ਹਾਏ ਕੁਰਸੀਆਂ, ਫੇਰ ਕੁਰਸੀਆਂ !
ਸਿੱਖ ਲਹਿਰ ਦੀ ਸ਼ੁਰੂਆਤ ਬਾਬਾ ਨਾਨਕ ਜੀ ਨੇ ਪ੍ਰਚੱਲਤ ਧਰਮਾਂ ਦੇ
ਕਰਮ-ਕਾਂਡਾਂ ਨੂੰ ਵੰਗਾਰ ਕੇ ਕੀਤੀ । ਕੋਈ ਵੀ ਰਿਵਾਜ ਜੋ ਮਨੁੱਖ ਨੂੰ ਵਹਿਮ ਵਿੱਚ ਪਾਵੇ ਜਾਂ ਸੱਚ
ਨਾਲ, ਨਿਰਮਲ ਜੀਵਨ ਨਾਲ, ਕੋਈ ਵਾਹ -ਵਾਸਤਾ ਨਾ ਹੋਵੇ ਉਸਦਾ ਵਿਰੋਧ ਬਾਬਾ ਨਾਨਕ ਜੀ ਨੇ ਕੀਤਾ ।
ਗੁਰਮਤਿ ਵਿਚਾਰਧਾਰਾ
ਸਰਬ ਧਰਮ
ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮ ਜਪਿ ਨਿਰਮਲ ਕਰਮੁ॥ (266)
ਨੂੰ ਧਾਰਮਿਕ ਹੋਣਾ ਮੰਨਦੀ ਹੈ ।
ਪਿਛਲੇ ਦਿਨੀਂ ਓਨਟੈਰੀਓ, ਕੈਨੇਡਾ ਵਿਚ ਇੱਕ ਅਨੰਦ ਕਾਰਜ ਹੋਇਆ ਜਿਸ ਵਿੱਚ
ਵਿਆਹ ਕਰਵਾਉਣ ਵਾਲਾ ਜੋੜਾ ਗੁਰੂ ਹਜ਼ੂਰੀ ਵਿੱਚ ਕੁਰਸੀਆਂ ਤੇ ਬੈਠਾ ਸੀ । ਵੀਡੀਓ ਇੰਟਰਨੈਟ ਤੇ ਪੈ
ਗਈ ਤੇ ਭਾਰੀ ਬੇਆਦਬੀ ਹੋਣ ਬਾਰੇ ਹਰ ਪਾਸੇ ਚਰਚਾ ਚੱਲ ਪਈ । ਸਿੱਖ ਪੰਥ ਨੂੰ ਭਾਰੀ ਖਤਰਾ ਪੈਦਾ ਹੋ
ਗਿਆ ਕਿਉਂਕਿ ਸਿੱਖੀ ਸਾਰੀ ਦੀ ਸਾਰੀ ਇਸ ਵਿਆਹ ਕਰਵਾਉਣ ਵਾਲੇ ‘ਜੋੜੇ’ ਦੇ ਵਿਆਹ ਕਰਵਾਉਣ ਤਰੀਕੇ ਤੇ
ਖ੍ਹੜੀ ਸੀ । ਜਿਹੜੇ ਜਥੇਦਾਰਾਂ ਨੂੰ ਹਫਤਾ ਪਹਿਲਾਂ ਸਰਕਾਰੀ ਕਿਹਾ ਜਾਦਾਂ ਸੀ ਉਹਨਾਂ ਅੱਗੇ ਹੀ
ਕਾਰਵਾਈ ਲਈ ਮਿੰਨਤਾਂ ਸ਼ੁਰੂ ਤੇ ਉਹ ਵੀ ਮਾਈ ਦੇ ਲਾਲ ਜੇ ਕਿਸੇ ਲੀਡਰ ਦੇ ਖਿਲਾਫ ਬੋਲਣਾ ਹੋਵੇ ਤਾਂ
ਸਿਰਫ ਸਖਤ ਨਿੰਦਾ ਕਹਿਕੇ ਮੂਤ ਦੀ ਝੱਗ ਵਾਂਗ ਬਹਿ ਜਾਣਗੇ ਤੇ ਆਮ ਬੰਦੇ ਤੇ ਫਟਾਫਟ ਫਤਵਾ ਜਾਰੀ ਕਰ
ਦਿੰਦੇ ਹਨ । ਗੁਰਦੁਵਾਰੇ ਦੇ ਪ੍ਰਬੰਧਕਾਂ ਵਿੱਚ ਨਾ ਤਾਂ ਵਿਆਹ ਵਾਲਿਆਂ ਨੂੰ ਨਾਂਹ ਕਰਨ ਦੀ ਜ਼ੁਰਅਤ
ਸੀ ਤੇ ਨਾਂ ਹੀ ਹੁਣ ਮਰਿਯਾਦਾ-ਮਰਿਯਾਦਾ ਦਾ ਰੌਲਾ ਪਾਉਣ ਵਾਲਿਆਂ ਨੂੰ ਜਵਾਬ ਦੇਣ ਲਈ ਜਾਨ ।
ਫਿਰ ਸਾਬਕਾ ਪੁਜਾਰੀ ਮਹਾਰਾਜ
‘ਰਣਜੀਤ ਸਿੰਘ ਘਟੌੜਾ’ ਦੀ ਮੁਲਾਕਾਤ ਆਈ
ਜਿਸ ਵਿੱਚ ਭਾਈ ਜੀ ਕਹਿੰਦੇ,
"ਪਹਿਲਾਂ ਵੀ
ਕੈਨੇਡਾ ਵਾਲਿਆਂ ਨੇ ਹੀ ਕੁਰਸੀਆਂ ਰੱਖਕੇ ਮਰਿਯਾਦਾ ਤੋੜੀ ਸੀ" । ਇੱਕ ਹੋਰ ਕਥਾਵਾਚਕ ਜਸਵੰਤ
ਸਿੰਘ ‘ਸੋਹਾਣੇ ਆਸ਼ਰਮ’ ਵਿੱਚ ਕਥਾ ਕਰਦਿਆਂ ਸਾਹਮਣੇ ਕੁਰਸੀਆਂ ਤੇ ਬੈਠੀਆਂ ਸੰਗਤਾਂ ਨੂੰ ਸਰਾਪ ਦੇ
ਰਿਹਾ ਹੈ ਕਿ ਤੁਸੀਂ ਨਰਕਾਂ ਨੂੰ ਜਾਵੋਗੇ , ਤੁਸੀਂ ਮਰਜੋ ।
ਜਸਵੰਤ ਸਿੰਘ ਵਾਂਗ ਹੀ 98-99 ਵਿੱਚ ਸਾਧ ਮਾਨ
ਸਿੰਘ ਪਹੇਵਾ ਵੀ ਕੁਰਸੀਆਂ ਵਿਰੋਧੀ ਗੁਰਦੁਵਾਰਿਆ ਵਿੱਚ ਦੂਜੀ ਧਿਰ ਨੂੰ ਮਰ ਜਾਣ , ਲੂਲੇ ਹੋ ਜਾਓ
ਦੇ ਸਰਾਪ ਦਿਆ ਕਰਦਾ ਸੀ ।
ਮੈਂ 1998 ਤੋਂ ਲਗਾਤਾਰ ਇਸ ਬਾਰੇ ਸੁਣ ਰਿਹਾਂ ਹਾਂ ਤੇ 2004 ਤੱਕ ਇਹੀ
ਸਮਝਦਾ ਰਿਹਾ ਕਿ ਥੱਲੇ ਬੈਠਕੇ ਲੰਗਰ ਛੱਕਣਾ , ਨੰਗੇ ਪੈਰੀਂ ਰਹਿਣਾ, ਗੁਰਦੁਵਾਰੇ ਜ਼ਮੀਨ ਤੇ ਬੈਠਣਾ
ਹੀ ਗੁਰਮਤਿ ਮਰਿਯਾਦਾ ਹੈ । ਸੱਚ ਤਾਂ ਇਹ ਹੈ ਕਿ ਸਾਡੀ ਕੌਮ ‘ਬੌਰੀ’ ਹੋ ਚੁੱਕੀ ਹੈ । ਸਾਡੀ ਅਕਲ
ਦਾ ਦਿਵਾਲਾ ਨਿਕਲ ਚੁੱਕਿਆ ਹੈ । ਜਿਨਾਂ ਕਰਮ -ਕਾਂਡਾਂ ਨਾਲ ਬਾਬਾ ਨਾਨਕ ਆਢੇ ਲੈਂਦਾ ਰਿਹਾ ਅੱਜ
ਉਹੀ ਸਾਡੀ ਕੌਮ ਦਾ ਧਰਮ-ਕਰਮ ਤੇ ਮਰਿਯਾਦਾ ਹੈ ।
ਜਿਥੇ ਜਿਸਦੀ ਬਹੁਗਿਣਤੀ ਹੁੰਦੀ ਹੈ ਉਹੀ ਮਰਿਯਾਦਾ ਮੰਨੀ ਜਾਂਦੀ ਹੈ । ਜਿਸ
ਮੱਤ ਦੇ ਨਾਲ ਜਿਹੜਾ ਬੰਦਾ ਪਲਿਆ ਹੁੰਦਾ ਹੈ ਉਹੀ ਮੱਤ, ਉਹੀ ਰਸਮ -ਰਿਵਾਜ ਉਸਨੂੰ ਮਹਾਨ ਮਰਿਯਾਦਾ
ਜਾਪਦੇ ਹਨ । ਜੇ ਉਸਦੀ ਸਮਝ ਤੋਂ ਜਾਂ ਮਰਜ਼ੀ ਤੋਂ ਬਾਹਰ ਕੁੱਝ ਹੁੰਦਾ ਹੈ ਉਹ ਮਰਿਯਾਦਾ ਦੀ ਉਲੰਘਣਾ
ਹੋ ਜਾਂਦੀ ਹੈ । ਜਿਸ ਵੀ ਬੰਦੇ ਦੇ ਗਲ ਜੈਕਾਰੇ ਛੱਡ ਕਿਰਪਾਨ ਪਵਾ ਦਿੱਤੀ ਜਾਂਦੀ ਹੈ ਉਹੀ ਮਰਿਯਾਦਾ
ਦਾ ਜਥੇਦਾਰ ਬਣ ਜਾਂਦਾ ਹੈ ਭਾਵੇਂ ਗੁਰਬਾਣੀ , ਇਤਿਹਾਸ ਜਾਂ ਸਿਧਾਂਤ ਦਾ ਉੱਕਾ ਵੀ ਪਤਾ ਨਾ ਹੋਵੇ ।
ਇੱਕ ਵਾਰ ਅਸੀਂ ਇੱਕ ਅਨੰਦ ਕਾਰਜ ਕਰਵਾਇਆ ਤਾਂ ਰਾਗੀ ਜਥੇ ਨੇ ‘ਪਲੈ ਤੈਡੈ ਲਾਗੀ’ ਸ਼ਬਦ ਨਾ ਪੜਿਆ
ਤਾਂ ਇੱਕ ਸਿੰਘ ਸਟੇਜ ਤੋਂ ਕਹਿਣ ਲੱਗਾ ਜੀ ਮਰਿਯਾਦ ਭੰਗ ਹੋ ਗਈ , ਪੱਲੇ ਵਾਲਾ ਸ਼ਬਦ ਰਹਿ ਗਿਆ ।
ਭਾਈ ਬ੍ਰਹਮਜੀਤ ਸਿੰਘ ਸਰਹਾਲੀ (ਗ੍ਰੰਥੀ ਸਿੰਘ) ਨੇ ਬਥੇਰਾ ਕਿਹਾ ਕਿ ਸਿੱਖ ਰਹਿਤ ਮਰਿਯਾਦਾ ਵਿੱਚ
ਇਹ ਸ਼ਬਦ ਪੜਨ ਦੀ ਕੋਈ ਮੱਦ ਨਹੀਂ ਹੈ ਤੇ ਨਾ ਹੀ ਇਹ ਸਬਦ ਅਨੰਦ ਕਾਰਜ ਲਈ ਹੈ , ਇਸਦੇ ਅਰਥ ਹੋਰ ਹਨ
। ਜਦੋਂ ਸਿੱਖ ਰਹਿਤ ਮਰਿਯਾਦਾ ਦੀ ਕਾਪੀ ਹੱਥ ਫੜਾਈ ਕਿ ਲਓ ਵੀਰ ਜੀ ਇਸ ਮਰਿਯਾਦਾ ਵਿੱਚ ਇਹ ਸ਼ਬਦ
ਪੜਨ ਦੀ ਤਾਂ ਕੋਈ ਮੱਦ ਨਹੀਂ ਹੈ ਤਾਂ ਉਹ ਕਹਿਣ ਹੈਂ ! ਅਸੀਂ ਤਾਂ ਇਹ ਮਰਿਯਾਦਾ ਪਹਿਲੀ ਵਾਰ ਦੇਖੀ
ਹੈ । ਅੱਜ ਤੱਕ ਸਾਰੇ ਵਿਆਹਾਂ ਤੇ ਇਹ ਸ਼ਬਦ ਜ਼ਰੂਰ ਪੜਿਆ ਜਾਦਾਂ ਹੈ ।ਇਸ ਸ਼ਬਦ ਤੋਂ ਬਿਨਾਂ ਪੱਲਾ
ਕਿਵੇਂ ਫੜਾਇਆ ਜਾ ਸਕਦਾ ਹੈ ।
ਬੱਸ ਇਹੀ ਹਾਲ ਸਾਡੀ ਕੌਮ ਦੇ ਵੱਡੇ ਹਿੱਸੇ ਦਾ ਹੈ ਜੋ ਇਹਨਾਂ ਨੂੰ
ਆਲੇ-ਦੁਆਲੇ ਹੁੰਦਾ ਦਿਸਦਾ ਹੈ ਉਸੇ ਨੂੰ ਆਖਰੀ ਸੱਚ ਮੰਨਕੇ ਚੱਲਦੇ ਹਨ ਤੇ ਜੇਕਰ ਉਸਤੋਂ ਕੋਈ ਉਲਟ
ਹੋ ਜਾਵੇ ਤਾਂ ਧਰਮ ਤੇ ਭਾਰੀ ।
1935 ਦੇ ਵਿੱਚ ਧਾਰਮਿਕ ਸਲਾਹਕਾਰ ਕਮੇਟੀ ਗੁਰਮਤਿ ਦੀ ਰੋਸ਼ਨੀ ਵਿੱਚ ਇਹ ਮਤਾ
ਪਾਸ ਕਰਦੀ ਹੈ :-
25
ਅਪ੍ਰੈਲ 1935 ਨੂੰ ਦਿਨ ਦੇ 11:30 ਵਜੇ ‘ਸ਼ਹੀਦ ਸਿੱਖ ਮਿਸ਼ਨਰੀ ਕਾਲਜ " ਦੇ ਗੁਰਦੁਵਾਰੇ ਵਿੱਚ ਆਰੰਭ
ਹੋਈ । ਹੇਠ ਲਿਖੇ ਮੈਂਬਰ ਸਾਹਿਬਾਨ ਨੇ ਦਰਸ਼ਨ ਦਿੱਤੇ :-
- ਸ੍ਰ. ਬ: ਸ੍ਰ. ਕਾਹਨ ਸਿੰਘ ਨਾਭਾ ।
- ਪ੍ਰੋ. ਜੋਧ ਸਿੰਘ ਜੀ,
- ਪ੍ਰੋ. ਤੇਜਾ ਸਿੰਘ ਜੀ,
- ਪ੍ਰੋ. ਗੰਗਾ ਸਿੰਘ ਜੀ,
- ਜਥੇਦਾਰ ਮੋਹਣ ਸਿੰਘ ਜੀ
ਗੁਰੂ ਪ੍ਰਕਾਸ਼ ਤੇ ਕੁਰਸੀਆਂ
ਮਤਾ (ਸ)
ਯੂਰਪ ਜਾਂ ਅਮਰੀਕਾ ਆਦਿ
ਦੇਸ਼ਾਂ ਵਿੱਚ ਜਿੱਥੇ ਕਿ ਧਾਰਮਿਕ ਅਸਥਾਨਾਂ ਵਿੱਚ ਕੁਰਸੀਆਂ ‘ਤੇ ਬੈਠਣ ਦਾ ਰਿਵਾਜ ਹੈ ਐਸੀ ਥਾਈਂ ਜੇ
ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਚੀ ਥਾਂ ਕਰਕੇ ਹੇਠਾਂ ਕੁਰਸੀਆਂ ਤੇ ਬੈਠਿਆ ਜਾਏ ਤਾਂ ਕੋਈ ਹਰਜ
ਨਹੀਂ ।
(ਕਿਤਾਬ ‘ਪੰਥਕ ਮਤੇ’ ਪੰਨਾ 13-14)
ਸੰਨ 1975 ਵਿੱਚ ਕਰਤਾਰ
ਸਿੰਘ ਭਿੰਡਰਾਂਵਾਲੇ ਵੀ ਇਸ ਕਮੇਟੀ ਦੇ ਮੈਂਬਰ ਸੀ
ਤੇ ਇਸ
ਮਸਲੇ ਤੇ ਛੇਤੀ ਤੋਂ ਛੇਤੀ ਫੈਸਲਾ ਚਾਹੁੰਦੇ ਸੀ। ਇਹ ਮਸਲਾ ਇੱਕ ਵਾਰ ਫਿਰ ਧਾਰਮਿਕ ਸਲਾਹਕਾਰ ਕਮੇਟੀ
ਕੋਲ ਗਿਆ ਤੇ ਕਮੇਟੀ ਨੇ ਪਹਿਲਾਂ ਪੁਰਾਣੇ ਮਤੇ ਵਾਚੇ ਤੇ ਫਿਰ ਇਹੀ ਫੈਸਲਾ ਦਿੱਤਾ ਜੋ 1935 ਵਿੱਚ
ਸੀ । ਕਰਤਾਰ ਸਿੰਘ ਭੀੰਡਰਾਂਵਾਲਿਆਂ ਦੇ ਅਖੌਤੀ ‘ਟਕਸਾਲ’ ਦੇ ਮੁਖੀ ਹੋਣ ਦਾ ਬਾਕੀ ਮੈਂਬਰਾਂ ਤੇ
ਕੋਈ ਅਸਰ ਜਾਂ ਡਰ ਨਹੀਂ ਸੀ ।
ਜਦੋਂ ਇੱਕ ਵਾਰ ਕੌਮ ਦੇ ਵਿਦਵਾਨ ਗੁਰਮਤਿ ਦੇ ਜਾਣੂ ਇਸ ਮਸਲੇ ਤੇ ਮਤਾ ਪਾਸ
ਕਰ ਚੁੱਕੇ ਹਨ ਤਾਂ ਅੱਜ ਵੀ ਸਿੱਖ ਇਸ ਫੈਸਲੇ ਤੋਂ ਅਨਜਾਣ ਕਿਉਂ ਨੇ , ਕਿਉਂ ਵਾਰ-ਵਾਰ ਹਾਲ ਪਾਰਿਆ
ਹੋਣ ਲੱਗ ਪੈਂਦੀ ਹੈ । ਇਸੇ ਤਰਾਂ ਮਾਸ ਖਾਣ ਦਾ ਮਸਲਾ ਹੈ , ਸਿੱਖ ਤੇ ਮਾਸ ਖਾਣ ਤੇ ਕਈ ਪਾਬੰਦੀ
ਨਹੀਂ । ਸ. ਕਲਵੰਤ ਸਿੰਘ (ਸਾਬਕਾ ਸਕੱਤਰ ਸ਼੍ਰੋ.ਗੁ.ਪ੍ਰ.ਕ) ਆਪਣੀ ਪੁਸਤਕ ‘ਸੱਚ ਸੁਣਾਇਸੀ ਸੱਚ ਕੀ
ਬੇਲਾ’ ਵਿੱਚ ਲਿਖ ਚੁੱਕੇ ਹਨ ਕਿ ਦਰਬਾਰ ਸਾਹਿਬ ਦੇ ਕੰਪਲੈਕਸ ਵਿਚਲੀ ਕੰਟੀਨ ਤੋਂ ਆਡੇ , ਮੀਟ ਸਾਰੇ
ਮੁਲਾਜ਼ਮਾਂ ਲਈ ਛਕਣ ਲਈ ਖੁੱਲੇ ਸਨ ਕੋਈ ਮਨਾਹੀ ਨਹੀਂ ਸੀ । ਜਥੇਦਾਰ ( ਸਾਧੂ ਸਿੰਘ ਭੌਰਾ, ਗੁਰਦਿਆਲ
ਸਿੰਘ ਅਜਨੋਹਾ) ਜਿੱਥੇ ਵੀ ਜਾਂਦੇ ਸਨ ਬੇ-ਝਿਜਕ ਝੱਟਕਾ ਛੱਕਦੇ ਸਨ । ਅੱਜ ਜੇ ਕਿਤੇ ਸਿੱਖ ਮਾਸ
ਖਾਦਾਂ ਹੈ ਤਾਂ ਅਸਮਾਨ ਡਿੱਗ ਪੈਂਦਾ ਹੈ , ਸਿੱਖ ਨੂੰ ਖਤਰਾ ਪੈਦਾ ਹੋ ਜਾਂਦਾ ਹੈ ।
1984 ਤੋਂ ਬਾਦ ਸਿੱਖਾਂ ਨੇ ਉਹੀ
ਸਿੱਖੀ ਮੰਨ ਲਈ ਜੋ ਅਖੌਤੀ ਦਮਦਮੀ ਟਕਸਾਲ ਨੇ ਪ੍ਰਚਾਰੀ ਜੋ ਕਿ ਉਹਨਾਂ ਦੀ ਆਪਣੀ ਸੰਪਰਦਾ/ਡੇਰੇ ਦੀ
ਮਰਿਯਾਦਾ ਸੀ , ਸਿੱਖ ਪੰਥ ਦੀ ਨਹੀਂ ।
ਖੈਰ ! ਨਾ ਤਾਂ ਲਾੜੇ ਨੂੰ ਕੋਈ ਪਤਾ ਹੋਣਾ ਨਾ ਪੰਜਾਬੀ ਬੀਬੀ ਨੂੰ ਕਿ ਅਨੰਦ ਕਾਰਜ ਕੀ ਬਲਾ ਹੈ ਤੇ ਲਾਵਾਂ ਕੀ
ਹੁੰਦੀਆਂ ਹਨ ਤੇ ਨਾਹੀ ਉਹਨਾਂ ਨੂੰ ਕੋਈ ਸਮਝ ਆ ਰਹੀ ਹੋਣੀ ਹੈ । 99 ਪ੍ਰਤੀਸ਼ਤ ਸਿੱਖਾਂ ਨੂੰ ਵੀ
ਅਨੰਦ ਕਾਰਜ ਦਾ ਮਤਲਬ ਨਹੀਂ ਪਤਾ , ਸਿੱਖ ਰਹਿਤ ਮਰਿਯਾਦਾ ਅਨੁਸਾਰ ਤਾਂ ਸਿਰਫ ਇੱਕ ਸਿੱਖ ਦਾ ਵਿਆਹ
ਹੀ ਅਨੰਦ ਕਾਰਜ ਵਿਧੀ ਨਾਲ ਹੋ ਸਕਦਾ ਹੈ । ਕੈਨੇਡਾ ਦੇ ਬਥੇਰੇ ਸਿੱਖਾਂ ਤੇ ਗੁਰਦੁਵਾਰੇ ਦੇ
ਪ੍ਰਬੰਧਕਾ ਦੇ ਬੱਚਿਆ ਦੇ ਵਿਆਹ ਵੀ ਗੈਰ ਸਿੱਖਾਂ ਨਾਲ ਹੁੰਦੇ ਹਨ ਉਦੋਂ ਕੋਈ ਮਰਿਯਾਦਾ ਨਹੀਂ
ਟੁੱਟਦੀ , ਕਦੇ ਕਿਸੇ ਗੁਰਦੁਵਾਰੇ ਵਿੱਚ ਰੌਲਾ ਨਹੀਂ ਪਿਆ ।
ਜਦੋਂ ਕਿਤੇ ਵੱਡੇ ਸਿੱਖ ਕਹਾਉਣ ਵਾਲਿਆਂ ਦੀ ਬੱਚੀ ਕਿਸੇ ਅੰਗਰੇਜ਼ ਨਾਲ ਵਿਆਹ
ਕਰਵਾਉਣ ਦੀ ਤਿਆਰੀ ਕਰਦੀ ਹੈ ਤੇ ਸਿੱਖ ਮਾਪੇ ਉਸਨੂੰ ਕਿਸੇ ਕੀਮਤ ਤੇ ਰੋਕ ਨਹੀਂ ਸਕਦੇ ਤਾਂ ਉਂਦੋ
ਫਿਰ ਰਿਸ਼ਤੇਦਾਰਾਂ ਤੇ ਭਾਈਚਾਰੇ ਵਿੱਚ ਫੋਕੀ ਟੌਹਰ ਲਈ ਅਨੰਦ ਕਾਰਜ ਕੀਤਾ ਜਾਂਦਾ ਹੈ । ਫਿਰ ਹਰੇਕ
ਦੇ ਸਾਹਮਣੇ ਕਿਹਾ ਜਾਦਾਂ ਹੈ ਕਿ ਜੀ ਅਸੀਂ ਤਾਂ ਕਹਿਤਾ ਸੀ ਜੇ ਵਿਆਹ ਹੋਊ ਤਾਂ ਪੂਰੀ ਅਨੰਦ ਕਾਰਜ
ਮਰਿਯਾਦਾ ਨਾਲ ਹੀ ਹੋਕੇ ਰਹੂ ਜੋ ਮਰਜ਼ੀ ਹੋ ਜਾਵੇ ।
ਓਹ ਚਾਤਰ ਲੋਕੋ ! ਵਿਆਹ ਤੇ ਅਗਲੇ ਕਈ ਸਾਲਾਂ ਤੋਂ ਕਰੀ ਫਿਰਦੇ ਹੁੰਦੇ ਨੇ
ਸਰੀਰਕ ਸੰਬੰਧ ਬਣਾਕੇ ਇਹ ਤਾਂ ਸਿਰਫ ਫੋਕਾ ਪੰਜਾਬੀ ਦਿਖਾਵਾ ਹੈ ।
ਰਿਸ਼ਤੇਦਾਰ ਵੀ ਪਕੌੜੇ ਵੀ ਖਾ ਰਹੇ ਹੁੰਦੇ ਨੇ ਤੇ ਟਿੱਚਰਾਂ
ਵੀ ਕਰ ਰਹੇ ਹੁੰਦੇ ਨੇ ਆਪਣੇ ਹੀ ਰਿਸ਼ਤੇਦਾਰਾਂ ਦੇ ਤਮਾਸ਼ੇ ਤੇ। ਵਿਦੇਸ਼ ਦੇ ਜੰਮਪਲ ਬੱਚਿਆਂ ਨੂੰ ਵੀ
ਪਤਾ ਹੁੰਦਾ ਕਿ ਸਾਡੇ ਮਾਪੇ ਜਾਂ ਇਨਾਂ ਦੇ ਰਿਸ਼ਤੇਦਾਰ ਕਿੰਨੇ ਕੁ ਪਾਣੀ ‘ਚ ਨੇ ।
ਕੈਨੇਡਾ ਦੇ ਜੰਮਪਲ ਛੱਡੋ , ਪੰਜਾਬ ਦੇ ਜੰਮਪਲਾਂ ਵਿੱਚੋਂ ਵੀ ਕੋਈ ਵਿਰਲਾ
ਹੋਣਾ ਜਿਸਨੂੰ ਅਨੰਦ ਕਾਰਜ ਦਾ ਮਤਲਬ ਪਤਾ ਹੋਵੇ । ਕੈਨੇਡਾ ਵਿੱਚ ਲੱਖਾਂ ਪੰਜਾਬੀ ਸਿੱਖ ਝੂਠੇ ਵਿਆਹ
ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਰਵਾਕੇ ਕੈਨੇਡਾ ਆਏ ਹਨ ਕੋਈ ਮਰਿਯਾਦਾ ਨਹੀਂ ਹਿੱਲੀ । ਕਈ ਸਕੀਆਂ
ਭੈਣਾਂ ਜਾਂ ਭੈਣਾ ਦੀਆਂ ਨਣਦਾਂ ਨਾਲ ਝੂਠੇ ਵੱਟੇ-ਸੱਟੇ ਦੇ ਵਿਆਹ ਕਰਵਾਕੇ ਆਏ ਹਨ , ਫਿਰ ਵੀ ਸਭ
ਠੀਕ, ਕਈ ਭਰਜਾਈਆਂ ਆਪਣੇ ਪਤੀ ਨੂੰ ਤਲਾਕ ਦੇ ਦਿਓਰਾਂ/ਜੇਠਾਂ ਨਾਲ ਵਿਆਹ ਕਰਵਾਕੇ ਉਹਨਾਂ ਨੂੰ
ਕੈਨੇਡਾ ਪੁਚਾ ਚੁੱਕੀਆਂ ਹਨ , ਮਰਿਯਾਦਾ ਨਹੀਂ ਟੁੱਟੀ । ਸਭ ਤੋਂ ਵੱਧ ਰੌਲਾ ਪਾਉਣ ਵਾਲਿਆਂ ਦੇ
ਰਿਸ਼ਤੇ ਜਾਂ ਘਰ ਵਿੱਚ ਕੋਈ ਨਾ ਕੋਈ ਤਾਂ ਇਸ ਕੰਮ ਨਾਲ ਜਾਂ ਹੋਰ ਕਿਸੇ ਤਰੀਕੇ ਝੂਠੀ ਨਾਗਰਿਕਤਾ ਲੈ
ਚੁੱਕਾ ਹੈ । ਗੁਰਦੁਵਰਿਆਂ ਦੇ ਪ੍ਰਬੰਧਕ ਤੇ ਸਾਧ ਸੰਗਤ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ
ਹੀ ਗਾਲੋ-ਗਾਲੀ ਹੁੰਦੇ ਹਨ ਤੇ ਕਾਟੋ-ਕਲੇਸ਼ ਕਰਦੇ ਹਨ ਉਦੋਂ ਵੀ ਕੋਈ ਬੇਅਦਬੀ ਨਹੀਂ ਹੁੰਦੀ , ਕੋਈ
ਸਤਿਕਾਰ ਨਹੀਂ ਘਟਦਾ।
ਵਿਦੇਸ਼ਾਂ ਦੇ ਗੁਰਦੁਵਾਰਿਆ ਵਿੱਚ ਆਉਣ ਵਾਲੇ ਗ੍ਰੰਥੀ , ਪ੍ਰਚਾਰਕ, ਰਾਗੀ ,
ਢਾਡੀ ਕਿਸੇ ਨਾ ਕਿਸੇ ਤਰਾਂ ਦਾ ਸੌਦਾ ਪ੍ਰਬੰਧਕਾ ਨਾਲ ਮਾਰਕੇ ਆਉਂਦੇ ਹਨ ਤੇ ਜਥੇ ਦੇ ਜਥੇਦਾਰ ਤਬਲੇ
ਵਾਲੇ ਨਾਲ ਤੇ ਸਾਇਡ ਵਾਲੇ ਨਾਲ ਸੌਦਾ ਮਾਰਕੇ ਆਉਂਦੇ ਹਨ । ਕਈ ਪ੍ਰਚਾਰਕ ਗੁਰਦੁਵਾਰਿਆ ਵਿੱਚ ‘ਚੰਨ’
ਵੀ ਚੜਾ ਦਿੰਦੇ ਹਨ ਤੇ ਪਰਬੰਧਕ ਉਨਾਂ ਨੂੰ ਚੁੱਪ -ਚੁਪੀਤੇ ਵਾਪਿਸ ਇੰਡੀਆ ਭੇਜ ਦਿੰਦੇ ਹਨ ਤਾਂ ਕਿ
ਗੱਲ ਬਾਹਰ ਨਾ ਨਿਕਲੇ । ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰਬਾਣੀ , ਇਤਿਹਾਸ ਸੁਨਾਉਣ ਵਾਲੇ ਬਾਦ
ਵਿੱਚ 2-2 ਡਾਲਰ ਵੰਡਣ ਤੇ ਲੜਦੇ ਵੇਖੇ ਹਨ,ਪੀਜ਼ੇ ਖਾਣ ਅਤੇ ਕੋਕ ਪੀਣ ਤੇ ਦੰਗਲ ਹੋ ਜਾਂਦੇ ਹਨ।
ਅਗਲੇ ਦਿਨ ਫਿਰ ਧਰਮ ਉਪਦੇਸ਼ਕ ਬਣ ਜਾਂਦੇ ਹਨ ।
ਕਈ ਸਾਲ ਪਹਿਲਾਂ ਕੈਨੇਡਾ ਦੇ ਰੀਜਾਈਨਾ ਵਿੱਚ ਇੱਕ ਧਨਾਢ ਸਿੱਖਾਂ ਦੇ ਟੱਬਰ
ਨੇ ਅਨੰਦ ਕਾਰਜ ਕਰਨਾ ਸੀ , ਪ੍ਰਚਾਰਕ ਸੁਖਵਿੰਦਰ ਸਿੰਘ ਮਝੈਲ ( ਸੁਖਵਿੰਦਰ ਸਿੰਘ ਦਦੇਹਰ) ਰਾਗੀ
ਜਥੇ ਨਾਲ ਪਹੁੰਚੇ , ਅੱਗੇ ਪੰਡਾਲ ਵਿੱਚ ਅੰਗਰੇਜ਼ਾ ਮਹਿਮਾਨਾਂ ਲਈ ਕੁਰਸੀਆਂ ਤੇ ਕਾਲੇ ਅੰਗਰੇਜ਼ਾਂ ਲਈ
ਥੱਲੇ ਬਹਿਣ ਦਾ ਇੰਤਜ਼ਾਮ ਸੀ । ਭਾਈ ਸੁਖਵਿੰਦਰ ਸਿੰਘ ਅੜ ਗਏ ਕਿ ਇੱਥੇ ਅਨੰਦ ਕਾਰਜ ਨਹੀਂ ਹੋਵੇਗਾ
ਇਹ ਵਿਤਕਰਾ ਹੈ , ਤੇ ਵਾਪਿਸ ਚਲੇ ਗਏ ਤੇ ਰਾਗੀਆਂ ਨੂੰ ਵੀ ਮੁੜਨਾ ਪਿਆ । ਅਗਲਿਆਂ ਨੇ ਕਿਸੇ ਹੋਰ
ਜਥੇ ਨੂੰ ‘ਹਰਾ ਘਾਹ’ ਵਿਖਾਇਆ ਤੇ ਮਰਿਯਾਦਾ ਸਹਿਤ ਅਨੰਦ ਕਾਰਜ ਹੋ ਗਿਆ ਤੇ ਪਰਿਵਾਰ ਦੇ ਗੁਰਮੁਖ
ਹੋਣ ਦੀ ਅਰਦਾਸ ਵੀ । ਗੱਲ ਕੀ , ਕੀ ਗੁਰੂ ਦਾ ਨਾਮ ਤੇ ਪਰਿਵਾਰ ਪਾਲਣ ਵਾਲੇ ਕੋਈ ਅਣਖ ਰੱਖਦੇ ਹਨ ?
ਜੇ ਇੱਕ ਸਿੰਘ ਨੇ ਦਲੇਰੀ ਕੀਤੀ ਤਾਂ ਹੋਰ ਬਥੇਰੇ ਖੜੇ ਹਨ ਜਿੰਨਾਂ ਤੋਂ ਜੋ ਮਰਜ਼ੀ ਕਰਵਾ ਲਵੋ ।
ਪੈਸਾ ਫੇਂਕ ਤਮਾਸ਼ਾ ਦੇਖ !
ਗ੍ਰੰਥੀ ਸਿੰਘਾਂ ਦੀ
ਤਨਖਾਹ ਕਾਗਜ਼ਾ ਵਿੱਚ ਜ਼ਿਆਦਾ ਦਿਖਾਕੇ ਉਨਾਂ ਨੂੰ ਇੰਮੀਗਰੇਸ਼ਨ ਦਿਵਾਈ ਜਾਂਦੀ ਹੈ ਤੇ ਉਨਾਂ ਤੋਂ ਵਾਪਸ
ਕੈਸ਼ ਪੈਸੇ ਲੈ ਲਏ ਜਾਂਦੇ ਹਨ, ਸੋ ਟੈਕਸ ਚੋਰੀ ਗੁਰਦੁਵਾਰੇ ਤੇ ਗ੍ਰੰਥੀ ਤੋਂ ਸ਼ੁਰੂ ਹੁੰਦੀ ਹੈ । ਕਈ
ਗ੍ਰੰਥੀ ਜਿਨਾਂ ਦਾ ਪਰਿਵਾਰ , ਬੱਚੇ ਆਉਣੇ ਹੁੰਦੇ ਨੇ ਨਾਲ ਪ੍ਰਬੰਧਕ ਕਈ ਵਾਰ ਸੌਦਾ ਮਾਰ ਲੈਂਦੇ ਨੇ
ਕਿ ਤੇਰੇ ਬੱਚੇ ਸਾਡੇ ਕਿਸੇ ਬੱਚੇ ਨੂੰ ਇੰਡੀਆਂ ਤੋਂ ਪੇਪਰ ਵਿਆਹ ਕਰਕੇ ਕੱਢ ਦੇਣ ਤੇ ਅਸੀਂ ਤੈਨੂੰ
ਪੱਕਾ ਕਰ ਦਿਆਗੇ । ਸੰਗਤ, ਪ੍ਰਬੰਧਕਾਂ ਸਾਰੇ ਮਸਲੇ ਤੋਂ ਜਾਣੂ ਹੁੰਦੇ ਹਨ ਪਰ ਮਰਿਯਾਦਾ ਫਿਰ ਵੀ
ਨਹੀਂ ਟੁੱਟਦੀ । ਟੋਰਾਂਟੋ ਦੇ ਇਲਾਕੇ ਵਿੱਚ ਹੀ ਅਖੌਤੀ ਵਿਦਵਾਨ
ਸੁਖਪ੍ਰੀਤ ਸਿੰਘ ਉਦੋਕੇ
ਕੈਨੇਡਾ
ਵਿੱਚ ਆਸ਼ਕੀ ਕਰਦਾ ਰਿਹਾ , ਫੜਿਆ ਗਿਆ, ਬੀਬੀ ਨਾਲ ਕੀਤੀਆਂ ਕਲੋਲਾਂ ਦੀਆਂ ਫੋਨ ਰਿਕਾਰਡਿੰਗਾ ਨਸ਼ਰ
ਹੋਈਆਂ , ਭਾਈ ਗੁਰਦੇਵ ਸਿੰਘ ਸੱਧੇਵਾਲੀਆ ਹੋਰਾਂ ਉਸਨੂੰ ਨੰਗਾ ਕੀਤਾ ਗਿਆ ਸੀ ਪਰ ਉਹੀ ਉਦੋਕੇ ਹੁਣ
ਸਿੱਖਾਂ ਲਈ ਮਹਾਨ ਵਿਦਵਾਨ ਹੈ । ਮਰਿਯਾਦਾ ਕਾਇਮ ਰਹੀ । ਅਕਾਲੀ ਮੰਤਰੀ ਸੋਹਣ ਸਿੰਘ ਠੰਢਲ ਤੇ ਉਸਦਾ
ਯਾਰ
‘ ਸ਼੍ਰੋਮਣੀ ਕਮੇਟੀ ਮੈਂਬਰ ਤਰਲੋਚਨ ਸਿੰਘ
ਦੁਪਾਲਪੁਰੀ’
1999 ਨੂੰ 300 ਸਾਲਾ ਖਾਲਸਾ ਸਾਜਨਾ ਦਿਵਸ ਤੇ
ਵੈਨਕੂਵਰ, ਖਾਲਸਾ ਦੀਵਾਨ ਸੁਸਾਇਟੀ, ਨਗਰ ਕੀਰਤਨ ਤੇ ਹੱਥ ਲਿਖਤ ਬੀੜਾਂ ਤੇ ਗੁਰੂ ਕੇ ਸ਼ਸਤਰ ਸੰਗਤਾਂ
ਨੂੰ ਦਰਸ਼ਨ ਕਰਉਣ ਲਈ ਲਿਆਏ । ਹੱਥ ਲਿਖਤ ਬੀੜਾਂ ਵੀ ਤਾਜ਼ੀਆਂ ਲਿਖਵਾਈਆਂ ਤੇ ਸਸ਼ਤਰ ਵੀ ਨਕਲੀ ਨਿਕਲੇ
ਤੇ ‘ਦੁਪਾਲਪੁਰੀ’ ਹੋਰੀਂ ਤੋਤੇ ਵਾਂਗ ਉਡਾਰੀ ਮਾਰ ਅਮਰੀਕਾ ਜਾ ਵੜੇ। ਸ਼ਸਤਰ ਤੇ ਬੀੜਾਂ ਕੈਨੇਡਾ
ਵਿੱਚ ਰਹਿ ਗਏ । ਜਿਹੜੇ ਗੁਰਬਾਣੀ ਤੱਕ ਨੂੰ ਘੋਲਕੇ ਪੀ ਗਏ ਅਤੇ ਗੁਰੂ ਗ੍ਰੰਥ ਸਾਹਿਬ ਦਾ ਵੀ ਸੌਦਾ
ਕਰ ਗਏ ਹੁਣ ਉਹੀ ਧਰੁੰਦਰ ਵਿਦਵਾਨ ਨੇ , ਉਪਦੇਸ਼ਕ ਨੇ , ਉਦੋਂ ਵੀ ਮਰਿਯਾਦਾ ਨਹੀਂ ਟੁੱਟੀ ।
ਕੁਰਸੀਆਂ ਤੇ ਰੌਲਾ ਪਾਉਣ ਵਾਲੇ ਇਸ ਬਾਰੇ ਕਦੇ ਨਹੀਂ ਬੋਲਣਗੇ ਕਿਉਂਕਿ ਇਹ ਕਿਹੜਾ ਦਿਖਦਾ ਹੈ ।
ਸਾਨੂੰ ਬਿਮਾਰੀ ਹੈ ਕਿ ਅਸੀਂ ਕੁੱਝ ਵੀ ਚੇਤੇ ਨਹੀਂ ਰੱਖਦੇ 6 ਮਹੀਨੇ ਬਾਦ ਇੱਕ ਨਵੀਂ ਲਹਿਰ ਨਵਾਂ
ਸ਼ੋਸ਼ਾ , ਜਿਹੜਾ ਮਰਜ਼ੀ ਲੁੱਚਾ-ਲੰਡਾ ਨਵੀਆਂ ਗੱਲਾਂ ਕੱਢ ਮਾਰੇ ਅਸੀਂ ਉਸੇ ਪਿੱਛੇ ਹੋ ਤੁਰਦੇ ਹਾਂ ।
ਪ੍ਰਬੰਧਕਾਂ ਵਿੱਚ ਆਮ ਹੀ ਉਹ ਵੀ ਹੁੰਦੇ ਹਨ ਜਿਨਾਂ ਕਦੇ ਟੈਕਸ ,
ਇੰਸ਼ੋਰੈਂਸ, ਇਮੀਗਰੇਸ਼ਨ, ਇੰਮਪਲਾਈਮੈਂਟ ਇੰਸ਼ੋਰੈਂਸ ਦਾ ਘਪਲਾ ਕੀਤਾ ਹੁੰਦਾ ਹੈ ਪਰ ਸੰਗਤ ਜੀ ਕੁੱਝ
ਨਹੀਂ ਬੋਲਦੇ ਕਿਉਂਕਿ ਇੱਕ ਦੂਜੇ ਦੇ ਰਿਸ਼ਤੇਦਾਰ ਹੁੰਦੇ ਹਨ ਤੇ ਗੁਰੂ ਪਿਆਰੀ ਸੰਗਤ ਜੀ ਵੀ
ਨਿੱਕੇ-ਨਿੱਕੇ ਘਪਲੇ ਆਮ ਕਰਦੀ ਹੈ । ਪਰ ਮਰਿਯਾਦਾ ਫਿਰ ਵੀ ਨਹੀਂ ਟੁੱਟਦੀ । ਹਾਂ ਸਾਰੇ ਨਹੀਂ, ਉਹ
ਗੁਰੂ ਕੇ ਸਿੱਖ ਵੀ ਹਨ ਪ੍ਰਬੰਧਕਾਂ ਵਿੱਚ ਅਤੇ ਪ੍ਰਚਾਰਕਾਂ ਵਿੱਚ ਜੋ ਆਪਣਾ ਸੱਚ ਦਾ ਪੱਲਾ ਨਹੀਂ
ਛੱਡਦੇ ਪਰ ਉਹ ਬਹੁਗਿਣਤੀ ਅੱਗੇ ਵੋਟਤੰਤਰ ਵਿੱਚ ਹਾਰ ਜਾਂਦੇ ਹਨ । ਇਸ ਭੇਡ-ਸੰਗਤ ਨੂੰ ਉਹ ਕੁੱਝ
ਨਹੀਂ ਸਮਝਦੇ ।
ਇੱਕ ਪੰਜਾਬ ਬੈਠੇ ਸਿੱਖ ਭਰਾਵਾਂ ਨੂੰ ਵੱਡਾ ਭੁਲੇਖਾ ਹੈ ਕਿ ਬਾਹਰ ਕੈਨੇਡਾ,
ਅਮਰੀਕਾ, ਯੂਰਪ, ਆਸਟਰੇਲੀਆ ਜਾਂ ਹੋਰਨਾਂ ਮੁਲਕਾਂ ਵਿੱਚ ਸਿੱਖੀ ਬਹੁਤ ਹੈ । ਭਰਾਵੋ ਭੁਲੇਖਾ ਕੱਢ
ਦਿਓ, ਵੱਡੇ ਸ਼ਹਿਰਾਂ ਦੇ ਗੁਰਦੁਵਾਰੇ ਜਾਂ ਤਾਂ ਨਿੱਜੀ ਦੁਕਾਨਾਂ ਵਾਂਗ ਨੇ ਜਾਂ ਫਿਰ ਜਥੇਬੰਦੀਆ ਦੇ
ਕਬਜ਼ੇ ਵਿਚ ਨੇ । ਕਈ ਸੰਸਥਾਵਾਂ ਸਿਰਫ ਟੈਕਸ ਬਚਾਉਣ ਲਈ ਪੇਪਰਾਂ ਵਿੱਚ ਹੀ ਹਨ । ਕਈ ਪੁਰਾਣੇ
ਗ੍ਰੰਥੀਆਂ ਨੇ ਪ੍ਰਚਾਰਕਾਂ ਤੋਂ ਨੋਟ ਕਮਾਉਣ ਲਈ ਆਪਣੇ ਘਰ ਹੀ ਸੰਸਥਾ ਖੋਲਕੇ ਲੈਟਰਪੈਡ ਬਣਾ ਰੱਖੇ
ਨੇ ਜੋ ਸਪੌਸ਼ਰ ਭੇਜਣ ਦਾ ਹੀ ਲੱਖ-ਲੱਖ ਮਾਂਜ ਲੈਂਦੇ ਹਨ ਵੀਜ਼ਾ ਲੱਗੇ ਨਾ ਲੱਗੇ । ਛੋਟੇ ਸਹਿਰਾਂ ਦੇ
ਰਿਸ਼ਤੇਦਾਰਾਂ ਦੇ ਆਲੇ ਦੁਆਲੇ ਘੁੰਮਦੇ ਹਨ , ਜੋ ਲੜਾਈਆ ਆਪਣੇ ਪਿੰਡਾਂ ਦੇ ਵਿਆਹਾਂ ਵਿੱਚ ਫੁੱਫੜਾਂ,
ਮਾਮਿਆਂ ਤੇ ਮਾਸੀਆਂ ਕਰਕੇ ਹੁੰਦਿਆ ਸੀ ਉਹੀ ਮਸਲਿਆਂ ਦੁਆਲੇ ਛੋਟੇ ਸ਼ਹਿਰਾਂ ਦੇ ਗੁਰਦੁਵਾਰਿਆਂ ਦੀ
ਰਾਜਨੀਤੀ ਘੁੰਮਦੀ ਹੈ । ਸਿੱਖੀ, ਗੁਰਬਾਣੀ , ਸਿਧਾਂਤ ਗਾਇਬ ਹੈ । ਵੱਡੇ -ਵੱਡੇ ਨਗਰ ਕੀਰਤਨ ਕੱਢਣ
ਦੇ ਮਿਊਂਸਪਲ ਕਮੇਟੀਆ ਪੈਸੇ ਲੈਂਦੀਆ ਹਨ , ਗੁਰਦੁਵਾਰੇ ਪੈਸੇ ਤਾਂ ਖਰਚਦੇ ਹਨ, ਕਿਉਂਕ ਉਨਾਂ ਨੂੰ
ਕਮਾਈ ਹੁੰਦੀ ਹੈ ਤੇ ਨਾਲ -ਨਾਲ ਰਾਜਨੀਤੀ ਵਿੱਚ ਵੀ ਹੱਥ ਪੈਂਦਾ ਹੈ । ਇਨਾਂ ਸਭ ਕੁਝ ਦੇ ਹੁੰਦੇ ਵੀ
ਸਿੱਖੀ ਦੇ ਸੱਚ ਦੇ ਮਾਰਗ ਦੀ ਮਰਿਯਾਦਾ ਕਾਇਮ ਰਹਿੰਦੀ ਹੈ ਤੇ ਕਿਸੇ ਦੇ ਦਰਬਾਰ ਹਾਲ ਵਿੱਚ ਕੁਰਸੀ
ਤੇ ਬੈਠਿਆਂ ਉਹ ਤਾਰ-ਤਾਰ ਹੋ ਜਾਂਦੀ ਹੈ ।
ਗੁਰੂ ਹਰ ਇੱਕ ਨੂੰ ਗਲੇ ਨਾਲ ਲਾਉਂਦਾ ਹੈ
ਧਿਰਕਾਰਦਾ ਨਹੀਂ । ਦਰਬਾਰ ਹਾਲ ਵਿੱਚ ਕੁਰਸੀਆ ਹੋਣੀਆਂ ਕੋਈ ਗੁਰਮਤਿ ਵਿਰੋਧੀ ਮਸਲਾ ਨਹੀਂ ਹੈ ,
ਬੱਸ ਨਾ-ਸਮਝੀ ਹੈ । ਅੱਜ ਤੱਕ ਇੱਕ ਵੀ ਗੁਰਦੁਵਾਰਾ ਨਹੀਂ ਦੇਖਿਆ ਜਿੱਥੇ ਕਿਰਦਾਰ ਉਸਾਰੀ ਬਾਰੇ
ਬਹਿਸ ਹੁੰਦੀ ਹੋਵੇ , ਸਿਰਫ ਵਧੀਆ ਕਿਰਦਾਰ ਦੇ ਹੀ ਪ੍ਰਬੰਧਕ ਹੋਣ ਬਾਰੇ ਵਿਚਾਰ ਹੁੰਦੀ ਹੋਵੇ ।
ਜਦੋਂ ਵੀ ਰੌਲਾ ਪਵੇਗਾ ਪ੍ਰਚੱਲਤ ਕਰਮ-ਕਾਂਡ ਨੂੰ ਮਰਿਯਾਦਾ ਸਿੱਧ ਕਰਨ ਤੇ ਪਵੇਗਾ।
ਡਾ. ਬਲਦੇਵ ਸਿੰਘ
(ਸਪੁੱਤਰ ਗਿ. ਦਿੱਤ ਸਿੰਘ ) ਨੇ ਇਗਲੈਂਡ ਤੋਂ ਆਕੇ ਸਿੱਖ ਬੱਚਿਆਂ ਨੂੰ ਮੇਜ਼-ਕੁਰਸੀਆਂ ਤੇ ਗੁਰਬਾਣੀ
ਪੜਾਉਣੀ ਸ਼ੁਰੂ ਕੀਤੀ, ਜਿਸਦਾ ਵਿਰੋਧ ਕੁੱਝ ਇੱਕ ਸਿੱਖ ਆਗੂਆ ਨੇ ਕੀਤਾ ਕਿ ਇਹ ਬੇ-ਅਦਬੀ ਹੈ ਤਾਂ
ਹੌਲੀ -ਹੌਲੀ ਉਹ ਵਿਦਵਾਨ ਸਾਥੋਂ ਖੁੱਸ ਗਿਆ । ਅੱਜ ਬਹੁਤ ਸੰਸਥਾਵਾਂ ਵਿੱਚ ਗੁਰਬਾਣੀ ਸਿੱਖਿਆ
ਬੈਂਚਾਂ, ਕੁਰਸੀਆਂ, ਮੇਜ਼ਾਂ ਤੇ ਹੀ ਦਿੱਤੀ ਜਾਂਦੀ ਹੈ ।
ਅੰਤ, ਕੈਨੇਡਾ ਵਿੱਚ ਇੱਕ ਵੀ ਗੁਰਦੁਵਾਰਾ ਨਹੀਂ ਹੋਣਾ ਜਿੱਥੇ ਨਿਰੋਲ ਸਿੱਖੀ
ਦੀ ਬਾਤ ਪੈਂਦੀ ਹੋਵੇ । ਬਹੁਤ ਸਾਰੇ ਭਾੜੇ ਦੇ ਅਖੰਡ ਪਾਠਾਂ ਦੀਆਂ ਲੜੀਆਂ ਚਲਾਉਂਦੇ ਹਨ ਤੇ ਕਈ ਇਹ
ਵੀ ਪਖੰਡ ਕਰਦੇ ਹਨ ਕਿ ਅਸੀਂ ਤਾਂ ਇੱਕ -ਇੱਕ ਅਖੰਡ ਪਾਠ ਅਲੱਗ-ਅਲੱਗ ਕਮਰੇ ਵਿੱਚ ਕਰਦੇ ਹਾਂ ।
ਗੁਰੂਬਾਣੀ ਦਾ ਵਪਾਰ ਸਭ ਕਰਦੇ ਹਨ , ਕਰਦੇ ਰਹਿਣਗੇ ਕਿਉਂਕਿ ਇਹ ਹੁਣ ਧੰਦਾ ਬਣ ਚੁੱਕਾ ਹੈ ।
ਗੁਰਦੁਵਾਰੇ ਜ਼ਿਆਦਾ ਇੱਕਠ ਕਰਨ ਲਈ ਹਰ ਹੱਥਕੰਡਾ ਵਰਤਿਆ ਜਾਦਾਂ ਹੈ ਕਿਉਂਕਿ ਖਰਚੇ ਬਹੁਤ ਹਨ । ਤੇ
ਜਦੋਂ ਖਰਚੇ ਪੂਰੇ ਕਰਨ ਲਈ ਜਜਮਾਨਾਂ ਤੇ ਆਸ ਹੋਵੇਗੀ ਤਾਂ ਜਜਮਾਨਾਂ ਦੇ ਹਿਸਾਬ ਨਾਲ ਹੀ ਸੌਦਾ
ਵੇਚਣਾ ਪਵੇਗਾ । ਮਰਿਯਾਦਾ ਟੁੱਟ ਜਾਣ ਦੀ ਡੌਂਡੀ ਪਿੱਟਣ ਵਾਲੇ ਸੱਜਣੋਂ ਮਰਿਯਾਦਾ ਹੈ ਕਿਹੜੀ ?
ਪਹਿਲਾਂ ਉਹ ਤਾਂ ਨਬੇੜਾ ਕਰ ਲਓ । ਕੀ ਸਾਰੇ ਗੁਰਦਵਾਰੇ ਸਿਰਫ ਸਿੱਖਾਂ ਦਾ ਹੀ ਅਨੰਦ ਕਾਰਜ ਕਰਦੇ ਹਨ
? ਕਿ ਸਾਰੇ ਪ੍ਰਬੰਧਕ ਸੱਚੇ – ਸੁੱਚੇ ਤੇ ਬੇਦਾਗ ਹਨ ? ਕਿ ਸੰਗਾ ਅਖਵਾਉਣ ਵਾਲੇ ਅਸੀਂ ਕਿਸੇ
ਕਿਰਦਾਰ ਦਾ ਮਾਲਕ ਹਾਂ ? ਕਿ ਸਾਰੇ ਦੇ ਸਾਰੇ ਗੁਰਦੁਵਾਰੇ ਸਾਂਝੇ ਹਨ ਤੇ ਨਿੱਜੀ ਨਹੀਂ ? ਕਿ ਤੁਸੀਂ
ਸਾਰੇ ਗੁਰਦੁਵਾਰਿਆ ਤੇ ਇੱਕੋ ਮਰਿਯਾਦਾ ਲਾਗੂ ਕਰ ਦਿਓਗੇ ? ਕੀ ਅਸੀਂ ਕਦੇ ਗੁਰਮਤਿ / ਗੁਰਬਾਣੀ ਦੇ
ਹਾਣਦੇ ਬਣਾਂਗੇ ਜਾਂ ਚੱਕਲੋ -ਧਰਲੋ ਕਰਦੇ ਹਵਾ ਵਿੱਚ ਡਾਂਗਾਂ ਚਲਾਂਵਾਗੇ ? ਗੁਰੂ ਗਰੰਥ ਸਾਹਿਬ
ਜੀ ਦੇ ਬਰਾਬਰ ਅਖੌਤੀ ਦਸਮ ਗਰੰਥ ਕੀ ਉਹ ਬੇਅਦਬੀ ਨਹੀਂ ?
ਕਦੇ ਸੋਚਿਆ ਹੈ , ਕੀ ਵਾਕਿਆ ਹੀ ਅਸੀਂ ਸੱਚੇ ਕਿਰਦਾਰਾਂ ਦੇ ਇਨਸਾਨ ਹਾਂ ?
ਸਿੱਖ ਹੋਣਾ ਤਾਂ ਬੜੇ ਦੂਰ ਦੀ ਗੱਲ ਹੈ । ਕੀ ਪ੍ਰਚਾਰਕ , ਰਾਗੀ, ਢਾਡੀ ਤੇ ਪ੍ਰਬੰਧਕ ਆਪਣਾ ਗੌਂ
ਭੁੱਲਕੇ ਗਲਤ ਨੂੰ ਗਲਤ ਕਹਿਣ ਦਾ ਹੀਆ ਕਰ ਸਕਣਗੇ ? ਪਾਠਕ ਜ਼ਰੂਰ ਸੋਚਣ । ਮੈਂ ਨਾ ਉਸ ਗੁਰਦੁਵਾਰੇ
ਦੇ ਪ੍ਰਬੰਧਕਾਂ ਦੀ ਪ੍ਰੋੜਤਾ ਕਰਦਾ ਹਾਂ ਤੇ ਨਾ ਹੀ ਰੌਲਾ ਪਾਉਣ ਵਾਲਿਆਂ ਦੀ , ਸਿੱਖ ਮਖੌਟੇ ਥੱਲੇ
ਲੁਕੇ ਦੋਗਲੇ ਕਿਰਦਾਰ ਅਤੇ ਬਿਨਾਂ ਕਿਸੇ ਮਤਲਬ ਤੋਂ ਲੁੱਟੇ ਗਏ ਪੱਟੇ ਗਏ ਦਾ ਪਖੰਡ ਕਰਨ ਦਾ ਸੱਚ
ਦੱਸਣ ਦੀ ਕੋਸਿਸ਼ ਹੈ ।
ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥
ਮਨਦੀਪ ਸਿੰਘ ਵਰਨਨ