.

ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ
ਪੰਤਾਲੀਵਾਂ ਸਲੋਕ

ਵੀਰ ਭੁਪਿੰਦਰ ਸਿੰਘ

45. ਪੰਤਾਲੀਵਾਂ ਸਲੋਕ -
ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ ॥
ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ ॥45॥

ਪਿਛਲੇ ਸਲੋਕ ਵਿਚ ਕੁੱਤੇ ਦਾ ਨਕਾਰਾਤਮਕ ਉਦਾਹਰਣ ਦਿੱਤਾ ਸੀ ਹੁਣ ਸਕਰਾਤਮਕ ਉਦਾਹਰਨ ਦੇ ਰਹੇ ਹਨ। ਕੁੱਤੇ ਤੋਂ ਕੁਝ ਸਿੱਖਣਾ ਹੀ ਹੈ ਤੇ ਕੀ ਬਣ। ਠੰਢੇ ਮੁਲਕਾਂ ਵਿਚ ਕੁੱਤੇ ਦੀ ਇਕ ਜਾਤੀ ਹੈ ਜਿਸਨੂੰ ਸੇਂਟ ਬਰਨਾਰਡ ਕਿਹਾ ਜਾਂਦਾ ਹੈ। ਇਹ ਸੁਣਕੇ ਬੜੀ ਹੈਰਾਨੀ ਹੋਈ ਕਿ, ਕੁੱਤੇ ਦੇ ਨਾਮ ਅੱਗੇ ਸੰਤ ਕਿਉਂ ਲੱਗਾ ਹੈ? ਤਾਂ ਪਤਾ ਲੱਗਾ ਕਿ ਜਦੋਂ ਲੋਕੀ ਬਰਫਾਨੀ ਪਹਾੜੀਆਂ ਵਿਚ ਦੱਬ ਜਾਂਦੇ ਹਨ ਤਾਂ ਇਹ ਕੁੱਤਾ ਲੋਕਾਂ ਨੂੰ ਬਰਫ ਵਿੱਚੋਂ ਕੱਢਦਾ ਹੈ। ਇਸ ਸਦਗੁਣੀ ਜੀਵਨ ਕਾਰਨ ਉਸ ਕੁੱਤੇ ਦਾ ਨਾਮ ਸੇਂਟ ਬਰਨਾਰਡ ਪੈ ਗਿਆ।
ਜਿਵੇਂ ਕੁੱਤਾ ਆਪਣੇ ਮਾਲਕ ਦਾ ਵਫਾਦਾਰ ਹੁੰਦਾ ਹੈ, ਇਸੇ ਤਰ੍ਹਾਂ ਇਕ ਮਨ ਅਤੇ ਇਕ ਚਿੱਤ ਹੋ ਕੇ ਰੱਬ ਜੀ ਨੂੰ ਯਾਦ ਕਰਿਆ ਕਰ।
ਸਾਡਾ ਮਨ ਕਿਧਰੇ ਹੋਰ ਹੁੰਦਾ ਹੈ ਤੇ ਚਿੱਤ ਕਿਧਰੇ ਹੋਰ। ਇਹ ਗਲ ਸਮਝਣੀ ਹੈ ਕਿ ਅਸੀਂ ਇਕ ਮਨ ਇਕ ਚਿੱਤ ਹੋ ਜਾਈਏ, ਇਹ ਹੀ ਰੱਬੀ ਇਕਮਿਕਤਾ ਦਾ ਲਖਾਇਕ ਹੈ। ਸਾਨੂੰ ਸਾਰਿਆਂ ਨੂੰ ਰੱਬ ਨੇ ਜ਼ਮੀਰ ਦਿੱਤੀ ਹੋਈ ਹੈ। ਉਹ ਸਾਨੂੰ ਅਵਾਜ਼ ਮਾਰਦੀ ਹੈ ਕਿ ਬੁਰਾ ਨਾ ਕਰ, ਪਰ ਅਸੀਂ ਉਸਨੂੰ ਦਬਾ ਦੇਂਦੇ ਹਾਂ ਸੁਣਦੇ ਨਹੀਂ ਹਾਂ। ਹੌਲੀ-ਹੌਲੀ ਇਹ ਜ਼ਮੀਰ ਦੀ ਆਵਾਜ਼ ਸਾਨੂੰ ਸੁਣਨੀ ਬੰਦ ਹੋ ਜਾਂਦੀ ਹੈ। ਜਦੋਂ ਇਕ ਮਨ ਇਕ ਚਿਤ ਹੋ ਜਾਂਦੇ ਹਾਂ ਤਾਂ ਇਸ ਅਵਾਜ਼ ਦੀ ਗ੍ਰਹਿਣਸ਼ੀਲਤਾ ਵਧਦੀ ਜਾਂਦੀ ਹੈ। ਸਾਨੂੰ ਸਾਫ-ਸਾਫ ਸੁਣਨਾ ਸ਼ੁਰੂ ਹੋ ਜਾਂਦਾ ਹੈ, ਸਾਨੂੰ ਸੱਚ ਸਮਝ ਆਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਕੁੱਤਾ ਆਪਣੇ ਮਾਲਕ ਦਾ ਵਫਾਦਾਰ ਹੁੰਦਾ ਹੈ। ਸਾਨੂੰ ਇਕ ਰੱਬ (ਸੱਚੇ ਗੁਰ) ਦੀ ਵਫਾਦਾਰੀ ਸਿਖਾਈ ਹੈ ਕਿ ਵਫਾਦਾਰ ਰਹਿ ਕੇ ਦੀਨ-ਈਮਾਨ ਨਾ ਛੱਡ।




.