ਜਤ੍ਰ ਜਾਉ ਤਤ ਬੀਠਲੁ ਭੈਲਾ ॥
ਸਿੱਖਾਂ ਦੇ ਗੁਰੂ, ਗੁਰੂ ਗ੍ਰੰਥ ਸਾਹਿਬ ਦੀ ਵਿਲੱਖਣ ਅਤੇ ਵਿਸ਼ੇਸ਼ਤਾ ਇਹ ਹੈ
ਕਿ ਗੁਰੂ ਸਾਹਿਬਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਆਪਣੀ ਨਿਗਰਾਨੀ ਹੇਠ ਕੀਤੀ ਹੈ। ਗੁਰੂ
ਗ੍ਰੰਥ ਸਾਹਿਬ ਵਿੱਚ ਕਿਸੇ ਦੀ ਸੁਣੀ-ਸੁਣਾਈ, ਲਾਲਚ ਜਾਂ ਕਿਸੇ ਦੇ ਦਬਾਅ ਹੇਠ ਕੋਈ ਗੱਲ ਨਹੀਂ ਲਿਖੀ
ਹੋਈ।
ਗੁਰੂ ਗ੍ਰੰਥ ਸਾਹਿਬ ਇੱਕ ਹੋਰ ਵਿਲੱਖਣਤਾ ਅਤੇ ਵਿਸ਼ੇਸ਼ਤਾ ਇਹ ਭੀ ਹੈ ਕਿ ਸਾਰੀ ਗੁਰਬਾਣੀ ਕਵਿਤਾ ਅਤੇ
ਰਾਗਾਂ ਵਿੱਚ ਲਿਖੀ ਹੋਈ ਹੈ ਅਤੇ ਸਾਰੇ ਬਾਣੀਕਾਰਾਂ ਦੇ ਰੱਬੀ ਗੁਣਾਂ ਵਾਰੇ ਖਿਆਲ ਵੀ ਇੱਕਸਾਰ ਹਨ।
ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਵਿੱਚ ਤੁਹਾਨੂੰ ਕਿਤੇ ਭੀ ਵਿਰੋਧਾਭਾਸ ਨਜਰ ਨਹੀਂ ਆਵੇਗਾ।
ਸਾਰੇ ਬਾਣੀਕਾਰਾਂ ਦਾ ਖਿਆਲ ਹੈ ਕਿ ਰੱਬ ਇੱਕ ਹੈ ਅਤੇ ਉਹ ਜੂਨਾਂ ਵਿੱਚ ਨਹੀਂ ਆਉਂਦਾ। ਉਸ ਦੀ ਕੋਈ
ਪੂਜਾ ਅਤੇ ਆਰਤੀ ਨਹੀਂ ਹੋ ਸਕਦੀ। ਉਸ ਨੂੰ ਯਾਦ ਅਤੇ ਉਸ ਦੇ ਦੱਸੇ ਰਸਤੇ ਤੇ ਚੱਲਣ ਨਾਲ ਘਰ
ਬੈਠਿਆਂ ਹੀ ਉਸ ਪ੍ਰਭੂ ਦੀ ਪਰਾਪਤੀ ਹੋ ਸਕਦੀ ਹੈ। ਰੱਬ ਦੀ ਪੂਜਾ ਕਿਸ ਤਰ੍ਹਾਂ ਹੋ ਸਕਦੀ ਹੈ,
ਗੁਰਬਾਣੀ ਵਿੱਚੋਂ ਇਸ ਵਾਰੇ ਖਿਆਲ ਇਸ ਲੇਖ ਵਿੱਚ ਦੱਸਣ ਦਾ ਉਦਮ ਗਿਆ ਹੈ।
ਪ੍ਰਭੂ ਪ੍ਰਾਪਤੀ ਦੇ ਵਿਸ਼ੇ ਨੂੰ ਆਰੰਭ ਕਰਨ ਤੋਂ ਪਹਿਲਾਂ ਕੁੱਝ ਫੋਕਟ
ਕ੍ਰਮ-ਕਾਂਡਾਂ ਦਾ ਜ਼ਿਕਰ ਕਰਦੇ ਹਾਂ। ਤਾਂ ਜੋ ਇਸ ਵਿਸ਼ੇ ਵਾਰੇ ਬਾਣੀਕਾਰਾਂ ਦੇ ਖਿਆਲਾਂ ਦੀ ਗੱਲ ਸਾਫ਼
ਹੋ ਜਾਵੇ ਅਤੇ ਸਾਨੂੰ ਭੀ ਸਮਝ ਆ ਜਾਵੇ ਕਿ ਪਾਖੰਡਾਂ ਲਈ ਸਿੱਖ ਸਿਧਾਂਤਾਂ ਵਿੱਚ ਕੋਈ ਥਾਂ ਨਹੀਂ
ਹੈ। ਇਥੇ ਇਹ ਦੱਸਣਾ ਭੀ ਜ਼ਰੂਰੀ ਹੈ ਕਿ ਸਾਰੇ ਫੋਕਟ ਕ੍ਰਮ-ਕਾਂਡ ਪ੍ਰਭੂ ਪ੍ਰਾਪਤੀ ਵਿੱਚ ਵਿਘਨ ਹੀ
ਪਾਉਂਦੇ ਹਨ। ਇਸ ਲਈ ਇਨ੍ਹਾਂ ਫੋਕਟ ਕ੍ਰਮ-ਕੰਡਾ ਦਾ ਕੋਈ ਲਾਭ ਨਹੀਂ।
ਗੁਰੂ ਨਾਨਕ ਸਾਹਿਬ
੧. ਰਾਗ ਮਲਾਰ ਕੀ ਵਾਰ ਮਹਲਾ ੧
ਪਉੜੀ ॥
ਇਕਿ ਵਣ ਖੰਡਿ ਬੈਸਹਿ ਜਾਇ ਸਦੁ ਨ ਦੇਵਹੀ ॥
ਇਕਿ ਪਾਲਾ ਕਕਰੁ ਭੰਨਿ ਸੀਤਲੁ ਜਲੁ ਹੇਂਵਹੀ ॥
ਇਕਿ ਭਸਮ ਚੜ੍ਹਾਵਹਿ ਅੰਗਿ ਮੈਲੁ ਨ ਧੋਵਹੀ ॥
ਇਕਿ ਜਟਾ ਬਿਕਟ ਬਿਕਰਾਲ ਕੁਲੁ ਘਰੁ ਖੋਵਹੀ ॥
ਇਕਿ ਨਗਨ ਫਿਰਹਿ ਦਿਨੁ ਰਾਤਿ ਨੀਦ ਨ
ਸੋਵਹੀ ॥
ਇਕਿ ਅਗਨਿ ਜਲਾਵਹਿ ਅੰਗੁ ਆਪੁ ਵਿਗੋਵਹੀ ॥
ਵਿਣੁ ਨਾਵੈ ਤਨੁ ਛਾਰੁ ਕਿਆ ਕਹਿ ਰੋਵਹੀ ॥
ਸੋਹਨਿ ਖਸਮ ਦੁਆਰਿ ਜਿ ਸਤਿਗੁਰੁ ਸੇਵਹੀ ॥੧੫॥ ਪੰਨਾਂ ੧੨੮੪-੮੫
ਅਰਥ: ਪਾਖੰਡੀ ਲੋਕ ਜੰਗਲਾਂ ਦੇ ਗੋਸ਼ਿਆਂ ਵਿੱਚ ਜਾ ਬੈਠਦੇ ਹਨ ਅਤੇ ਮੋਨ ਧਾਰ
ਲੈਂਦੇ ਹਨ ਪ੍ਰੰਤੂ ਰੱਬੀ ਗੁਣਾਂ ਨੂੰ ਨਹੀਂ ਮੰਨਦੇ। ਪਾਖੰਡੀ ਲੋਕ ਪਾਲਾ-ਕੱਕਰ ਭੰਨ ਕੇ ਠੰਢਾ ਪਾਣੀ
ਸਹਾਰ ਅਤੇ ਬਰਫ਼ ਵਰਗੇ ਠੰਢੇ ਪਾਣੀ ਵਿੱਚ ਬੈਠ ਕੇ ਜਲਧਾਰਾ ਕਰਦੇ ਹਨ ਪਰ ਰੱਬੀ ਹੁਕਮਾਂ ਨੂੰ ਨਹੀਂ
ਮੰਨਦੇ । ਪਾਖੰਡੀ, ਜੋਗੀ ਆਦਿ ਪਿੰਡੇ ਉੱਤੇ ਸੁਆਹ ਮਲ ਲੈਂਦੇ ਹਨ ਅਤੇ ਪਿੰਡੇ ਦੀ ਮੈਲ ਨੂੰ ਕਦੇ
ਸਾਫ਼ ਨਹੀਂ ਕਰਦੇ ਭਾਵ ਇਸ਼ਨਾਨ ਨਹੀਂ ਕਰਦੇ ਅਤੇ ਰੱਬੀ ਗੁਣਾਂ ਨੂੰ ਨਹੀਂ ਮੰਨਦੇ।ਬਹੁਤੇ ਪਾਖੰਡੀ
ਔਖੀਆਂ ਡਰਾਉਣੀਆਂ ਜਟਾਂ ਵਧਾ ਕੇ ਫ਼ਕੀਰ ਬਣ ਜਾਂਦੇ ਹਨ ਅਤੇ ਆਪਣੀ ਕੁਲ ਅਤੇ ਆਪਣਾ ਘਰ ਗਵਾ ਲੈਂਦੇ
ਹਨ ਪ੍ਰੰਤੂ ਰੱਬੀ ਗੁਣਾਂ ਵਿੱਚ ਨਹੀਂ ਆਉਂਦੇ।ਹੋਰ ਪਾਖੰਡੀ ਲੋਕ ਦਿਨ ਰਾਤ ਨੰਗੇ ਫਿਰਦੇ ਹਨ, ਸੌਂਦੇ
ਭੀ ਨਹੀਂ; ਕਈ ਧੂਣੀਆਂ ਤਪਾ ਕੇ ਅੱਗ ਨਾਲ ਆਪਣਾ ਸਰੀਰ ਸਾੜ ਕੇ ਖ਼ੁਆਰ ਹੁੰਦੇ ਹਨ ਪਰ ਰੱਬੀ ਹੁਕਮਾਂ
ਨੂੰ ਨਹੀਂ ਮੰਨਦੇ । ਇਨ੍ਹਾਂ ਪਖੰਡੀਆਂ ਨੇ ਪ੍ਰਭੂ ਦੇ ਨਾਮ ਅਤੇ ਉਸ ਦੇ ਹੁਕਮਾਂ ਤੋਂ ਵਾਂਜੇ ਰਹਿ
ਕੇ ਆਪਣਾ ਜੀਵਨ ਵਿਅਰਥ ਗਵਾ ਲਿਆ ਹੈ। ਹੁਣ ਉਹ ਕੀ ਆਖ ਕੇ ਪਛਤਾਉਣ? ਇਸ ਲਈ ਪ੍ਰਭੂ ਦੇ ਨਾਮ-ਸਿਮਰਨ
ਦਾ ਮੌਕਾ ਗਵਾ ਅਤੇ ਪਾਖੰਡ ਕਰਕੇ ਹੁਣ ਪਛੁਤਾਉਣ ਦਾ ਕੋਈ ਲਾਭ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ
ਹਨ ਕਿ ਕੇਵਲ ਉਹ ਜੀਵ ਹੀ ਮਾਲਕ-ਪ੍ਰਭੂ ਦੀ ਹਜ਼ੂਰੀ ਵਿੱਚ ਸ਼ੋਭਦੇ ਹਨ ਜੋ ਗੁਰੂ ਦੇ ਹੁਕਮ ਵਿੱਚ
ਰਹਿੰਦੇ ਹਨ
੨. ਮਃ ੧
॥
ਲਿਖਿ ਲਿਖਿ ਪੜਿਆ ॥
ਤੇਤਾ ਕੜਿਆ ॥
ਬਹੁ ਤੀਰਥ ਭਵਿਆ ॥
ਤੇਤੋ ਲਵਿਆ ॥
ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥
ਸਹੁ ਵੇ ਜੀਆ ਅਪਣਾ ਕੀਆ ॥
ਅੰਨੁ ਨ ਖਾਇਆ ਸਾਦੁ ਗਵਾਇਆ ॥
ਬਹੁ ਦੁਖੁ ਪਾਇਆ ਦੂਜਾ ਭਾਇਆ ॥
ਬਸਤ੍ਰ ਨ ਪਹਿਰੈ ॥
ਅਹਿਨਿਸਿ ਕਹਰੈ ॥
ਮੋਨਿ ਵਿਗੂਤਾ ॥
ਕਿਉ ਜਾਗੈ ਗੁਰ ਬਿਨੁ ਸੂਤਾ ॥
ਪਗ ਉਪੇਤਾਣਾ ॥
ਅਪਣਾ ਕੀਆ ਕਮਾਣਾ ॥
ਅਲੁ ਮਲੁ ਖਾਈ ਸਿਰਿ ਛਾਈ ਪਾਈ ॥
ਮੂਰਖਿ ਅੰਧੈ ਪਤਿ ਗਵਾਈ ॥
ਵਿਣੁ ਨਾਵੈ ਕਿਛੁ ਥਾਇ ਨ ਪਾਈ ॥
ਰਹੈ ਬੇਬਾਣੀ ਮੜੀ ਮਸਾਣੀ ॥
ਅੰਧੁ ਨ ਜਾਣੈ ਫਿਰਿ ਪਛੁਤਾਣੀ ॥
ਸਤਿਗੁਰੁ ਭੇਟੇ ਸੋ ਸੁਖੁ ਪਾਏ ॥
ਹਰਿ ਕਾ ਨਾਮੁ ਮੰਨਿ ਵਸਾਏ ॥
ਨਾਨਕ ਨਦਰਿ ਕਰੇ ਸੋ ਪਾਏ ॥
ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥੨॥ ਪੰਨਾਂ ੪੬੭
ਅਰਥ: ਗੁਰੂ-ਹੁਕਮਾਂ ਤੋਂ ਬਗੈਰ, ਝੂਠੇ ਕਰਮ-ਕਾਂਡਾਂ ਦੀਆਂ ਪ੍ਰਾਪਤੀਆਂ
ਵਾਰੇ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ;
ਜਿਨ੍ਹਾਂ ਕੋਈ ਜੀਵਵ ਕੋਈ ਵਿੱਦਿਆ ਲਿਖਣੀ ਪੜ੍ਹਨੀ ਜਾਣਦਾ ਹੈ, ਉਨ੍ਹਾਂ ਹੀ ਉਸ ਨੂੰ ਆਪਣੀ ਵਿੱਦਿਆ
ਦਾ ਮਾਣ ਹੋ ਜਾਂਦਾ ਹੈ ਇਹ ਜ਼ਰੂਰੀ ਨਹੀਂ ਕਿ ਰੱਬ ਦੇ ਦਰ ਤੇ ਪ੍ਰਵਾਨ ਹੋਣ ਲਈ ਵਿੱਦਿਆ ਦੀ ਲੋੜ ਹੈ,
ਹਾਂ ਸਿਆਣਪ ਦੀ ਜ਼ਰੂਰਤ ਹੈ; ਜਿਨ੍ਹਾਂ ਹੀ ਕੋਈ ਬਹੁਤੇ ਤੀਰਥਾਂ ਦੀ ਯਾਤ੍ਰਾ ਕਰਦਾ ਹੈ, ਉਨ੍ਹਾਂ ਹੀ
ਉਹ ਥਾਂ ਥਾਂ ਤੇ ਦੱਸਦਾ ਫਿਰਦਾ ਹੈ ਕਿ ਮੈਂ ਫਲਾਣੇ ਤੀਰਥ ਤੇ ਇਸ਼ਨਾਨ ਕਰ ਆਇਆ ਹਾਂ। ਇਸ ਲਈ
ਤੀਰਥ-ਯਾਤ੍ਰਾ ਭੀ ਹੰਕਾਰ ਦਾ ਹੀ ਕਾਰਨ ਬਣਦੀ ਹੈ।
ਕਿਸੇ ਨੇ ਲੋਕਾਂ ਨੂੰ ਪਤਿਆਉਣ ਲਈ, ਧਰਮਕ ਚਿਨ੍ਹ ਲਾਏ ਹੋਏ ਹਨ ਅਤੇ ਕੋਈ ਆਪਣੇ ਸਰੀਰ ਨੂੰ ਕਸ਼ਟ ਦੇ
ਰਿਹਾ ਹੈ, ਉਸ ਨੂੰ ਭੀ ਇਹ ਹੀ ਕਹਿਣਾ ਠੀਕ ਜਾਪਦਾ ਹੈ ਕਿ ਹੇ ਭਾਈ! ਆਪਣੇ ਕੀਤੇ ਦਾ ਦੁੱਖ ਹੀ ਸਹਾਰ
ਭਾਵ ਧਾਰਮਕ ਭੇਖ ਧਾਰਨ ਕਰਕੇ ਆਪਣੇ ਸਰੀਰ ਨੂੰ ਦੁੱਖ ਦੇਣੇ ਭੀ ਰੱਬ ਦੇ ਦਰ ਤੇ ਕਬੂਲ ਨਹੀਂ ਹੁੰਦੇ।
ਇਸੇ ਤਰ੍ਹਾਂ ਜਿਸ ਨੇ ਅੰਨ ਛੱਡਿਆ ਹੋਇਆ ਹੈ ਪਰ ਪ੍ਰਭੂ ਦਾ ਸਿਮਰਨ ਤਾਂ ਨਹੀਂ ਕਰਦਾ, ਸਿਮਰਨ ਤਿਆਗ
ਕੇ ਉਸ ਨੂੰ ਇਹ ਹੋਰ ਹੀ ਪਾਖੰਡ ਵਿੱਚ ਲੱਗਾ ਹੋਇਆ ਹੈ। ਉਸ ਨੇ ਭੀ ਆਪਣੀ ਜ਼ਿੰਦਗੀ ਦੁਖੀ ਬਣਾਈ ਹੋਈ
ਹੈ ਅਤੇ ਦੁੱਖ ਸਹਾਰ ਰਿਹਾ ਹੈ। ਪਾਖੰਡੀ ਕੱਪੜੇ ਨਾ ਪਾ ਕੇ ਦਿਨ ਰਾਤ ਔਖਾ ਹੋ ਰਿਹਾ ਹੈ। ਮੋਨੀ
ਚੁੱਪ ਵੱਟ ਕੇ ਰੱਬ ਅਸਲੀ ਰਾਹ ਤੋਂ ਖੁੰਝ ਗਿਆ ਹੈ ਅਤੇ ਮਾਇਆ ਦੀ ਨੀਂਦ ਵਿੱਚ ਸੁੱਤਾ ਹੋਇਆ ਪਾਖੰਡੀ
ਜੀਵ ਗੁਰੂ ਤੋਂ ਬਿਨ੍ਹਾਂ ਕਿਵੇਂ ਜਾਗ ਸਕਦਾ ਹੈ ? ਭਾਵ ਨਹੀਂ ਜਾਗ ਸਕਦਾ।
ਜੋ ਜੀਵ ਪੈਰਾਂ ਤੋਂ ਨੰਗਾ ਫਿਰਦਾ ਹੈ ਉਹ ਆਪਣੀ ਕੀਤੀ ਇਸ ਭੁੱਲ ਦਾ ਦੁੱਖ ਸਹਿ ਰਿਹਾ ਹੈ। ਜੂਠਾ ਖਾ
ਕੇ ਜੀਵ ਨੇ ਆਪਣੇ ਸਿਰ ਵਿੱਚ ਸੁਆਹ ਪਾਈ ਹੋਈ ਹੈ, ਅਗਿਆਨੀ ਅਤੇ ਮੂਰਖ ਜੀਵ ਨੇ ਇਸ ਤਰ੍ਹਾਂ ਆਪਣੀ
ਇਜ਼ਤ ਗਵਾ ਲਈ ਹੈ। ਪ੍ਰਭੂ ਦੇ ਨਾਮ ਤੋਂ ਬਿਨ੍ਹਾਂ ਹੋਰ ਕੋਈ ਉੱਦਮ ਪ੍ਰਵਾਨ ਨਹੀਂ ਹੈ।
ਅੰਨ੍ਹਾ-ਮੂਰਖ ਜੀਵ ਉਜਾੜਾਂ, ਮੜ੍ਹੀਆਂ ਅਤੇ ਮਸਾਣਾਂ ਵਿੱਚ ਰਹਿੰਦਾ ਹੈ, ਰੱਬ ਵਾਲਾ ਰਸਤਾ ਉਹ ਨਹੀਂ
ਸਮਝਦਾ ਅਤੇ ਸਮਾਂ ਲੰਘਣ ਤੇ ਪਛਤਾਉਂਦਾ ਹੈ।
ਜਿਸ ਜੀਵ ਨੂੰ ਗੁਰੂ ਮਿਲ ਗਿਆ ਹੈ ਉਹ ਜੀਵ ਹੀ ਜੀਵਨ ਦਾ ਅਸਲੀ ਸੁਖ ਮਾਣਦਾ ਹੈ ਅਤੇ ਉਹ ਵਡਭਾਗੀ
ਰੱਬ ਦਾ ਨਾਮ ਆਪਣੇ ਹਿਰਦੇ ਵਿੱਚ ਟਿਕਾਉਦਾ ਹੈ।
ਹੇ ਨਾਨਕ ! ਗੁਰੂ ਭੀ ਉਸੇ ਜੀਵ ਨੂੰ ਹੀ ਮਿਲਦਾ ਹੈ ਜਿਸ ਉੱਤੇ ਦਾਤਾਰ ਆਪ ਮਿਹਰ ਦੀ ਨਜ਼ਰ ਕਰਦਾ ਹੈ।
ਉਸ ਸੰਸਾਰ ਦੀਆਂ ਆਸਾਂ ਅਤੇ ਫ਼ਿਕਰਾਂ ਤੋਂ ਨਿਰਲੇਪ ਹੋ ਕੇ ਗੁਰੂ ਦੇ ਸ਼ਬਦ ਭਾਵ ਸਿਖਿਆ ਦੁਆਰਾ ਆਪਣੀ
ਹਉਮੈ ਨੂੰ ਸਾੜ ਦਿੰਦਾ ਹੈ।
ਭਾਈ ਗੁਰਦਾਸ ਜੀ
੧. ਸਿਰ ਤਲਵਾਏ ਪਾਈਐ ਚਮਗਿਦੜ ਜੂਹੈ॥
ਮੜੀ ਮਸਾਣੀ ਜੇ ਮਿਲੈ ਵਿਚਿ ਖੁਡਾਂ ਚੂਹੈ॥
ਮਿਲੈ ਨ ਵਡੀ ਆਰਜਾ ਬਿਸੀਅਰੁ ਵਿਹੁ ਲੂਹੈ॥
ਹੋਇ ਕੁਚੀਲੁ ਵਰਤੀਐ ਖਰ ਸੂਰ ਭਸੂਹੇ॥
ਕੰਦ ਮੂਲ ਚਿਤ ਲਾਈਐ ਅਈਅੜ ਵਣੁ ਧੂਹੇ॥
ਵਿਣੁ ਗੁਰ ਮੁਕਤਿ ਨ ਹੋਵਈ ਜਿਉਂ ਘਰੁ ਵਿਣੁ ਬੂਹੇ ॥੧੩
॥
ਵਾਰ ੩੬
੨. ਮਿਲੈ ਜਿ ਤੀਰਥਿ ਨਾਤਿਆਂ ਡਡਾਂ ਜਲ ਵਾਸੀ॥
ਵਾਲ ਵਧਾਇਆਂ ਪਾਈਐ ਬੜ ਜਟਾਂ ਪਲਾਸੀ॥
ਨੰਗੇ ਰਹਿਆਂ ਜੇ ਮਿਲੈ ਵਣਿ ਮਿਰਗ ਉਦਾਸੀ॥
ਭਸਮ ਲਾਇ ਜੇ ਪਾਈਐ ਖਰੁ ਖੇਹ ਨਿਵਾਸੀ॥
ਜੇ ਪਾਈਐ ਚੁਪ ਕੀਤਿਆਂ ਪਸੂਆਂ ਜੜ ਹਾਸੀ॥
ਵਿਣੁ ਗੁਰ ਮੁਕਤਿ ਨ ਹੋਵਈ ਗੁਰ ਮਿਲੈ ਖਲਾਸੀ ॥੧੪॥ ਵਾਰ ੩੬
ਭਗਤ ਕਬੀਰ ਜੀ
੧. ਆਸਾ ॥
ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ ॥
ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ ॥੧॥
ਪੂਜਹੁ ਰਾਮੁ ਏਕੁ ਹੀ ਦੇਵਾ ॥
ਸਾਚਾ ਨਾਵਣੁ ਗੁਰ ਕੀ ਸੇਵਾ ॥੧॥ ਰਹਾਉ ॥
ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥
ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥੨॥
ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ ॥
ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ ॥੩॥
ਦਿਨਸੁ ਨ ਰੈਨਿ ਬੇਦੁ ਨਹੀ ਸਾਸਤ੍ਰ ਤਹਾ ਬਸੈ ਨਿਰੰਕਾਰਾ ॥
ਕਹਿ ਕਬੀਰ ਨਰ ਤਿਸਹਿ ਧਿਆਵਹੁ ਬਾਵਰਿਆ ਸੰਸਾਰਾ ॥੪॥ ਪੰਨਾਂ ੪੮੪
ਅਰਥ: ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਅਸਲ ਤੀਰਥ-ਇਸ਼ਨਾਨ ਹੈ।
ਇਸ ਲਈ ਇਕ ਪ੍ਰਮਾਤਮਾ ਦਾ ਹੀ ਭਜਨ ਕਰੋ।੧।ਰਹਾਉ।
ਜੇ ਮਨ ਵਿੱਚ ਵਿਕਾਰਾਂ ਦੀ ਮੈਲ ਭੀ ਟਿਕੀ ਰਹੇ ਅਤੇ ਜੀਵ ਤੀਰਥਾਂ ਉੱਤੇ ਨ੍ਹਾਉਂਦਾ ਫਿਰੇ, ਇਸ
ਤਰ੍ਹਾਂ ਉਹ ਸੁਰਗ ਵਿੱਚ ਨਹੀਂ ਅੱਪੜ ਸਕਦਾ। ਤੀਰਥਾਂ ਉੱਤੇ ਨ੍ਹਾਤਿਆਂ ਲੋਕ ਤਾਂ ਕਹਿਣ ਲੱਗ ਪੈਣਗੇ
ਕਿ ਇਹ ਭਗਤ ਹੈ, ਪਰ ਲੋਕਾਂ ਦੇ ਪਤੀਜਿਆਂ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਪ੍ਰਮਾਤਮਾ ਜੋ ਹਰੇਕ ਦੇ
ਦਿਲ ਦੀ ਜਾਣਦਾ ਹੈ ਅੰਞਾਣਾ ਨਹੀਂ ਹੈ।
ਪਾਣੀ ਵਿੱਚ ਚੁੱਭੀਆਂ ਲਾਉਣ ਨਾਲ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਪਾਣੀ ਵਿੱਚ
ਨ੍ਹਾਉਂਦੇ ਰਹਿੰਦੇ ਹਨ। ਜਿਵੇਂ ਉਹ ਡੱਡੂ ਹਨ ਤਿਵੇਂ ਉਹ ਮਨੁੱਖ ਸਮਝੋ; ਪਰ ਨਾਮ ਤੋਂ ਬਿਨ੍ਹਾਂ ਉਹ
ਸਦਾ ਆਤਮਿਕ ਤੌਰ ਤੇ ਡੋਲਦੇ ਰਹਿੰਦੇ ਹਨ।
ਮਨੋਂ ਕਠੋਰ ਕਿਸੇ ਜੀਵ ਦੇ ਕਾਂਸ਼ੀ ਵਿੱਚ ਸਰੀਰ ਤਿਆਗਣ ਨਾਲ ਉਸ ਜੀਵ ਦਾ ਨਰਕ ਵਿੱਚ ਜਾਣਾ ਛੁੱਟ
ਨਹੀਂ ਸਕਦਾ। ਦੂਜੇ ਪਾਸੇ ਜੇ ਪ੍ਰਮਾਤਮਾ ਦਾ ਭਗਤ ਮਗਹਰ ਦੀ ਸ੍ਰਾਪੀ ਹੋਈ ਧਰਤੀ ਤੇ ਭੀ ਮਰ ਜਾਵੇ,
ਤਾਂ ਉਹ ਹੋਰ ਲੋਕਾਂ ਨੂੰ ਭੀ ਤਾਰ ਲੈਂਦਾ ਹੈ।
ਭਗਤ ਕਬੀਰ ਆਖਦੇ ਹਨ ਕਿ ਹੇ ਲੋਕੋ! ਹੇ ਕਮਲੇ ਲੋਕੋ! ਕੇਵਲ ਪ੍ਰਮਾਤਮਾ ਦਾ ਹੀ ਸਿਮਰ ਕਰੋ।
ਪ੍ਰਮਾਤਮਾ ਉੱਥੇ ਵੱਸਦਾ ਹੈ ਜਿੱਥੇ ਦਿਨ ਅਤੇ ਰਾਤ ਨਹੀਂ, ਜਿੱਥੇ ਵੇਦ ਨਹੀਂ, ਜਿੱਥੇ ਸ਼ਾਸਤ੍ਰ ਨਹੀਂ
ਭਾਵ ਪ੍ਰਭੂ ਉਸ ਆਤਮਕ ਅਵਸਥਾ ਵਿੱਚ ਮਿਲਦਾ ਹੈ, ਜਿਹੜੀ ਕਿਸੇ ਖ਼ਾਸ ਸਮੇ ਅਤੇ ਖ਼ਾਸ ਧਰਮ-ਪੁਸਤਕ ਦੀ
ਮੁਥਾਜ ਨਹੀਂ।
੨. ੴ ਸਤਿਗੁਰ ਪ੍ਰਸਾਦਿ
॥
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧
ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥
ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ ॥੧॥
ਮਨ ਰੇ ਸੰਸਾਰੁ ਅੰਧ ਗਹੇਰਾ ॥
ਚਹੁ ਦਿਸ ਪਸਰਿਓ ਹੈ ਜਮ ਜੇਵਰਾ ॥੧॥ ਰਹਾਉ ॥
ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ ॥
ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਨ ਪਾਈ ॥੨॥
ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ ॥
ਬੇਦ ਪੜੇ ਪੜਿ ਪੰਡਿਤ ਮੂਏ ਰੂਪੁ ਦੇਖਿ ਦੇਖਿ ਨਾਰੀ ॥੩॥
ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ ॥
ਹਰਿ ਕੇ ਨਾਮ ਬਿਨੁ ਕਿਨਿ ਗਤਿ ਪਾਈ ਕਹਿ ਉਪਦੇਸੁ ਕਬੀਰਾ ॥੪॥ ਪੰਨਾਂ ੬੫੪
ਅਰਥ: ਹੇ ਮੇਰੇ ਮਨ! ਲੋਕ ਉਹ ਕ੍ਰਮ-ਕਾਂਡ ਹੀ ਕਰ ਰਹੇ ਹਨ ਜਿਨ੍ਹਾਂ
ਨਾਲ ਅਗਿਆਨਤਾ ਹੋਰ ਵਧਦੀ ਹੈ ਅਤੇ ਚੌਹੀਂ ਪਾਸੀਂ ਜਮਾਂ ਦੀ ਫਾਹੀ ਖਿਲਰਦੀ ਜਾਂਦੀ ਹੈ।੧। ਰਹਾਉ।
ਹਿੰਦੂ ਲੋਕ ਬੁਤਾਂ ਦੀ ਪੂਜਾ ਕਰ ਕਰ ਕੇ ਖ਼ੁਆਰ ਹੋ ਰਹੇ ਹਨ, ਮੁਸਲਮਾਨ ਰੱਬ ਨੂੰ ਕੇਵਲ ਮੱਕੇ ਵਿੱਚ
ਹੀ ਸਮਝ ਕੇ ਉਧਰ ਸਿਜਦੇ ਕਰ ਰਹੇ ਹਨ। ਹਿੰਦੂਆਂ ਨੇ ਆਪਣੇ ਮੁਰਦੇ ਸਾੜਦੇ ਹਨ ਅਤੇ ਮੁਸਲਮਾਨਾਂ ਦੇ
ਦੱਬਦੇ ਹਨ। ਉਹ ਆਪਸ ਵਿੱਚ ਹੀ ਝਗੜਦੇ ਰਹਿੰਦੇ ਹਨ ਕਿ ਸੱਚਾ ਕੌਣ ਹੈ। ਹੇ ਪ੍ਰਭੂ! ਤੂੰ ਕਿਹੋ ਜਿਹਾ
ਹੈਂ? ਇਸ ਦੀ ਸਮਝ ਉਨ੍ਹਾਂ ਨੂੰ ਨਾ ਲੱਗੀ। ਕਵੀ ਲੋਕ ਆਪੋ ਆਪਣੀ ਕਾਵ-ਰਚਨਾ ਪੜ੍ਹਨ ਭਾਵ ਵਿੱਦਿਆ ਦੇ
ਮਾਣ ਵਿੱਚ ਹੀ ਮਸਤ ਹਨ। ਕਾਪੜੀ ਆਦਿ ਸਾਧੂ ਕੇਦਾਰਾ ਆਦਿ ਤੀਰਥਾਂ ਤੇ ਜਾ ਕੇ ਜੀਵਨ ਵਿਅਰਥ ਗਵਾਉਂਦੇ
ਹਨ। ਜੋਗੀ ਲੋਕ ਜਟਾ ਰੱਖ ਰੱਖ ਕੇ ਹੀ ਇਹ ਸਮਝਦੇ ਹਨ ਕਿ ਇਹ ਹੀ ਰਾਹ ਠੀਕ ਹੈ। ਹੇ ਪ੍ਰਭੂ! ਤੇਰੇ
ਬਾਰੇ ਇਨ੍ਹਾਂ ਲੋਕਾਂ ਨੂੰ ਭੀ ਕੋਈ ਸਮਝ ਨਾ ਆਈ। ਰਾਜੀਆਂ ਨੇ ਧਨ ਜੋੜ-ਜੋੜ ਕੇ ਅਤੇ ਸੋਨੇ ਆਦਿ ਦੇ
ਖ਼ਜ਼ਾਨੇ ਧਰਤੀ ਵਿੱਚ ਦੱਬ–ਦੱਬ ਕੇ ਉਮਰ ਗਵਾ ਲਈ।
ਪੰਡਿਤ ਲੋਕ ਵੇਦ-ਪਾਠੀ ਹੋਣ ਦੇ ਹੰਕਾਰ ਵਿੱਚ ਅਤੇ ਇਸਤ੍ਰੀਆਂ ਸ਼ੀਸ਼ੇ ਵਿੱਚ ਆਪਣੇ ਰੂਪ ਦੇਖਣ ਵਿੱਚ
ਹੀ ਜ਼ਿੰਦਗੀ ਅਜਾਈਂ ਬਿਤਾ ਰਹੀਆਂ ਹਨ। ਹੇ ਲੋਕੋ! ਆਪਣੇ ਅੰਦਰ ਝਾਤ ਮਾਰ ਕੇ ਵੇਖ ਲਵੋ, ਪ੍ਰਮਾਤਮਾ
ਦਾ ਸਿਮਰਨ ਕਰਨ ਤੋਂ ਬਿਨ੍ਹਾਂ ਜੀਵ ਇਹ ਪਾਖੰਡ ਕਰ-ਕਰ ਕੇ ਖ਼ੁਆਰ ਹੋ ਰਹੇ ਹਨ। ਭਗਤ ਕਬੀਰ ਆਖਦੇ ਹਨ
ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨ੍ਹਾਂ ਕਿਸੇ ਨੂੰ ਵੀ ਆਤਮਿਕ ਜੀਵਨ ਵਿੱਚ ਸਫਲਤਾ ਨਹੀਂ ਮਿਲਦੀ।
ਭਗਤ ਨਾਮ ਦੇਉ ਜੀ: ਮੈਂ ਕਿਸੇ ਪੱਥਰ ਨੂੰ ਦੇਵਤਾ ਨਹੀਂ ਮੰਨਦਾ ਅਤੇ ਉਸ
ਦੀ ਪੂਜਾ ਨਹੀਂ ਕਰਦਾ।
੧. ੴ ਸਤਿਗੁਰ ਪ੍ਰਸਾਦਿ ॥
ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ ੧
ਜੌ ਰਾਜੁ ਦੇਹਿ ਤ ਕਵਨ ਬਡਾਈ ॥
ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ ॥੧॥
ਤੂੰ ਹਰਿ ਭਜੁ ਮਨ ਮੇਰੇ ਪਦੁ ਨਿਰਬਾਨੁ ॥
ਬਹੁਰਿ ਨ ਹੋਇ ਤੇਰਾ ਆਵਨ ਜਾਨੁ ॥੧॥ ਰਹਾਉ ॥
ਸਭ ਤੈ ਉਪਾਈ ਭਰਮ ਭੁਲਾਈ ॥
ਜਿਸ ਤੂੰ ਦੇਵਹਿ ਤਿਸਹਿ ਬੁਝਾਈ ॥੨॥
ਸਤਿਗੁਰੁ ਮਿਲੈ ਤ ਸਹਸਾ ਜਾਈ ॥
ਕਿਸੁ ਹਉ ਪੂਜਉ ਦੂਜਾ ਨਦਰਿ ਨ ਆਈ ॥੩॥
ਏਕੈ ਪਾਥਰ ਕੀਜੈ ਭਾਉ ॥
ਦੂਜੈ ਪਾਥਰ ਧਰੀਐ ਪਾਉ ॥
ਜੇ ਓਹੁ ਦੇਉ ਤ ਓਹੁ ਭੀ ਦੇਵਾ ॥
ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥੪॥ ਪੰਨਾਂ ੫੨੫
ਅਰਥ: ਸੁਖ ਮੰਗਣ ਅਤੇ ਦੁੱਖਾਂ ਤੋਂ ਬਚਣ ਲਈ, ਅੰਞਾਣ ਲੋਕ ਆਪਣੇ ਹੀ
ਹੱਥੀਂ ਪੱਥਰਾਂ ਤੋਂ ਘੜੇ ਹੋਏ ਦੇਵੀ-ਦੇਵਤਿਆਂ ਅੱਗੇ ਨੱਕ ਰਗੜਦੇ ਰਹਿੰਦੇ ਹਨ। ਪਰ ਹੇ ਮੇਰੇ ਮਨ!
ਤੂੰ ਇੱਕ ਪ੍ਰਭੂ ਨੂੰ ਸਿਮਰ; ਉਹ ਹੀ ਤੈਨੂੰ ਵਾਸ਼ਨਾ-ਰਹਿਤ ਅਵਸਥਾ ਦੇਣ ਵਾਲਾ ਹੈ। ਪ੍ਰਭੂ ਦਾ ਸਿਮਰਨ
ਕਰਨ ਨਾਲ ਤੇਰਾ ਆਤਮਿਕ ਮੌਤ ਮਿਟ ਜਾਵੇਗੀ।੧। ਰਹਾਉ। ਹੇ ਮੇਰੇ ਮਨ! ਇੱਕ ਪ੍ਰਭੂ ਦੇ ਦਰ ਆਖ ਕਿ ਹੇ
ਪ੍ਰਭੂ! ਜੇ ਤੂੰ ਮੈਨੂੰ ਰਾਜ ਭੀ ਦੇ ਦੇਵੇਂ ਤਾਂ ਮੈਂ ਵੱਡਾ ਨਹੀਂ ਹੋ ਜਾਵਾਂਗਾ ਅਤੇ ਜੇ ਤੂੰ
ਮੈਨੂੰ ਕੰਗਾਲ ਕਰ ਦੇਵੇਂ ਤਾਂ ਮੇਰਾ ਕੁੱਝ ਘਟ ਨਹੀਂ ਜਾਣਾ। ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਤੂੰ ਆਪ
ਹੀ ਪੈਦਾ ਕੀਤੀ ਹੈ ਅਤੇ ਭਰਮਾਂ ਦੇ ਕੁਰਾਹੇ ਪਾਈ ਹੋਈ ਹੈ। ਜਿਸ ਜੀਵ ਨੂੰ ਤੂੰ ਆਪ ਮੱਤ ਦੇਂਦਾ ਹੈਂ
ਉਸ ਨੂੰ ਹੀ ਤੇਰੀ ਮੱਤ ਆਉਂਦੀ ਹੈ। ਜਿਸ ਭਾਗਾਂ ਵਾਲੇ ਜੀਵ ਨੂੰ ਸਤਿਗੁਰੂ ਮਿਲ ਜਾਵੇ ਤਾਂ ਉਸ ਜੀਵ
ਦੀ ਘਬਰਾਹਟ ਦੂਰ ਹੋ ਜਾਂਦੀ ਹੈ ਅਤੇ ਉਹ ਆਪਣੇ ਹੀ ਬਣਾਏ ਹੋਏ ਦੇਵਤਿਆਂ ਅੱਗੇ ਨੱਕ ਨਹੀਂ ਰਗੜਦਾ।
ਗੁਰੂ ਨੇ ਮੈਨੂੰ ਇਹ ਸੂਝ ਬਖ਼ਸ਼ ਦਿੱਤੀ ਹੈ ਕਿ ਪ੍ਰਭੂ ਤੋਂ ਬਗੈਰ ਮੈਨੂੰ ਕੋਈ ਹੋਰ ਦੁੱਖ-ਸੁਖ ਦੇਣ
ਵਾਲਾ ਨਹੀਂ ਹੈ। ਇਸ ਲਈ ਮੈਂ ਕਿਸੇ ਹੋਰ ਦੇਵੀ-ਦੇਵਤੇ ਆਦਿ ਦੀ ਪੂਜਾ ਨਹੀਂ ਕਰਦਾ। ਦੇਖੋ ਅਜੀਬ
ਗੱਲ; ਜੀਵ ਇੱਕ ਪੱਥਰ ਨੂੰ ਦੇਵਤਾ ਬਣਾ ਕੇ ਉਸ ਨਾਲ ਪਿਆਰ ਕਰਦਾ ਹੈ ਅਤੇ ਦੂਜੇ ਪੱਥਰਾਂ ਦੇ ਉੱਤੇ
ਤੁਰਿਆ ਫਿਰਦਾ ਹੈ। ਜੇ ਘੜਿਆ ਹੋਇਆ ਉਹ ਪੱਥਰ, ਜਿਸ ਦੀ ਜੀਵ ਪੂਜਾ ਕਰਦਾ ਹੈ; ਦੇਵਤਾ ਹੈ ਤਾਂ ਦੂਜਾ
ਪੱਥਰ ਭੀ ਦੇਵਤਾ ਹੋਣਾ ਚਾਹੀਦਾ ਹੈ। ਫਿਰ ਦੂਜੇ ਪੱਥਰ ਨੂੰ ਪੈਰਾਂ ਥੱਲੇ ਕਿਉਂ ਲਤਾੜਦਾ ਹੈਂ? ਭਗਤ
ਨਾਮਦੇਉ ਆਖਦੇ ਹਨ ਮੈਂ ਕਿਸੇ ਪੱਥਰ ਨੂੰ ਦੇਵਤਾ ਨਹੀਂ ਮੰਨਦਾ ਅਤੇ ਉਸ ਦੀ ਪੂਜਾ ਕਰਨ ਨੂੰ ਤਿਆਰ
ਨਹੀਂ। ਮੈਂ ਤਾਂ ਕੇਵਲ ਪ੍ਰਮਾਤਮਾ ਦੀ ਹੀ ਬੰਦਗੀ ਕਰਦਾ ਹਾਂ।
੨. ਪ੍ਰਭੂ ਦਾ ਸਿਮਰਨ ਛੱਡ ਕੇ ਹੋਰ ਪਾਖੰਡ ਕਰਨ ਨਾਲ ਜੀਵ ਆਤਮਿਕ
ਤੌਰ ਤੇ ਠੱਗਿਆ ਜਾਂਦਾ ਹੈ;
ਆਸਾ ॥
ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ ॥
ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ ॥੧
॥
ਕਾਹੇ ਕਉ ਕੀਜੈ ਧਿਆਨੁ ਜਪੰਨਾ ॥
ਜਬ ਤੇ ਸੁਧੁ ਨਾਹੀ ਮਨੁ ਅਪਨਾ ॥੧॥ ਰਹਾਉ ॥
ਸਿੰਘਚ ਭੋਜਨੁ ਜੋ ਨਰੁ ਜਾਨੈ ॥
ਐਸੇ ਹੀ ਠਗਦੇਉ ਬਖਾਨੈ ॥੨॥
ਨਾਮੇ ਕੇ ਸੁਆਮੀ ਲਾਹਿ ਲੇ ਝਗਰਾ ॥
ਰਾਮ ਰਸਾਇਨ ਪੀਓ ਰੇ ਦਗਰਾ ॥੩॥ ਪੰਨਾਂ ੪੮੫
ਅਰਥ: ਹੇ ਭਾਈ ! ਜਦ ਤੱਕ ਸਾਡਾ ਆਪਣਾ ਮਨ ਅੰਦਰੋਂ ਪਵਿੱਤਰ ਨਹੀਂ ਹੈ, ਉਸ
ਵੇਲੇ ਤੱਕ ਸਮਾਧੀਆਂ ਲਾਉਣ ਜਾਂ ਜਾਪ ਕਰਨ ਦੇ ਪਾਖੰਡ ਦਾ ਕੋਈ ਲਾਭ ਨਹੀਂ ਹੈ।੧।ਰਹਾਉ। ਸੱਪ ਬਾਹਰੋਂ
ਕੁੰਜ ਲਾਹ ਦਿੰਦਾ ਹੈ ਪਰ ਅੰਦਰੋਂ ਜ਼ਹਿਰ ਨਹੀਂ ਛੱਡਦਾ। ਇਸੇ ਤਰ੍ਹਾਂ ਪਾਣੀ ਵਿੱਚ ਖੜ ਕੇ ਬਗਲਾ
ਸਮਾਧੀ ਤਾਂ ਲਾਉਂਦਾ ਹੈ ਪਰ ਉਸ ਦਾ ਧਿਆਨ ਮੱਛੀ ਨੂੰ ਫੜਨ ਵੱਲ ਹੁੰਦਾ ਹੈ। ਇਸ ਤਰ੍ਹਾਂ ਜੇ ਜੀਵ ਦੇ
ਅੰਦਰ ਤ੍ਰਿਸ਼ਨਾ ਹੈ ਤਾਂ ਬਾਹਰੋਂ ਧਾਰਮਿਕ ਭੇਖ ਬਣਾਉਣ ਨਾਲ ਜਾਂ ਅੱਖਾਂ ਮੀਟਣ ਨਾਲ ਕੋਈ ਆਤਮਕ ਲਾਭ
ਨਹੀਂ ਹੁੰਦਾ। ਜੋ ਜੀਵ ਜ਼ੁਲਮ ਕਰਕੇ ਰੋਜ਼ੀ ਕਮਾਉਦਾ ਹੈ ਅਤੇ ਬਾਹਰੋਂ ਅੱਖਾਂ ਮੀਟ ਕੇ ਸਮਾਧੀ ਲਾਈ
ਬੈਠਾ ਹੈ; ਸੰਸਾਰ ਐਸੇ ਬੰਦੇ ਨੂੰ ਵੱਡੇ ਠੱਗ ਆਖਦਾ ਹੈ। ਹੇ ਨਾਮਦੇਵ! ਤੇਰੇ ਮਾਲਕ ਪ੍ਰਭੂ ਨੇ ਮੇਰੇ
ਅੰਦਰੋਂ ਇਹ ਪਖੰਡ ਵਾਲਾ ਝਗੜਾ ਮੁਕਾ ਦਿੱਤਾ ਹੈ। ਹੇ ਕਠੋਰ ਮਨ ਵਾਲੇ ਜੀਵ ! ਪ੍ਰਮਾਤਮਾ ਦਾ
ਨਾਮ-ਅੰਮ੍ਰਿਤ ਪੀ ਅਤੇ ਪਖੰਡ ਕਰਨੇ ਛੱਡ ਦੇ।
੩. ਇਸ ਸ਼ਬਦ ਦਾ ਭਾਵ ਇਹ ਹੈ ਕਿ ਰੱਬ ਨੇ ਭਾਵੇਂ ਭਗਤ ਨਾਮ ਦੇਵ ਜੀ ਛੀਂਬਿਆਂ
ਦੇ ਘਰ ਪੈਦਾ ਹੋਏਪਰ ਸਤਿਗੁਰੂ ਦੇ ਉਪਦੇਸ਼ ਨਾਲ ਉਨ੍ਹਾਂ ਨੂੰ ਰੱਬ ਵੀ ਮਿਲ ਗਿਆ ਹੈ। ਇਸ ਲਈ ਝੂਠੀ
ਜਾਤ, ਮਾਇਆ ਆਦਿ ਦੇ ਅਭਿਮਾਨ ਅਤੇ ਪਾਖੰਡਾਂ ਤੋਂ ਤੋਬਾ ਕਰਨੀ ਚਾਹੀਦੀ ਹੈ।
ਆਸਾ ॥
ਪਾਰਬ੍ਰਹਮੁ ਜਿ ਚੀਨ੍ਹਸੀ ਆਸਾ ਤੇ ਨ ਭਾਵਸੀ ॥
ਰਾਮਾ ਭਗਤਹ ਚੇਤੀਅਲੇ ਅਚਿੰਤ ਮਨੁ ਰਾਖਸੀ ॥੧
॥
ਕੈਸੇ ਮਨ ਤਰਹਿਗਾ ਰੇ ਸੰਸਾਰੁ ਸਾਗਰੁ ਬਿਖੈ ਕੋ ਬਨਾ ॥
ਝੂਠੀ ਮਾਇਆ ਦੇਖਿ ਕੈ ਭੂਲਾ ਰੇ ਮਨਾ ॥੧॥ ਰਹਾਉ ॥
ਛੀਪੇ ਕੇ ਘਰਿ ਜਨਮੁ ਦੈਲਾ ਗੁਰ ਉਪਦੇਸੁ ਭੈਲਾ ॥
ਸੰਤਹ ਕੈ ਪਰਸਾਦਿ ਨਾਮਾ ਹਰਿ ਭੇਟੁਲਾ ॥੨॥ ਪੰਨਾਂ ੪੮੬
ਅਰਥ: ਹੇ ਮੇਰੇ ਮਨ! ਸੰਸਾਰ-ਸਮੁੰਦਰ ਤੋਂ ਕਿਵੇਂ ਪਾਰ ਲੰਘੇਂਗਾ? ਇਸ
ਸੰਸਾਰ-ਸਮੁੰਦਰ ਵਿੱਚ ਵਿਕਾਰਾਂ ਦਾ ਪਾਣੀ ਭਰਿਆ ਪਿਆ ਹੈ। ਹੇ ਮਨ! ਇਹ ਨਾਸ਼ਵੰਤ ਮਾਇਕ ਪਦਾਰਥ ਵੇਖ
ਕੇ ਤੂੰ ਪ੍ਰਮਾਤਮਾ ਵਲੋਂ ਖੁੰਝ ਗਿਆ ਹੈਂ।1। ਰਹਾਉ।
ਜੋ ਜੀਵ ਪ੍ਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦੇ ਹਨ ਅਤੇ ਜਿਨ੍ਹਾਂ ਨੇ ਕੇਵਲ ਪ੍ਰਭੂ ਨੂੰ ਸਿਮਰਿਆ
ਹੈ, ਪ੍ਰਭੂ ਉਨ੍ਹਾਂ ਦੇ ਮਨ ਨੂੰ ਚਿੰਤਾ ਤੋਂ ਬਚਾਈ ਰੱਖਦਾ ਹੈ। ਪ੍ਰਮਾਤਮਾ ਦੇ ਸਿਮਰਨ ਤੋਂ ਬਗੈਰ
ਉਨ੍ਹਾਂ ਜੀਵਾਂ ਨੂੰ ਹੋਰ ਪਾਖੰਡ ਚੰਗੇ ਨਹੀਂ ਲਗਦੇ।
ਭਗਤ ਨਾਮ ਦੇਵ ਜੀ ਕਹਿੰਦੇ ਹਨ ਕਿ ਮੈਨੂੰ ਭਾਵੇਂ ਛੀਂਬੇ ਦੇ ਘਰ ਜਨਮ ਦਿੱਤਾ, ਪਰ ਪ੍ਰਭੂ ਦੀ ਮਿਹਰ
ਨਾਲ ਉਨ੍ਹਾਂ ਨੂੰ ਸਤਿਗੁਰੂ ਦਾ ਉਪਦੇਸ਼ ਮਿਲ ਗਿਆ ਜਿਸ ਨਾਲ ਉਨ੍ਹਾਂ ਨੂੰ ਰੱਬ ਵੀ ਮਿਲ ਗਿਆ ਹੈ। ਇਸ
ਲਈ ਪਾਖੰਡਾਂ ਤੋਂ ਬਚੋ ਅਤੇ ਪ੍ਰਭੂ ਦਾ ਹੀ ਸਿਮਰਨ ਕਰਨਾ ਚਾਹੀਦਾ ਹੈ।
੪. ਹਰ ਥਾਂ ਤੇ ਵਿਆਪਕ ਹੋਣ ਕਰਕੇ ਰੱਬ ਦੀ ਪੂਜਾ ਹੋ ਹੀ ਨਹੀਂ ਸਕਦੀ।
ਪ੍ਰਭੂ ਦੇ ਨਾਮ ਹੀ ਸਿਮਰਨ ਨਾਲ ਹੀ ਜੀਵਨ ਸਫਲ ਹੋ ਸਕਦਾ ਹੈ;
ੴ ਸਤਿਗੁਰ ਪ੍ਰਸਾਦਿ ॥
ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ
ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥
ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ ॥੧
॥
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥
ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ॥੧॥ ਰਹਾਉ ॥
ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ ॥
ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ ॥੨॥
ਮਿਥਿਆ ਭਰਮੁ ਅਰੁ ਸੁਪਨ ਮਨੋਰਥ ਸਤਿ ਪਦਾਰਥੁ ਜਾਨਿਆ ॥
ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ ॥੩॥
ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ ॥
ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ ॥੪॥ ਪੰਨਾਂ ੪੮੫
ਅਰਥ: ਹਰ ਥਾਂ ਪ੍ਰਮਾਤਮਾ ਹੈ, ਹਰ ਥਾਂ ਪ੍ਰਮਾਤਮਾ ਹੈ, ਪ੍ਰਮਾਤਮਾ ਤੋਂ
ਸੱਖਣੀ ਕੋਈ ਥਾਂ ਨਹੀਂ; ਜਿਵੇਂ ਇੱਕ ਧਾਗਾ ਹੋਵੇ ਅਤੇ ਉਸ ਵਿੱਚ ਸੈਂਕੜੇ ਹਜ਼ਾਰਾਂ ਮਣਕੇ ਪ੍ਰੋਏ ਹੋਏ
ਹੋਣ ਉਸੇ ਤਰ੍ਹਾਂ ਸਭ ਜੀਵਾਂ ਵਿੱਚ ਪ੍ਰਮਾਤਮਾ ਦੀ ਹੀ ਜੀਵਨ-ਸੱਤਾ ਮਿਲੀ ਹੋਈ ਹੈ। ਭਾਵ ਜਿਵੇਂ
ਤਾਣੇ-ਪੇਟੇ ਵਿੱਚ ਧਾਗੇ ਮਿਲੇ ਹੋਣ ਤਿਵੇਂ ਹੀ ਪ੍ਰਮਾਤਮਾ ਸਭ ਵਿੱਚ ਮਿਲਿਆ ਹੋਇਆ ਹੈ।੧। ਰਹਾਉ।
ਇੱਕ ਪ੍ਰਮਾਤਮਾ ਅਨੇਕ ਰੂਪ ਧਾਰ ਕੇ ਹਰ ਥਾਂ ਮੌਜੂਦ ਅਤੇ ਭਰਪੂਰ ਹੈ; ਮੈਂ ਜਿੱਧਰ ਤੱਕਦਾ ਹਾਂ, ਉਹ
ਪ੍ਰਮਾਤਮਾ ਹੀ ਮੌਜੂਦ ਹੈ। ਪਰ ਇਸ ਭੇਤ ਨੂੰ ਕੋਈ ਵਿਰਲਾ ਬੰਦਾ ਹੀ ਸਮਝਦਾ ਹੈ, ਕਿਉਂਕਿ ਜੀਵ ਆਮ
ਤੌਰ ਤੇ ਮਾਇਆ ਦੇ ਰੰਗਾਂ ਅਤੇ ਰੂਪਾਂ ਵਿੱਚ ਚੰਗੀ ਤਰ੍ਹਾਂ ਮੋਹੇ ਹੋਏ ਹਨ।
ਜਿਵੇਂ ਪਾਣੀ ਦੀਆਂ ਠਿੱਲ੍ਹਾਂ, ਝੱਗ ਅਤੇ ਬੁਲਬੁਲੇ ਪਾਣੀ ਤੋਂ ਵੱਖਰੇ ਨਹੀਂ ਹੁੰਦੇ, ਉਸੇ ਤਰ੍ਹਾਂ
ਹੀ ਇਹ ਦਿੱਸਦਾ ਤਮਾਸ਼ਾ-ਰੂਪ ਜਗਤ ਪ੍ਰਮਾਤਮਾ ਦੀ ਰਚੀ ਹੋਈ ਖੇਡ ਹੈ, ਧਿਆਨ ਨਾਲ ਸੋਚਣ ਨਾਲ ਇਹ ਸਮਝ
ਆ ਜਾਂਦੀ ਹੈ ਕਿ ਪ੍ਰਮਾਤਮਾ ਸੰਸਾਰ ਤੋਂ ਵੱਖਰਾ ਨਹੀਂ ਹੈ।
ਇਹ ਪ੍ਰਪੰਚ ਵੇਖ ਕੇ ਜੀਵਾਂ ਵਿੱਚ ਗ਼ਲਤ ਖ਼ਿਆਲ ਬਣ ਗਿਆ ਹੈ ਕਿ ਪਦਾਰਥਾਂ ਦਾ ਸਾਡਾ ਸਾਥ ਪੱਕਾ ਨਿਭਣ
ਵਾਲਾ ਹੈ; ਪਰ ਇਹ ਪਦਾਰਥ ਇਸ ਹੀ ਹਨ ਜਿਵੇਂ ਸੁਪਨੇ ਵਿੱਚ ਵੇਖੇ ਹੋਏ ਪਦਾਰਥ; ਪਰ ਜੀਵਾਂ ਨੇ
ਇਨ੍ਹਾਂ ਨੂੰ ਸਦਾ ਆਪਣੇ ਨਾਲ ਟਿਕੇ ਰਹਿਣ ਵਾਲੇ ਸਮਝ ਲਿਆ ਹੈ। ਜਿਸ ਜੀਵ ਨੂੰ ਸਤਿਗੁਰੂ ਚੰਗੀ ਸਮਝ
ਬਖ਼ਸ਼ਦਾ ਹੈ ਉਹ ਇਸ ਵਹਿਮ ਵਿੱਚੋਂ ਜਾਗ ਪੈਂਦਾ ਹੈ ਅਤੇ ਉਸ ਦੇ ਮਨ ਨੂੰ ਤਸੱਲੀ ਆ ਜਾਂਦੀ ਹੈ ਕਿ
ਸਾਡਾ ਤੇ ਇਨ੍ਹਾਂ ਪਦਾਰਥਾਂ ਦਾ ਸਾਥ ਸਦਾ ਲਈ ਨਹੀਂ ਹੈ।
ਭਗਤ ਨਾਮਦੇਵ ਆਖਦੇ ਹਨ ਕਿ ਹੇ ਭਾਈ! ਆਪਣੇ ਹਿਰਦੇ ਵਿੱਚ ਵਿਚਾਰ ਕੇ ਵੇਖ ਲਵੋ ਕਿ ਸੰਸਾਰ ਪ੍ਰਮਾਤਮਾ
ਦੀ ਰਚੀ ਹੋਈ ਖੇਡ ਹੈ, ਇਸ ਸੰਸਾਰ ਦੇ ਹਰੇਕ ਜੀਵ ਅਤੇ ਹਰ ਥਾਂ ਕੇਵਲ ਇੱਕ ਪ੍ਰਮਾਤਮਾ ਹੀ ਵੱਸਦਾ
ਹੈ।
੩. ਇਸ ਸ਼ਬਦ ਵਿੱਚ ਭਗਤ ਜੀ ਕਹਿੰਦੇ ਹਨ ਕਿ ਮੈਂ ਕੇਵਲ ਰੱਬ ਨੂੰ ਹੀ ਜਪਦਾ
ਹਾਂ। ਪ੍ਰਭੂ ਦੇ ਦਰ ਤੇ ਕੋਈ ਉੱਚਾ ਜਾਂ ਨੀਵਾਂ ਨਹੀਂ। ਪ੍ਰਭੂ ਹੀ ਹਰ ਵੇਲੇ ਹਰ ਥਾਂ ਸਾਡੀ ਰਖਵਾਲੀ
ਕਰਦਾ ਹੈ;
ਆਸਾ ॥
ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ ॥
ਮਪਿ ਮਪਿ ਕਾਟਉ ਜਮ ਕੀ ਫਾਸੀ ॥੧
॥
ਕਹਾ ਕਰਉ ਜਾਤੀ ਕਹ ਕਰਉ ਪਾਤੀ ॥
ਰਾਮ ਕੋ ਨਾਮੁ ਜਪਉ ਦਿਨ ਰਾਤੀ ॥੧॥ ਰਹਾਉ ॥
ਰਾਂਗਨਿ ਰਾਂਗਉ ਸੀਵਨਿ ਸੀਵਉ ॥
ਰਾਮ ਨਾਮ ਬਿਨੁ ਘਰੀਅ ਨ ਜੀਵਉ ॥੨॥
ਭਗਤਿ ਕਰਉ ਹਰਿ ਕੇ ਗੁਨ ਗਾਵਉ ॥
ਆਠ ਪਹਰ ਅਪਨਾ ਖਸਮੁ ਧਿਆਵਉ ॥੩॥
ਸੁਇਨੇ ਕੀ ਸੂਈ ਰੁਪੇ ਕਾ ਧਾਗਾ ॥
ਨਾਮੇ ਕਾ ਚਿਤੁ ਹਰਿ ਸਉ ਲਾਗਾ ॥੪॥ ਪੰਨਾਂ ੪੮੫
ਅਰਥ: ਮੈਨੂੰ ਹੁਣ ਕਿਸੇ ਉੱਚੀ- ਨੀਵੀਂ ਜ਼ਾਤ ਅਤੇ ਗੋਤ ਦੀ ਪਰਵਾਹ ਨਹੀਂ
ਕਿਉਂਕਿ ਮੈਂ ਦਿਨ ਰਾਤ ਪ੍ਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹਾਂ।੧। ਰਹਾਉ।
ਮੇਰਾ ਮਨ ਗਜ਼ ਅਤੇ ਮੇਰੀ ਜੀਭ ਕੈਂਚੀ ਬਣ ਗਈ ਹੈ। ਪ੍ਰਭੂ ਦੇ ਨਾਮ ਨੂੰ ਮਨ ਵਿੱਚ ਵਸਾ ਕੇ ਅਤੇ ਜੀਭ
ਨਾਲ ਜਪ ਕੇ ਮੈਂ ਆਪਣੇ ਮਨ-ਰੂਪੀ ਗਜ਼ ਨਾਲ ਮਿਣ-ਮਿਣ ਕੇ ਅਤੇ ਜੀਭ ਰੂਪੀ ਕੈਂਚੀ ਨਾਲ ਮੌਤ ਦੇ ਡਰ ਦੀ
ਫਾਹੀ ਕੱਟੀ ਜਾ ਰਿਹਾ ਹਾਂ।
ਇਸ ਸਰੀਰ ਮੱਟੀ ਵਿੱਚ ਮੈਂ ਆਪਣੇ ਆਪ ਨੂੰ ਨਾਮ ਨਾਲ ਰੰਗ ਰਿਹਾ ਹਾਂ ਅਤੇ ਪ੍ਰਭੂ ਦੇ ਨਾਮ ਦੀ ਸੀਊਣ
ਸੀਊਂ ਰਿਹਾ ਹਾਂ, ਪ੍ਰਮਾਤਮਾ ਦੇ ਨਾਮ ਤੋਂ ਬਿਨ੍ਹਾਂ ਮੈਂ ਇੱਕ ਘੜੀ ਭਰ ਭੀ ਨਹੀਂ ਜਿਉਂ ਸਕਦਾ।
ਮੈਂ ਕੇਵਲ ਪ੍ਰਭੂ ਦੀ ਭਗਤੀ ਕਰਦਾ ਹਾਂ, ਅਤੇ ਹਰੀ ਦੇ ਗੁਣ ਗਾ ਕੇ ਹਰ ਵੇਲੇ ਆਪਣੇ ਖਸਮ-ਪ੍ਰਭੂ ਨੂੰ
ਯਾਦ ਕਰਦਾ ਰਹਿੰਦਾ ਹਾਂ।
ਗੁਰੂ ਦਾ ਸ਼ਬਦ ਮੇਰੇ ਲਈ ਸੋਨੇ ਦੀ ਸੂਈ ਹੈ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੇਰੀ ਸੁਰਤ ਸ਼ੁੱਧ ਅਤੇ
ਨਿਰਮਲ ਹੋ ਗਈ ਹੈ। ਇਸੇ ਤਰ੍ਹਾਂ ਗੁਰੂ ਦਾ ਸ਼ਬਦ ਮੇਰੇ ਲਈ ਚਾਂਦੀ ਦਾ ਧਾਗਾ ਹੈ। ਸੋਨੇ ਦੀ ਇਸ ਸੂਈ
ਅਤੇ ਚਾਂਦੀ ਦੇ ਇਸ ਧਾਗੇ ਨਾਲ ਭਗਤ ਨਾਮ ਦੇਵ ਦਾ ਮਨ ਪ੍ਰਭੂ ਦੇ ਨਾਲ ਸੀਤਾ ਗਿਆ ਹੈ।
ਅਗਲਾ ਸ਼ਬਦ ਭਗਤ ਰਵਿਦਾਸ ਜੀ ਦਾ ਹੈ। ਉਨ੍ਹਾਂ ਮੁਤਾਬਕ ਪ੍ਰਭੂ ਦੀ ਪ੍ਰਾਪਤੀ
ਮਨ ਅਤੇ ਤਨ ਅਰਪ ਕੇ ਹੀ ਹੋ ਸਕਦੀ ਹੈ। ਕੋਈ ਕ੍ਰਮ-ਕਾਂਡ ਅਤੇ ਪਾਖੰਡ ਪ੍ਰਭੂ ਪ੍ਰਾਪਤੀ ਲਈ ਲਾਭਦਾਇਕ
ਨਹੀ ਹੋ ਸਕਦਾ।
ੴ ਸਤਿਗੁਰ ਪ੍ਰਸਾਦਿ ॥
ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩
ਦੂਧੁ ਤ ਬਛਰੈ ਥਨਹੁ ਬਿਟਾਰਿਓ ॥
ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧
॥
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥
ਅਵਰੁ ਨ ਫੂਲੁ ਅਨੂਪੁ ਨ ਪਾਵਉ ॥੧॥ ਰਹਾਉ ॥
ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥
ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥
ਧੂਪ ਦੀਪ ਨਈਬੇਦਹਿ ਬਾਸਾ ॥
ਕੈਸੇ ਪੂਜ ਕਰਹਿ ਤੇਰੀ ਦਾਸਾ ॥੩॥
ਤਨੁ ਮਨੁ ਅਰਪਉ ਪੂਜ ਚਰਾਵਉ ॥
ਗੁਰ ਪਰਸਾਦਿ ਨਿਰੰਜਨੁ ਪਾਵਉ ॥੪॥
ਪੂਜਾ ਅਰਚਾ ਆਹਿ ਨ ਤੋਰੀ ॥
ਕਹਿ ਰਵਿਦਾਸ ਕਵਨ ਗਤਿ ਮੋਰੀ ॥੫॥ ਪੰਨਾਂ ੫੨੫
ਅਰਥ: ਹੇ ਮਾਂ! ਰੱਬ ਦੀ ਪੂਜਾ ਕਰਨ ਲਈ ਮੈਂ ਕਿਥੋਂ ਕੋਈ ਸੁੱਚੀ ਚੀਜ਼ ਲੈ ਕੇ
ਭੇਟ ਕਰਾਂ? ਕੋਈ ਸੁੱਚਾ ਫੁੱਲ ਆਦਿ ਤਾਂ ਮਿਲ ਨਹੀਂ ਸਕਦਾ। ਕੀ ਕਿਸੇ ਸੁੱਚੇ ਫੁੱਲ ਆਦਿ ਦੀ ਘਾਟ
ਕਰਕੇ ਮੈਂ ਉਸ ਸੋਹਣੇ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕਾਂਗਾ? ਇਨ੍ਹਾਂ ਸਵਾਲਾਂ ਦਾ ਜਵਾਬ ਸ਼ਬਦ ਦੇ
ਬਾਕੀ ਹਿੱਸੇ ਵਿੱਚ ਹੈ।੧। ਰਹਾਉ।
ਦੁੱਧ ਤਾਂ ਥਣਾਂ ਤੋਂ ਹੀ ਵੱਛੇ ਨੇ ਜੂਠਾ ਕਰ ਦਿੱਤਾ; ਫੁੱਲ ਭੌਰੇ ਨੇ ਸੁੰਘ ਕੇ ਅਤੇ ਪਾਣੀ ਮੱਛੀ
ਨੇ ਖ਼ਰਾਬ ਕਰ ਦਿੱਤਾ ਹੈ। ਇਸ ਲਈ ਦੁੱਧ, ਫੁੱਲ, ਪਾਣੀ ਆਦਿ ਸਾਰੇ ਹੀ ਜੂਠੇ ਹੋਣ ਕਰਕੇ ਪ੍ਰਭੂ ਅੱਗੇ
ਭੇਟ ਕਰਨ ਜੋਗੇ ਨਹੀਂ।
ਚੰਦਨ ਦੇ ਬੂਟਿਆਂ ਨੂੰ ਸੱਪ ਚੰਬੜੇ ਹੋਣ ਕਰਕੇ ਸੱਪਾਂ ਨੇ ਚੰਦਨ ਨੂੰ ਜੂਠਾ ਕਰ ਦਿੱਤਾ ਹੈ। ਇਸੇ
ਤਰ੍ਹਾਂ ਜ਼ਹਿਰ ਅਤੇ ਅੰਮ੍ਰਿਤ ਭੀ ਸਮੁੰਦਰ ਵਿੱਚ ਇਕੱਠੇ ਹੀ ਰਹਿੰਦੇ ਹਨ।
ਸੁਗੰਧੀ ਆ ਜਾਣ ਕਰ ਕੇ ਧੂਪ ਦੀਪ ਅਤੇ ਨੈਵੇਦ ਭੀ ਜੂਠੇ ਹੋ ਜਾਂਦੇ ਹਨ। ਫਿਰ ਹੇ ਪ੍ਰਭੂ! ਜੇ ਤੇਰੀ
ਪੂਜਾ ਇਨ੍ਹਾਂ ਚੀਜ਼ਾਂ ਨਾਲ ਹੀ ਹੋ ਸਕਦੀ ਹੋਵੇ ਤਾਂ ਇਹ ਜੂਠੀਆਂ ਚੀਜ਼ਾਂ ਤੇਰੇ ਅੱਗੇ ਰੱਖ ਕੇ ਤੇਰੇ
ਭਗਤ ਕਿਸ ਤਰ੍ਹਾਂ ਤੇਰੀ ਪੂਜਾ ਕਰਨ? ਭਾਵ ਜੂਠੀਆਂ ਚੀਜ਼ਾਂ ਨਾਲ ਹੇ ਪ੍ਰਭੂ! ਤੇਰੀ ਪੂਜਾ ਨਹੀਂ ਹੋ
ਸਕਦੀ।
ਹੇ ਪ੍ਰਭੂ! ਮੈਂ ਆਪਣਾ ਤਨ ਅਤੇ ਮਨ ਤੇਰੇ ਅੱਗੇ ਤੇਰੀ ਪੂਜਾ ਵਜੋਂ ਭੇਟ ਕਰਦਾ ਹਾਂ। ਮਨ ਅਤੇ ਤਨ ਦੀ
ਇਸ ਭੇਟਾ ਅਤੇ ਸਤਿਗੁਰ ਦੀ ਮਿਹਰ ਨਾਲ ਮਾਇਆ-ਰਹਿਤ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ।
ਭਗਤ ਰਵਿਦਾਸ ਆਖਦੇ ਹਨ ਕਿ ਹੇ ਪ੍ਰਭੂ! ਜੇ ਸੁੱਚੇ ਦੁੱਧ, ਫੁੱਲ, ਧੂਪ, ਚੰਦਨ ਅਤੇ ਨੈਵੇਦ ਆਦਿ ਦੀ
ਭੇਟਾ ਨਾਲ ਹੀ ਤੇਰੀ ਪੂਜਾ ਹੋ ਸਕਦੀ ਹੋਵੇ ਪਰ ਇਹ ਸੁੱਚੀਆਂ ਚੀਜ਼ਾਂ ਮਿਲ ਹੀ ਨਹੀਂ ਸਕਦੀਆਂ। ਇਸ
ਕਰਕੇ ਮੈ ਤੇਰੀ ਪੂਜਾ ਅਤੇ ਭਗਤੀ ਨਹੀਂ ਕਰ ਸਕਦਾ ਤਾਂ ਫਿਰ ਮੇਰਾ ਕੀ ਹਾਲ ਹੁੰਦਾ? ਇਸ ਲਈ ਪ੍ਰਭੂ
ਪ੍ਰਾਪਤੀ ਲਈ ਮੈਂ ਆਪਣਾ ਮਨ ਤਨ ਆਰਪ ਕਰ ਦਿੱਤਾ ਹੈ। ਮੈਂ ਕੋਈ ਕ੍ਰਮ-ਕਾਂਡ ਅਤੇ ਪਾਖੰਡ ਨਹੀਂ ਕਰਦਾ
ਕਿਉਂਕਿ ਪ੍ਰਭੂ ਪ੍ਰਾਪਤੀ ਲਈ ਇਹ ਲਾਭਦਾਇਕ ਨਹੀ ਹੋ ਸਕਦੇ।
ਭਗਤ ਨਾਮ ਦੇਵ ਜੀ ਦੇ ਹੇਠ ਦਿੱਤੇ ਸ਼ਬਦ ਵਿੱਚ, ਭਗਤ ਰਵਿਦਾਸ ਦੇ
ਉਪਰ ਦਿੱਤੇ ਖਿਆਲਾਂ ਦੀ ਪੜ੍ਹੋੜਤਾ ਕੀਤੀ ਗਈ ਹੈ। ਇਸ ਸ਼ਬਦ ਨੂੰ ਅਰਥਾਂ ਸਮੇਤ ਦਰਜ਼ ਕਰਕੇ ਇਸ ਲੇਖ
ਦੀ ਸਮਾਪਤੀ ਕੀਤੀ ਜਾਂਦੀ ਹੈ।
ਆਸਾ ॥
ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥
ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧
॥
ਜਤ੍ਰ ਜਾਉ ਤਤ ਬੀਠਲੁ ਭੈਲਾ ॥
ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ ॥
ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥
ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥੨॥
ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥
ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥੩॥
ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥
ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥੪॥ ਪੰਨਾਂ ੪੮੫
ਪਦ ਅਰਥ: ਆਨੀਲੇ-ਲਿਆਂਦਾ; ਕੁੰਭ-ਘੜਾ; ਭਰਾਈਲੇ-ਭਰਾਇਆ; ਉਦਕ-ਪਾਣੀ;
ਕਰਉ-ਮੈਂ ਕਰਾਵਾਂ; ਬੀਠਲੁ-ਮਾਇਆ ਦੇ ਪ੍ਰਭਾਵ ਤੋਂ ਪਰੇ ਪ੍ਰਭੂ; ਭੈਲਾ-‘ਭਇਲਾ’ ਜਾਂ ‘ਭੈਲਾ’ ਭਾਵ
ਮੌਜ਼ੂਦ ਸੀ; ਕੇਲਾ-ਚੋਜ ਤਮਾਸ਼ੇ; ਪਰੋਈਲੇ-ਪਰੋ ਲਈ; ਬਾਸੁ-ਸੁਗੰਧੀ; ਭਵਰਹ-ਭੌਰੇ ਨੇ;
ਰੀਧਾਈਲੇ-ਰਿੰਨ੍ਹ ਲਈ; ਨੈਵੇਦੁ-ਮੂਰਤੀ ਅੱਗੇ ਖਾਣ ਵਾਲੇ ਪਦਾਰਥਾਂ ਦੀ ਭੇਟ; ਬਿਟਾਰਿਓ-ਜੂਠਾ ਕੀਤਾ,
ਊਭੈ-ਉਤਾਂਹ; ਈਭੈ-ਹੇਠਾਂ; ਥਨੰਤਰਿ-ਹਰ ਥਾਂ ਤੇ; ਪ੍ਰਣਵੈ-ਬੇਨਤੀ ਕਰਦਾ ਹੈ; ਸਰਬ ਮਹੀ-ਸਾਰੀ
ਸ੍ਰਿਸ਼ਟੀ ਵਿੱਚ।
ਅਰਥ: ਮੈਂ ਜਿੱਧਰ ਭੀ ਜਾਂਦਾ ਹਾਂ, ਉੱਧਰ ਨਿਰਲੇਪ ਪ੍ਰਭੂ ਭੀ ਮੌਜ਼ੂਦ ਹੈ। ਸਾਰੇ ਜੀਵਾਂ ਵਿੱਚ
ਵਿਆਪਕ ਹੋਣ ਕਰਕੇ ਪ੍ਰਭੂ ਬੜੇ ਅਨੰਦ ਚੋਜ ਤਮਾਸ਼ੇ ਕਰ ਰਿਹਾ ਹੈ।੧। ਰਹਾਉ।
ਘੜਾ ਲਿਆ ਕੇ, ਉਸ ਵਿੱਚ ਪਾਣੀ ਭਰਾ ਕੇ ਜੇ ਮੈਂ ਮੂਰਤੀ ਨੂੰ ਇਸ਼ਨਾਨ ਕਰਵਾਵਾਂ ਤਾਂ ਉਹ ਇਸ਼ਨਾਨ
ਪ੍ਰਭੂ ਨੂੰ ਪਰਵਾਨ ਨਹੀਂ ਕਿਉਂਕਿ ਪਾਣੀ ਜੂਠਾ ਹੈ। ਪੁਰਾਣੇ ਖਿਆਲਾਂ ਮੁਤਾਬਕ, ਪਾਣੀ ਵਿੱਚ ਬਤਾਲੀ
ਲੱਖ ਜੂਨਾਂ ਦੇ ਜੀਵ ਰਹਿੰਦੇ ਹਨ। ਇਉਂਕੀ ਜੀਵ ਮਲ-ਮੂਤਰ ਪਾਣੀ ਵਿੱਚ ਹੀ ਕਰਦੇ ਹਨ। ਇਸ ਲਈ ਪਾਣੀ
ਜੂਠਾ ਹੋ ਜਾਂਦਾ ਹੈ। ਪਰ ਮੇਰਾ ਨਿਰਲੇਪ ਪ੍ਰਭੂ ਤਾਂ ਪਹਿਲਾਂ ਹੀ ਉਨ੍ਹਾਂ ਜੀਵਾਂ ਵਿੱਚ ਵੱਸ ਕੇ
ਇਸ਼ਨਾਨ ਕਰ ਰਿਹਾ ਸੀ। ਇਸ ਲਈ ਮੇਰੇ ਵਾਸਤੇ ਮੂਰਤੀ ਨੂੰ ਇਸ਼ਨਾਨ ਕਰਾਉਣ ਦੀ ਕੋਈ ਲੋੜ੍ਹ ਨਹੀਂ ਹੈ।
ਜੇ ਫੁੱਲ ਲਿਆ ਕੇ ਮੈਂ ਉਨ੍ਹਾਂ ਦੀ ਮਾਲਾ ਬਣਾ ਲਵਾਂ ਅਤੇ ਮੂਰਤੀ-ਪੂਜਾ ਕਰਾਂ ਤਾਂ ਉਹ ਪੂਜਾ ਭੀ
ਪ੍ਰਭੂ ਨੂੰ ਪਰਵਾਨ ਨਹੀਂ। ਫੁੱਲ ਜੂਠੇ ਹਨ ਕਿਉਂਕਿ ਫੁੱਲਾਂ ਦੀ ਸੁਗੰਧੀ ਤਾਂ ਪਹਿਲਾਂ ਹੀ ਭੌਰੇ ਨੇ
ਲੈ ਲਈ ਹੈ। ਪਰ ਮੇਰਾ ਪ੍ਰਭੂ ਤਾਂ ਪਹਿਲਾਂ ਹੀ ਉਸ ਭੌਰੇ ਵਿੱਚ ਵੱਸਦਾ ਸੀ ਅਤੇ ਸੁਗੰਧੀ ਲੈ ਰਿਹਾ
ਸੀ। ਇਸ ਲਈ ਫੁੱਲਾਂ ਨਾਲ ਮੂਰਤੀ-ਪੂਜਾ ਦਾ ਕੋਈ ਲਾਭ ਨਹੀ ਹੈ ।
ਜੇ ਦੁੱਧ ਲਿਆ ਕੇ ਮੈਂ ਉਸ ਦੀ ਖੀਰ ਰਿੰਨ੍ਹ ਲਵਾਂ ਅਤੇ ਜੇ ਉਹ ਉੱਤਮ ਖੀਰ ਮੈਂ ਖਾਣ ਵਾਸਤੇ ਮੂਰਤੀ
ਅੱਗੇ ਭੇਟ ਕਰਕੇ ਰੱਖ ਦੇਵਾਂ ਤਾਂ ਉਹ ਭੋਜਨ ਭੀ ਪ੍ਰਭੂ ਨੂੰ ਪ੍ਰਵਾਨ ਨਹੀਂ ਹੈ। ਉਹ ਦੁੱਧ ਜੂਠਾ ਹੋ
ਗਿਆ ਹੈ ਕਿਉਂਕਿ ਵੱਛੇ ਨੇ ਥਣ ਚੁੰਘ ਕੇ ਦੁੱਧ ਨੂੰ ਪਹਿਲਾਂ ਹੀ ਜੂਠਾ ਕਰ ਦਿੱਤਾ ਸੀ। ਮੇਰਾ ਬੀਠਲ
ਤਾਂ ਪਹਿਲਾਂ ਹੀ ਉਸ ਵੱਛੇ ਵਿੱਚ ਵੱਸਦਾ ਹੋਣ ਕਰਕੇ ਆਪ ਪਹਿਲਾਂ ਹੀ ਦੁੱਧ ਪੀ ਰਿਹਾ ਸੀ। ਇਸ ਲਈ ਇਸ
ਮੂਰਤੀ ਅੱਗੇ ਨੈਵੇਦ ਭੇਟ ਕਰਨ ਦਾ ਕੋਈ ਲਾਭ ਨਹੀਂ ਹੈ।
ਸੰਸਾਰ ਵਿੱਚ, ਹੇਠਾਂ, ਉਤਾਂਹ ਅਤੇ ਹਰ ਥਾਂ ਕੇਵਲ ਬੀਠਲ ਹੀ ਰਹਿੰਦਾ ਹੈ। ਬੀਠਲ ਤੋਂ ਬਗੈਰ ਸੰਸਾਰ
ਰਹਿ ਹੀ ਨਹੀਂ ਸਕਦਾ। ਭਗਤ ਨਾਮਦੇਵ ਉਸ ਬੀਠਲ ਅੱਗੇ ਬੇਨਤੀ ਕਰਦਾ ਹੈ ਕਿ ਹੇ ਬੀਠਲ! ਤੂੰ ਸਾਰੀ
ਸ੍ਰਿਸ਼ਟੀ ਵਿੱਚ ਹਰ ਥਾਂ ਭਰਪੂਰ ਹੈਂ। ਇਸ ਲਈ ਪ੍ਰਭੂ ਪ੍ਰਾਪਤੀ ਲਈ ਮਨ ਤਨ ਅਰਪ ਕੇ ਹੀ ਹੋ ਸਕਦੀ
ਹੈ। ਕੋਈ ਕ੍ਰਮ-ਕਾਂਡ ਅਤੇ ਪਾਖੰਡ ਪ੍ਰਭੂ ਪ੍ਰਾਪਤੀ ਲਈ ਲਾਹੇਵੰਦ ਨਹੀ ਹੋ ਸਕਦਾ।
ਗੁਰੂ ਕ੍ਰਿਪਾ ਕਰਨ। ਗੁਰਬਾਣੀ ਤੋਂ ਉਪਦੇਸ਼ ਲੈ ਕਿ ਸਾਡਾ ਵੀ ਇਹ ਫਰਜ਼ ਬਣਦਾ
ਹੈ ਕਿ ਸਾਰੇ ਪਾਖੰਡ ਛੱਡ ਕੇ ਪ੍ਰਭੂ ਦਾ ਹੀ ਆਸਰਾ ਲਿਆ ਜਾਵੇ। ਇਸ ਤਰ੍ਹਾਂ ਜੀਵਨ ਜਿਉਂਣ ਨਾਲ ਇਸ
ਜੀਵਨ ਵਿੱਚ ਹੀ ਪ੍ਰਮਾਤਮਾ ਨਾਲ ਮੇਲ ਹੋ ਸਕਦਾ ਹੈ।
ਵਾਹਿ ਗੁਰੂ ਜੀ ਕਾ ਖਾਲਸਾ॥
ਵਾਹਿ ਗੁਰੂ ਜੀ ਕੀ ਫਤਹਿ॥
ਬਲਬਿੰਦਰ ਸਿੰਘ ਅਸਟ੍ਰੇਲੀਆ