.

ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ
ਬਵੰਜਵਾਂ ਸਲੋਕ

ਵੀਰ ਭੁਪਿੰਦਰ ਸਿੰਘ


52. ਬਵੰਜਵਾਂ ਸਲੋਕ -
ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥
ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥52॥
ਜੇ ਇਹ ਸਾਰਾ ਕੁਝ ਕੁਦਰਤ ਦੇ ਨਿਯਮ ਵਿਚ ਉਪਜਦਾ ਬਿਨਸਦਾ ਹੀ ਹੈ ਤਾਂ ਫਿਰ ਮਰਨ ਦੀ ਫਿਕਰ ਨਹੀਂ ਰਹਿੰਦੀ। ਮੇਰੇ ਇੱਕ ਮਿੱਤਰ ਹਨ ਉਨ੍ਹਾਂ ਦੀ ਪਤਨੀ ਨੂੰ ਥਾਈਰੋਇਡ ਹੋ ਗਿਆ ਉਹ ਵੀ ਕੁਝ ਇਸ ਕਿਸਮ ਦਾ ਹੋ ਗਿਆ ਕਿ ਡਾਕਟਰ ਉਨ੍ਹਾਂ ਨੂੰ ਕਹਿੰਦਾ ਹੈ ਕਿ ਇਸਦਾ ਜੇ ਉਪਰੇਸ਼ਨ ਕੀਤਾ ਜਾਏ ਤਾਂ 95% ਨਾਕਾਮਯਾਬ ਹੁੰਦੇ ਹਨ। ਸੁਣਕੇ ਪਤਨੀ ਨੂੰ ਡਿਪ੍ਰੈਸ਼ਨ ਹੋ ਗਿਆ। ਅਸੀਂ ਉਨ੍ਹਾਂ ਨਾਲ ਸਾਂਝ ਕੀਤੀ। ਉਨ੍ਹਾਂ ਨੂੰ ਪੁੱਛਿਆ ਕਿ ਤੁਹਾਡੀ ਉਮਰ ਕਿੰਨੀ ਹੈ? ਕਹਿੰਦੀ 38 ਸਾਲ, ਮੈਂ ਪੁੱਛਿਆ ਬੱਚੇ ਕਿਤਨੇ ਹਨ? ਕਹਿੰਦੀ ਦੋ ਹਨ ਜੀ। ਸੱਸ ਸੋਹਰਾ ਵੀ ਹੈ ਪਤੀ ਕਮਾਉਂਦਾ ਵੀ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਕਿਤਨੇ ਹੀ ਐਸੇ ਬੱਚੇ ਹਨ ਜਿਨ੍ਹਾਂ ਦੇ ਮਾਤਾ-ਪਿਤਾ ਹੁੰਦੇ ਹੀ ਨਹੀਂ ਹਨ ਜਾਂ ਬੱਚਾ ਪੈਦਾ ਹੋਣ ਸਾਰ ਹੀ ਮਾਂ ਮਰ ਜਾਂਦੀ ਹੈ। ਕਿਤਨੇ ਹੀ ਐਸੇ ਬੱਚੇ ਹਨ ਜਿਨ੍ਹਾਂ ਕੋਲ ਮਕਾਨ ਨਹੀਂ ਹੈ। ਪਰ ਤੁਹਾਡੇ ਕੋਲ ਤੇ ਮਕਾਨ, ਕੰਮਕਾਰ ਸਭ ਕੁਝ ਹੈ। ਅਸੀਂ ਵਿਚਾਰ ਸਾਂਝ ਕੀਤੀ ਕਿ, ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥ (660) ਸਾਨੂੰ ਇਸ ਨਿਯਮ ਤੇ ਦ੍ਰਿੜ ਵਿਸ਼ਵਾਸ ਨਹੀਂ ਕਿ ਅਸੀਂ ਕਿਸੀ ਵੇਲੇ ਵੀ ਮਰ ਸਕਦੇ ਹਾਂ। ਅਤੇ ਅਸੀਂ ਆਪਣੇ ਸਾਹਮਣੇ ਵੇਖਦੇ ਹਾਂ ਕਿ ਕੋਈ ਬੱਚਾ ਜੱਮਣ ਸਾਰ ਮਰ ਗਿਆ, ਕੋਈ ਪੇਟ ਵਿਚ ਮਰ ਗਿਆ, ਕੋਈ ਪੈਦਾ ਹੋਣ ਤੋਂ ਥੋੜੀ ਦੇਰ ਮਗਰੋਂ ਮਰ ਗਿਆ, ਕੋਈ ਨੌਜੁਆਨ ਮੁੰਡਾ ਮਰ ਗਿਆ, ਕੋਈ ਪਿਤਾ ਜੀ ਮਰ ਗਏ, ਕੋਈ 70 ਸਾਲਾਂ ਦਾ ਮਰ ਗਿਆ ਆਦਿ। ਇਸ ਦਾ ਮਤਲਬ ਇਹ ਹੋਇਆ ਕਿ ਕਿਸੇ ਦੀ ਵੀ ਤਾਰੀਖ ਮੁਕੱਰਰ ਨਹੀਂ ਹੈ ਕਿ ਹਰ ਕੋਈ 100 ਸਾਲਾਂ ਦਾ ਹੋਕੇ ਹੀ ਮਰੇਗਾ।
ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਜਿਹੜੇ 5% ਵਾਲੇ ਹਨ ਜਿਨ੍ਹਾਂ ਦਾ ਉਪਰੇਸ਼ਨ ਠੀਕ-ਠਾਕ ਹੋ ਜਾਂਦਾ ਹੈ ਉਸ ਪਾਸੇ ਆਪਣੇ ਆਪਨੂੰ ਸੋਚ ਲਵੋ। ਤੇ ਇਹ ਵੀ ਸੋਚ ਲਵੋ ਕਿ ਹੋ ਸਕਦਾ ਹੈ ਕਿ ਮੈਂ 38 ਸਾਲਾਂ ਦਾ ਹੀ ਮਰਨਾ ਹੋਵੇਗਾ। ਪਰ ਜੇਕਰ ਤੁਸੀਂ 5% ਵਾਲੇ ਮਨੁੱਖਾਂ ਵਿਚ ਆ ਗਏ ਤਾਂ ਹੋ ਸਕਦਾ ਹੈ ਕਿ ਤੁਹਾਡੀ ਉਮਰ 70 ਜਾਂ 80 ਸਾਲਾਂ ਦੀ ਹੋ ਜਾਏ। ਲੇਕਿਨ ਆਪਣੇ ਹੱਥੀਂ ਇਨ੍ਹਾਂ ਬੱਚਿਆਂ ਨੂੰ ਸੱਸ-ਸੁਹਰੇ ਅਤੇ ਪਤੀ ਦੇ ਹਵਾਲੇ ਕਰਕੇ ਕਹੋ ਕਿ ਮੈਂ ਤਿਆਰ ਹਾਂ! ਇਹ ਸੁਣਕੇ ਉਸਦੇ ਸਰੀਰ ਅੰਦਰ ਰਸਾਇਣ ਐਸੇ ਬਣੇ ਕਿ ਉਹ ਚੜ੍ਹਦੀਕਲਾ ਵਿਚ ਆ ਗਈ। ਚੜ੍ਹਦੀਕਲਾ ਵਿਚ ਉਪਰੇਸ਼ਨ ਕਰਵਾਉਣ ਗਈ ਤੇ ਕਾਮਯਾਬੀ ਹਾਸਲ ਹੋਈ ਤੇ ਉਸਦੀ ਉਮਰ ਵੀ ਲੰਮੇਰੀ ਹੋ ਗਈ। ਜਦੋਂ ਇਹ ਸਮਝ ਆ ਜਾਏ ਕਿ ਮਰਨਾ ਤੇ ਹੈ ਹੀ। ਫਿਰ ਹਾਏ! ਸੁਨਾਮੀ ਨਾ ਆ ਜਾਏ ਇਹ ਡਰ ਚਲਾ ਜਾਏਗਾ, ਕੀ ਪਤਾ ਸੁਨਾਮੀ ਨਾਲ ਮਰਨਾ ਹੋਏਗਾ। ਹਾਏ ਭੁਚਾਲ ਨਾ ਆ ਜਾਏ - ਕੀ ਪਤਾ ਭੁਚਾਲ ਨਾਲ ਹੀ ਮਰਨਾ ਹੋਏਗਾ। ਗੁਰੂ ਸਾਹਿਬ ਕਹਿੰਦੇ ਹਨ - ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ ॥ (555) ਕੀ ਸਾਡਾ ਕੋਈ ਕਿਸੇ ਨੇ ਪੱਕਾ ਕੀਤਾ ਹੋਇਆ ਹੈ ਕਿ ਮੈਂ ਬੜੇ ਆਰਾਮ ਦੇ ਨਾਲ 99 ਸਾਲਾਂ ਦਾ ਹੋਕੇ, ਬਹੁਤ ਆਰਾਮ ਦੇ ਨਾਲ ਮਰਾਂ। ਇਹ ਕੋਈ ਨਿਰਧਾਰਤ ਥੋੜ੍ਹੀ ਨਾ ਹੈ। ਤਾਂ ਮਾਨੋ ਦਿਮਾਗ ਦਾ ਪੈਰਾਸ਼ੂਟ ਖੁਲ ਗਿਆ ਅਤੇ ਉਹ ਪੈਰਾਸ਼ੂਟ ਤਾਂ ਹੀ ਕੰਮ ਕਰਦਾ ਹੈ ਜਦੋਂ ਉਹ ਖੁਲ੍ਹਾ ਹੋਵੇ। ਜੇ ਖੁਲ੍ਹ ਗਿਆ ਤਾਂ ਉਡਾਰੀ ਮਾਰ ਲਵੋ। ਬਸ ਜਦੋਂ ਇਹ ਸਮਝ ਆ ਜਾਂਦੀ ਹੈ ਕਿ ਕੁਝ ਵੀ ਥਿਰ ਨਹੀਂ ਹੈ ਤਾਂ ਚਿੰਤਾ ਲੱਥ ਜਾਂਦੀ ਹੈ।
ਇਸ ਸਲੋਕ ਵਿਚ ਕਹਿ ਰਹੇ ਹਨ ਕਿ ‘ਛਾਡਿ ਸਗਲ ਜੰਜਾਲ’। ਇਹ ਸਾਰਾ ਤੂੰ ਜਿਹੜਾ ਆਪਣੀ ਮਨ ਕੀ ਮਤ ਦੇ ਖਿਆਲਾਂ ਦਾ ਜੰਜਾਲ ਆਪਣੀ ਜਗ ਰਚਨਾ ਰਚੀ ਹੋਈ ਹੈ, ਇਹ ਝੂਠ ਹੈ। ਇਹ ਤੇਰੀ ਹਉਮੈ ਹੈ। ਇਹ ਜੰਜਾਲ ਤੂੰ ਆਪ ਗਲੇ ਵਿਚ ਫਾਹੀ ਪਾਈ ਹੋਈ ਹੈ।
ਆਮ ਕਹਾਵਤ ਹੈ ਕਿ ਬੰਦਾ ਪੁੱਛਦਾ ਹੈ ਕਿ ਅਸੀਂ ਮਇਆ ਨਾਲ ਕਿਵੇਂ ਬੱਧੇ ਹਾਂ ਤਾਂ ਕਿਸੇ ਫਕੀਰ ਨੇ ਉਸਨੂੰ ਕਿਹਾ, ਦੇਖੋ ਸਾਹਮਣੇ ਇਕ ਗਵਾਲਾ ਗਾਂ ਨੂੰ ਰੱਸੀ ਬੰਨ ਕੇ ਲਿਜਾ ਰਿਹਾ ਹੈ। ਕਹਿੰਦਾ ਹੈ ਕਿ ਗਾਂ ਕਿੱਥੇ ਜਾ ਰਹੀ ਹੈ? ਕਹਿੰਦਾ ਗਵਾਲੇ ਪਿੱਛੇ! ਤੇ ਫਿਰ ਗਵਾਲਾ ਕਿੱਥੇ ਜਾ ਰਿਹਾ ਹੈ ਗਾਂ ਤੋਂ ਅੱਗੇ। ਫਿਰ ਗਾਂ ਉਸਦੇ ਪਿੱਛੇ ਕਿਵੇਂ ਜਾ ਰਹੀ ਹੈ ਕਹਿੰਦੇ ਕਿ ਉਹ ਰੱਸਾ ਖਿੱਚ ਕੇ ਲਿਜਾ ਰਿਹਾ ਹੈ। ਕਹਿੰਦੇ ਕਿ ਰੱਸਾ ਕੱਟ ਦਿਉ। ਰੱਸਾ ਕੱਟਿਆ ਤਾਂ ਗਾਂ ਪਿੱਛੇ ਵਲ ਦੌੜ ਪਈ ਹੁਣ ਗਵਾਲਾ ਪਿੱਛੇ-ਪਿੱਛੇ ਦੌੜ ਰਿਹਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਗਾਂ ਉਸਦੇ ਨਾਲ ਨਹੀਂ ਬੱਧੀ ਹੋਈ, ਦਰਅਸਲ ਗਵਾਲਾ ਗਾਂ ਨਾਲ ਬੱਧਾ ਹੋਇਆ ਸੀ। ਗਾਂ ਦੀ ਰੱਸੀ ਤੇ ਸਾਨੂੰ ਨਜ਼ਰ ਆ ਰਹੀ ਹੈ ਪਰ ਜਿਹੜਾ ਜਗ ਰਚਨਾ ਸਭ ਝੂਠ ਦੇ ਨਾਲ ਇਸਨੇ ਆਪਣਾ ਰੱਸਾ ਬੰਨਿਆ ਹੋਇਆ ਹੈ ਹੁਣ ਉਹ ਨਜ਼ਰ ਆ ਰਿਹਾ ਹੈ। ਗਾਂ ਦੇ ਪਿੱਛੇ ਭਜ ਰਿਹਾ ਹੈ। ਗਾਂ ਰੱਸੀ ਬੱਧੀ ਕਾਰਨ ਉਸ ਪਿੱਛੇ ਚਲ ਰਹੀ ਸੀ। ਇਹ ਆਪਣੇ ਔਗੁਣਾਂ ਦੀ ਜਿਹੜੀ ਗਲੇ ਹਮਾਰੇ ਜੇਵਰੀ ਹੈ ਉਸਦੇ ਨਾਲ ਬੱਧਾ ਉਸਦੇ ਪਿੱਛੇ ਜਾ ਰਿਹਾ ਹੈ। ਇਹ ਸਾਨੂੰ ਸਮਝਣਾ ਪਵੇਗਾ। ਇਹ ਵਾਲੀ ਬਿਬੇਕ ਬੁਧਿ ਜੇਕਰ ਸਾਨੂੰ ਮਿਲ ਜਾਏ ਤਾਂ ਸਾਨੂੰ ਕੁਝ ਛੱਡਣਾ ਨਹੀਂ ਪੈਂਦਾ ਸਾਡੇ ਕੋਲੋਂ ਛੁੱਟ ਜਾਂਦਾ ਹੈ। ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ ॥
ਅਸੀਂ ਉਸਦੇ ਵਿੱਚ ਵੀ ਰਹਿੰਦੇ ਹਾਂ ਅਤੇ ਉਸ ਵਿਚ ਭਿੱਜਦੇ ਵੀ ਨਹੀਂ ਹਾਂ ਕਿਤਨੀ ਆਸਾਨ ਖੇਡ ਹੈ।
ਇਸ ਸ੍ਰਿਸ਼ਟੀ ਵਿਚ ਜੋ ਕੁਝ ਵੀ ਪੈਦਾ ਹੋਇਆ ਹੈ, ਇਸਨੇ ਭਾਵੇਂ ਇਕ ਸੈਕਿੰਡ ਜਾਂ ਸੋ ਸਾਲ ਜਦੋਂ ਕਦੀ ਵੀ ਇਸਨੇ ਖਤਮ ਜ਼ਰੂਰ ਹੋਣਾ ਹੈ। ਇਹ ਕੁਦਰਤ ਦਾ ਨਿਯਮ ਹੈ। ਇਸ ਨਿਯਮ ਨੂੰ ਗੁਰੂ ਸਾਹਿਬ ਗੁਰਬਾਣੀ ਵਿਚ ਬਿਆਨ ਕਰਦੇ ਹਨ। ‘ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥’। ਭਾਵੇਂ ਸੁਨਾਮੀ ਕਾਰਨ ਡਿੱਗੇ ਕੁਝ ਵੀ, ਭਾਵੇਂ ਭੁਚਾਲ ਕਾਰਨ ਡਿੱਗੇ ਤੇ ਭਾਵੇਂ ਕੁਰਦਤ ਦੇ ਕਿਸੇ ਵੀ ਨਿਯਮ ਅਧੀਨ ਡਿੱਗੇ। ਲੇਕਿਨ ਡਿੱਗਣਾ ਜ਼ਰੂਰ ਹੈ। ਤੇ ਤੂੰ ਸੋਚ ਰਿਹਾ ਹੈਂ ਕਿ ਮੈਂ ਇੱਥੇ ਹਮੇਸ਼ਾਂ ਲਈ ਰਹਿਣਾ ਹੈ। ਇਸ ਗਲ ਦੀ ਤੈਨੂੰ ਚਿੰਤਾ ਹੈ। ਤੂੰ ਕੇਵਲ ਰੱਬੀ ਨਿਯਮ ਵਿਚ ਭਾਣੇ ਵਿਚ ਰਿਹਾ ਕਰ। ਕੂੰਜਾ ਇਤਨੀ ਦੂਰੋਂ ਆਉਂਦੀਆਂ ਹਨ, ਉਨ੍ਹਾਂ ਨੂੰ ਗੁਰੂ ਸਾਹਿਬ ਕਹਿੰਦੇ ਹਨ, ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥ ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥ (10) ਇਤਨੀ ਦੂਰ ਆ ਜਾਂਦੀਆਂ ਹਨ। ਸੋਚਦੀਆਂ ਹਨ ਕਿ ਮੈਂ ਤੇ ਕੋਲ ਨਹੀਂ ਹਾਂ।
ਉਹ ਅੰਦਰੋਂ ਰੱਬ ਨੂੰ ਯਾਦ ਕਰਦੀਆਂ ਹਨ, ਰੱਬੀ ਨਿਯਮ ਵਿਚ ਰਹਿੰਦੀਆਂ ਹਨ। ਸਿਰਮਨ ਦਾ ਅਰਥ ਹੋ ਗਿਆ ਰੱਬੀ ਭਾਣੇ ਵਿਚ ਰਹਿੰਦੀਆਂ ਹਨ। ਰੱਬ ਜੀ ਤੁਸੀਂ ਆਪਣੇ ਨਿਯਮ-ਭਾਣੇ ਵਿਚ ਠੀਕ ਰੱਖੋਗੇ, ਦਾਣਾ ਖਿਲਾਉਗੇ। ਭਾਵ ਰੱਬੀ ਰਜ਼ਾ ਨੂੰ ਸਮਝਿਆ। ਰੱਬੀ ਰਜ਼ਾ ਨੂੰ ਮੰਨਣਾ ਸਿਮਰਨ ਹੋ ਗਿਆ। ‘ਛਾਡਿ ਸਗਲ ਜੰਜਾਲ’ ਐ ਮਨੁੱਖ! ਸਾਰਾ ਜੰਜਾਲ ਤੂੰ ਛੱਡਦੇ। ਇਸ ਜੰਜਾਲ ਦੇ ਕਾਰਨ ਤੇਰਾ ਸਾਰਾ ਜੀਵਨ ਬਰਬਾਦ ਹੋ ਰਿਹਾ ਹੈ। ਜੰਜਾਲ ਨੇ ਨਹੀਂ ਫੜਿਆ ਹੋਇਆ ਬਲਕਿ ਤੂੰ ਇਸ ਜੰਜਾਲ ਨੂੰ ਫੜਿਆ ਹੋਇਆ ਹੈ ਗਾਂ ਦੀ ਅਣਦਿਸਦੀ ਰੱਸੀ ਵਾਂਗੂੰ। ਅਸੀਂ ਆਪਣੇ ਲਈ ਆਪ ਇਹ ਜਾਲ ਤਣਿਆ ਹੋਇਆ ਹੈ - ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥ (331) ਜਿਨ੍ਹਾਂ ਨੂੰ ਸਮਝ ਆ ਜਾਏ ਉਹ ਇਸ ਤੋਂ ਛੁੱਟ ਜਾਂਦੇ ਹਨ। ਛਾਡਿ ਸਗਲ ਜੰਜਾਲ ਭਾਵ ਆਪਣੀ ਮਨ ਦੀ ਮਤਿ ਨਾਲ ਬਣਾਏ ਖਿਆਲਾਂ ਦੇ ਜਗ, ਸੋਚਣੀ ਤੋਂ ਛੁੱਟਣਾ ਹੈ ਤਾਂ ਐ ਮਨ ਤੂੰ ਰੱਬੀ ਗੁਣ ਗਾ ਲੈ, ਨਾਨਕ ਹਰਿ ਗੁਨ ਗਾਇ ਲੇ।
ਹੁਣ ਇਹ ਸਾਰੇ ਦਾ ਸਾਰਾ ਸਾਨੂੰ ਇੱਥੇ ਤਕ ਸਮਝ ਆਇਆ ਕਿ ਜਦੋਂ ਮਨੁੱਖ ਰੱਬ ਨੂੰ ਕਰਤਾ ਸਮਝਣ ਦੇ ਬਦਲੇ ਆਪਣੇ ਆਪ ਨੂੰ ਕਰਤਾ ਸਮਝਦਾ ਹੈ ਤਾਂ ਇਸਨੂੰ ਹੰਕਾਰ ਆਉਂਦਾ ਹੈ। ਜਦੋਂ ਇਹ ਆਪਣੇ ਹੱਥੋਂ ਕੁਝ ਨਹੀਂ ਛੱਡਣਾ ਚਾਹੁੰਦਾ ਅਤੇ ਇਹ ਸਮਝਦਾ ਹੈ ਕਿ ਮੈਂ ਸਭ ਕੁਝ ਥਿਰ ਰੱਖ ਲਵਾਂਗਾ ਤੇ ਇਸਨੂੰ ਹੰਕਾਰ ਆਉਂਦਾ ਹੈ। ਇਸਨੂੰ ਇਹ ਨਹੀਂ ਸਮਝ ਆਉਂਦਾ ਕਿ ਮੈਂ ਰੱਬੀ ਗੁਣ ਜਿਊਂਣੇ ਹਨ ਤਾਂ ਕਿ ਰੱਬੀ ਰਜ਼ਾਂ ਅਧੀਨ ਜਿਊ ਸਕਾਂ।
ਗੁਰੂ ਸਾਹਿਬ ਨੇ ਇਸਨੂੰ ਨਿਮਰਤਾ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ ਹੰਕਾਰੀ ਹਾਥੀ ਦਾ ਪ੍ਰਤੀਕ ਵਰਤ ਕੇ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਤੇਰੀ ਹਾਥੀ ਬਿਰਤੀ ਹੈ। ਹੰਕਾਰ ਸਭ ਤੋਂ ਵੱਡਾ ਰੋਗ ਹੈ। ਐ ਮਨੁੱਖ! ਤੂੰ ਇਸ ਤੋਂ ਛੁੱਟ ਜਾ ਤਾਂ ਕਿ ਤੇਰਾ ਆਪਣਾ ਜੀਵਨ ਅਤੇ ਆਸ-ਪਾਸ ਦੇ ਮਾਹੋਲ ਨੂੰ ਸੁਖਮਈ ਅਤੇ ਸ਼ਾਂਤਮਈ ਬਣਾ ਸਕੇਂ।
ਮਹਲੇ ਨੌਵੇ ਵਿਚ 57 ਸਲੋਕ ਹਨ। ਨੌਵੇਂ ਦਸਵੇ ਸਲੋਕ ਤੋਂ ਅਸੀਂ ਵਿਚਾਰ ਨੂੰ ਦੁਹਰਾਇਆ ਕਿਉਂਕਿ ਸਾਨੂੰ ਅੱਗੇ ਵੱਧਣਾ ਸੀ। ਇੱਥੇ ਆ ਕੇ ਵਿਸ਼ਾ ਹੋਰ ਗਹਿਰਾਈ ਵਿਚ ਚਲਾ ਜਾਂਦਾ ਹੈ ਜਦੋਂ ਇਹ ਵਿਚਾਰਿਆ ਕਿ ਕਿਸਨੂੰ ਸਿਮਰੀਏ? ਅਤੇ ਸਿਮਰਨ ਕਰਨ ਨਾਲ ਕੀ ਹੋ ਜਾਂਦਾ ਹੈ? ‘ਜਿਹ ਸਿਮਰਤ ਗਤਿ ਪਾਈਐ’ ਸੋ ਵਿਸ਼ਾ ਬਣਿਆ ਕਿ ਗਤਿ ਕਿਵੇਂ ਪ੍ਰਾਪਤ ਹੋ ਸਕਦੀ ਹੈ। ਗਤਿ ਹੈ ਮੁਕਤੀ, ਸਾਨੂੰ ਸਾਡੀ ਗਤਿ ਬਾਰੇ ਪਤਾ ਹੀ ਨਹੀਂ ਹੈ। ਗੁਰੂ ਸਾਹਿਬ ਬਾਣੀ ਵਿਚ ਕਬੀਰ ਜੀ ਦੀ ਰਸਨਾ ਤੋਂ ਕਹਿੰਦੇ ਹਨ, ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ ॥ ਮੈ ਕਿਆ ਜਾਨਉ ਬਾਬਾ ਰੇ ॥ (870)
ਮੈਨੂੰ ਪਤਾ ਨਹੀਂ ਹੈ ਕਿ ਮੈਂ ਜੋ ਕਰਮ ਕਰਦਾ ਹਾਂ ਇਸਦਾ ਪ੍ਰਭਾਵ ਮੇਰੇ ਤੇ ਕੀ ਪੈਂਦਾ ਹੈ। ਇਸ ਗਲ ਨੂੰ ਸਮਝਣ ਲਈ ਸਾਨੂੰ ਬੜੀ ਮਿਹਨਤ ਕਰਨੀ ਪਈ ਕਿ ਕਰਮ ਜਿਹੜਾ ਸਰੀਰਕ ਤਲ ਤੇ ਕੀਤਾ ਜਾਂਦਾ ਹੈ ਉਹ ਤੇ ਪ੍ਰਭਾਵ ਮਗਰੋਂ ਹੈ। ਉਹ ਬਾਹਰੀ ਹੈ ਜਿਹੜਾ ਵੇਖਿਆ ਜਾ ਸਕਦਾ ਹੈ। ਲੇਕਿਨ ਜਿਉਂ ਹੀ ਅੰਦਰੋਂ ਮਾੜਾ ਸੋਚਿਆ ਜਿਉਂ ਹੀ ਸਾਡੇ ਜ਼ਿਹਨ ਵਿਚ ਮਾੜਾ ਖਿਆਲ ਵੀ ਪੈਦਾ ਹੋਇਆ ਇਹ ਆਪਣੇ ਆਪ ਵਿਚ ਸਜ਼ਾ ਹੈ। ਇਸਦੀ ਗਤੀ ਮੈਨੂੰ ਨਹੀਂ ਪਤਾ, ਸਾਨੂੰ ਸਾਰਿਆਂ ਨੂੰ ਇਸੇ ਬਾਰੇ ਨਹੀਂ ਪਤਾ ਹੁੰਦਾ। ‘ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ ॥’ (1384) ਤੇ ਸੰਗ ਕਿਸ ਨਾਲ ਕੀਤਾ? ਭੈੜੀਆਂ ਗੱਲਾਂ ਦੇ ਨਾਲ, ਭੈੜੇ ਖਿਆਲਾਂ ਨਾਲ, ਸ਼ੈਤਾਨੀ ਬਿਰਤੀ ਦੇ ਨਾਲ, ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ ॥ (1384) ਕਾਸ਼ ਮੈਂ ਇਹ ਸ਼ੁਰੂ ਹੀ ਨਾ ਕੀਤਾ ਹੁੰਦਾ। ਮੈਨੂੰ ਪਤਾ ਨਹੀਂ ਹੈ ਕਿ ਮੇਰੇ ਕਰਮਾਂ ਦੀ ਕੀ ਗਤੀ ਹੁੰਦੀ ਹੈ। ਅਤੇ ਜਿਸ ਮਨੁੱਖ ਨੂੰ ਧਾਰਮਕ ਦੁਨੀਆ ਵਿਚ ਕਿਸੇ ਵੀ ਕਰਮ ਕਾਂਡ, ਕਿਸੇ ਵੀ ਪਾਪ-ਪੁੰਨ, ਕਿਸੇ ਵੀ ਤੀਰਥ ਦੇ ਨਾਲ ਆਪਣੇ ਕਰਮਾਂ ਦੀ ਗਤੀ ਠੀਕ ਕਰਵਾਉਣ ਦਾ ਭੁਲੇਖਾ ਪੈ ਜਾਏ, ਭਰਮ ਪੈ ਜਾਏ ਤਾਂ ਉਹ ਮਨੁੱਖ ਇਹ ਸਮਝ ਹੀ ਨਹੀਂ ਪਾਉਂਦਾ ਕਿ ਮੈਂ ਕਿਵੇਂ ਗਤੀ ਪ੍ਰਾਪਤ ਕਰਾਂ। ਜਿਵੇਂ ਸਮਝਦੇ ਹਨ ਕਿ ਪਾਪ ਕਰ ਲਿਆ, ਤੀਰਥ ਤੇ ਚਲੇ ਜਾਉ - ਪਾਪ ਮਾਫ ਹੋ ਗਿਆ। ਜਦੋ ਇਸ ਤਰ੍ਹਾਂ ਮਨ ਬਣ ਜਾਂਦਾ ਹੈ ਕਿ ਪਾਪ ਇੰਜ ਮਾਫ ਹੋ ਜਾਂਦਾ ਹੈ, ਪੰਜ ਬੰਦਿਆਂ ਨੂੰ ਘਰ ਬੁਲਾਕੇ ਰੋਟੀ ਖਿਲਾ ਦੇਵੋ ਤਾਂ ਪਾਪ ਮਾਫ ਹੋ ਜਾਂਦਾ ਹੈ, ਕੋਈ ਦਾਨ ਕਰੋ ਤਾਂ ਪਾਪ ਮਾਫ ਹੋ ਜਾਂਦਾ ਹੈ, ਫਿਰ ਉਹ ਮਨੁੱਖ ਕਰਮਾਂ ਦੀ ਗਤੀ ਦੇ ਬਾਰੇ ਤੇ ਨਹੀਂ ਜਾਣਦਾ ਕਿ ਸਰੀਰ ਤੇ ਕੀ ਵਾਪਰਦੀ ਹੈ, ਪਰ ਉਹ ਮਨੁੱਖ ਬਾਰ-ਬਾਰ ਉਹੀ ਮਾੜੇ ਕਰਮ ਕਰੀ ਜਾਂਦਾ ਹੈ, ਉਨ੍ਹਾਂ ਨੂੰ ਧੋਣ ਲਈ ਕਰਮ ਕਾਂਡ ਕਰੀ ਜਾਂਦਾ ਹੈ। ਕਰਮਾਂ ਦੀ ਗਤੀ ਮੈਨੂੰ ਨਹੀਂ ਪਤਾ ਕਿ ਜਦੋਂ ਮੈਂ ਕਦੀ ਕਿਸੇ ਲਈ ਨਫਰਤ ਆਪਣੇ ਮਨ ਵਿਚ ਰੱਖਦਾ ਹਾਂ ਤਾਂ ਮੇਰੇ ਸਰੀਰ ਤੇ ਕੀ ਵਾਪਰਦੀ ਹੈ। ਕਿਹੜੇ ਅੰਦਰ ਮੰਦੇ ਖਿਅਲਾਂ ਦੇ ਕਿਟਾਣੂ ਬਣਦੇ ਹਨ ਇਹ ਮੈਨੂੰ ਪਤਾ ਨਹੀਂ ਹੈ। ਇਹ ਗਲ ਵਖਰੀ ਹੈ ਕਿ ਗੁਰੂ ਸਾਹਿਬ ਇਨ੍ਹਾਂ ਰਸਾਇਨਾ ਦਾ ਅੰਗ੍ਰੇਜ਼ੀ ਨਾਮ ਜਿਵੇਂ ਕਿ ੳਦਰੲਨੳਲਨਿੲ, ਟੲਸਟੋਸਟੲਰੋਨੲ ਨਹੀਂ ਰੱਖ ਰਹੇ ਹਨ। ਅੱਜ ਦੀ ਜਿਹੜੀ ਕੈਮਿਸਟ੍ਰੀ ਦੀ ਖੋਜ ਹੈ ਉਸ ਮੁਤਾਬਕ ਉਨ੍ਹਾਂ ਕੈਮੀਕਲਸ ਦਾ ਨਾਮ ਨਹੀਂ ਲੈ ਰਹੇ ਹਨ। ਪਰ ਗੁਰੂ ਸਾਹਿਬ ਹਰ ਕੰਮ ਤੋਂ ਸੁਚੇਤ ਕਰਵਾਉਂਦੇ ਹਨ। ਜਿਵੇਂਕਿ - ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥ (1382)
ਮਨ ਅੰਦਰ ਵੈਰ ਨਾ ਰੱਖ, ਨਿਸ਼ਚੇ ਹੀ ਤੈਨੂੰ ਰੋਗ ਨਹੀਂ ਲੱਗੇਗਾ। ਇਸ ਵਿਚ ਤੇਰਾ ਆਪਣਾ ਹੀ ਫਾਇਦਾ ਹੈ। ਅਸੀਂ ਤੇ ਵੈਰ ਛੱਡਦੇ ਨਹੀਂ ਹਾਂ। ਜਦੋਂ ਵੈਰ ਨਹੀਂ ਛੱਡਦੇ ਹਾਂ ਤਾਂ ਸਾਨੂੰ ਨਹੀਂ ਪਤਾ ਕਿ ਇਸ ਨਾਲ ਕੀ ਨੁਕਸਾਨ ਹੁੰਦਾ ਹੈ। ਅਸੀਂ ਇਹ ਸਾਰਾ ਕੁਝ ਸਮਝਿਆ ਕਿ ਗਤ ਕੀ ਹੁੰਦਾ ਹੈ। ਗਤ ਹੁੰਦਾ ਹੈ ਗਤੀ। ਗਤੀ ਹੁੰਦੀ ਹੈ ਮੁਕਤੀ। ਮਾੜੇ ਕਰਮ ਕਰਨ ਵਾਲਾ, ਤੁਸੀਂ ਕਦੀ ਵੀ ਵੇਖ ਲੈਣਾ ਕਿ ਦੁਨੀਆ ਵਿਚ ਜਿਹੜੇ ਲੋਕੀ ਰਿਸ਼ਵਤ ਲੈਂਦੇ ਹਨ, ਜਿਹੜੇ ਠੱਗੀ ਕਰਦੇ ਹਨ, ਕਿਸੇ ਨੂੰ ਪੈਸਾ ਦੇਕੇ ਕਿਸੀ ਨੂੰ ਮਰਵਾ ਦੇਂਦੇ ਹਨ, ਜਿਹੜੇ ਲੋਕੀ ਕਿਸੇ ਦਾ ਕੰਨ ਭਰਕੇ ਕਿਸੇ ਦੂਜੇ ਦਾ ਬਣਿਆ ਬਣਾਇਆ ਕੰਮ ਵਿਗਾੜ ਦੇਂਦੇ ਹਨ, ਪਤਾ ਉਨ੍ਹਾਂ ਨੂੰ ਹੁੰਦਾ ਹੈ ਕਿ ਮੈਂ ਮਾੜਾ ਕੰਮ ਕਰ ਰਿਹਾ ਹਾਂ, ਪਰ ਇਹ ਨਹੀਂ ਪਤਾ ਹੁੰਦਾ ਕਿ ਦੂਜੇ ਦਾ ਮੈਂ ਕੀ ਨੁਕਸਾਨ ਕਰਾਂਗਾ ਮੇਰੇ ਸਰੀਰ ਤੇ ਉਸ ਤੋਂ ਵਧ ਨੁਕਸਾਨ ਹੁੰਦਾ ਹੈ। ਬੱਸ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ। ਇਸ ਕਾਰਨ ਜੋ ਅਸੀਂ ਪਾਪ ਕਰਦੇ ਹਾਂ, ਸਾਨੂੰ ਸਾਡੇ ਮਾੜੇ ਕਰਮ ਦਾ ਪਤਾ ਹੁੰਦਾ ਹੈ, ਉਸ ਮਾੜੇ ਕਰਮਾਂ ਦੇ ਕਾਰਨ, ਜਿਹੜੇ ਦੁਖ ਪ੍ਰਾਪਤ ਕਰਦੇ ਹਾਂ ਉਸ ਤੋਂ ਅਵੇਸਲੇ ਹੁੰਦੇ ਹਾਂ, ਉਹ ਅਸੀਂ ਸੋਚਦੇ ਹਾਂ ਕਿ ਦੁਨੀਆ ਦੁੱਖਾਂ ਦਾ ਘਰ ਹੈ - ਮੁੜਕੇ ਇੱਥੇ ਜਨਮ ਨਾ ਲੈਣਾ ਪਏ। ਇਸ ਲਈ ਰੱਬਾ ਮੈਂ ਕੁਝ ਐਸਾ ਕਰਾਂਗਾ ਤੁਸੀਂ ਮੈਨੂੰ ਦੁਬਾਰਾ ਪੈਦਾ ਹੀ ਨਹੀਂ ਕਰ ਪਾਉਗੇ। ਮੈਂ ਆਵਾਗਉਣ ਤੋਂ ਮੁਕਤ ਹੋ ਜਾਵਾਂਗਾ। ਇਸਦਾ ਮਤਲਬ ਜਿਹੜਾ ਅਸੀਂ ਭਾਣੇ ਅੰਦਰ ਜੰਮਦੇ ਹਾਂ, ਭਾਣੇ ਅੰਦਰ ਮਰਦੇ ਹਾਂ, ਇਸਨੂੰ ਅਸੀਂ ਮੰਨਣ ਨੂੰ ਹੀ ਤਿਆਰ ਨਹੀਂ ਹਾਂ। ਇਹ ਰੱਬੀ ਨਿਯਮ ਨੂੰ ਅਸੀਂ ਚੁਣੌਤੀ ਦੇ ਦਿੱਤੀ। ਰੱਬ ਨੇ ਸਾਡੇ ਕੋਲੋਂ ਪੁੱਛਕੇ ਸਾਨੂੰ ਜਨਮ ਨਹੀਂ ਦਿੱਤਾ। ਅਸੀਂ ਕਿਵੇਂ ਦਾਅਵੇ ਨਾਲ ਕਹਿੰਦੇ ਹਾਂ ਕਿ ਰੱਬ ਨੇ ਮੈਨੂੰ ਕਿਹੜੇ ਕਰਮਾਂ ਕਰਕੇ ਮਨੁੱਖਾ ਦੇਹ ਦਿੱਤੀ ਹੈ। ਕਿਉਂਕਿ ਅਸੀਂ ਆਪ ਹੀ ਘੜ ਲਿਆ ਕਿ ਪਹਿਲਾਂ ਅਸੀਂ ਕੁੱਤਾ, ਬਿੱਲੀ ਆਦਿ ਸੀ। ਫਲਾਣੇ-ਫਲਾਣੇ ਕਰਮ ਕੀਤੇ ਸਨ ਤਾਂ ਫਿਰ ਸਾਨੂੰ ਮਨੁੱਖਾ ਦੇਹ ਮਿਲੀ ਹੈ। ਇਸ ਕਾਰਨ ਮਰਨ ਮਗਰੋਂ ਮੁਕਤੀ ਦਾ ਖਿਆਲ ਜਾਂ ਧਰਮ ਦੁਨੀਆ ਨੂੰ ਪੜ੍ਹਾਣ ਦਾ ਪ੍ਰਚਲਤ ਹੋ ਗਿਆ ਤੇ ਦੁਨੀਆ ਨੇ ਵੀ ਇਹੋ ਮੰਨ ਲਿਆ।
ਗੁਰਬਾਣੀ ਹਰ ਮਨੁੱਖ ਨੂੰ ਬਿਨਾ ਵਿਤਕਰੇ ਦੇ ਜਿਊਂਦੇ ਜੀ ਮੁਕਤ ਹੋਣ ਦਾ ਰਾਹ ਦਿਖਾਂਦੀ ਹੈ। ਗੁਰਬਾਣੀ ਅਨੁਸਾਰ ਸਤਿਗੁਰ ਹੁੰਦਾ ਹੈ ਸੱਚ ਦਾ ਗਿਆਨ ਜੋ ਕਿ ਵਿਸ਼ਵਵਿਆਪੀ ਹੁੰਦਾ ਹੈ ਤੇ ਜਿਹੜਾ ਮਰਜ਼ੀ ਮਨੱਖ ਲੈ ਲਵੇ। ਜਿਹੜਾ ਆਪਣੀ ਗਤੀ ਅੱਜ ਕਰਵਾਉਣਾ ਚਾਹੁੰਦਾ ਹੈ ਉਹ ਲੈ ਲਵੇ ਭਾਵੇਂ ਜਿਸ ਮਰਜ਼ੀ ਮਜ਼ਹਬ ਦਾ ਹੋਵੇ। ਬਚਪਨ ਤੋਂ ਗੁਰਬਾਣੀ ਸੁਣਦੇ ਅਤੇ ਪੜ੍ਹਦੇ ਹਨ ਇਸ ਲਈ ਉਸਦਾ ਸਤਿਕਾਰ ਕਰਦੇ ਹਨ। ਇਹ ਗਲ ਵਖਰੀ ਹੈ ਕਿ ਸਿੱਖ ਸਤਿਕਾਰ ਕਰਦੇ ਹਨ ਪਰ ਸਾਰੀ ਦੁਨੀਆ ਇਸਨੂੰ ਲੈ ਸਕਦੀ ਹੈ। ਸਾਰੀ ਦੁਨੀਆ ਬਿਨਾ ਵਿਤਕਰੇ ਤੋਂ, ਬਿਨਾ ਪੱਖਪਾਤ ਤੋਂ ਇਸਨੂੰ ਸਮਝਣ ਦਾ ਜਤਨ ਕਰੇ। ਕਾਸ਼! ਸਿੱਖਾਂ ਨੂੰ ਵੀ ਇਹ ਜਾਚ ਆਵੇ ਕਿ ਉਹ ਐਸੇ-ਐਸੇ ਉਪਰਾਲੇ ਕਰਨ ਕਿ ਜਿਹੜੇ ਲੋਕੀ ਬਾਣੀ ਨਹੀਂ ਪੜ੍ਹਦੇ ਹਨ ਉਨ੍ਹਾਂ ਤਕ ਇਸ ਦਾ ਸੁਨੇਹਾ ਪਹੁੰਚਾਉਣ। ਲੋਕ ਇਸ ਮਾਡਰਨ ਸੁਨੇਹੇ ਨੂੰ ਲੈਣ ਦੀ ਉਡੀਕ ਕਰ ਰਹੇ ਹਨ। ਇਸ ਵਿਚ ਸਾਰੀ ਦੁਨੀਆ ਦਾ ਫਾਇਦਾ ਹੋ ਸਕਦਾ ਹੈ ਸਾਰੇ ਸੁਖੀ ਹੋ ਸਕਦੇ ਹਨ। ਗੁਰਮਤ ਵਿਚਾਰ ਜਿਊਂਦਿਆਂ ਮੁਕਤੀ ਪ੍ਰਾਪਤ ਕਰਨ ਲਈ ਸੱਚਾ ਫਲਸਫਾ ਸਾਨੂੰ ਸਮਝਾਉਂਦੀ ਹੈ।
ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥
ਸੰਕਟ ਕਿਸਦਾ ਹੈ? ਹਉਮੈ ਆਦਿ ਵਿਕਾਰਾਂ ਦਾ ਸੰਕਟ ਹੈ! ਇਹੀ ਅਉਖੀ ਘੜੀ ਹੈ ਅਤੇ ਇਸੇ ਤੋਂ ਹੀ ਖਲਾਸੀ ਕਰਵਾਉਣੀ ਹੈ, ਇਹ ਵਿਕਾਰ ਮੈਨੂੰ ਅੰਦਰੋਂ ਸਤਾਉਂਦੇ ਹਨ ‘ਜੋ ਤੈ ਮਾਰਨਿ ਮੁਕੀਆਂ’ ਮੈਨੂੰ ਤੰਗ ਕਰਦੇ ਹਨ। ਇਹ ਵਾਲੀਆਂ ਸਾਰੀਆਂ ਔਖੀਆਂ ਘੜੀਆਂ ਮੈਨੂੰ ਮੇਰਾ ਸਤਿਗੁਰ ਵੇਖਣ ਨਹੀਂ ਦੇਂਦਾ।
‘ਅਉਖੀ ਘੜੀ ਨ ਦੇਖਣ ਦੇਈ’, ਮੇਰਾ ਸਤਿਗੁਰ ਮੈਨੂੰ ਸਚ ਸਮਝਾ ਦੇਂਦਾ ਹੈ। ਅਉਖੀ ਘੜੀ ਅੰਤਰ-ਆਤਮਕ ਤੋਰ ਤੇ ਸਤਾਉਂਦੀ ਨਹੀਂ ਹੈ। ਮੇਰਾ ਮਨ ਸਾਫ ਕਰ ਦੇਂਦੀ ਹੈ। ਇਸ ਦਾ ਮਤਲਬ ਮੈਲਾ ਮਨ ਹੀ ਸੰਕਟ ਹੋ ਗਿਆ। ਮਨ ਮੈਲਾ ਹੁੰਦਾ ਹੈ ਵਿਕਾਰਾਂ ਦੇ ਨਾਲ। ਮੈਲੇ ਮਨ ਦੇ ਕਾਰਨ ਜਿਹੜੀ ਸਾਡੀ ਅੰਦਰ ਦੀ ਜ਼ਮੀਰ ਹੈ, ਜਿਹੜਾ ਸਾਡਾ ਅੰਤਰ ਆਤਮਾ ਜੋ ਕਿ ਸਭ ਦੇ ਅੰਦਰ ਇਕੋ ਜਿਹਾ ਹੈ, ਉਸ ਦੀ ਆਵਾਜ਼ ਸੁਣਾਈ ਨਹੀਂ ਦੇਂਦੀ। ਸਾਨੂੰ ਬਾਹਰੋਂ-ਬਾਹਰੋਂ ਲੋਕੀ ਕੁਝ ਵੀ ਕਰਦੇ ਵਿਖ ਜਾਂਦੇ ਹਨ, ਕੋਈ ਚੰਗਾ, ਕੋਈ ਮੰਦਾ, ਕੋਈ ਸਾਧੂ, ਕੋਈ ਸ਼ੈਤਾਨ ਲਗਦਾ ਹੈ ਲੇਕਿਨ ਅੰਦਰ ਸਭਦੇ ਰੱਬ ਜੀ ਵਸਦੇ ਹਨ। ਇਸ ਲਈ ਅੰਦਰੋਂ ਸਾਰੇ ਸੱਚੇ ਹਨ। ਇਹ ਗਲ ਸਾਨੂੰ ਮੰਨਣੀ ਪਏਗੀ, ਸਭ ਦੀ ਜ਼ਮੀਰ ਸੱਚੀ ਹੈ ਲੇਕਿਨ ਉਸਦੇ ਉੱਤੇ ਮੈਲੇ ਮਨ ਦੀ ਪਰਤ ਚੜ ਗਈ ਹੈ। ਜਿਵੇਂ ਅਸੀਂ ਕਾਰ ਚਲਾਈਏ ਅਤੇ ਧੁੰਦ ਛਾਅ ਜਾਏ, ਸੋ ਕਾਰ ਅੰਦਰੋਂ ਸਾਫ-ਸੁਥਰੀ ਹੈ, ਅੰਦਰੋਂ ਵੇਖੋ ਸ਼ੀਸ਼ਾ ਸਾਫ ਹੈ, ਲੇਕਿਨ ਬਾਹਰੋਂ ਧੁੰਦ ਦੇ ਕਾਰਨ ਸ਼ੀਸ਼ੇ ਤੋਂ ਆਰ-ਪਾਰ ਵੇਖਿਆ ਨਹੀਂ ਜਾ ਸਕਦਾ। ਬਾਹਰੀ ਵਾਤਾਵਰਨ ਦੇ ਦਬਾਅ ਦੇ ਕਾਰਨ ਸਾਨੂੰ ਉਸਦੀ ਸਫਾਈ ਕਰਨੀ ਪੈਂਦੀ ਹੈ। ਉਹ ਸਫਾਈ ਮਨ ਦੀ ਕਰਨੀ ਹੈ। ਜੇ ਮਨ ਸਾਫ ਹੋ ਜਾਏ ਤਾਂ ਫਿਰ ਸੰਕਟ ਮਿਟ ਜਾਂਦਾ ਹੈ। ਹੁਣ ਇਸ ਬਾਰੇ ਅਸੀਂ ਅੱਜ ਦੇ ਸਲੋਕ ਬਾਰੇ ਵਿਚਾਰ ਕਰਦੇ ਹਾਂ।
ਸਾਰੀ ਦੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਖੇੜੇ ਲਈ ਹੈ, ਵਿਗਾਸ ਲਈ ਹੈ। ਮਨੁੱਖ ਇਸ ਅਨੁਸਾਰ ਜਿਊ ਕੇ ਸਦੀਵੀਂ ਖੁਸ਼ੀ ਪ੍ਰਾਪਤ ਕਰ ਸਕਦਾ ਹੈ। ਇਸੇ ਨੂੰ ਹੀ ਰੱਬੀ ਇਕਮਿਕਤਾ, ਰੱਬੀ ਮਿਲਨ ਅਤੇ ਜਿਊਂਦਿਆਂ ਮੁਕਤੀ ਕਹਿੰਦੇ ਹਨ। ਇਸ ਪ੍ਰਕਰਨ ਰਾਹੀਂ ਗੁਰੂ ਸਾਹਿਬ ਬਾਰ ਬਾਰ ਸਾਨੂੰ ਸੁਚੇਤ ਕਰਦੇ ਹਨ ਕਿ ਐ ਮਨੁੱਖ! ਤੇਰੇ ਅੰਦਰ ਹੰਕਾਰ ਹੈ, ਹੰਕਾਰ ਦਾ ਕੰਡਾ ਤੈਨੂੰ ਚੁਭਦਾ ਹੈ ਅਤੇ ਹੰਕਾਰ ਦੇ ਕਾਰਨ ਬਾਕੀ ਦੇ ਸਾਰੇ ਆਸ਼ਾ, ਤ੍ਰਿਸ਼ਨਾ, ਕਾਮ, ਕ੍ਰੋਧ, ਲੋਭ, ਮੋਹ ਆਦਿ ਨਾਲ ਆ ਕੇ ਸਤਾਉਂਦੇ ਹਨ। ਇਨ੍ਹਾਂ ਤੋਂ ਮੁਕਤ ਹੋ, ਇਨ੍ਹਾਂ ਤੋਂ ਮੁਕਤ ਨਹੀਂ ਹੁੰਦਾ ਹੈਂ ਮੁਕਤ ਹੋਣ ਲਈ ਤੂੰ ਰੱਬੀ ਗੁਣ ਗਾਇਆ ਕਰ। ‘ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥’ ਕਰਦਾ ਰਹਿੰਦਾ ਹੈਂ। ਇਹ ਸਾਰੀਆਂ ਗੱਲਾਂ ਸੋਚ, ਤੂੰ ਜੋ ਕੁਝ ਵੀ ਦੁਨੀਆ ਭਰ ਦਾ ਕਰਮ ਕਰਦਾ ਹੈਂ, ਕਰਕੇ ਮਿੱਟੀ ਪਾ ਲੈਂਦਾ ਹੈ। ‘ਜਿਉ ਕੁੰਚਰ ਇਸਨਾਨੁ’ ਜਿਵੇਂ ਹਾਥੀ ਨਹਾਕੇ ਆਪਣੇ ਤੇ ਮਿੱਟੀ ਪਾ ਲੈਂਦਾ ਹੈ। ਬਾਰ-ਬਾਰ ਹਾਥੀ ਦਾ ਪ੍ਰਤੀਕ ਸਮਝਾਕੇ ਹੰਕਾਰ ਦੇ ਨਾਲ ਜੋੜਦੇ ਹਨ। ਸਾਰੀ ਦੁਨੀਆ ਮੰਨਦੀ ਹੈ ਕਿ ਹਾਥੀ ਬਲਵਾਨ ਹੁੰਦਾ ਹੈ, ਬੁੱਧੀਮਾਨ ਹੁੰਦਾ ਹੈ ਪਰ ਅੱਕਲ ਨੂੰ ਵਰਤਦਾ ਨਹੀਂ ਹੈ। ਪਰ ਜੇ ਇਸਤੇਮਾਲ ਨਾ ਕਰੋ ਤਾਂ ਫਿਰ ਤੇ ਅੱਕਲ ਹੋਈ ਨਾ ਹੋਈ ਇਕ ਬਰਾਬਰ ਹੈ। ਜਿਸ ਮਨੁੱਖ ਕੋਲ ਪੈਸਾ ਢੇਰ ਸਾਰਾ ਹੋਵੇ ਪਰ ਉਸਨੂੰ ਖਰਚੇ ਨਾ, ਵਰਤੇ ਨਾ ਤਾਂ ‘ਜਿਹਾ ਹੋਇਆ ਤੇਹਾ ਨਾ ਹੋਇਆ’।
ਗੁਰੂ ਸਾਹਿਬ ਸਾਡਾ ਧਿਆਨ ਹੰਕਾਰ ਵਾਲੇ ਪਾਸੇ ਦੁਆ ਰਹੇ ਹਨ। ਸਾਰੇ ਸਲੋਕਾਂ ਵਿਚ, ਹਰ ਤਿੰਨ-ਚਾਰ ਸਲੋਕਾਂ ਪਿੱਛੋਂ ਹਉਮੈ, ਅਹੰ, ਹੰਕਾਰ, ਗਰਬ, ਮਦਿ ਮਾਇਆ ਕੈ ਅੰਧੁ, ਇਹ ਸਾਰੇ ਲਫ਼ਜ਼ ਵਰਤਦੇ ਹਨ ਤਾਂ ਹੰਕਾਰ ਦੇ ਬਾਰੇ ਕਹਿਕੇ ਸਾਨੂੰ ਇਹ ਸਮਝਾਂਦੇ ਹਨ ਕਿ ਤੂੰ ਹਾਥੀ ਵਾਂਗੂੰ ਹੰਕਾਰ ਕਰਦਾ ਹੈਂ। ਐ ਮਨੁੱਖ ਬੁੱਧੀ ਤੇ ਤੇਰੇ ਕੋਲ ਹੈ, ਹਾਥੀ ਨੂੰ ਜਬਰਦਸਤੀ ਅੰਕੁਸ਼ ਲਗਾਣਾ ਪੈਂਦਾ ਹੈ - ‘ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥’ ਅੰਕੁਸ਼ ਇਕ ਹਥਿਆਰ ਹੁੰਦਾ ਹੈ ਜੋ ਕਿ ਹਾਥੀ ਦੇ ਸਿਰ ਤੇ ਮਾਰਕੇ ਉਸਨੂੰ ਕਾਬੂ ਕੀਤਾ ਜਾਂਦਾ ਹੈ।
ਅਹਰਣਿ - ਜਦੋਂ ਤੁਸੀਂ ਲੁਹਾਰ ਦੇ ਕੋਲ ਜਾਉ ਤਾਂ ਉਸਨੇ ਲੋਹੇ ਨੂੰ ਗਰਮ ਕੀਤਾ ਹੈ, ਉਸਨੂੰ ਜਿਸ ਦੇ ਉੱਤੇ ਰੱਖਦਾ ਹੈ, ਉਹ ਅਹਰਣਿ ਕਹਿਲਾਉਂਦਾ ਹੈ। ਜਿਸ ਉੱਤੇ ਲੋਹੇ ਨੂੰ ਰੱਖਕੇ ਹਥੌੜੇ ਦੀ ਚੋਟ ਮਾਰਦਾ ਹੈ ਉਸਨੂੰ ਅਹਰਣਿ ਕਹਿੰਦੇ ਹਨ। ‘ਜਤੁ ਪਾਹਾਰਾ ਧੀਰਜੁ ਸੁਨਿਆਰੁ ॥ ਅਹਰਣਿ ਮਤਿ ਵੇਦੁ ਹਥੀਆਰੁ ॥’ (8) ਕਹਿੰਦੇ ਹਨ ਕਿ ਸੱਚ ਦੇ ਗਿਆਨ ਦਾ ਹਥੋੜਾ ਪੈਂਦਾ ਹੈ ਤਾਂ ਥੱਲੇ ਅਹਰਣਿ ਹੈ ਤੇ ਤੇਰੀ ਮਤ ਘੜੀ ਜਾਂਦੀ ਹੈ - ਸੁਰਤ, ਮਤ, ਮਨ, ਬੁਧਿ ਉੱਥੇ ਘੜੀ ਜਾਂਦੀ ਹੈ।
‘ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥ ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥ ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥’
ਇਹ ਬਾਹਰਲੀ ਸ੍ਰਿਸ਼ਟੀ ਦੀ ਗਲ ਨਹੀਂ ਚਲ ਰਹੀ, ਆਪਣੀ ਅੰਦਰਲੀ ਸ੍ਰਿਸ਼ਟੀ ਦਾ ਰਾਜ ਲੈ ਸਕਦਾ ਹੈਂ, ਆਪਣੇ ਇਸ ਸਰੀਰ ਦਾ ਰਾਜ ਤੂੰ ਮਾਣ ਸਕਦਾ ਹੈਂ ਸਾਰੇ ਸੁਰਤ, ਮੱਤ, ਮਨ, ਬੁਧ, ਇੰਦ੍ਰੇ ਅਤੇ ਗਿਆਨ-ਇੰਦ੍ਰੇ ਤੇਰੇ ਕਾਬੂ ਆ ਜਾਣਗੇ।




.