ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਦੇਰੀ ਕਰਨੀ
ਮਨੁਖੀ ਸੁਭਾਅ ਦੀ ਬਣਤਰ ਹੀ ਕੁੱਝ
ਇਸ ਤਰ੍ਹਾਂ ਦੀ ਹੈ ਕਿ ਚੰਗੇ ਕੰਮ ਕਰਨ ਲਈ ਆਲਸ ਆਉਂਦਾ ਹੈ ਪਰ ਬੁਰਾ ਕਰਮ ਕਰਨਾ ਹੋਵੇ ਤਾਂ ਬਹੁਤ
ਛੇਤੀ ਕਰਦਾ ਹੈ। ਚੰਗੀ ਪੁਸਤਕ ਪੜ੍ਹਨੀ ਹੋਵੇ ਤਾਂ ਨੀਂਦ ਜ਼ੋਰ ਪਾ ਲੈਂਦੀ ਹੈ ਪਰ ਜੇ ਟੀ ਵੀ `ਤੇ
ਕੋਈ ਨਾਟਕ ਜਾਂ ਫਿਲਮ ਦੇਖਣੀ ਹੋਵੇ ਤਾਂ ਇਸ ਨੂੰ ਕਦੇ ਨੀਂਦ ਨਹੀਂ ਆਉਂਦੀ। ਚੰਗੇ ਪੜ੍ਹੇ ਲਿਖੇ ਲੋਕ
ਵੀ ਅਕਸਰ ਆਪਣੇ ਜੀਵਨ ਵਿੱਚ ਲੇਟ ਹੀ ਚਲਦੇ ਹਨ। ਮੈਂ ਕਈ ਵੀਰਾਂ ਨੂੰ ਦੇਖਿਆ ਹੈ ਕਿ ਉਹ ਸਾਰੀ
ਜ਼ਿੰਦਗੀ ਆਪਣੇ ਕੰਮ `ਤੇ ਲੇਟ ਹੀ ਜਾਂਦੇ ਰਹੇ ਹਨ। ਇਹ ਬਿਮਾਰੀ ਸਾਡੇ ਵਰਗੇ ਧਰਮ ਕਰਮ ਨਿਭਾਹੁੰਣ
ਵਾਲੇ ਮੁਲਕ ਵਿੱਚ ਸਭ ਤੋਂ ਵੱਧ ਹੈ। ਵਿਕਸਤ ਮੁਲਕਾਂ ਵਿੱਚ ਕਦੇ ਵੀ ਕੋਈ ਆਦਮੀ ਆਪਣੀ ਨੌਕਰੀ ਤੋਂ
ਲੇਟ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਰੱਬੀ ਨਿਯਮ ਨੂੰ ਅਪਨਾ ਲਿਆ ਹੋਇਆ ਹੈ। ਦੇਰ ਕਿਥੇ ਕਰਨੀ ਹੈ
ਤੇ ਕਿਥੇ ਨਹੀਂ ਕਰਨੀ ਇਸ ਦੀ ਚਰਚਾ ਗੁਰਦੇਵ ਪਿਤਾ ਜੀ ਦਸਦੇ ਹਨ--
ਨਹ ਬਿਲੰਬ ਧਰਮੰ, ਬਿਲੰਬ ਪਾਪੰ।।
ਦ੍ਰਿੜੰਤ ਨਾਮੰ ਤਜੰਤ ਲੋਭੰ।।
ਸਰਣਿ ਸੰਤੰ ਕਿਲਬਿਖ ਨਾਸੰ ਪ੍ਰਾਪਤੰ ਧਰਮ ਲਖਿੵਣ॥
ਨਾਨਕ ਜਿਹ ਸੁਪ੍ਰਸੰਨ ਮਾਧਵਹ।। ੧੦।।
ਅੱਖਰੀਂ ਅਰਥ--—ਧਰਮ ਕਮਾਣ ਵਲੋਂ ਢਿੱਲ ਨਾਹ ਕਰਨੀ, ਪਾਪਾਂ ਵਲੋਂ ਢਿੱਲ ਕਰਨੀ, ਨਾਮ
(ਹਿਰਦੇ ਵਿਚ) ਦ੍ਰਿੜ ਕਰਨਾ ਅਤੇ ਲੋਭ ਤਿਆਗਣਾ, ਸੰਤਾਂ ਦੀ ਸਰਨ ਜਾ ਕੇ ਪਾਪਾਂ ਦਾ ਨਾਸ ਕਰਨਾ—ਹੇ
ਨਾਨਕ! ਧਰਮ ਦੇ ਇਹ ਲੱਛਣ ਉਸ ਮਨੁੱਖ ਨੂੰ ਪ੍ਰਾਪਤ ਹੁੰਦੇ ਹਨ ਜਿਸ ਉਤੇ ਪਰਮਾਤਮਾ ਮੇਹਰ ਕਰਦਾ ਹੈ।
੧੦।
ਵਿਚਾਰ ਚਰਚਾ
੧ ਜਦੋਂ ਆਪਣੀ ਜ਼ਿੰਮੇਵਾਰੀ ਨਿਬਾਹੁੰਣੀ ਹੈ ਤਾਂ ਮਨੁੱਖ ਨੂੰ ਕਦੇ ਵੀ ਦੇਰ ਨਹੀਂ ਕਰਨੀ ਚਾਹੀਦੀ।
੨ ਜਦੋਂ ਘਟੀਆ ਸੋਚ ਜਨਮ ਲੈਣ ਲਗਦੀ ਹੈ ਤਾਂ ਓਦੋਂ ਜ਼ਰੂਰ ਦੇਰ ਕਰਨੀ ਚਾਹੀਦੀ ਹੈ। ਇਸ ਦਾ ਭਾਵ ਅਰਥ
ਇਹ ਨਹੀਂ ਕਿ ਵਿਕਾਰੀ ਸੋਚ ਤੋਂ ਦੇਰ ਕਰ ਲਈਏ ਤੇ ਫਿਰ ਅਗਲੇ ਦਿਨ ਵਿਕਾਰ ਕਰ ਲਈਏ। ਦੇਰ ਕਰਨ ਤੋਂ
ਅਰਥ ਵਿਕਾਰੀ ਸੋਚ ਦਾ ਜਨਮ ਹੀ ਨਹੀਂ ਹੋਣ ਦੇਣ ਤੋਂ ਹੈ।
੩ ਗੁਰੂ ਸਾਹਿਬ ਦੇ ਉਪਦੇਸ਼ ਨੂੰ ਆਪਣੇ ਮਨ ਵਿੱਚ ਪੱਕਾ ਕਰਨ ਦਾ ਯਤਨ ਕਰ ਭਾਵ ਉਸ ਦੀ ਵਰਤੋਂ ਕਰਕੇ
ਅਮਲੀ ਜਾਮਾ ਪਹਿਨਾਉਣ ਨੂੰ ਤਰਜੀਹ ਦੇਹ।
੪ ਜਿੱਥੇ ਜ਼ਿੰਮੇਵਾਰੀ ਤੋਂ ਦੇਰ ਨਹੀਂ ਕਰਨੀ, ਘਟੀਆ ਕਰਮ ਕਰਨ ਸਮੇਂ ਸੌ ਵਾਰ ਸੋਚਣਾ ਹੈ ਅਸਲ ਓੱਥੇ
ਹੀ ਗੁਰੂ ਦਾ ਉਪਦੇਸ਼ ਜਨਮ ਲੈਂਦਾ ਹੈ। ਪਰ ਲੋਭ ਦਾ ਪਰਹੇਜ਼ ਵੀ ਜ਼ਰੁਰ ਰੱਖਣਾ ਹੈ। ਮੁਕੰਮਲ਼ ਤੌਰ `ਤੇ
ਲੋਭ ਦਾ ਤਿਆਗ ਕਰਨਾ ਹੈ।
੫ ਗਿਆਨ ਹਾਸਲ ਕਰਨਾ ਹੈ। ਭਾਵ ਆਤਮਕ ਸੂਝ ਆਉਣੀ ਚਾਹੀਦੀ ਹੈ ਜਿਸ ਨਾਲ ਅੰਦਰਲੀ ਮੈਲ਼ੀ ਬਿਰਤੀ ਖਤਮ
ਹੁੰਦੀ ਹੈ।
੬ ਉਪਰੋਕਤ ਛੇ ਗੱਲਾਂ ਸਮਝਣ ਵਾਲਾ ਹੀ ਧਰਮੀ ਹੋ ਸਕਦਾ ਹੈ। ਬਾਕੀ ਤਾਂ ਸਾਰਾ ਦਿਖਾਵਾ ਹੀ ਇਕੱਠਾ
ਕਰੀ ਬੈਠਾ ਹੈ।
੭ ਮਨ ਕਰਕੇ ਫ਼ਰਜ਼ਾਂ ਨੂੰ ਸਮਝਣਾ, ਮਲੀਨ ਸੋਚ ਸੋਚਣ ਲੱਗਿਆਂ ਦੇਰ ਕਰਨੀ, ਆਤਮਕ ਸੂਝ ਪ੍ਰਾਪਤ ਕਰਦੇ
ਰਹਿਣਾ, ਲੋਭ-ਲਾਲਚ ਦਾ ਹਮੇਸ਼ਾਂ ਤਿਆਗ ਕਰਨਾ, ਗੁਰ-ਗਿਆਨ ਦੀ ਸਰਣ ਭਾਵ ਬੱਝਵੀਂ ਨਿਯਮਾਵਲੀ ਵਿੱਚ
ਚੱਲਣਾ, ਇੰਝ ਘਟੀਆ ਸੋਚ ਖਤਮ ਹੁੰਦੀ ਹੈ—ਇਹ ਸਾਰੀਆਂ ਪ੍ਰਕਿਰਿਆਵਾਂ ਕਰਨ ਨਾਲ ਰੱਬ ਜੀ ਖੁਸ਼ ਹੁੰਦੇ
ਹਨ।
੮ ਅਜੇਹੇ ਗੁਣ ਧਾਰਨ ਕਰਨ ਵਾਲਾ ਰੱਬ ਜੀ ਨੂੰ ਨਾਲ ਲੈ ਕੇ ਚਲ ਰਿਹਾ ਹੈ ਤੇ ਇਹ ਹੀ ਅਸਲ ਵਿੱਚ ਨਾਮ
ਸਿਮਰਨਾ ਹੈ।
੯ ਸਮੇਂ ਦੀ ਪਾਬੰਧੀ ਤੇ ਉਸਾਰੂ ਸੋਚ ਹੀ ਮਨੁੱਖੀ ਦੀ ਤਰੱਕੀ ਦਾ ਰਾਜ ਹੈ—ਵਿਕਾਰੀ ਸੋਚ ਵਲੋਂ ਦੇਰ
ਕਰਨ ਦਾ ਭਾਵ ਹੈ ਸਦਾ ਲਈ ਬੁਰਾਈਆਂ ਦਾ ਤਿਆਗ ਕਰਨ ਤੋਂ ਹੈ।
ਫਰੀਦਾ ਜਾ ਲਬੁ ਤਾ ਨੇਹੁ ਕਿਆ, ਲਬੁ ਤ ਕੂੜਾ ਨੇਹੁ।।
ਕਿਚਰੁ ਝਤਿ ਲਘਾਈਐ, ਛਪਰਿ ਤੁਟੈ ਮੇਹੁ।। ੧੮।।
ਪੰਨਾ ੧੩੭੮