ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਰੱਬ ਦੀ ਸਰਣ
ਸ਼ਰਨ ਵਿੱਚ ਆਉਣ ਤੋਂ ਮੁਰਾਦ ਹੈ ਕਿ ਮੈਂ ਕੁੱਝ ਸਿੱਖਣ ਲਈ ਤਿਆਰ ਹਾਂ। ਜੇ
ਬੰਦਾ ਨਿਰਾ ਇਹ ਸਮਝ ਲਏ ਕਿ ਮੈਂ ਹੁਣ ਗੁਰੂ ਦੀ ਹਾਜ਼ਰੀ ਭਰ ਲਈ ਤੇ ਮੇਰਾ ਮਕਸਦ ਪੂਰਾ ਹੋ ਗਿਆ ਹੈ
ਤਾਂ ਉਹ ਮਨੁੱਖ ਕਦੇ ਵੀ ਕੁੱਝ ਸਿੱਖ ਨਹੀਂ ਸਕਦਾ। ਜੇ ਵਿਦਿਆਰਥੀ ਨਿਰਾ ਸਕੂਲ ਵਿੱਚ ਗੇੜਾ ਕੱਢ ਲਏ
ਤੇ ਕਹੇ ਮੈਂ ਸਕੂਲੋਂ ਹੋ ਆਇਆਂ ਹਾਂ ਪਰ ਪੜ੍ਹੇ ਇੱਕ ਅੱਖਰ ਵੀ ਨਾ ਤਾਂ ਅਜੇਹਾ ਵਿਦਿਆਰਥੀ ਉੱਚ
ਵਿਦਿਆ ਹਾਸਲ ਨਹੀਂ ਕਰ ਸਕਦਾ। ਅਸਾਂ ਇਹ ਸਮਝ ਲਿਆ ਹੋਇਆ ਹੈ ਕਿ ਜਦੋਂ ਅਸੀਂ ਗੁਰਦੁਆਰੇ ਜਾ ਕੇ
ਮੱਥਾ ਟੇਕ ਆਏ ਹਾਂ ਤਾਂ ਹੁਣ ਬਾਕੀ ਦੇ ਕੰਮ ਸਾਰੇ ਰੱਬ ਜੀ ਆਪੇ ਕਰ ਦੇਣਗੇ। ਅਸਲ ਸਰਨ ਦਾ ਅਰਥ ਹੈ
ਕਿ ਰੱਬੀ ਗੁਣਾਂ ਨੂੰ ਸਮਝਣ ਲਈ ਸਮਰੱਪਤ ਹੋਣਾ ਹੈ।
ਸੁਭੰ ਤ ਤੁਯੰ ਅਚੁਤ ਗੁਣਗੰੵ ਪੂਰਨੰ ਬਹੁਲੋ ਕ੍ਰਿਪਾਲਾ॥
ਗੰਭੀਰੰ ਊਚੈ ਸਰਬਗਿ ਅਪਾਰਾ।।
ਭ੍ਰਿਤਿਆ ਪ੍ਰਿਅੰ ਬਿਸ੍ਰਾਮ ਚਰਣੰ।।
ਅਨਾਥ ਨਾਥੇ ਨਾਨਕ ਸਰਣੰ।। ੫।।
ਅੱਖਰੀਂ ਅਰਥ--—
ਹੇ ਅਬਿਨਾਸ਼ੀ! ਹੇ ਗੁਣਾਂ ਦੇ ਜਾਣਨ
ਵਾਲੇ! ਹੇ ਸਰਬ-ਵਿਆਪਕ! ਤੂੰ ਬੜਾ ਕ੍ਰਿਪਾਲ ਹੈਂ, ਤੂੰ (ਸਭ ਥਾਂ) ਸੋਭ ਰਿਹਾ ਹੈਂ। ਤੂੰ ਅਥਾਹ
ਹੈਂ, ਉੱਚਾ ਹੈਂ, ਸਭ ਦਾ ਜਾਣਨ ਵਾਲਾ ਹੈਂ, ਅਤੇ ਬੇਅੰਤ ਹੈਂ।
ਤੂੰ ਆਪਣੇ ਸੇਵਕਾਂ ਦਾ ਪਿਆਰਾ ਹੈਂ, ਤੇਰੇ ਚਰਨ (ਉਹਨਾਂ ਲਈ) ਆਸਰਾ ਹਨ।
ਹੇ ਨਾਨਕ! (ਆਖ—) ਹੇ ਅਨਾਥਾਂ ਦੇ ਨਾਥ! ਅਸੀ ਤੇਰੀ ਸਰਨ ਹਾਂ।
੧
ਰੱਬ ਜੀ ਦਾ ਕੋਈ ਰੂਪ
ਜਾਂ ਰੰਗ ਨਹੀਂ ਨਿਰਧਾਰਤ ਹੋ ਸਕਦਾ ਤੇ ਉਹ ਜੰਮਦਾ ਮਰਦਾ ਵੀ ਨਹੀਂ ਹੈ ਤਾਂ ਫਿਰ ਉਸ ਦੀ ਸ਼ਰਣ ਕਿਹੜੀ
ਹੋਈ? ਵਿਚਾਰਨ ਵਾਲਾ ਵਿਸ਼ਾ ਹੈ।
੨ ਰੱਬੀ ਨਿਯਮਾਵਲੀ ਹਰ ਥਾਂ ਮੌਜੂਦ ਹੈ ਤੇ ਰੱਬੀ ਨਿਯਮਾਵਲੀ ਸਦੀਵ ਕਾਲ
ਗੁਣਾਂ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ।
੩ ਕੁਦਰਤੀ ਨਿਯਮਾਵਲੀ ਤੇ ਸਦਾਚਾਰਕ ਗੁਣਾਂ ਨੂੰ ਅਪਨਾਉਣ ਵਾਲਾ ਹੀ ਆਪਣੇ
ਜੀਵਨ ਵਿੱਚ ਤਰੱਕੀ ਕਰ ਸਕਦਾ।
੪ ਰੱਬ ਸਭ ਦੇ ਦਿੱਲਾਂ ਦੀ ਜਾਨਣ ਤੋਂ ਭਾਵ ਹੈ ਕਿ ਬੰਦੇ ਨੂੰ ਗੁਰ-ਗਿਆਨ
ਦੁਆਰਾ ਚੰਗੇ ਮੰਦੇ ਦੀ ਸਮਝ ਆ ਜਾਂਦੀ ਹੈ।
੫ ਜਦੋਂ ਬੰਦਾ ਆਪਣੀਆਂ ਭੈੜੀਆਂ ਆਦਤਾਂ ਛੱਡਣ ਲਈ ਤਿਆਰ ਹੋਵੇ ਤਾਂ ਹੀ
ਸਮਝਿਆ ਜਾ ਸਕਦਾ ਹੈ ਕਿ ਇਹ ਰੱਬ ਜੀ ਦੀ ਸ਼ਰਣ ਵਿੱਚ ਆ ਗਿਆ ਹੈ।
ਸਤਿਗੁਰ ਪੁਛੈ ਸਚੁ ਸੰਜਮੁ ਕਮਾਵੈ ਹਉਮੈ ਰੋਗੁ ਤਿਸੁ ਜਾਏ।।
ਹਰਿ ਗੁਣ ਗਾਵੈ ਗੁਣ ਸੰਗ੍ਰਹੈ ਜੋਤੀ ਜੋਤਿ ਮਿਲਾਏ।।
ਸਲੋਕ ਮ: ੩ ਪੰਨਾ ੫੧੨
ਇਹ ਜ਼ਰੂਰੀ ਨਹੀਂ ਕਿ ਸੰਸਾਰ ਦੀਆਂ ਵਸਤੂਆਂ ਇਕੱਠੀਆਂ ਕਰ ਲੈਣੀਆਂ, ਘਰ ਵੱਡਾ
ਬਣਾ ਲੈਣਾ, ਉੱਚ ਵਿਦਿਆ ਹਾਸਲ ਕਰ ਲੈਣ ਨਾਲ ਅਕਲ ਵੀ ਆ ਸਕਦੀ ਹੈ। ਖੰਡੇ ਦੀ ਪਹੁਲ ਲੈਣੀ ਹਰ ਸਿੱਖ
ਦਾ ਧਾਰਮਕ ਹੱਕ ਹੈ ਤੇ ਕੌਮ ਦੀ ਮਹੱਤਵ ਪੂਰਨ ਸ਼ੈਲੀ ਹੈ ਜਿਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪਰ
ਜ਼ਰੂਰੀ ਨਹੀਂ ਕਿ ਧਰਮ ਦੀ ਇਹ ਪ੍ਰਕਿਰਿਆ ਅਪਨਾਉਣ ਨਾਲ ਅਕਲ ਵੀ ਆ ਜਾਂਦੀ ਹੈ। ਆਤਮਕ ਸੂਝ ਦਾ ਜਨਮ
ਹੋਣਾ ਹੋਰ ਗੱਲ ਹੈ। ਪਾਠ ਪੜ੍ਹ ਲੈਣਾ, ਅਖੰਡਪਾਠ ਕਰਾ ਲੈਣਾ ਜਾਂ ਧਾਰਮਕ ਅਸਥਾਨਾਂ ਦੀ ਯਾਤਰਾ ਕਰ
ਲੈਣ ਆਦ ਧਰਮ-ਕਰਮ ਕਰ ਲੈਣ ਨਾਲ ਅਕਲ ਦਾ ਕੋਈ ਵਾਹ ਵਾਸਤਾ ਨਹੀਂ ਹੈ। ਅਕਲ ਦਾ ਭਾਵ ਹੈ ਸੁਚੱਜੀ
ਜ਼ਿੰਦਗੀ ਜਿਉਣ ਦੀ ਜਾਚ ਆ ਜਾਣੀ, ਆਪਣੇ ਫ਼ਰਜ਼ਾਂ ਦੀ ਸਹੀ ਪਹਿਚਾਨ ਕਰਨ ਤੋਂ ਹੈ।
੬ ਰੱਬੀ ਸ਼ਰਣ ਤੋਂ ਭਾਵ ਹੈ ਆਪਣੇ ਆਪ ਨੂੰ ਨਿਯਮਬੰਦ ਕਰਨਾ, ਆਗਿਆਕਾਰੀ ਹੋਣਾ
ਹਮੇਸ਼ਾਂ ਸਿੱਖਣ ਦੀ ਚਾਹਨਾ ਰੱਖਣੀ ਤੇ ਦੈਵੀ ਗੁਣਾਂ ਨੂੰ ਆਪਣੇ ਸੁਭਾਅ ਦਾ ਅੰਗ ਬਣਾਉਣ ਤੋਂ ਹੈ।
ਸਮਝ ਆਉਣ `ਤੇ ਤਬਦੀਲੀ
ਜਦੋਂ ਮਨੁੱਖ ਵਿੱਚ ਚੰਚਲ ਬਿਰਤੀ ਭਾਰੀ ਹੋ ਜਾਂਦੀ ਹੈ ਤਾਂ ਇਸ ਦੇ ਆਤਮਕ
ਜੀਵਨ ਵਿੱਚ ਵੱਡੀ ਰੁਕਾਵਟ ਖੜੀ ਹੋ ਜਾਂਦੀ ਹੈ। ਚੰਚਲ ਬਿਰਤੀ ਜਿੱਥੇ ਮਨੁੱਖ ਦੀ ਸ਼ਾਂਤੀ ਖੋਹ ਲੈਂਦੀ
ਹੈ ਓੱਥੇ ਪਰਵਾਰ ਤੇ ਸਮਾਜ ਵਿੱਚ ਵੀ ਹਫੜਾ ਦਫੜੀ ਨੂੰ ਜਨਮ ਦੇਂਦੀ ਹੈ। ਤੱਥਾਂ ਦੀ ਸਮਝ ਆਉਣ `ਤੇ
ਮਨੁੱਖ ਵਿਕਾਰੀ ਬਿਰਤੀ ਦਾ ਤਿਆਗ ਕਰ ਦੇਂਦਾ ਹੈ---
ਮ੍ਰਿਗੀ ਪੇਖੰਤ ਬਧਿਕ, ਪ੍ਰਹਾਰੇਣ ਲਖੵ ਆਵਧਹ॥
ਅਹੋ ਜਸੵ ਰਖੇਣ ਗੋਪਾਲਹ, ਨਾਨਕ ਰੋਮ ਨ ਛੇਦੵਤੇ॥੬॥
ਅੱਖਰੀਂ
ਅਰਥ--— (ਇਕ) ਹਰਨੀ ਨੂੰ ਵੇਖ ਕੇ
(ਇਕ) ਸ਼ਿਕਾਰੀ ਨਿਸ਼ਾਨਾ ਤੱਕ ਕੇ ਸ਼ਸਤ੍ਰਾਂ ਨਾਲ ਚੋਟ ਮਾਰਦਾ ਹੈ। ਪਰ ਵਾਹ! ਹੇ ਨਾਨਕ! ਜਿਸ ਦੀ ਰਾਖੀ
ਲਈ ਪਰਮਾਤਮਾ ਹੋਵੇ, ਉਸ ਦਾ ਵਲ (ਭੀ) ਵਿੰਗਾ ਨਹੀਂ ਹੁੰਦਾ। ੬।
੧.
ਨਾ ਸਮਝੀ ਕਰਕੇ ਅਸੀਂ
ਇਹ ਕਹਿ ਦੇਂਦੇ ਹਾਂ ਕਿ ਦੇਖੋ ਜੀ ਮਾਰਨ ਵਾਲੇ ਨਾਲੋਂ ਰੱਖਣ ਵਾਲੇ ਦੇ ਰਾਹ ਨਿਆਰੇ ਹਨ। ਇਸ ਦਾ ਕੀ
ਅਰਥ ਹੈ ਕਿ ਮਾਰਨ ਵਾਲਾ ਰੱਬ ਕੋਈ ਹੋਰ ਹੈ ਤੇ ਜੀਵਨ ਦੇਣ ਵਾਲਾ ਰੱਬ ਕੋਈ ਹੋਰ ਹੈ।
੨. ਇਹ `ਤੇ ਕੁਦਰਤੀ ਗੱਲ ਹੈ ਕਿ ਸ਼ਿਕਾਰੀ ਸ਼ਿਕਾਰ ਦੀ ਤਿਆਰੀ ਕਰਦਾ ਹੈ ਤੇ
ਅੱਗੋਂ ਸ਼ਿਕਾਰ ਬਚਣ ਦਾ ਉਪਰਾਲਾ ਕਰਦਾ ਹੈ।
੩. ਰੱਬੀ ਨਿਯਮ ਵਿੱਚ ਚੱਲਣ ਵਾਲੇ ਦੀ ਕੁਦਰਤੀ ਰੱਖਿਆ ਹੁੰਦੀ ਹੀ ਹੈ। ਜੇ
ਸ਼ਿਕਾਰ ਆਪਣੀ ਕੁਦਰਤੀ ਨਿਯਮਾਵਲੀ ਨੂੰ ਸੰਭਾਲ਼ ਕੇ ਰੱਖਦਾ ਹੈ ਤਾਂ ਉਹ ਮੌਤ ਤੋਂ ਬਚਿਆ ਰਹਿੰਦਾ ਹੈ।
ਸ਼ਿਕਾਰੀ ਏਸੇ ਮੌਕੇ ਦੀ ਭਾਲ ਵਿੱਚ ਹੁੰਦਾ ਹੈ ਕਿ ਕਦੋਂ ਸ਼ਿਕਾਰ ਬਾਹਰ ਨਿਕਲਦਾ ਹੈ।
੪ ਅਸੀਂ ਸਮਝਦੇ ਹਾਂ ਸ਼ਾਇਦ ਰੱਬ ਦੀ ਕੋਈ ਪੂਜਾ ਕਰ ਲਈ ਜਾਏ ਜਾਂ ਕੋਈ ਧਾਰਮਕ
ਕਰਮ ਕਰ ਲਿਆ ਤਾਂ ਇਸ ਨਾਲ ਰੱਬ ਜੀ ਖੁਸ਼ ਹੋਣਗੇ ਤੇ ਸਾਡੀ ਰੱਖਿਆ ਹੋ ਜਾਏਗੀ।
੫ ਅਸਲ ਸ਼ਿਕਾਰੀ ਸਾਡੀ ਚੰਚਲ ਮਤ ਹੈ ਜਿਹੜੀ ਹਰ ਰੋਜ਼ ਕੋਈ ਨਾ ਕੋਈ ਹਰਨੀ ਦਾ
ਨਿਸ਼ਾਨਾ ਲਗਾਉਂਦੀ ਹੀ ਰਹਿੰਦੀ ਹੈ। ਕਈ ਵਾਰੀ ਤਾਂ ਏਦਾਂ ਵੀ ਸਮਝ ਆਉਂਦਾ ਹੈ ਮਨੁੱਖੀ ਚੰਚਲ ਮੱਤ
ਨੂੰ ਮੌਕਾ ਹੀ ਨਹੀਂ ਮਿਲਿਆ ਨਹੀਂ ਤਾਂ ਇਹ ਘੱਟ ਨਾ ਕਰਦੀ।
੬ ਜੇ ਚੰਚਲ ਮਤ ਵਾਲੀ ਪ੍ਰਕਿਰਿਆ ਦੀ ਸਮਝ ਆ ਜਾਏ ਤਾਂ ਮਨੁੱਖ ਦੀ ਵਿਕਾਰੀ
ਸੋਚ ਆਪਣੇ ਆਪ ਖਤਮ ਹੋ ਜਾਂਦੀ ਹੈ।
੭ ਰੱਬੀ ਗੁਣਾਂ ਦੀ ਸਮਝ ਆਉਂਦਿਆਂ ਭੈੜੀ ਮਤ ਦੂਰ ਹੁੰਦੀ ਹੈ ਜਿਹੜੀ ਕਰਤਾ
ਪੁਰਖ ਵਿੱਚ ਖਲੌਣ ਦੀ ਪ੍ਰਪੱਕਤਾ ਕਰਾਉਂਦੀ ਹੈ।
੮ ਜਿਸ ਦੀ ਰਾਖੀ ਰੱਬ ਆਪ ਕਰਨ ਤੋਂ ਭਾਵ ਹੈ ਕਿ ਬਿਬੇਕ ਬਿਰਤੀ, ਸਮਝਦਾਰੀ,
ਇਮਾਨਦਾਰੀ, ਆਪਣੀ ਜ਼ਿੰਮੇਵਾਰੀ ਪ੍ਰਤੀ ਸੁਚੇਤ ਹੋਣ ਦਾ ਅਹਿਸਾਸ ਹੁੰਦਾ ਹੈ ਜੋ ਸਾਨੂੰ ਵਿਕਾਰਾਂ ਦੇ
ਖੂਹ ਖਾਤੇ ਵਿੱਚ ਡਿੱਗਣ ਤੋਂ ਬਚਾਉਂਦਾ ਹੈ।
ਕਾਮ ਕ੍ਰੋਧ ਮਦ ਲੋਭ ਮੋਹ ਦੁਸਟ ਬਾਸਨਾ ਨਿਵਾਰਿ।।
ਰਾਖਿ ਲੇਹੁ ਪ੍ਰਭ ਆਪਣੇ ਨਾਨਕ ਸਦ ਬਲਿਹਾਰਿ।। ੧।।
ਸਲੋਕ ਮ: ੫ ਪੰਨਾ ੫੨੩