ਮਾਇਆ
(2)
ਮਨੁੱਖ ਦਾ ਜਨਮ ਤ੍ਰੈਗੁਣੀ ਮਾਇਆ ਦੀ ਉਪਜ ਹੈ; ਅਤੇ, ਉਸ ਨੇ ਆਪਣਾ ਸਾਰਾ
ਜੀਵਨ ਇਸੇ ਮਾਇਆ ਵਿੱਚ ਰਹਿੰਦਿਆਂ ਹੀ ਗੁਜ਼ਾਰਨਾ ਹੈ। ਮਾਇਆ ਵਿੱਚੋਂ ਉਤਪੰਨ ਹੋ ਕੇ ਮਾਇਆ ਵਿੱਚ ਹੀ
ਜੀਵਨ ਬਿਤੀਤ ਕਰਨਾ ਮਨੁੱਖ ਦੀ ਮਜਬੂਰੀ ਹੈ। ਪਰੰਤੂ, ਮਾਇਆ ਦਾ ਮੋਹ ਅਤੇ ਤ੍ਰਿਸ਼ਨਾ ਮਨੁੱਖ ਦੀ
ਮਜਬੂਰੀ ਨਹੀਂ ਹੈ! ਜਦੋਂ ਮਨੁੱਖਾ ਮਨ ਮਾਇਆ ਦੇ ਮੋਹ ਵਿੱਚ ਫਸ ਕੇ ਇਸ ਦੀ ਅਬੁੱਝ
ਤਾਂਘ-ਤ੍ਰਿਸ਼ਨਾ ਦਾ ਆਦੀ ਬਣ ਜਾਂਦਾ ਹੈ, ਤਾਂ ਇਹ ਨਾਗਨ (ਮਾਇਆ) ਮਾਇਆਮੂਠੇ ਮਨੁੱਖ ਨੂੰ ਅਜਿਹਾ
ਡੰਗਦੀ ਹੈ ਕਿ ਉਸ ਦੀ ਆਤਮਿਕ ਮੌਤ ਹੋ ਜਾਂਦੀ ਹੈ, ਅਤੇ ਉਹ, ਅਧਿਆਤਮਿਕ ਪੱਖੋਂ, ਚਲਦੀ ਫਿਰਦੀ ਲਾਸ਼
ਬਣ ਕੇ ਰਹਿ ਜਾਂਦਾ ਹੈ।
ਇਹ ਇੱਕ ਮਨੋਵਿਗਿਆਨਕ ਅਤੇ ਸਿੱਧਾਂਤਕ ਸੱਚ ਹੈ ਕਿ ਜਦ ਤੀਕ ਮਾਇਆ ਰੂਪੀ ਬਲਾ
ਮਨੁੱਖ ਦੇ ਮਨ ਨੂੰ ਚੰਬੜੀ ਰਹੇਗੀ ਤਦ ਤੀਕ ਅੰਨ੍ਹਾ ਬੋਲਾ ਮਾਇਆਧਾਰੀ ਰੱਬ ਨਾਲ ਸੱਚੀ ਸਾਂਝ ਨਹੀਂ
ਪਾ ਸਕਦਾ! ਸੋ, ਸੱਚੀ ਈਸ਼ਵਰ-ਭਗਤੀ ਵਾਸਤੇ ਮਨ ਨੂੰ ਮਾਇਆ ਵੱਲੋਂ ਮਾਰਨਾ ਪੂਰਵ ਸ਼ਰਤ ਹੈ। ਗੁਰੂ ਨਾਨਕ
ਦੇਵ ਜੀ ਦਾ ਫ਼ਰਮਾਨ ਹੈ:
ਨਾ ਮਨੁ ਮਰੈ ਨ ਮਾਇਆ ਮਰੈ॥ ਪ੍ਰਭਾਤੀ ਅ: ਮ: ੧
ਮਨ ਨੂੰ ਮਾਇਆ ਵੱਲੋਂ ਮਾਰਨ ਲਈ ਗੁਰਬਾਣੀ ਵਿੱਚ ਕਈ ਸਾਧਨ ਸੁਝਾਏ ਗਏ ਹਨ
ਜਿਵੇਂ: ਇੱਕ ਈਸ਼ਵਰ (
ੴ)
ਵਿੱਚ ਪੱਕਾ ਯਕੀਨ, ਅਦਵੈਤ ਅਥਵਾ ਇੱਕ ਈਸ਼ਵਰ-ਭਗਤੀ, ਹਰਿਨਾਮ ਸਿਮਰਨ, ਹਰਿਕੀਰਤਨ, ਹਰਿਕ੍ਰਿਪਾ,
ਗੁਰਪ੍ਰਸਾਦਿ, ਗੁਰੂ, ਗੁਰਸਬਦ (ਸਿੱਖਿਆ), ਗੁਰ ਸਬਦੁ ਬੀਚਾਰੁ, ਸਾਧਸੰਗਤ…ਆਦਿ।
ਮਾਇਆ-ਮੁਕਤ ਹੋਣ ਵਾਸਤੇ ਮਨੁੱਖ ਦੇ ਮਨ ਵਿੱਚ ਮਨੁੱਖਤਾ ਦੇ ਇੱਕੋ ਇੱਕ ਇਸ਼ਟ
ਅਕਾਲ ਪੁਰਖ (
ੴ)
ਵਾਸਤੇ ਅਟੁੱਟ ਸ਼੍ਰੱਧਾ ਅਤੇ ਸੋਚ ਵਿੱਚ ਇਸ਼ਟ
ਪ੍ਰਭੂ ਦੀ ਸਰਬੱਗਤਾ ਅਤੇ ਸਰਵਉੱਚਤਾ ਵਿੱਚ ਦ੍ਰਿੜ ਵਿਸ਼ਵਾਸ ਹੋਣਾ ਜ਼ਰੂਰੀ ਹੈ। ਜਿਸ ਸ਼੍ਰੱਧਾਲੂ ਦੇ
ਹਿਰਦੇ ਵਿੱਚ ਇਹ ਅਧਿਆਤਮਿਕ ਲੱਛਣ ਘਰ ਕਰ ਜਾਂਦੇ ਹਨ, ਉਹ ਮੁਕਤੀ ਦਾਤੇ ਕ੍ਰਿਪਾਨਿਧਾਨ
ਕਰਤਾਰ ਦੀ ਬਖ਼ਸ਼ਿਸ਼ ਸਦਕਾ ਮਾਇਆ-ਮੁਕਤ ਹੋ ਜਾਂਦਾ ਹੈ।
ਜੀਵਤ ਮੁਕੰਦੇ ਮਰਤ ਮੁਕੰਦੇ॥ ਤਾ ਕੇ ਸੇਵਕ ਕਉ ਸਦਾ ਅਨੰਦੇ॥ ਗੌਂਡ ਰਵਿਦਾਸ
ਜੀ
(ਮੁਕੰਦੇ: ਮਾਇਆ ਦੇ ਬੰਧਨਾਂ
ਤੋਂ ਮੁਕਤੀ ਦਿਵਾਉਣ ਵਾਲਾ ਪ੍ਰਭੂ, ਮੁਕਤੀ-ਦਾਤਾ।)
ਲਿੰਉ ਲਿੰਉ ਕਰਤ ਫਿਰੈ ਸਭੁ ਲੋਗੁ॥ ਤਾ ਕਾਰਣਿ ਬਿਆਪੈ ਬਹੁ ਸੋਗੁ॥
ਲਖਿਮੀ ਬਰ ਸਿਉ ਜਉ ਲਿਉ ਲਾਵੈ॥ ਸੋਗੁ ਮਿਟੈ ਸਭ ਹੀ ਸੁਖ ਪਾਵੈ॥ ਬਾ: ਅਖਰੀ
ਕਬੀਰ ਜੀ
(ਲਖਿਮੀ ਬਰ: ਮਾਈ ਮਾਇਆ ਦਾ ਪਤੀ, ਪਰਮਾਤਮਾ।)
ਦੁਖਿ ਸੁਖਿ ਏਹੁ ਜੀਉ ਬਧੁ ਹੈ ਹਉਮੈ ਕਰਮ ਕਮਾਇ॥
ਮਾਇਆ ਫਾਸ ਬੰਧ ਬਹੁ ਬੰਧੇ ਹਰਿ ਜਪਿਓ ਖੁਲ ਖੁਲਨੇ॥
ਜਿਉ ਜਲ ਕੁੰਚਰੁ ਸਦੂਐ ਬਾਂਦਿਓ ਹਰਿ ਚੇਤਿਓ ਮੋਖ ਮੁਖਨੇ॥ ਨਟ
ਨਾਰਾਇਣ ਮ: ੪
ਜਾ ਕਉ ਗੁਰੁ ਹਰਿ ਮੰਤ੍ਰੁ ਦੇ॥ ਸੋ ਉਬਰਿਆ ਮਾਇਆ ਅਗਨਿ ਤੇ॥ ਗਉੜੀ ਮ: ੫
ਕਾਟਿ ਸਿਲਕ ਪ੍ਰਭਿ ਸੇਵਾ ਲਾਇਆ…ਮਾਝ ਮ: ੫
ਜਿਸੁ ਪ੍ਰਸਾਦਿ ਮਾਇਆ ਸਿਲਕ ਕਾਟੀ॥ ਮ: ੫
ਮਾਇਆ ਸਿਲਕ ਕਾਟੀ ਗੋਪਾਲ॥ ਕਰਿ ਅਪੁਨਾ ਲੀਨੋ ਨਦਰਿ ਨਿਹਾਲਿ॥ ਗਉੜੀ ਅ: ਮ:
੫
(ਸਿਲਕ: (
ਮਾਇਆ ਦਾ)
ਫੰਧਾ, ਬੰਧਨ, ਰੱਸੀ)।
ਗੁਰਫ਼ਲਸਫ਼ੇ ਮੁਤਾਬਿਕ, ਹਰਿਨਾਮ ਹੀ ਉਹ ਇੱਕੋ ਇੱਕ ਮਾਰਣ (ਮਸਾਲਾ)
ਹੈ ਜਿਹੜਾ ਮਾਇਆ ਜਿਹੀ ਕਠੋਰ, ਢੀਠ ਅਤੇ ਬੁਰੀ ਬਲਾ ਨੂੰ ਭਸਮ ਕਰ ਕੇ ਮਨੁੱਖ ਦੇ ਮਗਰੋਂ ਲਾਹੁਣ ਦੇ
ਸਮਰੱਥ ਹੈ। ਹਰਿਨਾਮ ਰੂਪੀ ਮਾਰਣ ਗੁਰੂ (ਗ੍ਰੰਥ) ਦੀ ਸਿੱਖਿਆ ਉੱਤੇ ਅਮਲ ਕਰਕੇ ਗੁਰੁਮਤਿ ਦੇ ਮਾਰਗ
ਉੱਤੇ ਚੱਲਿਆਂ ਹੀ ਪ੍ਰਾਪਤ ਹੁੰਦਾ ਹੈ:
ਹਉਮੈ ਮਮਤਾ ਮੋਹਿਣੀ ਮਨਮੁਖਾ ਨੂੰ ਗਈ ਖਾਇ॥ …
ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ॥ ਮ: ੩
ਗੁਰੂ ਅਰਜਨ ਦੇਵ ਜੀ ਦਾ ਕਥਨ ਹੈ ਕਿ, ਪ੍ਰਭੂ ਦੇ ਚਰਣ-ਕਮਲਾਂ ਦਾ ਓਟ-ਆਸਰਾ
ਲੈਣ ਵਾਲੇ ਅਤੇ ਨਾਮ ਲੇਵਾ ਸੱਚੇ ਸ਼੍ਰਧਾਲੂਆਂ ਦੇ ਮਨ ਉੱਤੇ ਮਾਇਆ ਰੂਪੀ ਡਾਇਣ ਆਪਣਾ ਪ੍ਰਭਾਵ ਨਹੀਂ
ਪਾ ਸਕਦੀ। ਗੁਣੀ ਨਿਧਾਨ ਅਕਾਲ ਪੁਰਖ ਦੇ ਗੁਣ ਗਾਇਣ ਕਰਨ ਨਾਲ ਮਨ ਮਾਇਆ ਵੱਲੋਂ ਉਪਰਾਮ ਹੋ ਜਾਂਦਾ
ਹੈ ਅਤੇ ਮਨੁੱਖ ਮਾਨਸਿਕ ਦੁੱਖਾਂ-ਸੰਤਾਪਾਂ ਤੋਂ ਬਚਿਆ ਰਹਿੰਦਾ ਹੈ:
ਸਿਧ ਸਾਧਿਕ ਅਰੁ ਜਖੑ ਕਿੰਨਰ ਨਰ ਰਹੀ ਕੰਠਿ ਉਰਝਾਇ॥
ਜਨ ਨਾਨਕ ਅੰਗੁ ਕੀਆ ਪ੍ਰਭਿ ਕਰਤੈ ਜਾ ਕੈ ਕੋਟਿ ਐਸੀ ਦਾਸਾਇ॥ ਗੂਜਰੀ ਮ: ੫
ਪਾਲਾ ਤਾਊ ਕਛੂ ਨ ਬਿਆਪੈ ਰਾਮਨਾਮ ਗੁਨ ਗਾਇ॥
ਡਾਕੀ ਕੋ ਚਿਤਿ ਕਛੂ ਨ ਲਾਗੈ ਚਰਨ ਕਮਲ ਸਰਨਾਇ॥ ਆਸਾ ਮ: ੫
ਮਾਇਆ ਸਾਥਿ ਨ ਚਲਈ ਕਿਆ ਲਪਟਾਵਹਿ ਅੰਧ॥
ਗੁਰ ਕੇ ਚਰਣ ਧਿਆਇ ਤੂ ਤੂਟਹਿ ਮਾਇਆ ਬੰਧ॥ ਸਲੋਕ ਮ: ੫
ਸੋ ਸੇਵਹੁ ਜਿਸੁ ਮਾਈ ਨ ਬਾਪੁ॥ ਵਿਚਹੁ ਚੂਕੈ ਤਿਸਨਾ ਅਰੁ ਆਪੁ॥ ਪ੍ਰਭਾਤੀ
ਅ: ਮ: ੧
ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ਰਾਮ॥
ਅਹੰਬੁਧਿ ਬਹੁ ਸਘਨ ਮਾਇਆ ਮਹਾ ਦੀਰਘੁ ਰੋਗੁ॥
ਹਰਿ ਨਾਮੁ ਅਉਖਧੁ ਗੁਰਿ ਨਾਮੁ ਦੀਨੋ ਕਰਣ ਕਾਰਣ ਜੋਗੁ॥ … ਰਾਗੁ ਗੂਜਰੀ
ਮ: ੫ ਸੇ ਉਧਰੇ ਜਿਨ ਰਾਮ ਧਿਆਏ॥ ਜਤਨ ਮਾਇਆ ਕੇ ਕਾਮਿ ਨ ਆਏ॥ ਕਾਨੜਾ ਛੰਤ ਮ: ੫
ਜਾ ਕਉ ਗੁਰੁ ਹਰਿ ਮੰਤ੍ਰੁ ਦੇ॥ ਸੋ ਉਬਰਿਆ ਮਾਇਆ ਅਗਨਿ ਤੇ॥ ਗਉੜੀ ਮ: ੫
ਕਹਿ ਕਬੀਰ ਜਿਸੁ ਉਦਰੁ ਤਿਸੁ ਮਾਇਆ॥ ਤਬ ਛੂਟੈ ਜਬ ਸਾਧੂ ਪਾਇਆ॥ ਭੈਰਉ ਕਬੀਰ
ਜੀ
ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ॥ ਸਲੋਕ ਮ: ੩
ਗੁਹਜ ਪਾਵਕੋ ਬਹੁਤੁ ਪ੍ਰਜਾਰੈ ਮੋ ਕਉ ਸਤਿਗੁਰਿ ਦੀਓ ਹੈ ਬਤਾਇ॥ ੧॥ ਰਹਾਉ॥
ਗੂਜਰੀ ਮ: ੫
ਸਤਸੰਗਤ
(ਸਚੀ
ਸੰਗਤ) ਵਿੱਚ ਬੈਠ ਕੇ ਗੁਰਸਬਦ (ਗੁਰਸਿੱਖਿਆ) ਦੀ ਵਿਚਾਰ ਕਰਨ ਅਤੇ ਦੈਵੀ ਗੁਣਾ ਦਾ
ਗਾਇਣ ਅਤੇ ਮੰਥਨ ਕਰਨ ਨਾਲ ਵਿਕਰਾਲ ਮਾਇਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ:
ਬ੍ਰਹਮ ਲੋਕ ਅਰੁ ਰੁਦ੍ਰ ਲੋਕ ਆਈ ਇੰਦ੍ਰ ਲੋਕ ਤੇ ਧਾਇ॥
ਸਾਧ ਸੰਗਤਿ ਕਉ ਜੋਹਿ ਨ ਸਾਕੈ ਮਲਿ ਮਲਿ ਧੋਵੈ ਪਾਇ॥ …ਗੂਜਰੀ ਮ: ੫
ਗੁਰਬਾਣੀ ਵਿੱਚ ਸਬਦ ਦੇ ਸਿੱਧਾਂਤ ਦਾ ਵੀ ਬਹੁਤ ਮਹੱਤਵ ਦਰਸਾਇਆ
ਗਿਆ ਹੈ। ਮਾਇਆ ਦੀ ਦਲਦਲ ਤੋਂ ਨਿਰਲੇਪ ਹੋਣ ਵਾਸਤੇ ਸਬਦ ਇੱਕ ਕਾਰਗਰ ਸਾਧਨ ਹੈ। ਸਬਦ ਦੀ
ਵਿਚਾਰ ਕੀਤੇ ਬਿਨਾਂ ਮਨ ਵਿੱਚੋਂ ਮਾਇਆ ਦਾ ਭਰਮ ਨਹੀਂ ਜਾ ਸਕਦਾ। ਇਸ ਪ੍ਰਥਾਏ ਗੁਰਬਾਣੀ ਵਿੱਚ ਕਈ
ਫ਼ਰਮਾਨ ਦੇਖੇ ਜਾ ਸਕਦੇ ਹਨ:
ਸਬਸੈ ਉਪਰਿ ਗੁਰ ਸਬਦੁ ਬੀਚਾਰਿ॥ ਰਾਗੁ ਰਾਮਕਲੀ ਅ: ਮ: ੧
ਸਬਦਿ ਸੂਰ ਜੁਗ ਚਾਰੇ ਅਉਧੂ ਬਾਣੀ ਭਗਤਿ ਵੀਚਾਰੀ॥
ਏਹੁ ਮਨੁ ਮੋਹਿਆ ਅਉਧੂ ਨਿਕਸੈ ਸਬਦਿ ਵੀਚਾਰੀ॥
ਆਪੇ ਬਖਸੇ ਮੇਲਿ ਮਿਲਾਏ ਨਾਨਕ ਸਰਣਿ ਤੁਮਾਰੀ॥ ਰਾਮਕਲੀ ਅ: ਮ: ੧
ਮਾਇਆ ਮੋਹੁ ਸਬਦਿ ਜਲਾਇਆ ਗਿਆਨਿ ਤਤਿ ਬੀਚਾਰੀ॥ ਰਾਮਕਲੀ ਅ: ਮ: ੧
ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ॥ ਸਿਧ ਗੋਸਟਿ
ਮ: ੧
ਮਾਇਆ ਅਗਨਿ ਜਲੈ ਸੰਸਾਰੇ॥ ਗੁਰਮੁਖਿ ਨਿਵਾਰੈ ਸਬਦਿ ਵੀਚਾਰੇ॥ …ਮਾਰੂ ਸੋਲਹੇ
ਮ: ੩
…ਨਾਨਕ ਮਾਇਆ ਕਾ ਮਾਰਣੁ ਸਬਦੁ ਹੈ ਗੁਰਮੁਖਿ ਪਾਇਆ ਜਾਇ॥ ਸਲੋਕ ਮ: ੩
ਬਿਨੁ ਸਬਦੈ ਭਰਮੁ ਨ ਚੂਕਈ ਨ ਵਿਚਹੁ ਹਉਮੈ ਜਾਇ॥ ਸਿਰੀ ਰਾਗੁ ਅ: ਮ: ੩
(ਨੋਟ:-
ਸਬਦ
ਪਦ ਦੇ ਕਈ ਅਰਥ ਕੀਤੇ ਜਾਂਦੇ ਹਨ ਜਿਵੇਂ: ਪ੍ਰਭੂ-ਪਰਮਾਤਮਾ, ਗੁਰੂ ਦੀ ਸਿੱਖਿਆ,
ਅਧਿਆਤਮਿਕ ਸੰਦੇਸ਼/ਸੁਨੇਹਾ…ਆਦਿਕ।)
ਛਲ ਨਾਗਨਿ ਸਿਉ ਮੇਰੀ ਟੂਟਨਿ ਹੋਈ॥ ਗੁਰਿ ਕਹਿਆ ਇਹ ਝੂਠੀ ਧੋਹੀ॥
ਮੁਖਿ ਮੀਠੀ ਖਾਈ ਕਉਰਾਇ॥ ਅੰਮ੍ਰਿਤ ਨਾਮਿ ਮਨੁ ਰਹਿਆ ਅਘਾਇ॥ …
ਲੋਭ ਮੋਹ ਸਿਉ ਗਈ ਵਿਖੋਟਿ॥ ਗੁਰਿ ਕ੍ਰਿਪਾਲਿ ਮੋਹਿ ਕੀਨੀ ਛੋਟਿ॥
ਇਹ ਠਗਵਾਰੀ ਬਹੁਤੁ ਘਰ ਗਾਲੇ॥ ਹਮ ਗੁਰਿ ਰਾਖਿ ਲੀਏ ਕਿਰਪਾਲੇ॥ ਪ੍ਰਭਾਤੀ ਅ:
ਮ: ੫
ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ, ਮਨ/ਆਤਮਾ ਨੂੰ ਅਪੰਗ ਕਰਨ
ਵਾਲੀ ਮਾਇਆ ਦੀ ਤ੍ਰਿਸ਼ਨਾ ਅਗਿਆਨ-ਅੰਧੇਰੇ ਦੀ ਜਨਨੀ ਹੈ:
ਮਾਇਆ ਮੋਹੁ ਅਗਿਆਨੁ ਹੈ ਬਿਖਮੁ ਅਤਿ ਭਾਰੀ॥ ਗੂਜਰੀ ਕੀ ਵਾਰ ਮ: ੩
ਮਾਈ ਮਾਇਆ ਦੀ ਕੁੱਖੋਂ ਜਨਮੇ, ਅਗਿਆਨ-ਅੰਧੇਰੇ ਤੋਂ ਛੁਟਕਾਰਾ ਪਾਉਣ ਵਾਸਤੇ
ਆਤਮ-ਗਿਆਨ ਦੇ ਚਾਨਣ ਦੀ ਲੋੜ ਹੈ। ਆਤਮਿਕ ਗਿਆਨ ਦੀ ਪ੍ਰਾਪਤੀ ਦੀ ਆਧਾਰਸ਼ਿਲਾ ਹੈ: ਬਿਬੇਕ!
ਬਿਬੇਕ ਅਤੇ ਆਤਮਿਕ ਗਿਆਨ ਦੀ ਪ੍ਰਾਪਤੀ ਗੁਰੂ (ਗ੍ਰੰਥ) ਦੀ ਸਿੱਖਿਆ ਉੱਤੇ ਚੱਲ ਕੇ ਹੀ
ਨਸੀਬ ਹੋ ਸਕਦੀ ਹੈ।
(ਪ੍ਰਸ਼ਨ)
ਕਿਉਕਰਿ ਬਾਧਾ ਸਰਪਨਿ ਖਾਧਾ॥
(ਉੱਤਰ)
ਦੁਰਮਤਿ ਬਾਧਾ ਸਰਪਨਿ ਖਾਧਾ॥
ਮਨਮੁਖਿ ਖੋਇਆ ਗੁਰਮੁਖਿ ਲਾਧਾ॥
ਸਤਿਗੁਰੁ ਮਿਲੈ ਅੰਧੇਰਾ ਜਾਇ॥ ਨਾਨਕ ਹਉਮੈ ਮੇਟਿ ਸਮਾਇ॥ ਸਿਧ ਗੋਸਟਿ
ਮ: ੧
ਲੋਭ ਲਹਰਿ ਸਭੁ ਸੁਆਨੁ ਹਲਕੁ ਹੈ ਹਲਕਿਓ ਸਭਹਿ ਬਿਗਾਰੇ॥
ਮੇਰੇ ਠਾਕੁਰ ਕੈ ਦੀਬਾਨਿ ਖਬਰਿ ਹੋਈ ਗੁਰਿ ਗਿਆਨੁ ਖੜਗੁ ਲੈ ਮਾਰੇ॥
ਨਟਨਾਰਾਇਣ ਅ: ਮ: ੪
…ਨਕਟੀ ਕੋ ਠਨਗਨੁ ਬਾਡਾ ਡੂੰ॥ ਕਿਨਹਿ ਬਿਬੇਕੀ ਕਾਟੀ ਤੂੰ॥ ਆਸਾ
ਕਬੀਰ ਜੀ
ਇਹ ਇੱਕ ਵਿਆਪਕ ਸਿੱਧਾਂਤ ਹੈ ਕਿ ਮਨੁੱਖ ਇੱਕੋ ਸਮੇਂ ਦੋ ਇਸ਼ਟਾਂ ਦਾ ਉਪਾਸ਼ਕ
ਨਹੀਂ ਹੋ ਸਕਦਾ। ਰੱਬ ਅਤੇ ਮਾਇਆ ਦੋਵੇਂ ਵਿਰੋਧੀ ਸ਼ਕਤੀਆਂ ਹਨ। ਇਸ ਲਈ,
ਇਨ੍ਹਾਂ ਦੋਨਾਂ ਨੂੰ ਇਕੱਠੇ ਨਹੀਂ ਸੇਵਿਆ ਜਾ ਸਕਦਾ। ਜਾਂ
ਰੱਬ
ਤੇ ਜਾਂ ਫ਼ਿਰ ਮਾਇਆ।
ਜਿਹੜਾ ਮਨੁੱਖ ਸੱਚਾ ਪ੍ਰਭੂ-ਭਗਤ ਹੈ, ਉਹ ਮਾਇਆ ਤੋਂ ਨਿਰਲੇਪ ਹੋਵੇਗਾ; ਅਤੇ ਜਿਹੜਾ ਮਨੁੱਖ
ਮਾਇਆ-ਪੂਜ ਹੈ, ਉਹ ਰੱਬ ਦਾ ਭਗਤ ਕਤਈ ਨਹੀਂ ਹੋ ਸਕਦਾ। ਉਸ ਦੀ ਕਥਿਤ ਪ੍ਰਭੂ-ਭਗਤੀ, ਧਾਰਮਿਕ ਭੇਖ,
ਰੰਗ, ਚਿੰਨ੍ਹ ਅਤੇ ਹੋਰ ਸਾਰੇ ਧਰਮ-ਕਰਮ (ਕਰਮਕਾਂਡ ਅਤੇ ਨਿਤਨੇਮ ਆਦਿਕ) ਦੰਭ, ਪਾਖੰਡ ਅਤੇ
ਫ਼ਰੇਬ ਹਨ।
ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ॥
ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ॥ ਧਨਾਸਰੀ ਨਾਮਦੇਵ ਜੀ
ਮਾਇਆ ਮੂਠਾ ਚੇਤਸਿ ਨਾਹੀ ਜਨਮ ਗਵਾਇਓ ਆਲਸੀਆ॥ ਸਿਰੀ ਰਾਗੁ ਤ੍ਰਿਲੋਚਣ ਜੀ
ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ॥ ਜਬ ਲਗੁ ਰਸੁ ਤਬ ਲਗੁ ਨਹੀ ਨੇਹੁ॥
ਸਾਹਨਿ ਸਤੁ ਕਰੈ ਜੀਅ ਅਪਨੈ॥ ਸੋ ਰਮਯੇ ਕਉ ਮਿਲੈ ਨ ਸੁਪਨੈ॥ ਗਉੜੀ ਕਬੀਰ ਜੀ
(ਰਸੁ: ਮਾਇਆ ਅਤੇ ਮਾਇਕ ਪਦਾਰਥਾਂ ਦਾ
ਚਸਕਾ। ਸਾਹਨਿ: ਮਾਇਆ।)
ਰਾਰਾ ਰਸੁ ਨਿਰਸ ਕਰਿ ਜਾਨਿਆ॥ ਹੋਇ ਨਿਰਸ ਸੁ ਰਸੁ ਪਹਿਚਾਨਿਆ॥
ਇਹ ਰਸ ਛਾਡੇ ਉਹੁ ਰਸੁ ਆਵਾ॥ ਉਹੁ ਰਸੁ ਪੀਆ ਇਹੁ ਰਸੁ ਨਹੀ ਭਾਵਾ॥ ਗਉੜੀ
ਬਾ: ਅ: ਕਬੀਰ ਜੀ
ਦੋਵੈ ਤਰਫਾ ਉਪਾਈਓਨੁ ਵਿਚਿ ਸਕਤਿ ਸਿਵ ਵਾਸਾ॥
ਸਕਤੀ ਕਿਨੈ ਨ ਪਾਇਓ ਫਿਰਿ ਜਨਮਿ ਬਿਨਾਸਾ॥ ਮਾਰੂ ਵਾਰ ਮ: ੩
ਮਹਾ ਮੋਹ ਅੰਧ ਕੂਪ ਪਰਿਆ॥ ਪਾਰਬ੍ਰਹਮੁ ਮਾਇਆ ਪਟਲਿ ਬਿਸਰਿਆ॥ ਬਿਲਾਵਲੁ ਮ:
੫
{ਪਟਲਿ: (ਮਾਇਆ-ਮੋਹ ਦੇ) ਪਰਦੇ ਦੇ ਕਾਰਣ।}
ਪੁਤ੍ਰ ਕਲਤ੍ਰ ਗ੍ਰਿਹ ਦੇਖਿ ਪਸਾਰਾ ਇਸ ਹੀ ਮਹਿ ਉਰਝਾਇ॥
ਮਾਇਆ ਮਦ ਚਾਖਿ ਭਏ ਉਦਮਾਤੇ ਹਰਿ ਹਰਿ ਕਬਹੁ ਨ ਗਾਏ॥ ਮਾਰੂ ਮ: ੫ ੭/੪੦੯
ਗੁਰੁਫ਼ਲਸਫ਼ੇ ਅਨੁਸਾਰ, ਵਿਆਪਕ ਮਾਇਆ ਤੋਂ ਦੂਰ ਭੱਜਿਆ ਨਹੀਂ ਜਾ ਸਕਦਾ।
ਪਰੰਤੂ ਮਾਇਆ ਦੀ ਦਲਦਲ ਵਿੱਚ ਰਹਿੰਦੇ ਹੋਏ ਵੀ, ਗੁਰੂ ਦੀ ਸਿੱਖਿਆ ਉੱਤੇ ਅਮਲ ਕਰਦਿਆਂ, ਨਾਮ-ਸਿਮਰਨ
ਸਦਕਾ ਇਸ ਦੇ ਗ਼ਲੀਜ਼ ਚਿੱਕੜ ਤੋਂ ਅਭਿੱਜ ਰਿਹਾ ਜਾ ਸਕਦਾ ਹੈ। ਚਿੱਕੜ ਵਿੱਚੋਂ ਉਪਜੇ ਪਰ ਚਿੱਕੜ ਤੋਂ
ਨਿਰਲੇਪ ਕਮਲ, ਅਤੇ ਪਾਣੀ ਵਿੱਚ ਰਹਿੰਦੀ ਹੋਈ ਵੀ ਪਾਣੀ ਤੋਂ ਅਭਿੱਜ ਰਹਿਣ ਵਾਲੀ ਮੁਰਗ਼ਾਬੀ ਦੀ
ਉਦ੍ਹਾਰਣ ਦਿੰਦੇ ਹੋਏ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:
ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ॥ ਸਿਧ
ਗੋਸਟਿ ਮ: ੧
ਇਸੇ ਸੰਦਰਭ ਵਿੱਚ ਗੁਰੂ ਅਮਰਦਾਸ ਜੀ ਦਾ ਫ਼ਰਮਾਨ ਹੈ:
…ਏਹ ਮਾਇਆ ਜਿਤੁ ਹਰਿ ਵਿਸਰੈ ਭਾਉ ਦੂਜਾ ਲਾਇਆ॥
ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ॥
ਰਾਗੁ ਰਾਮਕਲੀ ਅਨੰਦੁ ਮ: ੩
ਮਾਇਆ ਦੀ ਕੁੱਖੋਂ ਉਪਜੀ ਹਉਮੈਂ ਸਦਕਾ ਮਨੁੱਖ ਇਤਨਾ ਆਫਰ ਜਾਂਦਾ ਹੈ ਕਿ ਉਸ
ਵਾਸਤੇ ਮੁਕਤਿ ਦੇ ਅਤਿ ਸੂਖਮ ਅਤੇ ਖੰਡੇਧਾਰ ਮਾਰਗ ਉੱਤੇ ਚਲਣਾ ਸੰਭਵ ਨਹੀਂ ਹੈ। ਮਾਇਆ ਦੇ ਨਾਮੁਰਾਦ
ਅਫਾਰੇ ਤੋਂ ਬਚਣ ਵਾਸਤੇ ਦੋ ਹੀ ਤਰੀਕੇ ਹਨ: ਇਕ, ਗਿਆਨ-ਗੁਰੂ ਦੀ ਸਿੱਖਿਆ ਉੱਤੇ ਚੱਲਦਿਆਂ ਨਿਸ਼ਕਾਮ
ਹੋਕੇ ਹਰਿਨਾਮ ਸਿਮਰਨ ਕਰਨਾ ਅਤੇ ਦੂਜਾ, ਹਉਮੈਂ-ਹੰਕਾਰ ਦੀ ਮਾਂ, ਮਾਇਆ ਵੱਲ ਪਿੱਠ ਕਰਕੇ ਨਿਮਾਣਾ
ਮਸਕੀਨ ਬਣਨਾ ਹੈ। ਇਸ ਨਿਯਮ ਨੂੰ ਦ੍ਰਿੜਾਉਂਦੀਆਂ ਗੁਰਬਾਣੀ ਦੀਆਂ ਕੁੱਝ ਇੱਕ ਤੁਕਾਂ:
ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਏਂ ਭਾਇ॥
ਮਨੁ ਤਉ ਮੈਗਲੁ ਹੋਇ ਰਹਿਓ ਨਿਕਸਿਆ ਕਿਉ ਕੈ ਜਾਇ॥
ਕਬੀਰ ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ॥
ਮੁਕਤਿ ਦੁਆਰਾ ਮੋਕਲਾ ਸਹਜੇ ਅਵਉ ਜਾਉ॥ ਸਲੋਕ ਕਬੀਰ ਜੀ
ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨਾੑ ਹੋਇ ਸੁ ਜਾਇ॥
ਹਉਮੈ ਮਨੁ ਅਸਥੂਲੁ ਹੈ ਕਿਉਕਰਿ ਵਿਚੁਦੇ ਜਾਇ॥
ਸਤਿਗੁਰਿ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ॥ ……ਮ: ੩
ਊਚਾ ਚੜੈ ਸੁ ਪਵੈ ਪਇਆਲਾ॥ ਧਰਨਿ ਪੜੈ ਤਿਸੁ ਲਗੈ ਨ ਕਾਲਾ॥ ੩॥ …ਆਸਾ ਮ: ੫
……ਚਲਦਾ
ਗੁਰਇੰਦਰ ਸਿੰਘ ਪਾਲ
19 ਮਈ, 2019.