. |
|
ਅਤੀਤ ਛੱਡਣਾ ਸੌਖਾ ਨਹੀ
ਇਸ ਹਕੀਕਤ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਮਨੁੱਖ ਨੇ ਹਰ ਖੇਤਰ ਵਿੱਚ
ਬਹੁਤ ਵਿਕਾਸ ਕੀਤਾ (ਅਤੇ ਕਰ ਰਿਹਾ) ਹੈ ਪਰ ਇਸ ਵਿਕਾਸ ਦੀ ਬੁਨਿਆਦ ਅਤੀਤ (ਬੀਤੇ ਪਲ) ਤੋਂ ਸਿਖ
ਕੇ, ਗਿਆਨ ਦੁਆਰਾ, ਵਰਤਮਾਨ ਵਿੱਚ ਬਦਲਾਉ ਤੇ ਨਿਰਭਰ ਹੈ। ਬਦਲਾਉ ਬਿਨਾ ਵਿਕਾਸ ਸੰਭਵ ਨਹੀ। ਵਰਤਮਾਨ
ਵਿੱਚ ਵਿਕਾਸ ਨਾਲ ਅਤੀਤ ਫਿਕਾ ਪੈ ਜਾਂਦਾ ਹੈ। ਜੋ ਕਲ੍ਹ (ਅਤੀਤ ਵਿੱਚ) ਮਹੱਤਵਪੂਰਨ ਜਾਪਦਾ ਸੀ ਉਸ
ਦੀ ਅੱਜ (ਵਰਤਮਾਨ ਵਿੱਚ) ਉਤਨੀ ਅਹਿਮੀਅਤ ਨਹੀ ਰਹੀ ਕਿਉਂਕਿ ਨਾ ਤਾਂ ਉਹ ਸਮਾ ਰਿਹਾ ਅਤੇ ਨਾ ਉਹ
ਵਾਤਾਵਰਨ। ਇੱਕ ਬੱਚੇ ਨੂੰ ਵੀ (ਵਰਤਮਾਨ ਵਿੱਚ) ਵਿਕਾਸ ਕਰਨ ਲਈ ਆਪਣਾ ਬਚਪਨ (ਅਤੀਤ) ਛੱਡਣਾ ਪੈਂਦਾ
ਹੈ। ਇਸ ਅਰੁਕ (ਚੰਗੇ) ਸਮੇ ਦੀ ਉਡੀਕ ਤਾਂ ਸਭ ਨੂੰ ਹੁੰਦੀ ਹੈ ਪਰ ਸਮਾ ਕਿਸੇ ਦੀ ਉਡੀਕ ਨਹੀ ਕਰਦਾ।
ਸਮਾ ਸਭਨਾ ਲਈ ਇੱਕ ਸਾਰ ਹੈ, ਨਾ ਮਾੜਾ ਹੈ ਤੇ ਨਾ ਚੰਗਾ ਹੈ, ਮਾੜੇ ਚੰਗੇ, ਸਮੇ ਵਿੱਚ ਕੀਤੇ ਮਨੁੱਖ
ਦੇ ਕਰਮ ਹੀ ਹੁੰਦੇ ਹਨ। ਜਦੋਂ ਵੀ ਪੁਰਾਣੇ ਦੋਸਤ ਜਾਂ ਰਿਸ਼ਤੇਦਾਰ ਇਕੱਠੇ ਹੁੰਦੇ ਹਨ ਤਾਂ ਭੂਤਕਾਲ
(ਬੀਤੇ ਸਮੇ) ਦੀਆਂ ਗਲਾਂ ਹੀ ਚਲਦੀਆਂ ਹਨ ਤੇ ਪੁਰਾਤਨ ਸਮੇ (ਅਤੀਤ) ਨੂੰ ਖੁਸ਼ਹਾਲ ਸਮਝ ਕੇ ਸਲਾਹਿਆ
ਜਾਂਦਾ ਹੈ। ਇਹ ਵੀ ਇੱਕ ਹਕੀਕਤ ਹੈ ਕਿ ਜੋ ਸਮੇ ਦੇ (ਬਦਲਾਉ) ਨਾਲ ਨਹੀ ਚਲਦਾ ਉਹ ਪੱਛੜ ਜਾਂਦਾ ਹੈ,
ਬੀਤਿਆ ਸਮਾ (ਅਤੀਤ) ਕਦੇ ਨਹੀ ਪਰਤਦਾ, ਤੇ ਆਖਰ ਨਿਰਾਸਤਾ ਤੇ ਪਛਤਾਵੇ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਏਹ ਵੇਲਾ ਫਿਰਿ ਹਾਥਿ ਨ ਆਵੈ
ਪਗਿ ਖਿਸਿਐ ਪਛੁਤਾਇਦਾ ॥ 1065
ਇਸੇ ਤਰਾਂ ਧਰਮ ਵਿੱਚ ਜੋ ਅਤੀਤ (ਦੀਆਂ ਰੀਤਾਂ, ਰਸਮਾਂ ਤੇ ਕਰਮ ਕਾਂਡਾਂ)
ਨਾਲ ਜੁੜੇ ਹਨ ਉਹਨਾਂ ਦਾ ਵਰਤਮਾਨ ਵਾਲਿਆਂ ਨਾਲ ਤਾਲ ਮੇਲ ਨਹੀ ਬੈਠਦਾ ਕਿਉਂਕਿ ਸਮਾ ਤੇ ਵਾਤਾਵਰਨ
ਬਦਲ ਚੁੱਕੇ ਹੁੰਦੇ ਹਨ। ਜੋ ਭਵਿੱਖ ਦੀ ਗਲ ਕਰਦਾ ਹੈ ਉਸ ਦਾ ਤਾਲ ਮੇਲ ਵੀ ਵਰਤਮਾਨ ਵਾਲੇ ਨਾਲ ਨਹੀ
ਬੈਠਦਾ ਕਿਉਂਕਿ ਉਹ ਸਮਾ ਤੇ ਵਾਤਾਵਰਨ ਅਜੇ ਆਇਆ ਹੀ ਨਹੀ ਹੁੰਦਾ ਇਸ ਲਈ ਧਰਮੀ ਪੁਰਖਾਂ ਦਾ ਆਦੇਸ਼
ਵਰਤਮਾਨ (present)
ਨੂੰ ਸੁਖੀ ਤੇ ਅਨੰਦਿਤ ਬਨਾਉਣ ਲਈ ਹੀ ਹੁੰਦਾ ਹੈ। ਅਤੀਤ (ਬੀਤੇ ਪਲ) ਤੋਂ ਸਿਖਿਆ ਲੈ ਕੇ ਵਰਤਮਾਨ
(ਪਲ) ਵਿੱਚ ਮਨੁੱਖ ਵਿਕਾਸ ਕਰ ਸਕਦਾ ਹੈ ਪਰ ਅਤੀਤ ਨਾਲ ਜੁੜੇ ਰਹਿਣ ਨਾਲ ਵਿਕਾਸ ਸੰਭਵ ਨਹੀ।
"ਕੱਲ੍ਹ", ਵਰਤਮਾਨ ਦਾ ਅਤੀਤ ਵੀ ਹੈ ਤੇ ਭਵਿੱਖ ਵੀ, ਬੀਤਿਆ ਕਲ੍ਹ ਸਵਾਰਿਆ ਨਹੀ ਜਾ ਸਕਦਾ ਤੇ ਆਉਣ
ਵਾਲਾ ਕਲ੍ਹ ਅਜੇ ਆਇਆ ਹੀ ਨਹੀ ਇਸ ਲਈ "ਕਲ੍ਹ" ਨੂੰ ਛੱਡ ਕੇ ਵਰਤਮਾਨ (ਮੌਜੂਦਾ ਪਲ) ਨੂੰ ਸੰਭਾਲਣਾ
ਜਾਂ ਸਵਾਰਨਾ ਹੀ ਸਮਝਦਾਰੀ ਹੋ ਸਕਦੀ ਹੈ। ਗੁਰਬਾਣੀ ਕਥਨ ਹੈ:-
ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥ ਘਟ
ਭੀਤਰਿ ਤੂ ਦੇਖੁ ਬਿਚਾਰਿ ॥ 1159
ਇਹ ਵਰਤਮਾਨ (ਦਾ ਅਉਸਰ, ਸਮਾ) ਹੀ ਤੇਰੇ ਹੱਥ ਵਿੱਚ ਹੈ ਤੇ ਇਹ ਹੱਥੋਂ
ਨਿਕਲਿਆ ਮੁੜ ਤੇਰੇ ਹੱਥ ਨਹੀ ਆਉਣਾ,
ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ ॥
ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ॥ 794 ---
ਇਸ ਲਈ ਆਪਣੇ (ਮਨ) ਅੰਦਰ ਸੋਚ ਵੀਚਾਰ ਕਰਕੇ ਜੋ (ਵਰਤਮਾਨ) ਸਮਾ ਹੱਥ ਵਿੱਚ ਹੈ ਉਸ ਨੂੰ ਸਵਾਰ ਲੈ।
ਪਰ ਅਤੀਤ ਨੂੰ ਛੱਡਣਾ ਸੌਖਾ ਨਹੀ ਤੇ ਅਖੌਤੀ ਧਰਮ ਦੀ ਚਾਲਾਕ ਪੁਜਾਰੀ ਸ਼੍ਰੇਣੀ ਇਹ ਗਲਾਂ ਚੰਗੀ ਤਰਾਂ
ਜਾਣਦੀ ਹੈ ਇਸ ਲਈ ਉਹ ਮਨੁੱਖ ਨੂੰ ਅਖੌਤੀ ਧਰਮ (ਪੁਰਾਤਨ ਵਹਿਮਾਂ, ਭਰਮਾਂ, ਪਖੰਡਾਂ, ਅੰਧ
ਵਿਸ਼ਵਾਸ਼ਾਂ, ਰੀਤਾਂ ਰਸਮਾਂ ਤੇ ਕਰਮ ਕਾਂਡਾਂ) ਦੀਆਂ ਅਦ੍ਰਿਸ਼ਟ ਬੇੜੀਆਂ ਵਿੱਚ ਜਕੜ ਕੇ ਗੁਲਾਮ ਬਣਾਇਆ
ਹੋਇਆ ਹੈ ਅਤੇ ਮਨੁੱਖ ਇਸ ਨੂੰ ਧਰਮ ਸਮਝ ਕੇ ਖਿੜੇ ਮੱਥੇ ਸਵੀਕਾਰ ਕਰੀ ਬੈਠਾ ਹੈ। ਵੇਖਣ ਵਿੱਚ
ਆਉਂਦਾ ਹੈ ਕਿ, ਘਟੋ ਘੱਟ ਯੂ ਕੇ (UK)
ਵਿੱਚ, ਕੋਈ ਵੀ ਪ੍ਰਵਾਰ ਆਪਣੇ ਘਰ ਵਿੱਚ ਥੱਲੇ ਬੈਠ ਕੇ ਰੋਟੀ ਖਾਂਦਾ ਨਹੀ ਵੇਖਿਆ ਪਰ ਗੁਰਦੁਆਰਿਆਂ
ਵਿੱਚ ਸਭ ਸਹੂਲਤਾਂ ਹੁੰਦੇ ਹੋਏ ਵੀ ਤੱਪੜਾਂ ਤੇ ਬੈਠ ਕੇ ਰੋਟੀ ਖਾਣ ਨੂੰ ਧਰਮ ਕਰਮ ਮੰਨ ਬੈਠਣਾ
ਸਪਸ਼ਟ ਕਰਦਾ ਹੈ ਕਿ ਅਤੀਤ (ਦੀ ਅਖੌਤੀ ਧਰਮ ਗੁਲਾਮੀ) ਤੋਂ ਛੁਟਕਾਰਾ ਸੌਖਾ ਨਹੀ। ਬਹੁਤਾਤ ਵਿੱਚ
ਮੌਜੂਦਾ ਮੰਨੇ ਜਾਂਦੇ ਅਖੌਤੀ ਧਰਮ ਦੀਆਂ ਟਕਸਾਲਾਂ, ਠਾਠ, ਦਰਬਾਰ ਤੇ ਬਾਬਿਆਂ ਦੇ ਡੇਰੇ, ਬਹੁਤਾਤ
ਵਿੱਚ ਗੁਰਦੁਆਰੇ ਤੇ ਉਹਨਾਂ ਦਾ ਪ੍ਰਬੰਧਕੀ ਢਾਂਚਾ ਧਰਮ ਵਿੱਚ ਵਿਕਾਸ ਦੇ ਰਾਹ ਦਾ ਰੋੜਾ ਬਣ ਚੁਕੇ
ਹਨ। ਬਦਲਦੇ ਸਮੇ ਤੋਂ ਪੱਛੜ ਗਏ ਹਨ ਇਸ ਲਈ ਉਹਨਾਂ ਦਾ ਤਾਲ ਮੇਲ ਵਰਤਮਾਨ ਦੇ ਸੂਝਵਾਨਾਂ ਨਾਲ ਨਹੀ
ਬੈਠਦਾ। ਗੁਰਮਤਿ ਮਨੁੱਖ ਨੂੰ ਅਤੀਤ ਛੱਡ ਕੇ ਉਨਤੀ (ਵਿਕਾਸ) ਦੇ ਰਾਹ ਪਾਉਣਾ ਚਹੁੰਦੀ ਹੈ, ਪਰ
ਮਨੁੱਖ ਦਾ (ਆਪੂ ਬਣਾਇਆ) ਅਖੌਤੀ ਧਰਮ ਉਸ ਅਤੀਤ ਨੂੰ ਛੱਡਣ ਨਹੀ ਦਿੰਦਾ।
ਵਵੈ ਵਾਰੀ ਆਈਆ ਮੂੜੇ ਵਾਸੁਦੇਉ ਤੁਧੁ
ਵੀਸਰਿਆ ॥ ਏਹ ਵੇਲਾ ਨ ਲਹਸਹਿ ਮੂੜੇ ਫਿਰਿ ਤੂੰ ਜਮ ਕੈ ਵਸਿ ਪਇਆ ॥ 435
ਗੁਰਬਾਣੀ ਸੁਚੇਤ ਕਰਦੀ
ਹੈ ਕਿ ਹੇ ਮੂਰਖ (ਮਨ) ਅਗਰ ਮਿਲੇ ਵਰਤਮਾਨ ਵੇਲੇ
ਨੂੰ ਸਫਲ ਨਾ ਬਣਾਇਆ (ਅਤੀਤ ਦੀਆਂ ਮਨੌਤਾਂ ਨਾਲ ਹੀ ਜੁੜਿਆ ਰਿਹਾ) ਤਾਂ ਪਿਛੋਂ ਦੁਖੀ ਹੋ ਕੇ
ਪਛਤਾਉਣਾ ਹੀ ਪਵੇਗਾ। ਇਹੁ
ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ ਨ ਚੇਤੈ ਲਿਵ ਲਾਇ ॥ ਪਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਨ ਪਾਇ ॥
ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ ॥ ਜਿਸੁ ਨਦਰਿ ਕਰੇ ਸੋ ਉਬਰੈ ਹਰਿ ਸੇਤੀ ਲਿਵ ਲਾਇ ॥
28 ਪਰ ਇਹਨਾਂ ਅਤੀਤ ਦੀਆਂ ਅਦ੍ਰਿਸ਼ਟ ਬੇੜੀਆਂ (ਬੰਧਨਾਂ) ਨੇ ਮਨੁੱਖ ਨੂੰ ਇਤਨਾ ਬੇਬੱਸ ਕੀਤਾ ਹੋਇਆ
ਹੈ ਕਿ ਚਹੁੰਦਾ ਹੋਇਆ ਵੀ ਉਹ ਅਤੀਤ ਦੇ ਬੰਧਨਾਂ ਤੋਂ ਮੁਕਤ ਨਹੀ ਹੋ ਸਕਦਾ ਕਿਉਂਕਿ ਅਤੀਤ ਛੱਡਣਾ
ਇਤਨਾ ਸੌਖਾ ਨਹੀ। ਅਖੌਤੀ ਧਰਮ ਦੇ ਪੁਜਾਰੀਆਂ ਦਾ ਇਹ ਬੜਾ ਕੀਮਤੀ ਨੁਸਖਾ ਹੈ ਕਿ ਜੋ ਅਤੀਤ (ਦੀਆਂ
ਰੀਤਾਂ ਰਸਮਾ ਤੇ ਕਰਮ ਕਾਂਡਾਂ) ਦੀ ਵਿਰੋਧਤਾ ਕਰਦਾ ਹੈ, ਭਾਵ ਉਹਨਾਂ ਦੇ ਤੋਰੀ ਫੁਲਕੇ ਵਿੱਚ ਦਖਲ
ਅੰਦਾਜ਼ੀ ਕਰਦਾ ਹੈ, ਉਹ ਓਸੇ ਦੀ ਪੂਜਾ ਨੂੰ ਆਪਣਾ ਤੋਰੀ ਫੁਲਕਾ ਬਣਾ ਲੈਂਦੇ ਹਨ। ਮਸਾਲ ਦੇ ਤੌਰ
ਤੇ:-
- ਜਿਸ (ਅਤੀਤ ਦੀ ਰਸਮ) ਮੂਰਤੀ ਪੂਜਾ ਨੂੰ ਬਾਬਾ ਨਾਨਕ ਸਦਾ ਖੰਡਣ ਕਰਦਾ ਰਿਹਾ,
ਪਾਥਰੁ ਲੇ ਪੂਜਹਿ ਮੁਗਧ ਗਵਾਰ ॥
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥ 556 ,
ਅੱਜ ਦੇ ਅਖੌਤੀ ਧਰਮੀ ਪੁਜਾਰੀ ਵਰਗ ਨੇ ਬਾਬੇ ਦੀ ਹੀ
ਮੂਰਤੀ ਬਣਾ ਕੇ ਪੂਜਾ ਸ਼ੁਰੂ ਕਰ ਦਿੱਤੀ। ਓਸੇ ਦੀ ਮੂਰਤੀ ਨੂੰ ਆਪਣਾ ਤੋਰੀ ਫੁਲਕਾ ਬਣਾ ਲਿਆ --
ਅਗਰ ਅਜੇ ਵੀ ਨਾ ਸੰਭਲੇ ਤਾਂ ਉਹ ਦਿਨ ਦੂਰ ਨਹੀ ਜਦੋਂ ਗੁਰਦੁਆਰਿਆਂ ਵਿੱਚ ਮੂਰਤੀ ਪੂਜਾ ਸ਼ੁਰੂ
ਹੋ ਜਾਵੇਗੀ ---- ਅਤੀਤ ਨੂੰ ਛੱਡਣਾ ਸੌਖਾ ਨਹੀ।
ਜਿਹੜਾ ਗੁਰੂ (ਅਤੀਤ ਦੀ) ਬਾਹਰੀ ਤੀਰਥ ਯਾਤਰਾ ਨੂੰ ਖੰਡਨ ਕਰਕੇ ਅੰਦਰੂਨੀ ਤੀਰਥ (ਨਾਮ,
ਸ਼ਬਦ ਜਾਂ ਗਿਆਨ ਦੀ) ਯਾਤਰਾ ਕਰਨ ਨੂੰ ਪ੍ਰੇਰਦਾ ਰਿਹਾ
(ਤੀਰਥਿ ਨਾਵਣ ਜਾਉ ਤੀਰਥੁ ਨਾਮੁ
ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥687)
ਓਸੇ ਦੇ ਨਾਮ ਤੇ ਨਵੇਂ ਨਵੇਂ ਬਾਹਰੀ ਤੀਰਥ ਬਣਾਕੇ
ਮਾਇਆ ਬਟੋਰਨ ਦਾ ਧੰਦਾ ਬਣਾ ਲਿਆ। ਤੀਰਥ ਯਾਤਰਾ ਨੂੰ ਹੀ ਆਪਣਾ ਤੋਰੀ ਫੁਲਕਾ ਬਣਾ ਲਿਆ ----
ਅਤੀਤ ਨੂੰ ਛੱਡਣਾ ਸੌਖਾ ਨਹੀ।
ਜਿਸ ਗੁਰੂ (ਗਿਆਨ) ਨੇ ਰੇਤ ਵਿੱਚੋਂ ਖੰਡ ਚੁਗਣੀ ਸਿਖਾਈ, ਕੱਚ ਵਿੱਚੋਂ ਮੋਤੀ ਚੁਗਣੇ
ਸਿਖਾਏ, ਖਲਕ ਵਿਚੋਂ ਖਾਲਕ ਨੂੰ ਵੇਖਣਾ ਸਿਖਾਇਆ
(ਥਾਲ ਵਿਚਿ ਤਿੰਨਿ ਵਸਤੂ ਪਈਓ
ਸਤੁ ਸੰਤੋਖੁ ਵੀਚਾਰੋ ॥ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥ 1429)
ਥਾਲ (ਭਾਂਡਾ, ਦੇਹੀ) ਨੂੰ ਛੱਡ ਕੇ, (ਸਭ ਦੇ
ਭਲੇ ਵਾਲੀ) ਉਸ ਵਿੱਚ ਪਈ ਅਸਲੀ ਵਸਤੂ ਗੁਣਾਂ ਅਤੇ ਗਿਆਨ,
(ਗੁਣ ਪੂਜਾ ਗਿਆਨ ਧਿਆਨ ਨਾਨਕ
ਸਗਲ ਘਾਲ ॥ ) ਨੂੰ ਚੁਗਣ ਲਈ ਪ੍ਰੇਰਿਆ,
ਅਖੌਤੀ ਧਰਮ ਪੁਜਾਰੀਆਂ ਨੇ ਅਸਲੀ ਵਸਤ ਨੂੰ ਛੱਡ ਕੇ ਥਾਲ ਦੀ ਪੂਜਾ ਸ਼ੁਰੂ ਕਰ ਦਿੱਤੀ। "ਗੁਰੂ
ਗ੍ਰੰਥ ਜੀ ਮਾਨਿਉ ਪ੍ਰਗਟ ਗੁਰਾਂ ਕੀ ਦੇਹ"। ਜਿਸ ਥਾਲ (ਗ੍ਰੰਥ) ਵਿੱਚ ਵਸਤੂਆਂ (ਗੁਣ ਤੇ ਨਾਮ)
ਪਈਆਂ ਹਨ, ਵਸਤੂਆਂ ਛੱਡ ਕੇ ਥਾਲ (ਗ੍ਰੰਥ) ਨੂੰ ਹੀ ਫੜ ਲਿਆ। ਦੇਹ ਪੂਜਾ ਨੂੰ ਹੀ ਤੋਰੀ ਫੁਲਕਾ
ਬਣਾ ਲਿਆ --- ਅਤੀਤ ਨੂੰ ਛੱਡਣਾ ਸੌਖਾ ਨਹੀ।
ਜਿਸ ਗੁਰੂ ਨੇ ਕਿਸੇ ਆਕਾਰ ਨਾਲ ਜੁੜਨ ਤੋਂ ਰੋਕਿਆ ਸੀ ਕਿਉਂਕਿ (1)
ਸਭੋ ਸੂਤਕੁ ਜੇਤਾ ਮੋਹੁ ਆਕਾਰੁ ॥
ਮਰਿ ਮਰਿ ਜੰਮੈ ਵਾਰੋ ਵਾਰ ॥ 229 (2)
ਸਗਲ ਪਾਸਾਰੁ ਦੀਸੈ ਪਾਸਾਰਾ ॥ ਬਿਨਸਿ ਜਾਇਗੋ ਸਗਲ ਆਕਾਰਾ ॥ 237
(3)
ਏਹੁ ਸਭੁ ਕਿਛੁ ਆਵਣ ਜਾਣੁ ਹੈ ਜੇਤਾ ਹੈ ਆਕਾਰੁ ॥ 516
ਉਸ ਦੇ ਨਾਮ ਤੇ ਹੀ ਅਧਿਆਤਮਿਕ ਧਰਮ ਦੀ ਨੀਹ ਕੇਵਲ
ਆਕਾਰਾਂ ਤੇ ਰੱਖ ਕੇ ਆਪਣਾ ਤੋਰੀ ਫੁਲਕਾ ਚਲਾ ਲਿਆ। ਅੱਜ ਧਰਮ ਦੀ ਪਛਾਣ ਹੀ (ਗੁਣਾਂ ਤੇ ਗਿਆਨ
ਨੂੰ ਛੱਡ ਕੇ) ਆਕਾਰਾਂ ਤੋਂ ਹੈ। ਗੁਰੂ ਨੇ ਕਿਰਪਾ ਕਰਕੇ ਗਿਆਨ ਦੀ ਖੜਗ (ਕਿਰਪਾਨ) ਬਖਸ਼ੀ
ਗਿਆਨ ਖੜਗੁ ਕਰਿ ਕਿਰਪਾ
ਦੀਨਾ ਦੂਤ ਮਾਰੇ ਕਰਿ ਧਾਈ ਹੇ ॥1072 ਪਰ
ਮਨੁੱਖ ਲੋਹੇ ਦੀ ਖੜਗ (ਆਕਾਰ) ਨਾਲ ਜੁੜ ਗਿਆ। ਆਕਾਰਾਂ ਦੀ ਪਕੜ ਨਹੀ ਛੁਟਦੀ --- ਅਤੀਤ ਛੱਡਣਾ
ਸੌਖਾ ਨਹੀ।
ਜਿਸ ਗੁਰੂ ਨੇ ਊਚ ਨੀਚ ਨੂੰ ਤਿਅਗ ਕੇ ਮਨੁਖਤਾ ਦੀ ਏਕਤਾ ਦਾ ਪਾਠ ਪੜ੍ਹਾਇਆ, (1)
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ
ਮੇਰਾ ਗੁਰ ਹਾਈ ॥ 611 (2)
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ
ਸਭਨਾ ਕੇ ਸਾਜਨ ॥ 671 (3)
ਬੁਰਾ ਭਲਾ ਤਿਚਰੁ ਆਖਦਾ ਜਿਚਰੁ
ਹੈ ਦੁਹੁ ਮਾਹਿ ॥ ਗੁਰਮੁਖਿ ਏਕੋ ਬੁਝਿਆ ਏਕਸੁ ਮਾਹਿ ਸਮਾਇ ॥ 757
ਓਸੇ ਦੇ ਨਾਮ ਤੇ ਜਾਤਾਂ ਪਾਤਾਂ ਤੇ ਊਚ ਨੀਚ ਦੇ
ਅਨੇਕਾਂ ਵਖਰੇਵੇਂ ਖੜੇ ਕਰਕੇ ਆਪਣਾ ਤੋਰੀ ਫੁਲਕਾ ਚਲਾ ਲਿਆ। --ਇਤਿਆਦਿਕ-- ਗੁਰੂ ਦੇ ਮੋਢੇ ਤੇ
ਰੱਖ ਕੇ ਬੰਦੂਕ ਚਲਾਉਣੀ, ਭਾਵ ਗੁਰੂ ਦੇ ਨਾਮ ਤੇ ਆਪਣੀ ਗਲ ਮਨਵਾਉਣੀ, ਮਨੁੱਖ ਦੀ ਆਦਿਤ ਬਣ
ਚੁੱਕੀ ਹੈ ---
ਗੌਰ ਕਰਨ ਵਾਲੀ ਗਲ ਹੈ ਕਿ ਕੀ ਮੰਨੇ ਜਾਂਦੇ ਅੰਮ੍ਰਿਤਧਾਰੀ (ਅਸਲ ਵਿੱਚ
ਖੰਡੇ ਦੇ ਪਾਹੁਲਧਾਰੀ) ਗੈਰ ਅੰਮ੍ਰਿਤਧਾਰੀਆਂ ਨਾਲੋਂ ਵਧੇਰੇ ਵਿਸ਼ੇਸ਼ ਜਾਂ ਧਰਮੀ ਹੁੰਦੇ ਹਨ? ਅਗਰ
ਜਵਾਬ ਹਾਂ ਹੈ ਤਾਂ ਕੀ ਸਮਤਾਧਾਰੀ (ਸਾਰਿਆਂ ਲਈ ਇੱਕ ਸਮਾਨ) ਗੁਰੂ ਇਹ ਪੱਖਪਾਤ ਕਰ ਸਕਦਾ ਹੈ?
ਜਿਸੁ ਅੰਦਰਿ ਬੁਧਿ ਬਿਬੇਕੁ
ਹੈ ਹਰਿ ਨਾਮੁ ਮੁਰਾਰੀ ॥ ਸੋ ਸਤਿਗੁਰੁ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ ॥
589 ਗੁਰੂ ਮਨੁਖਤਾ ਵਿੱਚ ਕਿਸੇ ਵੀ ਤਰਾਂ ਦੇ ਵਖਰੇਵੇਂ ਬਰਦਾਸ਼ਤ ਨਹੀ ਕਰਦਾ ਪਰ ਮਨੁੱਖ ਲਈ ਇਸ
ਪੁਰਾਣੀ ਪੱਖਪਾਤ ਦੀ ਆਦਿਤ ਨੂੰ ਛੱਡਣਾ ਸੌਖਾ ਨਹੀ --- ਅਤੀਤ ਛੱਡਣਾ ਸੌਖਾ ਨਹੀ।
ਆਮ ਸੁਣਨ ਵਿੱਚ ਆਉਂਦਾ ਹੈ ਕਿ ਅੰਮ੍ਰਿਤ ਵੇਲੇ ਦੀ ਮਹੱਤਾ ਨੂੰ ਬੜਾ ਸਲਾਹਿਆ
ਤੇ ਪ੍ਰਚਾਰਿਆ ਜਾਂਦਾ ਹੈ ਖਾਸ ਕਰਕੇ ਉਹਨਾਂ ਵਲੋਂ ਜੋ ਆਪ, ਉਸ ਵੇਲੇ ਉਠ ਕੇ ਕਿਸੇ ਮੰਨੇ ਜਾਂਦੇ
ਧਾਰਮਿਕ ਕਰਮ ਕਾਂਡਾਂ ਵਿੱਚ ਰੁੱਝ ਜਾਂਦੇ ਹਨ ਪਰ ਅਸਲੀਅਤ ਵਿੱਚ ਵੇਲੇ ਦੀ ਮਹੱਤਾ ਨਹੀ (ਕਿਉਂਕਿ
ਵੇਲਾ ਚੰਗਾ ਮਾੜਾ ਨਹੀ) ਬਲਿਕੇ ਉਸ ਵੇਲੇ ਕੀਤੇ ਕਰਮ ਦੀ ਮਹੱਤਾ ਹੈ। ਗੁਰਬਾਣੀ ਦਾ ਹੀ ਫੈਸਲਾ ਹੈ
ਕਿ ਅੰਮ੍ਰਿਤ ਵੇਲਾ ਸਚੁ ਨਾਉ
ਵਡਿਆਈ ਵੀਚਾਰੁ ॥2 ਮੰਨੇ ਜਾਂਦੇ
ਅੰਮ੍ਰਿਤ ਵੇਲੇ ਦੀ ਵਿਸ਼ੇਸ਼ਤਾ, ਵਡਿਆਈ ਜਾਂ ਮਹੱਤਾ
ਹੀ ਤਾਂ ਹੈ ਜੇ ਉਸ ਵੇਲੇ ਨਾਉ ਦੀ ਵਡਿਆਈ ਵੀਚਾਰ ਹੋਵੇ। ਨਾਉ ਦੀ ਵਡਿਆਈ ਵੀਚਾਰ ਬਿਨਾ ਵੇਲਾ
ਅੰਮ੍ਰਿਤਮਈ ਨਹੀ ਹੋ ਸਕਦਾ, ਜਿਵੇਂ ਸੌਣ ਵੇਲੇ ਸੌਣ ਵੇਲਾ ਹੁੰਦਾ ਹੈ, ਖਾਣਾ ਖਾਣ ਵੇਲੇ ਖਾਣ ਵੇਲਾ
ਹੁੰਦਾ ਹੈ, ਇਸ਼ਨਾਨ ਕਰਨ ਵੇਲੇ ਇਸ਼ਨਾਨ ਵੇਲਾ ਹੁੰਦਾ ਹੈ ਤਿਵੇਂ ਅੰਮ੍ਰਿਤ
(ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ
ਪੀਤੈ ਤਿਖ ਜਾਇ ॥ 35) ਪੀਣ ਵੇਲੇ ਅੰਮ੍ਰਿਤ ਵੇਲਾ
ਹੁੰਦਾ ਹੈ ਭਾਵੇਂ ਉਹ ਦਿਨ ਦੇ ਕਿਸੇ ਵੀ ਵਕਤ ਕਿਉਂ ਨਾ ਹੋਵੇ।
ਵੇਲਾ ਵਖਤ ਸਭਿ ਸੁਹਾਇਆ ॥ ਜਿਤੁ ਸਚਾ
ਮੇਰੇ ਮਨਿ ਭਾਇਆ ॥ 115 ਵੇਲਾ ਉਹੀ ਅੰਮ੍ਰਿਤਮਈ
ਜਾਂ ਸੁਹਾਵਣਾ ਹੈ ਜਦੋਂ ਮਨ ਵਿੱਚ ਸੱਚਾ ਭਾਅ ਜਾਵੇ, ਸਚੇ ਨਾਲ ਪਿਆਰ ਪੈ ਜਾਵੇ, ਅੰਮ੍ਰਿਤ
(ਗੁਰਸ਼ਬਦ) ਨਾਲ ਸਾਂਝ ਪੈ ਜਾਵੇ, ਪਰ ਅਗਰ ਮੰਨੇ ਜਾਂਦੇ ਅੰਮ੍ਰਿਤ ਵੇਲੇ ਉਠ ਕੇ ਅੰਮ੍ਰਿਤ (ਗੁਰਸ਼ਬਦ)
ਨਾਲ ਸਾਂਝ ਨਹੀ ਪਈ ਤਾਂ ਅੰਮ੍ਰਿਤ ਵੇਲਾ ਕਿਵੇਂ ਹੋ ਸਕਦਾ ਹੈ? ਕੀ ਭਗਤੀ, ਪ੍ਰਭੂ ਦੀ ਯਾਦ,
ਅੰਮ੍ਰਿਤ (ਗੁਰਸ਼ਬਦ) ਨਾਲ ਸਾਂਝ ਪਾਉਣ ਲਈ ਵੀ ਕਿਸੇ ਵੇਲੇ ਦੀ ਵੀਚਾਰ ਕਰਨੀ ਪੈਂਦੀ ਹੈ?
ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ
ਵੇਲਾ ਭਗਤਿ ਹੋਇ ॥ 35 ਪਰ ਮਨੁੱਖ ਨੇ (ਪੁਰਾਣੀ
ਆਦਿਤ ਅਨੁਸਾਰ) ਜਿਵੇਂ ਮਨੁਖਤਾ ਵਿੱਚ ਅਨੇਕ ਤਰਾਂ ਦੀਆਂ ਵੰਡੀਆਂ ਪਾਈਆਂ ਹਨ ਤਿਵੇਂ ਸਮੇ ਨੂੰ ਵੀ
ਨਹੀ ਛਡਿਆ ਕਿਉਂਕਿ --- ਅਤੀਤ ਛੱਡਣਾ ਸੌਖਾ ਨਹੀ।
ਪੁਰਾਤਨ ਸਮੇ (ਅਤੀਤ) ਵਿੱਚ ਸਮਝਣ ਸਮਝਾਉਣ ਲਈ ਕਹਾਣੀਆਂ (ਬਾਤਾਂ) ਦਾ
ਸਹਾਰਾ ਲਿਆ ਜਾਂਦਾ ਸੀ ਕਿਉਂਕਿ ਸਮੇ ਅਨੁਸਾਰ ਵਿਦਿਆ ਦੀਆਂ ਸਹੂਲਤਾਂ ਬਹੁਤ ਘਟ ਹੋਣ ਕਾਰਨ ਗਿਆਨ
ਵਾਲੀ ਤਰਕ ਛੇਤੀ ਸਮਝ ਨਹੀ ਸੀ ਆਉਂਦੀ ਪਰ ਜਿਥੇ ਕਹਾਣੀ ਨੂੰ ਛੱਡ ਕੇ ਗਿਆਨ ਨਾਲ ਜੁੜਨਾ ਸੀ, ਉਥੇ
ਮਨੁੱਖ ਕਹਾਣੀਆਂ ਨਾਲ ਹੀ ਜੁੜ ਗਿਆ। ਇਸ਼ਾਰਾ ਛੱਡ ਕੇ ਇਸ਼ਾਰਾ ਕਰਨ ਵਾਲੀ ਉਂਗਲ ਨਾਲ ਹੀ ਜੁੜ ਗਿਆ,
ਵਿਕਾਸ ਦੇ ਸੋਮੇ, ਗੁਰਬਾਣੀ (ਗਿਆਨ) ਨੂੰ ਛੱਡ ਕੇ (ਇਕੱਲੇ) ਅਤੀਤ ਦੇ ਇਤਿਹਾਸ (ਕਹਾਣੀਆਂ, ਜੋ ਅੱਜ
ਵੀ ਪ੍ਰਚਲਤ ਹਨ) ਨਾਲ ਹੀ ਜੁੜ ਗਿਆ ਪਰ ਗਿਆਨ ਬਿਨਾ ਵਿਕਾਸ ਕਿਵੇਂ ਹੋਵੇ? ਬਾਬੇ ਨਾਨਕ ਦੇ ਗਿਆਨ
ਅਗੇ ਕੋਈ ਅਤੀਤ ਦੀਆਂ ਵਿਅਰਥ ਧਾਰਮਿਕ ਰੀਤਾਂ, ਰਸਮਾਂ, ਕਰਮ ਕਾਂਡ ਤੇ ਮਿਥਿਆਸਿਕ ਕਹਾਣੀਆਂ ਨਾਂ
ਟਿਕ ਸਕੀਆਂ। ਅਤੀਤ ਦੀਆਂ ਵਿਅਰਥ ਮਨੌਤਾਂ ਛੱਡੇ ਬਿਨਾ (ਵਰਤਮਾਨ ਵਿੱਚ) ਧਰਮ ਦਾ ਵਿਕਾਸ ਨਹੀ ਹੋ
ਸਕਦਾ ਗੁਰਬਾਣੀ ਦਾ ਫੁਰਮਾਨ ਹੈ ਕਿ
ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ
ਲੀਨੀ ਹਾਥੁ ਪਸਾਰਿ ॥ ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ ॥336
ਜਿਵੇਂ ਘੜੇ ਵਿੱਚ ਅਨਾਜ ਦੀ ਭਰੀ ਮੁੱਠੀ (ਮੁਸਟੀ) ਛਡੇ ਬਿਨਾ ਬਾਂਦਰ (ਮਰਕਟ) ਦਾ ਘੜੇ (ਦੁਖਾਂ)
ਤੋਂ ਛੁਟਕਾਰਾ ਨਹੀ ਤਿਵੇਂ ਮਨੁੱਖ ਦਾ ਅਤੀਤ ਤੇ ਭਵਿੱਖ ਦੀਆਂ ਮਨੌਤਾਂ (ਮੁਠੀਆਂ) ਛੱਡੇ ਬਿਨਾ
(ਵਰਤਮਾਨ ਵਿੱਚ) ਦੁੱਖਾਂ ਤੋਂ ਛੁਟਕਾਰਾ ਨਹੀ। ਪਰ ਜਿਵੇਂ ਬਾਂਦਰ ਲਈ ਭਰੀ ਮੁੱਠੀ ਨੂੰ ਛੱਡਣਾ ਸੌਖਾ
ਨਹੀ, ਤਿਵੇਂ ਮਨੁੱਖ ਲਈ--- ਅਤੀਤ ਨੂੰ ਛੱਡਣਾ ਸੌਖਾ ਨਹੀ।
ਅਖੌਤੀ ਧਰਮ ਦੀ ਬੁਨਿਆਦ ਹੀ ਭੂਤਕਾਲ ਅਤੇ ਭਵਿੱਖ ਦੀਆਂ ਮਨੌਤਾਂ ਹਨ ਤੇ ਇਹੀ
ਵਡ੍ਹਾ ਕਾਰਨ ਹੈ ਕਿ ਭਾਵੇਂ ਹਰ ਖੇਤਰ ਵਿੱਚ ਮਨੁੱਖ ਨੇ ਵਿਕਾਸ ਕੀਤਾ ਪਰ ਕੇਵਲ ਧਰਮ ਦੇ ਖੇਤਰ ਵਿੱਚ
ਕੋਈ ਵਿਕਾਸ ਨਹੀ ਹੋ ਸਕਿਆ। ਸਦੀਆਂ ਪੁਰਾਣੀਆਂ ਮਨੌਤਾ, ਵਹਿਮਾਂ ਭਰਮਾਂ ਤੇ ਅਖੌਤੀ ਕਰਮ ਧਰਮ ਦੀ
ਪਕੜ ਹੀ ਵਰਤਮਾਨ ਵਿੱਚ ਵਿਕਾਸ ਦੀ ਖੜੋਤ ਹੈ। ਜਿਸ, ਧਰਮ (ਦੇ ਗਿਆਨ) ਨੇ ਹਰ ਸਮੇ ਮਨੁੱਖ ਦੀ ਅਗਵਾਈ
ਕਰਕੇ ਉਸ ਦਾ ਸਹਾਈ ਹੋਣਾ ਸੀ,
(ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ
ਜਿਥੈ ਕਿਥੈ ਮੈਨੋ ਲਏ ਛਡਾਈ ॥ ਤਿਸੁ ਗੁਰ ਕਉ ਸਾਬਾਸਿ ਹੈ ਜਿਨਿ ਹਰਿ ਸੋਝੀ ਪਾਈ ॥588)
ਮਨੁੱਖ ਦੇ ਜੀਵਨ ਨੂੰ ਸੁਖੀ ਤੇ ਅਨੰਦਿਤ ਬਨਾਉਣਾ ਸੀ, ਸੁਖਾਂ ਦੀ ਖਾਨ (ਪ੍ਰਭੂ) ਨਾਲ ਮੇਲਣਾ ਸੀ,
ਓਸੇ ਨੂੰ ਵਿਸਾਰ ਕੇ ਉਸ ਨੇ, ਸਮੇ ਤੋਂ ਪੱਛੜਿਆ, ਆਪੂ ਬਣਾਇਆ ਅਖੌਤੀ ਧਰਮ (ਮਰਯਾਦਾ, ਸ਼ਰ੍ਹਾ, ਮੰਨੂ
ਸਿਮ੍ਰਤੀਆਂ, ਕਮਾਂਡਮੈਂਟਸ, ਜਾਂ ਹੋਰ ਮਨੁਖੀ ਬਣਾਏ ਧਾਰਮਿਕ ਅਸੂਲਾਂ ਨੂੰ) ਅਪਨਾ ਲਿਆ। ਮੜੀਆਂ,
ਮਸਾਣਾਂ ਤੇ ਸਮਾਧਾਂ ਦੀ ਪੂਜਾ, ਬੇਰੀਆਂ, ਰੀਠਿਆਂ, ਸ਼ਸ਼ਤ੍ਰਾਂ ਜਾਂ ਹੋਰ ਆਕਾਰਾਂ ਦੀ ਪੂਜਾ
--ਇਤਿਆਦਿਕ-- ਤੋਂ ਛੁਟਕਾਰਾ ਨਾ ਹੋ ਸਕਿਆ ਕਿਉਂਕਿ ---ਅਤੀਤ ਛੱਡਣਾ ਸੌਖਾ ਨਹੀ।
ਜਿਸ ਹਿਰਦੇ ਵਿੱਚ ਕਾਦਰ ਦੀ ਵੀਚਾਰ ਨਹੀ, ਉਸ ਦੇ ਨਿਯਮਾਂ ਦੀ ਵੀਚਾਰ ਨਹੀ,
ਉਸ ਦੇ ਗੁਣਾਂ ਦੀ ਵੀਚਾਰ ਨਹੀ, ਉਸ ਦੇ ਗਿਆਨ ਦੀ ਵੀਚਾਰ ਨਹੀ ਉਹ ਹਿਰਦਾ ਹਿੰਦੂ, ਮੁਸਲਿਮ, ਸਿੱਖ
ਇਸਾਈ ਜਾਂ ਬੋਧੀ ਤਾਂ ਹੋ ਸਕਦਾ ਹੈ ਪਰ ਧਰਮੀ ਨਹੀ। ਧਰਮੀ ਹੋਣ ਦਾ ਫੋਰਮੂਲਾ (ਨੁਸਖਾ) ਤਾਂ ਕੇਵਲ
ਇਕੋ ਇੱਕ ਹੈ "ਹਰਿ ਜਨੁ ਐਸਾ
ਚਾਹੀਐ ਜੈਸਾ ਹਰਿ ਹੀ ਹੋਇ ॥ 1372" ਗਿਆਨ ਹੀ
ਮਨੁੱਖ ਦਾ ਗੁਰੂ ਹੈ, ਗਿਆਨ ਬਿਨਾ ਵਿਕਾਸ ਸੰਭਵ ਨਹੀ, ਗਿਆਨ ਹੀ ਸਮੇ ਦੀ ਚਾਲ ਦਾ ਸਾਥੀ ਹੈ ਅਤੇ
ਅਸਲੀਅਤ ਤਾਂ ਇਹ ਹੈ ਕਿ ਗਿਆਨ ਬਿਨਾ ਧਰਮ ਦੀ ਕੋਈ ਹੋਂਦ ਹੀ ਨਹੀ
ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ
ਝੂਠੁ ਤਹ ਪਾਪੁ ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ ॥ 1372
ਗਿਆਨ ਤੋਂ ਬਿਨਾ ਮਨੁੱਖ ਇੱਕ ਤੁਰਦੀ ਫਿਰਦੀ ਲਾਸ਼ ਹੀ ਹੈ,
ਅਤੇ ਇਹੀ ਗਿਆਨ ਅਤੀਤ (ਬੀਤੇ ਸਮੇ) ਵਿੱਚ ਵੀ ਮਨੁੱਖ ਦਾ ਸਹਾਈ ਤੇ ਸੁਖਦਾਈ ਸੀ, ਵਰਤਮਾਨ (ਮੌਜੂਦਾ
ਸਮੇ) ਵਿੱਚ ਵੀ ਸਹਾਈ ਹੈ ਤੇ ਭਵਿੱਖ (ਆਉਣ ਵਾਲੇ ਸਮੇ) ਵਿੱਚ ਵੀ ਸਹਾਈ ਰਹੇਗਾ। ਇਸੇ ਕਾਰਨ ਕਰਕੇ
ਗੁਰਬਾਣੀ ਮਨੁੱਖ ਨੂੰ ਸਮੇ ਦੀ ਤੋਰ ਵਿੱਚ ਰਖਣ ਲਈ, ਅਤੀਤ ਨੂੰ ਛੱਡਣ ਲਈ, ਮਨ ਨੂੰ ਜਗਾਉਣ ਲਈ,
ਸੁਖੀ ਜੀਵਨ ਦੇਣ ਲਈ, ਵਿਕਾਸ ਕਰਨ ਲਈ (ਸਦੀਵੀ ਸਾਥੀ) ਨਾਮ (ਗਿਆਨ) ਧਨ ਲਈ ਪ੍ਰੇਰਤ ਕਰਦੀ ਹੈ
(1)
ਗੁਰ ਪਰਸਾਦੀ ਹਰਿ ਨਾਮੁ ਸਮ੍ਹ੍ਹਾਲਿ ॥ ਸਦ ਹੀ ਨਿਬਹੈ ਤੇਰੈ ਨਾਲਿ ॥ 1129
(2)
ਗੁਰੁ ਪੂਰਾ ਪੂਰੀ ਤਾ ਕੀ ਕਲਾ ॥ ਗੁਰ ਕਾ ਸਬਦੁ ਸਦਾ ਸਦ ਅਟਲਾ ॥ 1340
(3)
ਰੇ ਮਨ ਤਾ ਕਉ ਧਿਆਈਐ ਸਭ ਬਿਧਿ ਜਾ ਕੈ ਹਾਥਿ ॥ ਰਾਮ ਨਾਮ ਧਨੁ ਸੰਚੀਐ ਨਾਨਕ ਨਿਬਹੈ ਸਾਥਿ ॥ 704
ਇਹ ਨਾਮ (ਗਿਆਨ) ਧਨ ਹੀ ਮਨੁੱਖ ਦੇ ਜੀਵਨ ਦਾ ਸਦਾ
ਸਹਾਈ, ਸੁਖਦਾਈ ਤੇ ਵਿਕਾਸ ਦਾ ਰਾਹ ਹੈ। ਗੁਰੂ (ਗਿਆਨ) ਹੀ ਅਤੀਤ ਦੇ ਬੰਧਨਾਂ ਤੋਂ ਮੁਕਤ ਕਰਕੇ
ਵਰਤਮਾਨ ਵਿੱਚ ਵਿਕਾਸ ਦੁਆਰਾ ਮਨੁਖੀ ਜੀਵਨ ਨੂੰ, ਸੁਖੀ ਸ਼ਾਂਤ ਤੇ ਅਨੰਦਿਤ ਬਣਾ ਸਕਦਾ ਹੈ।
ਦਰਸ਼ਨ ਸਿੰਘ,
ਵੁਲਵਰਹੈਂਪਟਨ, ਯੂ. ਕੇ.
|
. |