ਆਪਣੇ ਸਰੀਰ, ਮਾਇਆ, ਜ਼ਾਤ ਆਦਿ ਦਾ ਹੰਕਾਰ ਕਰਦਾ ਹੈਂ ਤੂੰ ਸਮਝ, ਇਨ੍ਹਾਂ
ਤੋਂ ਇਲਾਵਾ ਧਾਰਮਕ ਕਰਮ ਕਾਂਡ ਕਰਦਾ ਹੈਂ ਉਨ੍ਹਾਂ ਦਾ ਵੀ ਤੈਨੂੰ ਹੰਕਾਰ ਚੜ੍ਹਦਾ ਹੈ। ਇਸੇ ਕਾਰਨ
ਲੋਕੀ ਇਕ-ਦੂਜੇ ਨਾਲ ਅੱਖਾ ਨਹੀਂ ਮਿਲਾਂਦੇ ਹਨ, ਧਾਰਮਕ ਹੰਕਾਰ ਹੈ। ਇਸੀ ਕਾਰਨ ਲੋਕੀ ਇਕ-ਦੂਜੇ ਨੂੰ
ਮਾਰ ਮੁਕਾ ਦੇਣਾ ਚਾਹੁੰਦੇ ਹਨ। ਦੂਜੇ ਨਾਲ ਨਫਰਤ ਕਰਦੇ ਹਨ, ਦੂਜੇ ਦੀ ਉਪੇਖਿਆ ਕਰਦੇ ਹਨ, ਦੂਜੇ ਦਾ
ਅਪਮਾਨ ਕਰਦੇ ਹਨ, ਇਕ-ਦੂਜੇ ਨੂੰ ਨਾਸਤਿਕ ਸਮਝਦੇ ਹਨ, ਇਕ-ਦੂਜੇ ਨੂੰ ਪਾਪੀ ਸਮਝਦੇ ਹਨ, ਭੈੜਾ
ਸਮਝਦੇ ਹਨ, ਦੂਜੇ ਨੂੰ ਕਹਿੰਦੇ ਹਨ ਕਿ ਇਹ ਤੇ ਨਰਕਾਂ ਨੂੰ ਜਾਏਗਾ, ਭਾਵੇਂ ਉਹ ਨਾ ਜਾਏ, ਪਰ ਲੋਕੀ
ਤੇ ਗੱਲਾਂ ਨਾਲ ਭੇਜ ਹੀ ਦੇਂਦੇ ਹਨ। ਕਿਉਂ? ਧਾਰਮਕ ਹੰਕਾਰ ਹੈ। ਧਾਰਮਕ ਹੰਕਾਰ ਮਨੁੱਖ ਨੂੰ ਤਾਂ
ਚੜ੍ਹਦਾ ਹੈ ਜਦੋਂ ਮਨੁੱਖ ਕਰਮ ਕਾਂਡੀ ਹੁੰਦਾ ਹੈ। ਬਾਹਰਲੇ ਪਾਖੰਡ, ਕਰਮ ਕਾਂਡ ਮਨੁੱਖ ਜਦੋਂ ਕਰਦਾ
ਹੈ, ਤਾਂ ਗੁਰੂ ਸਾਹਿਬ ਕਹਿੰਦੇ ਹਨ - ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥
(747) ਜੇ ਤੂੰ ਧਰਮ ਦੇ ਕੰਮ ਕੇਵਲ ਵਿਖਾਵੇ ਲਈ ਕਰਦਾ ਹੈਂ ਤਾਂ ਉਹ ਪਾਖੰਡ ਹੈ। ਆਪਣੇ ਕੀਤੇ ਕਰਮ,
ਧਰਮ, ਪਾਖੰਡ ਦਾ ਹੰਕਾਰ ਕਰਦਾ ਹੈਂ ਤਾਂ ਇਹ ਹੰਕਾਰ (ਜਮ) ਤੈਨੂੰ ਲੁੱਟ ਲਏਗਾ।
ਗੁਰੂ ਸਾਹਿਬ ਕਹਿੰਦੇ ਹਨ ਕਿ ਤੂੰ ਸੋਚ ਰਿਹਾ ਹੈ ਕਿ ਕੁਝ ਦਾਨ ਕਰਨ ਨਾਲ
ਰੱਬ ਵਸ ਆ ਜਾਏਗਾ, ਕਿਸੇ ਸਿਆਣਪ ਨਾਲ ਵਸ ਆ ਜਾਏਗਾ ਆਦਿ। ਦਾਨ ਕਰਨ ਦੇ ਨਾਲ ਰੱਬ ਵਸ ਨਹੀਂ ਆਉਂਦਾ।
ਇਹ ਸਾਰੀ ਲਿਸਟ ਗੁਰੂ ਸਾਹਿਬ ਗਿਣਾਉਂਦੇ ਹਨ ਤੇ ਕਹਿੰਦੇ ਹਨ ‘ਨਾ ਤੂ ਆਵਹਿ ਵਸਿ ਬਹੁਤਾ ਦਾਨੁ
ਦੇ ॥’ (962) ਇੰਞ ਰੱਬੀ ਮਿਲਨ ਨਹੀਂ ਹੋ ਸਕਦਾ। ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ
ਵੀਚਾਰਿ ॥ ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥ (466)
ਲੋੜਵੰਦਾਂ ਨਾਲ ਸਾਂਝ ਕਰਨਾ ਤੇ ਚੰਗਾ ਖਿਆਲ ਹੈ। ਪਰ ਦਾਨ-ਪੁੰਨ ਕਰਨ ਮਗਰੋਂ
ਅਸੀਂ ਆਪਣੇ ਆਪ ਨੂੰ ਸੰਤੋਖੀ ਸਮਝ ਲੈਂਦੇ ਹਾਂ। ਕੁਝ ਦੇਣ ਮਗਰੋਂ ਹਜ਼ਾਰ ਗੁਣਾਂ ਮੰਗਦੇ ਹਾਂ।
ਜਿਸਨੂੰ ਇਹ ਗਲ ਸਮਝ ਆ ਜਾਏਗੀ ਉਹ ਪ੍ਰਬੰਧਕਾਂ ਨੂੰ ਨਹੀਂ ਕਹੇਗਾ ਕਿ ਮੇਰਾ ਨਾਮ ਮਾਈਕ ਤੇ ਬੋਲੋ।
ਕਿਉਂਕਿ ਦਾਨ ਦੇਣ ਮਗਰੋਂ ਆਪਣੇ ਨਾਮ ਦੀ ਵਾਹ-ਵਾਹ ਕਰਵਾਉਣ ਦੀ ਖਾਹਿਸ਼ ਹੁੰਦੀ ਹੈ। ਕਈ ਗੁਣਾਂ ਤੇ
ਅਸੀਂ ਵਾਹ-ਵਾਹ ਮੰਗਦੇ ਹਾਂ। ਕਿਸੀ ਵੀ ਕੀਤੀ ਸੇਵਾ ਦਾ ਜਿਹੜਾ ਮਨੁੱਖ ਵਾਹ-ਵਾਹ ਮੰਗਦਾ ਹੈ ਉਹ
ਗੁਰਮਤ ਦੇ ਨੇੜੇ ਨਹੀਂ ਪਹੁੰਚ ਸਕਦਾ। ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ
॥ (286)
ਤੂੰ ਵਾਹ-ਵਾਹ ਨਾ ਮੰਗ ਕਿ ਮੈਂ ਇਤਨੀ ਸੇਵਾ ਕੀਤੀ। ਇਹ ਤਾਂ ਫੋਕਾ ਅਭਿਮਾਨ
ਹੈ। ‘ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ’ ਮਨ ਅੰਦਰ ਹੰਕਾਰ ਰੱਖਦਾ ਹੈਂ ਤਾਂ ‘ਨਾਨਕ
ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ’ ਇਹ ਸਾਰਾ ਬੇਕਾਰ ਜਾਂਦਾ ਹੈ। ਕੋਈ ਫਲ ਪ੍ਰਾਪਤ ਨਹੀਂ
ਹੁੰਦਾ। ਇਹ ਤੇ ਇੰਜ ਹੈ ਜਿਵੇਂ ਹਾਥੀ ਚੰਗੀ ਤਰ੍ਹਾਂ ਨਹਾ ਧੋ ਕੇ ਬਾਹਰ ਆ ਕੇ ਫਿਰ ਸੂੰਡ ਦੇ ਨਾਲ
ਮਿੱਟੀ ਆਪਣੇ ਤਨ ਤੇ ਪਾ ਲੈਂਦਾ ਹੈ।
ਵੈਸੇ ਧਰਮ ਸਥਾਨ ਤੇ ਜਾ ਕੇ ਧਰਮ ਦੇ ਕਰਮ ਕਾਂਡ ਤਾਂ ਕਰਦੇ ਹਾਂ ਪਰ ਠੇਲੇ
ਵਾਲੇ ਨੂੰ, ਗਰੀਬ ਨੂੰ, ਨੌਕਰ ਨੂੰ, ਰਿਕਸ਼ਾ ਚਲਾਉਣ ਵਾਲੇ ਨੂੰ ਆਪਣੇ ਆਸ-ਪਾਸ ਦੇ ਮਨੁੱਖਾਂ ਨਾਲ
ਕ੍ਰੋਧ ਕਰਨਾ, ਮਨੁੱਖ ਨੂੰ ਮਨੁੱਖ ਨਹੀਂ ਸਮਝਣਾ, ਇਹ ਇਸ ਤਰ੍ਹਾਂ ਹੈ ਕਿ ਨਹਾ-ਧੋ ਕੇ ਆਪਣੇ ਸਰੀਰ
ਤੇ ਫਿਰ ਮਿੱਟੀ ਪਾ ਲਈ - ‘ਕੁੰਚਰ ਇਸਨਾਨੁ’। ਕੀਤੀ ਕਰਾਈ ਤੇ ਪਾਣੀ ਫੇਰ ਦੇਣਾ। ਕਿਸੀ ਤੇ
ਉਪਕਾਰ ਕਰਨਾ ਤੇ ਮਗਰੋਂ ਕਹਿਣਾ ਕਿ ਮੈਂ ਇਸਦੀ ਨੌਕਰੀ ਲਗਵਾਈ, ਔਖੇ ਵੇਲੇ ਇਸ ਦੀ ਮਦਦ ਕੀਤੀ ਪਰ
ਅੱਜ ਇਸਨੇ ਮੈਨੂੰ ਸਲਾਮ ਵੀ ਨਹੀਂ ਕੀਤੀ। ਬੜਾ ਹੰਕਾਰਿਆ ਫਿਰਦਾ ਹੈ। ਇਹੋ ਕੁੰਚਰ ਇਸ਼ਨਾਨ ਹੈ। ਸਾਰੀ
ਕੀਤੀ ਕਰਾਈ ਤੇ ਪਾਣੀ ਫੇਰ ਦਿੱਤਾ। ਕੁਝ ਵੀ ਕੀਤੇ ਚੰਗੇ ਕੰਮ ਦੀ ਜਦੋਂ ਅਸੀਂ ਵਾਹ-ਵਾਹ ਮੰਗਦੇ ਹਾਂ
ਤਾਂ ਕੁੰਚਰ ਇਸ਼ਨਾਨ ਹੋ ਜਾਂਦਾ ਹੈ - ਪਾ ਲਈ ਮਿੱਟੀ।
ਗੁਰੂ ਸਾਹਿਬ ਸਾਡੇ ਮਨ ਦੇ ਸੁਭਾ ਨੂੰ ਕਹਿੰਦੇ ਹਨ ਕਿ ਇਹ ਕਦੀ ਕੁੱਤਾ ਬਣ
ਜਾਂਦਾ ਹੈ, ਕਦੀ ਮੱਛੀ ਬਣ ਜਾਂਦਾ ਹੈ ਆਦਿ। ਐ ਇਨਸਾਨ ਤੂੰ ਸਿਆਣਾ ਹੋਕੇ ਵੀ ਹੰਕਾਰੀ ਕੁੰਚਰ ਬਣਿਆ
ਫਿਰਦਾ ਹੈਂ, ‘ਮਨ ਮੈ ਧਰੈ ਗੁਮਾਨੁ’ ਕਰਦਾ ਹੈਂ। ਪਰ ਤੂੰ ਸੋਚ ਹਾਥੀ ਬਲਵਾਨ ਹੋਕੇ ਵੀ ਨਿੱਕੇ ਜਿਹੇ
ਮਹਾਵਤ ਕੋਲੋਂ ਫਸ ਜਾਂਦਾ ਹੈ। ਉਸਦੇ ਸਰੀਰ ਦੀ ਤਾਕਤ ਕਿਸੇ ਕੰਮ ਨਹੀਂ ਆਉਂਦੀ। ਤੂੰ ਆਪਣੇ ਬਾਰੇ
ਸੋਚ - ‘ਮਨ ਮੈ ਧਰੈ ਗੁਮਾਨੁ’।
ਜੇ ਤੂੰ ਵਰਤ ਰੱਖਣਾ ਹੈ ਤਾਂ ਸਰੀਰਕ ਭੋਜਨ ਤਿਆਗਣ ਦੀ ਬਜਾਏ, ਜਿਵੇਂ ਆਪਣੇ
ਸਰੀਰ ਨੂੰ ਗਲਤ ਭੋਜਨ ਨਹੀਂ ਖਿਲਾਉਣਾ, ਆਪਣੀ ਆਤਮਾ ਨੂੰ ਮਾੜੇ ਖਿਆਲਾਂ ਦਾ ਭੋਜਨ ਨਹੀਂ ਕਰਵਾਉਣਾ।
ਇਸਦਾ ਵਰਤ ਕਰਿਆ ਕਰ।
ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ ॥ (472) ਇਸ ਤਰ੍ਹਾਂ ਗੁਰੂ
ਸਾਹਿਬ ਸਾਨੂੰ ਸੂਤਕ ਸਮਝਾਉਂਦੇ ਹਨ ਇਨ੍ਹਾਂ ਦਾ ਵਰਤ ਰੱਖ। ਆਤਮਾ ਨੂੰ ਜਿਹੜਾ ਭੋਜਨ ਖਿਲਾਉਣਾ ਹੈ
ਉਹ ਇੱਕਠਾ ਕਰਕੇ ਲਿਆ। ਸਤਿਗੁਰ ਕੋਲੋਂ ਮਿਲਦਾ ਹੈ ਇਹ ਭੋਜਨ। ਸਤ, ਸੰਤੋਖ, ਦਯਾ, ਸ਼ੀਤਲਤਾ, ਮਿਠਾਸ,
ਪਿਆਰ, ਨਿਘ, ਨਿਮਰਤਾ ਆਦਿ ਇਹ ਵਾਲਾ ਭੋਜਨ ਆਪਣੀ ਆਤਮਾ ਨੂੰ ਖਿਲਾਇਆ ਕਰ, ਇੰਜ ਵਰਤ ਰੱਖੀ ਦਾ ਹੈ।
ਜੇ ਤੂੰ ਦਾਨ ਹੀ ਕਰਨਾ ਹੈ ਤਾਂ ਦਾਨ ਕਿਹੜਾ ਕਰ?
ਜੇ ਦਾਨ ਕਰਨਾ ਹੈ ਤਾਂ ਆਪਣੀਆਂ ਨਿਕੱਮੀਆਂ ਆਦਤਾਂ ਦਾ ਦਾਨ ਕਰ। ਅਸੀਂ ਆਮ
ਕਹਿੰਦੇ ਇਹ ਰਾਤ ਦੀ ਰੋਟੀ ਹੈ, ਕੇਲਾ ਸੜਿਆ ਹੋਇਆ ਹੈ, ਸੇਬ ਖਰਾਬ ਹੈ ਆਦਿ ਇਸ ਭੋਜਨ ਨੂੰ ਸੁੱਟ
ਦਿਉ। ਜਿਹੜੀਆਂ ਚੀਜ਼ਾਂ ਵਿਅਰਥ ਹਨ ਉਨ੍ਹਾਂ ਦਾ ਦਾਨ ਕਰਦੇ ਹਾਂ। ਬਾਹਰੀ ਤੌਰ ਤੇ ਤਾਂ ਅਸੀਂ ਠੀਕ
ਕਰਦੇ ਹਾਂ ਕਿ ਵਿਅਰਥ ਚੀਜ਼ਾਂ ਦਾ ਦਾਨ ਕਰਦੇ ਹਾਂ ਜਾਂ ਸੁੱਟ ਦੇਂਦੇ ਹਾਂ ਪਰ ਅੰਦਰ ਦੇ ਭੈੜੇ-ਵਿਅਰਥ
ਵਿਕਾਰੀ ਖਿਆਲ ਹਨ ਉਨ੍ਹਾਂ ਦਾ ਦਾਨ ਬਿਲਕੁਲ ਨਹੀਂ ਕਰਦੇ ਹਾਂ। ਉਨ੍ਹਾਂ ਦਾ ਦਾਨ ਕਰ, ਜਿਹੜੀਆਂ
ਚੀਜ਼ਾਂ ਤੇਰਾ ਹੰਕਾਰ ਵਧਾਉਂਦੀਆਂ ਹਨ। ਜਿਹੜੀਆਂ ਚੀਜ਼ਾਂ ਤੈਨੂੰ ਮਨੁੱਖ ਤੋਂ ਹਾਥੀ ਬਣਾ ਦੇਂਦੀਆਂ
ਹਨ। ਤੇਰਾ ਕੁੰਚਰ ਇਸ਼ਨਾਨ ਕਰਾ ਦੇਂਦੀਆਂ ਹਨ। ਤੈਨੂੰ ਹੰਕਾਰ ਸਿਖਾ ਦੇਂਦੀਆਂ ਹਨ, ਜੀਵਨ ਕਿਰਦਾਰ
ਨੀਂਵਾ ਕਰ ਦੇਂਦੀਆਂ ਹਨ ਜਿਵੇਂ ਮੀਹ ਵਿਚ ਟਿੱਬੇ ਖਾਲੀ ਰਹਿ ਜਾਂਦੇ ਹਨ - ‘ਟਿਬੇ ਜਿਉ ਮੀਹਾਹੁ’।
ਤੈਨੂੰ ਦਰਿਆ ਬਣਨਾ ਹੈ ਜਿਸ ਵਿਚ ਹਮੇਸ਼ਾਂ ਹੀ ਸਤਿਗੁਰ ਦੇ ਗਿਆਨ ਦਾ ਪਾਣੀ ਵਗਦਾ ਰਹੇ।
ਅਸੀਂ ਸਮਝ ਚੁਕੇ ਹਾਂ ਕਿ ਅਸੀਂ ਤੀਰਥ ਕਿਹੜਾ ਕਰਨਾ ਹੈ - ਅੰਤਰਗਤਿ
ਤੀਰਥਿ ਮਲਿ ਨਾਉ ਅਤੇ ‘ਗੁਰ ਸਮਾਨਿ ਤੀਰਥੁ ਨਹੀ ਕੋਇ ॥’ ਸੋ ਗੁਰਮਤਿ ਕਿਸੇ ਬਾਹਰਲੇ ਤੀਰਥ ਨੂੰ
ਨਹੀਂ ਮੰਨਦੀ। ਕਿਉਂਕਿ ਗੁਰਮਤਿ ਤੇ ਕਹਿੰਦੀ ਹੈ - ‘ਊਹਾਂ ਤਉ ਜਾਈਐ ਜਉ ਈਹਾਂ ਨ ਹੋਇ’। ਜੇ ਰੱਬ
ਭਰਿਆ-ਪੂਰਿਆ ਹੈ ਤਾਂ ਉਸਨੂੰ ਕਿਧਰੇ ਜਾਕੇ ਲੱਭਣ ਦੀ ਲੋੜ ਹੀ ਨਹੀਂ ਹੈ। ਤੇ ਜੇ ਪਾਪ ਦੂਰ ਕਰਨੇ ਹਨ
ਤਾਂ ‘ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ ॥’ (1329) ਦੁਰਮਤ ਮੈਲ
ਖਤਮ ਹੋ ਜਾਂਦੀ ਹੈ। ਇਹ ਤੀਰਥ ਵਿਚ ਇਸ਼ਨਾਨ ਹੋ ਗਿਆ। ਸੋ ਗੁਰਮਤਿ ਦਾ ਇਸ਼ਨਾਨ ਹੈ ਸੱਚ ਦੇ ਗਿਆਨ ਨਾਲ
ਇਸ਼ਨਾਨ ਕਰ। ‘ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥’ (611) ਇਹ ਇਸ਼ਨਾਨ
ਕਿਹੜਾ ਹੈ? ਇਹ ਬਾਹਰਲਾ ਇਸ਼ਨਾਨ ਨਹੀਂ ਹੈ। ਜੇ ਬਾਹਰਲੇ ਸਰੀਰਕ ਇਸ਼ਨਾਨ ਦੀ ਗਲ ਹੋਵੇ, ਬਾਹਰਲੇ
ਇਸ਼ਨਾਨ ਬਾਰੇ ਗੁਰੂ ਸਾਹਿਬ ਕਹਿੰਦੇ ਹਨ ਕਿ, ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ ਸੂਚੇ
ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥ (472) ਅਤੇ ਨਾਮੁ ਕਹਤ ਗੋਵਿੰਦ ਕਾ ਸੂਚੀ ਭਈ ਰਸਨਾ ॥ (811)
ਤੂੰ ਅੰਦਰੋਂ ਸੱਚਾ ਹੋ ਜਾ। ਗੁਰੂ ਸਾਹਿਬ ਕਹਿੰਦੇ ਹਨ ਕਿ ਸੱਚ ਦੇ ਗਿਆਨ ਨਾਲ ਇਸ਼ਨਾਨ ਕਰ ਲੈ। ਆਪਣੀ
ਆਤਮਾ ਦਾ ਇਸ਼ਨਾਨ ਕਰ ਲੈ। ਆਪਣੀ ਆਤਮਾ ਦਾ ਮਤਲਬ ਆਪਣੀ ਜ਼ਮੀਰ ਦਾ, ਅੰਤਰ-ਆਤਮੇ ਦਾ ਇਸ਼ਨਾਨ ਕਰ ਲੈ।
ਅੰਤਰ-ਆਤਮੇ ਵਿਚ ਤਾਂ ਸਫਾਈ ਸੀ ਪਰ ਉੱਤੇ ਮੈਲ ਜੰਮ ਗਈ ਹੈ। ਉਸ ਮੈਲ ਨੂੰ ਸਤਿਗੁਰ ਦੀ ਮੱਤ ਲੈ ਕੇ
ਸਾਫ ਕਰ ਲੈ। ਕਿਤਨਾ ਤੇ ਸੌਖਾ ਸਮਝਾ ਰਹੇ ਹਨ। ਬਾਹਰਲੇ ਤੀਰਥ ਦੀ ਗਲ ਨਹੀਂ ਕਰ ਰਹੇ ਹਨ। ਤਨ ਦੇ
ਨਾਲ ਅਸੀਂ ਤੀਰਥ ਵੀ ਕਰਦੇ ਹਾਂ, ਭੁੱਖੇ ਰਹਿਕੇ ਵਰਤ ਵੀ ਰੱਖਦੇ ਹਾਂ ਇਹ ਸਭ ਕੁਝ ਤੇ ਸਰੀਰਕ ਹੈ।
ਸਰੀਰ ਦਾ ਤੀਰਥ, ਸਰੀਰਕ ਦਾਨ, ਆਦਿ ਇਨ੍ਹਾਂ ਸਾਰੀਆਂ ਕ੍ਰਿਆਵਾਂ ਵਿਚ ਕੇਵਲ ਸਰੀਰ ਹੀ ਹੈ, ਆਤਮਕ
ਤੌਰ ਤੇ ਮੁਕਤੀ ਨਹੀਂ ਮਿਲੇਗੀ। ਕਿਉਂਕਿ ਅਸੀਂ ਕੰਮ ਹੀ ਬਾਹਰਲਾ ਕਰ ਰਹੇ ਹਾਂ। ਤੂੰ ਘਰ ਨੂੰ
ਬਾਹਰੋਂ-ਬਾਹਰੋਂ ਸਜਾਂਦਾ ਰਿਹਾ, ਗੁਰੂ ਸਾਹਿਬ ਕਹਿੰਦੇ ਹਨ, ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ
॥ ਢਠੀਆ ਕੰਮਿ ਨ ਆਵਨ੍ੀ ਵਿਚਹੁ ਸਖਣੀਆਹਾ ॥ (729)
ਕੇਵਲ ਬਾਹਰੋਂ ਸਜਾਈਆਂ ਹੋਈਆਂ ਹਨ, ਅੰਦਰ ਜੇ ਕੋਈ ਨਹੀਂ ਰਹਿੰਦਾ ਤਾਂ
ਬੇਕਾਰ ਹਨ। ਤੂੰ ਬਾਹਰਲੇ ਤੀਰਥ ਕਰਦਾ ਹੈਂ, ਬਾਹਰਲੇ ਵਰਤ ਰੱਖਦਾ ਹੈਂ, ਬਾਹਰਲੇ ਵਰਤ ਰੱਖੇਂਗਾ ਤਾਂ
ਸਾਰਾ ਦਿਨ ਇਹੀ ਹਿਸਾਬ ਲਗਾਂਦਾ ਰਹੇਂਗਾ - ਰਾਤੀ ਫੈਨੀਆਂ ਖਾਣੀਆਂ ਹਨ, ਖਜੂਰਾਂ ਖਾਣੀਆਂ ਹਨ, ਫਿਰ
ਮੈਂ ਬਰਫੀ ਖਾਣੀ ਹੈ, ਫਿਰ ਲੱਡੂ ਖਾਣਾ ਹੈ, ਤੇਰਾ ਮਨ ਕਿਧਰੇ ਹੋਰ ਹੈ ਇਸ ਕਰਕੇ ਮੈਨੂੰ ਲਗਦਾ ਹੈ
ਗੁਰੂ ਪਾਤਸ਼ਾਹ ਨੇ ਕਹਿ ਦਿੱਤਾ -
ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ ॥ ਨਾਨਕ ਇਹ ਬਿਧਿ ਹਰਿ
ਭਜਉ ਇਕ ਮਨਿ ਹੁਇ ਇਕ ਚਿਤਿ॥
ਇਕ ਮਨ ਤੇ ਇਕ ਚਿੱਤ ਹੋ ਜਾ, ਦੋਨਾਂ ਨੂੰ ਇਕ ਥਾਂ ਤੇ ਬਿਠਾ ਲੈ। ਇਨ੍ਹਾਂ
ਦੀ ਇਕਮਿਕਤਾ ਹੀ ਰੱਬੀ ਇੱਕਮਿਕਤਾ ਦਾ ਲਖਾਇਕ ਹੈ। ਇੰਜ ਹੀ ਜਦੋਂ ਅਸੀਂ ਤੀਰਥ ਤੇ ਜਾਂਦੇ ਹਾਂ ਸਾਡਾ
ਚਿੱਤ ਕਿਸੇ ਹੋਰ ਪਾਸੇ ਹੁੰਦਾ ਹੈ, ਮਨ ਕਿਸੇ ਹੋਰ ਪਾਸੇ ਹੁੰਦਾ ਹੈ। ਇਸ ਕਰਕੇ ਅੰਦਰ ਦੇ ਤੀਰਥ
ਬਾਰੇ ਸੋਚ, ਤੇਰਾ ਉੱਥੇ ਮਨ ਹੈ ਚਿੱਤ ਹੈ - ਇਕ ਮਨ ਇਕ ਚਿੱਤ ਹੋ ਜਾ।
ਗੁਰਿ ਕਹਿਆ ਸਾ ਕਾਰ ਕਮਾਵਹੁ ॥ ਗੁਰ ਕੀ ਕਰਣੀ ਕਾਹੇ ਧਾਵਹੁ ॥ (933) ਜਦੋਂ
ਗੁਰਦੁਆਰੇ ਜਾਵੇਂ ਤਾਂ ਸ਼ਬਦ-ਕੀਰਤਨ, ਸ਼ਬਦ-ਵਿਚਾਰ ਸੁਣੇ ਤਾਂ ਗੁਰੂ ਦੀ ਗਲ ਅੱਗੇ ਆਪਣੇ ਆਪ ਨੂੰ
ਸਮਰਪਣ ਕਰਦੇ। ਭਾਵ ਗੁਰਦੁਆਰੇ ਅਸੀਂ ਸੱਚ ਸੁਣਨ ਜਾਂਦੇ ਹਾਂ। ਅੰਤਰ ਆਤਮੇ ਦੀ ਮੈਲ ਦੂਰ ਕਰਨ ਜਾਂਦੇ
ਹਾਂ। ਜਿਵੇਂ ਵਾਈਪਰ ਨਾਲ ਕਾਰ ਦੇ ਸ਼ੀਸ਼ੇ ਸਾਫ ਕੀਤੇ ਜਾਂਦੇ ਹਨ ਇਸੇ ਤਰ੍ਹਾਂ ਅੰਦਰ ਦੇ ਸ਼ੀਸ਼ੇ ਸਾਫ
ਕਰਨੇ ਹਨ। ਆਪਣੇ ਅੰਤਰ ਆਤਮੇ ਨੂੰ ਸਾਫ ਕਰਨਾ ਹੈ - ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ
ਹਛਾ ਨ ਹੋਇ ॥ (558) ਬਾਹਰਲੇ ਤਨ ਨੂੰ ਧੋਣ ਨਾਲ ਮਨ ਹੱਛਾ ਨਹੀਂ ਹੋਵੇਗਾ। ਅੰਦਰਲਾ ਇਸ਼ਨਾਨ ਕਰ
ਲਵੇਂ ਤਾਂ ‘ਮਨ ਤਨ ਭਏ ਅਰੋਗਾ’ ਹੋਏਗਾ।
ਅਸੀਂ ਛਿਤਾਲੀਵੇਂ ਸਲੋਕ ਤਕ ਵਿਚਾਰ ਕੀਤੀ ਹੈ। ਅਸੀਂ ਇਹ ਸਮਝਣ ਦਾ ਜਤਨ
ਕੀਤਾ ਕਿ ਗੁਰੂ ਸਾਹਿਬ ਸਾਰੀ ਮਨੁੱਖਤਾ ਨੂੰ ਕੀ ਸਮਝਾਉਣਾ ਚਾਹੁੰਦੇ ਹਨ। ਗੁਰੂ ਸਾਹਿਬ ਬੜਾ ਵਿਲੱਖਣ
ਢੰਗ ਵਰਤਦੇ ਹਨ। ਆਪਣੇ ਆਪ ਤੇ ਢੁਕਾਕੇ ਗਲ ਪੇਸ਼ ਕਰਦੇ ਹਨ। ਪਰ ਇਸ ਨੁਕਤੇ ਨੂੰ ਵੀ ਸਮਝਨਾ ਹੈ ਕਿ
ਜਦੋਂ ਅਸੀਂ ਦੂਜਿਆਂ ਨੂੰ ਸਮਝਾਉਂਦੇ ਹਾਂ ਤਾਂ ਮਨਸ਼ਾ ਇਹ ਹੁੰਦੀ ਹੈ ਕਿ ਮੈਂ ਸਿਰਫ ਠੀਕ ਹਾਂ,
ਤੁਸੀਂ ਸਾਰੇ ਗਲਤ ਹੋ, ਤੁਸੀਂ ਸਾਰੇ ਪਾਪੀ ਹੋ।
ਸੋ ਗੁਰੂ ਪਾਤਸ਼ਾਹ ਇਤਨਾ ਸੁਹਣਾ ਢੰਗ ਵਰਤਦੇ ਹਨ, ਆਪਣੇ ਆਪ ਨੂੰ ਨਮਰਤਾ ਵਿਚ
ਮੁਖਾਤਿਬ ਕਰਕੇ ਔਗੁਣਿਆਰਾ ਕਹਿੰਦੇ ਹਨ। ਆਪਣੀ ਉੱਚੀ ਆਤਮਕ ਅਵਸਥਾ ਮਾਣਦਿਆਂ ਨਿਮਾਣੇ ਹੋਕੇ ਬੇਨਤੀ
ਕਰਦੇ ਹਨ ਤਾਂ ਜੋ ਕਿਸੇ ਨੂੰ ਠੇਸ ਨਾ ਪਹੁੰਚੇ। ਜਦੋਂ ਕਿਸੇ ਨੂੰ ਠੇਸ ਨਾ ਪਹੁੰਚੇ ਵਾਲੀ ਖੇਡ ਸਮਝ
ਆ ਜਾਏ ਤਾਂ ਸਾਨੂੰ ਵੀ ਐਸੀ ਜੀਵਨ ਜਾਚ ਸਿੱਖਣੀ ਚਾਹੀਦੀ ਹੈ। ਗੁਰੂ ਪਾਤਸ਼ਾਹ ਇਤਨਾ ਸੁਹਣਾ ਜੀਵਨ
ਜਿਊ ਕੇ ਵਿਖਾ ਗਏ ਹਨ ਉਸਨੂੰ ਆਪਣਾ ਰੋਲ ਮਾਡਲ ਬਣਾਕੇ ਤਾਂ ਵੇਖੀਏ। ਇਸਨੂੰ ਰੋਲ ਮਾਡਲ ਬਣਾਵਾਂਗੇ
ਤਾਂ ਅਸੀਂ ਆਪ ਵੀ ਸੁਖੀ ਤੇ ਸਾਡੇ ਨੇੜੇ ਰਹਿਣ ਵਾਲੇ ਵੀ ਸੁਖੀ। ਗੁਰੂ ਸਾਹਿਬ ਦਾ ਇਹ ਬੜਾ ਕੀਮਤੀ
ਢੰਗ ਹੈ - ਕਿਸੇ ਨੂੰ ਠੇਸ ਨਾ ਪਹੁੰਚਾਵੋ! ਕਿਸੇ ਨੂੰ ਸਿੱਧੇ ਰਾਹ ਪਾਉਣਾ ਹੈ ਤਾਂ ਪਹਿਲਾਂ ਆਪ
ਸਿੱਧੇ ਟੁਰਨਾ ਸ਼ੁਰੂ ਕਰ ਦੇਵੋ। ਕਿਸੇ ਨੂੰ ਜ਼ਬਰਦਸਤੀ ਆਪਣੀ ਗਲ ਨਾ ਥੋਪੋ ਕਿ ਮੈਂ ਹੀ ਠੀਕ ਕਹਿ
ਰਿਹਾ ਹਾਂ। ਦੂਜਾ ਤੁਹਾਡਾ ਜੀਵਨ ਵੇਖੇ, ਤੁਹਾਡੇ ਵਿਚੋਂ ਮਿਠਾਸ ਵੇਖੇ, ਖੇੜਾ ਵੇਖੇ ਤਾਂ ਉਹ ਆਪੇ
ਹੀ ਇਸ ਪਾਸੇ ਟੁਰੇ। ਜੇ ਮਾਤਾ-ਪਿਤਾ ਗੁਰਦੁਆਰੇ ਜਾਂਦੇ ਹਨ ਪਰ ਘਰ ਆ ਕੇ ਲੜਦੇ ਵੀ ਹਨ ਤਾਂ ਬੱਚਾ
ਸੋਚਦਾ ਹੈ ਕਿ ਇਹ ਪਾਠ ਕਰਦੇ ਹਨ, ਗੁਰਦੁਆਰੇ ਜਾਂਦੇ ਹਨ ਪਰ ਆਪ ਲੜਦੇ ਰਹਿੰਦੇ ਹਨ, ਲੋਕਾਂ ਬਾਰੇ
ਭੈੜੀਆਂ ਗੱਲਾ ਕਰਦੇ ਰਹਿੰਦੇ ਹਨ। ਰੀਤ ਰਿਵਾਜ਼ ਕਰਦੇ-ਕਰਾਂਦੇ ਵੀ ਰਹਿੰਦੇ ਹਨ ਫਿਰ ਦੁਖੀ ਹੁੰਦੇ
ਰਹਿੰਦੇ ਹਨ, ਇਨ੍ਹਾਂ ਨੂੰ ਬਾਣੀ ਪੜ੍ਹਕੇ ਖੇੜਾ ਕਿਉਂ ਨਹੀਂ ਆਉਂਦਾ? ਉਸ ਬੱਚੇ ਨੂੰ ਭੁਲੇਖਾ ਇਹ ਪੈ
ਜਾਂਦਾ ਹੈ ਕਿ ਸ਼ਾਇਦ ਬਾਣੀ ਵਿਚ ਕੋਈ ਗੁਣ ਨਹੀਂ ਹੈ। ਇਹ ਨਹੀਂ ਪਤਾ ਕਿ ਇਨ੍ਹਾਂਨੇ ਆਪਣੇ ਜੀਵਨ ਵਿਚ
ਹੰਢਾਇਆ ਨਹੀਂ ਹੈ। ਸੋ ਅਸੀਂ ਗੁਰਬਾਣੀ ਵਿਚ ਦਰਸ਼ਾਈ ਜੀਵਨ ਜਾਚ ਨੂੰ ਹੰਢਾਉਣਾ ਹੈ। ਕਿਸੇ ਨੂੰ ਵੀ
ਸਮਝਾਉਣ ਦੀ ਲੋੜ ਨਹੀਂ ਹੈ। ਕੇਵਲ ਅਸੀਂ ਆਪ ਦੱਸੇ ਮਾਰਗ ਤੇ ਤੁਰ ਪਈਏ, ਵੈਸਾ ਜੀਵਨ ਜਿਉਣ ਲਗ ਪਈਏ।
ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ ॥ (1373) ਜੇ ਸਾਨੂੰ ਅਨੇਕਾਂ ਕਿਸਮਾਂ ਦੇ
ਨਕਾਰਾਤਮਕ ਖਿਆਲਾਂ ਵਾਲੇ ਮਨੁੱਖ ਸਾਡੇ ਨਾਲ ਵਤੀਰਾ ਗਲਤ ਕਰ ਜਾਣ, ਪਰ ਅਸੀਂ ਆਪਣੇ ਚੰਗੇ ਗੁਣ ਨਾ
ਛਡੀਏ। ਅਸੀਂ ਤਾਂ ਜੈਸਾ ਮਨੁੱਖ ਵੇਖਿਆ ਵੈਸੇ ਹੋ ਗਏ। ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ।
ਲੋਕੀ ਜੈਸਾ ਵਤੀਰਾ ਕਰਦੇ ਹਨ ਅਸੀਂ ਜੈਸੇ ਨੂੰ ਤੈਸੇ ਹੋ ਜਾਂਦੇ ਹਾਂ। ਜੈਸੇ ਕੋ ਤੈਸਾ (ਟਟਿ ਡੋਰ
ਟੳਟ) ਧਾਰਮਕ ਦੁਨੀਆ ਦਾ ਲਫਜ਼ ਨਹੀਂ ਹੈ।
ਕਲ ਤਕ ਅਸੀਂ ਸਮਝਿਆ ਸੀ ਕਿ ਤੂੰ ਜੋ ਵੀ ਕਰਦਾ ਹੈਂ ਉਸਦਾ ਗੁਮਾਨ ਹੀ ਕਰਦਾ
ਹੈਂ। ਤੈਨੂੰ ਉਸਦਾ ਹੰਕਾਰ ਹੀ ਰਹਿੰਦਾ ਹੈ। ਸਾਰੇ ਮਹਲੇ ਨੌਵੇ ਦੀ ਬਾਣੀ ਦਾ ਨਿਚੋੜ ਹੀ ਇਹੀ ਹੈ।
ਹਰ ਚਾਰ-ਪੰਜ ਸਲੋਕਾਂ ਮਗਰੋਂ ਗਰਬ, ਹੰਕਾਰ, ਅਹੰ ਆਦਿ ਬਾਰੇ ਗੁਰੂ ਪਾਤਸ਼ਾਹ ਬਾਰ-ਬਾਰ ਦਸ ਰਹੇ ਹਨ।
ਚਾਰੋਂ ਪਾਸੇ ਘੁਮਾ ਕੇ ਗੁਰੂ ਪਾਤਸ਼ਾਹ ਮਨੁੱਖੀ ਕਿਰਦਾਰ ਨੂੰ ਘੜਨ ਲਈ ਨੁਕਤੇ ਪੇਸ਼ ਕਰਦੇ ਹਨ। ਮਾਇਆ
ਦਾ ਹੰਕਾਰ ਕਰਦਾ ਹੈਂ, ਦੇਹ ਦਾ ਗਰਬ ਕਰਦਾ ਹੈਂ, ਉੱਚੀ ਜ਼ਾਤ ਦਾ ਹੰਕਾਰ ਕਰਦਾ ਹੈਂ ਆਦਿ ਕਿਸੇ ਵੀ
ਚੀਜ਼ ਦਾ ਹੰਕਾਰ ਕਰਦਾ ਹੈਂ, ਇਸ ਬਾਰੇ ਸੋਚ ਇਸ ਹੰਕਾਰ ਦੇ ਕਾਰਨ ਤੇਰੇ ਗਲੇ ਵਿਚ ਸੰਗਲ ਪੈ ਜਾਂਦੇ
ਹਨ, ਗਲੇ ਵਿਚ ਫੰਧਾ ਪੈ ਜਾਂਦਾ ਹੈ। ਇਸ ਬਾਰੇ ਸੋਚ! ਇਹ ਸਭ ਤੋਂ ਵੱਡਾ ਦੁਖ ਹੈ। ਇਸ ਦੁਖ ਦੇ ਕਾਰਨ
ਅਨੇਕਾਂ ਹੋਰ ਦੁਖ ਆ ਜਾਂਦੇ ਹਨ।
ਗੁਰੂ ਸਾਹਿਬ ਛਿਤਾਲੀਵੇ ਸਲੋਕ ਤਕ ਹੰਕਾਰੀ ਮਨੁੱਖਾਂ ਦੇ ਲੱਛਣ ਦਸਦੇ ਹਨ,
ਹੰਕਾਰ ਕਰਨ ਦੇ ਨੁਕਸਾਨ ਦਸ ਰਹੇ ਹਨ ਅਤੇ ਜਿਹੜੇ ਹੰਕਾਰ ਨਹੀਂ ਕਰਦੇ ਉਨ੍ਹਾਂ ਦੀਆਂ ਖੂਬੀਆਂ ਦਸ
ਰਹੇ ਹਨ। ਇਸ ਲਈ ਇਨ੍ਹਾਂ ਸਾਰੇ ਸਲੋਕਾਂ ਦਾ ਵਿਸ਼ਾ ‘ਹੰਕਾਰ’ ਹੈ। ਹੁਣ 47 ਤੋਂ ਲੈਕੇ 52 ਸਲੋਕ ਤਕ
ਸਮਝਾਂਦੇ ਹਨ ਕਿ ਐ ਮਨੁੱਖ ਜੇ ਤੂੰ ਹੰਕਾਰ ਕਰ ਰਿਹਾ ਹੈਂ ਤੇ ਵੇਖ ਤੇਰਾ ਕੀ ਨੁਕਸਾਨ ਹੋ ਜਾਂਦਾ
ਹੈ।
ਸਾਰੀ ਜ਼ਿੰਦਗੀ ਭਰ ਜਿਹੜੀਆਂ ਆਦਤਾਂ ਪਾਲੀਆਂ ਹੁੰਦੀਆਂ ਹਨ ਉਹ ਛੁੱਟਦੀਆਂ
ਨਹੀਂ ਹਨ। ਕਈ ਕਹਿੰਦੇ ਹਨ ਕਿ ਧਰਮ-ਕਰਮ ਕਰਨ ਦੀ ਲੋੜ ਹੀ ਨਹੀਂ ਹੈ, ਪਾਠ ਕਰਨ ਦੀ ਲੋੜ ਹੀ ਨਹੀਂ
ਹੈ, ਧਾਰਮਕ ਸਥਾਨਾਂ ਤੇ ਜਾਣ ਦੀ ਲੋੜ ਹੀ ਨਹੀਂ ਹੈ ਬਸ! ਮਨ ਸਾਫ ਹੋਣਾ ਚਾਹੀਦਾ ਹੈ। ਸਾਫ ਮਨ ਦੀ
ਨਿਸ਼ਾਨੀ ਉਨ੍ਹਾਂ ਨੂੰ ਪਤਾ ਨਹੀਂ ਹੈ। ਉਹ ਆਪਣੀ ਜਗ੍ਹਾ ਛਿੱਥੇ ਪੈਂਦੇ ਹਨ, ਗੁੱਸੇ ਨਾਲ ਬੋਲਦੇ ਹਨ,
ਆਪਣੀ ਗਲ ਜ਼ਬਰਦਸਤੀ ਮਨਵਾਉਂਦੇ ਹਨ ਆਦਿ ਇਹ ਸਾਰੀਆਂ ਆਦਤਾਂ ਉਨ੍ਹਾਂ ਦੀਆਂ ਪੱਕ ਜਾਂਦੀਆਂ ਹਨ। ਜਦੋਂ
ਪੱਕ ਜਾਂਦੀਆਂ ਹਨ ਫਿਰ ਉਹ ਬੁਢਾਪੇ ਵਿਚ ਛੁੱਟਦੀਆਂ ਨਹੀਂ ਹਨ। ਜਿਹੜਾ ਵੀ ਮਨੁੱਖ ਢੀਠ ਹੋਕੇ ਆਪਣੇ
ਅਉਗੁਣਾਂ ਨੂੰ ਵਾਚਦਾ ਨਹੀਂ ਹੈ, ਉਨ੍ਹਾਂ ਨੂੰ ਛੱਡਣਾ ਨਹੀਂ ਚਾਹੁੰਦਾ, ਸਚ ਲੈਣ ਲਈ ਕੋਈ ਉਦਮ ਨਹੀਂ
ਕਰਦਾ, ਉਹ ਭਾਵੇਂ ਜਵਾਨੀ ਦੀ 13 ਸਾਲਾਂ ਦੀ ਉਮਰ ਵਿਚ ਹੈ ਉਹ ਮਨੁੱਖ ਬੁੱਢਾ ਹੈ। ਇਹ ਅਸੀਂ ਪਹਿਲਾਂ
ਵਿਚਾਰ ਕਰ ਚੁਕੇ ਹਾਂ।