.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਆਤਮ ਨਿਰਭਰਤਾ

ਗੁਰਬਾਣੀ ਦਾ ਸੱਚ ਸਾਰੀ ਦੁਨੀਆਂ ਦਾ ਸਾਂਝਾ ਉਪਦੇਸ਼ ਹੈ। ਵਿਕਸਤ ਮੁਲਕਾਂ ਨੇ ਭਾਂਵੇਂ ਗੁਰਬਾਣੀ ਨਹੀਂ ਪੜ੍ਹੀ ਪਰ ਗੁਰਬਾਣੀ ਵਾਲੇ ਸਦੀਵ ਕਾਲ ਸੱਚ ਨੂੰ ਉਹਨਾਂ ਸਮਝਿਆ ਤੇ ਆਪਣੇ ਆਪਣੇ ਮੁਲਕਾਂ ਵਿੱਚ ਲਾਗੂ ਕੀਤਾ ਹੈ। ਏਹੀ ਕਾਰਨ ਹੈ ਕਿ ਅਸੀਂ ਆਪਣਾ ਮੁਲਕ ਛੱਡ ਕੇ ਅਮਰੀਕਾ, ਕਨੇਡਾ, ਨਿਉਜ਼ੀਲੈਂਡ, ਆਸਟ੍ਰੇਲੀਆ ਵਰਗੇ ਮੁਲਕਾਂ ਵਿੱਚ ਰਹਿਣ ਨੂੰ ਤਰਜੀਹ ਦੇਂਦੇ ਹਾਂ। ਇਹਨਾਂ ਮੁਲਕਾਂ ਦੀਆਂ ਸਰਕਾਰਾਂ ਨੇ ਹਰੇਕ ਮਨੁੱਖ ਨੂੰ ਆਤਮ ਨਿਰਭਰ ਬਣਾਉਣ ਲਈ ਸਿਲਸਿਲੇ ਵਾਰ ਕੰਮ ਕੀਤਾ ਹੈ। ਵਿਕਸਤ ਮੁਲਕਾਂ ਨੇ ਨਿਜਾਮ ਇਸ ਤਰੀਕੇ ਦਾ ਕਾਇਮ ਕੀਤਾ ਹੋਇਆ ਹੈ ਕਿ ਹਰੇਕ ਨੂੰ ਕੰਮ ਕਰਨਾ ਹੀ ਪੈਣਾ ਹੈ। ਬੱਚਿਆਂ ਦੀ ਪੈਨਸ਼ਨ ਲੱਗੀ ਹੋਈ ਹੈ, ਬਜ਼ੁਰਗਾਂ ਦੀ ਸੇਵਾ ਸੰਭਾਲ਼ ਏਦਾਂ ਦੀ ਦੇਖੀ ਜਾਂਦੀ ਹੈ ਜਿਹੜੀ ਅਸੀਂ ਘਰ ਵਿੱਚ ਵੀ ਨਹੀਂ ਕਰ ਸਕਦੇ। ਜੇ ਕੋਈ ਬੇ-ਰੁਜ਼ਗਾਰ ਹੈ ਤਾਂ ਸਰਕਾਰ ਉਸ ਨੂੰ ਭੱਤਾ ਦੇਂਦੀ ਹੈ। ਅਠ੍ਹਾਰਾਂ ਸਾਲ ਦਾ ਬੱਚਾ ਆਪਣੇ ਆਪ `ਤੇ ਨਿਰਭਰ ਹੋ ਜਾਂਦਾ ਹੈ। ਤਸਵੀਰ ਦੇ ਦੁਜੇ ਪਾਸੇ ਸਰਕਾਰਾਂ ਦਾ ਬਦ ਇੰਤਜ਼ਾਮ ਹੋਣ ਕਰਕੇ ਘਰ ਵਿੱਚ ਇੱਕ ਕਮਾਉਣ ਵਾਲਾ ਹੈ ਤੇ ਸਾਰਾ ਟੱਬਰ ਬੈਠ ਕੇ ਖਾਣ ਵਾਲਾ ਹੈ। ਸਰਕਾਰੀ ਨੌਕਰੀਆਂ ਲਈ ਲੋਕ ਤਰਸਦੇ ਫਿਰਦੇ ਹਨ। ਹਰੇਕ ਨੂੰ ਆਪਣੇ ਆਪਣੇ ਪਰਵਾਰ ਦੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਗੁਰੂ ਸਾਹਿਬ ਜੀ ਨੇ ਹਰੇਕ ਨੂੰ ਆਤਮ ਨਿਰਭਰ ਹੋਣ ਲਈ ਸਮਝਾਇਆ ਹੈ----
ਨਹ ਚਿੰਤਾ ਮਾਤ ਪਿਤ ਭ੍ਰਾਤਹ, ਨਹ ਚਿੰਤਾ ਕਛੁ ਲੋਕਕਹ।।
ਨਹ ਚਿੰਤਾ ਬਨਿਤਾ ਸੁਤ ਮੀਤਹ, ਪ੍ਰਵਿਰਤਿ ਮਾਇਆ ਸਨਬੰਧਨਹ।।
ਦਇਆਲ ਏਕ ਭਗਵਾਨ ਪੁਰਖਹ, ਨਾਨਕ ਸਰਬ ਜੀਅ ਪ੍ਰਤਿਪਾਲਕਹ।। ੧੫।।
ਅੱਖਰੀਂ ਅਰਥ--— ਮਾਂ ਪਿਉ ਭਰਾ ਇਸਤ੍ਰੀ ਪੁੱਤਰ ਮਿੱਤਰ ਅਤੇ ਹੋਰ ਲੋਕ ਜੋ ਮਾਇਆ ਵਿੱਚ ਪਰਵਿਰਤ ਹੋਣ ਕਰਕੇ (ਸਾਡੇ) ਸਨਬੰਧੀ ਹਨ, ਇਹਨਾਂ ਵਾਸਤੇ ਕਿਸੇ ਤਰ੍ਹਾਂ ਦੀ ਚਿੰਤਾ ਵਿਅਰਥ ਹੈ।
ਹੇ ਨਾਨਕ! ਸਾਰੇ ਜੀਵਾਂ ਦਾ ਪਾਲਣ ਵਾਲਾ ਦਇਆ ਦਾ ਸਮੁੰਦਰ ਇੱਕ ਭਗਵਾਨ ਅਕਾਲ ਪੁਰਖ ਹੀ ਹੈ।
ਵਿਚਾਰ ਚਰਚਾ
੧ ਕੀ ਜਿਸ ਮਾਂ ਬਾਪ ਨੇ ਸਾਨੂੰ ਜਨਮ ਦਿੱਤਾ ਹੈ ਉਹਨਾਂ ਦੀ ਸੇਵਾ ਸੰਭਾਲ਼ ਨਹੀਂ ਕਰਨੀ ਚਾਹੀਦੀ?
੨ ਕੀ ਭੈਣ ਭਰਾਵਾਂ, ਪਤਨੀ ਬੱਚਿਆਂ ਅਤੇ ਮਿੱਤਰਾਂ ਨਾਲ ਸਾਨੂੰ ਮੇਲ ਮਿਲਾਪ ਨਹੀਂ ਰੱਖਣਾ ਚਾਹੀਦਾ?
੩ ਕੀ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਦੇ ਸਿਧਾਂਤ ਨੂੰ ਮੰਨਣ ਵਾਲਾ ਪਰਵਾਰਕ ਜੀਆਂ ਤੋਂ ਮੋਹ ਤੋੜ ਲਏ?
੪ ਇਸ ਸਲੋਕ ਵਿੱਚ ਅਸਲ ਮੁੱਦਾ ਹੈ ਕਿ ਹਰੇਕ ਮਨੁੱਖ ਨੂੰ ਸਵੈ-ਨਿਰਭਰ ਹੋਣਾ ਚਾਹੀਦਾ ਹੈ ਤੇ ਦੁਜਿਆਂ ਦੀ ਬੇ-ਲੋੜੀ ਚਿੰਤਾ ਨਹੀਂ ਹੋਣੀ ਚਾਹੀਦੀ। ਅਜੇਹੀ ਚਿੰਤਾ ਸਮਾਜ ਵਿੱਚ ਵਿਹਲੜਿਆਂ ਨੂੰ ਜਨਮ ਦੇਂਦੀ ਹੈ।
੫ ਬਹੁਤੀ ਵਾਰੀ ਅਸੀਂ ਆਪਣੇ ਬੱਚਿਆਂ ਨੂੰ ਸਵੈਨਿਰਭਰ ਬਣਾਉਣ ਦੀ ਥਾਂ `ਤੇ ਉਹਨਾਂ ਲਈ ਗਲਤ ਤਰੀਕਿਆਂ ਨਾਲ ਮਾਇਆ ਕਮਾ ਕੇ ਆਤਮਕ ਤੌਰ ਤੇ ਲੂਲ੍ਹੇ ਲੰਗੜੇ ਬਣਾ ਰਹੇ ਹਾਂ।
੬ ਇਹ ਸਮਝਣ ਵਾਲਾ ਮੁੱਦਾ ਹੈ ਕਿ ਜੇ ਰੱਬ ਸਾਰਿਆਂ ਨੂੰ ਰਿਜ਼ਕ ਦੇਂਦਾ ਹੈ ਤਾਂ ਕੀ ਅਸੀਂ ਆਪ ਮਿਨਹਤ ਕਰਨੀ ਛੱਡ ਦਈਏ?
੭ ਰੱਬ ਸਾਰਿਆਂ ਨੂੰ ਦੇਂਦਾ ਹੈ ਦਾ ਭਾਵ ਅਰਥ ਹੈ ਕਿ ਸਾਨੂੰ ਰੱਬ ਜੀ ਨੇ ਅੱਖਾਂ ਹੱਥ ਪੈਰ ਆਦ ਸਾਰਾ ਸਰੀਰ ਦਿੱਤਾ ਹੋਇਆ ਹੈ ਤਾਂ ਸਾਨੂੰ ਆਪ ਮਿਹਨਤ ਕਰਨੀ ਚਾਹੀਦੀ ਹੈ। ਦੂਜਾ ਕਿਰਤ ਦੇ ਸਾਧਨ ਪੈਦਾ ਕਰਨੇ ਚਾਹੀਦੇ ਹਨ।
੮ ਹਾਂ ਸਾਨੂੰ ਚਿੰਤਾ ਬੱਚਿਆਂ ਦੀ ਪੜ੍ਹਾਈ ਦੇ ਇੰਤਜ਼ਾਮ ਦੀ ਬਜ਼ੁਰਗ ਮਾਤਾ ਪਿਤਾ ਦੀ ਸੇਵਾ ਸੰਭਾਲ਼ ਦੀ ਗੱਲ ਕੀ ਪਰਵਾਰ ਦੇ ਹਰੇਕ ਜੀਅ ਨੂੰ ਸਵੈ ਨਿਰਭਰ ਬਣਾਉਣ ਦੀ ਹੋਣੀ ਚਾਹੀਦੀ ਹੈ।
੯ ਸਭ ਜੀਆਂ ਦੀ ਰੱਬ ਪ੍ਰਤਿਪਾਲਣਾ ਕਰਨ ਤੋਂ ਭਾਵ ਹੈ ਇਮਾਨਦਾਰੀ, ਵਫ਼ਾਦਾਰੀ, ਸਖਤ, ਮਿਹਨਤ, ਜ਼ਿੰਮੇਵਾਰੀ ਦਾ ਅਹਿਸਾਸ, ਸੰਤੋਖੀ, ਹੁਨਰ ਨੂੰ ਸਿੱਖਣ ਤੋਂ ਆਉਂਦਾ ਹੈ।
੧੦ ਦੁਖਾਂਤ ਹੈ ਕਿ ਸਾਡੀਆਂ ਸਰਕਾਰਾਂ ਨੇ ਕੋਈ ਠੋਸ ਨੀਤੀਆਂ ਨਹੀਂ ਬਣਾਈਆਂ ਜਿਸ ਨਾਲ ਹਰੇਕ ਮਨੁੱਖ ਨੂੰ ਰੁਜ਼ਗਾਰ ਮਿਲ ਸਕੇ। ਬੱਚਿਆਂ ਨੂੰ ਪੜ੍ਹਾਈ ਲਈ ਆਪਣੇ ਆਪ ਦਾਖਲੇ ਮਿਲਦੇ ਜਾਣ। ਅਜੇਹਾ ਕਰਨ ਵਿੱਚ ਅਸੀਂ ਫੇਲ੍ਹ ਹਏ ਹਾਂ ਤੇ ਦੋਸ਼ ਰੱਬ ਜੀ ਨੂੰ ਦੇ ਰਹੇ ਹਾਂ।
੧੧ ਸਭ ਤੋਂ ਵੱਡੀ ਗੱਲ ਕਿ ਗਲਤ ਤਰੀਕਿਆਂ ਨਾਲ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਹੁੰਣੀ ਚਾਹੀਦੀ।
੧੨ ਕੀ ਜਿੰਨ੍ਹਾਂ ਨੂੰ ਰੱਜ਼ੀ ਰੋਟੀ ਨਹੀਂ ਮਿਲਦੀ ਉਨ੍ਹਾਂ`ਤੇ ਰੱਬ ਦੀ ਕੋਈ ਕਰੋਪੀ ਹੈ? ਨਹੀਂ ਇਹ ਸਰਕਾਰਾਂ ਦੇ ਬਦ-ਇੰਤਜ਼ਾਮ ਦੀ ਮੂੰਹ ਬੋਲਦੀ ਤਸਵੀਰ ਹੈ।
੧੩ ਸਿਹਤ, ਪੜ੍ਹਾਈ ਤੇ ਹਰ ਪ੍ਰਕਾਰ ਦੇ ਵਿਕਾਸ ਦੀ ਜ਼ਿੰਮੇਵਾਰੀ ਸਾਡੇ ਸਮਾਜ ਤਥਾ ਸਰਕਾਰ `ਤੇ ਆਉਂਦੀ ਹੈ ਪਰ ਉਦਮ ਮਨੁੱਖ ਨੂੰ ਹੀ ਕਰਨਾ ਪੈਣਾ ਹੈ---
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ।।
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ।। ੧।।
ਸਲੋਕ ਮ: ੫ ਪੰਨਾ ੫੨੨




.