ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਸਫਲ ਜੀਵਨ
ਸੱਚੀ ਲਗਨ, ਉਤਸ਼ਾਹ ਤੇ ਇਮਾਨਦਾਰੀ
ਨਾਲ ਚੱਲਣ ਵਾਲਾ ਮਨੁੱਖ ਜ਼ਿੰਦਗੀ ਦੀਆਂ ਬੁਲੰਦੀਆਂ `ਤੇ ਪਹੁੰਚ ਜਾਂਦਾ ਹੈ। ਉਤਸ਼ਾਹ ਹੀਣ ਲੋਕ ਜਿੱਥੇ
ਮਿਹਨਤ ਛੱਡ ਜਾਂਦੇ ਹਨ ਓੱਥੇ ਮਾਨਸਕ ਰੋਗਾਂ ਦੇ ਸ਼ਿਕਾਰ ਵੀ ਹੋ ਜਾਂਦੇ ਹਨ। ਉਹ ਸਮਝ ਬੈਠਦੇ ਹਨ ਕਿ
ਆਪ ਉਦਮ ਕਰਨ ਦੀ ਥਾਂ `ਤੇ ਕਿਸੇ ਬਾਬੇ ਕੋਲੋਂ ਅਰਦਾਸ ਕਰਾ ਲਈ ਜਾਂ ਧਰਮ ਦੇ ਨਾਂ `ਤੇ ਕਰਮ ਕਾਂਡ
ਕਰਨ ਨਾਲ ਸਾਨੂੰ ਮੰਜ਼ਿਲ ਪ੍ਰਾਪਤ ਹੋ ਜਾਏਗੀ। ਜੇ ਮਨੁੱਖ ਦੇ ਮਨ ਵਿੱਚ ਕੁੱਝ ਕਰਨ ਦੀ ਲਗਨ ਹੈ ਤਾਂ
ਹਰ ਮੁਹਿੰਮ ਨੂੰ ਸਰ ਕਰਨ ਦੇ ਹਮੇਸ਼ਾਂ ਯਤਨ ਵਿੱਚ ਰਹਿੰਦੇ ਹਨ—
ਸਬਦੰ ਰਤੰ, ਹਿਤੰ ਮਇਆ, ਕੀਰਤੰ ਕਲੀ ਕਰਮ ਕ੍ਰਿਤੁਆ॥
ਮਿਟੰਤਿ ਤਤ੍ਰਾਗਤ ਭਰਮ ਮੋਹੰ॥
ਭਗਵਾਨ ਰਮਣੰ ਸਰਬਤ੍ਰ ਥਾਨਿੰੵ॥
ਦ੍ਰਿਸਟ ਤੁਯੰ ਅਮੋਘ ਦਰਸਨੰ, ਬਸੰਤ ਸਾਧ ਰਸਨਾ॥
ਹਰਿ ਹਰਿ, ਹਰਿ ਹਰੇ ਨਾਨਕ, ਪ੍ਰਿਅੰ ਜਾਪੁ ਜਪਨਾ॥੮॥
ਅੱਖਰੀਂ ਅਰਥ--— ਗੁਰ-ਸ਼ਬਦ ਵਿੱਚ ਪ੍ਰੀਤਿ, ਜੀਅ-ਦਇਆ ਨਾਲ ਹਿਤ, ਪਰਮਾਤਮਾ ਦੀ
ਸਿਫ਼ਤਿ-ਸਾਲਾਹ—ਇਸ ਜਗਤ ਵਿੱਚ ਜੋ ਮਨੁੱਖ ਇਹ ਕੰਮ ਕਰਦਾ ਹੈ (ਲਫ਼ਜ਼ੀ, ਇਹ ਕਰਮ ਕਰ ਕੇ), ਉਥੇ ਆਏ ਹੋਏ
(ਭਾਵ, ਉਸ ਦੇ) ਭਰਮ ਤੇ ਮੋਹ ਮਿਟ ਜਾਂਦੇ ਹਨ। ਉਸ ਨੂੰ ਭਗਵਾਨ ਹਰ ਥਾਂ ਵਿਆਪਕ ਦਿੱਸਦਾ ਹੈ।
ਹੇ ਨਾਨਕ! (ਆਖ—) ਹੇ ਹਰੀ! (ਸੰਤ ਜਨਾਂ ਨੂੰ) ਤੇਰਾ ਨਾਮ ਜਪਣਾ ਪਿਆਰਾ ਲੱਗਦਾ ਹੈ, ਤੂੰ ਸੰਤਾਂ ਦੀ
ਜੀਭ ਉਤੇ ਵੱਸਦਾ ਹੈਂ, ਤੇਰਾ ਦੀਦਾਰ ਤੇਰੀ (ਮਿਹਰ ਦੀ) ਨਜ਼ਰ ਕਦੇ ਨਿਸਫਲ ਨਹੀਂ ਹਨ। ੮।
ਵਿਚਾਰ ਚਰਚਾ—
੧ ਸ਼ਬਦ ਨਾਲ ਪ੍ਰੀਤ ਦਾ ਭਾਵ ਹੈ ਮੁਕੰਮਲ਼ ਜਾਣਕਾਰੀ ਹਾਸਲ ਕਰਨੀ, ਉਦਮੀ ਹੋਣਾ, ਸੱਚਾ ਗਿਆਨ ਹਾਸਲ
ਕਰਨਾ ਤੇ ਆਤਮਕ ਸੂਝ ਦੀ ਪ੍ਰਾਪਤੀ ਹੋਣ ਤੋਂ ਹੈ।
੨ ਜੀਅ ਦਇਆ ਤੋਂ ਭਾਵ ਮਨੁੱਖਤਾ ਦੀ ਸੇਵਾ ਵਿੱਚ ਆਉਂਦਾ ਹੈ। ਮਨੁੱਖਤਾ ਦੀ ਸੇਵਾ ਦਾ ਅਰਥ ਨਿਸ਼ਕਾਮਤਾ
ਤੋਂ ਹੈ। ਜੇ ਇਹ ਸਮਝ ਆ ਜਾਏ ਤਾਂ ਸਰਕਾਰੀ ਅਧਿਕਾਰੀਆਂ ਵਿਚੋਂ ਕੁਰੱਪਸ਼ਨ ਖਤਮ ਹੋ ਜਾਏਗੀ। ਜੀਅ ਦਇਆ
ਕਿਸੇ ਦਾ ਹੱਕ ਮਾਰਨਾ ਨਹੀਂ ਸਗੋਂ ਆਪਣੀ ਹੈਸੀਅਤ ਅਨੁਸਾਰ ਕਿਸੇ ਦੇ ਕੰਮ ਸਵਾਰਨ ਤੋਂ ਹੈ। ਕੁਦਰਤੀ
ਵਾਤਾਵਰਨ ਨਾਲ ਪਿਆਰ ਕਰਨ ਤੋਂ ਹੈ। ਜੈਨੀਆਂ ਵਾਲੀ ਜੀਵ ਦਇਆ ਦਾ ਸਿੱਖੀ ਵਿੱਚ ਕੋਈ ਥਾਂ ਨਹੀਂ ਹੈ।
੩ ਕੁਦਰਤ ਨਾਲ ਪਿਆਰ, ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ, ਜ਼ਮੀਨੀ ਹਕੀਕਤਾਂ ਨੂੰ ਸਮਝ ਕੇ ਚੱਲਣਾ
ਹੀ ਰੱਬ ਦਾ ਨਾਮ ਜੱਪਣਾ ਹੈ।
੪ ਕਿਸੇ ਦਾ ਹੱਕ ਮਾਰ ਕੇ ਧਾਰਮਕ ਅਸਥਾਨਾਂ `ਤੇ ਦਾਨ ਪੁੰਨ ਕਰਨ ਨਾਲ ਕਦੇ ਵੀ ਸਮਾਜ ਦੀ ਉਨਤੀ ਨਹੀਂ
ਹੋ ਸਕਦੀ ਤੇ ਨਾ ਹੀ ਨਿੱਜੀ ਜੀਵਨ ਵਿੱਚ ਕੋਈ ਵਿਗਾਸ ਆ ਸਕਦਾ ਹੈ।
੫ ਸ਼ਬਦ ਦੀ ਪ੍ਰੀਤੀ ਭਾਵ ਸੱਚਾ ਗਿਆਨ ਹੀ ਸਾਡੇ ਬਣਾਏ ਹੋਏ ਭਰਮਾਂ ਨੂੰ ਤੋੜਦਾ ਹੈ।
੬ ਇਹ ਬੜਾ ਵੱਡਾ ਭਰਮ ਹੈ ਕਿ ਕਮਾਈ ਜਿਸ ਤਰ੍ਹਾਂ ਮਰਜ਼ੀ ਹੈ ਕਰੋ ਬਸ ਦਾਨ ਪੁੰਨ ਕਰ ਦਿਓ ਸਭ ਫਲ਼ ਮਿਲ
ਜਾਣਗੇ—ਸ਼ਬਦ ਦੀ ਸਮਝ ਦੁਆਰਾ ਇਹ ਭਰਮ ਟੁੱਟ ਜਾਂਦਾ ਹੈ।
੭ ਨਾਮ ਜਪਣ ਤੋਂ ਭਾਵ ਇਮਾਨਦਾਰੀ, ਵਫ਼ਾਦਾਰੀ, ਸਖਤ ਮਿਹਨਤ, ਪਿਆਰ ਆਦ ਦੈਵੀ ਗੁਣਾਂ ਦੀ ਵਰਤੋਂ ਕਰਨ
ਤੋਂ ਹੈ।
੮ ਰਸਨਾ ਤੇ ਵੱਸਣ ਤੋਂ ਭਾਵ ਐਸਾ ਮਨੁੱਖ ਅੰਦਰੋਂ ਬਾਹਰੋਂ ਇੱਕ ਹੋ ਜਾਂਦਾ ਹੈ। ਜੋ ਹਿਰਦੇ ਵਿੱਚ ਹੈ
ਉਹ ਹੀ ਉਸ ਦੀ ਜ਼ਬਾਨ `ਤੇ ਹੋਏਗਾ।
੯ ਮਿਹਰ ਦੀ ਨਿਗਾਹ ਤੋਂ ਭਾਵ ਹੈ ਸਹਿਜ ਸੁਭਾਅ ਅਨੁਸਾਰ ਚਲਦਿਆਂ ਆਪਣੀ ਕਿਰਤ ਵਲ ਧਿਆਨ ਦੇਣ ਨਾਲ
ਆਤਮਕ ਸੁਖ ਦੀ ਪ੍ਰਾਪਤੀ ਹੁੰਦੀ ਹੈ ਜਿਹੜੀ ਗੁਰ-ਗਿਆਨ ਵਿਚੋਂ ਪ੍ਰਾਪਤ ਹੁੰਦੀ ਹੈ —
ਸਤਿਗੁਰ ਸਬਦਿ ਉਜਾਰੋ ਦੀਪਾ।।
ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲੀੑ ਅਨੂਪਾ।। ੧।। ਰਹਾਉ।।
ਬਿਲਾਵਲ ਮਹਲਾ ੫ ਪੰਨਾ ੮੨੧