ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਦੋ ਪਹਿਲੂ
ਜ਼ਮੀਨ `ਤੇ ਕੋਈ ਸਿੱਕਾ ਡਿੱਗ
ਪੈਂਦਾ ਹੈ ਤਾਂ ਇਹ ਨਹੀਂ ਹੋ ਸਕਦਾ ਕਿ ਅਸੀਂ ਉਸ ਸਿੱਕੇ ਦਾ ਊਪਰਲਾ ਹਿੱਸਾ ਚੁੱਕ ਲਈਏ ਤੇ ਸਿੱਕੇ
ਦੇ ਥੱਲੇ ਵਾਲਾ ਹਿੱਸਾ ਓੱਥੇ ਹੀ ਪਿਆ ਰਹਿਣ ਦਈਏ। ਜਦੋਂ ਸਿੱਕਾ ਜ਼ਮੀਨ ਤੋਂ ਉਠਾਵਾਂਗੇ ਤਾਂ ਸਿੱਕੇ
ਦੇ ਦੋਨੋਂ ਪਹਿਲੂ ਸਾਡੇ ਹੱਥ ਵਿੱਚ ਹੋਣਗੇ। ਇੱਕ ਰੱਸੀ ਦੇ ਦੋ ਸਿਰੇ ਹਨ। ਜਿੱਥੇ ਦਿਨ ਹੈ ਓੱਥੇ
ਰਾਤ ਵੀ ਆਉਣੀ ਹੈ। ਜੇ ਬੱਚਾ ਹੱਸ ਰਿਹਾ ਹੈ ਤਾਂ ਰੇਵੇਗਾ ਵੀ ਜ਼ਰੂਰ ਪਰ ਅਸੀਂ ਚਾਹਾਂਗੇ ਕਿ ਬੱਚਾ
ਕਦੇ ਵੀ ਨਾ ਰੋਏ। ਜਿੱਥੇ ਖੁਸ਼ੀ ਹੈ ਓੱਥੇ ਗ਼ਮੀ ਵੀ ਆ ਸਕਦੀ ਹੈ। ਮੀਂਹ ਵੀ ਹੈ ਤੇ ਸੋਕਾ ਵੀ ਪੈਣ ਦੀ
ਸੰਭਾਵਨਾ ਬਣੀ ਰਹੇਗੀ। ਸੱਚ ਦੇ ਪਾਂਧੀ ਲਈ ਤੱਤੀਆਂ ਤੱਵੀਆਂ, ਬੰਦ ਬੰਦ ਕੱਟਿਆ ਜਾਣਾ, ਜਿਸਮ ਦਾ
ਤੂੰਬਾ ਤੂੰਬਾ ਕਰਕੇ ਉਡਾ ਦੇਣਾ ਆਉਂਦਾ ਹੈ ਓੱਥੇ ਗੈਰ-ਕੁਦਰਤੀ ਸਮਝੌਤਾਵਾਦੀ ਆਤਮਕ ਬੋਝ ਥੱਲੇ ਐਸ਼
ਵਾਲੀ ਜ਼ਿੰਦਗੀ ਵੀ ਜੀਉ ਸਕਦਾ ਹੈ। ਗੁਰੂ ਸਾਹਿਬ ਜੀ ਨੇ ਦੋ ਪਹਿਲੂਆਂ ਦਾ ਬੋਧ ਕਰਾਇਆ ਹੈ ਕਿ ਜੇ
ਬਹੁਤ ਖੁਸ਼ੀ ਆ ਗਈ ਤਾਂ ਆਪਣੇ ਦਿਮਾਗੀ ਸੰਤੁਲਣ ਨੂੰ ਵਿਗੜਨ ਨਹੀਂ ਦੇਣਾ ਜੇ ਕਿਤੇ ਕੋਈ ਸਮੱਸਿਆ ਆ
ਗਈ ਤਾਂ ਸਾਧਾਂ ਕਲੋਂ ਅਰਦਾਸਾਂ ਕਰਾਉਣ ਲਈ ਨਾ ਦੌੜ ਪਈ ਸਗੋਂ ਸਮਾਧਾਨ ਲੱਭਣ ਦਾ ਯਤਨ ਕਰੀਂ---
ਜਨਮੰ ਤ ਮਰਣੰ, ਹਰਖੰ ਤ ਸੋਗੰ, ਭੋਗੰ ਤ ਰੋਗੰ।।
ਊਚੰ ਤ ਨੀਚੰ, ਨਾਨਾੑ ਸੁ ਮੂਚੰ।।
ਰਾਜੰ ਤ ਮਾਨੰ, ਅਭਿਮਾਨੰ ਤ ਹੀਨੰ।।
ਪ੍ਰਵਿਰਤਿ ਮਾਰਗੰ ਵਰਤੰਤਿ ਬਿਨਾਸਨੰ।।
ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰ, ਨਾਨਕ ਭਗਵੰਤ ਭਜਨਾਸਨੰ।। ੧੨।।
ਅੱਖਰੀਂ ਅਰਥ--— (ਜਿਥੇ) ਜਨਮ ਹੈ (ਉਥੇ) ਮੌਤ ਭੀ ਹੈ, ਖ਼ੁਸ਼ੀ ਹੈ ਤਾਂ ਗ਼ਮੀ ਭੀ
ਹੈ, (ਮਾਇਕ ਪਦਾਰਥਾਂ ਦੇ) ਭੋਗ ਹਨ ਤਾਂ (ਉਹਨਾਂ ਤੋਂ ਉਪਜਦੇ) ਰੋਗ ਭੀ ਹਨ। ਜਿਥੇ ਉੱਚਾ-ਪਨ ਹੈ,
ਉਥੇ ਨੀਵਾਂ-ਪਨ ਭੀ ਆ ਜਾਂਦਾ ਹੈ, ਜਿਥੇ ਗ਼ਰੀਬੀ ਹੈ, ਉਥੇ ਵਡੱਪਣ ਭੀ ਆ ਸਕਦਾ ਹੈ। ਜਿਥੇ ਰਾਜ ਹੈ,
ਉਥੇ ਅਹੰਕਾਰ ਭੀ ਹੈ, ਜਿਥੇ ਅਹੰਕਾਰ ਹੈ, ਉਥੇ ਨਿਰਾਦਰੀ ਭੀ ਹੈ। ਸੋ ਦੁਨੀਆ ਦੇ ਰਸਤੇ ਵਿੱਚ ਹਰੇਕ
ਚੀਜ਼ ਦਾ ਅੰਤ (ਭੀ) ਹੈ। ਸਦਾ-ਥਿਰ ਰਹਿਣ ਵਾਲੀ ਪਰਮਾਤਮਾ ਦੀ ਭਗਤੀ ਹੀ ਹੈ ਜੋ ਸਾਧ ਸੰਗਤਿ (ਦੇ
ਆਸਰੇ ਕੀਤੀ ਜਾ ਸਕਦੀ ਹੈ)। (ਇਸ ਵਾਸਤੇ) ਹੇ ਨਾਨਕ! ਭਗਵਾਨ ਦੇ ਭਜਨ ਦਾ ਭੋਜਨ (ਆਪਣੀ ਜਿੰਦ ਨੂੰ
ਦੇਹ)।
ਵਿਚਾਰ ਚਰਚਾ—
੧ ਮਨੁੱਖ ਦਾ ਦੁਖਾਂਤ ਹੈ ਕਿ ਕਰਮ ਕੋਈ ਹੋਰ ਕਰਦਾ ਹੈ ਤੇ ਫਲ਼ ਕਿਸੇ ਹੋਰ ਦੀ ਚਾਹਨਾ ਰੱਖਦਾ।
੨ ਜੇ ਇਸ ਦਾ ਜਨਮ ਹੋ ਗਿਆ ਹੈ ਤਾਂ ਇਹ ਰੱਬ ਦਾ ਬੰਦਾ ਮੌਤ ਨੂੰ ਕਬੂਲ ਕਰਨ ਲਈ ਤਿਆਰ ਨਹੀਂ ਹੁੰਦਾ।
੩ ਮਨੁੱਖ ਮੌਤ ਤੋਂ ਬਹੁਤ ਡਰਦਾ ਹੈ ਇਸ ਲਈ ਸਰਕਾਰਾਂ ਨਾਲ ਗੈਰ ਕੁਦਰਤੀ, ਗੈਰ ਮਿਆਰੀ ਸਮਝਾਉਤੇ ਕਰ
ਲੈਂਦਾ ਹੈ ਤਾਂ ਕਿ ਸਰੀਰਕ ਮੌਤ ਤੋਂ ਬਚਿਆ ਜਾ ਸਕੇ।
੪ ਗੁਰੂ ਸਾਹਿਬ ਦੇ ਉਪਦੇਸ਼ ਨੂੰ ਸਮਝਣ ਵਾਲਾ ਮੌਤ ਤੋਂ ਨਹੀਂ ਡਰਦਾ ਉਹ ਸਮਝਦਾ ਹੈ ਕਿ ਮਰਨਾ ਤਾਂ
ਇੱਕ ਦਿਨ ਹੈ ਹੀ ਫਿਰ ਕਿਉਂ ਨਾ ਅਣਖ਼ ਨਾਲ ਮਰਿਆ ਜਾਏ।
੫ ਜੇ ਖੁਸ਼ੀ ਆਉਂਦੀ ਹੈ ਤਾਂ ਵਿਤ ਨਾਲੋਂ ਜ਼ਿਆਦਾ ਖੁਸ਼ ਹੋ ਕੇ ਭੰਗੜੇ ਪਉਣੇ ਸ਼ੁਰੂ ਕਰ ਦੇਂਦਾ ਹੈ ਤੇ
ਕਦੇ ਗ਼ਮੀ ਦੇ ਪਲ਼ ਆ ਜਾਂਦੇ ਹਨ ਤਾਂ ਇਹ ਘਬਰਾਅ ਕਿ ਸੁੱਖਣਾ ਸੁੱਖਣ ਵਾਲੇ ਪਾਸੇ ਹੋ ਤੁਰਦਾ ਹੈ।
੬ ਜੇ ਮਨੁੱਖ ਇਕਸਾਰਤਾ ਬਣਾ ਕਿ ਚੱਲੇ ਤਾਂ ਅਤਮਕ ਅਨੰਦ ਮਾਣ ਸਕਦਾ ਹੈ। ਖੁਸ਼ੀ ਤੇ ਗਮੀ ਨੂੰ ਨਾ
ਸਮਝਣ ਕਰਕੇ ਹੀ ਸ਼ਖਸ਼ੀ ਪੂਜਾ ਅਤੇ ਡੇਰਿਆਂ ਦੀ ਸਥਾਪਨਾ ਵਿੱਚ ਵਾਧਾ ਹੋਇਆ ਹੈ।
੭ ਭੋਗ ਸਰੀਰ ਦੀ ਕੁਦਰਤੀ ਜ਼ਰੂਰਤ ਹੈ ਪਰ ਇਹ ਭੋਗਾਂ ਵਿੱਚ ਹੀ ਖਚਤ ਹੋ ਗਿਆ ਹੈ। ਭੋਗੀ ਬੰਦਾ ਭੋਗਾਂ
ਵਿੱਚ ਹੀ ਭੋਗਿਆ ਜਾਂਦਾ ਹੈ ਤੇ ਰੋਗਾਂ ਨੂੰ ਜਨਮ ਦੇ ਬੈਠਦਾ ਹੈ।
੮ ਪਹਾੜ ਦੀ ਉਚਾਈ ਹੈ ਤਾਂ ਪਹਾੜ ਦੀ ਨਿਵਾਣ ਵੀ ਹੈ। ਜੇ ਬੰਦਾ ਕਿਸੇ ਉੱਚੇ ਮੁਕਾਮ `ਤੇ ਪਹੁੰਚਿਆ
ਹੈ ਤਾਂ ਉਸ ਦੀਆਂ ਕਦਰਾਂ ਕੀਮਤਾਂ ਵੀ ਇਸ ਨੂੰ ਕਾਇਮ ਰੱਖਣ ਲਈ ਆਪਣੇ ਆਪ ਨੂੰ ਜਾਬਤੇ ਵਿੱਚ ਰੱਖਣਾ
ਪਏਗਾ ਨਹੀਂ ਤਾਂ ਨਿਵਾਣ ਵਾਲੇ ਪਾਸੇ ਡਿਗਦਿਆਂ ਦੇਰ ਨਹੀਂ ਲਗਣੀ ਇਸ ਭਲੇ ਲੋਕ ਨੂੰ।
੯ ਕੁੱਝ ਸਿੱਖਣ ਦੀ ਚਾਹਨਾ ਵਾਲਾ (ਗਰੀਬੀ ਵਾਲਾ ਸੁਭਾਅ) ਪਰ ਜੇ ਉਹ ਮਿਹਨਤ ਕਰਨੀ ਸ਼ੁਰੂ ਕਰ ਦੇਵੇ
ਤਾਂ ਉਚਾਈਆਂ ਦੀਆਂ ਬੁਲੰਦੀਆਂ ਤੇ ਵੀ ਪਹੁੰਚ ਸਕਣ ਦੀ ਸਮਰੱਥਾ ਰੱਖਦਾ ਹੈ ਜਿਸ ਨੂੰ ਵਡੱਪਣ ਕਿਹਾ
ਗਿਆ ਹੈ।
੧੦ ਤਸਵੀਰ ਦਾ ਦੂਜਾ ਪਾਸਾ ਜੇ ਬੁਲੰਦੀਆਂ `ਤੇ ਪਹੁੰਚਿਆ ਹੋਇਆ ਆਪਣੇ ਆਪ ਨੂੰ ਜਾਬਤੇ ਵਿੱਚ ਨਹੀਂ
ਰੱਖਦਾ ਤਾਂ ਨੀਵੇਂ ਥਾਂ ਡਿਗਣ ਲਈ ਤਿਆਰ ਰਹਿਣਾ ਚਾਹੀਦਾ ਹੈ। ਫੁਕਰਾ ਹੰਕਾਰ ਵਿੱਚ ਆ ਜਾਏ ਤਾਂ
ਕੁਦਰਤੀ ਨਿਯਮ ਅਨੁਸਾਰ ਨਿਰਾਦਰੀ ਵਲ ਨੂੰ ਵਧ ਜਾਂਦਾ ਹੈ। ਸਾਹਮਣੇ ਭਾਂਵੇ ਲੋਕ ਕਹਿਣ ਬੜਾ ਵਧੀਆ ਹੈ
ਪਰ ਪਿੱਠ ਪਿੱਛੇ ਲੋਕ ਮੁਆਫ ਨਹੀਂ ਕਰਦੇ।
੧੧ ਤਸਵੀਰ ਦੇ ਦੋ ਪਹਿਲੂ ਹਨ ਚੰਗੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਵਾਲਾ ਇਨਸਾਨ ਨਮੋਸ਼ੀ ਤੋਂ
ਬਚ ਜਾਂਦਾ ਹੈ ਪਰ ਜੇ ਥੋੜੀ ਜੇਹੀ ਵੀ ਚੂਕ ਹੋ ਜਾਏ ਤਾਂ ਇਖ਼ਲਾਕ ਤੋਂ ਡਿਗਦਿਆਂ ਚਿਰ ਨਹੀਂ ਲਗਦਾ।
੧੨ ਜ਼ਿੰਦਗੀ ਦੇ ਦੋਹਾਂ ਪਹਿਲੂਆਂ ਵਿੱਚ ਮਨੁੱਖ ਅਨੰਦ ਮਾਣ ਸਕਦਾ ਹੈ ਜਦੋਂ ਇਹਨਾਂ ਦੀ ਅਸਲੀਅਤ ਸਮਝ
ਵਿੱਚ ਆ ਜਾਂਦੀ ਹੈ।
੧੩ ਰੱਬ ਦਾ ਭਜਨ (ਆਤਮਕ ਚਿੰਤਨ) ਹੀ ਇਸ ਨੂੰ ਸਹੀ ਸੇਧ ਦੇ ਸਕਦਾ ਹੈ। ਇਹ ਗੁਰਬਾਣੀ ਦਾ ਪ੍ਰਕਾਸ਼ਮਾਨ
ਸਿਧਾਂਤ ਹੈ।
੧੪ ਰੱਬੀ ਭਜਨ ਦਾ ਭਾਵ ਇਹ ਨਹੀਂ ਹੈ ਕਿ ਅਸੀਂ ਕੁੱਝ ਸਮਝਣ ਦੀ ਬਜਾਏ ਇੱਕ ਸ਼ਬਦ ਨੂੰ ਹੀ ਬਾਰ ਬਾਰ
ਬੋਲੀ ਜਾਈਏ? ਨਹੀਂ ਰੱਬੀ ਭਜਨ ਦੇ ਮਹੱਤਵ ਨੂੰ ਸਮਝ ਕੇ ਜਿੱਥੇ ਆਪਣੇ ਆਪ ਨੂੰ ਜਾਬਤੇ ਵਿੱਚ ਢਾਲਣਾ
ਹੈ ਓੱਥੇ ਕੁੱਝ ਸਿੱਖਣ ਦੀ ਚਾਹਨਾ ਰੱਖਣੀ ਤੇ ਉਸ ਨੂੰ ਜੀਵਨ ਵਿੱਚ ਲੈ ਕੇ ਚੱਲਣਾ ਹੀ ਰੱਬੀ ਭਜਨ
ਹੈ। ਕੁਦਰਤੀ ਕਦਰਾਂ ਨੂੰ ਨਾ ਵਿਚਾਰਨ ਵਾਲਾ ਆਤਮਕ ਮੌਤੇ ਮਰ ਜਾਂਦਾ ਹੈ--
ਵਿਸਾਰੇਦੇ ਮਰਿ ਗਏ ਮਰਿ ਭਿ ਨ ਸਕਹਿ ਮੂਲਿ।।
ਵੇਮੁਖ ਹੋਏ ਰਾਮ ਤੇ ਜਿਉ ਤਸਕਰ ਉਪਰਿ ਸੂਲਿ।। ੨।।
ਸਲੋਕ ਮ: ੫ਪੰਨਾ ੩੧੯