ਰੱਬੀ ਮਿਲਨ
ਦੀ ਬਾਣੀ
ਸਲੋਕ ਮ: ੯
ਦੀ ਵਿਚਾਰ
ਪੰਜਾਹਵਾਂ ਸਲੋਕ
ਵੀਰ ਭੁਪਿੰਦਰ
ਸਿੰਘ
50. ਪੰਜਾਹਵਾਂ ਸਲੋਕ -
ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥
ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥50॥
ਹੁਣ ਇੱਥੇ ਕਿਸੇ ਧਰਮ ਦੀ ਨਿੰਦਾ ਨਹੀਂ ਕੀਤੀ ਜਾ ਰਹੀ। ਗੁਰੂ ਸਾਹਿਬ ਕਿਸੇ ਦੀ ਨਿੰਦਾ ਨਹੀਂ ਕਰਦੇ
ਹਨ। ਦਰਅਸਲ ਮਨੁੱਖ ਨੂੰ ਇਹ ਭੁਲੇਖਾ ਹੈ ਕਿ ਮੇਰੇ ਘਰ ਪੁੱਤਰ ਹੋ ਜਾਏ ਮੇਰਾ ਵੰਸ਼ ਚਲੇ, ਅੱਗੋਂ ਨਾਮ
ਕੌਣ ਲਏਗਾ ਸੋ ਨਾਮ ਲੇਵਾ ਚਾਹੀਦਾ ਹੈ, ਪੁੱਤਰ ਦੀ ਖਾਹਿਸ਼ ਜਗਾ-ਜਗਾਕੇ ਇਸਤਰੀ ਨਾਲ ਵਿਤਕਰਾ ਕੀਤਾ
ਗਿਆ, ਪਰ ਇਸਤਰੀ ਆਪ ਭੁਲੇਖਾ ਖਾ ਜਾਂਦੀ ਹੈ, ਜਦੋਂ ਇਸਤਰੀ ਆਪਣੀ ਨੂੰਹ ਨੂੰ ਕਹਿੰਦੀ ਹੈ ਤੂੰ
ਪੁੱਤਰ ਹੀ ਜੰਮੇਂਗੀ ਧੀਆਂ ਨਹੀਂ। ਪੁੱਤਰ ਕਿਉਂ ਚਾਹੀਦਾ ਹੈ? ਵੰਸ਼ ਦੀ ਖੇਡ। ਵੰਸ਼ ਦੀ ਖੇਡ ਵਿਚ
ਜ਼ਾਤ-ਪਾਤ ਨਾਲ-ਨਾਲ ਚਲਦੀ ਹੈ। ਸਾਡੀ ਜ਼ਾਤ, ਵੰਸ਼, ਕਿਸ ਟੱਬਰ ਦੇ ਅਸੀਂ ਹਾਂ, ਇਹ ਚਲਦਾ ਰਹੇ ਇਸ ਲਈ
ਮਨੁੱਖ ਆਪਣੀ ਜ਼ਾਤ ਨਾਲ ਜੁੜ ਜਾਂਦਾ ਹੈ।
ਇਸ ਦਾ ਮਤਲਬ ਸਾਨੂੰ ਸਮਝਣਾ ਚਾਹੀਦਾ ਹੈ ਕਿ ਵੰਸ਼ ਚਲਾਉਣ ਵਾਲਾ ਮਨੁੱਖ ਸਭ ਤੋਂ ਜ਼ਿਆਦਾ ਹਉਮੈ ਵਿਚ
ਹੈ। ਕਿਉਂਕਿ ਵੰਸ਼ ਚਲਾਉਣ ਵਾਲਾ ਮਨੁੱਖ ਆਪਣੀ ਜ਼ਾਤ ਦਾ ਅਭਿਮਾਨ ਕਰਦਾ ਹੈ ਇਸੀ ਕਰਕੇ ਗੁਰੂ ਸਾਹਿਬ
ਕਹਿੰਦੇ ਹਨ - ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ॥
ਸਾਡੀ ਵੰਸ਼-ਕੁਲ ਚਲਦੀ ਰਹੇ ਵਾਲਾ ਮਨੁੱਖ ਹਮੇਸ਼ਾਂ ਜ਼ਾਤ ਅਭਿਮਾਨੀ ਹੋਵੇਗਾ। ਸੋ ਜ਼ਾਤ ਅਭਿਮਾਨੀ ਮਨੁੱਖ
ਨੂੰ ਗੁਰੂ ਸਾਹਿਬ ਕਹਿੰਦੇ ਹਨ ਕਿ ਇਸ ਧਰਤੀ ਤੇ ਵੱਡੇ-ਵੱਡੇ ਅਵਤਾਰ, ਪੀਰ, ਔਲੀਏ ਆਦਿ ਜਿਨ੍ਹਾਂ
ਨੂੰ ਦੁਨੀਆ ਮੰਨਦੀ ਹੈ ਉਹ ਵੀ ਚਲੇ ਗਏ। ਰਾਮ ਵੀ ਆਏ ਪਰ ਚਲੇ ਗਏ। ਰਾਵਣ ਵੀ ਆਇਆ ਜਿਸਦੇ ਅਨੇਕਾਂ
ਪਸਾਰੇ ਸਨ, ਜਿਸਦੀ ਸੋਨੇ ਦੀ ਲੰਕਾ ਸੀ ਆਦਿ ਉਹ ਰਾਵਣ ਕੀ ਲੈਕੇ ਗਿਆ। ਸੋ ਉਸ ਬਾਰੇ ਸਮਝਾ ਰਹੇ ਹਨ
ਕਿ ਰਾਮ ਜੀ ਨਹੀਂ ਰਹੇ, ਰਾਵਣ ਨਹੀਂ ਰਿਹਾ। ਇਸ ਬਾਰੇ ਬਿਆਨ ਕਰਕੇ ਕਹਿੰਦੇ ਹਨ ਕਿ -
‘ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥’ ਤੂੰ ਸਮਝ!
ਗੁਰੂ ਸਾਹਿਬ ਕਹਿੰਦੇ ਹਨ ਕਿ - ਮੇਰੇ ਹਰਿ ਪ੍ਰੀਤਮ ਕੀ ਕੋਈ ਬਾਤ
ਸੁਨਾਵੈ ਸੋ ਭਾਈ ਸੋ ਮੇਰਾ ਬੀਰ ॥ (862)
ਇਹੋ ਆਤਮਕ ਵੰਸ਼ ਹੁੰਦਾ ਹੈ। ਇਹ ਪਰਵਾਰ ਹੁੰਦਾ ਹੈ। ਜੋ ਮੈਨੂੰ ਸੱਚ ਦੀ ਗਲ ਸੁਣਾਏ, ਉਹ ਮੇਰਾ ਭਰਾ
ਹੈ। ਉਹ ਮੇਰਾ ਵੀਰ ਹੈ। ਇਸ ਆਤਮਕ ਪਰਵਾਰ ਨੂੰ ਬਣਾਕੇ ਵੇਖ, ਵਰਨਾ ਕਹੁ ਨਾਨਕ ਥਿਰੁ ਕਛੁ ਨਹੀ
ਸੁਪਨੇ ਜਿਉ ਸੰਸਾਰੁ ॥ ਰਾਤੀ ਸੋਵੋਂ ਸਵੇਰੇ ਸੁਫਨਾ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਤੇਰੇ ਜਿਹੜੇ
ਖਿਆਲ ਹਨ, ਤੂੰ ਸੁਫਨਿਆ ਦਾ ਸੰਸਾਰ ਬਣਾਇਆ ਹੈ, ਇਹ ਤੇਰੇ ਮਨ ਦਾ ਆਧਾਰ ਨਹੀਂ।
ਸਲੋਕ ਮਹਲੇ ਨੌਵੇ ਦੀ ਵਿਚਾਰ ਜੋ ਲੜੀਵਾਰ ਚਲ ਰਹੀ ਹੈ ਇਸ ਪਰਕਰਨ ਵਿਚ ਬਾਰ-ਬਾਰ ਸਾਨੂੰ ਪੜ੍ਹਨ,
ਸੁਣਨ ਅਤੇ ਵਿਚਾਰਨ ਨੂੰ ਮਿਲ ਰਿਹਾ ਹੈ, ਗੁਰੂ ਸਾਹਿਬ ਇਕ ਨੁਕਤੇ ਤੇ ਜ਼ੋਰ ਦੇ ਰਹੇ ਹਨ ਉਹ ਇਹ ਕਿ
ਮਨੁੱਖ ਰੱਬੀ ਗੁਣ ਨਹੀਂ ਜਿਉਂਦਾ, ਰੱਬ ਨੂੰ ਨੇੜੇ ਨਹੀਂ ਸਮਝਦਾ, ਇਸ ਲਈ ਮਨੁੱਖ ਹੰਕਾਰੀ ਹੋ ਜਾਂਦਾ
ਹੈ। ਇਨ੍ਹਾਂ ਸਾਰੇ ਸ਼ਬਦਾਂ ਦੇ ਪਿੱਛੇ ਜੋ ਤੱਤ ਹੈ ਕਿ ਹੰਕਾਰ ਦੇ ਬੰਧਨ ਜਦੋਂ ਇਸਨੂੰ ਪੈ ਜਾਂਦੇ ਹਨ
ਤਾਂ ਮਨੁੱਖ ਆਪਣੀ ਹੋਂਦ ਨੂੰ ਜ਼ਿਆਦਾ ਸਮਝ ਲੈਂਦਾ ਹੈ। ਰੱਬੀ ਹੋਂਦ, ਰੱਬੀ ਨਿਯਮ, ਰੱਬੀ ਭਾਣੇ ਨੂੰ
ਕੁਝ ਨਹੀਂ ਸਮਝਦਾ ਆਦਿ। ਆਪਣੇ ਆਪ ਨੂੰ ਕਰਤਾ ਸਮਝ ਲੈਂਦਾ ਹੈ। ਜਿਵੇਂ ਹੀ ਹੰਕਾਰ ਹਿਰਦੇ ਘਰ ਵਿਚ
ਆਉਂਦਾ ਹੈ ਤਾਂ ਇਸਦੇ ਨਾਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸ਼ਾ ਤ੍ਰਿਸ਼ਨਾ ਆਦਿ ਬੜੇ ਸਾਰੇ
ਵਿਕਾਰ ਸਾਥੀ ਉਸਦੇ ਨਾਲ ਇਸਦੇ ਘਰ ਆ ਜਾਂਦੇ ਹਨ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਭੈੜੇ ਨਹੀਂ
ਹਨ। ਰੱਬ ਜੀ ਨੇ ਇਹ ਸਾਰੇ ਸਾਡੇ ਵਿਚ ਪਾਏ ਹਨ। ਹਰ ਕਿਸੇ ਦੇ ਸਰੀਰ ਵਿਚ ਹਨ। ਜਿਸ ਵਿਚ ਕ੍ਰੋਧ ਨਾ
ਹੋਵੇ ਉਹ ਬੀਰ ਰਸ ਪ੍ਰਾਪਤ ਨਹੀਂ ਕਰ ਸਕਦਾ, ਜਿਸ ਵਿਚ ਲੋਭ, ਮੋਹ ਨਾ ਹੋਵੇ ਉਹ ਆਪਣੇ ਬੱਚੇ ਨਾਲ
ਪਿਆਰ ਨਹੀਂ ਕਰ ਸਕਦਾ। ਜਿਸ ਵਿਚ ਹੰਕਾਰ ਨਾ ਹੋਵੇ ਉਹ ਅਣਖ ਨਹੀਂ ਰੱਖ ਸਕਦਾ। ਇਸ ਲਈ ਰੱਬ ਨੇ ਇਹ
ਸਾਰੇ ਦੇ ਸਾਰੇ ਸਾਡੇ ਅੰਦਰ ਹਥਿਆਰ ਦਿੱਤੇ ਹਨ। ਮਨੁੱਖ ਨੇ ਇਨ੍ਹਾਂ ਨੂੰ ਢੰਗ ਨਾਲ ਵਰਤਣਾ ਹੈ। ਜੇ
ਕੋਲ ਹਥਿਆਰ ਹੋਣ ਪਰ ਵਰਤਣੇ ਨਾ ਆਂਦੇ ਹੋਣ ਤਾਂ ਉਸ ਹਥਿਆਰ ਦਾ ਨੁਕਸਾਨ ਇਹ ਹੋ ਜਾਂਦਾ ਹੈ ਕਿ ਕਈ
ਵਾਰੀ ਹਥਿਆਰ ਗਲਤੀ ਨਾਲ ਆਪਣੇ-ਆਪ ਨੂੰ ਵਜ ਜਾਂਦਾ ਹੈ। ਦੁਸ਼ਮਨ ਜੇ ਸਾਡੇ ਤੋਂ ਨਿਰਬਲ ਹੋਵੇ ਪਰ
ਸਾਨੂੰ ਹਥਿਆਰ ਦੀ ਸਮਝ ਨਾ ਹੋਵੇ ਤਾਂ ਉਹ ਆਪਣੇ ਲਈ ਵੀ ਹਾਨੀਕਾਰਕ ਹੋ ਸਕਦਾ ਹੈ। ਸਾਡੇ ਕੋਲ ਹਥਿਆਰ
ਹਨ - ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ। ਜਦੋਂ ‘ਸਰਮੁ ਧਰਮੁ ਦੁਇ
ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥’ (722) ਉਸਨੂੰ ਪਾਪ ਕੀ ਜੰਝ ਕਹਿੰਦੇ ਹਨ, ਇਹ
ਕੇਵਲ ਬਾਬਰ ਵੇਲੇ ਦੀ ਨਹੀਂ ਹੈ।
ਪਾਪ ਦੀ ਜੰਝ ਹੈ ਜਿਹੜੇ ਸਾਡੇ ਵਿਕਾਰ ਹਨ ਉਹ ਕਾਬੂ ਵਿਚ ਨਹੀਂ ਹਨ ਤਾਂ ਇਹ ਪਾਪ ਦੀ ਜੰਝ ਲੈ ਆਉਂਦੇ
ਹਨ। ਸਾਡੇ ਵਿੱਚੋਂ ਸ਼ਰਮ ਅਤੇ ਧਰਮ ਦੂਰ ਕਰ ਦੇਂਦੇ ਹਨ। ਜਦੋਂ ਅਸੀਂ ਸਚ ਨਾਲ ਨਹੀਂ ਜੁੜਦੇ, ਰੱਬੀ
ਗੁਣ ਨਹੀਂ ਲੈਂਦੇ ਤਾਂ ਵਿਕਾਰ ਹਾਵੀ ਹੋ ਜਾਂਦੇ ਹਨ।
ਇਨ੍ਹਾਂ ਨੂੰ ਸਤਿਗੁਰ ਦੀ ਗਲ ਸੁਣ ਮੰਨ ਕੇ ਨਿਯੰਤ੍ਰਿਤ ਕਰਨਾ ਹੈ। ਇਨ੍ਹਾਂ ਨੂੰ ਗੁਰੂ ਦੀ ਗਲ ਸੁਣਾ
ਲੈਣੀ ਹੈ ਤਾਂਕਿ ਇਹ ਕਾਬੂ ਆ ਜਾਣ। ਤਾਂਹੀ ਕਹਿੰਦੇ ਹਨ - ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਅਨੰਦੁ
॥ ਮੋਹਿ ਮਿਲਿਓ ਪ੍ਰਭੁ ਆਪਨਾ ਸੰਗੀ ਭਜਹਿ ਗੋੁਬਿੰਦੁ ॥ (1364)
ਇਹ ਮੇਰੇ ਸਾਰੇ ਸਰੀਰ ਦੇ ਸੰਗੀ-ਸਾਥੀ ਭਾਵ ਮੇਰੇ ਇੰਦ੍ਰੇ ਗਿਆਨ ਇੰਦ੍ਰੇ ਸਾਰੇ ਸਰੀਰ ਦੇ ਅੰਗ,
ਮੇਰੀ ਅੱਕਲ, ਮੇਰੀ ਸੁਰਤ ਆਦਿ ਮੇਰੇ ਸੰਗੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਮੇਰੇ ਨਾਲ
ਮਿਲਕੇ ਰੱਬ ਜੀ ਦਾ ਨਾਮ ਲੈਂਦੇ ਹਨ, ਰੱਬੀ ਗੁਣ ਗਾਉਂਦੇ ਹਨ, ਸਿੱਧੇ ਪਾਸੇ ਰਹਿੰਦੇ ਹਨ।
ਇਸ ਵਿਚਾਰ ਤੋਂ ਅੱਗੇ ਟੁਰਦੇ ਹਾਂ ਜਦੋਂ ਅਸੀਂ ਹੰਕਾਰ ਕਰਦੇ ਹਾਂ ਤਾਂ ਅਸੀਂ ਰੱਬੀ ਗੁਣਾਂ ਨੂੰ
ਪਿੱਠ ਕਰੀ ਰੱਖਦੇ ਹਾਂ ਅਤੇ ਸੋਚ ਲੈਂਦੇ ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਮੈਨੂੰ ਕੰਮ
ਕਰਨ ਦੀ ਲੋੜ ਹੀ ਨਹੀਂ ਹੈ। ਪਰ ਗੁਰੂ ਸਾਹਿਬ ਤੇ ਬੜੀ ਤਾੜਨਾ ਕਰਦੇ ਹਨ
‘ਐਸਾ ਗਿਆਨੁ ਜਪਹੁ ਮਨ ਮੇਰੇ ॥’ (331)
ਫਿਰ ਤੇ ਇਹ ਮਨ ਨੂੰ ਹੀ ਗਿਆਨ ਦੇਣਾ ਪਵੇਗਾ। ਮਨ ਨੂੰ ਸਮਝ ਆ ਗਈ, ਮਨ ਨੇ ਜੇਕਰ ਸਤਿਗੁਰ ਦੀ ਬਾਣੀ,
ਗਿਆਨ ਨੂੰ ਲੈ ਲਿਆ ਤਾਂ ‘ਹੋਵਹੁ ਚਾਕਰ ਸਾਚੇ ਕੇਰੇ ॥’ (728) ਸੱਚ ਦਾ ਚਾਕਰ ਹੋ ਜਾਂਦਾ ਹੈ। ਤਾਂ
ਫਿਰ ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਦਾ ਚਾਕਰ ਨਹੀਂ ਰਹਿੰਦਾ। ਇਹ ਕੋਈ ਬਹੁਤ ਔਖਾ ਨਹੀਂ
ਹੈ! ਸੋ ਅਸੀਂ ਇਹ ਸਮਝਣਾ ਹੈ ਕਿ ਅਸੀਂ ਕਿਹੜੀ ਵਿਧੀ ਨਾਲ ਜਪ ਰਹੇ ਹਾਂ ਰੱਬ ਦਾ ਨਾਮ ਤੇ ਗੁਰੂ
ਸਾਹਿਬ ਇਨ੍ਹਾਂ ਸਲੋਕਾਂ ਵਿਚ ਕਿਵੇਂ ਸਮਝਾ ਰਹੇ ਹਨ। ਸਭ ਤੋਂ ਪਹਿਲਾ ਸਲੋਕ -
ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥
ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥
ਤੂੰ ਰੱਬੀ ਗੁਣ ਨਹੀਂ ਗਾਉਂਦਾ, ਭਾਵ ਆਪਣੇ ਜੀਵਨ ਵਿਚ ਨਹੀਂ ਜਿਊਂਦਾ ਤਾਂ ਤੇਰਾ ਜਨਮ ਜ਼ਾਇਆ ਜਾ
ਰਿਹਾ ਹੈ। ਰੱਬੀ ਗੁਣਾਂ ਨੂੰ ਗਾਣਾ ਹੈ ਤਾਂ ਕਿ ‘ਏ ਮਨ ਜੈਸਾ ਸੇਵਹਿ
ਤੈਸਾ ਹੋਵਹਿ ਤੇਹੇ ਕਰਮ ਕਮਾਇ ॥’
ਜੈਸਾ ਇਹ ਮਨ ਸੇਂਵਦਾ ਹੈ, ਜੈਸਾ ਗਾਉਂਦਾ ਹੈ ਵੈਸਾ ਬਣ ਜਾਂਦਾ ਹੈ ਤੇ ਰੱਬੀ ਗੁਣ ਗਾਉਣੇ ਹਨ। ਸਾਰੀ
ਬਾਣੀ ਵਿਚ ਮਨੁੱਖ ਨੂੰ ਸਚ ਦਾ ਗਿਆਨ ਲੈ ਕੇ ਰੱਬੀ ਗੁਣਾਂ ਨਾਲ ਜਿਊ ਕੇ ਸਦੀਵੀ ਆਨੰਦ ਪ੍ਰਾਪਤੀ ਦਾ
ਰਾਹ ਸਮਝਾਇਆ ਹੈ। ਮਨੁੱਖ ਦਾ ਜੀਵਨ ਸਿੱਧੇ ਰਾਹ ਪੈ ਜਾਂਦਾ ਹੈ ‘ਇਹ
ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ’ ਹੋ ਜਾਂਦਾ ਹੈ। ਮਨੁੱਖ ਰੱਬੀ ਗੁਣਾਂ
ਵਾਲਾ ਜੀਵਨ ਜਿਊਣ ਲਗ ਪੈਂਦਾ ਹੈ। ਉਸਨੂੰ ਕਹਿੰਦੇ ਹਨ ‘ਊਠਤ ਬੈਠਤ ਸੋਵਤ
ਧਿਆਈਐ ॥ ਮਾਰਗਿ ਚਲਤ ਹਰੇ ਹਰਿ ਗਾਈਐ ॥’ (386)
ਬਾਣੀ ਸਾਡਾ ਅੰਤਰਆਤਮਾ ਸਾਫ ਕਰੇਗੀ। ਅਸੀਂ ਕਲ ਵੀ ਪੜ ਰਹੇ ਸੀ ‘ਨਾਨਕ
ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ ॥’ ਇੱਥੇ ‘ਭਗਤਿ’ ਦੇ ‘ਤ’ ਨੂੰ ਸਿਹਾਰੀ ਹੈ।
ਭਾਵ ਤੂੰ ਹਮੇਸ਼ਾਂ ਸਤਿਗੁਰ ਦੀ ਮਤਿ ਨਾਲ ਇਕਮਿਕ ਰਿਹਾ ਕਰ। ਤੇਰੀ ਮਾਨਸਕ ਅਵਸਥਾ ਭਗਤਿ ਵਾਲੀ ਬਣ
ਜਾਏਗੀ ਹਮੇਸ਼ਾਂ ਲਈ। ਥਿਰ ਬਣ ਜਾਏਂਗਾ ਤੂੰ! ਭਗਤੀ ਵਿਚ ਟਿੱਕ ਜਾਏਂਗਾ! ਗੁਰੂ ਪਾਤਸ਼ਾਹ ਕਹਿੰਦੇ ਹਨ
ਕਿ ਤੂੰ ਭਗਤੀ ਕਰਨਾ ਚਾਹੁੰਦਾ ਹੈਂ ਤਾਂ ਰੱਬੀ ਗੁਣ ਲਿਆ ਕਰ। ਜੇ ਨਹੀਂ ਲੈਂਦਾ
‘ਵਿਣੁ ਗੁਣ ਕੀਤੇ ਭਗਤਿ ਨ ਹੋਇ ॥’ (4) ਇਸ ਦਾ ਮਤਲਬ ਕਿ ਰੱਬੀ
ਗੁਣਾਂ ਨੂੰ ਜੇ ਤੂੰ ਆਪਣੇ ਜੀਵਨ ਵਿਚ ਧਾਰਨ ਨਹੀਂ ਕੀਤਾ ਭਗਤੀ ਨਹੀਂ ਹੋ ਸਕਦੀ। ਤੇਰਾ ਦੁਨੀਆਵੀ
ਭੇਖ-ਵਿਖਾਵਾ - ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥ (662) ਲੋਕਾਂ ਨੂੰ ਵਿਖਾਉਣ ਲਈ ਤੇ
ਹੋ ਸਕਦਾ ਹੈ ਪਰ ਭਗਤੀ ਨਹੀਂ ਹੋ ਸਕਦੀ। ਭਗਤੀ ਕਰਨ ਦਾ ਤਰੀਕਾ ਤੇ ਕੇਵਲ ਇੱਕੋ ਹੀ ਹੈ - ਰੱਬ ਜੈਸਾ
ਬਣ। ‘ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ ॥’ (1372) ਜਿਸਨੂੰ ਕਹਿੰਦੇ ਹਨ ਰੱਬੀ ਕਰਮ। ਰੱਬੀ
ਕਰਮ ਕਰਿਆ ਕਰ। ਰੱਬ ਤੇ ਉਸਦੇ ਅੰਦਰ ਕੋਈ ਅੰਤਰ ਨਹੀਂ ਰਹਿੰਦਾ - ਜਿਨ੍ਾ ਨ ਵਿਸਰੈ ਨਾਮੁ ਸੇ
ਕਿਨੇਹਿਆ ॥ ਭੇਦੁ ਨ ਜਾਣਹੁ ਮੂਲਿ ਸਾਂਈ ਜੇਹਿਆ ॥ (397)
ਜਿਨ੍ਹਾਂ ਨੂੰ ਰੱਬ ਦਾ ਨਾਮ ਨਹੀਂ ਵਿਸਰਦਾ ਉਨ੍ਹਾਂ ਦਾ ਸੁਭਾਅ ਰੱਬੀ ਗੁਣਾਂ ਭਰਪੂਰ ਹੁੰਦਾ ਹੈ। ਉਹ
ਕਰਤਾ ਪੁਰਖੁ ਵਾਲਾ ਜੀਵਨ ਜਿਊਂਦੇ ਹਨ, ਉਹ ਉਸਾਰੂ ਕੰਮ ਕਰਦੇ ਹਨ। ਉਹ ਨਾ ਹੀ ਕਿਸੇ ਦਾ ਭੈੜ ਕਰਦੇ
ਹਨ ਅਤੇ ਨਾ ਹੀ ਕਿਸੇ ਦਾ ਦਿਲ ਢਾਹੁਣ ਵਾਲਾ ਕੰਮ ਕਰਦੇ ਹਨ। ਉਹ ਇੱਕ-ਦੂਜੇ ਦੀ ਟੰਗ ਨਹੀਂ ਖਿੱਚਦੇ
ਹਨ। ਉਹ ਨਿੰਦਾ ਨਹੀਂ ਕਰਦੇ ਹਨ। ਹੁਣ ਇਹ ਗਲ ਸਮਝ ਆਈ ਕਿ ਇਹ ਸਾਰੀ ਗਲ ਸਾਨੂੰ ਸਮਝਾਈ ਜਾ ਰਹੀ ਹੈ।
‘ਗੁਨ ਗੋਬਿੰਦ’ ਗਾਕੇ ਹਮੇਸ਼ਾਂ ਲਈ ਰੱਬੀ ਗੁਣਾਂ ਦੀ ਭਗਤੀ ਵਿਚ ਲੀਨ ਰਹਿਣਾ ਸਿਖਾਇਆ ਹੈ -
‘ਊਠਤ ਬੈਠਤ ਸੋਵਤ ਧਿਆਈਐ ॥
ਮਾਰਗਿ ਚਲਤ ਹਰੇ ਹਰਿ ਗਾਈਐ ॥’ (386)
ਰਸਨਾ ਜਪੈ ਨ ਨਾਮੁ ਤਿਲੁ ਤਿਲੁ ਕਰਿ ਕਟੀਐ ॥ (1362) ਅੰਤਰ ਦੀ ਰਸਨਾ ਜਿਹੜੀ ਹਰ ਰੋਜ਼ ਅਤੇ ਹਰ ਪੱਲ
ਰੱਬ ਨਾਲ ਜੁੜੀ ਰਹੇ ਉਹ ਵਾਲੀ ਜੀਵਨ ਅਵਸਥਾ ਸਮਝਾਉਣ ਲਈ ਕਹਿੰਦੇ ਹਨ ‘ਕਹੁ ਨਾਨਕ ਹਰਿ ਭਜੁ ਮਨਾ
ਜਿਹ ਬਿਧਿ ਜਲ ਕਉ ਮੀਨੁ ॥’
ਵਿਧੀ ਦਸ ਦਿੱਤੀ, ਤਰੀਕਾ ਦੱਸ ਦਿੱਤਾ। ਰੱਬ ਦਾ ਨਾਮ ਲੈਣਾ ਚਾਹੁੰਦਾ ਹੈਂ? ਮੱਛੀ ਪਾਣੀ-ਪਾਣੀ ਨਹੀਂ
ਕਰ ਰਹੀ। ਪਾਣੀ ਵਿਚ ਰਹਿੰਦੀ ਹੈ, ਪਾਣੀ ਵਿਚੋਂ ਬਾਹਰ ਕੱਢੋ ਤਾਂ
‘ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥
ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥’ (658) ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ।
ਸਾਡੇ ਲਈ ‘ਪਵਣੁ ਗੁਰੂ ਪਾਣੀ ਪਿਤਾ’ ਸੱਚ ਦਾ ਗਿਆਨ ਹੈ। ਜਦੋਂ ਸੱਚ ਦੇ ਗਿਆਨ ਅਨੁਸਾਰ ਅਮਲੀ ਜੀਵਨ
ਮੈਂ ਨਹੀਂ ਜਿਊਂਦਾ ਤਾਂ ਮੈਂ ਮਰ ਜਾਂਦਾ ਹਾਂ। ਜੇ ਮੇਰਾ ਇਹ ਵਾਲਾ ਜੀਵਨ ਬਣ ਜਾਏ ਇਹ ਮੱਛੀ ਵਾਲੀ
ਬਿਧ ਹੋ ਗਈ। ਸੋ ਪਹਿਲੇ ਸਲੋਕ ਵਿਚ ਬਿਧ ਸਮਝਾਈ। ਉਸ ਮਗਰੋਂ ਪੰਤਾਲੀਵੇ ਸਲੋਕ ਦੀ ਵਿਚਾਰ ਕੀਤੀ ਸੀ
-
ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ ॥
ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ ॥
ਇਸ ਵਿਚ ਵੀ ਬਿਧ ਸਮਝਾਉਂਦੇ ਹਨ। ਜਿਵੇਂ ਪਹਿਲੇ ਸਲੋਕ ਵਿਚ ਬਿਧ ਸੀ ਕਿ ਜਿਵੇਂ ਮੱਛੀ ਪਾਣੀ ਤੋਂ
ਬਿਨਾ ਨਹੀਂ ਰਹਿ ਸਕਦੀ ਇਸੇ ਤਰ੍ਹਾਂ ਐ ਮਨੁੱਖ ਤੈਨੂੰ ਰੱਬ ਜੀ ਦੀ ਯਾਦ ਇਕ ਪਲ ਵੀ ਨਾ ਵਿਸਰੇ ਭਾਵ
ਹਰ ਪਲ ਸਦਾਚਾਰੀ, ਚੰਗੇ-ਚੰਗੇ ਗੁਣਾਂ ਵਾਲਾ ਜੀਵਨ ਜੀਵੇਂ। ਇਸ ਸਲੋਕ ਵਿਚ ਕਹਿੰਦੇ ਹਨ ਕਿ ਵਫ਼ਾਦਾਰੀ
ਅਤੇ ਦਿਆਨਤਦਾਰੀ। ਜਿਵੇਂ ਕੁੱਤਾ ਆਪਣੇ ਮਾਲਕ ਦਾ ਘਰ ਨਹੀਂ ਛੱਡਦਾ, ਮਾਲਕ ਨੂੰ ਨਹੀਂ ਭੁੱਲਦਾ।
ਅਸੀਂ ਜੇ ‘ਇਹ ਬਿਧਿ ਹਰਿ ਭਜਉ’ ਸਿੱਖ ਜਾਵਾਂਗੇ ਤਾਂ ਇਕ ਮਨ ਇਕ ਚਿੱਤ ਹੋ ਜਾਵਾਂਗੇ। ਵਫ਼ਾਦਾਰੀ
ਨਹੀਂ ਸਮਝੀ ਤਾਂ ਹੀ ਸਾਡਾ ਇਕ ਮਨ ਇਕ ਚਿੱਤ ਨਹੀਂ ਹੈ। ਜਦੋਂ ਸਾਡਾ ਇਕ ਮਨ ਇਕ ਚਿੱਤ ਨਹੀਂ ਹੁੰਦਾ
ਤਾਂ ਅਸੀਂ ਕਹਿੰਦੇ ਹਾਂ ਵੇਖੋ ਵੀਰ ਜੀ ਜਦੋਂ ਕਿਸੇ ਨੂੰ ਬਿਮਾਰੀ ਪੈ ਜਾਏ ਫਿਰ ਉਹ ਕੀ ਕਰੇ। ਫਿਰ
ਕਿਧਰੇ ਤੇ ਜਾਏਗਾ ਹੀ ਨਾ ਤਾਂਤਰਿਕਾਂ ਕੋਲ, ਕੁਝ ਜਾਦੂ-ਟੂਣੇ ਕਰਵਾਉਣ ਤੇ ਜਾਏਗਾ ਹੀ ਨਾ! ਫਿਰ
ਅਸੀਂ ਆਏ ਦਿਨ ਤਾਂਤ੍ਰਿਕਾਂ ਦੇ ਵਸ ਪਏ ਰਹਿੰਦੇ ਹਾਂ। ਅਸੀਂ ਕਈ ਵਾਰ ਟੀ.ਵੀ ਤੇ ਵੇਖਦੇ ਹਾਂ ਕਿ
ਕਿਤਨੇ ਤਰੀਕਿਆਂ ਦੀਆਂ ਮੋਮੋ ਠੱਗਣੀਆਂ ਦਾ ਪੜਦਾ ਫਾਸ਼ ਕਰਦੇ ਹਨ ਤੇ ਮਨੁੱਖਾਂ ਨੂੰ ਇਨ੍ਹਾਂ ਤੋਂ
ਸੁਚੇਤ ਰਹਿਣ ਦੀ ਤਾਕੀਦ ਦਿੱਤੀ ਜਾਂਦੀ ਹੈ। ਜਦੋਂ ਅਸੀਂ ਤਾਂਤ੍ਰਿਕਾਂ ਦੇ ਵੱਸ ਪੈ ਗਏ, ਕੁੰਡਲੀ ਦੇ
ਵੱਸ ਪੈ ਗਏ, ਹੱਥ ਵਿਖਾਉਣ ਦੇ ਵੱਸ ਪੈ ਗਏ, ਚੰਦ ਸਿਤਾਰਿਆਂ ਦੇ ਵੱਸ ਪੈ ਗਏ ਤਾਂ ਅਸੀਂ ਮਾਲਕ ਦਾ
ਦਰ ਛੱਡ ਦਿੱਤਾ।
ਝੂਠੀਆਂ ਦੁਕਾਨਾਂ ਤੇ ਜਾਣ ਵਾਲਾ ਮਨੁੱਖ ਇੱਕ ਮਨ ਹੋਏ ਇਕ ਚਿਤ ਨਹੀਂ ਹੁੰਦਾ। ਇਕ ਰੱਬ ਤੇ ਵਿਸ਼ਵਾਸ
ਨਹੀਂ ਰੱਖਦਾ। ਜਦੋਂ ਮਨੁੱਖ ਇਕ ਰੱਬ ਨਾਲ ਜੁੜਦਾ ਹੈ, ਆਪਣੀਆਂ ਚਤੁਰਾਈਆਂ ਅਤੇ ਕਿਸੇ ਵੀ ਕਿਸਮ ਦੀ
ਦੂਜੀ ਟੇਕ ਤੇ ਆਪਣੀ ਟੇਕ ਨਹੀਂ ਰੱਖਦਾ। ਮਨੁੱਖ ਜਦੋਂ ਇਕ ਰੱਬ ਤੇ ਵਿਸ਼ਵਾਸ ਰੱਖਣ ਵਾਲਾ ਹੋ ਜਾਂਦਾ
ਹੈ ਤਾਂ ਉਸਨੂੰ ਕਹਿੰਦੇ ਹਨ ‘ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ ॥’
ਕੁੱਤੇ ਦਾ ਸੁਭਾ ਹੈ ਮਾਲਕ ਦਾ ਦਰ ਨਹੀਂ ਛੱਡਦਾ। ਜਿਹੜਾ ਉਸਦਾ ਮਾਲਕ ਦਾ ਦਰ ਨਾ ਛੱਡਣ ਵਾਲਾ ਚੰਗਾ
ਗੁਣ ਹੈ ਐ ਇਨਸਾਨ ਤੂੰ ਉਹ ਲੈ। ਇਕ ਮਨ ਇਕ ਚਿਤ ਹੋਕੇ ਰੱਬੀ ਗੁਣਾਂ ਨੂੰ ਧਾਰਨ ਕਰ -
ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ ॥ ਜਦੋਂ ਅਸੀਂ ਸਮਝਾਂਗੇ ਕਿ ਮੱਛੀ ਦੀ ਤਰ੍ਹਾਂ
ਸਾਨੂੰ ਬਿਧ ਸਮਝਾਈ ਤੇ ਮੱਛੀ ਪ੍ਰਤੀਕ ਹੋ ਗਿਆ, ਜੇ ਸਾਨੂੰ ਕੁੱਤੇ ਦੀ ਗੱਲ ਸਮਝਾਈ ਤੇ ਕੁੱਤਾ
ਪ੍ਰਤੀਕ ਹੋ ਗਿਆ।
ਸੋ ਮਨੁੱਖ ਨੂੰ ਸਮਝਾਉਣ ਲਈ ਗੁਰੂ ਸਾਹਿਬ ਨੇ ਬੜੀ ਥਾਂਵਾਂ ਤੇ ਬੜੇ ਸਾਰੇ ਸ਼ਬਦ ਲਿਖੇ ਹਨ। ਮੂਲੁ ਨ
ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ ॥ (751) ਜਿਹੜਾ ਮਨੁੱਖ ਆਪਣਾ ਮੂਲ ਨਹੀਂ ਸਮਝਦਾ ‘ਸੇ ਪਸੂਆ
ਸੇ ਢੋਰ ਜੀਉ’। ਗੁਰੂ ਸਾਹਿਬ ਇੱਕ ਥਾਂ ਤੇ ਕਹਿੰਦੇ ਹਨ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ
ਬਿਨਾਸ ॥ ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ ॥ (486)
ਇਨ੍ਹਾਂ ਜਾਨਵਰਾਂ ਵਿਚ ਇੱਕ-ਇੱਕ ਦੋਸ਼ ਹੁੰਦਾ ਹੈ। ਇਨ੍ਹਾਂ ਨੂੰ ਇਕ ਵਿਕਾਰ ਸਤਾਉਂਦਾ ਹੈ। ਕਿਸੇ
ਨੂੰ ਅੱਖ ਦਾ, ਕਿਸੇ ਨੂੰ ਜੀਭ ਦਾ, ਕਿਸੇ ਨੂੰ ਕੰਨ ਦਾ, ਕਿਸੇ ਨੂੰ ਕਾਮ ਦਾ, ਕਿਸੇ ਨੂੰ ਇੰਦ੍ਰੀ
ਦਾ, ਇਕ ਰੋਗ ਇਨ੍ਹਾਂ ਨੂੰ ਸਤਾਉਂਦਾ ਹੈ। ਪਰ ਜਿਸ ਵਿਚ ਇਹ ਪੰਜੇ ਦੋਖ ਹੋਣ ਉਸਦੀ ਤੇ ਬੱਚਣ ਦੀ
ਉੱਮੀਦ ਹੀ ਨਹੀਂ ਹੈ। ਜਾਨਵਰ ਤੇ ਇਕ-ਇਕ ਰੋਗ ਨਾਲ ਹੀ ਮਾਰੇ ਗਏ। ਐ ਮਨੁੱਖ ਤੂੰ ਇਹ ਪ੍ਰਤੀਕ ਵਰਤਕੇ
ਵੇਖ ਇਨ੍ਹਾਂ ਤੋਂ ਪ੍ਰੇਰਣਾ ਲੈ, ਜਦੋਂ ਇਹ ਸਮਝਾਉਂਦੇ ਹਨ, ਇਹ ਸਮਝਾਕੇ ਮਨੁੱਖ ਨੂੰ ਧਿਆਨ ਦਿਵਾ
ਰਹੇ ਹਨ ਕਿ ਮੱਛੀ ਦੇ ਪ੍ਰਤੀਕ ਵਾਂਗੂੰ ਸਮਝ - ‘ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ
॥’ ਅਤੇ ‘ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ ॥’
ਲੇਕਿਨ ਅਸੀਂ ਕਿਹੜੀ ਬਿਧ ਬਣਾਈ ਹੋਈ ਹੈ, ਹੁਣ ਇਸ ਦਾ ਮੁਤਾਲਿਆ ਕਰੀਏ। ਅਗਲੇ ਸਲੋਕ ਵਿਚ ਗੁਰੂ
ਸਾਹਿਬ ਸਾਡੀ ਬਿਧ ਸਾਨੂੰ ਸਮਝਾ ਰਹੇ ਹਨ - ਬਗਲ ਵਿਚ ਛੁਰੀ ਤੇ ਮੂੰਹ ਵਿਚ ਰਾਮ-ਰਾਮ, ਮੋਮੋ ਠਗਣੀ।
ਉਸ ਬਿਧੀ ਦੇ ਬਾਰੇ ਗੁਰੂ ਸਾਹਿਬ ਕਹਿੰਦੇ ਹਨ,
ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ ॥
ਕਹੁ ਨਾਨਕ ਇਹ ਬਿਧਿ ਭਈ ਤਊ ਨ ਹਰਿ ਰਸਿ ਲੀਨ ॥47॥
ਐ ਮਨੁੱਖੀ ਮਨ! ਤੈਨੂੰ ਸਤਿਗੁਰ ਬਿਧ ਸਮਝਾ ਰਿਹਾ ਹੈ ਕਿ ਤੂੰ ਮੱਛੀ ਅਤੇ ਕੁੱਤੇ ਤੋਂ ਸੀਖ
ਲਵੇਂ। ਉਨ੍ਹਾਂ ਕੋਲੋਂ ਗੁਣ ਲੈ ਪਰ ਤੂੰ ਕੁਝ ਹੋਰ ਹੀ ਜੀਵਨ ਬਣਾਇਆ ਹੋਇਆ ਹੈ। ਕਹੁ ਨਾਨਕ ਇਹ ਬਿਧਿ
ਭਈ ਤਊ ਨ ਹਰਿ ਰਸਿ ਲੀਨ ॥
ਹੁਣ ‘ਹਰਿ ਰਸ’ ਦਾ ਵਿਸ਼ਾ ਸਮਝ ਆ ਗਿਆ। ਇਹ ਭੋਜਨ ਭਜਨਾ ਹੈ ਸੱਚ ਦਾ ਤਾਂ ਕਿ ਰੱਬੀ ਗੁਣਾਂ ਨਾਲ
ਇਕਮਿਕ ਜਿਊ ਸਕੀਏ। ਸਚ ਦਾ ਸਤਿਗੁਰ ਦੀ ਮਤਿ ਦਾ ਆਤਮਾ ਨੂੰ ਭੋਜਨ ਖੁਆਣਾ ਹੈ। ਇਨ੍ਹਾਂ ਗੱਲਾਂ ਨੂੰ
ਜਦੋਂ ਅਸੀਂ ਸਮਝਦੇ ਹਾਂ, ਤਾਂ ਸਾਨੂੰ ਪਤਾ ਲਗਦਾ ਹੈ ਕਿ ਅਸੀਂ ਜਦੋਂ ਸੱਚ ਦੇ ਰਾਹ ਤੇ ਨਹੀਂ ਹਾਂ,
ਅਸੀਂ ਹੰਕਾਰ ਵੱਸ ਹਾਂ। ਕਿਉਂਕਿ ਹੰਕਾਰੀ ਮਨੁੱਖ ਸੋਚ ਰਿਹਾ ਹੁੰਦਾ ਹੈ ਕਿ ਮੈਂ ਜਵਾਨੀ, ਜੋਬਨ,
ਪੈਸਾ, ਪਦਪ੍ਰਤਿਸ਼ਠਾ ਪਕੜੀ ਰੱਖਾਂ। ਸਭ ਕੁਝ ਸਦੀਵੀ ਰੱਖਣਾ ਚਾਹੁੰਦਾ ਹੈ ਉਹ ਸਮਝਦਾ ਹੈ ਕਿ ਕਰਤਾ
ਮੈਂ ਹੀ ਹਾਂ ਤਾਂ ਹੀ ਉਹ ਰੱਬੀ ਰਜ਼ਾ-ਭਾਣੇ ਨੂੰ ਭੁੱਲ ਜਾਂਦਾ ਹੈ। ਸਭ ਤੋਂ ਭਾਰੀ ਭੁਲੇਖਾ ਇਹ ਹੈ
ਕਿ ਮੈਂ ਕਰਤਾ ਹਾਂ, ਮੇਰੇ ਮੁਤਾਬਕ ਧਰਤੀ ਚੱਲੇ। ਮੇਰੇ ਮੁਤਾਬਕ ਵਾਪਾਰ ਚੱਲੇ। ਮੇਰੇ ਮੁਤਾਬਕ ਟੱਬਰ
ਚੱਲੇ, ਮੇਰੇ ਮੁਤਾਬਕ ਵਹੁਟੀ-ਬੱਚੇ ਚਲਣ, ਮੇਰੇ ਮੁਤਾਬਕ ਪਤੀ, ਸੱਸ ਅਤੇ ਨੂੰਹ ਚੱਲੇ। ਮੇਰੇ
ਮੁਤਾਬਕ ਸਾਰੀ ਸ੍ਰਿਸ਼ਟੀ ਚੱਲੇ, ਮੇਰੇ ਮੁਤਾਬਕ ਧਰਮ ਵਾਲੇ ਚੱਲਣ।
ਗੁਰੂ ਸਾਹਿਬ ਕਹਿੰਦੇ ਹਨ - ‘ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥ ਤੂੰ ਕਰਤਾ
ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ॥’ (469) ਗੁਰੂ ਸਾਹਿਬ ਇਹੀ ਦ੍ਰਿੜ ਕਰਾ ਰਹੇ ਹਨ ਕਿ ਰੱਬ ਜੀ
ਹੀ ਕਰਤਾ ਹਨ। ਇਹੀ ਭਾਵ ਸਿਖਣ ਨਾਲ ਇਹ ਸਮਝ ਆਂਦੀ ਹੈ ਕਿ ਮੈਂ ਸਾਰੀ ਉਮਰ ਪੂਰਾ ਕੁਝ ਵੀ ਨਹੀਂ ਕਰ
ਸਕਦਾ।
ਇਹ ਗਲ ਸਮਝ ਆ ਜਾਂਦੀ ਹੈ ਤਾਂ ਮਨੁੱਖ ਸਦੀਵੀ ਸੱਚ ਨਾਲ ਜੁੜਦਾ ਹੈ। ਇਸ ਕਰਕੇ ਅਸੀਂ ਅੱਜ ਦੀ ਵਿਚਾਰ
ਰਾਹੀਂ ਬਾਰ-ਬਾਰ ਦੁਹਰਾ ਰਹੇ ਹਾਂ ਕਿ ‘ਨਾਨਕ ਥਿਰੁ ਹਰਿ ਭਗਤਿ ਹੈ’। ਕੇਵਲ ਸੱਚ ਹੀ ਥਿਰ ਹੈ ਬਾਕੀ
ਹੋਰ ਕੁਝ ਵੀ ਥਿਰ ਨਹੀਂ ਹੈ। ਐ ਮਨੁੱਖ ਤੂੰ ਦੁਨੀਆਵੀ ਚੀਜ਼ਾ ਥਿਰ ਰੱਖਣਾ ਚਾਹੁੰਦਾ ਹੈਂ। ‘ਕਹਿ
ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ’ ਅਤੇ ‘ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ’
ਅਤੇ ‘ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥’ ਕਿਉਂਕਿ ਇਨ੍ਹਾਂ ਪੰਕਤੀਆਂ ਨੂੰ ਇਸ ਤਰ੍ਹਾਂ
ਆਰਾਮ ਨਾਲ ਵਿਚਾਰਨ ਦਾ ਸਮਾ ਨਹੀਂ ਹੁੰਦਾ। ਜਦੋਂ ਇਨ੍ਹਾਂ ਸਲੋਕਾਂ ਦੀ ਲੜੀ ਪੜ੍ਹੀ ਜਾਂਦੀ ਹੈ ਤਾਂ
ਗੁਰਦੁਆਰਿਆਂ ਵਿਚ ਭੋਗ ਵੇਲੇ ਪੜਿਆ ਜਾਂਦਾ ਹੈ, ਜਾਂ ਘਰਾਂ ਵਿਚ ਅਖੰਡ ਪਾਠ ਦੀ ਸਮਾਪਤੀ ਵੇਲੇ ਪੜਦੇ
ਹਾਂ ਤਾਂ ਕੇਵਲ ਸੁਣਨ ਤਕ ਹੀ ਰਹਿੰਦੇ ਹਾਂ ਪਰ ਰੁਕ-ਰੁਕ ਕੇ ਵਿਚਾਰੀਏ ਤਾਂ ਪਤਾ ਚਲਦਾ ਹੈ ਕਿ
ਬਾਰ-ਬਾਰ ਹਉਮੈ ਵਲ ਧਿਆਨ ਦਿਵਾ ਰਹੇ ਹਨ, ਬਾਰ-ਬਾਰ ਸਾਰੀ ਜਗ ਰਚਨਾ ਆਦਿ ਸਾਰੀਆਂ ਗੱਲਾ ਕਰਕੇ ਕਹਿ
ਰਹੇ ਹਨ ਕਿ ਇੱਥੇ ਥਿਰ ਕੁਝ ਵੀ ਨਹੀਂ ਹੈ। ਕੇਵਲ ਰੱਬੀ ਗੁਣ (ਭਗਤ) ਹੀ ਥਿਰ ਹਨ, ਇਨ੍ਹਾਂ ਨੂੰ
ਜਿਊਣਾ ਹੈ।
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥ ਜਦੋਂ ਇਹ ਸਮਝ ਆ ਜਾਂਦਾ ਹੈ ਕਿ ਇੱਥੇ ਥਿਰ ਕੁਝ ਵੀ
ਨਹੀਂ ਹੈ ਤਾਂ ਮਨੁੱਖ ਦੀ ਚਿੰਤਾ ਖਤਮ ਹੋ ਜਾਂਦੀ ਹੈ। ਅੱਜ ਸਾਰੀ ਦੁਨੀਆ ਵਿਚ ਤਣਾਅ, ਟੈਂਸ਼ਨ,
ਚਿੰਤਾ, ਫਿਕਰ ਦਾ ਕਾਰਨ ਇਹ ਹੈ ਕਿ ਮਨੁੱਖ ਸੋਚ ਰਿਹਾ ਹੈ ਕਿ ਮੇਰੇ ਹੱਥ ਵਿਚ ਜੋ ਕੁਝ ਵੀ ਹੈ
ਉਸਨੂੰ ਜਾਣ ਨਹੀਂ ਦੇਣਾ। ਪਰ ਜੇ ਸਮਝ ਆ ਜਾਏ ਕਿ ਇਹ ਜਾਣਾ ਹੀ ਹੈ ਤਾਂ ਜੀਵਨ ਸੌਖਾ ਹੋ ਜਾਂਦਾ ਹੈ।