.

ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ

ਸੰਤਾਲੀਵਾਂ ਸਲੋਕ

ਵੀਰ ਭੁਪਿੰਦਰ ਸਿੰਘ


47. ਸੰਤਾਲੀਵਾਂ ਸਲੋਕ -
ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ ॥
ਕਹੁ ਨਾਨਕ ਇਹ ਬਿਧਿ ਭਈ ਤਊ ਨ ਹਰਿ ਰਸਿ ਲੀਨ ॥47॥
ਇਸ ਦੇ ਪਰਚੱਲਤ ਅਰਥ ਹਨ ਕਿ ਜਦੋਂ ਇਨਸਾਨ ਬੁੱਢਾ ਹੋ ਜਾਂਦਾ ਹੈ ਉਸਦਾ ਸਿਰ ਕੰਬਦਾ ਰਹਿੰਦਾ ਹੈ, ਪੈਰ ਡਗਮਗਾਂਦੇ ਰਹਿੰਦੇ ਹਨ, ਅੱਖਾਂ ਤੋਂ ਨਜ਼ਰ ਨਹੀਂ ਆਉਂਦਾ। ਇਸ ਤਰੀਕੇ ਨਾਲ ਤੂੰ ਐ ਮਨ! ‘ਹਰਿ ਰਸਿ’ ਨਹੀਂ ਲੈਂਦਾ। ਇਸ ਸਲੋਕ ਦੇ ਅਰਥ ਇਸ ਤਰੀਕੇ ਨਾਲ ਕੀਤੇ ਗਏ ਤਾਂ ਹੀ ਬੁਢਾਪੇ ਤੋਂ ਪਹਿਲਾਂ ਲੋਕੀ ਸਿੱਧੇ ਰਾਹ ਪੈਣ ਨੂੰ ਤਿਆਰ ਹੀ ਨਹੀਂ ਹਨ। ਕਿਉਂਕਿ ਹੁਣੇ ਤੇ ਉਨ੍ਹਾਂ ਦਾ ਸਿਰੁ ਕੰਪਿਓ ਹੋਇਆ ਹੀ ਨਹੀਂ, ਹੁਣੇ ਪਗ ਡਗਮਗੇ ਹੋਇਆ ਹੀ ਨਹੀਂ। ਉਹ ਸੋਚ ਲੈਂਦਾ ਹੈ ਕਿ ਬੁਢਾਪੇ ਦੀ ਅਵਸਥਾ ਲਈ ਸਮਝਾ ਰਹੇ ਹਨ। ਉਹ ਆਪਣੇ ਨਾਲ ਢੁਕਾ ਨਹੀਂ ਪਾਉਂਦਾ ਹੈ। ਪਰ ਗੁਰਬਾਣੀ ਦੇ ਸਾਰੇ ਸ਼ਬਦ ਧਰਤੀ ਦੇ ਹਰ ਇਕ ਮਨੁੱਖ ਤੇ ਬਿਨਾ ਵਿਤਕਰੇ ਤੋਂ ਲਾਗੂ ਹੁੰਦੇ ਹਨ। ਹਿੰਦੂ, ਮੁਸਲਮਾਨ, ਸਿੱਖ, ਇਸਾਈ, ਜੈਨੀ, ਬੋਧੀ ਆਦਿ ਸਾਰੇ ਮਜ਼੍ਹਬਾਂ ਨੂੰ ਮੰਨਣ ਵਾਲੇ, ਅਮੀਰ-ਗਰੀਬ ਆਦਿ ਕਿਸੇ ਵੀ ਦਰਜੇ ਦੇ ਲੋਕਾਂ ਤੇ, ਕਿਸੇ ਵੀ ਲਿੰਗ ਦੇ, ਕਿਸੇ ਵੀ ਉਮਰ ਦੇ ਇਨਸਾਨ ਤੇ ਇਕੋ ਜਿਹਾ ਲਾਗੂ ਹੁੰਦਾ ਹੈ। ਹਰ ਕਿਸੇ ਤੇ ਬਰਾਬਰਤਾ ਨਾਲ ਲਾਗੂ ਹੁੰਦੇ ਹਨ ਤਾਂਹੀ ਤੇ ਇਨ੍ਹਾਂ ਨੂੰ ਸਤਿਗੁਰ ਕਿਹਾ ਜਾਂਦਾ ਹੈ। ਤਾਂ ਫਿਰ ਇਹ ਵਿਚਾਰਨਾ ਪਵੇਗਾ, ਕੀ ਇਹ ਸਲੋਕ ਕੇਵਲ ਬੁੱਢਿਆਂ ਲਈ ਹੈ। ਇਸਦੇ ਅਰਥ ਜੇ ਇਸ ਪੱਖੋਂ ਕਰਕੇ ਵੇਖੀਏ ਕਿ ਜੇ ਤੂੰ ਹੰਕਾਰੀ ਹੈਂ ਤਾਂ ਹੰਕਾਰ ਵਿਚ ਬੁੱਧ ਟਿਕਾਣੇ ਨਹੀਂ ਰਹਿੰਦੀ ਤਾਂ ਸਾਡੇ ਸਭ ਲਈ, ਹਰ ਉਮਰ ਵਾਲੇ ਲਈ ਲਾਹੇਵੰਦ ਹੋ ਸਕਦੇ ਹਨ।
ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ ॥ ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ ॥ (278) ਹੰਕਾਰ ਵਿਚ ਦਿਮਾਗ ਟਿਕਾਣੇ ਨਹੀਂ ਰਹਿੰਦਾ ਇਸਨੂੰ ‘ਸਿਰੁ ਕੰਪਿਓ’ ਕਹਿੰਦੇ ਹਨ। ਬੁਢਾਪੇ ਵਿਚ ਸਿਰ ਕੰਬਣ ਦੀ ਗਲ ਨਹੀਂ ਚਲ ਰਹੀ ਹੈ। ਬੜੇ ਸਾਰੇ ਬਜ਼ੁਰਗ ਐਸੇ ਹਨ ਜਿਨ੍ਹਾਂ ਦਾ ਸਿਰ ਨਹੀਂ ਹਿਲਦਾ ਅਤੇ ਗੁਰਬਾਣੀ ਝੂਠ ਨਹੀਂ ਹੋ ਸਕਦੀ। ਇਸ ਦਾ ਮਤਲਬ ਇਹ ਗਲ ਸਰੀਰ ਦੀ ਨਹੀਂ ਚਲ ਰਹੀ। ਬਲਕਿ ਇਹ ਆਤਮਕ ਤੌਰ ਤੇ ਚਲ ਰਹੀ ਹੈ।
ਜੇ ਕਰ ਬੁੱਢਾ ਸਰੀਰ ਹੈ ਪਰ ਸੱਚ ਲਈ ਉੱਦਮੀ ਹੈ ਤਾਂ ਮਾਨੋ ਉਹ ਜਵਾਨ ਹੈ। ਪਰ ਜੇ ਕਰ ਜਵਾਨ ਹੈ ਅਤੇ ਦਲਿਦਰੀ ਹੈ, ਹੰਕਾਰਿਆ ਹੋਇਆ ਹੈ, ਸੱਚ ਦੇ ਮਾਰਗ ਤੇ ਨਹੀਂ ਟੁਰਨਾ ਚਾਹੁੰਦਾ, ਸੱਚ ਦਾ ਮਾਰਗ ਵੇਖਣਾ ਨਹੀਂ ਚਾਹੁੰਦਾ, ਸੁਣਨਾ ਨਹੀਂ ਚਾਹੁੰਦਾ, ਸੱਚ ਦੇ ਮਾਰਗ ਦਾ ਜਸ ਨਹੀਂ ਕਰਨਾ ਚਾਹੁੰਦਾ, ਸਮਝੋ ਉਹ ਨੌਜੁਆਨ ਵੀ ਬੁੱਢਾ ਹੈ। ਸਰੀਰਕ ਤੌਰ ਤੇ ਬੁੱਢਾ ਜਾਂ ਜਵਾਨ ਨੂੰ ਜੇ ਪਤਾ ਹੀ ਨਹੀਂ ਹੈ ਕਿ ਸਰ-ਅਪਸਰ ਕੀ ਹੁੰਦਾ ਹੈ, ਚੰਗਾ ਜਾਂ ਮੰਦਾ ਕੀ ਹੁੰਦਾ ਹੈ ਤਾਂ ਉਸ ਦੀ ਬੁਧਿ ਨਿੱਕੇ ਬੱਚੇ ਵਾਲੀ ਹੈ।
ਚੰਚਲ ਮਤਿ ਬਾਰਿਕ ਬਪੁਰੇ ਕੀ ਸਰਪ ਅਗਨਿ ਕਰ ਮੇਲੈ ॥ (1266)
ਤਾਂ ਸਰੀਰਕ ਬੁੱਢਾ ਤੇ ਜਵਾਨ ਦੋਵੇਂ ਬੱਚੇ ਹੀ ਹਨ। ਦੋਵੇਂ ਬਿਲਕੁਲ ਅਣਜਾਣ ਹਨ। ਇਹ ਬਾਲ ਬੁਧਿ ਕਿਸੇ ਕੰਮ ਦੀ ਨਹੀਂ। ਸੋ ਇਹ ਗਲ ਸਰੀਰਕ ਨਹੀਂ ਆਤਮਕ ਚਲ ਰਹੀ ਹੈ। ਜਦੋਂ ਤੂੰ ਹੰਕਾਰ ਵਿਚ ਹੋਵੇਂਗਾ ਤਾਂ ਸਮਝ ਤੇਰਾ ਸਿਰ ਕੰਪਿਓ ਭਾਵ, ਤੇਰਾ ਸਿਰ ਕੰਬਦਾ ਹੈ, ਤੂੰ ਇਤਨੇ ਹੰਕਾਰ ਵਿਚ ਰਹਿੰਦਾ ਹੈਂ, ਹੰਕਾਰੀ ਮਨੁੱਖ ਦੀ ਗਰਦਨ ਆਕੜੀ ਹੀ ਰਹਿੰਦੀ ਹੈ।
ਇਕ ਮੁੰਡਾ ਮੈਨੂੰ ਆਕੂਪ੍ਰੈਸ਼ਰ ਕਰਨ ਆਉਂਦਾ ਹੈ ਉਹ ਦਸਦਾ ਹੈ ਕਿ ਸਰਵਾਈਕਲ ਦੀ ਸਮੱਸਿਆ ਅੱਜ ਕਲ ਇਸ ਲਈ ਹੈ ਕਿਉਂਕਿ ਅਸੀਂ ਆਪਣੇ ਹੰਕਾਰ ਵਿਚ ਆਕੜੇ ਰਹਿੰਦੇ ਹਾਂ। ਮੈਂ ਸਭ ਤੋਂ ਵਧੀਆ, ਮੈਂ ਸਭ ਤੋਂ ਅਮੀਰ, ਮੈਂ ਉੱਚੀ ਜ਼ਾਤ ਦਾ, ਉਹ ਇਤਨਾ ਅੱਕੜਿਆ ਰਹਿੰਦਾ ਹੈ! ਅੱਕੜੀ ਗਰਦਨ ਬਾਂਸ ਵਾਂਗ ਹੁੰਦੀ ਹੈ। ਜਦੋਂ ਦੁਨੀਆ ਦੇ ਨਾਲ ਵਤੀਰਾ ਕਰਨ ਦੀ ਆਂਧੀ ਆਉਂਦੀ ਹੈ, ਤਾਂ ਇਹ ਬਾਂਸ ਟੁੱਟ ਜਾਂਦੇ ਹਨ। ‘ਸਿਰ ਕੰਪਿਓ’ - ਤੇਰਾ ਸਿਰ ਹੰਕਾਰ ਵਿਚ ਕੰਬਦਾ ਹੈ। ਜਦੋਂ ਸਿੱਧੇ ਮਾਰਗ ਤੇ ਮਨੁੱਖ ਨਾ ਟੁਰ ਸਕੇ, ਨਾ ਟੁਰਨ ਦਾ ਚਿੱਤ ਕਰੇ, ਉਸਨੂੰ ‘ਪਗ ਡਗਮਗੇ’ ਕਹਿੰਦੇ ਹਨ। ਇਸ ਦਾ ਉੱਤਰ ਯਾਦ ਰੱਖਣਾ ਤੇ ਆਪਣੇ ਆਪ ਨਾਲ ਚੈੱਕ ਕਰਕੇ ਵੇਖਣਾ। ਲੋਕੀ ਕਹਿੰਦੇ ਹਨ ਕਿ ਵੀਰ ਜੀ ਇਹ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਇਹ ਤੇ ਸਭ ਨੈਤਿਕਤਾ ਦੀਆਂ ਗੱਲਾਂ ਕਿਤਾਬਾਂ ਵਿਚ ਹੀ ਚੰਗੀਆਂ ਲਗਦੀਆਂ ਹਨ। ਜਦੋਂ ਇਹ ਗੱਲਾਂ ਕਰਦੇ ਹਨ ਤੇ ਫਿਰ ਮੈਨੂੰ ਕਹਿੰਦੇ ਹਨ ਕਿ ਵੀਰ ਜੀ ਇਹ ਹੈ ਬੜਾ ਮੁਸ਼ਕਿਲ। ਵੈਸੇ ਗੱਲ ਤੇ ਠੀਕ ਹੈ ਪਰ ਹੈ ਬੜਾ ਮੁਸ਼ਕਲ। ਮੁਸ਼ਕਲ ਇਹੀ ਹੈ ਕਿ ਅਸੀਂ ਆਪਣੀ ਪਾਲੀਆਂ ਭੈੜੀਆਂ ਆਦਤਾਂ ਤੋਂ ਛੁੱਟਣਾ ਨਹੀਂ ਚਾਹੁੰਦੇ, ਸਾਨੂੰ ਆਪਣੀ ਖੁਆਰ ਵਾਲੀ ਜ਼ਿੰਦਗੀ ਪਸੰਦ ਹੈ। ਬਸ! ਬੜਾ ਮੁਸ਼ਕਲ ਕਹਿਕੇ ਅਸੀਂ ਆਪਣਾ ਪੱਲਾ ਝਾੜ ਲੈਂਦੇ ਹਾਂ। ਸੋ, ਜਦੋਂ ਮਨੁੱਖ ਸੱਚ ਦੇ ਮਾਰਗ ਤੇ ਨਾ ਟੁਰੇ ਉਸਨੂੰ ਪਿੰਗਲਾ ਕਹਿੰਦੇ ਹਨ, ਉਸਨੂੰ ਲੰਗੜਾ ਕਹਿੰਦੇ ਹਨ।
‘ਪਗ’ ਦਾ ਅਰਥ ਵੀ ਅਸੀਂ ਭੁਲੇਖੇ ਕਾਰਨ ਸਿਰ ਤੇ ਬੰਨਣ ਵਾਲੀ ਦਸਤਾਰ ਸਮਝ ਲੈਂਦੇ ਹਾਂ। ਇਕ ਸ਼ਬਦ ਆਂਦਾ ਹੈ ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ ॥ (727) ਇਸ ਦਾ ਅਰਥ ਹੈ ਕਿ ਤੇਰਾ ਮਾਰਗ, ਤੇਰੀ ਪਗਡੰਡੀ, ਤੇਰਾ ਪੱਥ, ਤੇਰਾ ਰਸਤਾ ਖੂਬ ਹੈ। ਹੁਣ ‘ਪਗਰੀ’ ਦੇ ਮਾਈਨੇ ਲੱਭੀਏ ਕਿੱਥੋਂ? ਇਕ ਹੋਰ ਸ਼ਬਦ ਦੀ ਸਾਂਝ ਕੀਤੀ ਸੀ - ਰਾਖਿ ਲੇਹੁ ਹਮ ਤੇ ਬਿਗਰੀ ॥ (856) ਇਸ ਸ਼ਬਦ ਵਿਚ ਗੁਰੂ ਸਾਹਿਬ ਕਹਿੰਦੇ ਹਨ ਕਿ ਮੇਰੀ ਵਿਗੜ ਗਈ ਹੈ। ਕਿਉਂ? ਕਿਉਂਕਿ ‘ਸੀਲੁ ਧਰਮੁ ਜਪੁ ਭਗਤਿ ਨ ਕੀਨੀ ਹਉ ਅਭਿਮਾਨ ਟੇਢ ਪਗਰੀ ॥’ (856)
‘ਟੇਢ ਪਗਰੀ’ ਦਾ ਮਤਲਬ ਕਿ ਮੈਂ ਸਿੱਧੇ ਰਸਤੇ ਤੇ ਨਹੀਂ ਜਾਂਦਾ। ਮੇਰੀ ਟੇਢੀ ਚਾਲ ਹੈ। ਇਸੇ ਸ਼ਬਦ ਵਿਚ ਅੱਗੇ ਕਹਿੰਦੇ ਹਨ - ‘ਸੰਧਿਕ ਤੋਹਿ ਸਾਧ ਨਹੀ ਕਹੀਅਉ ਸਰਨਿ ਪਰੇ ਤੁਮਰੀ ਪਗਰੀ ॥’ (856)
ਮੈਂ ਤੁਹਾਡਾ ਚੋਰ ਹਾਂ ਸਾਧ ਨਹੀਂ ਅਖਵਾ ਸਕਦਾ, ਇਸ ਕਰਕੇ ਮੈਂ ‘ਸਰਨਿ ਪਰੇ ਤੁਮਰੀ ਪਗਰੀ’। ਇੱਥੇ ‘ਪਗਰੀ’ ਦਾ ਮਤਲਬ ਦਸਤਾਰ ਨਹੀਂ ਹੈ। ਪਗਰੀ ਦਾ ਅਰਥ ਹੈ ਕਿ ਮੈਂ ਤੇਰੇ ਮਾਰਗ ਤੇ ਆਇਆ ਹਾਂ। ਤੇਰੇ ਦਰ ਤੇ ਆਇਆ ਹਾਂ। ‘ਪਗਰੀ’ ਸ਼ਬਦ ਪਗ ਭਾਵ ਕਦਮ ਤੋਂ ਬਣਿਆ ਹੈ। ਪਗ ਦਾ ਅਰਥ ਹੈ ਜਿੱਥੇ ਟੁਰੀਦਾ ਹੈ, ਪਗਡੰਡੀ, ਪਗ ਦਾ ਅਰਥ ਹੈ ਮਾਰਗ ਜਾਂ ਪੱਥ ਉਸ ਮਾਰਗ ਤੇ ਕਦਮ ਰੱਖਕੇ ਚਲਦਾ ਹੈ। ਆਤਮਕ ਕਦਮਾਂ ਨਾਲ ਧਾਰਮਕ ਮਾਰਗ ਤੇ ਚਲਦੇ ਹਾਂ। ਇਸਨੂੰ ਕਹਿੰਦੇ ਹਨ, ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ ॥(314)
ਇਸ ਮਾਰਗ ਤੇ ਟੁਰਕੇ ਮਨ ਖਿੜ ਜਾਂਦਾ ਹੈ। ਇਸੇ ਮਜ਼ਮੂਨ ਦਾ ਇਕ ਹੋਰ ਸ਼ਬਦ - ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ ॥ (1379)
ਜੋ ਬਚਪਨ ਵਿਚ ਸ਼ਬਦ ਪੜ੍ਹਦੇ ਸੀ ਤੇ ਉਸਦੇ ਅਰਥ ਕਰਦੇ ਸੀ ਤੇ ਸੋਚਦੇ ਸੀ ਕਿ ਇਸਦੇ ਅਰਥ ਹਨ ਕਿ ਮੈਨੂੰ ਭੁਲੇਖਾ ਹੈ ਕਿ ਕਿਧਰੇ ਮੇਰੀ ਪਗ ਮੈਲੀ ਨਾ ਹੋ ਜਾਏ। ਤੇ ਇਸਤਰੀਆਂ ਤੇ ਪਗ ਬੰਨਦੀਆਂ ਹੀ ਨਹੀਂ। ਸਿੱਖ ਜਗਤ ਤੋਂ ਇਲਾਵਾ ਹੋਰ ਲੋਕੀ ਪਗ ਨਹੀਂ ਬੰਨਦੇ ਹਨ ਤੇ ਉਨ੍ਹਾਂ ਦੀ ਪਗ ਮੈਲੀ ਨਹੀਂ ਹੁੰਦੀ ਤੇ ਕੀ ਇਹ ਸ਼ਬਦ ਉਨ੍ਹਾਂ ਲਈ ਨਹੀਂ ਹੈ? ਇਸ ਲਈ ਅਸੀਂ ਬਾਰ-ਬਾਰ ਇਹ ਗਲ ਦੁਹਰਾਉਂਦੇ ਹਾਂ ਕਿ ਸ਼ਬਦ ਹਰ ਮਨੁੱਖ ਲਈ ਬਿਨਾ ਪਖਪਾਤ ਤੋਂ ਲਾਗੂ ਹੁੰਦਾ ਹੈ। ਇਸ ਲਈ ਤਾਂ ਇਸਨੂੰ ਸਰਬ ਸਾਂਝਾ ਧਰਮ ਕਹਿੰਦੇ ਹਨ।
‘ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ ॥’ (1379)
ਮੈਂ ਸਿੱਧੇ ਮਾਰਗ ਤੋਂ ਭੁੱਲ ਗਿਆ। ਮੈਂ ਆਪਣਾ ਪੈਰ ਗਲਤ ਰਾਹ ਤੇ ਪਾ ਦਿੱਤਾ, ਹੋਇਆ ਕੀ - ‘ਮਤੁ ਮੈਲੀ ਹੋਇ ਜਾਇ’। ‘ਮਤੁ ਮੈਲੀ’ ਦਾ ਭਾਵ ਹੈ ਮੇਰੀ ਮਤ ਮੈਲੀ ਹੋ ਜਾਂਦੀ ਹੈ। ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ ॥ (1379)
ਤੂੰ ਆਪਣੇ ਆਤਮਕ ਸਿਰ, ਆਪਣੀ ਅੱਕਲ ਦੇ ਨਾਲ ਦੁਰਮਤ ਵਾਲੀ ਮਿੱਟੀ ਖਾਂਦਾ ਹੈਂ। ਸਮਝਦਾ ਨਹੀਂ! ਜਿਉਂ-ਜਿਉਂ ਅਸੀਂ ਬਾਣੀ ਨੂੰ ਆਪਣੇ ਵਿਵਹਾਰ ਵਿਚ ਲਿਆਣ ਦੇ ਪੱਖੋਂ ਸਮਝਣ ਦਾ ਜਤਨ ਕਰਾਂਗੇ ਤਾਂ ਅਰਥ ਬਹੁਤ ਲਾਹੇਵੰਦ ਹੋ ਜਾਂਣਗੇ।
ਜਿਹ ਸਿਰਿ ਰਚਿ ਰਚਿ ਬਾਧਤ ਪਾਗ ॥ ਸੋ ਸਿਰੁ ਚੁੰਚ ਸਵਾਰਹਿ ਕਾਗ ॥ (330) ਜੇ ਇਸ ਪੱਖੋਂ ਇਸਨੂੰ ਸਮਝੀਏ ਕਿ ਤੂੰ ਪਗ ਬੜੀ ਸੰਵਾਰਕੇ ਬੰਨਦਾ ਹੈਂ ਤੇ ਇਹ ਤੇ ਕਾਂ ਖਾ ਜਾਣਗੇ। ਪਰ ਕਾਂ ਨੂੰ ਤਾਂ ਅਸੀਂ ਨੇੜੇ ਹੀ ਨਹੀਂ ਲੱਗਣ ਦੇਂਦੇ। ਤੇ ਬਾਣੀ ਝੂਠ ਨਹੀਂ ਹੋ ਸਕਦੀ। ਪਤਾ ਲੱਗਾ ਕਿ ਬਾਣੀ ਵਿਚ ਕਾਂ ਬਾਹਰਲੇ ਕਊਏ ਨੂੰ ਨਹੀਂ ਕਹਿੰਦੇ ਹਨ। ਗੁਰਬਾਣੀ ਵਿਚ ਕਾਂ ਕਹਿੰਦੇ ਹਨ ਵਿਕਾਰਾਂ ਨੂੰ ‘ਜਿਹ ਸਿਰਿ ਰਚਿ ਰਚਿ ਬਾਧਤ ਪਾਗ ॥’ ‘ਪਾਗ’ ਦਾ ਮਤਲਬ ਇਹ ਤੂੰ ਜਿਹੜਾ ਗਲਤ-ਮਲਤ ਰਾਹ ਤੇ ਜਾਂਦਾ ਹੈਂ, ਗਲਤ, ਬੇਮਤਲਬ, ਠੱਗੀ ਵਾਲੀ, ਦੂਜਿਆਂ ਨੂੰ ਮੂਰਖ ਬਣਾਉਣ ਵਾਲੀ ਵਿਉਂਤਾਂ ਘੜਦਾ ਰਹਿੰਦਾ ਹੈਂ। ਇਹ ਜਿਹੜੀ ਮਲੀਣ ਬੁੱਧੀ ਹੈ, ਇਹ ਜਿਹੜੀਆਂ ਭੈੜੀਆਂ ਸੋਚਾਂ ਸੋਚਦਾ ਰਹਿੰਦਾ ਹੈਂ, ਇਸਨੂੰ ਵਿਕਾਰ ਵਾਲੇ ਕਾਂ ਖਾ ਜਾਣਗੇ। ਪਾਗ ਦਾ ਮਾਇਨਾ ਪਤਾ ਲੱਗਾ ਕਿ ਜਿਹੜਾ ਮੈਂ ਮਾਰਗ ਅਪਣਾਇਆ ਹੋਇਆ ਹੈ।
‘ਜਿਹ ਸਿਰਿ’ ਭਾਵ ਦਿਮਾਗ ਵਿਚ ਵਿਉਂਤਾਂ ਘੜਦਾ ਹੈਂ। ਇੰਜ ਹੀ ਬੱਚੇ ਕਹਿੰਦੇ ਹਨ ਕਿ ਰਾਤੀ ਨਾ ਮੇਰੀ ਸਹੇਲੀ ਦਾ ਜਾਂ ਦੋਸਤ ਦਾ ਜਨਮਦਿਨ ਹੈ ਤੇ ਇਸ ਬਹਾਨੇ ਨਾਲ ਉਹ ਕਿਧਰੇ ਹੋਰ ਚਲੇ ਜਾਂਦੇ ਹਨ। ਜਨਮਦਿਨ ਨਹੀਂ ਹੁੰਦਾ ਉਨ੍ਹਾਂ ਦੇ ਆਪਣੇ ਮਿੱਤਰਾਂ ਦੇ ਨਾਲ ਰੰਗਰਲੀਆਂ ਦੀ ਮੌਜ ਹੁੰਦੀ ਹੈ। ਇੰਜ ਹੀ ਅਸੀਂ ਜਵਾਨੀ ਵਿਚ ਆਪਣੇ ਮਾਤਾ-ਪਿਤਾ ਨੂੰ ਮੂਰਖ ਬਣਾਉਂਦੇ ਰਹਿੰਦੇ ਹਾਂ। ਸੱਸ ਨੂੰਹ ਨੂੰ ਮੂਰਖ ਬਣਾਉਂਦੀ ਰਹਿੰਦੀ ਹੈ। ਤੇ ਫਿਰ ਵਿਉਂਤ ਘੜਦੇ ਰਹਿੰਦੇ ਹਾਂ ਕਿ ਜਦੋਂ ਨੂੰਹ ਆਏਗੀ ਉਸਨੂੰ ਕਿਵੇਂ ਚਾਬੀਆਂ ਨਹੀਂ ਦੇਣੀਆਂ। ਉਸਨੂੰ ਦਬਾਕੇ ਕਿਵੇਂ ਰੱਖਣਾ ਹੈ। ਸਹੇਲੀਆਂ ਕਾਲਜ ਵਿਚ ਹੀ ਇਕ ਦੂਜੇ ਨੂੰ ਸਿਖਾ ਦੇਂਦੀਆਂ ਹਨ ਕਿ ਜਿਉਂ ਹੀ ਤੂੰ ਵਿਆਹ ਕੇ ਜਾਵੇਂ, ਪਹਿਲੇ ਦਿਨ ਤੋਂ ਹੀ ਆਪਣੇ ਪਤੀ ਤੇ ਰੋਹਬ ਪਾ ਕੇ ਰੱਖੀਂ ਨਹੀਂ ਤੇ ਉਹ ਸਿਰ ਤੇ ਚੜ੍ਹ ਜਾਂਦੇ ਹਨ।
‘ਨੈਨ ਜੋਤਿ ਤੇ ਹੀਨ’ ਦਾ ਮਤਲਬ ਇਹ ਨਹੀਂ ਹੈ ਕਿ ਉਸਦੀ ਅੱਖਾਂ ਦੀ ਰੌਸ਼ਨੀ ਨਹੀਂ ਰਹੀ। ਨਹੀਂ! ਦਰਅਸਲ ਉਸਦੀ ਅੰਦਰ ਵਲ ਵੇਖਣ ਦੀ ਅੱਖ ਨਹੀਂ ਰਹੀ। ‘ਵੇਖਿ ਨ ਚਲੈ ਅਗੈ ਟੋਆ’ (ਭਾਈ ਗੁਰਦਾਸ ਜੀ) ਇਨ੍ਹਾਂ ਅੱਖਾਂ ਨੂੰ ਨਹੀਂ ਕਹਿ ਰਹੇ ਹਨ, ਇਹ ਤੇ ਆਤਮਕ ਅੱਖਾਂ ਨੂੰ ਕਹਿ ਰਹੇ ਹਨ। ਇਹ ਤੂੰ ‘ਨੈਨ ਜੋਤਿ ਤੇ ਹੀਨ’ ਹੋਇਆ ਪਿਆ ਹੈਂ। ਅੱਖਾਂ ਹੁੰਦਿਆਂ ਵੀ ਜਿਹੜਾ ਮਨੁੱਖ ਮਾੜੇ ਰਾਹ ਤੇ ਤੁਰਨ ਲਗ ਪਏ, ਉਸਦੇ ਬਾਰੇ ਕਿਹਾ ਜਾ ਰਿਹਾ ਹੈ ਸਰੀਰਕ ਬੁੱਢੇ ਬਾਰੇ ਨਹੀਂ ਕਿਹਾ ਜਾ ਰਿਹਾ ਹੈ। ਇਹ ਹਰ ਮਨੁੱਖ ਲਈ ਹੈ। ‘ਨੈਨ ਜੋਤਿ ਤੇ ਹੀਨ’ ਤੋਂ ਭਾਵ ਹੈ ਬਿਨਾ ਬਿਬੇਕ ਤੋਂ। ਹੰਕਾਰ ਕਰਕੇ ਤੂੰ ਖੁਆਰ ਹੁੰਦਾ ਹੈਂ, ਤੈਨੂੰ ਸਮਝ ਨਹੀਂ ਹੈ, ਤੂੰ ਮੁੰਧ ਜੋਬਨ ਬਾਲੀ ਹੈਂ, ਹੰਕਾਰੀ ਹੋਈ ਹੈਂ। ਤੈਨੂੰ ਸਮਝ ਨਹੀਂ ਆਉਂਦੀ ਤੂੰ ਹਰਿ ਰਸ ਨਹੀਂ ਲਿਆ - ‘ਕਹੁ ਨਾਨਕ ਇਹ ਬਿਧਿ ਭਈ ਤਊ ਨ ਹਰਿ ਰਸਿ ਲੀਨ ॥’
ਦੇਖ ਤੇਰਾ ਜੀਵਨ ਕੈਸਾ ਹੋ ਗਿਆ। ਇਹ ਡਗਮਗ ਛੱਡ ਦੇ। ਕਬੀਰ ਸਾਹਿਬ ਕਹਿੰਦੇ ਹਨ - ‘ਡਗਮਗ ਛਾਡਿ ਰੇ ਮਨ ਬਉਰਾ ॥’ (338)
ਇਹ ਡਗਮਗ ਕੀ ਹੈ? ਅਸੀਂ ਜਦੋਂ ਵੀ ਸਿੱਧੇ ਰਾਹ ਪੈਣਾ ਚਾਹੁੰਦੇ ਹਾਂ ਤਾਂ ਲੋਕੀ ਪੈਣ ਨਹੀਂ ਦੇਂਦੇ ਹਨ। ਜਦੋਂ ਲੋਕੀ ਸਾਡਾ ਮਨ ਡੁਲਾਂਦੇ ਹਨ ਤਾਂ ਅਸੀਂ ਢਹਿ ਪੈਂਦੇ ਹਾਂ ਕਿਉਂਕਿ ਅੰਦਰੋਂ ਦਿਲ ਕਮਜ਼ੋਰ ਸੀ। ਜਦੋਂ ਅੰਦਰੋਂ ਮੰਨਣ ਦਾ ਦਿਲ ਹੋਵੇ ਤਾਂ ਸਾਡੀ ਉਹ ਚਤੁਰਾਈ ਅੰਤਰਆਤਮੇ ਦੀ ਦਰਗਾਹ ਵਿਚ ਫੜੀ ਜਾਂਦੀ ਹੈ। ਰੱਬ ਆਪਣੀ ਤਕੜੀ ਵਿਚ ਉਸੇ ਵੇਲੇ ਵੇਖ ਲੈਂਦੇ ਹਨ। ਕੇਵਲ ਰੱਬ ਜੀ ਨਹੀਂ ਬਲਕਿ ਸਾਡੇ ਘਰ ਦੇ ਬੱਚੇ ਵੀ ਨੋਟ ਕਰ ਲੈਂਦੇ ਹਨ। ਉਨ੍ਹਾਂ ਨੂੰ ਸਾਡੇ ਬਾਹਰੀ ਭਾਵਾਂ ਤੋਂ ਪਤਾ ਲਗ ਜਾਂਦਾ ਹੈ ਕਿ ਇਨ੍ਹਾਂ ਦੇ ਅੰਦਰ ਹੋ ਕੀ ਰਿਹਾ ਹੈ। ਉਹ ਵੀ ਸਾਰੀ ਚਤੁਰਾਈ, ਚਲਾਕੀ, ਸਮਝਦੇ ਜਾਂਦੇ ਹਨ।
ਇਸ ਵਿਧੀ ਦੇ ਨਾਲ ਤੈਨੂੰ ਸਮਝ ਨਹੀਂ ਆ ਰਿਹਾ, ਕਿ ਤੂੰ ਆਪਣੇ ਅੰਦਰ ਅੰਮ੍ਰਿਤ ਰੂਪੀ ਰਸ ਨੂੰ ਮਾਣ ਨਹੀਂ ਪਾ ਰਿਹਾ। ਇਹ ਵਾਲੀ ਸਾਰੀ ਖੇਡ ਨੂੰ ਸਮਝਾਕੇ ਕਹਿੰਦੇ ਹਨ ਕਿ ਤੂੰ ਸਤਿਗੁਰ ਦੀ ਮਤ ਨਾਲ ਜੁੜਕੇ ਐਸੀ ਬੁੱਧੀ ਲੈ, ਐਸੀ ਅੱਕਲ ਲੈ ਜਿਸ ਨਾਲ ਤੈਨੂੰ ਰਸ ਆ ਜਾਏ। ‘ਹਰਿ ਰਸਿ ਲੀਨ’ ਕਿਸੇ ਰੱਬੀ ਨਾਮ ਦੇ ਰਟਨ ਨੂੰ ਅੱਖਾਂ ਨੂਟਕੇ, ਚੌਕੜਾ ਮਾਰਕੇ ਕਈ ਘੰਟਿਆਂ ਦਾ ਤਪ ਕਰਨ ਨੂੰ ਨਹੀਂ ਕਹਿ ਰਹੇ ਹਨ। ‘ਹਰਿ ਰਸਿ ਲੀਨ’ ਦਾ ਅਰਥ ਹੋ ਗਿਆ ਕਿ ਤੂੰ ਸੱਚ ਨਾਲ ਜੁੜ। ਤੂੰ ਸੱਚ ਨਾਲ ਜੁੜ ਜਾਏਂਗਾ, ਤਾਂ ਤੇਰੇ ਜੀਵਨ ਵਿਚ ਸਥਿਰਤਾ ਆ ਜਾਏਗੀ। ਤੂੰ ਡੱਕੇ-ਡੋਲੇ ਨਹੀਂ ਖਾਏਂਗਾ। ਸੱਚ ਨਾਲ ਜੁੜ ਜਾਏਂਗਾ ਤਾਂ ਤੈਨੂੰ ਨਿਜਘਰ ਪ੍ਰਾਪਤ ਹੋ ਜਾਏਗਾ। ‘ਲਖ ਖੁਸੀਆ ਪਾਤਿਸਾਹੀਆ’ ਵਾਲੇ ਸ਼ਬਦ ਦੇ ਅਖੀਰ ਵਿਚ ਕਹਿੰਦੇ ਹਨ - ‘ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ’ ਭਾਵ ਜਿੱਥੇ ਨਾ ਆਤਮਕ ਮੌਤ ਹੈ, ਨਾ ਆਤਮਕ ਜਨਮ ਹੈ, ਨਾ ਆਤਮਕ ਬੁਢੇਪਾ ਹੈ। ਫਿਰ ‘ਸਿਰੁ ਕੰਪਿਓ’ ਦੂਰ ਹੋ ਗਿਆ। ਹੁਣ ਇਹ ਵੀ ਇਸ ਸਲੋਕ ਨਾਲ ਮੇਲ ਖਾ ਰਿਹਾ ਹੈ ਕਿ ਇੱਥੇ ਸਰੀਰਕ ਜਨਮ, ਮਰਨ ਜਾਂ ਬੁਢਾਪੇ ਦੀ ਗਲ ਨਹੀਂ ਚਲ ਰਹੀ, ਆਤਮਕ ਜੀਵਨ ਦੀ ਗਲ ਚਲ ਰਹੀ ਹੈ। ਮਨੁੱਖ ਕਿਸੇ ਵੀ ਉਮਰ ਦਾ ਹੋਵੇ ਉਹ ‘ਗੁਰ ਤੇ ਮਹਲੁ ਪਰਾਪਤੇ’ ਕਰ ਸਕਦਾ ਹੈ।
ਅਸੀਂ ਕਿਉਂਕਿ ਆਪ ਸਿੱਧੇ ਰਾਹ ਨਹੀਂ ਪਏ ਹਾਂ ਇਸ ਲਈ ਅਸੀਂ ਆਪਣੇ ਨੌਜੁਆਨ ਬੱਚਿਆਂ ਨੂੰ ਸਕੂਲਾਂ-ਕਾਲਜਾਂ ਤਕ ਸਿੱਧੇ ਰਾਹ ਪਾਣ ਨੂੰ ਤਿਆਰ ਹੀ ਨਹੀਂ ਹਾਂ। ਐਸੇ ਸਕੂਲ-ਕਾਲਜ ਖੋਲਣ ਨੂੰ ਤਿਆਰ ਹੀ ਨਹੀਂ ਹਾਂ, ਜਿੱਥੇ ਉਨ੍ਹਾਂ ਦਾ ਜੀਵਨ ਵਿਗੜਨ ਤੋਂ ਪਹਿਲਾਂ, ਉਨ੍ਹਾਂ ਨੂੰ ਅੱਗ ਵਿਚ ਪੈਣ ਤੋਂ ਪਹਿਲਾਂ ਅੱਕਲ, ਬੁੱਧੀ, ਸੁਮੱਤ ਦੀ ਓੜਨੀ ਦੇ ਦੇਈਏ। ਜਦੋਂ ਉਹ ਅੱਗ ਵਿਚ ਡਿੱਗ ਪੈਂਦੇ ਹਨ ਫਿਰ ਉਹ ਸਾਰੀ ਉਮਰ ਖੁਆਰ ਹੁੰਦੇ ਰਹਿੰਦੇ ਹਨ। ਇਸ ਲਈ ਸਾਨੂੰ ਐਸਾ ਮਾਹੋਲ ਤਿਆਰ ਕਰਨਾ ਚਾਹੀਦਾ ਹੈ ਹਰ ਉਮਰ ਵਾਲਾ ਇਸਨੂੰ ਪ੍ਰਾਪਤ ਕਰ ਸਕੇ। ਉਹ ਬੱਚੇ ਭਾਗਸ਼ਾਲੀ ਹਨ ਜਿਨ੍ਹਾਂ ਨੂੰ ਬਚਪਨ ਤੋਂ ਹੀ ਘਰ ਵਿਚ ਬਿਬੇਕ ਬੁਧਿ ਪ੍ਰਾਪਤ ਹੋਈ ਹੈ। ਉੱਚੀ ਆਤਮਕ ਅਵਸਥਾ ਕਦੇ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜੇ ਕਿਸੇ ਵੇਲੇ ਵੀ ਕੀਤੀ ਜਾ ਸਕਦੀ ਹੈ ਤੇ ਫਿਰ ਅਸੀਂ ਬਚਪਨ ਤੋਂ ਹੀ ਐਸਾ ਵਾਤਾਵਰਨ ਕਿਉਂ ਨਾ ਬਣਾਈਏ। ਬਚਪਨ ਵਿਚ ਤੇ ਅਸੀਂ ਕਹਿੰਦੇ ਹਾਂ ਕਿ ਬੱਚਾ ਹੁਣੇ ਤੇ ਡਾਂਸ ਸਿੱਖ ਰਿਹਾ ਹੈ, ਉਹ ਗਾਣੇ ਤੇ ਸੁਣਾ ਸਕਦਾ ਹੈ ਪਰ ਉਸਨੂੰ ਚਾਰ ਸਾਹਿਜ਼ਾਦਿਆਂ ਦੇ ਨਾਮ ਨਹੀਂ ਆਉਂਦੇ। ਅਸੀਂ ਬਚਪਨ ਵਿਚ ਤੇ ਸਾਰੀ ਮਿਹਨਤ ਕਰਦੇ ਹਾਂ ਪੜ੍ਹਾਈ ਤੇ। ਉਸਦਾ ਕਰੀਅਰ ਬਣ ਜਾਂਦਾ ਹੈ, ਉਹ ਕਮਾਉਣ ਜੋਗਾ ਹੋ ਜਾਂਦਾ ਹੈ, ਮਾਂਪਿਆਂ ਨੂੰ ਕਮਾਂਡ ਕਰਨ ਜੋਗਾ ਹੋ ਜਾਂਦਾ ਹੈ, ਮਾਂਪਿਆਂ ਦੇ ਅਉਗੁਣਾਂ ਤੇ ਉਂਗਲ ਰੱਖਣ ਵਾਲਾ ਹੋ ਜਾਂਦਾ ਹੈ, ਉਨ੍ਹਾਂ ਨੂੰ ਟੋਂਟ ਕਰਨ ਵਾਲਾ ਹੋ ਜਾਂਦਾ ਹੈ, ਪਿਆਰ ਵਾਲੀ ਗਲ ਉਨ੍ਹਾਂ ਨੂੰ ਸਮਝ ਹੀ ਨਹੀਂ ਆਉਂਦੀ। ਸੋ ਅਸੀਂ ਐਸੇ ਘਰ ਨਾਲ ਜੁੜਨਾ ਹੈ ‘ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ’ ਜਿੱਥੇ ‘ਸਿਰੁ ਕੰਪਿਓ ਪਗ ਡਗਮਗੇ’ ਵਾਲੀ ਸਰੀਰਕ ਹਾਲਤ ਨਹੀਂ ਹੈ।
ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਸਾਡੀ ਆਤਮਕ ਅਵਸਥਾ ਜਿਹੜੀ ਕਿਸੇ ਵੇਲੇ ਡੋਲ ਜਾਂਦੀ ਹੈ, ਜਿਸ ਲਈ ਸਾਡੇ ਕੋਲ ਉਹ ਅੱਖ ਨਹੀਂ ਹੈ ਕਿ ਅਸੀਂ ਵੇਖ ਸਕੀਏ, ਜਿਸ ਲਈ ਸਾਡੇ ਕੋਲ ਸੁਮਤ ਨਹੀਂ ਹੈ, ਬਿਬੇਕ ਨਹੀਂ ਹੈ। ਇਸਦੇ ਨਾ ਹੋਣ ਦੇ ਕਾਰਨ ਅਸੀਂ ਹੰਕਾਰ ਵਿਚ ਚਲੇ ਜਾਂਦੇ ਹਾਂ ਅਤੇ ਹੰਕਾਰੀ ਮਨੁੱਖ ਦਾ ‘ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ’ ਹੁੰਦਾ ਹੈ। ਜਿਹੜਾ ਸ਼ਬਦ ਹੈ- ‘ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ’ ਇਹ ਸਰੀਰਕ ਅੱਖਾਂ ਬਾਰੇ ਗਲ ਨਹੀਂ ਹੈ। ਸਾਡੀ ਆਤਮਕ ਅੱਖਾਂ ਦੀ ਗਲ ਹੈ ਕਿ ਅਸੀਂ ਆਪਣੇ ਅੰਤਰ ਆਤਮੇ ਦੀਆਂ ਅੱਖਾਂ ਕਿਵੇਂ ਪ੍ਰਾਪਤ ਕਰ ਸਕਦੇ ਹਾਂ। ਦੁਨੀਆ ਇਸਨੂੰ ਤੀਜਾ ਨੇਤਰ (ਸਣਿਟਹ ਸੲਨਸੲ) ਕਹਿ ਦੇਂਦੀ ਹੈ, ਪਰ ਗੁਰਮਤ ਵਿਚ ਇਸਨੂੰ ਬਿਬੇਕ ਬੁਧੀ ਕਹਿੰਦੇ ਹਨ। ਉਹ ਬਿਬੇਕ ਬੁਧੀ ਵਾਲੀਆਂ ਅੱਖਾਂ ਨਾ ਹੋਣ ਤਾਂ ਅਸੀਂ ‘ਨੈਨ ਜੋਤਿ ਤੇ ਹੀਨ’ ਹੋ ਜਾਂਦੇ ਹਾਂ। ਹੁਣ ਜਦੋਂ ਅਸੀਂ ਐਸੀ ਦਸ਼ਾ ਵਿਚ ਪਹੁੰਚ ਜਾਂਦੇ ਹਾਂ, ਇਸ ਤਰੀਕੇ ਦੇ ਨਾਲ ਜੀਵਨ ਗੁਜ਼ਾਰਦੇ ਰਹਿੰਦੇ ਹਾਂ, ਤਾਂ ਗੁਰੂ ਸਾਹਿਬ ਇਨ੍ਹਾਂ ਸਲੋਕਾਂ ਦੀ ਲੜੀ ਵਿਚ ਸਾਨੂੰ ਜਾਗਰੂਕ ਕਰ ਰਹੇ ਹਨ, ਸਾਨੂੰ ਜਗਾ ਰਹੇ ਹਨ, ਚੇਤਾਵਨੀ ਦੇ ਰਹੇ ਹਨ। ਸਾਰੇ ਮਨੁੱਖਾਂ ਨੂੰ ਕਹਿੰਦੇ ਹਨ ਕਿ ਵੇਖ ਜੇ ਇੰਜ ਕਰੇਂਗਾ ਤੇ ਇਹ ਨੁਕਸਾਨ ਹੋ ਜਾਂਦਾ ਹੈ, ‘ਕੁੰਚਰ ਇਸਨਾਨੁ’ ਹੋ ਜਾਏਗਾ, ਹਉਮੈ ਵਿਚ ਫਸ ਜਾਂਦਾ ਹੈ, ਤੈਨੂੰ ਜਮਾਂ ਦੇ ਫੰਧੇ ਪਏ ਰਹਿੰਦੇ ਹਨ, ਇਸ ਬਾਰੇ ਸੋਚ, ਵਿਚਾਰ।




.