ਰੱਬੀ
ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ
ਸਤਵੰਜਵਾਂ ਸਲੋਕ
ਵੀਰ ਭੁਪਿੰਦਰ ਸਿੰਘ
57. ਸਤਵੰਜਵਾਂ ਸਲੋਕ -
ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ ॥
ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥57॥1॥
‘ਉਰ’ ਕਹਿੰਦੇ ਹਨ ਹਿਰਦੇ ਨੂੰ, ਜੀਅੜਾ, ਮੇਰਾ ਮਨ। ਸਾਰੇ ਸਲੋਕਾਂ ਦੀ ਲੜੀ ਵਿਚ ਮਨ ਨੂੰ ਬਾਰ-ਬਾਰ
ਕਹਿ ਰਹੇ ਹਨ -
ਕਹੁ ਨਾਨਕ ਹਰਿ ਭਜੁ ਮਨਾ...
ਕਹੁ ਨਾਨਕ ਭਜੁ ਹਰਿ ਮਨਾ...
ਕਹੁ ਨਾਨਕ ਸੁਨੁ ਰੇ ਮਨਾ...
‘ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ ॥’ (797)
ਰੱਬ ਜੀ ਦਾ ਸੱਚਾ ਗਿਆਨ ਜਦੋਂ ਹਿਰਦੇ ਵਿਚ ਵਸਾ ਲੈਂਦਾ ਹੈ, ‘ਗਹਿਓ’ ਭਾਵ ਜਦੋਂ ਇਸ
ਤਰ੍ਹਾਂ ਜਿਊਂਣ ਲਗ ਪੈਂਦਾ ਹੈ, (ਪਕੜ) ਗ੍ਰਹਣ ਕਰ ਲੈਂਦਾ ਹੈ। ਉਸਦੀ ਤੁਲਨਾ ਵਿਚ ਫਿਰ ਕੁਝ ਹੋਰ
ਨਹੀਂ।
ਨਿਮਰਤਾ ਕਰਨ ਵਾਲੇ ਦੀ ਗੁਰੂ ਸਾਹਿਬ ਵਡਿਆਈ ਕਰਦੇ ਹਨ
‘ਮਤਿ ਹੋਦੀ ਹੋਇ ਇਆਣਾ ॥ ਤਾਣ ਹੋਦੇ ਹੋਇ ਨਿਤਾਣਾ ॥ ਅਣਹੋਦੇ ਆਪੁ ਵੰਡਾਏ ॥ ਕੋ ਐਸਾ ਭਗਤੁ ਸਦਾਏ
॥’ (1384) ਜਦੋਂ ਮਨੁੱਖ ਨਿਮਰਤਾ ਵਿਚ ਆਂਦਾ ਹੈ ਇਸਦੇ ਜੀਵਨ ਦੇ ਸਾਰੇ ਤਾਲੇ ਖੁਲ੍ਹਦੇ ਜਾਂਦੇ ਹਨ।
ਇਕ ਕਵਿਤਾ ਸੁਣਾਨ ਵਾਲਾ ਕਹਿੰਦਾ ਹੈ - ਚਾਬੀ ਕੋ ਹਥੋੜੇ ਨੇ ਪੂਛਾ, ਮੈਂ ਇਤਨਾ ਬਲਵਾਨ, ਇਤਨਾ
ਤਾਕਤਵਰ ਇਤਨੀ ਚੋਟੇਂ ਮਾਰਤਾ ਹੂੰ ਤਾਲਾ ਖੁਲ੍ਹਦਾ ਨਹੀਂ ਹੈ ਤੂੰ ਕੈਸੇ ਖੋਲ੍ਹ ਦੇਤੀ ਹੈ। ਚਾਬੀ
ਕਹਿੰਦੀ ਹੈ, ਮੇਰੇ ਮੇ ਤਾਕਤ ਕੰਮ ਹੈ, ਮੇਰੇ ਮੇ ਲੋਹਾ ਭੀ ਕੰਮ ਲਗਾ ਹੁਆ ਹੈ ਪਰ ਮੈਂ ਬੜੇ ਪਿਆਰ
ਸੇ ਨਿਮਰਤਾ ਸੇ ਤਾਲੇ ਕੇ ਹਿਰਦੇ ਕੇ ਅੰਦਰ ਜਾਤੀ ਹੂੰ ਅਤੇ ਬੇਂਨਤੀ ਕਰਤੀ ਹੂੰ ਤਾਲਾ ਖੁਲ ਜਾਤਾ
ਹੈ।
ਸਾਡੇ ਸਾਰੇ ਜੀਵਨ ਦਾ ਤਾਲਾ ਖੁਲ੍ਹ ਸਕਦਾ ਹੈ, ਸਾਡੀਆਂ ਗੁੰਝਲਾਂ ਖੁਲ੍ਹ ਸਕਦੀਆਂ ਹਨ। ਸਾਡੇ ਸਭ
ਥਾਂ ਤੇ ਰਿਸ਼ਤੇ ਵਧੀਆ ਹੋ ਸਕਦੇ ਹਨ। ‘ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ’ ਹੋ ਸਕਦਾ ਹੈ। ‘ਘਟ
ਘਟ ਮੈ ਹਰਿ ਜੂ ਬਸੈ’ ਸਾਨੂੰ ਨਜ਼ਰ ਆਉਣਾ ਸ਼ੁਰੂ ਹੋ ਸਕਦਾ ਹੈ। ਸਾਡਾ ਸਾਰਿਆਂ ਦੇ ਨਾਲ ਪਿਆਰ ਪੈ
ਸਕਦਾ ਹੈ। ਜੇਕਰ ਅਸੀਂ ਨਿਮਰਤਾ ਵਾਲੀ, ਸਹਿਜ, ਸੰਤੋਖ, ਹਮਦਰਦੀ, ਮਿੱਠੇ ਬੋਲ ਵਾਲੀ ਚਾਬੀ ਨਾਲ
ਖੋਲੀਏ। ਹੁਣ ਇਕ ਪਾਸੇ ਨਿਮਰਤਾ ਵਾਲੀ ਚਾਬੀ ਅਤੇ ਦੂਜੇ ਪਾਸੇ ਬਿਖਿਆ ਇਨ੍ਹਾਂ ਵਿਚੋਂ ਸਹੀ ਚੌਣ
ਕਰਨੀ ਆ ਜਾਏਗੀ।
ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥ ‘ਸੰਕਟ’ ਕੀ ਹੈ ਜਦੋਂ ਅਸੀਂ ਬਿਖਿਆ ਨਾਲ ਜੁੜੇ
ਰਹਿੰਦੇ ਹਾਂ। ਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ॥ ਇਸ ਤੋਂ ਪਤਾ ਲਗਿਆ ਕਿ ਗੁਰੂ ਪਾਤਸ਼ਾਹ
ਬੈਰਾਗ ਕਿਸੇ ਬਾਹਰਲੇ ਭੇਖ ਨੂੰ ਨਹੀਂ ਕਹਿੰਦੇ ਹਨ ਬਲਕਿ ਅੰਤਰ ਆਤਮੇ ਉੱਤੇ ਗਿਆਨ ਨੂੰ ਲੈ ਲੈਣਾ,
ਮੰਦੇ ਸੁਭਾ ਅਤੇ ਅਉਗੁਣ ਤੋਂ ਮੁਕਤ ਹੋਣ ਨੂੰ ਗੁਰੂ ਸਾਹਿਬ ਬੈਰਾਗ ਕਹਿੰਦੇ ਹਨ। ਗੁਰੂ ਸਾਹਿਬ
ਕਹਿੰਦੇ ਹਨ - ਕਰਿ ਬੈਰਾਗੁ ਤੂੰ ਛੋਡਿ ਪਾਖੰਡੁ ਸੋ ਸਹੁ ਸਭੁ ਕਿਛੁ ਜਾਣਏ ॥ (440) ਬੈਰਾਗ ਕਰਨਾ
ਹੈ ਤਾਂ ਪਾਖੰਡ ਛੋੜ।
ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਰੀ ਬਾਣੀ ਪੜੀ ਤਾਂ ਸਮਝਿਆ ਕਿ ਬਿਖਿਆ ਕਹਿ ਰਹੇ ਹਨ ਮਨ
ਦੇ ਹਨੇਰੇ (ਅਗਿਆਨਤਾ) ਨੂੰ ਸਾਡੀ ਭੈੜੀ ਸੋਚ ਨੂੰ, ਸਾਡੇ ਭੈੜੇ ਖਿਆਲਾਂ ਨੂੰ। ਸਾਰੇ ਜਿਤਨੇ ਅਸੀਂ
ਸਲੋਕ ਪੜੇ ‘ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥’
ਬਿਖਿਅਨ ਕੀ ਹੈ? ਮਾੜੀ ਸੋਚ। ਮਾੜੀ ਸੋਚ ਵਾਲਾ ਹੰਕਾਰੀ ਹੁੰਦਾ ਹੈ, ਕਾਮੀ ਹੁੰਦਾ, ਕ੍ਰੋਧੀ ਹੁੰਦਾ
ਹੈ ਅਤੇ ਮਾਇਆ ਨੂੰ ਚਮੜਿਆ ਰਹਿੰਦਾ ਹੈ। ਭਰਮਾਂ ਨਾਲ ਜੁੜਿਆ ਰਹਿੰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ
ਕਹਿ ਰਹੇ ਹਨ ਕਿ ਬਿਖਿਆ ਛੱਡ ਦੇ ਇਹੀ ਬੈਰਾਗ ਹੈ। ਕਹਿੰਦੇ ਹਨ - ਇੰਦ੍ਰੀ ਪੰਚ ਪੰਚੇ ਵਸਿ ਆਣੈ
ਖਿਮਾ ਸੰਤੋਖੁ ਗੁਰਮਤਿ ਪਾਵੈ ॥ ਸੋ ਧਨੁ ਧਨੁ ਹਰਿ ਜਨੁ ਵਡ ਪੂਰਾ ਜੋ ਭੈ ਬੈਰਾਗਿ ਹਰਿ ਗੁਣ ਗਾਵੈ ॥
(1334) ਇਹ ਬੈਰਾਗ ਹੈ।
ਮੈਂ ਬੇਨਤੀ ਕਰਦਾ ਹਾਂ ਕਿ ਜਦੋਂ ਸਾਨੂੰ ਕੋਈ ਸਾਖੀਆਂ ਦੇ ਨਾਮ ਹੇਠਾਂ ਕਹਾਣੀਆਂ ਸੁਣਾਵੇ ਤਾਂ
ਉਸਨੂੰ ਤੁਸੀਂ ਬੇਨਤੀ ਕਰਿਆ ਕਰੋ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਗਲ ਸੁਣਾਉ। ਬਾਹਰਲੀਆਂ
ਭਗਤ ਮਾਲ ਦੀਆਂ ਇੱਧਰ-ਉੱਧਰ ਦੀਆਂ ਕਹਾਣੀਆਂ ਨਾ ਸੁਣਾਉ। ਜਦੋਂ ਅਸੀਂ ਕਦੀ ਕਹਾਣੀਆਂ ਸੁਣਾਂਗੇ ਤਾਂ
ਇਕ ਦੀ ਕਹਾਣੀ ਦੂਜੇ ਨਾਲ ਨਹੀਂ ਮਿਲੇਗੀ। ਕਹਾਣੀ ਲਿਖਤੀ ਤੋਰ ਤੇ ਵੀ ਸਾਰੇ ਲਿਖਾਰੀਆਂ ਦੀ ਅਲਗ-ਅਲਗ
ਹੈ। ਕਹਾਣੀ ਸਾਡੀ ਮੰਜ਼ਿਲ ਦੇ ਰਾਹ ਤੋਂ ਥਿੜਕਾ ਦੇਂਦੀ ਹੈ। ਲੇਕਿਨ ਗੁਰਮਤਿ ਸਾਡੀ ਮੰਜ਼ਿਲ ਨਹੀਂ
ਬਦਲਦੀ ਹੈ ਕਿਉਂਕਿ ਉਸ ਵੇਲੇ ਸਾਡੀ ਮੰਜ਼ਿਲ ਅੰਦਰ ਹੈ। ਗੁਰਮਤ ਨਾਲ ਸਾਨੂੰ ਬਿਬੇਕ ਬੁਧਿ ਪ੍ਰਾਪਤ
ਹੁੰਦੀ ਹੈ ਜਿਸ ਨਾਲ ਸਾਡਾ ਮਨ ਵਿਕਾਰੀ ਸੁਭਾ (ਅਗਿਆਨਤਾ) ਤੋਂ ਮੁਕਤ ਹੋ ਜਾਂਦਾ ਹੈ, ਸਾਡੀ ਗਤੀ ਹੋ
ਜਾਂਦੀ ਹੈ।
ਸੋ ‘ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥’। ਸਾਡੇ ਹਉਮੈ ਦੇ ਫੰਦੇ ਛੁੱਟ ਗਏ, ਹਉਮੈ ਦੇ
ਕਾਰਨ ਤ੍ਰਿਸ਼ਨਾ, ਤੰਦੂਏ ਰੁਪੀ ਵਿਕਾਰਾਂ ਦੀਆਂ ਤੰਦਾਂ ਕੱਟੀਆਂ ਗਈਆਂ, ਜਿਹੜਾ ਜਾਲ ਸੀ ਉਹ ਕੱਟਿਆ
ਗਿਆ ਤਾਂ ‘ਦਰਸੁ ਤੁਹਾਰੋ ਹੋਇ’। ਇਨ੍ਹਾਂ ਅੱਖਾਂ ਦੇ ਨਾਲ ਕੋਈ ਰੱਬ ਦੇ ਦਰਸ਼ਨ ਹੋ ਜਾਣ ਦੀ ਗਲ ਨਹੀਂ
ਚਲ ਰਹੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦਰਸ ਦਾ ਮਤਲਬ ਹੈ ਸੱਚ ਦੇ ਗਿਆਨ ਨੂੰ ਲੈ ਲੈਣਾ। ‘ਦਰਸਨੁ
ਦੀਜੈ ਖੋਲਿ੍ ਕਿਵਾਰ’ ਮੇਰੇ ਦਿਮਾਗ ਦੇ ਕਿਵਾੜ ਬੰਦ ਹਨ ਮੈਨੂੰ ਅੱਕਲ ਦੇਵੋ, ਆਪਣਾ ਫਲਸਫਾ ਦੇਵੋ,
ਆਪਣੀ ਸੁਮਤ ਬਖਸ਼ ਦੇਵੋ, ਬਿਬੇਕ ਬੁੱਧੀ ਦੇ ਦੇਵੋ। ਬਿਬੇਕ ਬੁੱਧੀ ਨੂੰ ਲੈਕੇ ਜਿਊਂਣਾ। ਇਸਨੂੰ ਦਰਸ਼
ਕਹਿੰਦੇ ਹਨ। ਦਰਸ਼ਨ ਇਨ੍ਹਾਂ ਅੱਖਾਂ ਦੇ ਨਾਲ ਕਿਸੇ ਚੀਜ਼ ਨੂੰ ਦੇਖਣਾ ਨਹੀਂ ਹੁੰਦਾ। ‘ਦਰਸਨੁ ਦੇਖਿ
ਜੀਵਾ ਗੁਰ ਤੇਰਾ ॥
ਪੂਰਨ ਕਰਮੁ ਹੋਇ ਪ੍ਰਭ ਮੇਰਾ ॥’ (742) ‘ਦਰਸਨ’ ਜਾਂ ‘ਦਰਸ’ ਗੁਰਮਤਿ ਵਿਚ ਹੈ ਸੱਚ ਦਾ ਗਿਆਨ ਲੈਕੇ
ਮਨ ਨੂੰ ਜਿਊਂਦੇ ਜੀ ਮੁਕਤ ਕਰ ਲੈਣਾ। ਸਤਿਗੁਰ ਦੇ ਫਲਸਫੇ ਅਨੁਸਾਰ ਜਿਊਂਣਾ। ਉਸ ਅਨੁਸਾਰ ‘ਸੁਣਿਆ
ਮੰਨਿਆ ਮਨਿ ਕੀਤਾ ਭਾਉ’ ਕਰਨਾ।
ਮਹਲੇ ਨੌਵੇਂ ਵਿਚ ਅਸੀਂ ਇਹ ਸਮਝਿਆ ਕਿ ਸਾਨੂੰ ਸਾਰਿਆਂ ਨੂੰ ਸਦੀਵੀ ਖੇੜੇ ਅਤੇ ਸੁਖ ਦੀ ਭਾਲ ਹੈ।
ਅਸੀਂ ਸਾਰੇ ਸੁਖੀ ਹੋਣਾ ਚਾਹੁੰਦੇ ਹਾਂ, ਸਾਰੇ ਸੁਖਾਂ ਨੂੰ ਪ੍ਰਾਪਤ ਕਰਨ ਲਈ ਜਤਨ ਕੀਤੇ ਪੈਸੇ ਦੇ,
ਜਤਨ ਕੀਤੇ ਮਕਾਨ ਦੇ, ਜਤਨ ਕੀਤੇ ਐਸ਼ੋ-ਆਰਾਮ ਦੇ, ਜਤਨ ਕੀਤੇ ਵਿਆਹ ਦੇ, ਖਿੰਨ ਭੰਗੁਰ ਦੇ ਸੁਖ ਲਈ
ਜਤਨ ਕੀਤੇ, ਵਧੀਆਂ ਕੱਪੜਿਆਂ ਦੇ ਜਤਨ ਕੀਤੇ, ਵਧੀਆਂ ਨੌਕਰੀ ਅਤੇ ਪੜਾਈ ਦੇ ਜਤਨ ਕੀਤੇ, ਉੱਚੀ
ਤਨਖਾਹ ਆਦਿ ਇਹ ਸਾਰੇ ਜਤਨ ਅਸੀਂ ਕੀਤੇ। ਹੁਣ ਇਨ੍ਹਾਂ ਦੀ ਪਰੀਭਾਸ਼ਾ ਬਦਲਦੀ ਜਾਏਗੀ, ਪਹਿਲਾਂ ਤੇ
ਏ.ਸੀ ਨਹੀਂ ਸਨ ਹੁੰਦੇ ਪਰ ਅੱਜ ਮਨੁੱਖ ਨੇ ਸੋਚ ਲਿਆ ਕਿ ਸੁੱਖ ਏ.ਸੀ ਹੁੰਦਾ ਹੈ। ਆਸਤਾ-ਆਸਤਾ ਏ.ਸੀ
ਵੀ ਸਾਰਿਆਂ ਕੋਲ ਹੋਵੇਗਾ, ਬੱਤੀ ਵੀ ਨਹੀਂ ਜਾਏਗੀ, ਸਭ ਕੁਝ ਹੋਣਦੇ ਬਾਵਜੂਦ ਫਿਰ ਮਨੁੱਖ ਸਮਝਣ ਲਗ
ਪਵੇਗਾ ਕਿ ਹੁਣ ਚਾਂਦ ਤੇ ਜਾਣਾ ਹੈ। ਫਿਰ ਲੋਕੀ ਗੱਲਾਂ ਕਰਿਆ ਕਰਨਗੇ ਪਤਾ ਹੈ ਉਹ ਕਿਤਨੇ ਅਮੀਰ ਹਨ
ਘੁੰਮਣ ਲਈ ਚਾਂਦ ਤੇ ਗਏ ਹਨ। ਫਿਰ ਇਹ ਸੁਖ ਕਹਿਲਾਉਣ ਲਗ ਪਵੇਗਾ। ਗੁਰੂ ਸਾਹਿਬ ਕਹਿੰਦੇ ਹਨ - ‘ਸਭ
ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥’ ਐ ਮਨੁੱਖ ਇਕ ਰੱਬ ਜੀ ਨਾਲ ਜੁੜ। ਉਹ ਹੀ ਸਭ ਸੁਖਾਂ ਦੇ
ਦਾਤੇ ਹਨ। ਉਨ੍ਹਾਂ ਦਾ ਗਿਆਨ ਲੈ ਕੇ, ਸੁਮਤ ਪ੍ਰਾਪਤ ਹੁੰਦੀ ਹੈ ਅਤੇ ਮਨੁੱਖ ਸਦੀਵੀਂ ਚੈਨ ਅਤੇ ਸੁਖ
ਦੀ ਅਵਸਥਾ ਮਾਣ ਸਕਦਾ ਹੈ।
ਤੈਨੂੰ ਮਰਨ ਤੋਂ ਪਿੱਛੋਂ ਮੁਕਤੀ ਲੈਣ ਦੇ ਬਜਾਏ ਅੱਜ ਹੀ ਮੁਕਤ ਅਵਸਥਾ ਪ੍ਰਾਪਤ ਹੋ ਜਾਏਗੀ ‘ਗਰਬੁ ਨ
ਕੀਜੈ ਰੇਣ ਹੋਵੀਜੈ ਤਾ ਗਤਿ ਜੀਅਰੇ ਤੇਰੀ ॥’ (779)
‘ਆਜੁ ਮਿਲਾਵਾ ਸੇਖ ਫਰੀਦ’ (488) ਹੋ ਜਾਏਗਾ।
ਇਹ ਫਲਸਫਾ ਸਾਰਾ ਦੂਜਿਆਂ ਨਾਲੋਂ ਵਖਰਾ ਹੈ। ਮੈਂ ਹੈਰਾਨ ਹੁੰਦਾ ਹਾਂ ਲੋਕੀ ਕਹਿੰਦੇ ਹਨ ਕਿ ਸਾਰੇ
ਧਰਮ ਬਰਾਬਰ ਹੁੰਦੇ ਹਨ। ਕਿਵੇਂ ਬਰਾਬਰ ਹੁੰਦੇ ਹਨ? ਗੁਰੂ ਗ੍ਰੰਥ ਸਾਹਿਬ ਤੇ ਮਰਨ ਮਗਰੋਂ ਦੀ ਮੁਕਤੀ
ਦੀ ਗਲ ਹੀ ਨਹੀਂ ਕਰ ਰਹੇ ਹਨ। ਜਿਊਂਦੇ ਜੀ ਮੁਕਤੀ ਦੀ ਗਲ ਕਰ ਰਹੇ ਹਨ। ‘ਆਜੁ ਮਿਲਾਵਾ ਸੇਖ ਫਰੀਦ’
ਦੀ ਗਲ ਕਰ ਰਹੇ ਹਨ। ਕਿਵੇਂ ਸਾਰੇ ਧਰਮ ਬਰਾਬਰ ਹਨ? ਤਾਂ ਮੈਂ ਇਕ ਸਟੇਟਮੇਂਟ ਬਣਾਈ ਹੈ - ਸਾਰੇ
ਮਜ਼ਹਬ ਬਰਾਬਰ ਨਹੀਂ ਹੁੰਦੇ ਹਨ! ਸਾਰੇ ਇਨਸਾਨ ਬਰਾਬਰ ਹੁੰਦੇ ਹਨ। ਕੀ ਹਿੰਦੂ, ਕੀ ਮੁਸਲਮਾਨ, ਕੀ
ਸਿੱਖ, ਕੀ ਇਸਾਈ, ਕੀ ਜੈਨੀ, ਕੀ ਬੋਧੀ, ਕੀ ਰੱਬ ਨੂੰ ਮੰਨਣ ਵਾਲਾ, ਕੀ ਰੱਬ ਨੂੰ ਨਾ ਮੰਨਣ ਵਾਲਾ,
ਕੀ ਆਸਤਕ, ਕੀ ਨਾਸਤਕ, ਕੀ ਗੋਰਾ ਕੀ ਕਾਲਾ, ਕੀ ਗਰੀਬ, ਕੀ ਅਮੀਰ, ਸਾਰੇ ਮਨੁੱਖ ਬਰਾਬਰ ਹੁੰਦੇ ਹਨ।
ਜੇ ਇਹ ਸਮਝ ਆ ਜਾਏ ਤਾਂ ਹਮ ਨਹੀ ਚੰਗੇ ਬੁਰਾ ਨਹੀ ਕੋਇ ॥ (728) ਵਾਲੀ ਦ੍ਰਿਸ਼ਟੀ ਮਿਲ ਜਾਂਦੀ ਹੈ
ਇਹ ਸਭ ਤੋਂ ਵੱਡਾ ਸੁਖ ਹੈ ਪਰ ਇਹ ਦ੍ਰਿਸ਼ਟੀ ਅਸੀਂ ਪ੍ਰਾਪਤ ਨਹੀਂ ਕਰਨਾ ਚਾਹੁੰਦੇ ਹਾਂ। ਸਾਡੀ ਹਉਮੈ
ਦਾ ਦੁਖ ਸਾਨੂੰ ਸਤਾਉਂਦਾ ਰਹਿੰਦਾ ਹੈ। ਇਸ ਗਤੀ ਨੂੰ ਸਮਝਣ ਲਈ ਹੰਕਾਰ ਤੋਂ ਅਸੀਂ ਛੁੱਟਣਾ ਹੈ ਅਤੇ
ਹੰਕਾਰੀ ਹਾਥੀ ਤੰਦੂਏ ਤੋਂ ਛੁੱਟ ਜਾਂਦਾ ਹੈ।
‘ਗਜ ਜਿਉ ਹੋਹੁ ਸਹਾਇ’ ਰੱਬ ਜੀ ਤੁਸੀਂ ਸਹਾਈ ਹੋ ਜਾਂਦੇ ਹੋ। ਸੰਕਟ ਕਟਿਆ ਗਿਆ, ਸਾਡੇ ਕਰਮਾਂ ਦੀ
ਗਤਿ ਤੋਂ ਸਾਡੀ ਜਾਨ ਛੁੱਟ ਗਈ ਅਤੇ ਕੁਝ ਵੀ ਇਸਦੇ ਬਰਾਬਰ ਨਹੀਂ ਹੈ - ‘ਜਾ ਕੈ ਸਮ ਨਹੀ ਕੋਇ’। ਇਸ
ਅਵਸਥਾ ਦੇ ਬਰਾਬਰ ਦੁਨੀਆ ਵਿਚ ਕੋਈ ਵਡਾ ਸੁਖ ਨਹੀਂ। ‘ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ
ਰਾਜਿ ਨ ਲਹੀਐ ॥’ ਫਿਰ ਇਹ ਸਮਝ ਆ ਜਾਂਦੀ ਹੈ। ਕਿਸੇਨੂੰ ਕਹਿਣਾ ਨਹੀਂ ਪੈਂਦਾ ਕਿ ਮਾਇਆ ਦੇ ਪਿੱਛੇ
ਨਾ ਨਸਿਆ ਕਰੋ। ਜਦੋਂ ਅੰਦਰਲਾ ਸੁਖ ਸਮਝ ਆ ਜਾਂਦਾ ਹੈ, ਫਿਰ ਮਨੁੱਖ ਸਭ ਕੁਝ ਕਰਦਾ ਹੈ ਪਰ ਇਸਦੇ
ਵਿਚ ‘ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ’ ਨਿਰਲੇਪ ਰਹਿੰਦਾ ਹੈ।