.

ਨਰੂ ਮਰੈ ਨਰੁ ਕਾਮ ਨ ਆਵੈ

ਜਰਨੈਲ਼ ਸਿੰਘ

ਸਿਡਨੀ ਅਸਟ੍ਰੇਲੀਆ

www.understandingguru.com

ਕਬੀਰ ਸਾਹਿਬ ਦਾ ਰਾਗ ਗੌਂਡ ਵਿੱਚ ਇੱਕ ਸ਼ਬਦ ਹੈ ਜਿਸਦੇ ਅਰਥ ਬੋਧ ਨੂੰ ਲੈ ਕੇ ਕਾਫੀ ਮਤ ਭੇਦ ਚਲ ਰਹੇ ਨੇ। ਸ਼ਬਦ ਦਾ ਪੂਰਾ ਪਾਠ ਗੁਰੂ ਗ੍ਰੰਥ ਸਾਹਿਬ ਦੇ ਪੰਨਾ 870 `ਤੇ ਇਸ ਤਰ੍ਹਾਂ ਹੈ।

ਨਰੂ ਮਰੈ ਨਰੁ ਕਾਮਿ ਨ ਆਵੈ॥ ਪਸੂ ਮਰੈ ਦਸ ਕਾਜ ਸਵਾਰੈ॥ 1॥ ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ॥ ਮੈ ਕਿਆ ਜਾਨਉ ਬਾਬਾ ਰੇ॥ ਰਹਾਓ॥ ਹਾਡ ਜਲੇ ਜੈਸੇ ਲਕਰੀ ਕਾ ਤੂਲਾ॥ ਕੇਸ ਜਲੇ ਜੈਸੇ ਘਾਸ ਕਾ ਪੂਲਾ॥ 2॥ ਕਹੁ ਕਬੀਰ ਤਬ ਹੀ ਨਰੁ ਜਾਗੈ॥ ਜਮ ਕਾ ਡੰਡੁ ਮੂੰਡ ਮਹਿ ਲਾਗੈ॥ 3॥

ਹਥਲੇ ਲੇਖ ਵਿੱਚ ਚਲ ਰਹੇ ਮੱਤ ਭੇਦਾਂ ਦੀ ਪੜਚੋਲ ਕਰ ਇਸ ਸ਼ਬਦ ਦੇ ਸਹੀ ਅਰਥ ਸਮਝਣ ਦਾ ਯਤਨ ਕੀਤਾ ਗਿਆ ਹੈ। ਆਓ ਸਭ ਤੋਂ ਪਹਿਲਾਂ ਦੇਖੀਏ ਕਿ ਪ੍ਰੋ ਸਾਹਿਬ ਸਿੰਘ ਇਸ ਸ਼ਬਦ ਵਾਰੇ ਕੀ ਕਹਿੰਦੇ ਨੇ।

ਪ੍ਰੋ ਸਾਹਿਬ ਸਿੰਘ ਦੇ ਅਰਥ

ਪ੍ਰੋ ਸਾਹਿਬ ਸਿੰਘ ਜੀ "ਦਰਪਨ" ਵਿੱਚ ਇਸ ਸ਼ਬਦ ਦੇ ਅਰਥ ਇਸ ਤਰ੍ਹਾਂ ਕਰਦੇ ਨੇ।

"ਹੇ ਬਾਬਾ! ਮੈਂ ਕਦੇ ਸੋਚਦਾ ਹੀ ਨਹੀ ਕਿ ਮੈਂ ਕਿਹੋ ਜਿਹੇ ਨਿੱਤ-ਕਰਮ ਕਰੀ ਜਾ ਰਿਹਾ ਹਾਂ, (ਮੈਂ ਮੰਦੇ ਪਾਸੇ ਲੱਗਾ ਰਹਿੰਦਾ ਹਾਂ, ਤੇ) ਮੈਨੂੰ ਖਿਆਲ ਹੀ ਨਹੀਂ ਆਉਂਦਾ। 1. ਰਹਾਓ।

(ਮੈਨੂੰ ਕਦੇ ਸੋਚ ਹੀ ਨਹੀਂ ਫੁਰਦੀ ਕਿ ਮੈਂ ਕਿਸ ਸਰੀਰ ਤੇ ਮਾਣ ਕਰਕੇ ਮੰਦੇ ਕੰਮ ਕਰਦਾ ਰਹਿੰਦਾ ਹਾਂ, ਮੇਰਾ ਅਸਲਾ ਤਾਂ ਇਹੀ ਹੈ ਨਾ ਕਿ) ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਮਨੁੱਖ (ਦਾ ਸਰੀਰ) ਕਿਸੇ ਕੰਮ ਨਹੀਂ ਆਉਂਦਾ ਪਰ ਪਸ਼ੂ ਮਰਦਾ ਹੈ ਤਾਂ (ਫਿਰ ਭੀ ਉਸ ਦਾ ਸਰੀਰ ਮਨੁੱਖ ਦੇ) ਕਈ ਕੰਮ ਸਵਾਰਦਾ ਹੈ। 1.

(ਹੇ ਬਾਬਾ! ਮੈ ਕਦੇ ਸੋਚਿਆ ਹੀ ਨਹੀਂ ਕਿ ਮੌਤ ਆਇਆਂ ਇਸ ਸਰੀਰ ਦੀਆਂ) ਹੱਡੀਆਂ ਲੱਕੜਾਂ ਦੇ ਢੇਰ ਵਾਂਗ ਸੜ ਜਾਂਦੀਆਂ ਹਨ, ਤੇ (ਇਸ ਦੇ) ਕੇਸ ਘਾਹ ਦੇ ਪੂਲੇ ਵਾਂਘ ਸੜ ਜਾਂਦੇ ਹਨ (ਤੇ ਜਿਸ ਸਰੀਰ ਦਾ ਮਗਰੋਂ ਇਹ ਹਾਲ ਹੁੰਦਾ ਹੈ, ਉਸ ਉੱਤੇ ਮੈ ਸਾਰੀ ਉਮਰ ਮਾਣ ਕਰਦਾ ਰਹਿੰਦਾ ਹਾਂ)। 2.

ਪਰ, ਹੇ ਕਬੀਰ! ਸ਼ੱਚ ਇਹ ਹੈ ਕਿ ਮਨੁੱਖ ਇਸ ਮੂਰਖਤਾ ਵਲੋਂ ਤਦੋਂ ਹੀ ਜਾਗਦਾ ਹੈ (ਤਦੋਂ ਹੀ ਪਛਤਾਉਂਦਾ ਹੈ) ਜਦੋਂ ਮੌਤ ਦਾ ਡੰਡਾ ਇਸ ਦੇ ਸਿਰ ਉੱਤੇ ਆ ਵੱਜਦਾ ਹੈ। 3."

ਪ੍ਰੋ ਸਾਹਿਬ ਇਸ ਸ਼ਬਦ ਦੇ ਭਾਵਅਰਥ ਕਰਦਿਆਂ ਲਿਖਦੇ ਨੇ ਕਿ "ਮਨੁੱਖ ਆਪਣੇ ਸਰੀਰ ਦੀ ਮਮਤਾ ਵਿੱਚ ਫਸਕੇ ਵਿਕਾਰ ਕਰਦਾ ਰਹਿੰਦਾ ਹੈ। ਇਹ ਕਦੇ ਭੀ ਨਹੀਂ ਸੋਚਦਾ ਕਿ ਪ੍ਰਭੂ ਦੀ ਯਾਦ ਤੋਂ ਬਿਨਾ ਇਹ ਸਰੀਰ ਤਾਂ ਪਸ਼ੂ ਦੇ ਸਰੀਰ ਨਾਲੋਂ ਭੀ ਮਾੜਾ ਹੈ, ਤੇ ਇੱਥੇ ਹੀ ਸੜ ਕੇ ਸੁਆਹ ਹੋ ਜਾਂਦਾ ਹੈ। ਮਰਨ ਵੇਲੇ ਪਛਤਾਣ ਦਾ ਕੀਹ ਲਾਭ?"

ਪ੍ਰੋ ਸਾਹਿਬ ਸਿੰਘ ਦੇ ਅਰਥਾਂ ਤੇ ਇਤਰਾਜ਼

ਪ੍ਰੋ ਸਾਹਿਬ ਸਿੰਘ ਦੇ ਅਰਥਾਂ ਵਾਰੇ ਕਿਹਾ ਜਾਂਦਾ ਹੈ ਕਿ ਇਹ ਅੱਖਰੀ ਅਰਥ ਨੇ ਅਤੇ ਇਹ ਇਤਰਾਜ਼ ਵੀ ਕੀਤਾ ਜਾਂਦਾ ਹੈ ਕਿ ਇਹਨਾਂ ਅਰਥਾਂ ਨਾਲ ਗੁਰਬਾਣੀ ਅਜੋਕੇ ਸਮੇ ਵਿੱਚ ਗਲਤ ਸਿੱਧ ਹੋ ਰਹੀ ਹੈ ਕਿਉਂਕਿ ਹੁਣ ਤਾਂ ਮਰਨ ਤੋਂ ਬਾਅਦ ਮਨੁੱਖ ਦੇ ਸਰੀਰ ਨੂੰ ਵੀ ਕਈ ਕੰਮ ਸਵਾਰਨ ਲਈ ਵਰਤਿਆ ਜਾਣ ਲਗ ਪਿਆ ਹੈ। ਜਦ ਕਿ ਇਹਨਾਂ ਅਰਥਾਂ ਅਨੁਸਾਰ ਮਨੁੱਖਾ ਸਰੀਰ ਮਰਨ ਉਪਰੰਤ ਕੰਮ ਨਹੀਂ ਆਉਂਦਾ। ਜਿਵੇਂ ਮਰਨ ਉਪਰੰਤ ਦਾਨ ਕੀਤੀਆਂ ਅੱਖਾਂ ਕਿਸੇ ਅੰਨੇ ਬੰਦੇ ਨੂੰ ਸੁਜਾਖਾ ਕਰ ਦਿੰਦੀਆਂ ਹਨ ਅਤੇ ਹੋਰ ਅੰਗ ਵੀ ਮਰਨ ਤੋਂ ਬਾਅਦ ਵਰਤੇ ਜਾਣ ਲਗ ਪਏ ਨੇ। ਦਲੀਲ ਇਹ ਦਿੱਤੀ ਜਾਂਦੀ ਹੈ ਕਿ ਕਿਉਂਜੋ ਗੁਰਬਾਣੀ ਚੌਹਾਂ ਜੁਗਾਂ ਵਿੱਚ ਸੱਚ ਹੈ ਇਸ ਲਈ ਅਗਰ ਕੋਈ ਅਰਥ ਅਜੋਕੇ ਜਾਂ ਆਣ ਵਾਲੇ ਸਮੇ ਵਿੱਚ ਬੇਮਾਇਨਾ ਹੋ ਜਾਂਦੇ ਨੇ ਤਾਂ ਉਹ ਅਰਥ ਸਹੀ ਨਹੀਂ ਹੋ ਸਕਦੇ। ਹੁਣ ਸਮੱਸਿਆ ਇਹ ਖੜੀ ਹੋ ਗਈ ਕਿ ਪ੍ਰੋ ਸਾਹਿਬ ਸਿੰਘ ਦਾ ਇਹ ਕਹਿਣਾ ਕਿ ਮਰਨ ਤੋਂ ਬਾਅਦ ਬੰਦਾ ਕੰਮ ਨਹੀਂ ਆਉਂਦਾ ਅੱਜ ਦੇ ਵਿਗਿਆਨਿਕ ਯੁਗ ਵਿੱਚ ਗਲਤ ਸਿਧ ਹੋ ਗਿਆ ਹੈ। ਇਸ ਮੁਸ਼ਕਲ ਦੇ ਹੱਲ ਲਈ ਇਤਰਾਜ਼ ਕਰਨ ਵਾਲੇ ਸੱਜਣ ਇਸ ਸ਼ਬਦ ਦੇ ਆਪੋ ਆਪਣੇ ਨਵੇਂ ਅਰਥ ਘੜਨ ਲਗ ਪਏ। ਮਸਲਨ ਸੱਚ ਖੋਜ ਅਕੈਡਮੀ (1) ਵਾਲੇ ਕਹਿੰਦੇ ਨੇ ਕਿ ਕਬੀਰ ਸਾਹਿਬ ਨੂੰ ਪਹਿਲਾਂ ਹੀ ਪਤਾ ਸੀ ਕਿ ਵਿਗਿਆਨ ਨੇ ਤਰੱਕੀ ਕਰ ਮਨੁੱਖਾ ਸਰੀਰ ਵੀ ਮਰਨ ਉਪਰੰਤ ਵਰਤੋਂ ਵਿੱਚ ਲੈ ਆਉਣਾ ਹੈ। ਉਹਨਾ ਅਨੁਸਾਰ ਪਸ਼ੂ ਇੱਥੇ ਮਨੁੱਖੀ ਸਰੀਰ ਨੂੰ ਕਿਹਾ ਗਿਆ ਹੈ ਜਦ ਕਿ ਨਰ ਦਾ ਮਤਲਬ ਚੇਤਨ ਹੈ। ਨਰ ਨਹੀਂ ਮਰਦਾ। ਨਰੂ ਮਰਦਾ ਤਾ ਕੁਛ ਨਹੀਂ ਬਚਦਾ। ਜਦੋਂ ਨਰ ਜਾਣੀ ਚੇਤਨਤਾ ਮਰਦੀ ਹੈ ਤਾਂ ਕਿਸੇ ਨੁੰ ਕੁੱਝ ਨਹੀਂ ਪਤਾ ਚਲਦਾ, ਕਿਸੇ ਕੰਮ ਨਹੀਂ ਆਉਂਦਾ ਪਰ ਜਦੋਂ ਪਸ਼ੂ ਜਾਣੀ ਸਰੀਰ ਮਰਦਾ ਹੈ ਤਾਂ ਦਸ ਕੰਮ ਆਉਂਦਾ ਹੈ। ਸੋ ਭਗਤਾਂ ਨੂੰ ਪਹਿਲੋਂ ਹੀ ਪਤਾ ਸੀ ਕਿ ਮਰਦੇ ਦੀਆਂ ਅੱਖਾਂ ਵੀ ਕੰਮ ਆ ਸਕਦੀਆਂ ਹਨ। ਇਸੇ ਤਰ੍ਹਾਂ ਇੱਕ ਹੋਰ ਵੀਡੀਓ ਵਿੱਚ ਸੁਖਵਿੰਦਰ ਸਿੰਘ (2) ਨਾਮੀ ਇੱਕ ਪ੍ਰਚਾਰਕ ਨਰ ਦਾ ਮਤਲਬ ਜੀਵ ਆਤਮਾ ਕਰਦੇ ਨੇ। ਭਾਈ ਹਰਬੰਸ ਸਿੰਘ (3) ਇਸ ਸ਼ਬਦ ਦਾ ਕੀਰਤਨ ਕਰਦਿਆਂ ਕਹਿੰਦੇ ਨੇ ਕਿ ਨਾਮ ਜਪਣ ਤੋਂ ਬਿਨਾਂ ਜੀਉਂਦੇ ਬੰਦੇ ਤੋਂ ਤਾਂ ਪਸ਼ੂ ਚੰਗਾ ਹੈ। ਨਾਲ ਸਿਰਫ ਕਰਮ ਜਾਂਦੇ ਨੇ।

ਅੱਜ ਕਲ ਕੁੱਝ ਮਿਸ਼ਨਰੀ ਪ੍ਰਚਾਰਕ ਇਸ ਸ਼ਬਦ ਦੇ ਅਰਥ ਕਰਦਿਆਂ ਅਕਸਰ ਇਹ ਵੀ ਕਹਿੰਦੇ ਸੁਣੇ ਜਾਂਦੇ ਨੇ ਕਿ ਇੱਥੇ ਨਰੂ ਦਾ ਮਤਲਬ ਇਨਸਾਨੀਅਤ ਹੈ ਅਤੇ ਪਸ਼ੂ ਦਾ ਮਤਲਬ ਪਸ਼ੂਪੁਣਾ ਹੈ। ਭਾਵ ਨਰੂ ਬੰਦੇ ਅੰਦਰਲੇ ਇਸਾਨੀਅਤ ਦੇ ਗੁਣਾਂ ਨੂੰ ਕਿਹਾ ਗਿਆ ਹੈ ਅਤੇ ਪਸ਼ੂ ਬੰਦੇ ਅੰਦਰਲੇ ਪਸ਼ੂਪੁਣੇ ਦਾ ਪ੍ਰਤੀਕ ਹੈ। ਵੀਰ ਭੁਪਿੰਦਰ ਸਿੰਘ ਨੂੰ ਇਹ ਅਰਥ ਕਰਦਿਆਂ ਮੈ ਆਪ ਕਈ ਵਾਰ ਸੁਣਿਆ ਹੈ। ਭਾਈ ਬਲਜੀਤ ਸਿੰਘ ਦਿੱਲੀ ਵਾਲੇ ਆਪਣੀ ਇੱਕ ਵੀਡੀਓ (4) ਵਿੱਚ ਇਹੀ ਵਿਚਾਰ ਦਿੰਦੇ ਨੇ। ਇਹਨਾ ਪ੍ਰਚਾਰਕਾਂ ਅਨੁਸਾਰ ਇਸ ਸ਼ਬਦ ਵਿੱਚ ਕਬੀਰ ਸਾਹਿਬ ਕਹਿੰਦੇ ਨੇ ਕਿ ਅਗਰ ਬੰਦੇ ਚੋਂ ਇਨਸਾਨੀਅਤ ਖਤਮ ਹੋ ਗਈ ਤਾਂ ਉਹ ਕਿਸੇ ਕੰਮ ਦਾ ਨਹੀਂ ਰਹਿੰਦਾ ਪਰ ਅਗਰ ਉਸ ਵਿੱਚੋਂ ਪਸ਼ੂਪੁਣਾ ਖਤਮ ਹੋ ਜਾਏ ਤਾਂ ਉਹ ਸੌ ਕੰਮ ਸੁਆਰ ਸਕਦਾ ਹੈ। ਆਪਣੇ ਇਨ੍ਹਾ ਅਰਥਾਂ ਨੂੰ ਪੂਰੇ ਸ਼ਬਦ `ਤੇ ਢੁਕਾਉਣ ਲਈ ਇਹ ਪ੍ਰਚਾਰਕ ਸ਼ਬਦ ਵਿੱਚ ਆਏ ਲਫ਼ਜ਼ "ਹਾਡ" ਅਤੇ "ਕੇਸ" ਦੇ ਵੀ ਭਾਵ ਅਰਥ ਕਰਦੇ ਨੇ। ਮਿਸਾਲ ਦੇ ਤੌਰ ਤੇ ਭਾਈ ਬਲਜੀਤ ਸਿਘ ਜੀ "ਹਾਡ" ਦਾ ਅਰਥ ਮਨ ਦੇ ਭੈੜੇ ਖਿਆਲ ਕਰਦੇ ਨੇ ਅਤੇ "ਕੇਸ" ਦਾ ਅਰਥ ਦਿਮਾਗ ਦੀਆਂ ਚਤੁਰਾਈਆਂ ਕਰਦੇ ਨੇ। ਜਮ ਉਹ ਪੰਜਾ ਵਿਕਾਰਾਂ ਨੂੰ ਕਹਿੰਦੇ ਨੇ। ਇਸ ਤਰ੍ਹਾ ਨਾਲ ਇਹ ਮਿਸ਼ਨਰੀ ਪ੍ਰਚਾਰਕ ਇਹ ਸੁਝਾਉਂਦੇ ਨੇ ਕਿ ਇਸ ਸ਼ਬਦ ਵਿੱਚ ਸਰੀਰ ਦੀ ਗੱਲ ਹੋ ਹੀ ਨਹੀਂ ਰਹੀ। ਸਿਰਫ ਬੰਦੇ ਨੂੰ ਪਸ਼ੂਪੁਣਾ ਛੱਡਣ ਅਤੇ ਇਨਸਾਨੀਅਤ ਵਾਲੇ ਗੁਣ ਅਪਨਾਉਣ ਦੀ ਪ੍ਰੇਰਨਾ ਦਿੱਤੀ ਗਈ ਹੈ।

ਨਵੇਂ ਅਰਥਾਂ ਦੀ ਪੁਣ-ਛਾਂਣ

ਮਹਾਨ ਕੋਸ਼ ਵਿੱਚ ਭਾਈ ਕਾਹਨ ਸਿੰਘ ਵੀ "ਨਰੂ" ਦਾ ਅਰਥ ਨਰ ਜਾਣੀ ਮਨੁੱਖ ਹੀ ਕਰਦੇ ਨੇ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਤਰਾਜ਼ ਕਰਨ ਵਾਲੇ ਸੱਜਣਾਂ ਵਲੋਂ ਕੀਤੇ ਗਏ ਅਰਥ (ਇਨਸਾਨੀਅਤ, ਚੇਤਨਤਾ, ਜੀਵ ਆਤਮਾ) ਮਹਾਨਕੋਸ਼ ਛੱਡ ਹੋਰ ਕਿਤੇ ਵੀ ਨਹੀਂ ਮਿਲਦੇ। ਇਹ ਸੱਜਣ ਇਹਨਾਂ ਲਫ਼ਜ਼ਾ ਨੂੰ ਨਵੇਂ ਅਰਥ ਇਸ ਲਈ ਦੇ ਰਹੇ ਨੇ ਕਿ ਪ੍ਰਚਲਤ ਅਰਥ ਕੀਤਿਆਂ ਗੁਰਬਾਣੀ ਗਲਤ ਸਿੱਧ ਹੋ ਰਹੀ ਹੈ। ਪ੍ਰਚਲਤ ਅਰਥਾਂ ਅਨੁਸਾਰ ਕਬੀਰ ਸਾਹਿਬ ਇਥੇ ਕਹਿੰਦੇ ਨੇ ਕਿ ਮਨੁੱਖਾ ਸਰੀਰ ਮਰਨ ਉਪਰੰਤ ਕਿਸੇ ਕੰਮ ਨਹੀਂ ਆਉਂਦਾ ਪਰ ਅੱਜਕਲ ਵਿਗਿਆਨ ਨੇ ਮਰੇ ਹੋਏ ਬੰਦੇ ਦੇ ਅੰਗ ਜੀਊਂਦੇ ਬੰਦੇ ਵਿੱਚ ਪਾ ਕੇ ਇਹ ਗੱਲ ਗਲਤ ਸਿੱਧ ਕਰ ਦਿੱਤੀ ਹੈ। ਗੁਰਬਾਣੀ ਗਲਤ ਹੋ ਨਹੀਂ ਸਕਦੀ ਇਸ ਲਈ ਪੁਰਾਣੇ ਪ੍ਰਚਲਤ ਅਰਥ ਹੀ ਗਲਤ ਹੋਣਗੇ। ਇਸ ਲਈੇ ਇਹ ਪ੍ਰਚਾਰਕ ਨਵੇਂ ਅਰਥ ਖੋਜ਼ ਕਰਨ ਲਗ ਪਏ। ਪਰ ਕੀ ਇਸ ਦਲੀਲ ਵਿੱਚ ਕੋਈ ਵਜ਼ਨ ਹੈ? ਆਓ ਇਸ ਨੁਕਤੇ ਤੇ ਵਿਚਾਰ ਕਰੀਏ। ਗੁਰਬਾਣੀ ਸਾਡੇ ਤਕ ਸਾਹਿਤ ਦੇ ਰੂਪ ਵਿੱਚ ਪਹੁੰਚਦੀ ਹੈ। ਇਸ ਨੂੰ ਸਮਝਣ ਲਈ ਸਾਨੂੰ ਸਾਹਿਤ ਸਮਝਣ ਦੇ ਅਸੂਲ ਹੀ ਅਪਨਾਉਣੇ ਪੈਣਗੇ। ਸਾਹਿਤ ਨੂੰ ਸਿਰਜਣ ਵਾਲਾ ਆਪਣੇ ਸਮੇ ਅਤੇ ਸਥਾਨ ਵਿੱਚ ਪ੍ਰਚਲਤ ਮੁਹਾਵਰੇ ਰਾਹੀਂ ਆਪਣੀ ਗੱਲ ਸਰੋਤੇ ਜਾਂ ਪਾਠਕ ਤੱਕ ਪੁਹੰਚਾਉਂਦਾ ਹੈ। ਇਥੇ ਇੱਕ ਮਿਸਾਲ ਉੱਚਤ ਹੋਏਗੀ। ਕਬੀਰ ਸਾਹਿਬ ਦਾ ਹੀ ਇੱਕ ਹੋਰ ਸ਼ਬਦ ਸੁੰਨਤ ਵਾਰੇ ਹੈ ਜਿਸ ਵਿੱਚ ਉਹ ਕਹਿੰਦੇ ਨੇ ਕਿ ਇਸਲਾਮ ਵਿੱਚ ਔਰਤਾਂ ਦੀ ਸੁੰਨਤ ਨਹੀਂ ਕੀਤੀ ਜਾਂਦੀ। ਸਭ ਜਾਣਦੇ ਨੇ ਕਿ ਸੁੰਨਤ ਇਸਲਾਮ ਧਰਮ ਵਿੱਚ ਲਾਜ਼ਮੀ ਹੈ। ਇਸ ਅਧਾਰ ਤੇ ਇਸ ਸ਼ਬਦ ਵਿੱਚ ਕਬੀਰ ਸਾਹਿਬ ਸਵਾਲ ਕਰਦੇ ਨੇ ਕਿ ਅਗਰ ਸੁੰਨਤ ਕਰਨ ਨਾਲ ਹੀ ਮੁਸਲਮਾਨ ਬਣਦੇ ਹਾਂ ਤਾਂ ਫਿਰ ਔਰਤ ਤਾਂ ਮੁਮਲਮਾਨ ਬਣਦੀ ਹੀ ਨਹੀਂ ਕਿਉਂਕਿ ਉਸ ਦੀ ਤਾਂ ਸੁਨੰਤ ਹੀ ਨਹੀਂ ਹੁੰਦੀ।

ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ॥ ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ॥ ਪੰਨਾ 477

ਕਬੀਰ ਸਾਹਿਬ ਜੋ ਕਹਿ ਰਹੇ ਨੇ ਉਹ ਜਿਸ ਮਹੌਲ, ਸਮੇ ਅਤੇ ਸਥਾਨ ਵਿੱਚ ਵਿਚਰ ਰਹੇ ਸਨ ਮੁਤਾਬਿਕ ਸਹੀ ਸੀ ਅਤੇ ਹੈ। ਪਰ ਦੁਨੀਆਂ ਵਿੱਚ ਅਜਿਹੇ ਖਿੱਤੇ ਵੀ ਮੌਜ਼ੂਦ ਨੇ ਜਿਥੇ ਸਦੀਆਂ ਤੋਂ ਮੁਸਲਮਾਨ ਔਰਤਾਂ ਦੀ ਵੀ ਸੁੰਨਤ ਹੁੰਦੀ ਆ ਰਹੀ ਹੈ। ਇਸ ਸਬੰਧੀ ਆਲਮੀ ਸਿਹਤ ਸੰਸਥਾ (World Health Organization) ਦੀ ਇੱਕ ਰਿਪੋਰਟ ਵੀ ਹੈ। (5) ਲਗਭਗ 30 ਮੁਲਖ ਅਜਿਹੇ ਹੈਨ ਜਿਥੇ ਇਹ ਕੰਮ ਕੀਤਾ ਜਾਂਦਾ ਹੈ ਅਤੇ ਇਸ ਨੂੰ ਮਾਨਵੀ ਅਧਿਕਾਰਾਂ ਦੀ ਉਲੰਘਣਾ ਵੀ ਕਿਹਾ ਜਾਂਦਾ ਏ। ਹੁਣ ਇਸ ਜਾਣਕਾਰੀ ਤੋਂ ਬਾਅਦ ਅਗਰ ਅਸੀਂ ਇਸ ਨਤੀਜ਼ੇ ਤੇ ਪਹੁੰਚ ਜਾਈਏ ਕਿ ਕਬੀਰ ਸਾਹਿਬ ਦਾ ਸ਼ਬਦ ਬੇਮਾਇਨਾ ਹੋ ਗਿਆ ਤਾਂ ਇਹ ਸਾਡੀ ਸਾਹਿਤ ਨੂੰ ਸਮਝਣ ਦੀ ਘੋਰ ਅਗਿਆਨਤਾ ਹੈ। ਸਮੇ ਦੇ ਨਾਲ ਨਾਲ ਭਾਸ਼ਾ ਵਿੱਚ ਵੀ ਤਬਦੀਲ਼ੀ ਆਉਂਦੀ ਰਹਿੰਦੀ ਹੈ ਅਤੇ ਲਿਖਾਰੀ ਆਪਣੀ ਬੋਲੀ ਅਤੇ ਮੁਹਾਵਰਾ ਬਦਲਦੇ ਰਹਿੰਦੇ ਨੇ ਤਾਂ ਜੋ ਉਹਨਾਂ ਦੀ ਗੱਲ ਲੋਕਾਂ ਤੱਕ ਪਹੁੰਚ ਜਾਏ। ਹਰ ਇੱਕ ਭਾਸ਼ਾ ਵਿੱਚ ਮੁਹਾਵਰੇ ਵੀ ਸਮੇਂ ਦੇ ਨਾਲ ਨਾਲ ਬਦਲਦੇ ਰਹਿੰਦੇ ਨੇ। ਪੁਰਾਣੇ ਮੁਹਾਵਰੇ ਮਰ ਜਾਂਦੇ ਨੇ ਨਵੇਂ ਮੁਹਾਵਰੇ ਪੈਦਾ ਹੋ ਜਾਂਦੇ ਨੇ। ਕਦੇ ਜਿਸ ਜੱਟ ਦੇ ਦੋ ਖੂਹ ਚਲਦੇ ਹੋਣ ਉਸਨੂੰ ਅਮੀਰ ਸਮਝਿਆ ਜਾਂਦਾ ਸੀ ਪਰ ਅੱਜ ਕੱਲ ਇਹ ਬੇਮਾਇਨਾ ਹੋ ਗਿਆ ਹੈ। ਕਦੇ ਪੰਜਾਬੀ ਵਿੱਚ ਕਿਹਾ ਜਾਂਦਾ ਸੀ ਕਿ "ਦੱਬ ਕੇ ਵਾਹ ਤੇ ਰੱਜ ਕੇ ਖਾਹ" ਪਰ ਹੁਣਦੀ ਤਕਨੀਕ ਮੁਤਾਬਿਕ ਬਿਨਾ ਵਾਹੇ ਹੀ ਖੇਤ ਚੰਗੀ ਫਸਲ ਦੇ ਦਿੰਦਾ ਹੈ। ਅਗਰ ਕਿਸੇ ਲੇਖਕ ਨੇ "ਦੱਬ ਕੇ ਵਾਹ ਤੇ ਰੱਜ ਕੇ ਖਾਹ" ਲਿਖਿਆ ਹੈ ਤਾਂ ਉਹ ਹੁਣ ਝੂਠਾ ਨਹੀਂ ਹੋ ਗਿਆ। ਉਹ ਜਿੰਨਾ ਪਹਿਲਾਂ ਠੀਕ ਸੀ ਉਹਨਾਂ ਹੀ ਹੁਣ ਠੀਕ ਹੈ। ਸਾਨੂੰ ਸਮਝਣ ਦਾ ਸਹੀ ਤਰੀਕਾ ਅਪਨਾਉਣਾ ਪੈਣਾ ਹੈ। ਇਸ ਲਈ ਕਬੀਰ ਸਾਹਿਬ ਦੀ ਗੱਲ ਸਮਝਣ ਲਈ ਜਿਸ ਪਰਿਪੇਖ ਵਿੱਚ ਉਹ ਗੱਲ ਕਹੀ ਗਈ ਹੈ ਉਸ ਨੂੰ ਧਿਆਨ ਵਿੱਚ ਰੱਖਣਾ ਪਵੇਗਾ। ਇਸੇ ਤਰ੍ਹਾਂ ਅਗਰ ਕਬੀਰ ਸਾਹਿਬ ਕਹਿੰਦੇ ਨੇ ਕਿ ਮਰਨ ਉਪਰੰਤ ਮਨੁੱਖਾ ਸਰੀਰ ਕਿਸੇ ਕੰਮ ਨਹੀਂ ਆਉਂਦਾ ਪਰ ਅਜੋਕੇ ਸਮੇ ਵਿੱਚ ਇਹ ਕੰਮ ਆਉਣ ਲਗ ਪਿਆ ਹੈ ਤਾਂ ਕਬੀਰ ਸਾਹਿਬ ਗਲਤ ਸਿੱਧ ਨਹੀਂ ਹੋ ਜਾਂਦੇ ਕਿਉਂਕਿ ਕਬੀਰ ਸਾਹਿਬ ਦਾ ਲਿਖਿਆ ਸਾਨੂੰ ਉਹਨਾਂ ਦੇ ਸਮੇ ਮੁਤਾਬਿਕ ਹੀ ਸਮਝਣਾ ਪਏਗਾ ਨਹੀਂ ਤਾਂ ਇਹ ਕਬੀਰ ਸਾਹਿਬ ਨਾਲ ਬੇਇਨਸਾਫੀ ਹੋਵੇਗੀ। ਇਸ ਲਈ ਵਿਦਵਾਨ ਸੱਜਣਾਂ ਦਾ ਇਹ ਇਤਰਾਜ਼ ਜਿਸ ਬੁਨਿਆਦ ਤੇ ਟਿਕਿਆ ਹੋਇਆ ਹੈ ਉਹ ਬੁਨਿਆਦ ਇਹਨਾ ਸੱਜਣਾ ਦੀ ਸਾਹਿਤ ਨੂੰ ਸਮਝਣ ਦੀ ਅਗਿਆਨਤਾ ਦੀ ਰੇਤ ਦੀ ਬਣੀ ਹੋਈ ਹੈ।

ਇਸ ਦੇ ਨਾਲ ਹੀ ਇਹ ਵਿਦਵਾਨ ਸੱਜਣ ਇਸ ਸ਼ਬਦ ਦੇ ਨਵੇਂ ਅਰਥ ਪੂਰੇ ਸ਼ਬਦ ਤੇ ਢੁਕਾਉਣ ਲਈ ਕਈ ਲਫ਼ਜ਼ਾਂ ਨੂੰ ਬਿਲਕਲ ਹੀ ਨਵੇਂ ਅਰਥ ਵੀ ਦੇ ਰਹੇ ਨੇ ਜੋ ਕਿਸੇ ਵੀ ਸ਼ਬਦ ਕੋਸ਼ ਵਿੱਚ ਨਹੀਂ ਮਿਲਦੇ। ਮਸਲਨ:

ਨਰ= ਚੇਤਨਤਾ, ਭਰਮ, ਜੀਵ ਆਤਮਾ, ਇਨਸਾਨੀਅਤ

ਹਾਡ=ਮਨ ਦੇ ਭੈੜੇ ਖਿਆਲ

ਕੇਸ= ਦਿਮਾਗ ਦੀਆਂ ਚਤਰਾਈਆਂ

ਇਹਨਾਂ ਨਵੇਂ ਅਰਥਾਂ ਜਾਂ ਭਾਵ ਅਰਥਾਂ ਨਾਲ ਕਈ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਹਨ। ਮੰਨ ਲਉ ਕਿਸੇ ਬੰਦੇ ਚੋਂ ਪਸ਼ੂਪੁਣਾ ਖਤਮ ਹੋ ਗਿਆ ਹੈ ਪਰ ਮਰਨ ਉਪਰੰਤ ਹੱਡ ਤਾਂ ਉਸਦੇ ਵੀ ਜਲਦੇ ਹਨ। ਕੀ ਉਸ ਦੇ ਹੱਡ ਵੀ ਭੈੜੇ ਖਿਆਲ ਸਨ। ਕੇਸ ਤਾਂ ਕਬੀਰ ਸਾਹਿਬ ਦੇ ਵੀ ਜਲੇ ਸਨ ਤਾਂ ਕੀ ਉਹ ਵੀ ਉਹਨਾਂ ਦੇ ਦਿਮਾਗ ਦੀਆਂ ਚੁਤਰਾਈਆਂ ਸਨ। ਭਾਈ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਜਮ ਪੰਜਾਂ ਵਿਕਾਰਾਂ ਨੂੰ ਕਹਿੰਦੇ ਨੇ ਅਤੇ "ਜਮ ਕਾ ਡੰਡੁ ਮੂੰਡ ਮਹਿ ਲਾਗੈ" ਦੇ ਅਰਥ ਸਮਝਾਉਂਦਿਆਂ ਉਹ ਇੱਕ ਮਿਸਾਲ ਦਿੰਦਿਆਂ ਕਹਿੰਦੇ ਨੇ ਕਿ ਲੋਭ `ਚ ਲਈ ਰਿਸ਼ਵਤ ਦੀ ਸਜ਼ਾ ਮਿਲਣਾ ਜੰਮ ਕਾ ਡੰਡ ਲਗਣਾ ਹੈ। ਪਰ ਅਗਰ ਕਿਸੇ ਨੂੰ ਸਜ਼ਾ ਨ ਮਿਲੇ ਫਿਰ ਇਹ "ਡੰਡੁ" ਤਾਂ ਲੱਗਾ ਹੀ ਨਹੀਂ। ਅਗਰ ਇਹ ਕਹਿ ਲਈਏ ਕਿ ਇਹ ਅਰਥ ਸਿਰਫ ਉਹਨਾਂ ਬੰਦਿਆਂ ਤੇ ਲਾਗੂ ਹੁੰਦੇ ਹਨ ਜੋ ਪਸ਼ੂਪੁਣੇ ਦੀ ਜਿੰਦਗੀ ਜੀਉਂਦੇ ਨੇ ਤਾ ਫਿਰ ਇਹ ਅਰਥ ਸਰਬ ਵਿਆਪਕ ਤਾਂ ਨਾ ਹੋਏ। ਫਿਰ ਗੁਰਬਾਣੀ ਦਾ ਸੱਚ ਵੀ ਸਰਬ ਵਿਆਪਕ ਨ ਹੋਇਆ। ਇਸ ਤਰ੍ਹਾਂ ਨਾਲ ਗੁਰਬਾਣੀ ਨੂੰ ਸਰਬ ਕਾਲ ਸੱਚ ਸਾਬਤ ਕਰਨ ਤੁਰੇ ਇਹ ਵਿਦਵਾਨ ਗੁਰਬਾਣੀ ਨੂੰ ਆਪ ਹੀ ਝੂਠਾ ਸਿੱਧ ਕਰ ਰਹੇ ਨੇ। ਇੱਕ ਸਮੱਸਿਆਂ ਦਾ ਹੱਲ ਕਰਦੇ ਕਰਦੇ ਹੋਰ ਕਈ ਸਮੱਸਿਆਵਾਂ ਖੜੀਆਂ ਕਰ ਲਈਆਂ।

ਸਾਨੂੰ ਇਹ ਵੀ ਵਿਚਾਰਣਾ ਪਵੇਗਾ ਕਿ ਕੀ ਇਹ ਨਵੇਂ ਅਰਥ ਰਹਾਓ ਵਾਲੀ ਤੁਕ ਨਾਲ ਮਿਲਦੇ ਨੇ ਜਾਂ ਨਹੀਂ। ਰਹਾਓ ਵਾਲੀ ਤੁੱਕ ਵਿੱਚ ਕਬੀਰ ਸਾਹਿਬ ਕਹਿੰਦੇ ਨੇ ਕਿ "ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ॥ ਮੈ ਕਿਆ ਜਾਨਉ ਬਾਬਾ ਰੇ॥ ਰਹਾਓ॥" ਇਸ ਦੇ ਅਰਥ ਕਰਦਿਆਂ ਭਾਈ ਬਲਜੀਤ ਸਿੰਘ ਇਹ ਕਹਿੰਦੇ ਨੇ ਕਿ ਬੰਦੇ ਨੂੰ ਸਮਝ ਹੀ ਨਹੀ ਆ ਰਿਹਾ ਕਿ ਉਹ ਕੀ ਕਰ ਰਿਹਾ ਏ। ਕੀ ਕਰਨਾ ਸੀ ਕੀ ਕਰ ਰਿਹਾ ਏ। ਉਹਨਾ ਦੇ ਕਹਿਣ ਮੁਤਾਬਿਕ ਇਸ ਦਾ ਕਾਰਨ ਇਹ ਹੈ ਕਿ ਉਸ ਵਿੱਚੋਂ ਇਨਸਾਨੀਅਤ ਖਤਮ ਹੋ ਗਈ ਏ। ਸਵਾਲ ਪੈਦਾ ਹੁੰਦਾ ਏ ਕਿ ਜਿਸ ਬੰਦੇ ਅੰਦਰੋਂ ਪਸ਼ੂਪੁਣਾ ਮਰ ਗਿਆ ਹੈ ਅਤੇ ਇਨਸਾਨੀਅਤ ਜੀਉਂਦੀ ਹੈ ਕੀ ਉਸ ਬੰਦੇ ਨੂੰ ਆਪਣੇ "ਕਰਮ ਕੀ ਗਤਿ" ਦਾ ਪੂਰਾ ਇਲਮ ਹੈ? ਜਾਂ ਕੀ ਕਿਸੇ ਵੀ ਇਨਸਾਨ ਨੂੰ ਉਸਦੇ ਕਰਮਾ ਤੋਂ ਮਿਲਣ ਵਾਲੇ ਫਲ ਦਾ ਗਿਆਨ ਹੈ। ਚੰਗੇ ਅਮਲ ਜਾ ਕਰਮ ਕਰਨੇ ਇੱਕ ਗੱਲ ਹੈ ਪਰ ਇਹਨਾਂ ਅਮਲਾ ਦੇ ਫਲ ਦਾ ਇਲਮ ਹੋਣਾ "ਕਰਮ ਕੀ ਗਤਿ" ਜਾਨਣਾ ਹੈ। ਦਰਅਸਲ ਇਹ ਵਿਦਵਾਨ ਇੱਥੇ "ਕਰਮ ਕੀ ਗਤਿ’ ਦੀ ਵਜਾਏ ਸਿਰਫ "ਕਰਮ" ਨੂੰ ਹੀ ਧਿਆਨ ਗੋਚਰੇ ਰੱਖ ਰਹੇ ਨੇ। ਆਸਾ ਦੀ ਵਾਰ ਵਿੱਚ ਗੁਰ ਨਾਨਕ ਸਾਹਿਬ ਕਹਿੰਦੇ ਨੇ ਕਿ ਬੰਦੇ ਨੇ ਜੋ ਕੀਤਾ ਉਹਦਾ ਹੀ ਫਲ ਪਾਉਣਾ ਜਾਂ ਭੁਗਤਣਾ ਹੈ। "ਫਲ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ॥" ਪੰਨਾ 468. ਜਪੁ ਵਿੱਚ ਵੀ ਸਿੱਖ ਰੋਜ਼ ਪੜ੍ਹਦਾ ਹੈ ਕਿ ਜੋ ਉਸ ਨੇ ਬੀਜਣਾ ਹੈ ਉਹੀ ਉਸਨੇ ਖਾਣਾ ਹੈ। "ਆਪੇ ਬੀਜਿ ਆਪੇ ਹੀ ਖਾਹੁ॥" ਪਰ ਨਾਲ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਕਰਤਾਰ ਦੇ ਸੱਚੇ ਦਰਬਾਰ ਵਿੱਚ ਹੀ ਕਰਮਾਂ ਮੁਤਾਬਿਕ ਫੈਸਲਾ ਹੁੰਦਾ ਹੈ। "ਕਰਮੀ ਕਰਮੀ ਹੋਇ ਵਚਿਾਰੁ॥" ਕਰਮਾਂ ਤੇ ਵਿਚਾਰ ਕਰਤਾਰ ਦੇ ਜਿਸ ਹੁਕਮ ਵਿੱਚ ਹੁੰਦੀ ਹੈ ਉਸ ਨੂੰ ਕੋਈ ਨਹੀ ਜਾਣ ਸਕਦਾ। ਜਪ ਬਾਣੀ ਦੇ ਸ਼ੁਰੂ ਵਿੱਚ ਹੀ ਇਹ ਫੈਸਲਾ ਦੇ ਦਿੱਤਾ ਗਿਆ ਹੈ ਕਿ "ਹੁਕਮੁ ਨ ਕਹਿਆ ਜਾਈ"। ਸਾਰੇ ਆਪੋ ਆਪਣਾ ਜ਼ੋਰ ਲਾਉਂਦੇ ਨੇ ਪਰ ਹੁੰਦਾ ਓਹੀ ਹੈ ਜੋ ਕਰਤਾਰ ਕਰਦਾ ਏ। "ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ॥" ਪੰਨਾ 469. ਅਗਰ ਕੋਈ ਇਨਸਾਨ ਆਪਣੇ ਕਰਮ ਦੀ ਗਤਿ ਤੋਂ ਵਾਕਫ ਹੈ ਤਾਂ ਤੇ ਉਸਨੂੰ ਇਹ ਪਤਾ ਹੋਏਗਾ ਕਿ ਉਸਨੂੰ ਕਰਮ ਦਾ ਕੀ ਫਲ ਮਿਲਣਾ ਏ। ਪਰ ਗੁਰਬਾਣੀ ਇਹ ਗਲ ਨਹੀਂ ਮੰਨਦੀ ਕਿਉਂਕਿ "ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ॥" ਪੰਨਾ 604. ਜ਼ਾਹਰ ਹੈ ਇੱਥੇ ਰਹਾਓ ਵਾਲੀ ਤੁਕ ਦਾ ਅਰਥ ਵੀ ਤੋੜ ਮੋਰੜ ਕੇ ਆਪਣੇ ਨਵੇਂ ਅਰਥਾ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਗਈ ਹੈ। ਧਿਆਨ ਵਿੱਚ ਰਹੇ ਕਿ "ਕਰਮ ਦੀ ਗਤਿ" ਦੇ ਇਲਮ ਹੋਣ ਦਾ ਦਾਅਵਾ ਸਿਰਫ ਪੁਜਾਰੀ (ਜੋ ਸਿੱਖ ਧਰਮ ਸਮੇਤ ਹਰ ਧਰਮ ਵਿੱਚ ਮੌਜ਼ੂਦ ਹੈ) ਹੀ ਕਰਦਾ ਹੈ ਜਿਸ ਨੇ ਹਰ ਇੱਕ ਕਰਮ ਨਾਲ ਫਲ ਜੋੜ ਆਪਣੀ ਦੁਕਾਨ ਚਲਾਈ ਹੋਈ ਹੈ। ਪਰ ਗੁਰਬਾਣੀ ਦਾ ਨਜ਼ਰੀਆ ਇਸ ਦੇ ਬਿਲਕੁਲ ਉਲਟ ਹੈ।

ਇਸ ਦੇ ਨਾਲ ਹੀ ਮਿਸ਼ਨਰੀ ਪ੍ਰਚਾਰਕਾਂ ਅੰਦਰ ਇੱਕ ਨਵੇਂ ਰੁਝਾਨ ਦੀ ਗੱਲ ਵੀ ਗੌਰ ਮੰਗਦੀ ਹੈ। ਇਹ ਰੁਝਾਨ ਚਿੰਤਾ ਦਾ ਵਿਸ਼ਾ ਵੀ ਹੈ। ਇਹ ਹੈ ਭਾਵ ਅਰਥ ਕਰਦਿਆਂ ਸ਼ਬਦਾਂ ਨੂੰ ਆਪਣੀ ਮਰਜ਼ੀ ਦੇ ਅਰਥ ਦੇਣਾ। ਅਗਰ ਇਹ ਅਰਥ ਕਿਸੇ ਤਰਕ ਤੇ ਨਹੀਂ ਟਿਕੇ ਹੋਏ ਤਾਂ ਇਹਨਾਂ ਭਾਵ ਅਰਥਾਂ ਅਤੇ ਸਾਖੀਆਂ ਵਿੱਚ ਕੀ ਫਰਕ ਰਹਿ ਜਾਂਦਾ ਹੈ। ਅਜਿਹੇ ਭਾਵ ਅਰਥ ਤਾਂ ਇੱਕ ਨਵੀਂ ਕਿਸਮ ਦੀਆਂ ਸਾਖੀਆਂ ਹੀ ਕਹਿਲਾਉਣਗੇ। ਮਿਸਾਲ ਦੇ ਤੌਰ ਤੇ "ਹਾਡ" ਦੇ ਅਰਥ ਕਿਸ ਤਰਕ ਨਾਲ ਭੈੜੇ ਖਿਆਲ ਬਣਦੇ ਨੇ ਇਹ ਸਮਝ ਤੋਂ ਬਾਹਰਾ ਹੈ। ਇਸੇ ਤਰ੍ਹਾਂ ਵੀਰ ਭੁਪਿੰਦਰ ਸਿੰਘ ਜੀ "ਸੁਲਹੀ ਤੇ ਨਾਰਾਇਣ ਰਾਖੁ" ਸ਼ਬਦ ਦੇ ਅਰਥ ਕਰਦਿਆਂ "ਸੁਲਹੀ" ਦਾ ਅਰਥ ਸੂਲੀ (ਫਾਂਸੀ) ਕਰਦੇ ਨੇ। ਮਨਘੜਤ ਭਾਵ ਅਰਥ ਮਨਘੜੳ ਸਾਖੀ ਨਾਲੋਂ ਘੱਟ ਖਤਰਨਾਕ ਨਹੀਂ ਹਨ। ਇੱਕ ਤਰ੍ਹਾ ਨਾਲ ਅਸਿਧੇ ਤੌਰ ਤੇ ਇਹ ਅਰਥ ਸਾਖੀਆਂ ਵਾਲੇ ਅਰਥਾਂ ਦੀ ਪ੍ਰੋੜਤਾ ਵੀ ਕਰਦੇ ਨੇ। ਸਾਖੀਆਂ ਨੂੰ ਤਰਕ ਨਾਲ ਰੱਦ ਕੀਤਾ ਜਾਂਦਾ ਹੈ। ਅਗਰ ਇਹਨਾਂ ਭਾਵ ਅਰਥਾਂ ਤੇ ਤਰਕ ਦੀ ਕਸਵੱਟੀ ਨਹੀਂ ਲਾਵਾਂਗੇ ਤਾਂ ਅਸੀ ਕਿਸ ਮੂੰਹ ਨਾਲ ਸਾਖੀਆਂ ਨੂੰ ਤਰਕ ਨਾਲ ਰੱਦ ਕਰਾਂਗੇ।

ਸ਼ਬਦ ਦਾ ਰਹਾਓ

ਰਹਾਓ ਵਾਲੀ ਤੁਕ ਵਿੱਚ ਕਬੀਰ ਸਾਹਿਬ ਕਰਮ ਕੀ ਗਤਿ ਦੀ ਗੱਲ ਕਰਦੇ ਨੇ। ਇਸ ਲਈ ਇਸ ਸ਼ਬਦ ਦੇ ਅਰਥ ਸਮਝਣ ਲਈ ਸਾਨੂੰ ਕਰਮ ਦਾ ਸਿਧਾਂਤ ਸਮਝਣਾ ਪੈਣਾ ਏ। ਕਰਮ ਸਿਧਾਂਤ ਅਨੁਸਾਰ ਕਰਮਾਂ ਦਾ ਸਭ ਤੋਂ ਵੱਡਾ ਫਲ ਮਨੁੱਖਾ ਜੀਵਨ ਹੈ ਜਿਸ ਵਿੱਚ ਮੁਕਤੀ ਦੀ ਪ੍ਰਾਪਤੀ ਸੰਭਵ ਹੈ। ਪਰ ਕੀ ਇਹ ਸੱਚ ਹੈ? ਕੀ ਮਨੁੱਖਾ ਜੀਵਨ ਪੂਰਬਲੇ ਕਰਮਾਂ ਨਾਲ ਮਿਲਦਾ ਹੈ? ਇਸ ਸਵਾਲ ਦਾ ਜਵਾਬ ਕਬੀਰ ਸਾਹਿਬ ਇਸ ਤੋਂ ਅਗਲੇ ਸ਼ਬਦ ਵਿੱਚ ਦਿੰਦੇ ਨੇ। ਧਿਆਨ ਗੋਚਰੇ ਰਹੇ ਕਿ ਗੁਰਬਾਣੀ ਦੀ ਸੰਪਾਦਨਾ ਇਸ ਢੰਗ ਨਾਲ ਕੀਤੀ ਗਈ ਹੈ ਕਿ ਕਿਸੇ ਸ਼ਬਦ ਦੇ ਅਰਥ ਸਮਝਣ ਲਈ ਉਸ ਤੋਂ ਅਗਲੇ ਪਿਛਲੇ ਸ਼ਬਦ ਵੀ ਬਹੁਤ ਸਹਾਈ ਹੁੰਦੇ ਨੇ। ਪੰਨਾ 870 ਤੇ ਇਸ ਸ਼ਬਦ ਤੋਂ ਬਾਅਦ ਅਗਲੇ ਸ਼ਬਦ ਦਾ ਪਾਠ ਇਸ ਤਰ੍ਹਾਂ ਹੈ।

ਆਕਾਸਿ ਗਗਨੁ ਪਾਤਾਲਿ ਗਗਨੁ ਹੈ ਚਹੁ ਦਿਸਿ ਗਗਨੁ ਰਹਾਇਲੇ॥ ਆਨਦ ਮੂਲੁ ਸਚਾ ਪੁਰਖੋਤਮੁ ਘਟ ਬਿਨਸੈ ਗਗਨੁ ਨ ਜਾਇਲੇ॥ 1॥ ਮੋਹਿ ਬੈਰਾਗੁ ਭਇਓ॥ ਇਹੁ ਜੀਉ ਆਇ ਕਹਾ ਗਇਓ॥ 1॥ ਰਹਾਓ॥ ਪੰਚ ਤਤੁ ਮਿਲਿ ਕਾਇਆ ਕੀਨੀ ਤਤੁ ਕਹਾ ਤੇ ਕੀਨੁ ਰੇ॥ ਕਰਮ ਬਦ ਤੁਮ ਜੀਉ ਕਹਤ ਹੋ ਕਰਮਹਿ ਕਿਨਿ ਜੀਉ ਦੀਨੁ ਰੇ॥ 2॥ ਹਰਿ ਮਹਿ ਤਨੁ ਹੈ ਤਨ ਮਹਿ ਹਰਿ ਹੈ ਸਰਬ ਨਿਰੰਤਰਿ ਸੋਇ ਰੇ॥ ਕਹੇ ਕਬੀਰ ਰਾਮ ਨਾਮੁ ਨ ਛੋਡਉ ਸਹਜੇ ਹੋਇ ਸੁ ਹੋਇ ਰੇ॥ 3॥

ਵਿਚਾਰ ਅਧੀਨ ਸ਼ਬਦ ਦੀ ਰਹਾਓ ਵਾਲੀ ਤੁਕ ਵਿੱਚ ਜੋ ਸਵਾਲ ਕਬੀਰ ਸਾਹਿਬ ਕਰਦੇ ਨੇ ਉਹ ਇਸ ਸ਼ਬਦ ਵਿੱਚ ਹੋਰ ਵੀ ਸਪਸ਼ਟ ਹੋ ਜਾਂਦਾ ਹੈ। "ਕਰਮ ਕੀ ਗਤਿ’ ਜਾਣੀ ਕਰਮਾਂ ਦਾ ਫਲ ਪ੍ਰਚਲਤ ਕਰਮ ਸਿਧਾਂਤ ਵਿੱਚ ਮਨੁੱਖਾ ਜਨਮ ਹੈ ਅਤੇ ਕਬੀਰ ਸਾਹਿਬ ਪੁਛ ਰਹੇ ਨੇ ਕਿ "ਮੋਹਿ ਬੈਰਾਗੁ ਭਇਓ॥ ਇਹੁ ਜੀਉ ਆਇ ਕਹਾ ਗਇਓ॥" ਭਾਵ ਇਹ ਮਨੁੱਖਾ ਜੀਵਨ ਕਿਵੇਂ ਹੋਂਦ ਵਿੱਚ ਆਇਆ। ਨਾਲ ਹੀ ਆਪਣਾ ਜਵਾਬ ਵੀ ਦੇ ਰਹੇ ਨੇ ਕਿ ਇਹ ਕਰਮਾਂ ਦਾ ਫਲ ਤਾਂ ਹੋ ਨਹੀ ਸਕਦਾ ਕਿਉਂਕਿ ਅਗਰ ਅਜਿਹਾ ਹੈ ਤਾਂ ਫਿਰ ਸਵਾਲ ਖੜਾ ਹੋ ਜਾਂਦਾ ਹੈ ਕਿ ਕਰਮ ਕਿੱਥੋਂ ਆਏ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਕਿ ਇਹ ਸਭ ਕਰਤਾਰ, ਜੋ "ਹਰਿ ਮਹਿ ਤਨੁ ਹੈ ਤਨ ਮਹਿ ਹਰਿ" ਦੇ ਰੂਪ ਵਿੱਚ "ਸਰਬ ਨਿਰੰਤਰਿ" ਹੈ, ਦੇ ਹੁਕਮ ਵਿੱਚ ਸਹਿਜੇ ਹੀ ਹੋ ਰਿਹਾ ਹੇ। ਇਹੀ ਗੱਲ ਗੁਰੂ ਅਰਜਨ ਸਾਹਿਬ ਪੰਨਾ 748 ਤੇ ਕਹਿ ਰਹੇ ਹੇ ਜਦੋਂ ਉਹ ਕਹਿੰਦੇ ਨੇ ਕਿ "ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ॥ ਅਪਨਾ ਖੇਲੁ ਆਪਿ ਕਰਿ ਦੇਖੈ ਠਾਕੁਰਿ ਰਚਨੁ ਰਚਾਇਆ॥" ਸ਼ਬਦ ਦੇ ਅਰਥ ਕਰਨ ਤੋਂ ਪਹਿਲਾਂ ਆਓ ਇੱਕ ਪਲ ਲਈ ਕਰਮ ਸਿਧਾਂਤ ਤੇ ਵੀ ਇੱਕ ਨਜ਼ਰ ਮਾਰ ਲਈਏ ਜੋ ਸਾਡੇ ਲਈ ਕਾਫੀ ਲਾਹੇਬੰਦ ਹੋਏਗੀ।

ਕਰਮ ਸਿਧਾਂਤ

ਭਾਰਤ ਦੇ ਖਿੱਤੇ ਵਿੱਚ ਪੈਦਾ ਹੋਏ ਬਹੁਤੇ ਧਰਮ ਇਹ ਮੰਨਦੇ ਨੇ ਕਿ ਬੰਦੇ ਦੇ ਇਸ ਜਨਮ ਵਿੱਚ ਕੀਤੇ ਕਰਮ ਹੀ ਇਹ ਨਿਰਧਾਰਿਤ ਕਰਦੇ ਨੇ ਕਿ ਉਸਦਾ ਅਗਲਾ ਜਨਮ ਕਿਸ ਜੂਨ ੱਿਵੱਚ ਅਤੇ ਕਿਸ ਤਰ੍ਹਾਂ ਦਾ ਹੋਣਾ ਹੈ। ਅਤੇ ਹੁਣਦਾ ਜਨਮ ਵੀ ਉਸਨੂੰ ਪਿਛਲੇ ਜਨਮਾ ਵਿੱਚ ਕੀਤੇ ਕਰਮਾਂ ਕਰਕੇ ਹੀ ਮਿਲਿਆ ਹੈ। ਇੱਕ ਤਰ੍ਹਾਂ ਨਾਲ ਇਹ ਬੰਦੇ ਨੂੰ ਚੰਗੇ ਕੰਮ ਕਰਨ ਲਈ ਪ੍ਰੇਰਨਾ ਅਤੇ ਬੁਰਿਆਈ ਦੀ ਹੋਂਦ ਦਾ ਇਹਨਾ ਧਰਮਾਂ ਵਲੋਂ ਸਪਸ਼ਟੀਕਰਣ ਸੀ ਅਤੇ ਹੈ। ਕਰਮ ਸਿਧਾਂਤ ਦੇ ਇਤਿਹਾਸ ਨੂੰ ਘੋਖਣ ਤੋਂ ਪਤਾ ਚਲਦਾ ਹੈ ਕਿ ਸ਼ੁਰੂ ਸ਼ੁਰੂ ਵਿੱਚ ਇਹਨਾਂ ਕਰਮਾਂ ਦਾ ਨੈਤਿਕਤਾ ਜਾਂ ਇਖਲਾਕ ਨਾਲ ਕੋਈ ਸਬੰਧ ਨਹੀਂ ਸੀ ਬਲਕਿ ਇਹ ਸਿਰਫ ਦੇਵਤਿਆਂ ਨੂੰ ਖੁਸ਼ ਕਰਨ ਲਈ ਬਲੀ ਜਾਂ ਕੁਰਬਾਨੀ ਆਦਿ ਕਰਮ ਕਾਂਢ ਦੀਆਂ ਰਸਮਾਂ ਹੀ ਸਨ। ਪਰ ਬਾਅਦ ਵਿੱਚ ਜਿਉਂ ਜਿਉਂ ਪੁਜਾਰੀ ਤਾਕਤਵਰ ਬਣਦਾ ਗਿਆ ਦੇਵਤਿਆਂ ਦੀ ਜਗ੍ਹਾ ਵੀ ਪੁਜਾਰੀ ਨੇ ਖੁਦ ਲੈ ਲਈ ਅਤੇ ਇਸ ਨਾਲ ਨੈਤਿਕਤਾ ਵੀ ਜੁੜ ਗਈ। ਦੇਵਤਿਆਂ ਦੇ ਵਿੱਚੋਂ ਨਿਕਲਣ ਤੇ ਇਹ ਕਰਮ ਆਪਣੇ ਆਪ ਵਿੱਚ ਸਵੈਚਾਲਕ ਹੋ ਸਬੱਬ ਅਤੇ ਸਿੱਟੇ (Cause and Effect) ਦੀ ਖੇਡ ਬਣਾ ਦਿੱਤੇ ਗਏ। ਇਹਨਾਂ ਨਾਲ ਨੈਤਿਕਤਾ ਅਤੇ ਪੁੰਨ ਪਾਪ ਵੀ ਜੁੜ ਗਏ। ਇਸ ਤਰ੍ਹਾਂ ਨਾਲ ਸਾਰੇ ਕਿਰਿਆ ਕਰਮ ਅਤੇ ਪੂਜਾ ਪਾਠ (ਜੋ ਪੁਜਾਰੀ ਵਾਸਤੇ ਚੋਖੀ ਕਮਾਈ ਦਾ ਸਾਧਨ ਨੇ) ਦੇ ਰਸਤੇ ਵੀ ਖੁੱਲ ਗਏ। ਮਸਲਨ ਅਗਰ ਫਲਾਣਾ ਕਰਮ ਕਾਂਢ ਕਰੋ ਤਾਂ ਫਲਾਣਾ ਫਲ ਜਰੂਰ ਮਿਲੇਗਾ। ਤੀਰਥ ਯਾਤਰਾ ਕਰਨ ਦਾ ਜੋ ਫਲ ਪੁਜਾਰੀ ਨਿਰਧਾਰਿਤ ਕਰਦਾ ਹੈ ਉਹ ਹਰ ਹਾਲਤ ਵਿੱਚ ਮਿਲਦਾ ਹੈ। ਇੱਕ ਤਰ੍ਹਾਂ ਨਾਲ ਰੱਬ ਨੂੰ ਸਿਰਫ ਰਬੜ ਦੀ ਮੋਹਰ ਬਣਾ ਦਿੱਤਾ ਜੋ ਪੁਜਾਰੀ ਦੇ ਬਣਾਏ ਕਰਮਾਂ ਦੇ ਸਮੀਮਕਰਣਾ ਅਨੁਸਾਰ ਫਲ ਦੇਣ ਲਈ ਮਜਬੂਰ ਹੈ। ਕਰਮਾਂ ਦੇ ਫਲ ਨੂੰ ਇੱਕ ਜਨਮ ਤੋਂ ਦੂਜੇ ਜਨਮ ਤਕ ਲਿਜਾਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੁਜਾਰੀ ਨੇ ਆਤਮਾ ਦਾ ਸੰਕਲਪ ਪੈਦਾ ਕੀਤਾ। ਰੱਬ ਨੂੰ ਤਾਂ (ਪੁਜਾਰੀ ਸਾਹਮਣੇ) ਬੇਬੱਸ ਤੇ ਸ਼ਕਤੀਹੀਣ ਬਣਾ ਦਿੱਤਾ ਗਿਆ ਪਰ ਕਰਮਾਂ ਦਾ ਬਕਾਇਆ ਲੈਣ ਦੇਣ ਰੂਹ ਜਾਂ ਆਤਮਾ ਰਾਹੀਂ ਅਗਲੇ ਜਨਮ ਵਿੱਚ ਲਿਜਾਣ ਦਾ ਰਸਤਾ ਖੋਲ ਲਿਆ ਗਿਆ। ਨਾਲ ਹੀ ਇਹ ਵੀ ਖੁੱਲ ਦੇ ਦਿੱਤੀ ਗਈ ਕਿ ਕਰਮ ਇੱਕ ਬੰਦੇ ਤੋਂ ਦੂਜੇ ਬੰਦੇ ਵਿੱਚ ਤਬਦੀਲ ਵੀ ਹੋ ਸਕਦੇ ਨੇ। ਜਿਵੇਂ ਅਸੀ ਬੈਂਕ ਵਿੱਚ ਪੈਸਾ ਇੱਕ ਖਾਤੇ ਵਿੱਚੋਂ ਦੁਜੇ ਖਾਤੇ ਵਿੱਚ ਪਾ ਸਕਦੇ ਹਾਂ ਇਸੇ ਤਰ੍ਹਾਂ ਇੱਕ ਬੰਦੇ ਦੇ ਕਰਮਾਂ ਦਾ ਫਲ ਦੂਜੇ ਬੰਦੇ (ਜੀਉਂਦਾ ਜਾ ਮੁਰਦਾ) ਨੂੰ ਮਿਲ ਸਕਣ ਦੀ ਖੁਲ ਦੇ ਦਿੱਤੀ ਗਈ। ਇਸ ਨਾਲ ਹੀ ਬੰਦੇ ਦੀ ਮੌਤ ਤੋਂ ਬਾਅਦ ਦੇ ਕਿਰਿਆ ਕਰਮਾਂ ਦੀ ਸ਼ੁਰੂਆਤ ਹੋ ਗਈ। ਮੌਤ ਤੋਂ ਬਾਅਦ ਵਾਰਸਾਂ ਵਲੋਂ ਕੀਤੇ ਪੂਜਾ ਪਾਠ ਦਾ ਫਲ ਵਿੱਛੜੀ ਹੋਈ ਆਤਮਾ ਨੂੰ ਮਿਲਣ ਲਗ ਪਿਆ। ਸਿੱਖ ਵੀ ਮਰੇ ਹੋਏ ਪ੍ਰਾਣੀ ਲਈ ਅਕਸਰ ਅਰਦਾਸ, ਤੇ ਅਖੰਡ ਪਾਠ ਆਦਿ ਕਰਾਉਂਦੇ ਨੇ ਜੋ ਕਿ ਸਿੱਖੀ ਅੰਦਰ ਫੈਲੇ ਪੁਜਾਰੀਵਾਦ ਦਾ ਸਬੂਤ ਅਤੇ ਪੁਜਾਰੀ ਤਬਕੇ ਲਈ ਚੋਖੀ ਕਮਾਈ ਦਾ ਸਾਧਨ ਹੈ। ਇਸ ਸ਼ਬਦ ਵਿੱਚ ਕਬੀਰ ਸਾਹਿਬ ਕਰਮ ਦੀ ਗਤਿ ਨਾ ਜਾਣ ਸਕਣ ਦੀ ਘੋਸ਼ਣਾ ਕਰ ਇਸ ਸਿਧਾਂਤ ਦਾ ਹੀ ਖੰਡਣ ਕਰ ਰਹੇ ਨੇ। ਜ਼ਰਾ ਸੋਚੋ ਅਗਰ ਪੁਜਾਰੀ ਇਹ ਮੰਨ ਲਏ ਕਿ ਉਸ ਨੂੰ ਕਰਮਾ ਦੀ ਗਤਿ ਦਾ ਕੋਈ ਇਲਮ ਨਹੀਂ ਹੈ ਤਾਂ ਉਸ ਦੇ ਉਸਾਰੇ ਸਾਰੇ ਦੇ ਸਾਰੇ ਮਹਿਲ ਢਹਿ ਢੇਰੀ ਹੋ ਜਾਣਗੇ। ਅਗਰ ਅਸੀਂ ਇਸ ਨਜ਼ਰੀਏ ਤੋਂ ਅਰਥ ਸਮਝਦੇ ਹਾਂ ਤਾਂ ਸਾਰੀ ਗੱਲ ਚਿੱਟੇ ਦਿਨ ਦੀ ਤਰ੍ਹਾਂ ਨਿੱਖਰ ਆਉਂਦੀ ਹੈ।

ਸ਼ਬਦ ਦੇ ਅਰਥ

ਆਓ ਹੁਣ ਉੱਪਰਲੀ ਵਿਚਾਰ ਦੀਆਂ ਕੜੀਆਂ ਜੋੜ ਕੇ ਇਸ ਸ਼ਬਦ ਦੇ ਅਰਥ ਸਮਝਣ ਦਾ ਯਤਨ ਕਰੀਏ। ਕਬੀਰ ਸਾਹਿਬ ਰਹਾਓ ਵਾਲੀ ਪੰਗਤੀ ਵਿੱਚ ਕਹਿੰਦੇ ਨੇ ਕਿ ਮੈਨੂੰ ਕੋਈ ਇਲਮ ਨਹੀਂ ਕਿ ਮੇਰੇ ਕੀਤੇ ਕਰਮਾਂ ਦੀ ਗਤਿ ਭਾਵ ਫਲ ਕੀ ਮਿਲੇਗਾ। (ਹਾਂ ਤੁਸੀ ਅਗਰ ਕਹਿੰਦੇ ਹੋ ਕਿ ਇਸ ਨਾਲ ਮੈਨੂੰ ਵਧੀਆ ਮਨੁੱਖਾ ਜੂਨ (ਸਰੀਰ) ਮਿਲੇਗੀ ਤਾਂ ਦੱਸੋ ਇਹ ਵਧੀਆਂ ਕਿਵੇਂ ਹੈ, ਕਿਉਂਕਿ) ਮੈਂ ਤਾਂ ਇਹ ਦੇਖਦਾ ਹਾਂ ਕਿ ਮਰਨ ਉਪਰੰਤ ਪਸ਼ੂ ਦਾ ਸਰੀਰ ਸੌ ਕੰਮ ਆੳਂਦਾ ਹੈ ਜਦਕਿ ਮਨੁੱਖਾ ਸਰੀਰ ਕਿਸੇ ਵੀ ਕੰਮ ਨਹੀਂ ਆਉਦਾ। ਬਲਕਿ ਮਨੁੱਖ ਦੇ ਸਾਰੇ ਸਰੀਰ ਨੂੰ ਅਗਨ ਭੇਟ ਕਰ ਦਿੱਤਾ ਜਾਂਦਾ ਹੈ। ਹੱਡ ਲੱਕੜ ਦੀ ਤਰ੍ਹਾਂ ਜਲਦੇ ਨੇ ਅਤੇ ਕੇਸ ਘਾਹ ਦੀ ਤਰ੍ਹਾਂ। ਆਖਰੀ ਪੰਗਤੀ ਵਿੱਚ ਕਬੀਰ ਸਾਹਿਬ ਇਹ ਸਮਝਾਉਂਦੇ ਨੇ ਕਿ ਅਸਲ ਵਿੱਚ ਮਨੁੱਖ ਪਸੂ ਨਾਲੋ ਚੰਗਾ ਕਿਵੇਂ ਬਣ ਸਕਦਾ ਹੈ। ਇਹ ਪਿਛਲੇ ਜਨਮਾਂ ਵਿੱਚ ਕੀਤੇ ਕਰਮਾਂ ਕਰਕੇ ਨਹੀਂ ਬਣਦਾ ਬਲਕਿ ਜਦੋਂ ਮਨੁੱਖ ਇਹ ਇਹਸਾਸ ਕਰ ਲਏ ਕਿ ਮੌਤ ਇੱਕ ਸੱਚ ਹੈ ਤਾਂ ਬਣਦਾ ਹੈ। ਭਾਵ ਜਦੋਂ ਉਹ ਇਸ ਸਰੀਰ ਦੇ ਸੱਚ ਨੂੰ ਸਮਝ ਜਾਂਦਾ ਹੈ। ਤਾਂ ਹੀ ਉਹ ਜਾਗਦਾ ਏ। ਨਹੀ ਤਾਂ ਉਸ ਦੀ ਅਸਲੀਅਤ ਕਰਤੂਤ ਪਸੂ ਕੀ ਮਾਨਸ ਜਾਤ ਹੈ। ਆਖਰੀ ਤੁੱਕ ਹੈ "ਕਹੁ ਕਬੀਰ ਤਬ ਹੀ ਨਰੁ ਜਾਗੈ॥ ਜਮ ਕਾ ਡੰਡੁ ਮੂੰਡ ਮਹਿ ਲਾਗੈ॥"। ਅਗਰ ਅਸੀਂ ਇਸ ਤੁਕ ਦੇ ਅਰਥ ਕਰੀਏ ਕਿ ਮਰਨ ਤੋਂ ਬਾਅਦ ਹੀ ਪਤਾ ਲਗਣ ਤੇ ਬੰਦਾ ਪਛਤਾਉਂਦਾ ਹੈ ਤਾਂ ਇਹ ਗੱਲ ਗੁਰਬਾਣੀ ਦੀ ਸੋਚ ਨਾਲ ਨਹੀਂ ਮਿਲਦੀ। ਗੁਰਬਾਣੀ ਦਾ ਫੈਸਲਾ ਹੈ ਕਿ ਮਰਨ ਤੋਂ ਬਾਅਦ ਕੀ ਹੁੰਦਾ ਹੈ ਕਿਸੇ ਨੂੰ ਨਹੀਂ ਪਤਾ। ਕਬੀਰ ਸਾਹਿਬ ਇੱਥੇ ਮਰਣ ਦੀ ਨਹੀ ਬਲਕਿ ਜਾਗਣ ਦੀ ਗੱਲ ਕਰ ਰਹੇ ਨੇ ਇਸ ਲਈ ਇਹ ਮੌਤ ਤੋਂ ਬਾਅਦ ਦੀ ਗੱਲ ਨਹੀਂ ਹੋ ਸਕਦੀ। ਜਮ ਦਾ ਡੰਡਾ ਮੂੰਡ (ਦਿਮਾਗ) ਵਿੱਚ ਲੱਗਣ ਦੀ ਗੱਲ ਕਰ ਰਹੇ ਨੇ ਭਾਵ ਬਿਬੇਕ ਬੁੱਧ ਪ੍ਰਗਟ ਹੋਣ ਦੀ ਗਲ ਕਰ ਰਹੇ ਨੇ ਨ ਕਿ ਬੰਦੇ ਦੇ ਮਰਣ ਉਪਰੰਤ ਪਛਤਾਵਣ ਦੀ। ਇਹ ਸੱਚ ਹੈ ਕ ਬੰਦਾ ਜਦੋਂ ਤੱਕ ਮੋਹ ਮਾਇਆ ਵਿੱਚ ਗਲਤਾਨ ਰਹਿੰਦਾ ਹੈ ਉਦੋਂ ਤੱਕ ਉਸ ਨੂੰ ਮੌਤ ਭੁੱਲੀ ਰਹਿੰਦੀ ਹੈ। ਬਿਬੇਕ ਬੁੱਧ ਪ੍ਰਗਟ ਹੋਣ ਨਾਲ ਬੰਦੇ ਦਾ ਮੋਹ ਮਾਇਆ ਦੀ ਧਾਤ ਤੇ ਮੁਕੰਮਲ ਕੰਟਰੋਲ ਹੋ ਜਾਂਦਾ ਹੈ ਅਤੇ ਉਸ ਨੂੰ ਮੌਤ ਯਾਦ ਰਹਿੰਦੀ ਹੈ। ਫਿਰ ਉਹ ਸਮਝ ਜਾਂਦਾ ਹੈ ਕਿ "ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਿਬ ਹੰਢੀਐ॥" ਪੰਨਾ 473. ਅਗਰ ਮੌਤ ਯਾਦ ਆ ਜਾਏ ਤਾਂ ਮਾਇਆ ਦਾ ਨਸ਼ਾ ਵੀ ਉੱਤਰ ਜਾਂਦਾ ਹੈ। ਪਸ਼ੂ ਨੂੰ ਮੌਤ ਨਹੀਂ ਯਾਦ ਹੁੰਦੀ। ਉਹ ਜੀਉਣ ਦੀ ਧਾਤ ਦੀ ਜਬਰਦਸਤ ਜਕੜ ਵਿੱਚ ਹੈ। ਸਿਰਫ ਜੀਉਂਦੇ ਰਹਿਣਾ ਚਾਹੁੰਦਾ ਹੈ। ਸ਼ਹਾਦਤ ਸਿਰਫ ਮਨੁੱਖ ਦੇ ਹਿੱਸੇ ਆਈ ਹੈ। ਉਸ ਮਨੁੱਖ ਦੇ ਜਿਸ ਨੇ ਮੌਤ ਦਾ ਸੱਚ ਜਾਣਿਆ ਅਤੇ ਮੰਨਿਆ। ਸਾਰਾ ਜੱਗ ਅਮਲੀ ਹੈ ਪਰ ਅਜਿਹੇ ਮਨੁੱਖਾ ਦੀ ਗਿਣਤੀ ਸੋਫੀਆਂ ਵਿੱਚ ਹੁੰਦੀ ਹੈ। ਗੁਰ ਨਾਨਕ ਸਾਹਿਬ ਦੇ ਬਚਨ ਨੇ, "ਅਮਲੁ ਗਲੋਲਾ ਕੂੜ ਕਾ ਦਿੱਤਾ ਦੇਵਣਹਾਰਿ॥ ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ॥ ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ॥" ਪੰਨਾ 15.

ਸੋ ਇਸ ਸ਼ਬਦ ਵਿੱਚ ਕਬੀਰ ਸਾਹਿਬ ਪ੍ਰਚਲਤ ਕਰਮ ਸਿਧਾਂਤ ਦਾ ਖੰਡਨ ਕਰਦੇ ਹੋਏ ਸਾਨੂੰ ਇਸ ਮਨੁੱਖਾ ਸਰੀਰ ਦੀ ਅਸਲੀਅਤ ਤੋਂ ਜਾਣੂ ਕਰਾਉਂਦੇ ਨੇ। ਇਸ ਸਰੀਰ ਪਿਛਲੇ ਜਨਮਾਂ ਦੇ ਕਰਮਾਂ ਕਰਕੇ ਨਹੀਂ ਮਿਲਿਆ ਨਾ ਹੀ ਇਹ ਦੂਸਰੇ ਪਸ਼ੂਆਂ ਨਾਲੋ ਬੇਹਤਰ ਹੈ ਜਦ ਤਕ ਬਿਬੇਕ ਬੁੱਧ ਪ੍ਰਗਟ ਨਹੀਂ ਹੁੰਦੀ। ਇਸ ਸਰੀਰ ਆਪਣੇ ਆਪ ਵਿੱਚ ਪਸ਼ੂਆਂ ਨਾਲੋ ਬੇਹਤਰ ਨਹੀਂ ਹੈ। ਦਿਮਾਗ ਦੇ ਜਾਗਣ ਨਾਲ ਇਹ ਬੇਹਤਰ ਬਣਦਾ ਹੈ। ਇਹ ਗੱਲ ਸਦੀਆਂ ਤੋਂ ਹੋਰ ਫਿਲਾਸਫਰ ਜਾਂ ਚਿੰਤਕ ਲੋਕ ਵੀ ਕਹਿੰਦੇ ਆ ਰਹੇ ਨੇ। ਅਰਸਤੂ ਨੇ ਵੀ ਕਿਹਾ ਸੀ ਬੰਦੇ ਨੂੰ ਜੋ ਗੱਲ ਪੇੜ ਪੌਦਿਆਂ ਅਤੇ ਜਾਨਵਰਾਂ ਤੋ ਨਿਖੇੜਦੀ ਹੈ ਉਹ ਬਿਬੇਕ ਬੁੱਧ ਹੀ ਹੈ। ਇਸੇ ਕਰਕੇ ਉਹ ਬੰਦੇ ਨੂੰ ਰੈਸ਼ਨਲ ਐਨੀਮਲ (Rational Animal) ਕਹਿੰਦਾ ਹੈ। (6) ਅਗਰ ਜਮ ਦਾ ਡੰਡਾ ਮੂੰਡ ਵਿੱਚ ਨਹੀਂ ਵੱਜਦਾ ਤਾਂ ਮਨੁੱਖਾ ਸਰੀਰ ਦੀ ਅਸਲੀਅਤ ਕਬੀਰ ਸਾਹਿਬ ਰਾਗ ਗਉੜੀ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਨੇ "ਅਨਿਕ ਜਤਨ ਕਰਿ ਕਾਇਆ ਪਾਲੀ॥ ਮਰਤੀ ਬਾਰ ਅਗਨਿ ਸੰਗਿ ਜਾਲੀ॥ 2॥ ਚੋਆ ਚੰਦਨੁ ਮਰਦਨ ਅੰਗਾ॥ ਸੋ ਤਨ ਜਲੈ ਕਾਠ ਕੈ ਸੰਗਾ॥ 3॥" ਪੰਨਾ 325

ਹਵਾਲੇ

  1. ਸੱਚ ਖੋਜ਼ ਅਕੈਡਮੀ ਦੀ ਵਿਚਾਰ ਇਸ ਲਿੰਕ ਤੇ ਸੁਣੋ।

    https://www.youtube.com/watch?v=VhreEyUlpSU

  2. ਸੁਖਵਿੰਦਰ ਸਿੰਘ ਦੇ ਵਿਚਾਰ ਇਸ ਲਿੰਕ ਤੇ ਸੁਣੇ ਜਾ ਸਕਦੇ ਹਨ।

    https://www.youtube.com/watch?v=QO0KOvZHNC8

  3. ਭਾਈ ਹਰਬੰਸ ਸਿੰਘ ਕੀਰਤਨ ਦਾ ਲਿੰਕ ਹੇਠਾਂ ਹੈ।

    https://www.youtube.com/watch?v=5vHMdDAGgCs

  4. ਭਾਈ ਬਲਜੀਤ ਸਿੰਘ ਦੇ ਵਿਚਾਰ ਇਸ ਲਿੰਕ ਤੇ ਸੁਣੇ ਜਾ ਸਕਦੇ ਹਨ। https://www.youtube.com/watch?v=L4DmR1SuhBE
  5. WHO ਦੀ ਰੀਪੋਰਟ ਇਸ ਲਿੰਕ ਤੇ ਪੜ੍ਹੀ ਜਾ ਸਕਦੀ ਹੈ॥ https://www.who.int/news-room/fact-sheets/detail/female-genital-mutilation
  6. ਇਹ ਗੱਲ ਅਰਸਤੂ ਆਪਣੀ ਕਿਤਾਬ Ethics ਵਿੱਚ ਕਹਿੰਦਾ ਹੈ।

ਬੇਨਤੀ

ਮੇਰੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਲਿਖੇ ਹੋਰ ਲੇਖ ਅਤੇ ਗੁਰਬਾਣੀ ਦਾ ਅੰਗਰੇਜ਼ੀ ਵਿੱਚ ਉਲਥਾ ਪੜ੍ਹਨ ਲਈ ਮੇਰੀ ਵੈੱਬ ਸਾਈਟ www.understandingguru.com ਤੇ ਤੁਹਾਡਾ ਤਹਿਦਿਲੋਂ ਸਵਾਗਤ ਹੈ।

(ਸੰਪਾਦਕੀ ਨੋਟ:- ਗੁਰਬਾਣੀ ਨਾ ਤਾਂ ਕੋਈ ਮੰਤਰ ਹੈ ਅਤੇ ਨਾ ਹੀ ਅੱਖਰ-ਅੱਖਰ ਸਦੀਵੀ ਸੱਚ ਹੈ, ਜਿਵੇਂ ਕਿ ਆਮ ਕਿਹਾ ਜਾਂਦਾ ਹੈ ਅਤੇ ਕਿਸੇ ਸਮੇਂ ਮੈਂ ਵੀ ਕਹਿੰਦਾ ਰਿਹਾ ਹਾਂ। ਹਉ ਆਪਹੁ ਬੋਲਿ ਨਾ ਜਾਣਦਾ ਮੈ ਕਿਹਾ ਸਭ ਹੁਕਮਾਉ ਜੀਉ॥ ਅਤੇ ਜੈਸੀ ਮੈ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ ਵਰਗੀਆਂ ਪੰਗਤੀਆਂ ਬਾਰੇ ਆਮ ਕੀ ਧਾਰਨਾ ਹੈ? ਸਮੁੱਚੀ ਗੁਰਬਾਣੀ ਦਾ ਅਸਲੀ ਕੇਂਦਰੀ ਭਾਵ ਕੀ ਹੈ? ਇਨ੍ਹਾਂ ਸਾਰੀਆਂ ਗੱਲਾਂ ਬਾਰੇ ਮੇਰੇ ਦਿਮਾਗ ਵਿੱਚ ਇੱਕ ਵਿਚਾਰ ਆਈ ਹੈ ਜੋ ਕਿ ਅੱਖਾਂ ਠੀਕ ਹੋਣ ਤੋਂ ਬਾਅਦ ਇੱਕ ਲੇਖ ਲਿਖ ਕੇ ਤੁਹਾਡੇ ਸਾਹਮਣੇ ਰੱਖਾਂਗਾ ਫਿਰ ਉਸ ਉਪਰ ਖੁੱਲ ਕੇ ਵਿਚਾਰ ਕਰਾਂਗੇ। ਇਸਤ੍ਰੀਆਂ ਦੀ ਸੁੰਨਤ ਬਾਰੇ ਵਿਚਾਰ ਮੈਂ ਵੀ ਪਹਿਲਾਂ ਇੱਕ ਲੇਖ ਵਿੱਚ ਕਰ ਚੁੱਕਾ ਹਾਂ। ਕਈਆਂ ਦਾ ਗਿਆਨ ਇਸ ਬਾਰੇ ਅਧੂਰਾ ਸੀ ਕਿ ਇਸਤ੍ਰੀਆਂ ਦੀ ਸੁੰਨਤ ਵੀ ਕੀਤੀ ਜਾਂਦੀ ਹੈ। ਕਿਰਪਾ ਕਰਕੇ ਮੇਰੇ ਇਸ ਸੰਪਾਦਕੀ ਨੋਟ ਬਾਰੇ ਮੈਨੂੰ ਕੋਈ ਸਵਾਲ ਨਾ ਕੀਤਾ ਜਾਵੇ ਕਿਉਂਕਿ ਕੱਲ 10 ਜੂਨ ਨੂੰ ਮੇਰੀ ਇੱਕ ਅੱਖ ਦੀ ਸਰਜਰੀ ਹੋਣੀ ਹੈ ਇਸ ਲਈ ਜਵਾਬ ਦੇਣਾ ਸੰਭਵ ਨਹੀਂ ਹੋਵੇਗਾ। ਮੇਰੇ ਅਗਲੇ ਲੇਖ ਦਾ ਇੰਤਜ਼ਾਰ ਕਰੋ ਅਤੇ ਉਤਨਾ ਚਿਰ ਤੁਸੀਂ ਆਪਸ ਵਿੱਚ ਇਸ ਲੇਖ ਉਪਰ ਵਿਚਾਰ ਕਰਦੇ ਰਹੋ-ਧੰਨਵਾਦ।)




.