.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਇਖ਼ਲਾਕੀ ਮੌਤ

ਬੱਚੇ ਦੇ ਜਨਮ ਤੋਂ ਲੈ ਕੇ ਬੁਢੇਪੇ ਤਕ ਮਨੁੱਖ ਦੀ ਹਮੇਸ਼ਾਂ ਇਹੀ ਲਾਲਸਾ ਬਣੀ ਰਹਿੰਦੀ ਹੈ ਕਿ ਮੈਂ ਇਸ ਰੰਗਲ਼ੇ ਸੰਸਾਰ ਤੋਂ ਵਿਦਾਇਗੀ ਨਾ ਹੀ ਲਵਾਂ। ਘਰ-ਬਾਰ੍ਹ, ਬੱਚੇ-ਪਰਵਾਰ, ਰਿਸ਼ਤੇਦਾਰੀਆਂ, ਸਵਾਦਿਸ਼ਟ ਖਾਣੇ, ਸੁੰਦਰ ਬਾਗ, ਸੁਹਾਵਣੀਆਂ ਨਦੀਆਂ ਦੇਖ ਕੇ ਮਨੁੱਖ ਦੇ ਮੂੰਹੋਂ ਆਪ ਮੁਹਾਰੇ ਨਿਕਲ ਜਾਂਦਾ ਹੈ ਕਿ ਰੱਬ ਕਰਕੇ ਮੈਨੂੰ ਮੌਤ ਨਾ ਹੀ ਆਵੇ ਤਾਂ ਚੰਗਾ ਹੈ। ਇੱਥੋਂ ਤਕ ਕਿ ਦੁਨੀਆਂ ਦੇ ਦਵਾ-ਦਾਰੂ ਡਾਕਟਰੀ ਇਲਾਜ ਸਭ ਕੁੱਝ ਮਨੁੱਖ ਦੀ ਲੰਬੀ ਉਮਰ ਕਰਨ ਵਿੱਚ ਹੀ ਲੱਗੇ ਹੋਏ ਹਨ ਪਰ ਆਖਰ ਨੂੰ ਬੰਦਾ ਮੌਤ ਦੇ ਨੇੜੇ ਚਲਾ ਹੀ ਜਾਂਦਾ ਹੈ ਜਾਂ ਮੌਤ ਬੰਦੇ ਦੇ ਨੇੜੇ ਆ ਹੀ ਜਾਂਦੀ ਹੈ ਜੋ ਕੁਦਰਤ ਦਾ ਇੱਕ ਅਟੱਲ ਨਿਯਮ ਹੈ—ਪਰ ਜਦੋਂ ਬੰਦਾ ਆਪਣੇ ਇਖ਼ਲਾਕ ਤੋਂ ਡਿੱਗ ਪੈਂਦਾ ਹੈ ਤਾਂ ਉਹ ਜਿਉਂਦਿਆਂ ਹੀ ਆਤਮਕ ਮੌਤੇ ਮਰ ਜਾਂਦਾ ਹੈ।

ਬਹੁ ਜਤਨ ਕਰਤਾ, ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸਹ।।

ਬਿਖਮ ਥਾਨ ਬਸੰਤ ਊਚਹ, ਨਹ ਸਿਮਰੰਤ ਮਰਣੰ ਕਦਾਂਚਹ।।

ਹੋਵੰਤਿ ਆਗਿਆ ਭਗਵਾਨ ਪੁਰਖਹ।।

ਨਾਨਕ ਕੀਟੀ ਸਾਸ ਅਕਰਖਤੇ।। ੭।।

ਅੱਖਰੀਂ ਅਰਥ--- (ਜੇਹੜਾ ਮਨੁੱਖ) ਬੜੇ ਜਤਨ ਕਰ ਸਕਦਾ ਹੋਵੇ, ਬੜਾ ਬਲਵਾਨ ਹੋਵੇ, ਚੌਹਾਂ ਪਾਸਿਆਂ ਤੋਂ ਕਈ ਸੂਰਮੇ ਜਿਸ ਦੀ ਸੇਵਾ ਕਰਨ ਵਾਲੇ ਹੋਣ, ਜੋ ਬੜੇ ਔਖੇ ਉੱਚੇ ਥਾਂ ਵੱਸਦਾ ਹੋਵੇ, (ਜਿਥੇ ਉਸ ਨੂੰ) ਮੌਤ ਦਾ ਕਦੇ ਚੇਤਾ ਭੀ ਨਾਹ ਆਵੇ। ਹੇ ਨਾਨਕ! ਇੱਕ ਕੀੜੀ ਉਸ ਦੇ ਪ੍ਰਾਣ ਖਿੱਚ ਲੈਂਦੀ ਹੈ ਜਦੋਂ ਭਗਵਾਨ ਅਕਾਲ ਪੁਰਖ ਦਾ ਹੁਕਮ ਹੋਵੇ (ਉਸ ਨੂੰ ਮਾਰਨ ਲਈ)

੧ ਧਰਮ ਦੀ ਦੁਨੀਆਂ ਵਿੱਚ ਸਾਡੀ ਇੱਕ ਸ਼ੈਲੀ ਬਣ ਚੁੱਕੀ ਹੈ ਕਿ ਜੇ ਸਵਾਸ ਕੇਵਲ ਗਿਣਤੀ ਮਿਣਤੀ ਦੇ ਹੀ ਹਨ। ਜਿਸ ਦਿਨ ਮਨੁਖ ਜਨਮ ਲੈਂਦਾ ਮੌਤ ਵੀ ਇਸ ਦੇ ਨਾਲ ਹੀ ਲਿਖ ਦਿੱਤੀ ਜਾਂਦੀ ਹੈ। ਇਹ ਬਿਲਕੁਲ ਠੀਕ ਹੈ ਜਿਹੜੀ ਚੀਜ਼ ਬਣੀ ਹੈ ਉਸ ਨੇ ਇੱਕ ਦਿਨ ਭਜਣਾ ਵੀ ਹੈ। ਤਸਵਰਿ ਦੇ ਦੂਜੇ ਪਾਸੇ ਜੇ ਕਿਸੇ ਚੀਜ਼ ਦੀ ਸਮੇਂ ਸਿਰ ਮੁਰੰਮਤ ਜਾਂ ਸੇਵਾ-ਸੰਭਾਲ਼ ਕੀਤਿਆਂ ਕੁੱਝ ਜ਼ਿਆਦਾ ਸਮਾਂ ਵੀ ਆਪਣੀ ਉਮਰ ਹੰਢਾਅ ਜਾਂਦੀ ਹੈ।

੨ ਦਰ ਅਸਲ ਮਨੁੱਖ ਚੰਗੇ ਵਾਤਾਵਰਣ, ਚਿੰਤਵਾਂ ਤੋਂ ਰਹਿਤ, ਕੁਦਰਤੀ ਆਫਤਾਂ ਤੇ ਭਿਆਨਕ ਬਿਮਾਰੀਆਂ ਤੋਂ ਬਚਿਆ ਰਹੇ ਤਾਂ ਜ਼ਿੰਦਗੀ ਦੇ ਦਿਨ ਵੱਧ ਵੀ ਸਕਦੇ ਹਨ।

੩ ਏੱਥੇ ਇੱਕ ਨੁਕਤੇ ਵਲ ਧਿਆਨ ਦਿਵਾਇਆ ਹੈ ਲਾਲਸਾ ਅਧੀਨ ਜਿਊ ਰਿਹਾ ਮਨੁੱਖ ਜ਼ਿੰਦਗੀ ਦੇ ਅਸਲ ਮਹੱਤਵ ਨੂੰ ਭੁਲਾ ਦੇਂਦਾ ਹੈ।

੪ ਸੰਸਾਰ ਦੀ ਬਹੁਤਾਤ ਇਸ ਯਤਨ ਵਿੱਚ ਲੱਗੀ ਹੋਈ ਹੈ ਕਿ ਮੌਤ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਦੂਰੀ ਬਣੀ ਰਹੇ ਤਾਂ ਵਧੀਆ ਹੈ।

੫ ਯਤਨ ਬਹੁਤ ਕਰਦਾ ਹੈ ਕਿ ਮੈਂ ਬਲਵਾਨ ਹੋਵਾਂ, ਚਾਰੇ ਪਾਸੇ ਸੂਰਮੇ ਹੀ ਸੂਰਮੇ ਹੋਣ ਤੇ ਕਿਸੇ ਅਜੇਹੇ ਥਾਂ ਵੱਸਦਾ ਹੋਵਾਂ ਜਿੱਥੇ ਮੇਰੇ ਤੱਕ ਸਰੀਰਕ ਮੌਤ ਨਾ ਪਹੁੰਚ ਸਕੇ।

੬ ਕੁਦਰਤੀ ਨਿਯਮਾਵਲੀ ਅਨੁਸਾਰ ਸੁਚੱਜੀ ਜੁਗਤੀ ਨਾਲ ਬਿਮਾਰੀਆਂ ਤੋਂ ਰਹਿਤ, ਸੁਖੀ ਤੇ ਲੰਬੇਰੀ ਉਮਰ ਭੋਗ ਤਾਂ ਸਕਦਾ ਹੈ ਪਰ ਰੰਗਲ਼ੇ ਸੰਸਾਰ ਨੂੰ ਛੱਡ ਕੇ ਹੀ ਜਾਣਾ ਪੈਣਾ ਹੈ।

੭ ਏੱਥੇ ਅਧਿਆਤਮਕ ਨੁਕਤੇ ਵਲ ਵੀ ਧਿਆਨ ਦਿਵਾਇਆ ਹੈ ਕਿ ਲਾਲਚ ਅਧੀਨ ਚੱਲ ਰਿਹਾ ਮਨੁੱਖ ਦੁਨੀਆਂ ਦੇ ਪਦਾਰਥ ਇਕੱਠੇ ਕਰਨ ਵਿੱਚ ਲੱਗਿਆ ਹੈ।

੮ ਉੱਚ ਅਹੁਦੇ ਤੇ ਲੱਗਿਆ ਹੋਇਆ ਹੈ, ਭਾਵ ਉੱਚੇ ਥਾਂ `ਤੇ ਬੈਠਾ ਹੋਇਆ ਹੈ, ਚਾਰ ਚੁਫੇਰੇ ਉਸ ਦਾ ਹੁਕਮ ਚੱਲਦਾ ਹੈ, ਉਸ ਦੀ ਕਲਮ ਵਿੱਚ ਵੀ ਤਾਕਤ ਹੈ, ਹਰ ਵੇਲੇ ਉਸ ਦੀ ਸਰਧਲ਼ ਵਿੱਚ ਜਵਾਨ ਤਾਇਨਾਤ ਰਹਿੰਦੇ ਹਨ।

੯ ਅਜੇਹਾ ਮਨੁੱਖ ਅਜੇਹੀ ਉੱਚ ਤਾਕਤ ਹੋਣ ਦੇ ਬਾਵਜੂਦ ਜੇ ਉਸ ਨੂੰ ਆਪਣੀ ਜ਼ਿੰਮੇਵਾਰੀ ਤਥਾ ਫ਼ਰਜ਼ਾਂ ਪ੍ਰਤੀ ਪਹਿਚਾਨ ਭੁੱਲ ਜਾਂਦੀ ਹੈ ਤੇ ਕਿਸੇ ਕੋਲੋਂ ਵੱਢੀ ਲੈਂਦਾ ਹੈ ਤਾਂ ਸਮਝੋ ਉਸ ਨੂੰ ਕੀੜੀ ਲੜ ਗਈ। ਆਤਮਕ ਮੌਤ ਹੋ ਗਈ।

੧੦ ਬੱਸ ਅਸਲ ਆਹੀ ਇਖ਼ਲਾਕੀ ਮੌਤ ਹੈ ਜਦੋਂ ਪੂਰੀਆਂ ਤਾਕਤਾਂ ਹੋਣ ਪੈਸੇ ਧੇਲੇ ਦੀ ਕੋਈ ਥੋੜ ਨਾ ਹੋਵੇ ਤਾਂ ਬਹੁਤ ਥੋੜੇ ਜੇਹੇ ਲਾਲਚ ਕਾਰਨ ਆਪਣਾ ਦੀਨ ਗਵਾ ਲਏ ਤਾਂ ਸਿਆਣੇ ਝੱਟ ਕਹਿ ਦੇਂਦੇ ਹਨ ਇਸ ਦੀ ਤਾਂ ਆਤਮਾ ਹੀ ਮਰ ਗਈ ਹੈ। ਇਹ ਤੇ ਇਖ਼ਲਾਕ ਤੋਂ ਡਿੱਗ ਗਿਆ ਹੈ ਤੇ ਇਹ ਮਰੀ ਲੋਥ ਹੀ ਤੁਰੀ ਫਿਰਦੀ ਹੈ।

ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ।।

ਸਾਚੌ ਸਾਹਿਬੁ ਮਨਿ ਵਸੈ ਹਉਮੈ ਬਿਖੁ ਮਾਰੀ।। ੫।।

ਆਸਾ ਮਹਲਾ ੧ ਪੰਨਾ ੪੧੯




.