ਰੱਬੀ ਮਿਲਨ
ਦੀ ਬਾਣੀ
ਸਲੋਕ ਮ: ੯
ਦੀ ਵਿਚਾਰ
ਚੁਰੰਜਵਾਂ ਸਲੋਕ
ਵੀਰ ਭੁਪਿੰਦਰ
ਸਿੰਘ
54. ਚੁਰੰਜਵਾਂ ਸਲੋਕ -
ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥
ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥54॥
ਐ ਮੇਰੇ ਮਨ! ਜੇ ਤੇਰੇ ਕੋਲ ਬਿਬੇਕ ਬੁਧੀ ਹੈ ਤਾਂ ਤੂੰ ਹਰ ਹਾਲਾਤ ਵਿਚ ਵਿਕਾਰਾਂ (ਖਾਹਿਸ਼ਾਂ) ਤੇ
ਕਾਬੂ ਪਾ ਸਕੇਂਗਾ। ਤੈਨੂੰ ਸਭ ਜਗਾਹ ਵਰਤਣਾ ਆ ਜਾਵੇਗਾ। ਜਦੋਂ ਸਤਿਗੁਰ ਦੀ ਗਲ ਸੁਣਦਾ ਅਤੇ ਮੰਨਦਾ
ਹੈ ਤਾਂ ਮਨੁੱਖ ਆਪਣੇ ਮਨ ਕੀ ਮੱਤ ਦੀਆਂ ਚਤੁਰਾਈਆਂ ਸਿਆਣਪਾ ਛੱਡ ਦੇਂਦਾ ਹੈ। ਜਦੋਂ ‘ਬਲੁ ਹੋਆ
ਬੰਧਨ ਛੁਟੇ’ ਵਾਲੀ ਅਵਸਥਾ ਸਾਨੂੰ ਸਮਝ ਆਵੇਗੀ ਤਾਂ ਮਨ ਨੂੰ ਸੁਖ, ਚੈਨ ਮਹਿਸੂਸ ਹੋਵੇਗਾ ਤਾਂ ਪਤਾ
ਲੱਗੇਗਾ ਕਿ ਸਭ ਜਗਾਹ ਸਾਡਾ ਰਿਸ਼ਤਾ ਪਿਆਰ ਭਰਿਆ ਹੋ ਗਿਆ ਹੈ ‘ਘਟਿ ਘਟਿ
ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥’
ਪਹਿਲੇ ਸਲੋਕ ਨੂੰ ਦੂਜੇ ਨਾਲ ਰਲਾਕੇ ਪੜ੍ਹਾਂਗੇ ਤਾਂ ਪਤਾ ਲੱਗੇਗਾ ਕਿ ਗੁਰੂ ਸਾਹਿਬ ਕਹਿ ਰਹੇ ਹਨ
ਕਿ ਗਜ (ਹਾਥੀ) ਗਰਜਨਾ ਕਰਦਾ ਹੈ, ਹੰਕਾਰ ਕਰਦਾ ਹੈ। ਮਨੁੱਖ ਵੀ ਹੰਕਾਰੀ ਵੱਸ ਉੱਚਾ ਬੋਲਦਾ ਹੈ,
ਹੰਕਾਰੀ ਮਨੁੱਖ ਜ਼ਿਆਦਾ ਬੋਲੇਗਾ, ਹੰਕਾਰੀ ਮਨੁੱਖ ਗਾਲ੍ਹਾਂ ਕੱਢੇਗਾ, ਹੰਕਾਰੀ ਮਨੁੱਖ ਇੱਕ ਦੂਜੇ ਤੇ
ਰੋਹਬ ਪਾ ਕੇ ਦਬਾਉਣ ਦੀ ਕੋਸ਼ਿਸ਼ ਕਰੇਗਾ। ਸਭ ਤੋਂ ਜ਼ਿਆਦਾ ਕ੍ਰੋਧ ਉਸਨੂੰ ਚੜ੍ਹਦਾ ਹੋਵੇਗਾ ਅਤੇ ਕਾਮੀ
ਵੀ ਉਹ ਜ਼ਿਆਦਾ ਹੋਵੇਗਾ। ਬਲ, ਅੱਕਲ ਛੁਟੀ ਵਿਕਾਰਾਂ ਦੇ ਬੰਧਨ ਪੈ ਜਾਂਦੇ ਹਨ। ਬੰਧਨ ਪਾਣੀ ਵਿਚ
ਤੰਦੂਆ ਫਸਾਉਣ ਵਾਂਗੂੰ, ਵਾਸ਼ਨਾਵਾਂ ਦਾ ਜਾਲ ਹੈ ਉੱਥੇ ‘ਜਲ ਮਹਿ ਅਗਨਿ ਉਠੀ ਅਧਿਕਾਇ’ ਹੈ। ਅਤੇ ਇਸ
ਹੰਕਾਰੇ ਮਨ ਦੀ ਤੰਦੂਏ ਤੋਂ ਜਾਨ ਛੁੱਟ ਸਕਦੀ ਹੈ।
ਸਾਰੇ ਸਲੋਕਾਂ ਵਿਚ ਮਾਇਆ ਵਿਚ ਖੱਚਿਤ ਹੰਕਾਰ ਤੋਂ ਛੁੜਾਉਣ ਵਾਸਤੇ, ਗਤੀ ਕਰਾਈ ਗਈ ਹੈ। ‘ਬਲੁ’ ਦਾ
ਅਰਥ ਨਿਕਲ ਕੇ ਆਇਆ ਗਿਆਨ, ਬਿਬੇਕ ਬੁਧਿ, ਸੁਮਤ। ਸਤਿਗੁਰ ਦੀ ਮਤ ਦਾ ਬਲ ਮਿਲਿਆ ਤਾਂ ਦੁਰਮਤ ਚਲੀ
ਗਈ। ਰੱਬ ਜੀ ਹੁਣ ਸਭ ਕੁਝ ਤੁਹਾਡੇ ਹੱਥ ਵਿਚ ਹੈ। ਸਾਰਿਆਂ ਨੂੰ ਪਿਆਰ ਕਰਦੇ ਹੋ ਇਸ ਕਰਕੇ ਜਪੁ ਜੀ
ਸਾਹਿਬ ਦੇ ਉਪਰ ਜਿਹੜਾ ੴ ਤੋਂ ਗੁਰਪਰਸਾਦਿ ਲਿਖਿਆ ਹੋਇਆ ਹੈ ਉਸ ਵਿਚ ਗੁਰਪਰਸਾਦਿ ਵੀ ਰੱਬ ਦਾ ਹੀ
ਗੁਣ ਹੈ ਉਹ ਇਹ ਕਿ ਰੱਬ ਜੀ ਸਾਰੀ ਸ੍ਰਿਸ਼ਟੀ ਸਾਜਕੇ ਸਾਰੇ ਲੋਕਾਂ ਉੱਤੇ ਤਰਸ ਕਰਕੇ ਪਰਸਾਦ, ਕਿਰਪਾ,
ਗੁਰ ਵੀ ਦੇ ਦੇਂਦੇ ਹਨ। ਰੱਬ ਜੀ ‘ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ
ਹੋਤ ਸਹਾਇ’॥ ਤੁਸੀਂ ਹੀ ਹਰ ਮਨੁੱਖ ਨੂੰ ਸਹਾਈ ਹੁੰਦੇ ਹੋ। ਹਰ ਮਨੁੱਖ ਛੁੱਟ ਸਕਦਾ ਹੈ। ਪਰ
ਤੁਸੀਂ ਗੌਰ ਕਰਨਾ ਜਦੋਂ ਅਸੀਂ ਕੋਈ ਹੇਰਾਫੇਰੀ ਕਰਦੇ ਹਾਂ। ਫਰਜ਼ ਕਰੋ ਅਸੀਂ ਕਸਟਮ ਤੋਂ ਹੀ ਲੰਘਦੇ
ਹਾਂ ਤਾਂ ਜੇ ਸਾਡੀ ਟੈਚੀ ਵਿਚ ਕੁਝ ਹੈ ਤਾਂ ਅਸੀਂ ਅੰਦਰ ਕਹਿੰਦੇ ਹਾਂ ਕਿ ਹਾਏ! ਰੱਬ ਜੀ ਬਚਾਅ
ਲੈਣ। ਉਸ ਵੇਲੇ ਕੋਈ ਨਹੀਂ ਬਚਾਅ ਸਕਦਾ। ਜਦੋਂ ਟੈਚੀ ਖੁਲ੍ਹ ਜਾਏ ਅਤੇ ਅਸੀਂ ਪਕੜੇ ਜਾਈਏ ਤੇ ਅਸੀਂ
ਰਿਸ਼ਵਤ ਦੇਣਾ ਚਾਹੀਏ, ਤਾਂ ਵੀ ਨਾ ਛੁਟੀਏ, ਉਸ ਵੇਲੇ ਕਹਿੰਦੇ ਹਾਂ ਹਾਏ ਮੁੜਕੇ ਹੁਣ ਕਦੀ ਹੇਰਾਫੇਰੀ
ਨਹੀਂ ਕਰਾਂਗਾ। ਹੁਣ ਮੈਂ ਝੂਠ ਨਹੀਂ ਬੋਲਾਂਗਾ। ਕਿਉਂਕਿ ਉਸ ਵੇਲੇ ਜੋ ਅੰਤਰ ਆਤਮੇ ਵਿਚ ਬੰਧਨ
ਪੈਂਦੇ ਹਨ, ਮਨੁੱਖ ਉਸਦੀ ਗਤੀ ਕਰਾਉਣਾ ਚਾਹੁੰਦਾ ਹੈ। ਮੁੜਕੇ ਮੈਂ ਨਾ ਕਰਾਂ। ਇਕ ਵਾਰੀ ਬੱਚ ਜਾਵਾਂ
ਰੱਬ ਜੀ ਮੈਨੂੰ ਬਚਾਅ ਲਵੋ। ਲੋਕੀ ਇੰਜ ਹੀ ਕਰਦੇ ਹਨ।