ਮਾਇਆ
(3)
ਗੁਰ ਸਬਦੁ ਬੀਚਾਰ ਤੋਂ ਗੁਰਮਤਿ ਦਾ ਇਹ ਸਿੱਧਾਂਤ ਸਪਸ਼ਟ ਹੁੰਦਾ ਹੈ ਕਿ
ਸ੍ਰਿਸ਼ਟੀ ਦਾ ਸਿਰਜਨਹਾਰ ਕਰਤਾਰ ਸਾਰੇ ਸੰਸਾਰ ਦਾ ਇੱਕੋ ਇੱਕ ਇਸ਼ਟਦੇਵ ਅਰਥਾਤ ਨਾਇਕ
ਹੈ।
ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ॥ ਗਉੜੀ ਰਵਿਦਾਸ ਜੀ
ਤੁਧੁ ਸਿਰਜਿਆ ਸਭੁ ਸੰਸਾਰੁ ਤੂ ਨਾਇਕੁ ਸਗਲ ਭਉਣ॥ ਰਾਗੁ ਮਾਰੂ ਵਾਰ ਮ: ੫
ਸਗਲ ਭਵਨ ਦੇ ਨਾਇਕ
ਦੀ ਸ਼ਰਨ ਗਿਆ ਮਨੁੱਖ ਦੁਸ਼ਟੀ ਮਾਇਆ ਤੋਂ ਨਿਰਲੇਪ ਹੋ ਕੇ ਸਚਖੰਡ ਵੱਲ ਪ੍ਰੇਰਿਆ ਜਾਂਦਾ ਹੈ। ਇਸ ਲਈ,
ਗੁਰੂ (ਗ੍ਰੰਥ) ਦੇ ਸਿੱਖ ਨੇ ਬਿਬੇਕ ਬੁੱਧਿ ਸਦਕਾ ਗੁਰਬਾਣੀ ਵਿੱਚੋਂ ਪ੍ਰਾਪਤ ਗੁਰਮਤਿ-ਗਿਆਨ ਦੇ
ਸਹਾਰੇ ਆਪਣਾ "ਇਹ ਲੋਕ ਸੁਖੀਏ ਪਰਲੋਕ ਸੁਹੇਲੇ" ਬਣਾਉਣ ਵਾਸਤੇ ਸਿਰਫ਼ ਤੇ ਸਿਰਫ਼ ਸਗਲ ਭਵਨ ਦੇ
ਅਦੁੱਤੀ ਨਾਇਕ ਦੇ ਦਰਸ਼ਨ ਅਤੇ ਸਾਥ-ਸਹਾਰੇ ਦੀ ਹੀ ਲੋਚਾ ਕਰਨੀ ਹੈ।
ਲੇਖ ਦੇ ਪਿਛਲੇਰੇ ਪੰਨਿਆਂ ਉੱਤੇ ਦੱਸਿਆ ਗਿਆ ਹੈ ਕਿ ਗੁਰਬਾਣੀ ਵਿੱਚ
ਹਜ਼ਾਰਾਂ ਤੁਕਾਂ/ਸ਼ਬਦ ਹਨ ਜਿਨ੍ਹਾਂ ਵਿੱਚ ਮਨਹੂਸ ਮਾਇਆ ਦੇ ਕੁਲੱਛਣਾਂ ਦਾ ਵਿਸਤ੍ਰਿਤ ਵਰਣਨ ਕੀਤਾ
ਗਿਆ ਹੈ। ਇਸ ਵਰਣਨ ਤੋਂ ਭਲੀਭਾਂਤ ਸਪਸ਼ਟ ਹੋ ਜਾਂਦਾ ਹੈ ਕਿ ਸੰਸਾਰ ਵਿੱਚ ਵਿਆਪਕ ਸ਼ੈਤਾਨੀਯਤ ਦੇ
ਵਰਤਾਰੇ ਦੀ ਜੜ ਕਲਜੋਗਣ ਮਾਇਆ ਹੈ ਜੋ ਕਿ ਆਪਣੀ ਭੈੜੀ ਭੂਮਿਕਾ ਕਰਕੇ ਇਸ ਜਗਤ-ਤਮਾਸ਼ੇ ਦੀ
ਖਲਨਾਇਕਾ ਸਿੱਧ ਹੁੰਦੀ ਹੈ। ਇਸ ਖਲਨਾਇਕਾ ਦਾ
ਨਖਿੱਧ ਪ੍ਰਭਾਵ ਜੀਵਾਤਮਾ ਅਤੇ ਪਰਮਾਤਮਾ ਵਿੱਚ ਵਿੱਥ ਦਾ ਕਾਰਣ ਬਣਦਾ ਹੈ। ਕਲਹਿਨੀ ਮਾਇਆ ਆਤਮਾ ਨੂੰ
ਪਰਮਾਤਮਾ ਤੋਂ ਵਿਛੋੜਦੀ ਹੈ ਅਤੇ ਮਨੁੱਖਾ ਜੀਵਨ ਵਿੱਚ ਕਲਹ-ਕਲੇਸ਼ ਦਾ ਕਾਰਣ ਵੀ ਬਣਦੀ ਹੈ। ਸਮੁੱਚੇ
ਮਨੁੱਖਾ ਸਮਾਜ ਉੱਤੇ ਸਰਸਰੀ ਜਿਹੀ ਨਿਗਾਹ ਮਾਰਨ ਨਾਲ ਹੀ ਇਹ ਕੋਝਾ ਸੱਚ ਬਿਨਾਂ ਸ਼ੱਕ ਸਾਬਤ ਹੋ
ਜਾਂਦਾ ਹੈ ਕਿ ਮਨੁੱਖਾ ਸਮਾਜ ਵਿੱਚ ਜਿਤਨੇ ਵੀ ਕੁਕਰਮ, ਅਪਰਾਧ ਅਤੇ ਪਾਪ ਹੁੰਦੇ ਹਨ, ਉਹ ਟੂਣੇਹਾਰੀ
ਮਾਇਆ ਦੀ ਉਕਸਾਹਟ ਨਾਲ ਹੀ ਕੀਤੇ ਜਾਂਦੇ ਹਨ। ਮਨੁੱਖਾ ਸਮਾਜ ਵਿੱਚ ਵਿਆਪਕ ਵਿਕਾਰ, ਭ੍ਰਸ਼ਟਤਾ,
ਦੁਸ਼ਟਤਾ, ਬਦ ਕਲਾਮੀ, ਹਿੰਸਾ ਅਤੇ ਗੁੰਡਾਗਰਦੀ ਆਦਿਕ ਵਰਤਾਰੇ ਕਲਜੋਗਣ ਮਾਇਆ ਦੇ ਭੈੜੇ ਪ੍ਰਭਾਵ ਦੀ
ਹੀ ਨਤੀਜਾ ਹਨ। ਮਾਇਆ ਦੇ ਮਗਰ ਲੱਗਿਆ ਸਾਕਤ ਵੀ, ਕੁਦਰਤਨ, ਕੌੜਾ, ਵਿਕਾਰੀ, ਭ੍ਰਸ਼ਟ, ਦੁਸ਼ਟ,
ਚੋਰ-ਉਚੱਕਾ, ਹਿੰਸਕ, ਆਤੰਕੀ ਅਤੇ ਗੁੰਡਾ ਹੋਵੇ ਗਾ। ਦੁਸ਼ਟੀ ਮਾਇਆ ਦੇ ਪ੍ਰਭਾਵ ਕਾਰਣ ਮਨੁੱਖਤਾ
ਉੱਤੇ ਲੱਗੇ ਇਨ੍ਹਾਂ ਕੋਝੇ ਅਤੇ ਮਨਹੂਸ ਧੱਬਿਆਂ ਤੋਂ ਬਚਣ ਵਾਸਤੇ ਮਨੁੱਖ ਨੇ ਮਾਇਆ ਦਾ ਪਰਿਤਿਆਗ
ਕਰਕੇ ਗੁਰੂ ਦੇ ਲੜ ਲਗਿ ਸਗਲ ਭਵਨ ਦੇ ਨਾਇਕ ਪਰਮ ਪੁਰਖ ਪਰਮਾਤਮਾ ਨਾਲ ਸਦੀਵੀ ਸਾਂਝ ਪਾਉਣੀ ਹੈ।
ਆਓ! ਗੁਰਮਤਿ ਦੀ ਕਸੌਟੀ ਉੱਤੇ ਨਿਰਪੱਖਤਾ ਨਾਲ ਪਰਖ ਕੇ ਦੇਖੀਏ ਕਿ ਆਪਣੇ ਆਪ
ਨੂੰ ਗੁਰੂ (ਗ੍ਰੰਥ) ਦੇ ਸਿੱਖ ਕਹਿਣ/ਕਹਾਉਣ ਵਾਲੇ ਅਸੀਂ ਸਾਰੇ ਗੁਰੂ ਦੇ ਲੜ ਲੱਗੇ ਮਾਇਆ ਤੋਂ
ਨਿਰਲੇਪ ਗੁਰਸਿੱਖ ਹਾਂ ਜਾਂ ਗੁਰੂ (ਗ੍ਰੰਥ) ਵੱਲੋਂ ਬੇਮੁਖ ਹੋ ਕੇ ਮਾਇਆ ਦੇ ਚਿੱਕੜ ਵਿੱਚ ਪੂਰੀ
ਤਰ੍ਹਾਂ ਧਸੇ ਹੋਏ ਭੇਖੀ, ਦੰਭੀ, ਕਪਟੀ ਅਤੇ ਬੇਈਮਾਨ ਮਨਮੁੱਖ ਹਾਂ? ਇਸ ਪ੍ਰਸ਼ਨ ਦਾ
ਨਿਰਪੱਖ ਅਤੇ ਤਰਕਸਿੱਧ ਉੱਤਰ ਤਾਂ ਇਹੋ ਹੈ ਕਿ ਅਸੀਂ ਗੁਰੂ ਵੱਲੋਂ ਪੂਰੀ ਤਰ੍ਹਾਂ ਬੇਮੁੱਖ ਹੋ ਕੇ
ਮਾਇਆ ਦੀ ਦਲਦਲ ਵਿੱਚ ਗ਼ਰਕ ਚੁੱਕੇ ਮਾਇਆ-ਮੂਠੇ ਮਨਮੁੱਖ ਸਾਕਤ ਹਾਂ ਜਿਨ੍ਹਾਂ ਵਾਸਤੇ ਮਾਇਆ ਦੇ
ਚਿੱਕੜ ਵਿੱਚੋਂ ਨਿਕਲਣਾ ਹੁਣ ਅਸੰਭਵ ਲੱਗਦਾ ਹੈ! ਇੱਥੇ ਇਹ ਕਹਿਣ ਤੋਂ ਵੀ ਸੰਕੋਚ ਨਹੀਂ ਕੀਤਾ
ਜਾ ਸਕਦਾ ਕਿ ਸਾਡੀ ‘ਸਿੱਖਾਂ’ ਦੀ ਇਸ ਤਰਸਯੋਗ ਹਾਲਤ ਦੇ ਜ਼ਿੱਮੇਦਾਰ ਮਲਿਕ ਭਾਗੋ ਦੇ ਅਜੋਕੇ ਵੰਸ਼ਜ
ਗੁਰੂ (ਗ੍ਰੰਥ) ਦੇ ਅਦਬ/ਸਤਿਕਾਰ ਅਤੇ ਗੁਰਮਤਿ ਪ੍ਰਚਾਰ ਦੇ ਠੇਕੇਦਾਰ ਮਖੌਟਾਧਾਰੀ ਪ੍ਰਬੰਧਕ,
ਪੁਜਾਰੀ ਤੇ ਪ੍ਰਚਾਰਕ ਆਦਿਕ ਅਤੇ ਗੁਰੂ ਕੀਆਂ ਸੰਗਤਾਂ ਆਪ ਹੀ ਹਨ, ਹੋਰ ਕੋਈ ਨਹੀਂ! ਆਓ! ਬੀਚਾਰੀਏ
ਕਿਵੇਂ?
ਗੁਰੂ ਕਾਲ ਦੇ ਸਮਾਪਤ ਹੁੰਦਿਆਂ ਹੀ ਮਾਇਆਮੂਠੇ ‘ਸਿੱਖ’ ਰਜਵਾੜਿਆਂ/ਸ਼ਾਸਕਾਂ,
ਪ੍ਰਬੰਧਕਾਂ ਅਤੇ ਪੁਜਾਰੀਆਂ ਦੀ ਤਿੱਕੜੀ ਨੇ ਧਰਮਸ਼ਾਲਾਵਾਂ ਉੱਤੇ ਆਪਣਾ ਕਬਜ਼ਾ ਜਮਾ ਕੇ ਉਨ੍ਹਾਂ
ਸੱਚੀਆਂ ਧਰਮਸ਼ਾਲਾਵਾਂ ਨੂੰ ਗੁਰੂਦਵਾਰਿਆਂ ਦਾ ਨਾਮ ਦੇ ਦਿੱਤਾ। ਧਰਮ ਨੂੰ ਧੰਦਾ ਬਣਾ ਕੇ ਉਨ੍ਹਾਂ
ਨੇ, ਹਉਮੈਂ ਗਲੇ ਮਾਇਆਧਾਰੀਆਂ ਅਤੇ ਸਿੱਧੜ ਸ਼੍ਰੱਧਾਲੂਆਂ ਤੋਂ ਮਾਇਆ ਮਾਠਣ ਵਾਸਤੇ, ਗੁਰੂਦਵਾਰਿਆਂ
ਵਿੱਚ ਮਾਇਆ ਦੇ ਵਪਾਰ ਵਾਲਾ ਮਾਹੌਲ ਤੇ ਹਾਲਾਤ ਪੈਦਾ ਕਰ ਦਿੱਤੇ। ਪਹਿਲਾਂ ਉਨ੍ਹਾਂ ਨੇ
ਗੁਰੂਦਵਾਰਿਆਂ ਨੂੰ, ਮੰਦਰਾਂ ਦੀ ਤਰਜ਼ `ਤੇ, ਆਲੀਸ਼ਾਨ ਅਤੇ ਆਕਰਸ਼ਕ ਬਣਾਉਣ ਦੀ ਪਰੰਪਰਾ ਕਾਇਮ ਕਰ
ਦਿੱਤੀ। ਇਸ ਮਨਮਤੀ ਪਰੰਪਰਾ ਨੂੰ ਬੜ੍ਹਾਵਾ ਦੇਣ ਵਾਸਤੇ, ਗੁਰੂ ਅਤੇ ਕਾਰ ਸੇਵਾ ਦੇ ਨਾਮ `ਤੇ ਸੋਨਾ
ਚਾਂਦੀ ਅਤੇ ਭੂਮੀ ਆਦਿ ਦੇ ਦਾਨ ਦੇਣ/ਲੈਣ ਦੀ ਪਿਰਤ ਵੀ ਪਾ ਦਿੱਤੀ ਗਈ। ਕੂੜ ਮਾਇਆ ਖ਼ਾਤਿਰ, ਧਰਮ ਦੇ
ਨਾਮ `ਤੇ ਸ਼ੁਰੂ ਕੀਤੀਆਂ ਗਈਆਂ ਇਨ੍ਹਾਂ ਅਧਾਰਮਿਕ ਪਰੰਪਰਾਵਾਂ ਸਦਕਾ ਮਨੁੱਖ ਦੇ ਮਨ ਵਿੱਚ
ਖਲਨਾਇਕਾ ਮਾਇਆ ਦਾ ਹੇਜ ਵਧਣ ਲੱਗਾ ਅਤੇ ਸਗਲ ਭਵਨ ਦੇ ਨਾਇਕ ਪ੍ਰਤਿ ਸ਼੍ਰੱਧਾ ਘਟਣ
ਲੱਗੀ। ਨਤੀਜਤਨ, ਸ਼੍ਰੱਧਾਲੂਆਂ ਨੇ ਹੌਲੀ ਹੌਲੀ ਮਾਇਆ ਦੀ ਖ਼ਾਤਿਰ ਮਾਧਵ ਪ੍ਰਭੂ ਨੂੰ ਮਨੋਂ ਵਿਸਾਰ
ਦਿੱਤਾ! ਨਾਇਕ (ਪ੍ਰਭੂ) ਦੀ ਜਗ੍ਹਾ ਖਲਨਾਇਕਾ (ਮਾਇਆ) ਨੇ ਲੈ ਲਈ। ਗੁਰਬਾਣੀ ਵਿੱਚ
ਧਰਮ-ਸਥਾਨਾਂ ਨੂੰ ਮਾਇਆ ਦੀ ਚਮਕ-ਦਮਕ ਨਾਲ ਆਲੀਸ਼ਾਨ ਬਣਾਉਣ ਅਤੇ ਮਾਇਆ ਦਾ ਦਾਨ ਲੈਣ/ਦੇਣ ਦੀ ਇਸ
ਸੰਸਾਰਕ ਪ੍ਰਥਾ ਦਾ ਸਖ਼ਤ ਖੰਡਨ ਕੀਤਾ ਗਿਆ ਹੈ। ਉਦਾਹਰਣ ਵਜੋਂ ਕੁੱਝ ਇੱਕ ਤੁਕਾਂ:
ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ॥
ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥ …ਸਿਰੀ ਰਾਗੁ
ਮ: ੧
…ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨਣਹਾਰ॥ …
ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰ॥ ਸਲੋਕ ਮ: ੧
ਸੁਇਨਾ ਰੁਪਾ ਸਭ ਧਾਤੁ ਹੈ ਮਾਟੀ ਰਲਿ ਜਾਈ॥
ਬਿਨੁ ਨਾਵੈ ਨਾਲਿ ਨ ਚਲਈ ਸਤਿਗੁਰਿ ਬੂਝ ਬੁਝਾਈ॥
ਨਾਨਕ ਨਾਮਿ ਰਤੇ ਸੇ ਨਿਰਮਲੇ ਸਾਚੈ ਰਹੇ ਸਮਾਈ॥ ਮਾਰੂ ਅ: ਮ: ੧
ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ॥
ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ॥
ਰਾਮ ਨਾਮਿ ਮਨੁ ਬੇਧਿਆ ਗੁਰਿ ਦੀਆ ਸਚੁ ਦਾਨੁ॥ ਸਿਰੀ ਰਾਗੁ ਅ: ਮ: ੧
ਬਿਨੁ ਹਰਿ ਸਗਲ ਨਿਰਾਰਥ ਕਾਮ॥ ਸੁਇਨਾ ਰੁਪਾ ਮਾਟੀ ਦਾਮ॥ ਰਾਮਕਲੀ ਮ: ੫
ਕੰਚਨ ਬਹੁ ਦਤ ਕਰਾ॥ ਭੂਮਿ ਦਾਨੁ ਅਰਪਿ ਧਰਾ॥
ਮਨ ਅਨਿਕ ਸੋਚ ਪਵਿਤ੍ਰ ਕਰਤ॥ ਨਾਹੀ ਰੇ ਨਾਮ ਤੁਲਿ ਮਨ ਚਰਨ ਕਮਲ ਲਾਗੇ॥
ਸਾਰਗ ਮ: ੫
ਅਸੁ ਦਾਨੁ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ ਐਸੋ ਦਾਨੁ ਨਿਤ ਨਿਤਹਿ ਕੀਜੈ॥
ਆਤਮ ਜਉ ਨਿਰਮਾਇਲੁ ਕੀਜੈ ਆਪ ਬਰਾਬਰਿ ਕੰਚਨੁ ਦੀਜੈ ਰਾਮ ਨਾਮ ਸਰਿ ਤਊ ਨ
ਪੂਜੈ॥ ਰਾਗੁ ਰਾਮਕਲੀ ਨਾਮਦੇਉ ਜੀ
ਜੋ ਨਰੁ ਦੁਖ ਮਹਿ ਦੁਖੁ ਨਹੀ ਮਾਨੈ॥
ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ॥ ਸੋਰਠਿ ਮ: ੯
ਉਪਰੋਕਤ ਗੁਰਹੁਕਮਾਂ ਦੇ ਬਿਲਕੁਲ ਉਲਟ, ਗੁਰੂਦਵਾਰਿਆਂ ਨੂੰ ਸੰਗ ਏ ਮਰਮਰ
ਆਦਿ ਕੀਮਤੀ ਪੱਥਰਾਂ ਨਾਲ ਉਸਾਰਣ ਅਤੇ ਸੋਨੇ ਨਾਲ ਸਜਾਉਣ ਦੀ ਹੋੜ ਲੱਗੀ ਹੋਈ ਹੈ। ਕਲਸ, ਕਲਸੀਆਂ ਤੇ
ਮਮਟੀਆਂ ਸੋਨੇ ਦੀਆਂ ਅਤੇ ਗੁੰਬਦ ਅਤੇ ਵੱਖੀਆਂ/ਪਾਸੇ ਵੀ ਸੋਨੇ ਦੇ ਪੱਤਰਿਆਂ ਨਾਲ ਗਲੇਫੇ ਹੋਏ!
ਸੁਨਹਿਰੀ ਅਤੇ ਦਰਸ਼ਨੀਯ ਗੁਰੂਦਵਾਰਿਆਂ ਅੰਦਰ ਪਾਲਕੀ ‘ਸਾਹਿਬ’ ਸੋਨੇ ਦੀ, ਪੀੜ੍ਹਾ ‘ਸਾਹਿਬ’ ਸੋਨੇ
ਦਾ, ਪੀੜ੍ਹਾ ‘ਸਾਹਿਬ’ ਹੇਠ ਰੱਖਣ ਵਾਲਾ ਜਲ ਦਾ ਗੜਵਾ/ਲੋਟਾ ‘ਸਾਹਿਬ’ ਵੀ ਸੋਨੇ ਦਾ, ਚੌਰ ‘ਸਾਹਿਬ’
ਦਾ ਦਸਤਾ ਸੋਨੇ ਦਾ, ੴ, ਸਤਿਨਾਮ, ਵਾਹਿਗੁਰੂ ਅਤੇ ਖੰਡਾ ਆਦਿਕ ਚਿੰਨ੍ਹਾਂ ਦੇ ਕਟ ਅਊਟ
(cut outs)
ਸੋਨੇ ਦੇ, ਰੁਮਾਲਾ ‘ਸਾਹਿਬ’ ਅਤੇ ਚੰਦੋਆ ‘ਸਾਹਿਬ’ ਉੱਤੇ ਲੱਗੀਆਂ ਪਵਿਤ੍ਰ ਗੁਰਬਾਣੀ ਦੀਆਂ ਤੁਕਾਂ
ਦੇ ਅੱਖਰ ਅਤੇ ਮੀਨਾਕਾਰੀ ਸੋਨੇ/ਚਾਂਦੀ ਦੀ, ਗੁਰੂ ਗ੍ਰੰਥ ਅੱਗੇ ਸਜਾਏ ਸ਼ਸਤ੍ਰ ਵੀ ਸੋਨੇ ਦੇ, ਨਿਸ਼ਾਨ
‘ਸਾਹਿਬ’ ਦਾ ਖੰਡਾ ‘ਸਾਹਿਬ’ ਸੋਨੇ ਦਾ, ਹੋਰ ਤਾਂ ਹੋਰ ਕਾਰ ਸੇਵਾ ਵਾਸਤੇ ‘ਸ਼੍ਰੱਧਾਲੂਆਂ’ ਵੱਲੋਂ
ਭੇਟ ਕੀਤੀ ਕਹੀ ਅਤੇ ਤਸਲਾ ਵੀ ਸੋਨੇ ਦਾ……!
ਕੋਈ ਸਮਾਂ ਸੀ ਜਦੋਂ ਗੁਰੂਦਵਾਰਿਆਂ ਵਿੱਚ ਸੱਚੀ ਸੰਗਤ ਵਿੱਚ ਮਿਲ ਬੈਠ ਕੇ
ਨਾਮ ਅਭਿਆਸ ਕਰਦਿਆਂ ਨਿਰਮਲ ਮਨ ਦੀਆਂ ਅੱਖਾਂ ਨਾਲ ਪ੍ਰਭੂ ਦੇ ਦਰਸਨਾਂ ਦੀ ਤਾਂਘ ਕੀਤੀ ਜਾਂਦੀ ਸੀ।
ਪਰੰਤੂ ਅੱਜ ਸ਼ਰਧਾਲੂ ਸਜ-ਧਜ ਤੇ ਠਾਠ-ਬਾਠ ਵਾਲੇ ਆਲੀਸ਼ਾਨ ਗੁਰੂਦਵਾਰਿਆਂ ਦੇ ਦਰਸ਼ਨ-ਦੀਦਾਰੇ ਕਰਨ ਅਤੇ
(ਗਿਆਨ) ਗੁਰੂ ਨੂੰ ਨਜ਼ਰਅੰਦਾਜ਼ ਕਰਕੇ ਸਿਰਫ਼ ਗ੍ਰੰਥ ਅੱਗੇ ‘ਨਤਮਸਤਕ’ ਹੋਣ ਹੀ
ਜਾਂਦੇ ਹਨ। ਗੁਰੂਦਵਾਰਿਆਂ ਦੇ ਅੰਦਰ ਦਾ ਚਮਕ-ਦਮਕ ਵਾਲਾ ਸ਼ਾਨਦਾਰ ਮਾਹੌਲ ਵੀ ਬੜਾ ਭਰਮਾਊ ਹੈ!
ਹਮਾਤੜ ਸ਼੍ਰੱਧਾਲੂਆਂ ਵਾਸਤੇ ਇਹ ਸਮਝਣਾ ਮੁਸ਼ਕਿਲ ਹੈ ਕਿ ਉਹ ਮੱਥਾ ਕਿਸ ਨੂੰ ਟੇਕਦੇ ਹਨ? ਗੁਰੂ ਦੀ
ਕਹੀ ਜਾਂਦੀ ਗੋਲਕ ਨੂੰ, ਫੁੱਲਾਂ ਅਤੇ ਫੁੱਲ-ਮਾਲਾਵਾਂ ਦੇ ਢੇਰ ਨੂੰ, ੴ, ਸਤਿਨਾਮ, ਵਾਹਿਗੁਰੂ ਦੇ
ਕਟ ਆਯੁਟਸ ਨੂੰ, ਸ਼ਸਤ੍ਰਾਂ ਨੂੰ, ਸੂਖਮ, ਸਰਬਵਿਆਪਕ ਅਤੇ ਅਦ੍ਰਿਸ਼ਟ ਕਰਤਾ ਪੁਰਖ ਨੂੰ, ਗਿਆਨ-ਗੁਰੂ
ਨੂੰ ਤੇ ਜਾਂ ਫਿਰ ਸਿਰਫ਼ ਗ੍ਰੰਥ ਨੂੰ? ? ? ਇਸ ਝਮੇਲੇ ਬਾਰੇ ਕਈ ਸਜਣਾਂ ਨਾਲ ਗੱਲ ਕੀਤੀ ਪਰ ਕੋਈ ਵੀ
ਤਸੱਲੀਬਖ਼ਸ਼ ਉੱਤਰ ਨਹੀਂ ਦੇ ਸਕਿਆ!
ਹਿੰਦੂ ਮਤਿ ਵਿੱਚ ਤੀਰਥਾਂ ਅਤੇ ਤੀਰਥਾਂ ਦੇ ਅੰਮ੍ਰਿਤ ਕਹੇ/ਸਮਝੇ ਜਾਂਦੇ
ਪਾਣੀਆਂ ਅਤੇ ਤੀਰਥ ‘ਸਨਾਨ ਆਦਿ ਦਾ ਬਹੁਤ ਮਹੱਤਵ ਹੈ। ਇਹ ਕਹਿਣ ਦੀ ਲੋੜ ਨਹੀਂ ਕਿ ਤੀਰਥਾਂ ਅਤੇ
ਤੀਰਥਾਂ ਦੇ ਅੰਮ੍ਰਿਤ ਕਹੇ ਜਾਂਦੇ ਪਾਣੀਆਂ ਵਿੱਚ ਅਟੁੱਟ ਵਿਸ਼ਵਾਸ ਧਰਮ ਦੇ ਧੰਧੇ ਦਾ ਵੱਡਾ ਆਧਾਰ
ਹੈ। ਪਰੰਤੂ, ਗੁਰਬਾਣੀ ਵਿੱਚ ਤੀਰਥਾਂ ਅਤੇ ਤੀਰਥਾਂ ਦੇ ਪਾਣੀਆਂ ਨਾਲ ਸੰਬੰਧਿਤ ਸਾਰੇ ਕਰਮਕਾਂਡਾਂ
ਦਾ ਪੁਰਜ਼ੋਰ ਖੰਡਨ ਕੀਤਾ ਗਿਆ ਹੈ। ਗੁਰਸਿੱਖਿਆ ਦੇ ਬਿਲਕੁਲ ਉਲਟ, ਭਾਰਤ ਦੇ ਹਰ ਗੁਰੂਦਵਾਰੇ ਨੂੰ,
ਆਨੇ ਬਹਾਨੇ, ਤੀਰਥ ਬਣਾ ਦਿੱਤਾ ਗਿਆ ਹੈ! ਇਨ੍ਹਾਂ ਕਥਿਤ ਤੀਰਥਾਂ ਉੱਤੇ ਅਤੇ ਧਰਮ ਦੇ ਨਾਮ `ਤੇ ਜੋ
ਲੁੱਟ ਹੁੰਦੀ ਹੈ, ਉਹ ਸਭ ਜਾਣਦੇ ਹੀ ਹਨ!
ਧਰਮ ਖੇਤਰ ਵਿੱਚ ਸੰਸਾਰਕ ਸੰਸਕਾਰ ਅਰਥਾਤ ਕਰਮਕਾਂਡ ਕਰਨ/ਕਰਵਾਉਣ ਦੀ
ਅਧਾਰਮਿਕ ਪਰੰਪਰਾ ਦਾ ਆਧਾਰ ਵੀ ਮਾਇਆ ਦਾ ਲੋਭ-ਲਾਲਚ ਤੇ ਮੋਹ ਹੀ ਹੈ। ਹਿੰਦੂ ਧਰਮ ਵਿੱਚ
ਪੰਡਿਤ/ਪਾਂਡਾ/ਪੰਡੀਆ ਅਰਥਾਤ ਪੁਰੋਹਿਤ ਦੀ ਪ੍ਰਧਾਨਤਾ ਹੈ। ਜੋ ਕੁੱਝ ਪੰਡੀਆ ਕਹਿੰਦਾ ਹੈ, ਉਹ
ਹਿੰਦੂ ਮਤਿ ਦੇ ਸ਼੍ਰੱਧਾਲੂਆਂ ਨੂੰ ਸਿਰ ਮੱਥੇ ਮੰਨਣਾ ਪੈਂਦਾ ਹੈ, ਅਤੇ ਜੋ ਕੁੱਝ ਵੀ ਪਾਂਡਾ
ਸ਼ਰੱਧਾਲੂਆਂ ਨੂੰ ਕਰਨ ਦਾ ਆਦੇਸ਼ ਦਿੰਦਾ ਹੈ, ਉਹ ਉਨ੍ਹਾਂ ਨੂੰ ਬਿਨਾਂ ਹੀਲ-ਹੁੱਜਤ ਕਰਨਾ ਪੈਂਦਾ ਹੈ।
ਬਾਣੀਕਾਰਾਂ ਨੇ ਮਨੁੱਖਤਾ ਨੂੰ ਬਿਬੇਕ ਦਾ ਦਾਨ ਬਖ਼ਸ਼ ਕੇ ਗਿਆਨ ਦੇ ਚਾਨਣ ਨਾਲ ਸੋਚ ਪੱਖੋਂ ਸੁਤੰਤਰ
ਕਰਵਾ ਕੇ ਪੁਜਾਰੀਆਂ ਦੇ ਚੁੰਗਲ ਵਿੱਚੋਂ ਆਜ਼ਾਦ ਕਰਵਾਉਣ ਦਾ ਪਰਮਾਰਥੀ ਯਤਨ ਕੀਤਾ। ਉਨ੍ਹਾਂ ਨੇ
ਗੁਰਬਾਣੀ ਰਾਹੀਂ ਪੁਜਾਰੀਆਂ ਦੇ ਦੰਭੀ ਕਿਰਦਾਰ ਦੇ ਕੌੜੇ ਸੱਚ ਨੂੰ ਦ੍ਰਿੜਤਾ ਨਾਲ ਨਸ਼ਰ ਕੀਤਾ ਹੈ।
ਪੰਡਿਤ ਦੀ ਪਰਭਿਾਸ਼ਾ ਨਿਰਧਾਰਤ ਕਰਦੇ ਹੋਏ ਗੁਰੂ ਅਮਰਦਾਸ ਜੀ ਫ਼ਰਮਾਉਂਦੇ ਹਨ ਕਿ ਸੱਚਾ ਪੰਡਿਤ ਉਹ ਹੀ
ਹੈ ਜਿਸ ਨੇ ਮਨ ਉੱਤੋਂ ਮਾਇਆ ਦੇ ਤਿੰਨਾਂ ਹੀ ਗੁਣਾਂ ਦਾ ਬੋਝ ਲਾਹ ਦਿੱਤਾ ਹੈ:
ਸੋ ਪੰਡਿਤ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ॥ …ਮਲਾਰ ਮ: ੩
ਪਰੰਤੂ ਪੰਡਿਤਾਂ/ਪੁਜਾਰੀਆਂ ਦੇ ਕਿਰਦਾਰ ਦਾ ਸੱਚ ਤਾਂ ਇਹ ਹੈ ਕਿ ਉਹ ਹਮੇਸ਼ਾ
ਤੋਂ ਮਾਇਆ ਦੇ ਮੁਹਤਾਜ ਰਹੇ ਹਨ। ਇਸ ਸੱਚ ਨੂੰ ਬਿਆਨਦੀਆਂ ਗੁਰਬਾਣੀ ਦੀਆਂ ਕੁੱਝ ਇੱਕ ਤੁਕਾਂ:
ਮਾਇਆ ਕਾ ਮੁਹਤਾਜੁ ਪੰਡਿਤੁ ਕਹਾਵੈ॥ ਬਿਖਿਆ ਰਾਤਾ ਬਹੁਤੁ ਦੁਖੁ ਪਾਵੈ॥
ਜਮ ਕਾ ਗਲਿ ਜੇਵੜਾ ਨਿਤ ਕਾਲੁ ਸੰਤਾਵੈ॥ ਗਉੜੀ ਅਸ: ਮ: ੩
ਪੜਿ ਪੜਿ ਪੰਡਿਤ ਬੇਦ ਵਖਾਣਹਿ ਮਾਇਆ ਮੋਹ ਸੁਆਇ॥
ਦੂਜੈ ਭਾਇ ਹਰਿ ਨਾਮ ਵਿਸਰਿਆ ਮਨ ਮੂਰਖ ਮਿਲੈ ਸਜਾਇ॥ ਸਲੋਕ ਮ: ੩
ਤ੍ਰੈਗੁਣ ਮਾਇਆ ਵੇਖਿ ਭੁਲੇ ਜਿਉ ਦੇਖਿ ਦੀਪਕਿ ਪਤੰਗ ਪਚਾਇਆ॥
ਪੰਡਿਤ ਭੁਲਿ ਭੁਲਿ ਮਾਇਆ ਵੇਖਹਿ ਦਿਖਾ ਕਿਨੈ ਕਿਹੁ ਆਣਿ ਚੜਾਇਆ॥ …ਮ:
੩
ਪੰਡਿਤ ਪੜਿ ਪੜਿ ਊਚਾ ਕੂਕਦਾ ਮਾਇਆ ਮੋਹੁ ਪਿਆਰੁ॥
ਅੰਤਰਿ ਬ੍ਰਹਮੁ ਨ ਚੀਨਈ ਮਨਿ ਮੂਰਖੁ ਗਾਵਾਰੁ॥
ਦੂਜੈ ਭਾਇ ਜਗਤੁ ਪਰਬੋਧਦਾ ਨਾ ਬੂਝੈ ਬੀਚਾਰੁ॥
ਬਿਰਥਾ ਜਨਮੁ ਗਵਾਇਆ ਮਰਿ ਜੰਮੈ ਵਾਰੋ ਵਾਰ॥ ਸਲੋਕ ਮ: ੩
ਤ੍ਰਿਬਿਧਿ ਮਨਸਾ ਤ੍ਰਿਬਿਧਿ ਮਾਇਆ॥ ਪੜਿ ਪੜਿ ਪੰਡਿਤ ਮੋਨੀ ਥਕੇ ਚਉਥੇ ਪਦ
ਕੀ ਸਾਰ ਨ ਪਾਵਣਿਆ॥ ਮਾਝ ਮ: ੩
ਉਕਤ ਗੁਰਸਬਦਾਂ ਤੋਂ ਸਿੱਖਿਆ ਲੈ ਕੇ ਰਾਹੇ ਰਾਸਤ ਉੱਤੇ ਚੱਲਣ ਦੀ ਬਜਾਏ,
ਗੁਰਮਤਿ ਦੇ ਪਵਿਤ੍ਰ ਵਿਹੜੇ ਵਿੱਚ ਕੁੰਡਲੀ ਮਾਰੀ ਬੈਠਾ "ਮਾਇਆ ਕਾ ਮੁਹਤਾਜੁ" ਪੁਜਾਰੀ ਲਾਣਾ (ਭਾਈ,
ਗਿਆਨੀ, ਗ੍ਰੰਥੀ, ਰਾਗੀ, ਪ੍ਰਚਾਰਕ, ਪੰਥ ਸੇਵਕ, ਪ੍ਰਬੰਧਕ ਅਤੇ ਜਥੇਦਾਰ ਵਗ਼ੈਰਾ) ਵੀ ਜੋ ਕੁੱਝ
ਕਰਦਾ ਹੈ, ਸਿਰਫ਼ ਤੇ ਸਿਰਫ਼ ਮਾਇਆ ਮੁੱਠਣ ਵਾਸਤੇ ਹੀ ਕਰਦਾ ਹੈ। ਗੁਰੂ ਗ੍ਰੰਥ ਦੇ ਪਾਠਾਂ ਦਾ ਖੇਖਣ,
ਵਖਿਆਨ ਦਾ ਢੌਂਗ, ਧਰਮ-ਪ੍ਰਚਾਰ ਲਈ ਗੁਰਬਾਣੀ ਦੀ ਬਜਾਇ ਮਨਘੜੰਤ ਸਾਖੀਆਂ ਦਾ ਸਹਾਰਾ ਲੈਣਾ, ਸਿਮਰਨ
ਦੇ ਨਾਮ `ਤੇ ਅਰੜਾਟ ਪਾਉਣੇ, ਲੋਕਾਂ ਨੂੰ ਗਿਆਨ ਦਾ ਚਾਨਣ ਦੇਣ ਜਾਂ ‘ਗੁਰਮਤਿ ਵਿਚਾਰਾਂ’ ਕਰਕੇ
‘ਸੰਗਤਾਂ ਨੂੰ ਨਿਹਾਲ’ ਕਰਨ ਦਾ ਪਾਖੰਡ, ਗੁਰੂ (ਗ੍ਰੰਥ) ਦੇ ਅਦਬ ਦੀ ਪਰਵਾਹ ਨਾ ਕਰਦਿਆਂ, ਗੁਰੂ ਦੀ
ਹਜ਼ੂਰੀ ਵਿੱਚ ਮਲਿਕ ਭਾਗੋਆਂ ਨੂੰ ਸਿਰੋਪਿਆਂ ਅਤੇ ਚਿੰਨ੍ਹਾਂ ਨਾਲ ਸਨਮਾਨਤ ਕਰਨ ਅਤੇ ਝੂਠੇ ਲਕਬ ਭੇਟ
ਕਰਨ ਆਦਿਕ ਗੁਰਮਤਿ ਵਿਰੋਧੀ ਕਰਮ ਸਿਰਫ਼ ਮਾਇਆ ਦੇ ਸੁਆਰਥ ਦੀ ਖ਼ਾਤਿਰ ਹੀ ਕੀਤੇ ਜਾਂਦੇ ਹਨ।
ਮਾਲਪਰਸਤ ਪੁਜਾਰੀਆਂ ਨੇ ਹਰ ਕਰਮਕਾਂਡ ਸੰਪੰਨ ਕਰਕੇ ਠੱਗੀ ਮਾਇਆ ਨੂੰ
ਭੇਟਾ ਦਾ ਨਾਮ ਦਿੱਤਾ ਹੋਇਆ ਹੈ। ਰੱਬ ਅਤੇ ਗੁਰੂ ਦੇ ਨਾਮ `ਤੇ ਕੀਤੀ/ਕਰਵਾਈ ਜਾਂਦੀ ਭੇਟਾ
ਮਾਇਆ ਦੇ ਜੁਗਾੜ ਤੋਂ ਵੱਧ ਕੁੱਝ ਵੀ ਨਹੀਂ ਹੈ। ਪਾਠ ਭੇਟਾ, ਕੀਰਤਨ ਭੇਟਾ, ਪ੍ਰਚਾਰ ਭੇਟਾ, ਕਥਾ
ਭੇਟਾ, ਅਰਦਾਸ ਭੇਟਾ, ਪ੍ਰਸਾਦ ਭੇਟਾ, ਸਮਾਗਮ ਭੇਟਾ, ਭੰਡਾਰਾ ਭੇਟਾ, ਕਾਰਸੇਵਾ ਭੇਟਾ……! ਅਜੋਕੀ
ਸਿੱਖੀ ਦੇ ਵਿਹੜੇ ਦੀਆਂ ਅਨੇਕ ਭੇਟਾਵਾਂ ਪੁਜਾਰੀਆਂ ਦੇ ਲੋਭ-ਲਾਲਚ, ਮਾਇਆਧਾਰੀਆਂ ਦੀ ਹਉਮੈਂ ਅਤੇ
ਸਿੱਧੜ ਸ਼੍ਰੱਧਾਲੂਆਂ ਦੇ ਅੰਧਵਿਸ਼ਵਾਸ ਦਾ ਪੁਖ਼ਤਾ ਸਬੂਤ ਹਨ। ਗੁਰੂ-ਘਰਾਂ ਦੇ ਭਾਈਆਂ ਅਤੇ ਮੰਦਿਰਾਂ
ਦੇ ਪੁਜਾਰੀਆਂ ਦੇ ਕਿਰਦਾਰ ਵਿੱਚ ਕੋਈ ਫ਼ਰਕ ਨਹੀਂ ਨਜ਼ਰ ਆਉਂਦਾ!
ਗੁਰੁਮਤਿ ਅਨੁਸਾਰ ਗੁਰਸਿੱਖ ਨੇ ਪ੍ਰਭੂ ਅੱਗੇ ਇਹ ਅਰਦਾਸ ਕਰਨੀ ਹੈ ਕਿ
ਪ੍ਰਭੂ ਉਸ ਨੂੰ ਬਿਖ ਮਾਇਆ ਮੰਗਣ ਤੋਂ ਬਚਾਈ ਰੱਖੇ ਤਾਂ ਜੋ ਉਹ ਆਪਣੇ ਨਿਰਮਲ ਮਨ ਨਾਲ ਪ੍ਰਭੂ ਦੇ
ਰੰਗ ਵਿੱਚ ਰੰਗੀਜ ਸਕੇ। ਇਸ ਪ੍ਰਥਾਏ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ:
ਮਾਇਆ ਡੋਲੈ ਬਹੁ ਬਿਧੀ ਮਨੁ ਲਪਟਿਓ ਤਿਹ ਸੰਗ॥
ਮਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ ਰੰਗ॥ ਸਲੋਕ ਮ: ੫
ਮਾਇਆ ਦੇ ਰੰਗ ਵਿੱਚ ਰੰਗੇ ਹੋਏ ਧਰਮ ਦੇ ਅਜੋਕੇ ਰੱਖਵਾਲਿਆਂ ਨੂੰ ਮਾਇਆ ਦੀ
ਖ਼ਾਤਿਰ ਰਾਮ ਵੱਲੋਂ ਵੇਮੁਖ ਹੋਣਾ ਮਨਜ਼ੂਰ ਹੈ। ਉਹ ਮਾਇਆ ਨੂੰ ਵਿਸਾਰਣ ਦੀ ਬਜਾਏ ਰੱਬ ਨੂੰ ਵਿਸਾਰ ਕੇ
ਹਰਦਮ ਮਾਇਆ ਮੰਗਣ ਵਿੱਚ ਰੁੱਝੇ ਰਹਿੰਦੇ ਹਨ।
ਉਪਰੋਕਤ ਗੁਰਸਿੱਖਿਆ ਦੇ ਬਿਲਕੁਲ ਉਲਟ, ਗੁਰੂਦਵਾਰਿਆਂ ਵਿੱਚ ਕੇਵਲ ਤੇ ਕੇਵਲ
ਮਾਇਆ ਦੇ ਰੰਗ ਦੀ ਮੰਗ ਹੀ ਕੀਤੀ ਜਾਂਦੀ ਹੈ। ਗੁਰੂਦਵਾਰਿਆਂ ਦੇ ਮਾਇਆ-ਪਟੂ ਪੁਜਾਰੀ, ਭਾਈ, ਰਾਗੀ,
ਕੀਰਤਨੀਏ, ਕਥਾਵਾਚਕ, ਪ੍ਰਚਾਰਕ, ਵਕਤੇ ਅਤੇ ਪਾਠੀ ਆਦਿ ਜੋ ਵੀ ਕਰਦੇ ਹਨ ਸਿਰਫ਼ ਮਾਇਆ ਖ਼ਾਤਿਰ ਹੀ
ਕਰਦੇ ਹਨ। ਮਾਇਆਚਾਰੀ ਪੁਜਾਰੀਆਂ ਨੇ ਉਨ੍ਹਾਂ ਦੇ ਮਗਰ ਲੱਗੀਆਂ ‘ਸੰਗਤਾਂ’ ਨੂੰ ਵੀ ਮਾਇਆ ਮੰਗਣ ਦੀ
ਲਤ ਲਾ ਦਿੱਤੀ ਹੈ। ‘ਸੰਗਤਾਂ’ ਵੀ ਗੁਰੂਦਵਾਰਿਆਂ ਵਿੱਚ ਸਿਰਫ਼ ਸੰਸਾਰਕ ਤੇ ਪਦਾਰਥਕ ਪ੍ਰਾਪਤੀਆਂ ਲਈ
ਜਾਂ ਮਾਇਆ ਖ਼ਾਤਿਰ ਕੀਤੇ ਕੁਕਰਮਾਂ ਉੱਤੇ ਪਰਦਾ ਪਾਉਣ ਵਾਸਤੇ ਹੀ ਜਾਂਦੀ ਹੈ। ਮਾਇਆ-ਮਦ ਮਾਤੇ ਸ਼ਾਤਰ
ਭਾਈ/ਅਰਦਾਸੀਆ, ਜਜਮਾਨ ਦੀ ਇਸ ਮਨੋਦਸ਼ਾ ਨੂੰ ਸਮਝਦਾ ਹੋਇਆ, ਭੇਟਾ ਲੈ ਕੇ ਮਾਇਕ ਮਨੋਕਾਮਨਾਵਾਂ ਦੀ
ਪੂਰਤੀ ਲਈ ਹੀ ਸਿਫ਼ਾਰਸ਼ੀ ਅਰਦਾਸ ਕਰਦਾ ਹੈ। ਜਜਮਾਨ ਵਾਸਤੇ ਰੱਬ ਦੇ ਰੰਗ ਦੀ ਮੰਗ ਕਰਨ ਦੀ ਬਜਾਏ ਉਹ
ਸੰਸਾਰਕ ਅਤੇ ਪਦਾਰਥਕ ਪ੍ਰਾਪਤੀਆਂ ਵਾਸਤੇ ‘ਅਰਜੋਈ’ ਕਰਦੇ ਹਨ। "ਕਾਰੋਬਾਰ ਵਿੱਚ ਵਾਧਾ ਹੋਵੇ,
ਖਜਾਨੇ ਭਰਪੂਰ ਹੋਣ, ਮਨ ਦੀਆਂ ਮੁਰਾਦਾਂ ਪੂਰੀਆਂ ਹੋਣ, ਪੜਦੇ ਕੱਜਣੇ, ਚਰਣਾਂ ਵਿੱਚ ਵਾਸ ਦੇਣਾ…
ਆਦਿਕ ਟੋਟਕੇ ਹੀ ਉਨ੍ਹਾਂ ਦੇ ਮੂੰਹੋਂ ਸੁਣਨ ਵਿੱਚ ਆਂਉਂਦੇ ਹਨ।
ਗੁਰਬਾਣੀ ਵਿੱਚ ਗੁਰਮਤਿ ਦਾ ਇਹ ਸਿੱਧਾਂਤ ਦ੍ਰਿੜਾਇਆ ਗਿਆ ਗਿਆ ਹੈ ਕਿ
ਗਿਆਨ-ਧਨ ਵੇਚਣਾ ਪਾਪ ਹੈ। ਕਬੀਰ ਜੀ ਦਾ ਫ਼ਰਮਾਨ ਹੈ:
ਇਹੁ ਧਨੁ ਮੇਰੇ ਹਰਿ ਕੋ ਨਾਉ॥ ਗਾਂਠਿ ਨ ਬਾਧਉ ਬੇਚਿ ਨ ਖਾਉ॥ …
ਮਾਇਆ ਮਹਿ ਜਿਸੁ ਰਖੈ ਉਦਾਸੁ॥ ਕਹਿ ਕਬੀਰ ਹਉ ਤਾ ਕੋ ਦਾਸੁ॥ ਭੈਰਉ ਕਬੀਰ ਜੀ
ਗੁਰਸਿੱਖਿਆ ਦੇ ਉਲਟ, ਗਿਆਨ ਵਿਹੂਣੇ ਗ੍ਰੰਥ-ਗਿਆਨੀ ਆਪਣਾ ਚੁੰਚਗਿਆਨ
ਸ਼ਰ੍ਹੇਆਮ ਨਿਸੰਗ ਹੋ ਕੇ ਵੇਚਦੇ ਫਿਰਦੇ ਹਨ। ਚੁੰਚਗਿਆਨ ਦੇ ਗਾਹਕਾਂ ਦੀ ਵੀ ਕੋਈ ਕਮੀ ਨਹੀਂ! ਇਹੀ
ਕਾਰਣ ਹੈ ਕਿ ਅੱਜ ਦੇ ਪੁਜਾਰੀ ਕ੍ਰੋੜਾਂ/ਅਰਬਾਂ ਪਤੀ ਹਨ! ਗੁਰਮਤਿ ਅਨੁਸਾਰ, ਚੁੰਚ ਗਿਆਨ ਵੇਚਣ ਤੇ
ਖ਼ਰੀਦਨ ਵਾਲਿਆਂ ਦਾ ਹਸ਼ਰ ਬੁਰਾ ਹੀ ਹੁੰਦਾ ਹੈ। ਇਸ ਤੱਥ ਸੰਬੰਧੀ ਗੁਰਬਾਣੀ ਦੀਆਂ ਕੁੱਝ ਤੁਕਾਂ ਦਾ
ਹਵਾਲਾ ਹੇਠਾਂ ਦਿੱਤਾ ਗਿਆ ਹੈ:
ਮਾਇਆ ਧੰਧਾ ਧਾਵ ਦੁਰਮਤਿ ਕਾਰ ਬਿਕਾਰ॥ ਮੂਰਖੁ ਆਪੁ ਗਣਾਇਦਾ ਬੂਝਿ ਨ ਸਕੈ
ਕਾਰ॥ ਮਨਸਾ ਮਾਇਆ ਮੋਹਣੀ ਮਨਮੁਖ ਬੋਲ ਖੁਆਰ॥ ਮਜਨੁ ਝੂਠਾ ਚੰਡਾਲ ਕਾ ਫੋਕਰ ਚਾਰ ਸੀਂਗਾਰ॥ ਪ੍ਰਭਾਤੀ
ਅ: ਮ: ੧
ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾ ਦੰਮ॥
ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮਿ॥ ਸਲੋਕ ਮ: ੫
ਅੰਮ੍ਰਿਤੁ ਕਉਰਾ ਬਿਖਿਆ ਮੀਠੀ॥ ਸਾਕਤ ਕੀ ਬਿਧਿ ਨੈਨਹੁ ਡੀਠੀ॥
ਕੂੜਿ ਕਪਟਿ ਅਹੰਕਾਰਿ ਰੀਝਾਨਾ॥ ਨਾਮੁ ਸੁਨਤ ਜਨੁ ਬਿਛੂਅ ਡਸਾਨਾ॥ ੨॥
ਮਾਇਆ ਕਾਰਣਿ ਸਦ ਹੀ ਝੂਰੈ॥ ਮਨਿਮੁਖਿ ਕਬਹਿ ਨ ਉਸਤਤਿ ਕਰੈ॥ … ਰਾਮਕਲੀ ਮ:
੫
ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ॥
ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ॥ ਧਨਾਸਰੀ ਨਾਮਦੇਵ ਜੀ
ਮਨ ਕਾ ਝੂਠਾ ਝੂਠੁ ਕਮਾਵੈ॥ ਮਾਇਆ ਨੋ ਫਿਰੈ ਤਪਾ ਸਦਾਵੈ॥ ਭਰਮੈ ਭੂਲਾ ਸਭਿ
ਤੀਰਥ ਗਹੈ। ਓਹੁ ਤਪਾ ਕੈਸੇ ਪਰਮ ਗਤਿ ਲਹੈ॥ ਗੁਰ ਪਰਸਾਦੀ ਕੋ ਸਚੁ ਕਮਾਵੈ॥ ਨਾਨਕ ਸੋ ਤਪਾ ਮੋਖੰਤਰੁ
ਪਾਵੈ॥ ਸਲੋਕ ਮ: ੩
ਸੰਸਾਰ ਦੇ ਸਾਰੇ ਧਰਮਾਂ ਵਿੱਚ ਕੀਰਤਨ ਦਾ ਬਹੁਤ ਮਹੱਤਵ ਹੈ। ਕੀਰਤਨ
ਦੇ ਅਰਥ ਹਨ: ਗੁਣੀ ਨਿਧਾਨ ਕਰਤਾ ਪੁਰਖ ਪ੍ਰਭੂ ਦੇ ਦੈਵੀ ਗੁਣਾਂ ਦਾ ਰਾਗਮਈ ਗਾਇਣ ਕਰਨਾ।
ਗੁਰਮਤਿ ਵਿੱਚ ਵੀ ਕੀਰਤਨ ਦਾ ਬਹੁਤ ਮਹੱਤਵ ਹੈ। ਅੰਮ੍ਰਿਤ ਰਸ ਬਰਸਾਉਂਦਾ ਸਾਰਥਕ ਕੀਰਤਨ ਅਤੇ ਭਲੇ
ਕੀਰਤਨੀਏ ਦੀ ਪਰਿਭਾਸ਼ਾ ਨਿਰਧਾਰਤ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ:
ਅੰਮ੍ਰਿਤ ਰਸੁ ਹਰਿ ਕੀਰਤਨੋ ਕੋ ਵਿਰਲਾ ਪੀਵੈ॥ ਆਸਾ ਮ: ੫
ਭਲੋ ਭਲੋ ਰੇ ਕੀਰਤਨੀਆ॥ ਰਾਮ ਰਮਾ ਰਾਮਾ ਗੁਨ ਗਾਉ॥
ਛੋਡਿ ਮਾਇਆ ਕੇ ਧੰਧ ਸੁਆਉ॥ ਰਾਮਕਲੀ ਮ: ੫
ਗੁਰੂਦਵਾਰਿਆਂ ਵਿੱਚ ਸਿਵਾਏ ਕੀਰਤਨ ਦੇ ਹੋਰ ਕੁੱਝ ਵੀ ਅਜਿਹਾ ਨਹੀਂ ਹੁੰਦਾ
ਜਿਸ ਨੂੰ ਗੁਰਮਤਿ ਅਨੁਸਾਰੀ ਕਿਹਾ ਜਾ ਸਕੇ! ਪਰੰਤੂ ਦੁੱਖ ਦੀ ਗੱਲ ਇਹ ਹੈ ਕਿ, ਉਪਰੋਕਤ ਗੁਰਫ਼ਰਮਾਨ
ਦੇ ਬਿਲਕੁਲ ਉਲਟ, ਗੁਰੂਦਵਾਰਿਆਂ ਵਿੱਚ ਨਿਰੰਤਰ ਕੀਤਾ ਜਾਂਦਾ ਕੀਰਤਨ ਵੀ ਇੱਕ ਧੰਧਾ ਬਣ ਕੇ ਰਹਿ
ਗਿਆ ਹੈ।
ਇਕਿ ਗਾਵਤ ਰਹੇ ਮਨਿ ਸਾਦੁ ਨ ਪਾਇ॥ ਹਉਮੈ ਵਿਚਿ ਗਾਵਹਿ ਬਿਰਥਾ ਜਾਇ॥
ਗਾਵਣਿ ਗਾਵਹਿ ਜਿਨ ਨਾਮ ਪਿਆਰੁ॥ ਸਾਚੀ ਬਾਣੀ ਸਬਦ ਬੀਚਾਰੁ॥ ਗਉੜੀ ਮ: ੩
ਗੁਰੁ ਨਾਨਕ ਦੇਵ ਜੀ ਨੇ ਧਰਮ ਸਥਾਨਾਂ ਉੱਤੇ ਗਿਆਨਹੀਣੀਆਂ ਭਜਨ ਮੰਡਲੀਆਂ
ਵੱਲੋਂ ਕੀਤੇ ਜਾਂਦੇ ਕੀਰਤਨ ਬਾਰੇ ਲਿਖਿਆ ਹੈ:
ਗਿਆਨ ਵਿਹੂਣਾ ਗਾਵੈ ਗੀਤ॥ ਭੁਖੇ ਮੁਲਾਂ ਘਰੇ ਮਸੀਤਿ॥ …
ਗੁਰਬਾਣੀ ਦੀ ਇਸ ਤੁਕ ਵਿੱਚ ਦਰਸਾਇਆ ਸੱਚ ਗੁਰੂਦਵਾਰਿਆਂ ਦੇ ਪ੍ਰਸਿੱਧ
ਕੀਰਤਨੀ ਜਥਿਆਂ ਅਤੇ ‘ਪੰਥ ਦੇ ਮਹਾਨ ਰਾਗੀਆਂ’ ਦੇ ਕਿਰਦਾਰ ਉੱਤੇ ਵੀ ਪੂਰਾ ਢੁੱਕਦਾ ਹੈ। ਇਹੀ ਕਾਰਣ
ਹੈ ਕਿ ਸਿੱਖ ਸ਼੍ਰੱਧਾਲੂ ਸਾਰੀ ਉਮਰ ਕੀਰਤਨ ਸੁਣਨ ਦੇ ਬਾਵਜੂਦ ਵੀ ਗੁਰਮਤਿ-ਗਿਆਨ ਤੋਂ ਕੋਰੇ ਰਹਿ
ਜਾਂਦੇ ਹਨ।
ਬੜੇ ਕਸ਼ਟ ਨਾਲ ਕਹਿਣਾ ਪੈਂਦਾ ਹੈ ਕਿ ਗੁਰੂਦਵਾਰਿਆਂ ਦੇ ਪ੍ਰਬੰਧਕ ਗੁਰਸਿੱਖੀ
ਦੇ ਆਚਰਣ ਤੋਂ ਗਿਰੇ ਹੋਏ ਸਾਕਤ ਹਨ। ਉਨ੍ਹਾਂ ਦੇ ਦੂਸ਼ਿਤ ਕਿਰਦਾਰ ਨੂੰ ਸਾਕਾਰ ਕਰਦੇ ਹੋਏ ਕਬੀਰ ਜੀ
ਫ਼ਰਮਾਉਂਦੇ ਹਨ:
ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ॥
ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ॥
ਨਕਟੀ ਕੋ ਠਨਗਨੁ ਬਾਡਾ ਡੂੰ॥ ਕਿਨਹਿ ਬਿਬੇਕੀ ਕਾਟੀ ਤੂੰ॥ ਰਹਾਉ॥
ਸਗਲ ਮਾਹਿ ਨਕਟੀ ਕਾ ਵਾਸਾ ਸਗਲ ਮਾਰਿ ਅਉਹੇਰੀ॥
ਸਗਲਿਆ ਕੀ ਹਉ ਬਹਿਨ ਭਾਨਜੀ ਜਿਨਹਿ ਬਰੀ ਤਿਸ ਚੇਰੀ॥ ੨॥ … ਆਸਾ ਕਬੀਰ ਜੀ
ਉਕਤ ਘ੍ਰਿਣਤ ਨਜ਼ਾਰਾ ਕਈ ਗੁਰੂਦਵਾਰਾ ਪ੍ਰਭੰਧਕ ਕਮੇਟੀਆਂ ਦੀ ਮੀਟਿੰਗ ਵਿੱਚ
ਦੇਖਣ ਨੂੰ ਮਿਲਦਾ ਹੈ!
ਅਜ ਕਲ ਮਾਣਸਖਾਣੇ ਮਾਇਆਧਾਰੀ ਸੰਤੜਿਆਂ ਸਾਧੜਿਆਂ ਬਾਬਿਆਂ ਅਤੇ ਡੇਰੇਦਾਰਾਂ
ਵਗੈਰਾ ਦਾ ਵੀ ਸਭ ਪਾਸੇ ਬੋਲਬਾਲਾ ਹੈ। ਮਾਇਆ ਦੀ ਖ਼ਾਤਿਰ ਵਿਕਾਰੀ ਸੰਤ/ਬਾਬੇ ਗੁਰਮਤਿ ਨੂੰ ਤਿਆਗ ਕੇ
ਮਨਮਤਿ ਦਾ ਪ੍ਰਚਾਰ ਨਿਧੜਕ ਹੋ ਕੇ ਕਰ ਰਹੇ ਹਨ। ਇਨ੍ਹਾਂ ਦੇ ਕਲੰਕਿਤ ਕਿਰਦਾਰ ਬਾਰੇ ਕਬੀਰ ਜੀ ਕਥਨ
ਕਰਦੇ ਹਨ:
ਐਸੇ ਸੰਤ ਨ ਮੋ ਕਉ ਭਾਵਹਿ॥ ਡਾਲਾ ਸਿਉ ਪੇਡਾ ਗਟਕਾਵਹਿ॥ …
ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ॥
ਬਸੁਧਾ ਖੋਦਿ ਕਰਹਿ ਦੁਇ ਚੂਲੇੑ ਸਾਰੇ ਮਾਣਸ ਖਾਵਹਿ॥
ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ॥
ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ॥ …ਅਸਾ ਕਬੀਰ ਜੀ
ਅਤਿਅੰਤ ਚਿੰਤਾਜਨਕ ਤੇ ਭਿਆਨਕ ਗੱਲ ਤਾਂ ਇਹ ਹੈ ਕਿ ਅਜਕਲ ਗੁਰੂਦਵਾਰਿਆਂ
ਉੱਤੇ ਕਾਬਿਜ਼ ਅਕਾਲੀਆਂ, ਸ਼੍ਰੋਮਣੀ ਕਮੇਟੀਆਂ, ਜਥੇਦਾਰਾਂ ਅਤੇ ਪੁਜਾਰੀਆਂ ਨੇ ਆਪਣੇ ਮਾਇਕ ਸੁਆਰਥ
ਵਾਸਤੇ ਆਪਸੀ ਗਠਜੋੜ ਬਣਾ ਰੱਖਿਆ ਹੈ। ਇਹ ਗਠਜੋੜ ਨਿਧੜਕ ਹੋ ਕੇ ਗੁਰੂਦਵਾਰਿਆਂ ਦੇ ਪਵਿੱਤਰ
ਵਿਹੜਿਆਂ ਵਿੱਚ ਮਨਮਤਿ ਅਤੇ ਮਾਇਆ ਦੀ ਜ਼ਹਿਰੀਲੀ ਧੂੜ ਉਡਾ ਰਿਹਾ ਹੈ। ਇਸ ਮਾਇਕ ਧੂੜ ਦੇ ਅੰਧਕਾਰ
ਵਿੱਚ ਗੁਰੁਗਿਆਨ ਦੀ ਇੱਕ ਕਿਰਨ ਤਕ ਵੀ ਨਜ਼ਰ ਨਹੀਂ ਆਉਂਦੀ।
ਬਹੁਤੇ ਗੁਰੂਦਵਾਰਿਆਂ ਦੇ ਪ੍ਰਬੰਧਕਾਂ ਅਤੇ ਪੁਜਾਰੀਆਂ ਦੀ ਅਸਲੀਅਤ ਇਹ ਹੈ
ਕਿ ਉਨ੍ਹਾਂ ਦਾ ਗੁਰਮਤਿ ਨਾਲ ਦੂਰ ਦਾ ਵੀ ਕੋਈ ਸੰਬੰਧ ਨਹੀਂ! ਉਹ ਜੋ ਕੁਛ ਵੀ ਕਰਦੇ ਹਨ ਸਿਰਫ਼ ਮਾਇਆ
ਦੇ ਸੁਆਰਥ ਵਾਸਤੇ ਹੀ ਕਰਦੇ ਹਨ। ਮਾਇਆ ਦੀ ਖ਼ਾਤਿਰ ਝੂਠ ਬੋਲਣ ਅਤੇ ਕੁਫ਼ਰ ਤੋਲਣ ਵਿੱਚ ਉਹ ਬੇਸ਼ਰਮੀ
ਦੀਆਂ ਹੱਦਾਂ ਵੀ ਪਾਰ ਕਰ ਜਾਂਦੇ ਹਨ। ਉਨ੍ਹਾਂ ਦੇ ਥੋਥੇ ਵਖਿਆਨ, ਝੂਠੀਆਂ ਕਸਮਾਂ, ਕੱਚੇ ਵਾਅਦੇ,
ਝੂਠੇ ਦਾਅਵੇ, ਬਕਵਾਸ ਬਿਆਨ, ਮਨਘੜੰਤ ਕਹਾਣੀਆਂ ਅਤੇ ਹਵਾਈ ਦਮਗਜੇ ਉਨ੍ਹਾਂ ਦੇ ਗਿਰੇ ਹੋਏ ਕਿਰਦਾਰ
ਦੀ ਹਾਮੀ ਭਰਦੇ ਹਨ। ਉਹ ਥੋਥੀਆਂ ਗੱਲਾਂ ਦਾ ਖੱਟਿਆ ਹੀ ਖਾ ਕੇ ਖ਼ੁਸ਼ ਹਨ। ਇਨ੍ਹਾਂ ਮਾਇਆਧਾਰੀ
ਸਾਕਤਾਂ ਦਾ ਜੀਵਨ ਬਿਸਟਾ (ਮਲ-ਮੂਤ੍ਰ) ਦੇ ਕੀੜਿਆਂ ਸਮਾਨ ਹੈ; ਅਤੇ ਇਹ ਮਾਇਆ ਦੀ ਬਿਸਟਾ ਵਿੱਚ
ਰੀਂਗ ਕੇ ਹੀ ਖ਼ੁਸ਼ ਰਹਿੰਦੇ ਹਨ।
ਓਹੁ
ਗਲਫਰੋਸੀ ਕਰੇ ਬਹੁਤੇਰੀ ਓਸ
ਦਾ ਬੋਲਿਆ ਕਿਸੈ ਨ ਭਾਇਆ॥
ਓਹੁ ਘਰਿ ਘਰਿ ਹੰਢੈ ਜਿਉ ਰੰਨ ਦ+ਹਾਗਣੀ ਓਸੁ ਨਾਲਿ ਮੁਹੁ ਜੋੜੇ ਓਸੁ ਭੀ
ਲਛਣੁ ਲ਼ਾਇਆ॥ ਸਲੋਕ ਮ: ੪
ਮਾਇਆ ਕਾਰਣਿ ਕਰੈ ਉਪਾਉ॥ ਕਬਹਿ ਨ ਘਾਲੈ ਸੀਧਾ ਪਾਂਉ॥
ਜਿਨਿ ਕੀਆ ਤਿਸੁ ਚੀਤਿ ਨ ਆਣੈ॥ ਕੂੜੀ ਕੂੜੀ ਮੁਖਹੁ ਵਖਾਣੈ॥ . . ਭੇਰਉ ਮ:
੫
ਧ੍ਰਿਗੁ ਖਾਣਾ ਧ੍ਰਿਗੁ ਪੈਨੑਣਾ ਜਿਨਾੑ ਦੂਜੈ ਭਾਇ ਪਿਆਰੁ॥
ਬਿਸਟਾ ਕੇ ਕੀੜੇ ਬਿਸਟਾ ਰਾਤੇ ਮਰਿ ਜਮਹਿ ਹੋਹਿ ਖੁਆਰੁ॥ ਪ੍ਰਭਾਤੀ ਅ: ਮ: ੩
ਸਿਮਰਨੁ ਨਹੀ ਆਵਤ ਫਿਰਤ ਮਦ ਮਾਵਤ ਬਿਖਿਆ ਰਾਤਾ ਸੁਆਨ ਜੈਸੇ॥ ਬਿਲਾਵਲ ਮ: ੫
ਮਾਇਆ ਧਾਰੀ ਅਤਿ ਅੰਨਾ ਬੋਲਾ॥ ਸਬਦੁ ਨ ਸੁਣਈ ਬਹੁ ਰੋਲੁ ਘਚੋਲਾ॥ ਸਲੋਕ ਮ:
੩
(ਰੋਲ ਘਚੋਲਾ: ਰੌਲਾ ਪਾ ਕੇ ਗੰਦ ਘੋਲਣ ਦੀ ਕਿਰਿਆ।)
ਧਰਮ ਦੇ ਧੰਧਲੀਆਂ ਦੁਆਰਾ ਗੁਰੂਦਵਾਰਿਆਂ ਦੇ ਪਵਿੱਤਰ ਵਿਹੜੇ ਦੇ ਅੰਦਰ ਅਤੇ
ਬਾਹਰ ਜੋ ਕੁੱਝ ਵੀ ਕੀਤਾ/ਕਰਵਾਇਆ ਜਾ ਰਿਹਾ ਹੈ, ਉਹ ਸਭ ਸਿਰਫ਼ ਤੇ ਸਿਰਫ਼ "ਮਾਇਆ ਕਾ ਵਾਪਾਰ" ਹੀ
ਹੈ, ਸਚਿਧਰਮ ਨਾਲ ਉਸ ਦਾ ਦੂਰ ਦਾ ਵੀ ਕੋਈ ਵਾਸਤਾ ਨਹੀਂ ਹੈ! ਧਰਮ ਦੇ ਧੰਦੇ ਨੂੰ ਹੋਰ ਲਾਭਦਾਇਕ
ਬਣਾਉਣ ਲਈ ਭੇਟਾ ਦੇ ਨਾਮ `ਤੇ ਅਤੇ `ਚਮਤਕਾਰਾਂ’ ਦੇ ਸਹਾਰੇ ਕਈ ਹੋਰ ਕਰਮਕਾਂਡ ਸ਼ੁਰੂ ਕੀਤੇ ਗਏ ਹਨ।
ਇਨ੍ਹਾਂ ਗੁਰਮਤਿ-ਵਿਰੋਧੀ ਕਰਮਕਾਂਡਾਂ ਦੀ ਸੰਪੰਨਤਾ ਵਾਸਤੇ ਕਈ ਹੋਰ ਲਾਹੇਵੰਦ ਧੰਦੇ ਵੇਖਣ ਵਿੱਚ
ਆਉਂਦੇ ਹਨ। ਗੁਰੂ (ਗ੍ਰੰਥ) ਲਈ ਰੁਮਾਲੇ ਤੇ ਚੰਦੋਏ ਅਤੇ ਨਿਸ਼ਾਨ ‘ਸਾਹਿਬ’ ਵਾਸਤੇ ਚੋਲਿਆਂ ਦਾ
ਧੰਧਾ, ਸਿਰੋਪਿਆਂ ਦਾ ਵਣਜ, ਪ੍ਰਸ਼ਾਦ (ਕੜਾਹ) ਕਰਾਉਣ ਦਾ ਧੰਦਾ, ਫੁੱਲਾਂ ਅਤੇ ਫੁੱਲ-ਮਾਲਾਵਾਂ ਦਾ
ਕਾਰੋਬਾਰ, ਧਾਰਮਿਕ ਚਿੰਨ੍ਹਾਂ ਅਤੇ ਪੁਸਤਕਾਂ ਦਾ ਧੰਦਾ, ਰੀਠਿਆਂ, ਬੇਰਾਂ ਅਤੇ ਲੌਂਗਾਂ ਆਦਿ ਦਾ
ਵਪਾਰ, ਕਾਲਪਨਿਕ ਚਿੱਤਰਾਂ ਅਤੇ ਮੂਰਤੀਆਂ ਦਾ ਵਪਾਰ, ਅੰਮ੍ਰਿਤ ਕਹੇ ਜਾਂਦੇ ਪਾਣੀਆਂ ਦਾ ਵਪਾਰ…………!
!
ਅੱਜ ਸੰਸਾਰ ਦੇ ਹਰ ਇੱਕ ਗੁਰੂਦੁਆਰੇ ਉੱਤੇ ਮਾਇਆਧਾਰੀ ਮਲਿਕ ਭਾਗੋਆਂ ਦਾ
ਕਬਜ਼ਾ ਹੈ। ਪੁਜਾਰੀ ਲਾਣੇ ਦੀ ਮਿਲੀਭੁਗਤ ਨਾਲ ਮਾਇਆ ਦੇ ਇਹ ਵਪਾਰੀ ਧਰਮ ਦੇ ਧੰਦੇ ਨੂੰ ਪ੍ਰਫ਼ੁੱਲਤ
ਕਰਕੇ ਮਾਇਆ ਹੜੱਪਣ ਵਿੱਚ ਇਤਨਾ ਮਸਤ ਹਨ ਕਿ ਉਨ੍ਹਾਂ ਨੂੰ ਰੱਬ ਉੱਕਾ ਹੀ ਭੁੱਲ ਗਿਆ ਹੈ। ਇਨ੍ਹਾਂ
ਮਲਿਕ ਭਾਗੋਆਂ ਦੀ ਜਿੰਦ-ਜਾਨ ਦੁਸ਼ਟੀ ਮਾਇਆ ਹੀ ਹੈ। ਪਾਠਕ ਸੱਜਨੋਂ! ਮਾਇਆਧਾਰੀਆਂ ਤੋਂ ਅਧਿਆਤਮਿਕ
ਗਿਆਨ ਦੀ ਉਮੀਦ ਕਰਨਾ ਆਕਾਸ਼ ਵਿੱਚੋਂ ਮੱਛੀਆਂ ਫੜਣ ਦੇ ਸਮਾਨ ਹੈ! ਇਸ ਲਈ, ਗੁਰਸਿੱਖਾਂ ਨੂੰ
ਗੁਰਬਾਣੀ ਵਿੱਚੋਂ ਆਪ ਸਿੱਖਿਆ ਲੈ ਕੇ ਪੁਜਾਰੀਆਂ ਦੁਆਰਾ ਫੈਲਾਏ ਅਗਿਆਨ-ਅੰਧੇਰੇ ਵਿੱਚੋਂ ਨਿਕਲ ਕੇ
ਗਿਆਨ ਰਾਓ ਕਰਤਾਰ ਨਾਲ ਸਾਂਝ ਪਾਉਣ ਦੀ ਲੋੜ ਹੈ!
ਗੁਰਇੰਦਰ ਸਿੰਘ ਪਾਲ
9 ਜੂਨ, 2019.