨਸਿਕ ਵਿਕਾਸ਼ ਨੂੰ
ਠੱਲ੍ਹ ਪਾਉਂਦਾ ਹੈ। ਅਤੇ, ਬਿਖ ਮਾਇਆ ਦਾ ਮੋਹ ਹੀ ਮਨੁੱਖ ਦੇ ਆਤਮਿਕ ਵਿਨਾਸ਼ ਦਾ ਕਾਰਣ ਬਣਦਾ ਹੈ।
ਮਾਨਸਿਕ ਵਿਕਾਸ ਅਤੇ ਆਤਮਿਕ ਕਲਿਆਣ ਦੇ ਰਾਹ ਵਿੱਚ ਰੋੜਾ ਬਣਨ ਵਾਲੀ ਮਾਇਆ ਦੇ ਵਿਨਾਸ਼ਕ
ਗੁਣਾਂ ਕਰਕੇ, ਗੁਰਬਾਣੀ ਵਿੱਚ ਇਸ (ਮਾਇਆ) ਨੂੰ ਕਈ ਕੁਨਾਮ ਦਿੱਤੇ ਗਏ ਹਨ, ਜਿਵੇਂ:
ਸਰਪਨੀ, ਛਲ ਨਾਗਨੀ, ਨਕਟੀ, ਸਕਤੀ, ਮੋਹਣੀ, ਚੇਰੀ, ਅਮਲੁ ਗਲੋਲਾ ਕੂੜ ਕਾ,
ਧਾਤੁ, ਸਾਸੁ (ਸੱਸ), ਡਾਇਨ, ਚੁੜੇਲ, ਬਿਖਿਆ, ਕਾਚਾ ਧਨੁ, ਮੋਹ ਠਗਉਲੀ, ਬਿਖੈ ਠਗਉਰੀ, ਠਗਵਾਰੀ,
ਲਖਿਮੀ, ਗੁਹਜ ਪਾਵਕੋ, ਗੂਝੀ ਭਾਹਿ, ਡਾਕੀ (ਡਾਇਨ), ਕਮਲਾ ਭ੍ਰਮ ਭੀਤਿ, ਹਰਿਚੰਦਉਰੀ, ਬੀਬੀ ਕਉਲਾ,
ਕੂਕਰੀ (ਕੁੱਤੀ), ਮਾਖੀ ਅਤੇ ਬਿਸਟਾ (ਗੰਦਗੀ) … ਆਦਿਕ।
(
ਨੋਟ:-
ਗੁਰਬਾਣੀ ਵਿੱਚ ਮਾਇਆ ਵਾਸਤੇ ਵਰਤੇ ਗਏ ਉਪਰ ਲਿਖੇ ਸਾਰੇ ਬਦ ਨਾਮ ਇਸ ਲੇਖ ਦੇ ਪੰਨਿਆਂ ਉੱਤੇ ਹਵਾਲੇ
ਵਜੋਂ ਦਿੱਤੀਆਂ ਗਈਆਂ ਗੁਰਬਾਣੀ ਦੀਆਂ ਤੁਕਾਂ ਵਿੱਚ ਵੇਖੇ ਜਾ ਸਕਦੇ ਹਨ।)
ਆਰਥਕ ਅਤੇ ਪਦਾਰਥਕ ਲਾਭ ਦਾ ਲੋਭ-ਲਾਲਚ ਅਤੇ ਤ੍ਰਿਸ਼ਨਾ ਹੀ ਮਾਇਆ ਦਾ ਚੰਦਰਾ
ਚਮਤਕਾਰ ਹੈ। ਮਾਇਆ ਦਾ ਲੋਭ ਮਨ ਦਾ ਸੂਤਕ ਹੈ ਅਰਥਾਤ ਲੋਭ ਦਾ ਵਿਕਾਰ ਮਨ ਦੀ ਮਲੀਨਤਾ ਅਤੇ ਅਸ਼ੁੱਧਤਾ
ਦਾ ਕਾਰਣ ਬਣਦਾ ਹੈ।
ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜ॥ ਸਲੋਕ ਮ: ੧
ਮਨ ਦੇ ਇਸ ਗੁੱਝੇ ਸੂਤਕ ਸਦਕਾ ਮਨੁੱਖ ਦਾ ਮਨ ਪਿੰਗਲਾ ਅਤੇ ਆਤਮਾ ਨਿਰਬਲ ਹੋ
ਜਾਂਦੀ ਹੈ। ਫਲਸਰੂਪ, ਉਹ ਚਲਦੀ ਫਿਰਦੀ ਲਾਸ਼ ਬਣ ਕੇ ਰਹਿ ਜਾਂਦਾ ਹੈ।
ਮਾਇਆ-ਮੋਹ ਨੂੰ ਪੁਗਾਉਣ ਲਈ ਮਨੁੱਖ ਦੇ ਚੰਚਲ ਮਨ ਨੂੰ ਕਾਮ, ਕ੍ਰੋਧ,
ਲੋਭ-ਲਾਲਚ ਅਤੇ ਹਉਮੈਂ-ਹੰਕਾਰ ਆਦਿ ਮਾਰੂ ਵਿਕਾਰਾਂ ਦੀ ਲਤ ਲੱਗ ਜਾਂਦੀ ਹੈ; ਅਤੇ ਮਨ ਦੀ ਇਸ ਭੈੜੀ
ਲਤ ਦੀ ਤ੍ਰਿਪਤੀ ਵਾਸਤੇ ਮਨੁੱਖ ਕਾਮ-ਕ੍ਰੀੜਾ, ਚੋਰੀ-ਚਕਾਰੀ, ਠੱਗੀ-ਠੋਰੀ, ਧੋਖਾ-ਧੜੀ, ਛਲ-ਕਪਟ,
ਭ੍ਰਸ਼ਟਤਾ, ਦੁਸ਼ਟਤਾ, ਨਿਰਦਯਤਾ, ਹਿੰਸਾ, ਆਤੰਕ ਅਤੇ ਗੁੰਡਾਗਰਦੀ ਆਦਿਕ ਅਵਗੁਣਾਂ ਦੇ ਜਾਲ ਵਿੱਚ ਉਲਝ
ਕੇ ਆਤਮਿਕ ਪੱਖੋਂ ਨਿਤਾਣਾ ਹੋ ਜਾਂਦਾ ਹੈ। ਲੋਭ-ਲਾਲਚ ਦੀ ਅੰਨ੍ਹੀ ਖਾਈ ਵਿੱਚ ਡਿੱਗਿਆ ਮਨੁੱਖ ਫਿਰ
ਬਾਹਰ ਨਹੀਂ ਨਿਕਲ ਸਕਦਾ।
ਛਲਨੀ ਮਾਇਆ ਅੱਖੀਆਂ ਤੇ ਸੋਚ ਦੋਹਾਂ ਦਾ ਭੁਲੇਖਾ ਹੈ। ਮਾਇਆ ਇੱਕ ਟੂਣਾ ਹੈ
ਜੋ
ਮਨ ਨੂੰ ਮੁਗਧ ਕਰਕੇ ਮਨੁੱਖ ਨੂੰ ਆਪਣੇ ਮਗਰ ਲਾ
ਲੈਂਦਾ ਹੈ। ਮਾਇਆ ਇੱਕ ਮੰਤਰ ਹੈ ਜਿਸ ਦੀ ਮੋਹਨ-ਸ਼ਕਤੀ ਮਨੁੱਖ ਨੂੰ ਮੋਹ ਕੇ ਵੱਸ ਵਿੱਚ ਕਰ ਲੈਂਦੀ
ਹੈ।
ਸੰਸਾਰੁ ਬਿਖਿਆ ਕੂਪ॥ ਤਮ ਅਗਿਆਨ ਮੋਹਿਤ ਘੂਪ॥ ਬਿਲਾਵਲ ਅਸ: ਮ: ੫
ਭਾਵ ਅਰਥ:- ਇਹ ਸੰਸਾਰ ਮਾਇਆ ਰੂਪੀ ਬਿਖ ਨਾਲ
ਭਰਿਆ ਅੰਨ੍ਹਾ ਖੂਹ ਹੈ। ਇਸ ਅੰਨ੍ਹੇ ਖੂਹ ਦਾ (ਆਤਮਿਕ ਅਗਿਆਨਤਾ ਦਾ) ਘੁਪ ਅਨ੍ਹੇਰਾ ਮੇਨੂੰ ਮੋਹ
ਰਿਹਾ ਹੈ।
ਮਾਇਆ ਦਾ ਵਿਆਪਕ ਪਸਾਰਾ ਧੋਖਾ ਹੈ। ਮਾਇਆ ਅਜਿਹੀ ਛਲਾਰ ਹੈ ਜਿਸ ਦੇ ਛਲਾਵੇ
ਤੋਂ ਸੰਸਾਰ ਦਾ ਕੋਈ ਵੀ ਮਨੁੱਖ ਬਚ ਨਹੀਂ ਸਕਦਾ। ਮਾਇਆ ਨਾਗਨ ਹੈ; ਜਿਹੜਾ ਮਨੁੱਖ ਇਸ ਨੂੰ ਦੁੱਧ
ਪਿਆਉਂਦਾ ਹੈ, ਉਸੇ ਨੂੰ ਇਹ ਡੰਗਦੀ ਹੈ। ਮਨਮੋਦਕ ਮਾਇਆ ਦੀ ਮਾਰ ਗੁੱਝੀ ਹੈ। ਮਾਇਆ, ਬਿਨਾ ਦਸਤਕ
ਦਿੱਤੇ ਅਤੇ ਬਿਨਾ ਦੰਦਾਂ ਦੇ, ਸਾਰੇ ਜਗਤ ਅਤੇ ਜੀਵਾਂ ਨੂੰ, ਬਿਨਾ ਚਬਾਏ, ਨਿਗਲ ਜਾਣ ਵਾਲੀ ਡਾਇਣ
ਹੈ।
ਬਾਬਾ ਮਾਇਆ ਰਚਨਾ ਧੋਹੁ॥ ਸਿਰੀ ਰਾਗੁ ਮ: ੧
ਮਾਇਆ ਐਸੀ ਮੋਹਨੀ ਭਾਈ॥ ਜੇਤੇ ਜੀਅ ਤੇਤੇ ਡਹਿਕਾਈ॥ ਭੈਰਉ ਕਬੀਰ ਜੀ
(ਡਹਿਕ: ਛਲ, ਟੂਣਾ।)
ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ॥
ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ॥ ਸਲੋਕ ਮ: ੩
ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾਂ ਜਗੁ ਖਾਇਆ॥
ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ॥ ਮ: ੩
ਜਗ ਮੋਹਿਨੀ ਹਮ ਤਿਆਗਿ ਗਵਾਈ॥ ਨਿਰਗੁਨੁ ਮਿਲਿਓ ਵਜੀ ਵਧਾਈ॥ ਆਸਾ ਮ: ੫
ਗੁਰੂ ਨਾਨਕ ਦੇਵ ਜੀ ਦੇ ਕਥਨ ਅਨੁਸਾਰ, ਪ੍ਰਭੂ ਅਤੇ ਮਾਇਆ ਦਾ ਰਿਸ਼ਤਾ ਠਾਕੁਰ
ਅਤੇ ਚੇਰੀ ਅਰਥਾਤ ਸੁਆਮੀ ਅਤੇ ਸੇਵਿਕਾ ਵਾਲਾ ਹੈ। ਪਰੰਤੂ, ਮਾਇਆ-ਮੋਹਿਆ ਮਨੁੱਖ ਸੁਆਮੀ (ਪ੍ਰਭੂ)
ਨੂੰ ਭੁਲਾ ਕੇ ਉਸ ਦੀ ਦਾਸੀ (ਮਾਇਆ) ਦਾ ਦਾਸ ਬਣ ਜਾਂਦਾ ਹੈ। ਮਨੁੱਖ ਦਾ ਇਹ ਕਾਰਾ, ਪਾਣੀ ਰਿੜਕਣ
ਵਾਂਙ ਅਧਿਆਤਮਿਕ ਜੀਵਨ ਵਾਸਤੇ ਵਿਅਰਥ ਸਾਬਤ ਹੁੰਦਾ ਹੈ:
ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ॥
ਪੋਖਰੁ ਨੀਰੁ ਵਿਰੋਲੀਐ ਮਖਨੁ ਨਹੀ ਰੀਸੈ॥ ਗਉੜੀ ਅ: ਮ: ੧
ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ॥
ਹਰਿ ਕੀ ਭਗਤਿ ਕਰਹਿ ਤਿਨ ਨਿੰਦਹਿ ਨਿਗੁਰੇ ਪਸੂ ਸਮਾਨਾ॥ ਭੈਰਉ ਮ: ੫
ਮਨਮੋਹਿਨੀ ਮਾਇਆ ਦਾ ਨਸ਼ਾ ਹੋਰ ਸਾਰੇ ਨਸ਼ਿਆਂ ਤੋਂ ਕਿਤੇ ਵੱਧ ਘਾਤਿਕ ਹੈ।
ਮਾਇਆ ਦਾ ਨਸ਼ਾ ਮਾਇਆਧਾਰੀ ਦੀ ਬੁੱਧੀ ਭ੍ਰਸ਼ਟ ਕਰ ਦੇਂਦਾ ਹੈ। ਮਾਇਆ ਦੇ ਮਾਰੂ ਨਸ਼ੇ ਦੇ ਪ੍ਰਭਾਵ ਹੇਠ
ਮਨੁੱਖ ਸੰਸਾਰਕ ਅਤੇ ਪਦਾਰਥਕ ਖ਼ੁਸ਼ੀਆਂ ਵਿੱਚ ਇਤਨਾ ਗ਼ਲਤਾਨ ਹੋ ਜਾਂਦਾ ਹੈ ਕਿ ਉਹ, ਮੌਤ ਦੇ ਸੱਚ ਤੋਂ
ਅਵੇਸਲਾ ਹੋ ਕੇ, ਆਪਣਾ ਦੁਰਲੱਭ ਮਾਨਵ ਜੀਵਨ ਵਿਅਰਥ ਗਵਾ ਲੈਂਦਾ ਹੈ:
ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ॥
ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ॥ ਸਿਰੀ ਰਾਗੁ ਮ: ੧
ਮਨੁੱਖ ਦਾ ਜੀਵਨਮਨੋਰਥ ਇਹ ਹੈ ਕਿ ਉਹ ਸਾਰਾ ਜੀਵਨ ਪਰਮਾਤਮਾ ਨਾਲ ਸਦੀਵੀ
ਸਾਂਝ ਬਣਾਈ ਰੱਖੇ। ਪਰੰਤੂ, ਭ੍ਰਸ਼ਟ ਬੁੱਧਿ, ਸ਼ੈਤਾਨ ਬ੍ਰਿਤੀ ਅਤੇ ਕੌੜ ਸੁਭਾਅ ਵਾਲੀ ਸੱਸ ਦੀ
ਭੂਮਿਕਾ ਨਿਭਾਉਂਦੀ ਹੋਈ ਦੁਸ਼ਟੀ ਮਾਇਆ ਪਤੀ ਪਰਮਆਤਮਾ ਅਤੇ ਜੀਵਾਤਮਾ ਰੂਪੀ ਪਤਨੀ ਦੀ ਸੱਚੀ-ਸੁੱਚੀ
ਸੂਖ਼ਸ਼ਮ ਸਾਂਝ ਬਣਨ ਹੀ ਨਹੀਂ ਦਿੰਦੀ:
ਸਾਸੁ ਬੁਰੀ ਘਰਿ ਵਾਸੁ ਨ ਦੇਵੈ ਪਿਰ ਸਿਉ ਮਿਲਣ ਨ ਦੇਇ ਬੁਰੀ॥
ਸਖੀ ਸਾਜਨੀ ਕੇ ਹਉ ਚਰਨ ਸਰੇਵਉ ਹਰਿ ਗੁਰ ਕਿਰਪਾ ਤੇ ਨਦਰਿ ਧਰੀ॥ ਆਸਾ ਮ: ੧
ਮਾਇਆ
ਦਾ ਪਰਮੁੱਖ
ਲੱਛਣ ਹੈ ਅਬੁਝ ਤ੍ਰਿਸ਼ਨਾ, ਅਤ੍ਰਿਪਤੀ ਜਾਂ ਅਸੰਤੋਸ਼। ਇਹ ਅਤ੍ਰਿਪਤੀ ਹੀ ਲੋਭ-ਲਾਲਚ
ਅਤੇ ਮੋਹ ਆਦਿ ਵਿਕਾਰਾਂ ਦੀ ਜਨਨੀ ਹੈ। ਮਾਇਆ ਦਾ ਲੋਭ ਅਤੇ ਮੋਹ ਮਨੁੱਖ ਨੂੰ ਮਾਇਆ ਵਾਸਤੇ ਪਾਪ
ਕਮਾਉਣ ਦੇ ਰਾਹ ਪਾਉਂਦਾ ਹੈ। ਮਾਇਆਧਾਰੀ ਦੀ ਕਿਸਮਤ ਦਾ ਖੇਲ ਦੇਖੋ, ਪਾਪ ਕਰ ਕਰ ਕੇ ਇਕੱਠੇ ਕੀਤੇ
ਮਾਇਆ ਦੇ ਅੰਬਾਰ ਅੰਤ ਵੇਲੇ ਸਾਥ ਛੱਡ ਕੇ ਕਿਸੇ ਹੋਰ ਦੇ ਹੋ ਜਾਂਦੇ ਹਨ! ਮਾਇਆ ਦੀ ਖ਼ਾਤਿਰ
ਮਾਇਆਧਾਰੀ ਆਪਣੀ ਜ਼ਮੀਰ ਵੇਚ ਕੇ ਦੂਸਰਿਆਂ ਦੀ ਚਾਕਰੀ ਤੇ ਗ਼ੁਲਾਮੀ ਕਬੂਲ ਲੈਂਦਾ ਹੈ ਅਤੇ
ਚੋਰੀ-ਚਕਾਰੀ ਦੇ ਰਾਹ ਵੀ ਪੈ ਜਾਂਦਾ ਹੈ। ਹੋਰ ਤਾਂ ਹੋਰ, ਬਿਖ ਮਾਇਆ ਦੀ ਖ਼ਾਤਿਰ ਪਾਖੰਡੀ ਪੁਜਾਰੀ
ਪ੍ਰਭੂ-ਭਗਤੀ ਦਾ ਦੰਭ ਵੀ ਨਿਸੰਗ ਹੋ ਕੇ ਕਰਦੇ ਹਨ। ਮਾਇਆ ਦਾ ਸਾਥ ਕੁਸੁੰਭ ਦੇ ਰੰਗ ਵਾਂਙ ਕੱਚਾ ਹੈ
ਜੋ ਸਦਾ ਨਹੀਂ ਰਹਿੰਦਾ। ਕੱਚੇ ਸਾਥ ਦੀ ਖ਼ਾਤਿਰ, ਮਨੁੱਖ ਸੱਚ ਦਾ ਸਾਥ ਛੱਡ ਕੇ ਆਪਣਾ ਅੱਗਾ ਵੀ
ਬਰਬਾਦ ਕਰ ਲੈਂਦਾ ਹੈ।
ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ॥
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥ ਰਾਗੁ ਆਸਾ ਅ: ਮ: ੧
ਸੰਪੈ ਕਉ ਈਸਰੁ ਧਿਆਈਐ॥ ਸੰਪੈ ਪੁਰਬਿ ਲਿਖੇ ਕੀ ਪਾਈਐ॥
ਸੰਪੈ ਕਾਰਣਿ ਚਾਕਰ ਚੋਰ॥ ਸੰਪੈ ਸਾਥਿ ਨ ਚਾਲੈ ਹੋਰ॥ … ਓਅੰਕਾਰੁ ਮ: ੧
(ਸੰਪੈ: ਵਿਭੂਤੀ, ਮਾਇਆ, ਧਨ-ਦੌਲਤ।)
ਭੂਪਤਿ ਹੋਇ ਕੈ ਰਾਜੁ ਕਮਾਇਆ॥ ਕਰਿ ਕਰਿ ਅਨਰਥ ਵਿਹਾਝੀ ਮਾਇਆ॥
ਸੰਚਤ ਸੰਚਤ ਥੈਲੀ ਕੀਨੀੑ॥ ਪ੍ਰਭਿ ਉਸ ਤੇ ਡਾਰਿ ਅਵਰ ਕਉ ਦੀਨੀ॥ ਰਾਗੁ ਆਸਾ
ਮ: ੫
ਠਹਕਿ ਠਹਕਿ ਮਾਇਆ ਸੰਗਿ ਮੂਏ॥ ਉਆ ਕੈ ਕੁਸਲ ਨ ਕਤਹੂ ਹੂਏ॥ ਗਉੜੀ ਬਾ: ਅ:
ਮ: ੫
ਥਥਾ ਥਿਰੁ ਕੋਊ ਨਹੀ ਕਾਇ ਪਸਾਰਹੁ ਪਾਵ॥
ਅਨਿਕ ਬੰਚ ਬਲ ਛਲ ਕਰਹੁ ਮਾਇਆ ਏਕ ਉਪਾਵ॥
ਥੈਲੀ ਸੰਚਹੁ ਸ੍ਰਮੁ ਕਰਹੁ ਥਾਕਿ ਪਰਹੁ ਗਾਵਾਰ॥
ਮਨ ਕੈ ਕਾਮਿ ਨ ਆਵਈ ਅੰਤੇ ਅਉਸਰ ਬਾਰ॥ ਗਉੜੀ ਬਾ: ਅ: ਮ: ੫
ਕਰਿ ਕਰਿ ਅਨਰਥ ਬਿਹਾਝੀ ਸੰਪੈ ਸੁਇਨਾ ਰੂਪਾ ਦਾਮਾ॥
ਭਾੜੀ ਕਉ ਓਹੁ ਭਾੜਾ ਮਿਲਿਆ ਹੋਰੁ ਸਗਲ ਭਇਓ ਬਿਰਾਨਾ॥ ਗੂਜਰੀ ਮ: ੫
ਮਾਇਆ ਰੰਗ ਜੇਤੇ ਸੇ ਸੰਗਿ ਨ ਜਾਹੀ॥ … ਰਾਗੁ ਆਸਾ ਛੰਤ ਮ: ੫
ਕਰਿ ਕਰਿ ਪਾਪ ਦਰਬੁ ਕੀਆ ਵਰਤਣ ਕੈ ਤਾਈ॥
ਮਾਟੀ ਸਿਉ ਮਾਟੀ ਰਲੀ ਨਾਗਾ ਉਠਿ ਜਾਈ॥ ਬਿਲਾਵਲੁ ਮ: ੫
ਥਾਕੇ ਬਹੁ ਬਿਧਿ ਘਾਲਤੇ ਤ੍ਰਿਪਤਿ ਨ ਤ੍ਰਿਸਨਾ ਲਾਥ॥
ਸੰਚਿ ਸੰਚਿ ਸਾਕਤ ਮੂਏ ਨਾਨਕ ਮਾਇਆ ਨ ਸਾਥਿ॥ ਸਲੋਕ ਮ: ੫
ਕਉਡੀ ਕਉਡੀ ਜੋਰਤ ਕਪਟੇ ਅਨਿਕ ਜੁਗਤਿ ਕਰਿ ਧਾਇਓ॥
ਬਿਸਰਤ ਪ੍ਰਭ ਕੇਤੇ ਦੁਖ ਗਨੀਅਹਿ ਮਹਾ ਮੋਹਨੀ ਖਾਇਓ॥ ਗੂਜਰੀ ਮ: ੫
ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ॥
ਇਨ ਮਹਿ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ॥ ਸਲੋਕ ਮ: ੯
ਮਾਇਆ ਮਾਇਆ ਕਰਿ ਮੁਏ ਮਾਇਆ ਕਿਸੈ ਨ ਸਾਥਿ॥
ਹੰਸੁ ਚਲੈ ਉਠਿ ਡੁਮਣੋ ਮਾਇਆ ਭੂਲੀ ਆਥਿ॥ ਓਅੰਕਾਰ ਮ: ੧
ਇਹੁ ਧਨੁ ਸੰਪੈ ਮਾਇਆ ਝੂਠੀ ਅੰਤਿ ਛੋਡਿ ਚਲਿਆ ਪਛੁਤਾਈ॥ ਸਿਰੀਰਾਗੁ ਪਹਰੇ
ਮ: ੪
ਨਦਰੀ ਆਵਦਾ ਨਾਲਿ ਨ ਚਲਈ ਵੇਖਹੁ ਕੋ ਵਿਉਪਾਇ॥ ਮ: ੩
ਮਾਇਆਵੀ ਜਗਤ ਵਿੱਚ ਮਨੁੱਖ ਦਾ ਵੱਡਾ ਭ੍ਰਮ ਇਹ ਵੀ ਹੈ ਕਿ ਮਾਇਆ ਦੀ ਬਹੁਤਾਤ
ਨਾਲ ਮਨੁੱਖਾ ਸਮਾਜ ਵਿੱਚ ਉਸ ਦਾ ਰੁਤਬਾ ਬੁਲੰਦ ਹੁੰਦਾ ਹੈ ਅਤੇ ਮਾਨ ਸਨਮਾਨ ਵਧਦਾ ਹੈ। ਇਸ ਭ੍ਰਮ
ਦੇ ਕਾਰਣ ਮਨੁੱਖ ਅਤਿ ਨੀਚ ਮਾਇਆਧਾਰੀਆਂ ਨੂੰ ਝੁਕ ਝੁਕ ਕੇ ਸਲਾਮਾਂ ਕਰਦੇ ਹਨ ਅਤੇ ਪਰਲੇ ਦਰਜੇ ਦੇ
ਮੂਰਖ ਨੂੰ ਵੀ ਸਿਆਣਾ ਸਮਝਿਆ/ਕਿਹਾ ਜਾਂਦਾ ਹੈ! ਮਾਇਆ ਦੇ ਇਸ ਭ੍ਰਮ ਦਾ ਭੁਲਾਇਆ ਮਨੁੱਖ, ਰੱਬ ਨੂੰ
ਭੁਲਾ ਕੇ, ਕਈ ਪਾਪ ਕਰਮ ਕਰ ਕਰ ਕੇ, ਮਾਇਆ ਇਕੱਠੀ ਕਰਨ ਵਿੱਚ ਆਪਣਾ ਅਣਮੋਲ ਮਾਨਵ ਜੀਵਨ ਗਵਾ ਦਿੰਦਾ
ਹੈ।
ਵਡੇ ਵਡੇ ਜੋ ਦੀਸਹਿ ਲੋਗ॥ ਤਿਨ ਕਉ ਬਿਆਪੈ ਚਿੰਤਾ ਰੋਗ॥ ੧॥
ਕੋਉ ਨ ਵਡਾ ਮਾਇਆ ਵਡਿਆਈ॥ ਸੋ ਵਡਾ ਜਿਨਿ ਰਾਮ ਲਿਵ ਲਾਈ॥ ੧॥ ਰਾਗੁ
ਗਉੜੀ ਮ: ੫
ਆਥਿ ਸੈਲ ਨੀਚ ਘਰਿ ਹੋਇ॥ ਆਥਿ ਦੇਖਿ ਨਿਵੈ ਜਿਸੁ ਦੋਇ॥
ਆਥਿ ਹੋਇ ਤ ਮੁਗਧੁ ਸਿਆਨਾ॥ …ਓਅੰਕਾਰੁ ਮ: ੧
(ਆਥਿ: ਮਾਂ ਮਾਇਆ, ਧਨ-ਦੌਲਤ। ਸੈਲ: ਪਹਾੜ। ਆਥਿ ਸੈਲ:
ਧਨ-ਦੌਲਤ ਦੇ ਪਹਾੜ/ਅੰਬਾਰ।)
ਗੁਰਮਤਿ ਅਨੁਸਾਰ, ਮਾਇਆ ਦਾ ਰੰਗ ਕੁਸੰਭੇ ਦੇ ਰੰਗ ਦੀ ਤਰ੍ਹਾਂ
ਕੱਚਾ ਹੁੰਦਾ ਹੈ:
ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ॥ ਸੂਹੀ ਅ: ਮ: ੧
ਸਤਿਗੁਰੁ ਸੇਵਹੁ ਆਪਨਾ ਕਾਹੇ ਫਿਰਹੁ ਅਭਾਗੇ॥
ਦੇਖਿ ਕਸੁੰਭਾ ਰੰਗੁਲਾ ਕਾਹੇ ਭੂਲਿ ਲਾਗੇ॥ ੧॥ ਰਹਾਉ॥ ਬਿਲਾਵਲੁ ਮ: ੫
ਕੁਸੰਭੀ ਮਾਇਆ ਦਾ ਸਾਥ-ਸਹਾਰਾ ਅਤੇ ਸੁੱਖ ਵੀ, ਰੁਖ ਦੀ ਛਾਂ ਵਾਂਙ,
ਛਿਨਭੰਗੁਰ (ਥੋੜੇ ਸਮੇਂ ਲਈ) ਹੀ ਹੁੰਦਾ ਹੈ। ਜਿਹੜੇ ਸਾਕਤ (ਰੱਬ ਨਾਲੋਂ ਟੁੱਟੇ ਹੋਏ ਮਨਮੁੱਖ)
ਮਾਇਆ ਦੇ ਕੁਸੰਭੀ ਸ਼ੋਖ਼ ਰੰਗ ਨੂੰ ਪੱਕਾ ਅਤੇ ਮਾਇਕ-ਸੁੱਖ ਨੂੰ ਸਦੀਵੀ ਸਮਝ ਕੇ ਇਸ ਨੂੰ ਜੱਫਾ ਮਾਰ
ਲੈਂਦੇ ਹਨ, ਉਹ ਅੰਤ ਨੂੰ ਪਛਤਾਉਂਦੇ ਹਨ। ਇਸ ਸੱਚ ਨੂੰ ਦ੍ਰਿੜਾਉਂਦੇ ਹੋਏ ਗੁਰੁ ਅਰਜਨ ਦੇਵ ਜੀ
ਫ਼ਰਮਾਉਂਦੇ ਹਨ:
ਅਨਿਕ ਭਾਤਿ ਮਾਇਆ ਕੇ ਹੇਤ॥ ਸਰਪਰ ਹੋਵਤ ਜਾਨੁ ਅਨੇਤ॥
ਬਿਰਖ ਕੀ ਛਾਇਆ ਸਿਉ ਰੰਗੁ ਲਾਵੈ॥ ਓਹ ਬਿਨਸੈ ਉਹੁ ਮਨਿ ਪਛੁਤਾਵੈ॥
ਜੋ ਦੀਸੈ ਸੋ ਚਾਲਣਹਾਰੁ॥ ਲਪਟ ਰਹਿਓ ਤਹ ਅੰਧ ਅੰਧਾਰੁ॥ …ਸੁਖਮਨੀ ਮ: ੫
ਛੋਡਿ ਛੋਡਿ ਰੇ ਬਿਖਿਆ ਕੇ ਰਸੂਆ॥
ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ॥ ਰਹਾਉ॥
ਜੋ ਜਾਨਹਿ ਤੂੰ ਅਪੁਨੇ ਕਾਜੈ ਸੋ ਸੰਗਿ ਨ ਚਾਲੈ ਤੇਰੈ ਤਸੂਆ॥
ਨਾਗੋ ਆਇਓ ਨਾਗ ਸਿਧਾਸੀ ਫੇਰਿ ਫਿਰਿਓ ਅਰੁ ਕਾਲਿ ਗਰਸੂਆ॥ . .
ਪੇਖਿ ਪੇਖਿ ਰੇ ਕਸੁੰਭ ਕੀ ਲੀਲਾ ਰਾਚਿ ਮਾਚਿ ਤਿਨ ਹੂੰ ਲਉ ਹਸੂਆ॥ …ਗਉੜੀ
ਮ: ੫
(ਗਾਵਰ: ਸਾਕਤ, ਕਾਫ਼ਿਰ, ਅਧਰਮੀ।
ਕਿਰਖ: ਫ਼ਸਲ, ਖੇਤੀ।)
……ਚਲਦਾ
ਗੁਰਇੰਦਰ ਸਿੰਘ ਪਾਲ
5 ਮਈ, 2019.