ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਧਿਆਤਮਕ ਗਿਆਨ ਹੈ। ਇਹ ਅਦ੍ਰਿਸ਼ਟ ਪ੍ਰਭੂ
ਕਰਤੇ ਅਤੇ ਉਸ ਦੀ ਸਾਜੀ ਦ੍ਰਿਸ਼ਟਮਾਨ ਕਾਇਨਾਤ ਅਤੇ ਉਨ੍ਹਾਂ ਦੇ ਸਬੰਧਾਂ ਦਾ ਗਿਆਨ ਹੈ। ਗੁਰਬਾਣੀ
ਵਿੱਚ ਬਿਆਨ ਕੀਤੀ ਦ੍ਰਿਸ਼ਟਮਾਨ ਸੰਸਾਰ ਅਤੇ ਮਨੁੱਖਤਾ ਦੀ ਹਕੀਕਤ ਮਨੁਖੀ ਸੋਚ ਅਤੇ ਵਿਸ਼ਵਾਸ ਤੋਂ
ਵਖਰੀ ਹੈ। ਮਨੁੱਖ ਦਿਖਾਈ ਦਿੰਦੇ ਜਗਤ ਨੂੰ ਸੱਚ ਮੰਨਦਾ ਹੈ ਪਰ ਗੁਰਬਾਣੀ ਕੇਵਲ ਪ੍ਰਭੂ ਨੂੰ ਸੱਚ
ਮੰਨਦੀ ਹੈ। ਪ੍ਰਭੂ ਸ੍ਰਿਸ਼ਟੀ ਅਤੇ ਸੰਸਾਰ ਵਿੱਚ ਵਿਦਮਾਨ ਹੈ ਪਰ ਨਾ ਦਿਖਾਈ ਦਿੰਦਾ ਹੈ ਅਤੇ ਨਾ ਹੀ
ਅਨੁਭਵ ਕੀਤਾ ਜਾ ਸਕਦਾ ਹੈ। ਜਿਸ ਸੰਸਾਰ ਵਿੱਚ ਪ੍ਰਭੂ ਦਿਖਾਈ ਨਹੀਂ ਦਿੰਦਾ ਜਾਂ ਅਨੁਭਵ ਨਹੀਂ ਕੀਤਾ
ਜਾ ਸਕਦਾ ਉਸ ਨੂੰ ਗੁਰਬਾਣੀ ਸੱਚ ਨਹੀਂ ਮੱਨਦੀ। ਵੈਸੇ ਵੀ ਪ੍ਰਭੂ ਮਨੁੱਖੀ ਅੱਖਾਂ ਨੂੰ ਦਿਖਾਈ ਦੇਣ
ਵਾਲੀ ਵਸਤੂ ਹੀ ਨਹੀਂ ਹੈ। ਗੁਰਬਾਣੀ ਅਨੁਸਾਰ "ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿੈਹੁ ਗੁਣ ਤੇ
ਪ੍ਰਭ ਭਿੰਨ" (ਪੰਨਾ: 283)।
ਉਹ ਤ੍ਰੈਗੁਣੀ ਸੰਸਾਰ ਵਿੱਚ ਸਮਾਇਆ ਹੋਇਆ ਹੈ ਪਰ ਓਥੇ ਵਸਦਾ ਨਹੀਂ, ਵਸਦਾ ਉਹ ਚੌਥੇ ਪਦ ਵਿੱਚ ਹੈ।
"ਤੀਨਿ ਸਮਾਵੈ ਚਉਥੇ ਵਾਸਾ॥" (ਪੰਨਾ 839)
ਅਤੇ "ਤ੍ਰੈ ਵਰਤਾਇ ਚਉਥੈ ਘਰਿ ਵਾਸਾ॥" (ਪੰਨਾ 1038)।
ਜਿਥੇ ਉਹ ਵਸਦਾ ਹੀ ਨਹੀਂ ਉਥੇ ਉਹ ਦਿਖਾਈ ਕਿਵੇਂ ਦੇ ਸਕਦਾ ਹੈ? ਸੰਸਾਰ ਵਿੱਚ ਤ੍ਰੈਗੁਣੀ ਮਾਇਆ ਦੇ
ਪ੍ਰਭਾਵ ਤੋਂ ਉਪਰ ਉੱਠ ਕੇ ਚੌਥੇ ਪਦ ਵਿੱਚ ਹੀ ਉਸ ਨੂੰ ਜਾਣਿਆ, ਸਮਝਿਆ ਜਾਂ ਅਨੁਭਵ ਕੀਤਾ ਜਾ ਸਕਦਾ
ਹੈ। "ਚਉਥੇ ਪਦ ਕਉ ਜੋ ਨਰੁ ਚੀਨੈ ਤਿਨ ਹੀ ਪਰਮ ਪਦੁ ਪਾਇਆ॥" (ਪੰਨਾ 1123) ਅਤੇ
ਉਸ ਦੇ ਦਰਸ਼ਨ ਵਿਸ਼ੇਸ਼ ਅੱਖਾਂ ਦੁਆਰਾ ਹੀ ਕੀਤੇ ਜਾ ਸਕਦੇ ਹਨ: "ਨਾਨਕ ਸੇ ਅਖੜੀਆ ਬਿਅੰਨ ਜਿਨਿ
ਡਿਸੰਦੋ ਮਾ ਪਿਰੀ" (ਪੰਨਾ 1100)।
ਗੁਰਬਾਣੀ ਵਿੱਚ ਸੰਸਾਰ ਦੀ ਬਿਆਨ ਕੀਤੀ ਹਕੀਕਤ ਗੁਰਬਾਣੀ ਗਿਆਨ ਦਾ ਮੂਲ
ਆਧਾਰ ਹੈ। ਪਰ ਗੁਰਬਾਣੀ ਦੇ ਬਹੁਤੇ ਵਿਆਖਿਆਕਾਰ ਅਤੇ ਪ੍ਰਚਾਰਕ ਇਸ ਹਕੀਕਤ ਨੂੰ ਨਜ਼ਰ ਅੰਦਾਜ਼ ਕਰ
ਦਿੰਦੇ ਹਨ ਅਤੇ ਦਿਖਾਈ ਦੇ ਰਹੇ ਸੰਸਾਰ ਨੂੰ ਸੱਚ ਮੰਨ ਕੇ ਗੁਰਬਾਣੀ ਦੀ ਵਿਆਖਿਆ ਆਪਣੀ ਸੰਸਾਰਕ ਸੋਚ
ਅਤੇ ਨਿਸ਼ਚੇ ਅਨੁਸਾਰ ਕਰਦੇ ਹਨ ਜਾਂ ਗੁਰਬਾਣੀ ਨੂੰ ਇਤਹਾਸਕ ਵਾਰਦਾਤਾਂ ਨਾਲ ਸਮਝਾਉਣ ਦਾ ਯਤਨ ਕਰਦੇ
ਹਨ। ਗੁਰਬਾਣੀ ਇਤਹਾਸ ਨਹੀਂ ਹੈ। ਇਹ ਤੇ ਪ੍ਰਭੂ ਅਤੇ ਉਸਦੀ ਸਾਜੀ ਸ੍ਰਿਸ਼ਟੀ ਅਤੇ ਉਨ੍ਹਾਂ ਦੇ
ਸਬੰਧਾਂ ਦਾ ਗਿਆਨ ਹੈ।
ਮਨੁੱਖ ਪ੍ਰਭੂ ਦੀ ਕਿਰਤ ਹੈ। ਉਸ ਵਿੱਚ ਪ੍ਰਭੂ ਦੀ ਸਿਰਜਨਾ ਬਾਰੇ ਜਾਨਣ ਦੀ
ਯੋਗਤਾ ਨਹੀਂ ਹੈ। ਉਸ ਦੀ ਸੋਚ ਅਤੇ ਜਾਣਕਾਰੀ ਦਾ ਆਧਾਰ ਦਿਖਈ ਦੇ ਰਹੇ ਸੰਸਾਰ ਵਿੱਚ ਮਨੁੱਖੀ ਅਨੁਭਵ
ਤੇ ਨਿਰਧਾਰਤ ਵਿਸ਼ਵਾਸ ਹੈ। ਉਸ ਦਾ ਵਿਗਿਆਨ ਵੀ ਪਦਾਰਥ ਅਤੇ ਮਨੁੱਖੀ ਸਬੰਧਾਂ ਦੀ ਜਾਣਕਾਰੀ ਹੀ ਹੈ।
ਉਹ ਦਿਖਾਈ ਦੇ ਰਹੇ ਜਗਤ ਨੂੰ ਸੱਚ ਮੰਨਦਾ ਹੈ। ਜੋ ਦਿਖਾਈ ਨਹੀਂ ਦਿੰਦਾ ਉਸ ਨੂੰ ਜਾਦੂ, ਟੂਣਾ,
ਪ੍ਰੇਤ ਜਾਂ ਜੂਆ ਆਖਦਾ ਹੈ। ਉਹ ਸੰਸਾਰ ਵਿੱਚ ਵਸਦਾ ਹੋਇਆ ਉਸ ਨੂੰ ਸਮਾਜਾਂ, ਕੌਮਾਂ, ਧਰਮਾਂ,
ਕਿਤਿਆਂ ਅਤੇ ਸਬੰਧਾਂ ਵਿੱਚ ਵੰਡ ਕੇ ਜਾਨਣ ਅਤੇ ਸਮਝਣ ਦਾ ਯਤਨ ਕਰਦਾ ਹੈ। ਜ਼ਾਹਰ ਹੈ ਕਿ ਉਸ ਦੀ
ਸੰਸਾਰ ਬਾਰੇ ਸਮਝ ਅਧੂਰੀ ਹੁੰਦੀ ਹੈ। ਵਿਗਿਆਨ ਅਤੇ ਮਨੁੱਖੀ ਜਾਣਕਾਰੀ ਦੇ ਵਿਪ੍ਰੀਤ ਗੁਰਬਾਣੀ "ਖਸਮ
ਕੀ ਬਾਣੀ" ਹੈ। "ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ॥" (ਪੰਨਾ 935)।
ਗੁਰਬਾਣੀ ਪ੍ਰਭੂ ਵਲੋਂ ਗੁਰੂ ਨੂੰ ਬਖਸ਼ਿਸ਼ ਕੀਤਾ ਹੋਇਆ ਗਿਆਨ ਹੈ ਜੋ ਉਸ ਨੇ ਗੁਰੂ ਨੂੰ ਸੰਸਾਰ ਨਾਲ
ਸਾਂਝਾ ਕਰਨ ਲਈ ਪਰਦਾਨ ਕੀਤਾ ਹੈ।
ਗੁਰਬਾਣੀ ਅਨੁਸਾਰ ਸੰਸਾਰ ਪ੍ਰਭੂ ਦੀ ਸਿਰਜੀ ਖੇਡ ਹੈ ਜਿਸ ਦੀ ਸਿਰਜਨਾ ਉਸ
ਨੇ ਆਪਣੇ ਤੋਂ ਵਖਰੀ ਕੀਤੀ ਹੈ। ਗੁਰਬਾਣੀ ਸੰਸਾਰ ਨੂੰ ਦੂਜਾ, ਭਰਮ ਅਤੇ ਖੇਲ੍ਹ ਆਖਦੀ ਹੈ।
"ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥" (ਪੰਨਾ 463),
"ਨਾਨਕ ਸਚਾ ਏਕੁ ਹੈ ਦੁਹੁ ਵਿਚਿ ਹੈ ਸੰਸਾਰੁ॥" (ਪੰਨਾ 950),
"ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ॥" (ਪੰਨਾ 139),
"ਏਕਸ ਤੇ ਸਭ ਦੂਜਾ ਹੂਆ॥ ਏਕੋ ਵਰਤੈ ਅਵਰੁ ਨ ਬੀਆ॥ (ਪੰਨਾ 842),
"ਤੁਧੁ ਆਪੇ ਆਪੁ ਉਪਾਇਆ॥ ਦੂਜਾ ਖੇਲੁ ਕਰਿ ਦਿਖਲਾਇਆ॥" (ਪੰਨਾ 73),
"ਓਅੰਕਾਰ ਸਭ ਸ੍ਰਿਸਟ ਉਪਾਈ॥ ਸਭੁ ਖੇਲੁ ਤਮਾਸਾ ਤੇਰੀ ਵਡਿਆਈ॥ ਆਪੇ ਵੇਕ ਕਰੈ ਸਭਿ ਸਾਚਾ ਆਪੇ ਭੰਨਿ
ਘੜਾਇਦਾ॥" (ਪੰਨਾ 1061),
"ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟ ਉਪਾਤੀ॥ ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ
ਭਾਤੀ॥ ਤੂ ਜਾਣਿਹ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ॥" (ਪੰਨਾ 138),
"ਆਤਮ ਰਾਮੁ ਸੰਸਾਰਾ॥ ਸਾਚਾ ਖੇਲੁ ਤੁਮਾਰਾ॥ ਸਚੁ ਖੇਲੁ ਤੁਮ੍ਹਾਰਾ ਅਗਮ੍ਹ ਅਪਾਰਾ ਤੁਧੁ ਬਿਨੁ ਕਉਣੁ
ਬੁਝਾਏ॥" (ਪੰਨਾ 764),
"ਜਗਤੁ ਉਪਾਇ ਖੇਲੁ ਰਚਾਇਆ॥ ਪਵਣੈ ਪਾਣੀ ਅਗਨੀ ਜੀਉਪਾਇਆ॥" (ਪੰਨਾ 1031),
"ਮਾਧਵੇ ਕਿਆ ਕਹੀਐ ਭ੍ਰਮ ਐਸਾ॥ ਜੈਸਾ ਮਾਨੀਐ ਹੋਇ ਨ ਤੈਸਾ॥" (ਪੰਨਾ 657) ਅਤੇ
"ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ॥" (ਪੰਨਾ 433)।
ਪ੍ਰਭੂ ਅਦ੍ਰਿਸ਼ਟ ਅਤੇ ਨਿਹਚਲ ਹੈ ਪਰ ਸੰਸਾਰ ਦਿਖਾਈ ਦੇਣ ਵਾਲਾ ਨਿਰੰਤਰ ਬਦਲ ਰਿਹਾ ਪਦਾਰਥ ਹੈ।
"ਆਵੈ ਜਾਇ ਮਰਿ ਦੂਜਾ ਹੋਇ॥" (ਪੰਨਾ 223),
"ਇਹ ਜਗੁ ਜਨਮਿਆ ਦੂਜੈ ਭਾਇ॥" (ਪੰਨਾ 161),
"ਦੂਜੀ ਮਾਇਆ ਜਗਤ ਚਿਤ ਵਾਸੁ॥" (ਪੰਨਾ 223)।
ਨਿਰੰਤਰ ਬਦਲਣ ਕਾਰਨ ਸੰਸਾਰ ਦੀ ਅਸਲੀਅਤ ਨੂੰ ਦੇਖ ਸਕਣਾ ਅਤੇ ਜਾਨਣਾ ਸੰਭਵ ਨਹੀਂ ਹੈ ਕਿਊਂਕੇ ਜੋ
ਦਿਸਦਾ ਹੈ ਉਹ ਬੀਤਿਆ, ਬਦਲਿਆ ਜਾਂ ਖਤਮ ਹੋਇਆ ਹੋਣ ਕਾਰਨ ਹੁੰਦਾ ਨਹੀਂ, ਅਤੇ ਜੋ ਹੁੰਦਾ ਹੈ ਉਸ ਦਾ
ਅਸਲਾ ਨਿਰੰਤਰ ਬਦਲਣ ਕਰਕੇ ਦਿਸਦਾ ਨਹੀਂ। ਇਸ ਲਈ ਦਿਖਾਈ ਦੇ ਰਹੇ, ਬਦਲਦੇ ਅਤੇ ਜਨਮ-ਮਰਨ ਦੇ ਗੇੜ
ਵਿੱਚ ਪਏ ਸੰਸਾਰ ਨੂੰ ਗੁਰਬਾਣੀ ਸੁਪਨਾ ਆਖਦੀ ਹੈ। "ਜਿਉ ਜਲ ਊਪਰਿ ਫੇਨ ਬੁਦਬੁਦਾ॥ ਤੈਸਾ ਇਹੁ
ਸੰਸਾਰਾ॥" (ਪੰਨਾ 1257)।
"ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ॥" (ਪੰਨਾ 808)। "ਇਹੁ
ਜਗੁ ਧੂਏ ਕਾ ਪਹਾਰ॥" (ਪੰਨਾ 1186),
"ਜਗ ਰਚਨਾ ਸਭ ਝੂਠ ਹੈ ਜਾਨਿ ਲੇਹੋ ਰੇ ਮੀਤ॥ ਕਹਿ ਨਾਨਕ ਥਿਰੁ ਨ ਰਹੈ ਜਿਉ ਬਾਲੂ ਕੀ ਭੀਤਿ॥"
(ਪੰਨਾ 1428),
"ਜਗ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਏ॥ ਸੰਜੋਗੀ ਮਿਲਿ ਏਕਸੇ ਵਿਜੋਗੀ ਊਠਿ ਜਾਇ॥"
(ਪੰਨਾ 18),
"ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ॥" (ਪੰਨਾ 468),
"ਦ੍ਰਿਸਟਮਾਨ ਹੈ ਸਗਲ ਮਿਥੇਨਾ॥" (ਪੰਨਾ 1083),
"ਇਹੁ ਸੰਸਾਰੁ ਸਗਲ ਹੈ ਸੁਪਨੋ ਦੇਖਿ ਕਹਾ ਲੋਭਾਵੈ॥" (ਪੰਨਾ 231)।
ਸਿੱਖ ਧਰਮ ਵਿੱਚ ਸੰਸਾਰ ਦੀ ਗੁਰਬਾਣੀ ਵਿੱਚ ਬਿਆਨ ਕੀਤੀ ਅਸਲੀਅਤ ਨੂੰ ਨਜ਼ਰ
ਅੰਦਾਜ਼ ਕਰਨ ਦੀ ਰੀਤ ਹੈ। ਬਹੁਤੇ ਸਿੱਖ ਵਿਦਵਾਨ ਆਪਣੀ ਸੋਚ ਅਤੇ ਵਿਚਾਰਾਂ ਅਨੁਸਾਰ ਉਸ ਨੂੰ ਬਦਲ
ਦਿੰਦੇ ਹਨ ਕਿਊਂਕੇ ਸਮਾਜਕ ਸ਼ਕਤੀਆਂ ਅਜਿਹੇ ਵਿਚਾਰਾਂ ਨੂੰ ਸਮਾਜ ਵਿਰੋਧੀ ਸਮਝਦੀਆਂ ਹਨ ਅਤੇ ਉਨ੍ਹਾਂ
ਨੂੰ ਦਬਾਉਣ ਦਾ ਹਰ ਸੰਭਵ ਯਤਨ ਕਰਦੀਆਂ ਹਨ। ਉਹ ਯਿਸੂ ਮਸੀਹ ਨੂੰ ਸੂਲੀ ਚਾੜ੍ਹ ਦਿੰਦੀਆਂ ਹਨ ਅਤੇ
ਗੁਰੂ ਨਾਨਕ ਸਾਹਿਬ ਨੂੰ ਭੂਤਨਾ ਆਖਦੀਆਂ ਹਨ। "ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ॥ ਕੋਈ ਆਖੈ
ਆਦਮੀ ਨਾਨਕੁ ਵੇਚਾਰਾ॥ ੧॥ ਭਇਆ ਦੀਵਾਨਾ ਸਾਹ ਕਾ ਨਾਨਕੁ ਬਉਰਾਨਾ॥ ਹਉਂ ਹਰਿ ਬਿਨੁ ਅਵਰ ਨ ਜਾਨਾ॥"
(ਪੰਨਾ 991)
ਅਤੇ ਕਬੀਰ ਜੀ, ਨਾਮਦੇਵ ਜੀ ਅਤੇ ਹੋਰ ਭਗਤਾਂ ਨੂੰ ਡਰਆਉਣ ਲਈ ਸਜ਼ਾਵਾਂ ਦਿੰਦੀਆਂ ਹਨ।
ਸਮਾਜਕ ਸ਼ਕਤੀਆਂ ਦੇ ਵਿਰੋਧ ਦੇ ਬਾਵਜੂਦ ਅਧਿਆਤਮਕ ਵਿਚਾਰ ਲੋਕਾਂ ਨੂੰ ਬਹੁਤ
ਪ੍ਰਭਾਵਤ ਕਰਦੇ ਹਨ ਅਤੇ ਉਹ ਪ੍ਰਭੂ ਦੇ ਦਰਸ਼ਨਾਂ ਅਤੇ ਬਖਸ਼ਿਸ਼ਾਂ ਲਈ ਵਿਆਕੁਲ ਹੋ ਜਾਂਦੇ ਹਨ। ਉਨ੍ਹਾਂ
ਦੀ ਰੀਝ ਪੂਰੀ ਕਰਨ ਲਈ ਧਰਮ ਸ਼ਾਸਤਰੀ, ਗਿਆਨੀ ਅਤੇ ਪੁਜਾਰੀ ਅਧਿਆਤਮਕ ਗਿਆਨ ਤੋਂ ਵਖਰੀ ਧਾਰਮਕ
ਵਿਚਾਰਧਾਰਾ ਸਿਰਜ ਦਿੰਦੇ ਹਨ ਜੋ ਲੋਕਾਂ ਵਿੱਚ ਅੰਨ੍ਹੀ ਸ਼ਰਧਾ ਉਤੇਜਤ ਕਰ ਦਿੰਦੀ ਹੈ ਅਤੇ ਜਿਸ ਤੋਂ
ਸਮਾਜਕ ਸ਼ਕਤੀਆਂ ਨੂੰ ਵੀ ਕੋਈ ਇਤਰਜ਼ ਨਹੀ ਹੁੰਦਾ। ਉਹ ਪ੍ਰਭੂ ਦੇ ਸੰਕਲਪ ਨੂੰ ਮੂਰਤੀਆਂ ਜਾਂ ਪਦਾਰਥਕ
ਵਸਤੂਆਂ ਵਿੱਚ ਅਭਿਵਿਅਕਤ ਕਰਕੇ ਉਨ੍ਹਾਂ ਦਾ ਮਨ ਲੁਭਾਊ ਮਿਥਹਾਸ ਰਚ ਦਿੰਦੇ ਹਨ ਅਤੇ ਉਸ ਮਿਥਹਾਸ
ਨੂੰ ਕਰਮ ਕਾਂਡਾਂ ਅਤੇ ਬਾਣੀ ਨਾਲ ਜੋੜ ਕੇ ਸ਼ਰਧਾ ਉਤੇਜਤ ਕਰਨ ਵਾਲਾ ਧਾਰਮਕ ਸਭਿਆਚਾਰ ਸਿਰਜ ਦਿੰਦੇ
ਹਨ। ਸ਼ਰਧਾਲੂ ਪ੍ਰਭੂ ਦੀ ਮੂਰਤ ਤੋਂ ਲੋੜੀਂਦੀ ਬਖਸ਼ਿਸ਼ ਦੀ ਆਸ ਵਿੱਚ ਕਰਮ ਕਾਂਡਾਂ ਅਨੁਸਾਰ ਪੂਜਾ,
ਮੂਰਤੀਆਂ ਨੂੰ ਭੇਟਾਵਾਂ ਅਤੇ ਨਿਸ਼ਚਤ ਵਿਧੀ ਦੀ ਪਾਲਣਾ ਕਰਦੇ ਹਨ।
ਧਾਰਮਕ ਵਿਹਾਰ ਦੇ ਵਿਪ੍ਰੀਤ ਗੁਰਬਾਣੀ ਅਧਿਆਤਮਕ ਗਿਆਨ ਦੀ ਪ੍ਰਾਪਤੀ ਲਈ
ਮਨੁੱਖ ਨੂੰ ਧਰਮ ਦੇ ਮਾਰਗ ਤੇ ਚਲਣ ਦਾ ਉਪਦੇਸ਼ ਕਰਦੀ ਹੈ। ਧਰਮ ਦੇ ਮਾਰਗ ਤੇ ਚਲਣ ਲਈ ਮਨੁੱਖ ਨੂੰ
ਦਯਾ, ਸੰਤੋਖ, ਜਤ ਅਤੇ ਸਤ ਦੇ ਗੁਣ ਧਾਰਨ ਕਰਨ ਪੈਂਦੇ ਹਨ: "ਸਤੁ ਕਾਰਜਿ ਸਤੁ ਸੰਤੋਖੁ ਦਇਆ
ਧਰਮੁ ਹੈ ਗੁਰਮੁਖਿ ਬੂਝੈ ਕੋਈ॥" (ਪੰਨਾ 351)।
ਧਰਮ ਦੇ ਮਾਰਗ ਤੇ ਚਲਣ ਨਾਲ ਹੀ ਗੁਰਬਾਣੀ ਗਿਆਨ ਸਮਝ ਵਿੱਚ ਆਉਣ ਦੀ ਸੰਭਾਵਨਾ ਬਣਦੀ ਹੈ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੁੱਝ ਮੁੱਖ ਵਿਸ਼ਿਆਂ ਦਾ ਵੇਰਵਾ ਇਸ ਪ੍ਰਕਾਰ
ਹੈ:
ਗੁਰੂ ਗ੍ਰੰਥ ਸਾਹਿਬ ਦੇ ਮੰਗਲਾਚਰਨ ਵਿੱਚ ਪ੍ਰਭੂ ਦੇ ਮਨੁੱਖ ਨੂੰ ਸਮਝ ਆਉਣ
ਵਾਲੇ ਕੁੱਝ ਗੁਣਾਂ ਦਾ ਵਰਨਨ ਹੈ ਜੋ ਉਸ ਦੀ ਅਸਲੀਅਤ ਦੀ ਭੂਮਿਕਾ ਹਨ। ਪਰ ਉਹ ਅਨੰਤ ਹੈ ਅਤੇ ਉਸ
ਨੂੰ ਬਿਆਨ ਕਰਨਾ ਸੰਭਵ ਨਹੀਂ ਹੈ, "ਅਗਮ ਅਗੋਚਰਾ ਤੇਰਾ ਅੰਤੁ ਕਿਨੇ ਨ ਪਾਇਆ॥" (ਪੰਨਾ
918),
"ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ॥" (ਪੰਨਾ
5)
ਸੰਸਾਰ ਵਿੱਚ ਤ੍ਰੈਗੁਣੀ ਮਾਇਆ ਦਾ ਵਿਆਪਕ ਪ੍ਰਭਾਵ ਹੈ। "ਰਜ ਗੁਣ ਤਮ
ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ॥" (ਪੰਨਾ 1123),
"ਇਨਿ ਮਾਇਆ ਤ੍ਰੈ ਗੁਣ ਬਸਿ ਕੀਨੇ॥" (ਪੰਨਾ 251),
"ਦੂਜਾ ਭਾਉ ਰਚਾਇਉਨ ਤ੍ਰੈ ਗੁਣ ਵਰਤਾਰਾ॥" (ਪੰਨਾ 848) ਅਤੇ
"ਮਾਇਆ ਮੋਹੁ ਜਗਤੁ ਸਬਾਇਆ॥ ਤ੍ਰੈਗੁਣ ਦੀਸਹਿ ਮੋਹੇ ਮਾਇਆ॥" (ਪੰਨਾ 129)। ਮਾਇਆ
ਸੰਸਾਰ ਵਿੱਚ ਪ੍ਰਭੂ ਨੇ ਪਾਈ ਹੋਈ ਹੈ। "ਮਾਇਆ ਮਮਤਾ ਕਰਤੇ ਲਾਈ॥ ਏਹੁ ਹੁਕਮੁ ਕਰਿ ਸ੍ਰਿਸਟਿ
ਊਪਾਈ॥" (ਪੰਨਾ 1261)।
ਮਨੁੱਖ ਵਿੱਚ ਮਾਇਆ ਨੂੰ ਸੰਸਾਰ ਵਿਚੋਂ ਕਢਣ ਅਤੇ ਸਮਾਜ ਵਿੱਚ ਮੂਲ ਸੁਧਾਰ ਲਿਆਉਣ ਦੀ ਯੋਗਤਾ ਨਹੀਂ
ਹੈ। ਇਸ ਲਈ ਉਸ ਨੂੰ ਸਮਾਜ ਤੋਂ ਸੁਖ ਦੀ ਕਾਮਨਾ ਕਰਨ ਦੀ ਥਾਂ ਸਮਾਜ ਵਿੱਚ ਵਿਆਪਕ ਮਾਇਆ ਦੇ ਪ੍ਰਭਾਵ
ਤੋਂ ਛੁਟਕਾਰਾ ਪਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ। "ਇਹੁ ਸੰਸਾਰੁ ਤੇ ਤਬ ਹੀ ਛੂਟਉ ਜਉ ਮਾਇਆ
ਨਹਿ ਲਪਟਾਵਉ॥" (ਪੰਨਾ 693)।
ਗੁਰਬਾਣੀ ਮਨੁੱਖ ਅਤੇ ਉਸ ਦੇ ਮਨ ਦੀ ਅਸਲੀਅਤ ਬਿਆਨ ਕਰਦੀ ਹੈ। ਗੁਰਫੁਰਮਾਨ
ਹੈ: "ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂੰ ਜਗ ਮਹਿ ਆਇਆ॥ ਹਰਿ ਜੋਤਿ ਰਖੀ ਤੁਧ
ਵਿੱਚ ਤਾ ਤੂ ਜਗ ਮਹਿ ਆਇਆ॥" (ਪੰਨਾ 921)।
ਗੁਰਬਾਣੀ ਮਨ ਨੂੰ ਪ੍ਰਭੂ ਦੀ ਜੋਤ ਆਖਦੀ ਹੈ: "ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲੁ
ਪਛਾਣੁ॥" (ਪੰਨਾ 441)।
ਮਨ ਨੂੰ "ਇਹ ਮਨੁ ਸਕਤੀ ਇਹੁ ਮਨੁ ਸੀਉ॥ ਇਹੁ ਮਨੁ ਪੰਚ ਤਤ ਕੋ ਜੀਉ॥" (ਪੰਨਾ 342),
"ਇਹੁ ਮਨੁ ਕਰਮਾ ਇਹੁ ਮਨੁ ਧਰਮਾ॥ ਇਹੁ ਮਨੁ ਪੰਚ ਤਤੁ ਤੇ ਜਨਮਾ॥" (ਪੰਨਾ 415) ਅਤੇ
"ਤਨ ਮਹਿ ਮਨੂਆ ਮਨ ਮਹਿ ਸਾਚਾ॥ ਸੋ ਸਾਚਾ ਮਿਲ ਸਾਚੇ ਰਾਚਾ॥" (ਪੰਨਾ 686) ਵੀ
ਆਖਿਆ ਗਿਆ ਹੈ।
ਮਨੁੱਖੀ ਸਰੀਰ ਵਿੱਚ ਮਨ ਦੇ ਨਾਲ ਹੀ ਹਉਮੈ ਜਨਮ ਲੈਂਦੀ ਹੈ: "ਹਉ ਵਿੱਚ
ਮਾਇਆ ਹਉ ਵਿਚਿ ਛਾਇਆ॥ ਹਉਮੈ ਕਰਿ ਕਰਿ ਜੰਤ ਉਪਾਇਆ॥" (ਪੰਨਾ 466) ਅਤੇ "ਜਿਨਿ
ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ॥" (ਪੰਨਾ 999)। ਹਉਮੈ
ਮਨੁੱਖ ਵਿੱਚ ਵਖਰੀ ਸੁਤੰਤਰ ਹੋਂਦ ਦਾ ਵਿਸ਼ਵਾਸ ਹੈ ਜੋ ਮਨੁੱਖ ਨੂੰ ਪ੍ਰਭੂ ਤੋਂ ਦੂਰ ਕਰਦਾ ਹੈ। ਉਹ
ਮਨ ਨੂੰ ਮੈਲਾ ਕਰ ਦਿੰਦਾ ਹੈ। ਕੇਵਲ ਮਨ ਵਿੱਚ ਹੀ ਪ੍ਰਭੂ ਨਾਲ ਮਿਲਾਪ ਕਰਨ ਦੀ ਯੋਗਤਾ ਹੈ। ਮੈਲਾ
ਹੋਣ ਨਾਲ ਉਹ ਪ੍ਰਭੂ ਨਾਲ ਮਿਲਾਪ ਕਰਨਯੋਗ ਨਹੀਂ ਰਹਿੰਦਾ। ਗੁਰਬਾਣੀ ਦਾ ਉਪਦੇਸ਼ ਹੈ "ਮਨ ਰੇ
ਤ੍ਰੈ ਗੁਣ ਛੋਡਿ ਚਉਥੈ ਚਿਤੁ ਲਾਇ॥ ਹਰਿ ਜੀਉ ਤੇਰੈ ਮਨਿ ਵਸੈ ਭਾਈ ਸਦਾ ਹਰਿ ਕੇ ਗੁਣ ਗਾਇ॥"
(ਪੰਨਾ 603)।
ਮਨ ਦੀ ਮੌਤ ਨਹੀਂ ਹੁੰਦੀ "ਇਸੁ ਮਨ ਕਉ ਨਹੀ ਆਵਣ ਜਾਨਾ॥ ਜਿਸ ਕਾ ਭਰਮ
ਗਿਆ ਤਿਨਿ ਸਾਚੁ ਪਛਾਨਾ॥" (ਪੰਨਾ 330)।
ਸਰੀਰ ਦੀ ਮੌਤ ਹੋਣ ਤੇ ਉਹ ਪ੍ਰਭੂ ਵਿੱਚ ਅਭੇਦ ਹੋ ਸਕਦਾ ਹੈ ਜੇਕਰ ਉਹ ਹਉਮੈ ਦੀ ਮੈਲ ਨਾਲ ਕਾਲਾ ਨਾ
ਹੋਇਆ ਹੋਵੇ। "ਮਨੁ ਮੈਲਾ ਸਚੁ ਨਿਰਮਲਾ ਕਿਉ ਕਰਿ ਮਿਲਿਆ ਜਾਇ॥" (ਪੰਨਾ 755)। ਜੇਕਰ
ਉਹ ਮੈਲਾ ਹੋਣ ਕਾਰਨ ਪ੍ਰਭੂ ਵਿੱਚ ਅਭੇਦ ਹੋਣ ਦੇ ਯੋਗ ਨਾ ਹੋਵੇ ਤਾਂ ਗਰਬਾਣੀ ਸਵਾਲ ਕਰਦੀ ਹੈ ਕਿ "ਇਸੁ
ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ॥" (ਪੰਨਾ 330)।
ਸੰਸਾਰਕ ਭਵ ਸਾਗਰ ਨੂੰ ਪਾਰ ਕਰਨ ਲਈ ਗੁਰਬਾਣੀ ਸੁਰਤ ਨੂੰ ਸ਼ਬਦ ਨਾਲ ਜੋੜਨ
ਦਾ ਉਪਦੇਸ਼ ਕਰਦੀ ਹੈ। "ਸਬਦੁ ਗੁਰੂ ਸੁਰਤਿ ਧੁਨਿ ਚੇਲਾ॥" (ਪੰਨਾ 943) ਅਤੇ
"ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈਸਾਣੇ॥ ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ
ਵਖਾਣੈ॥" (ਪੰਨਾ 938)।
ਇਹ ਗੁਰਬਾਣੀ ਵਿਚਾਰਧਾਰਾ ਦੇ ਕੁੱਝ ਸੰਕਲਪਾਂ ਦਾ ਸੰਖੇਪ ਜਿਹਾ ਵਰਨਨ ਹੈ।
ਸੰਪ੍ਰਦਾਇਕ ਸਿੱਖ ਧਰਮ ਗੁਰਬਾਣੀ ਦੀ ਵਡਿਆਈ ਦਾ ਜਸ ਪ੍ਰਾਪਤ ਕਰਨ ਦੀ ਮਨਸ਼ਾ ਨਾਲ ਗੁਰਬਾਣੀ ਨੂੰ
ਸਮਾਜਕ ਵਿਹਾਰ ਵਿੱਚ ਫਿੱਟ ਕਰਨ ਲਈ ਗੁਰਬਾਣੀ ਦੇ ਮੂਲ ਆਧਾਰ ਨੂੰ ਜਾਂ ਤੇ ਨਜ਼ਰ ਅੰਦਾਜ਼ ਕਰ ਦਿੰਦਾ
ਹੈ ਜਾਂ ਪ੍ਰਚਲਤ ਸੋਚ ਅਨੁਸਾਰ ਬਦਲ ਦਿੰਦਾ ਹੈ ਅਤੇ ਉਸ ਨੂੰ ਝੂਠ ਹੀ ਗੁਰਬਾਣੀ ਵਿਚਾਰਧਾਰਾ ਦੇ
ਅਨੁਕੂਲ ਪ੍ਰਚਾਰਦਾ ਹੈ। ਬਹੁਤੇ ਪ੍ਰਚਾਰਕ ਗੁਰਬਾਣੀ ਉਪਦੇਸ਼ ਨੂੰ ਮਿਥੱਹਾਸਕ ਇਤਹਾਸ ਨਾਲ ਸਮਝਾਉਣ ਦਾ
ਯਤਨ ਕਰਦੇ ਹਨ। ਗੁਰਬਾਣੀ ਇਤਹਾਸ ਨਹੀਂ ਅਧਿਆਤਮਕ ਗਿਆਨ ਹੈ। ਇਸ ਦਾ ਇਤਹਾਸ ਨਾਲ ਕੋਈ ਸਰੋਕਾਰ ਨਹੀਂ
ਹੈ। ਗੁਰਬਾਣੀ ਦੀ ਸਹੀ ਵਿਆਖਿਆ ਤੇ ਗੁਰਬਾਣੀ ਦੇ ਤੱਤ ਅਨੁਸਾਰ ਹੀ ਕੀਤੀ ਜਾ ਸਕਦੀ ਹੈ।
*************