ਧਰਮ ਅਤੇ ਸਿਆਸਤ
ਜਰਨੈਲ਼ ਸਿੰਘ
ਸਿਡਨੀ ਅਸਟ੍ਰੇਲੀਆ
www.understandingguru.com
ਅਕਸਰ ਇਹ ਬਹਿਸ ਹੁੰਦੀ ਹੀ ਰਹਿੰਦੀ ਹੈ ਕਿ ਧਰਮ ਅਤੇ ਸਿਆਸਤ ਦਾ ਆਪਸ ਵਿੱਚ ਕੀ ਰਿਸ਼ਤਾ ਹੈ। ਰਿਸ਼ਤਾ
ਹੈ ਵੀ ਜਾਂ ਨਹੀਂ। ਅਗਰ ਹੈ ਤਾਂ ਕਿਹੋ ਜਿਹਾ ਹੋਣਾ ਚਾਹੀਦਾ ਹੈ। ਅਗਰ ਨਹੀਂ ਹੈ ਤਾਂ ਕਿਉਂ ਨਹੀਂ
ਹੋਣਾ ਚਾਹੀਦਾ। ਇਹ ਵੀ ਵਿਚਾਰ ਕੀਤੀ ਜਾਂਦੀ ਹੈ ਕਿ ਕੀ ਅਜਿਹਾ ਕੋਈ ਨੁਕਤਾ ਹੈ ਜਿੱਥੇ ਜਾ ਕੇ ਧਰਮ
ਅਤੇ ਸਿਆਸਤ ਮਿਲਦੇ ਨੇ ਜਾਂ ਇਹਨਾਂ ਦਾ ਮਿਲਣਾ ਜ਼ਰੂਰੀ ਹੋ ਜਾਂਦਾ ਹੈ। ਜਾਂ ਉਹ ਕਿਹੜਾ ਮੋੜ ਹੈ
ਜਿਥੇ ਧਰਮ ਅਤੇ ਸਿਆਸਤ ਆਪੋ ਆਪਣਾ ਰਾਹ ਬਦਲ ਲੈਂਦੇ ਨੇ। ਇਹ ਵੀ ਕਿਹਾ ਜਾਂਦਾ ਹੈ ਕਿ ਧਰਮ ਬੰਦੇ ਦਾ
ਜਾਤੀ ਮਸਲਾ ਹੈ ਇਸ ਲਈ ਇਸ ਨੂੰ ਸਿਆਸਤ ਤੋਂ ਦੂਰ ਰੱਖਣਾ ਅਤੇ ਰਹਿਣਾ ਚਾਹੀਦਾ ਹੈ। ਕੀ ਧਰਮ ਸਿਰਫ
ਬੰਦੇ ਦੀ ਆਪਣੀ ਜਾਤ ਤਕ ਹੀ ਸੀਮਤ ਹੈ? ਕੀ ਸਿਆਸਤ ਬੰਦੇ ਦੀ ਜਾਤੀ ਜ਼ਿੰਦਗੀ ਤੇ ਕੋਈ ਅਸਰ ਨਹੀਂ
ਪਾਉਂਦੀ? ਹਥਲੇ ਲੇਖ ਵਿੱਚ ਇਹਨਾਂ ਸਵਾਲਾਂ ਦਾ ਜਵਾਬ ਗੁਰਬਾਣੀ ਦੀ ਰੋਸ਼ਨੀ ਵਿੱਚ ਲੱਭਣ ਦਾ ੱਿੲੱਕ
ਯਤਨ ਹੈ।
ਇਤਿਹਾਸ ਦੀ ਗਵਾਹੀ
ਸਰਸਰੀ ਨਜ਼ਰ ਮਾਰਿਆਂ ਹੀ ਇਹ ਪਤਾ ਚਲ ਜਾਂਦਾ
ਹੈ ਅਤੇ ਇਤਿਹਾਸ ਖੁਦ ਹੀ ਇਸ ਗੱਲ ਦਾ ਗਵਾਹ ਹੈ ਕਿ ਧਰਮ (1) ਅਤੇ ਸਿਆਸਤ ਹਮੇਸ਼ਾਂ ਨਾਲ ਨਾਲ ਰਹੇ
ਨੇ। ਬਾਦਸ਼ਾਹ ਲੋਕ ਧਰਮ ਦੇ ਨਾਂ `ਤੇ ਯੁੱਧ ਕਰਦੇ ਰਹੇ ਨੇ। ਇਹ ਯੁੱਧ ਧਰਮਾਂ ਦੇ ਪ੍ਰਸਾਰ ਤੇ
ਪ੍ਰਚਾਰ ਵਿੱਚ ਵੀ ਚੋਖਾ ਯੋਗਦਾਨ ਪਾਉਂਦੇ ਰਹੇ ਨੇ। ਇੱਕ ਤਰ੍ਹਾਂ ਨਾਲ ਧਰਮ ਇਸ ਯੁੱਧ ਦੇ ਰਥਵਾਹ ਦਾ
ਕੰਮ ਕਰਦਾ ਰਿਹਾ ਹੈ। ਬਾਦਸ਼ਾਹਾਂ ਦੇ ਸਲਾਹਕਾਰ ਵੀ ਧਰਮ ਦੇ ਮੋਹਰੀ ਬੰਦੇ ਰਹੇ ਨੇ। ਧਰਮ ਦੇ ਤਕਰੀਬਨ
ਹਰ ਰਹਿਬਰ ਦੀ ਬਾਦਸ਼ਾਹਾਂ ਨਾਲ ਟੱਕਰ ਵੀ ਹੁੰਦੀ ਰਹੀ ਹੈ। ਟੱਕਰ ਤਾਂ ਹੀ ਮੁਮਕਿਨ ਹੈ ਅਗਰ ਰਸਤੇ
ਮਿਲਦੇ ਹੋਣ। ਕਈ ਵਾਰ ਤਾਂ ਇਹ ਟੱਕਰ ਖੂਨੀ ਵੀ ਹੋ ਨਿਬੜੀ। ਲੋਕ ਰਾਜ ਵਿੱਚ ਧਰਮ ਦੇ ਨਾਂ ਤੇ ਲੋਕ
ਵੋਟ ਮੰਗਦੇ ਵੀ ਨੇ ਅਤੇ ਪਾਉਂਦੇ ਵੀ ਨੇ। ਲੋਕਰਾਜੀ ਸਰਕਾਰਾਂ ਧਰਮ ਦੇ ਮਸਲਿਆਂ ਕਾਰਨ ਡਿਗਦੀਆਂ ਅਤੇ
ਬਣਦੀਆਂ ਅਕਸਰ ਦੇਖੀਆਂ ਜਾਂਦੀਆਂ ਹਨ। ਕਈ ਮੁਲਖ ਵੀ ਧਰਮ ਦੇ ਨਾਂ ਤੇ ਹੋਂਦ ਵਿੱਚ ਆਏ ਨੇ। ਸੋ
ਇਤਿਹਾਸ ਤਾਂ ਸਾਨੂੰ ਇਹ ਹੀ ਦੱਸਦਾ ਹੈ ਕਿ ਧਰਮ ਅਤੇ ਸਿਆਸਤ ਦਾ ਰਿਸ਼ਤਾ ਗੂੜਾ ਰਿਹਾ ਹੈ। ਅਜਿਹਾ
ਕਿਉਂ ਹੈ। ਇਸ ਸਵਾਲ ਨੂੰ ਸਮਝਣ ਲਈ ਸਾਨੂੰ ਸਿਆਸਤ ਅਤੇ ਧਰਮ ਦੀ ਸਾਂਝ ਨੂੰ ਸਮਝਣ ਦੀ ਲੋੜ ਹੈ।
ਸਿਆਸਤ ਅਤੇ ਧਰਮ ਦੀ ਸਾਂਝ
ਜਦੋਂ ਅਸੀਂ ਸਿਆਸਤ ਅਤੇ ਧਰਮ ਨੂੰ ਸਮਝਣ ਦਾ
ਯਤਨ ਕਰਦੇ ਹਾ ਤਾਂ ਦੋਹਾਂ ਵਿੱਚ ਇੱਕ ਦਿਲਚਸਪ ਸਾਂਝ ਸਪੱਸ਼ਟ ਨਜ਼ਰ ਆਉਂਦੀ ਹੈ। ਇੱਕ ਹਿਸਾਬ ਨਾਲ
ਸਿਆਸਤ ਉਸ ਢਾਂਚੇ ਦਾ ਨਾਂ ਹੈ ਜੋ ਕਿਸੇ ਵੀ ਮੁਲਖ ਦੇ ਇੰਤਜ਼ਾਮ ਦੀ ਦੇਖ ਭਾਲ ਕਰਦਾ ਹੈ। ਸਮੇ ਸਮੇ
ਨਾਲ ਇਸ ਢਾਂਚੇ ਵਿੱਚ ਤਬਦੀਲੀ ਆਉਂਦੀ ਰਹੀ ਹੈ। ਕਿਸੇ ਵੇਲੇ ਬਾਦਸ਼ਾਹੀ ਢਾਚੇ ਦਾ ਬੋਲਬਾਲਾ ਸੀ ਅੱਜ
ਕਲ ਲੋਕਰਾਜੀ ਢਾਂਚਾ ਮਕਬੂਲ ਹੈ। ਦੁਨੀਆ ਵਿੱਚ ਕੋਈ 196 ਦੇ ਕਰੀਬ ਮੁਲਖ ਨੇ ਜਿਹਨਾਂ ਅੰਦਰ ਆਪੋ
ਆਪਣਾ ਅਜ਼ਾਦ ਸਿਆਸੀ ਢਾਂਚਾ ਕੰਮ ਕਰ ਰਿਹਾ ਹੈ। ਇਹਨਾਂ ਮੁਲਖਾਂ ਦੇ ਆਪਸੀ ਸਬੰਧ ਵੀ ਸਿਆਸਤ ਦੇ ਘੇਰੇ
ਅੰਦਰ ਹੀ ਆਉਂਦੇ ਨੇ। ਪਰ ਕੀ ਸਿਆਸਤ ਸਿਰਫ ਇਸ ਢਾਂਚੇ ਦਾ ਨਾਮ ਹੈ ਜਾਂ ਕੁੱਝ ਹੋਰ। ਇਸ ਸਵਾਲ ਦਾ
ਉੱਤਰ ਲੱਭਣ ਲਈ ਸਾਨੂੰ ਇਹ ਸਮਝਣਾ ਪੈਣਾ ਹੈ ਕਿ ਇਸ ਢਾਂਚੇ ਦੀ ਜ਼ਰੂਰਤ ਹੀ ਕਿਉਂ ਪਈ। ਜ਼ਰੂਰਤ ਇਸ ਲਈ
ਪਈ ਕਿਉਂਕਿ ਬੰਦੇ ਦੀ ਜੀਉਂਦੇ ਰਹਿਣ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਉਹ ਇੱਕ ਇਕੱਠ ਜਾਂ ਸਮਾਜ ਵਿੱਚ
ਰਹੇ। ਨਹੀ ਤਾਂ ਉਸਦਾ ਸਰੀਰਕ ਅਤੇ ਮਾਨਸਿਕ ਤੋਰ ਤੇ ਬਚਣਾ ਨਾਮੁਮਕਿਨ ਹੈ। ਸ਼ਾਇਦ ਇਸੇ ਕਰਕੇ ਯੁਨਾਨ
ਦਾ ਵਿਦਵਾਨ ਅਰੱਸਤੂ ਇਨਸਾਨ ਨੂੰ ਸਮਾਜਕ ਜਾਨਵਰ ਦੇ ਨਾਲ ਨਾਲ ਸਿਆਸੀ ਜਾਨਵਰ ਵੀ ਆਖਦਾ ਹੈ। ਉਹ
ਇਥੋਂ ਤਕ ਆਖਦਾ ਹੈ ਕਿ ਜੋ ਸ਼ਖਸ ਇਕੱਲਾ ਰਹਿੰਦਾ ਹੈ ਉਹ ਇਨਸਾਨ ਨਹੀਂ ਬਲਕਿ ਜਾਂ ਤਾਂ ਜਾਨਵਰ ਹੈ
ਜਾਂ ਫਿਰ ਦੇਵਤਾ। (2) ਮਿਲਜੁਲ ਕੇ ਇੱਕ ਸਮਾਜ ਵਿੱਚ ਰਹਿਣ ਦੀ ਜ਼ਰੂਰਤ ਤੋਂ ਹੀ ਇੱਕ ਢਾਂਚੇ ਦੀ ਲੋੜ
ਨਿਕਲੀ ਤਾਂ ਕਿ ਇਸ ਸਮਾਜ ਦਾ ਇੰਤਜ਼ਾਮ ਵਧੀਆ ਹੋ ਸਕੇ। ਸਮਾਜ ਦਾ ਵਧੀਆ ਇੰਤਜ਼ਾਮ ਬੰਦਿਆਂ ਵਿਚਕਾਰ
ਸੁਖਾਵੇਂ ਅਤੇ ਜ਼ਾਇਜ਼ ਆਪਸੀ ਸਬੰਧਾਂ ਤੋਂ ਹੀ ਜਾਣਿਆ ਜਾਂਦਾ ਹੈ। ਵਧੀਆ ਇੰਤਜ਼ਾਮ ਲਈ ਸਮਾਜ ਦੀ ਆਰਥਕ
ਤਰੱਕੀ ਵੀ ਲਾਜ਼ਮੀ ਹੈ। ਸਮੇਂ ਸਮੇਂ ਨਾਲ ਸਿਆਸੀ ਢਾਂਚੇ ਵਿੱਚ ਜੋ ਤਬਦੀਲੀ ਆਈ ਹੈ ਉਹ ਇਸੇ ਟੀਚੇ
ਨੂੰ ਪੂਰਾ ਕਰਨ ਦੀ ਹੀ ਜਦੋਜਹਿਦ ਹੈ/ਸੀ। ਲੋਕਰਾਜੀ ਢਾਂਚੇ ਦੇ ਆਉਣ ਨਾਲ ਆਮ ਆਦਮੀ ਦੀ ਸਿਆਸਤ ਵਿੱਚ
ਸਿੱਧੀ ਸ਼ਿਰਕਤ ਹੋਣ ਦੇ ਨਾਲ ਨਾਲ ਦਿਲਚਸਪੀ ਵੀ ਇੱਕ ਤਰ੍ਹਾਂ ਨਾਲ ਜ਼ਰੂਰੀ ਹੋ ਗਈ। ਇਸੇ ਕਰਕੇ ਕਈ
ਮੁਲਖਾਂ ਵਿੱਚ ਤਾਂ ਸ਼ਿਰਕਤ ਨਾ ਕਰਨ ਤੇ ਜ਼ੁਰਮਾਨਾ ਵੀ ਕੀਤਾ ਜਾਂਦਾ ਹੈ। (ਮਿਸਾਲ ਦੇ ਤੌਰ ਤੇ
ਅਸਟ੍ਰੇਲੀਆ ਵਿੱਚ ਵੋਟ ਨਾ ਪਾਉਣ ਤੇ ਜ਼ੁਰਮਾਨਾ ਕੀਤਾ ਜਾਂਦਾ ਹੈ।) ਸੋ ਇੱਕ ਤਰ੍ਹਾਂ ਨਾਲ ਸਿਆਸਤ ਵੀ
ਹਰ ਬੰਦੇ ਦਾ ਜਾਤੀ ਮਸਲਾ ਬਣ ਗਈ। ਜਿਵੇਂ ਕੋਈ ਵਿਅਕਤੀ ਕਿਸੇ ਵੀ ਧਰਮ ਨੂੰ ਮੰਨਣ ਜਾਂ ਅਪਨਾਉਣ ਲਈ
ਅਜ਼ਾਦ ਹੈ ਉਵੇਂ ਹੀ ਹਰ ਵਿਅਕਤੀ ਕਿਸੇ ਵੀ ਸਿਆਸੀ ਜਮਾਤ ਨੂੰ ਹਮਾਇਤ ਦੇਣ ਲਈ ਵੀ ਖੁਦਮੁਖਤਿਆਰ ਹੈ।
ਅਗਰ ਧਰਮ ਵਾਰੇ ਸੋਚੀਏ ਤਾਂ ਇਹ ਸਮਝਦਿਆਂ ਦੇਰ ਨਹੀਂ ਲਗਦੀ ਕਿ ਧਰਮ ਇਨਸਾਨ ਦੀ ਉਸ ਜੁਗਿਆਸਾ ਦੀ
ਉਪਜ ਹੈ ਜੋ ਇਨਸਾਨ ਨੁੰ ਕਰਤੇ ਦੀ ਕੁਦਰਤ ਦੇ ਭੇਤ ਸਮਝਣ ਲਈ ਪ੍ਰੇਰਦੀ ਹੈ। ਇਹ ਭੇਤ ਸਮਝਦਿਆਂ ਹੀ
ਦੁਨੀਆਂ ਦੇ ਵੱਖ ਹਿਸਿਆਂ ਅਤੇ ਸਮਿਆਂ ਵਿੱਚ ਵੱਖ ਵੱਖ ਧਰਮ ਹੋਂਦ ਵਿੱਚ ਆਏ। ਇਨਸਾਨ ਦੀ ਇਹ ਸਮਝਣ
ਦੀ ਕੋਸ਼ਿਸ਼ ਨੂੰ ਬੁਲੇ ਸ਼ਾਹ ਨੇ ਬਾਖੂਬੀ ਬਿਆਨ ਕਰਦਿਆਂ ਕਿਹਾ ਹੈ ਕਿ “ਬੁਲਿਆ ਕੀ ਜਾਣਾ ਮੈ ਕੌਣ,
ਕਿਥੋਂ ਆਇਆਂ ਕਿੱਥੇ ਜਾਣਾ, ਭੁਲਿਆ ਜਾਣ ਤੇ ਔਣ, ਬੁਲਿਆ ਕੀ ਜਾਣਾ ਮੈ ਕੌਣ”। ਸਟੀਵਨ ਹਾਕਿੰਗ ਵੀ
ਆਪਣੇ ਇੱਕ ਲੇਖ ਵਿੱਚ ਕੁੱਝ ਅਜਿਹਾ ਹੀ ਕਹਿੰਦਾ ਹੈ।
“Religion was an early attempt to answer the questions we all ask; why are we
here, where did we come from?”(3)। ਮੋਟੇ
ਤੌਰ ਤੇ ਮਨੁੱਖ ਦੀ ਜਗਿਆਸਾ ਮੁਢ ਕਦੀਮ ਤੋਂ ਦੋ ਭੇਤ ਸਮਝਣ ਦੀ ਕੋਸ਼ਿਸ ਵਿੱਚ ਲੱਗੀ ਹੋਈ ਹੈ। ਇਹ
ਦੁਨੀਆਂ ਅਤੇ ਸ਼੍ਰਿਸ਼ਟੀ ਕਿਵੇਂ ਬਣੀ ਅਤੇ ਇਸ ਧਰਤੀ ਤੇ ਜੀਵਨ ਕਿਵੇਂ ਹੋਂਦ ਵਿੱਚ ਆਇਆ ਭਾਵ ਬੰਦਾ
ਕਿਥੋਂ ਤੇ ਕਿਵੇਂ ਆਇਆ ਅਤੇ ਮਰਨ ਉਪਰੰਤ ਕਿੱਥੇ ਜਾਂਦਾ ਏ। ਦੁਨੀਆਂ ਦੀ ਸਾਰੀ ਵਿਦਿਆ ਇਹਨਾਂ ਦੋ
ਸਵਾਲਾਂ ਦੇ ਇਰਦ ਗਿਰਦ ਹੀ ਘੁੰਮਦੀ ਹੈ। ਚਾਹੇ ਧਰਮ ਹੋਵੇ, ਚਾਹੇ ਵਿਗਿਆਨ ਜਾ ਕੋਈ ਹੋਰ ਵਿਸ਼ਾ ਸਭ
ਇਸ ਵਿਦਿਆ ਦੇ ਦਾਇਰੇ ਵਿੱਚ ਆਉਂਦੇ ਨੇ ਭਾਵ ਇਹਨਾ ਸਵਾਲਾਂ ਦਾ ਹੀ ਹੱਲ ਲੱਭ ਰਹੇ ਨੇ। ਸੋ ਸਾਰੀ
ਵਿਦਿਆ ਜਾਂ ਗਿਆਨ ਦੇ ਵੱਖ ਵੱਖ ਵਿਸ਼ੇ ਇੱਕ ਲੜੀ ਦੇ ਹੀ ਮਣਕੇ ਹਨ। ਸਾਰੇ ਮਣਕੇ ਇਹਨਾਂ ਸਵਾਲਾਂ ਦੇ
ਹੱਲ ਲੱਭਣ ਦਾ ਯਤਨ ਅਤੇ ਇੱਕ ਦੂਜੇ ਦੇ ਪੂਰਕ ਨੇ। ਗੁਰਬਾਣੀ ਦਾ ਵੀ ਫੁਰਮਾਨ ਹੈ ਕਿ “ਅਨਿਕ ਭਾਂਤਿ
ਹੋਇ ਪਸਰਿਆ ਨਾਨਕ ਏਕੰਕਾਰ॥” (ਪੰਨਾ 296)। ਚਾਹੇ ਪੇੜ ਪੌਦੇ ਨੇ, ਚਾਹੇ ਪਸ਼ੂ ਪੰਛੀ ਨੇ, ਚਾਹੇ ਖੰਡ
ਬ੍ਰਹਿਮੰਡ ਨੇ- ਸਭ ਕਾਦਰ ਦੀ ਕੁਦਰਤ ਹੈ ਅਤੇ ਇਹਨਾ ਸਭਨਾ ਦੇ ਗਿਆਨ ਵਿੱਚ ਇਹ ਬਹੁਤ ਹੀ ਮਹੱਤਵ
ਪੂਰਨ ਸਾਂਝ ਹੈ। ਇਸੇ ਤਰ੍ਹਾਂ ਬੰਦੇ ਦਾ ਮਨ ਅਤੇ ਤਨ ਵੀ ਕਾਦਰ ਦੀ ਕੁਦਰਤ ਹੀ ਹੈ। ਗੁਰੂ ਨਾਨਕ
ਸਾਹਿਬ ਦੇ ਬਚਨ ਹਨ ਕਿ “ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥” (ਪੰਨਾ 464)।
ਹੁਣ ਅਗਰ ਇਹ ਸਭ “ਕੁਦਰਤਿ” ਹੈ ਤਾਂ ਸਾਫ ਹੈ ਕਿ ਸਾਰੇ ਗਿਆਨ ਦੇ ਵਿਸ਼ੇ ਵੀ ਆਪਸ ਵਿੱਚ ਕੋਈ ਸਾਂਝ
ਰੱਖਦੇ ਹੋਣਗੇ। ਸਿਆਸਤ ਅਤੇ ਧਰਮ ਵੀ ਇਸ ਨਿਯਮ ਤੋਂ ਬਾਹਰੇ ਨਹੀਂ ਹੋ ਸਕਦੇ। ਉਪਰ ਅਸੀ ਦੇਖ ਆਏ ਹਾਂ
ਕਿ ਸਿਆਸਤ ਦਾ ਮਕਸਦ ਲੋਕਾਂ ਦੇ ਕਿਸੇ ਇਕੱਠ ਵਿਚਕਾਰ ਸੁਖਾਂਵੇ ਸਬੰਧ ਅਤੇ ੳਹੁਨਾ ਦੀ ਆਰਥਕ ਅਤੇ
ਸਮਾਜਕ ਤਰੱਕੀ ਹੈ। ਧਰਮ ਦਾ ਵੀ ਇੱਕ ਮਨੋਰਥ ਇਹੀ ਤਾਂ ਹੈ। ਇਸੇ ਕਰਕੇ ਧਰਮ ਦਾ ਰਿਸ਼ਤਾ ਬਾਦਸ਼ਾਹਾਂ
ਨਾਲ ਵੀ ਰਿਹਾ ਹੈ ਅਤੇ ਧਰਮ ਨੇ ਬਾਦਸ਼ਾਂਹਾਂ ਦੇ ਨਾਲ ਰਲ ਕੇ ਯੱਧ ਵੀ ਲੜੇ ਹਨ।
ਸਿਆਸਤ ਅਤੇ ਧਰਮ ਦਾ ਇੱਕ ਹੋਰ ਰੂਪ ਵੀ ਹੈ ਜਿਸ ਤੋਂ ਅਸੀ ਸਭ ਬਾਖੂਬੀ ਵਾਕਿਫ ਹਾਂ। ਇਹ ਹੈ ਸਿਆਸਤ
ਅਤੇ ਧਰਮ ਦਾ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਇੱਕ ਦੂਜੇ ਦਾ ਇਸਤੇਮਾਲ ਕਰਨਾ। ਅਜਿਹੀ ਸਿਆਸਤ ਅਤੇ
ਧਰਮ ਆਪਣੇ ਅਸਲੀ ਮਕਸਦ ਤੋਂ ਭਟਕੇ ਹੋਏ ਹੁੰਦੇ ਨੇ। ਮਿਸਾਲ ਦੇ ਤੌਰ ਤੇ ਸਿਆਸਤ ਵਲੋਂ ਧਰਮ ਨੂੰ
ਤਾਕਤ ਹਾਸਲ ਕਰਨ ਲਈ ਲੋਕਾਂ ਨੂੰ ਵੋਟਾਂ ਲਈ ਵਰਗਲਾਉਣਾ ਅਤੇ ਧਰਮ ਦਾ ਸਿਆਸਤ ਦਾ ਦਬਾਅ ਜਾਂ ਹੋਰ
ਲਾਲਚ ਦੇ ਲੋਕਾਂ ਨੂੰ ਆਪਣੇ ਵੱਲ ਪ੍ਰੇਰਤ ਕਰਨਾ। ਇਸ ਦੀ ਮਿਸਾਲ ਹਰ ਮੁਲਖ ਵਿੱਚ ਮਿਲ ਜਾਂਦੀ ਏ। ਪਰ
ਇਹ ਵੀ ਸੱਚ ਹੈ ਕਿ ਆਪਣੇ ਮਕਸਦ ਵਿੱਚ ਕਾਮਯਾਬ ਹੋ ਕੇ ਅਜਿਹੀ ਸਿਆਸਤ ਅਤੇ ਧਰਮ ਆਮ ਲੋਕਾਂ ਨੂੰ ਭੁਲ
ਕੁੱਝ ਖਾਸ ਬੰਦਿਆਂ ਦੀ ਖਿਦਮਤ ਵਿੱਚ ਮਸਰੂਫ ਹੋ ਜਾਂਦੇ ਨੇ। ਧਰਮ ਅਤੇ ਸਿਆਸਤ ਦਾ ਇਹ ਰੂਪ ਉਸ
ਗੰਦਗੀ ਦਾ ਨਮੂੰਨਾ ਹੈ ਜਿਸ ਤੋਂ ਉਕਤਾ ਕਈ ਵਿਦਵਾਨ ਸੱਜਣ ਇਸ ਰਿਸ਼ਤੇ ਨੂੰ ਤੋੜਨ ਦੀ ਜ਼ੋਰਦਾਰ ਹਮਾਇਤ
ਕਰਦੇ ਨੇ। ਪਰ ਕੀ ਇਹ ਸਹੀ ਹਲ ਹੈ। ਕੀ ਅਜਿਹਾ ਹੋ ਸਕਦਾ ਏ।
ਸਿਆਸਤ ਅਤੇ ਧਰਮ ਨੂੰ ਅਲੱਗ ਰੱਖਣ ਦੀ ਵਕਾਲਤ
ਸਿਆਸਤ ਅਤੇ ਧਰਮ ਨੂੰ ਅਲੱਗ ਅਲੱਗ ਰੱਖਣ ਦੀ
ਵਕਾਲਤ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸਿਆਸਤ ਅਤੇ ਧਰਮ ਨੂੰ ਰਲਗੱਡ ਕਰਨ ਨਾਲ ਨਾ ਤਾਂ ਧਰਮ ਨੂੰ
ਕੋਈ ਫਾਇਦਾ ਹੈ ਅਤੇ ਨਾ ਹੀ ਸਿਹਤਮੰਦ ਸਿਆਸਤ ਪਨਪਦੀ ਹੈ। ਕੀ ਇਹ ਸੱਚ ਹੈ ਦਾ ਜਵਾਬ ਲੱਭਣ ਤੋਂ
ਪਹਿਲਾਂ ਆਉ ਇਹ ਸਮਝੀਏ ਕਿ ਇਹ ਵਕਾਲਤ ਕੌਣ ਕਰਦਾ ਹੈ। ਇਸ ਤਰ੍ਹਾਂ ਦੀ ਵਕਾਲਤ ਕਰਨ ਵਾਲਿਆਂ ਨੂੰ ਦੋ
ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ। ਸਿਆਸੀ ਅਤੇ ਧਾਰਮਿਕ। ਸਿਆਸੀ ਵਰਗ ਦਾ ਕਹਿਣਾ ਹੈ ਕਿ ਸਿਆਸਤ
ਅਤੇ ਧਰਮ ਦੇ ਰਲਗੱਡ ਹੋਣ ਨਾਲ ਸਿਆਸਤ ਅਤੇ ਧਰਮ ਦੋਨਾਂ ਨੂੰ ਨੁਕਸਾਨ ਪਹੁੰਚਦਾ ਹੈ। ਪਰ ਅਕਸਰ ਇਹ
ਦੇਖਣ ਨੂੰ ਮਿਲਦਾ ਹੈ ਕਿ ਅਜਿਹੀ ਵਕਾਲਤ ਕਰਨ ਵਾਲੇ ਉਹ ਸਿਆਸਤਦਾਨ ਹਨ ਜੋ ਕਿਸੇ ਕਾਰਣ ਆਪ ਧਰਮ ਨੂੰ
ਸਿਆਸਤ ਲਈ ਇਸਤੇਮਾਲ ਕਰਨ ਤੋਂ ਅਸਮਰਥ ਹਨ। ਪਰ ਅਜਿਹੇ ਸਿਆਸਤਦਾਨ ਮੌਕਾ ਮਿਲਣ ਤੇ ਆਪਣਾ ਪੈਂਤੜਾ
ਬਦਲਣ ਲਗਿਆਂ ਵੀ ਰਤੀ ਭਰ ਨਹੀ ਸ਼ਰਮਾਉਂਦੇ। ਕੁੱਝ ਦਹਾਕੇ ਪਹਿਲਾਂ ਮੈ ਅਟਲ ਬਿਹਾਰੀ ਵਾਜਪਾਈ ਦਾ
ਬਿਆਨ ਪੜਿਆ ਸੀ ਜਿਸ ਵਿੱਚ ਉਹਨਾ ਅਕਾਲੀ ਦਲ ਦੀ ਇਸ ਕਰਕੇ ਅਲੋਚਨਾ ਕੀਤੀ ਸੀ ਕਿ ਉਹ ਧਰਮ ਅਤੇ
ਰਾਜਨੀਤੀ ਨੂੰ ਰਲਗੱਡ ਕਰਦੇ ਹਨ। ਉਹਨਾਂ ਦਿਨਾਂ ਵਿੱਚ ਵਾਜਪਾਈ ਦੀ ਪਾਰਟੀ ਕੋਲ ਰਾਮ ਮੰਦਰ ਦਾ
ਛੁਣਛੁਣਾ ਨਹੀਂ ਸੀ ਪਰ ਇਸ ਛੁਣਛੁਣੇ ਦੇ ਮਿਲਦਿਆਂ ਸਾਰ ਹੀ ਵਾਜਪਾਈ ਦੀ ਪਾਰਟੀ ਬੀਜੇਪੀ ਬਣ ਧਰਮ
ਨੂੰ ਰਾਜਨੀਤੀ ਲਈ ਸਭ ਤੋਂ ਵੱਧ ਵਰਤ ਰਹੀ ਹੈ। ਅਤੇ ਉਸੇ ਅਕਾਲੀ ਦਲ ਦੀ ਭਾਈਵਾਲ ਵੀ ਬਣ ਗਈ। ਸਿਰਫ
ਉਹੀ ਸਿਆਸੀ ਪਾਰਟੀ ਧਰਮ ਨੂੰ ਸਿਆਸਤ ਤੋਂ ਅਲੱਗ ਰੱਖਣ ਦੀ ਵਕਾਲਤ ਕਰਦੀ ਹੈ ਜੋ ਕਿਸੇ ਕਾਰਨ ਅਜਿਹਾ
ਨਹੀਂ ਕਰ ਸਕਦੀ। ਇੱਕ ਤਰ੍ਹਾਂ ਨਾਲ ਇਹ ਹੱਥ ਨਾ ਉੱਪੜੇ ਥੂਹ ਕੌੜੀ ਵਾਲੀ ਕਹਾਣੀ ਹੈ। ਬੇਸ਼ੱਕ ਅਜਿਹੇ
ਲੋਕ ਦਲੀਲ ਤਾਂ ਇਹੀ ਦਿੰਦੇ ਨੇ ਕਿ ਇਸ ਤਰ੍ਹਾਂ ਕਰਨ ਨਾਲ ਧਰਮ ਅਤੇ ਸਿਆਸਤ ਦੋਨਾਂ ਦਾ ਨੁਕਸਾਨ
ਹੁੰਦਾ ਹੈ। ਇਹ ਉਹ ਮਚਲਾਪਣ ਜਾਂ ਮੀਸਣਾਪਣ ਹੈ ਜਿਸ ਦਾ ਧਰਮ ਨਾਲ ਅਤੇ ਸਿਹਤਮੰਦ ਸਿਆਸਤ ਨਾਲ ਕੋਈ
ਨੇੜੇ ਤੇੜੇ ਦਾ ਵੀ ਰਿਸ਼ਤਾ ਨਹੀਂ ਹੈ। ਇਹ ਕਹਿਣਾ ਕਿ ਧਰਮ ਅਤੇ ਸਿਆਸਤ ਦੇ ਰਲਗੱਡ ਹੋਣ ਨਾਲ ਦੋਵੇਂ
ਗੰਧਲੇ ਹੋ ਜਾਂਦੇ ਨੇ ਕੋਈ ਠੋਸ ਦਲੀਲ ਨਹੀਂ ਮੰਨੀ ਜਾ ਸਕਦੀ। ਕਿਉਂਕਿ ਇਹ ਦਲੀਲ ਇਹ ਮੰਨ ਕੇ ਚਲ
ਰਹੀ ਹੈ ਕਿ ਜਾਂ ਤਾਂ ਧਰਮ ਗੰਧਲਾ ਹੈ ਜਾਂ ਫਿਰ ਸਿਆਸਤ। ਕਿਸੇ ਚੀਜ਼ ਨੂੰ ਵਿਗਾੜ ਕੇ ਉਸਦੇ ਵਿਗਾੜ
ਨੂੰ ਹੀ ਉਸਦੇ ਉਲਟ ਇਸਤੇਮਾਲ ਕਰਨਾ ਠੀਕ ਨਹੀਂ ਕਿਹਾ ਜਾ ਸਕਦਾ। ਦੂਜੇ ਇਹ ਦਲੀਲ ਇੱਕ ਤਰ੍ਹਾਂ ਨਾਲ
ਇਹ ਮੰਨ ਰਹੀ ਹੈ ਕਿ ਅਗਰ ਧਰਮ ਅਤੇ ਸਿਆਸਤ ਦੋਨੋਂ ਸਾਫ ਸੁਥਰੇ ਹੋਣ ਤਾਂ ਇਹਨਾਂ ਦਾ ਰਲਗੱਡ ਹੋਣਾਂ
ਜ਼ਾਇਜ਼ ਹੈ।
ਧਾਰਮਿਕ ਵਰਗ ਜੋ ਸਿਆਸਤ ਅਤੇ ਧਰਮ ਦੇ ਰੱਲਗੱਡ ਹੋਣ ਦਾ ਵਿਰੋਧ ਕਰਦਾ ਹੈ ਦਾ ਕਹਿਣਾ ਹੈ ਕਿ ਧਰਮ
ਬੰਦੇ ਦਾ ਸਿਰਫ ਜਾਤੀ ਮਸਲਾ ਹੈ। ਇਸ ਲਈ ਧਰਮ ਅਤੇ ਸਿਆਸਤ ਨੂੰ ਆਪਸੀ ਦੂਰੀ ਬਣਾ ਕੇ ਰਹਿਣਾ ਚਾਹੀਦਾ
ਹੈ। ਸਵਾਲ ਉੱਠਦਾ ਹੈ ਕਿ ਕੀ ਧਰਮ ਬੰਦੇ ਦਾ ਵਾਕਈ ਜਾਤੀ ਮਸਲਾ ਹੈ। ਇਸ ਸਵਾਲ ਦਾ ਉੱਤਰ ਲੱਭਦਿਆਂ
ਅਜਿਹੀ ਵਕਾਲਤ ਕਰਨ ਵਾਲਿਆ ਦਾ ਪਹਾੜਾਂ ਜੰਗਲਾਂ ਵਿੱਚ ਛੁਪੇ ਜੋਗੀਆਂ ਸਿੱਧਾਂ ਨਾਲ ਗੂੜ੍ਹਾ ਰਿਸ਼ਤਾ
ਸਾਫ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਦੀ ਵਕਾਲਤ ਕਰਨ ਵਾਲਿਆਂ ਵਿੱਚ ਉਹ ਲੋਕ ਵੀ ਸ਼ਾਮਲ ਹਨ ਜਿਹਨਾਂ ਲਈ
ਧਰਮ ਕੇਵਲ ਉਹਨਾ ਦੀ ਆਤਮਾ ਜਾਂ ਰੂਹ ਦੀ ਤੰਦੁਰਸਤੀ ਦਾ ਵਸੀਲਾ ਹੈ। ਇਹ ਲੋਕ ਵੀ ਸੱਚ ਤੋਂ ਛੁਪਦੇ
ਫਿਰਦੇ ਜੋਗੀ ਹੀ ਹਨ। ਇਹ ਉਹ ਜੋਗੀ ਹਨ ਜੋ ਜੰਗਲਾਂ ਜਾਂ ਪਹਾੜਾਂ ਦੀਆਂ ਕੁੰਦਰਾਂ ਵਿੱਚ ਰਹਿਣ ਦੀ
ਵਜਾਏ ਘਰਾਂ ਜਾਂ ਧਾਰਮਿਕ ਅਸਥਾਨਾਂ (ਜਿਵੇਂ ਮੰਦਰ, ਮਸਜ਼ਿਦ, ਗਿਰਜਾ ਘਰ, ਗੁਰਦੁਵਾਰੇ ਆਦਿ) ਵਿੱਚ
ਰਹਿੰਦੇ ਵਿਚਰਦੇ ਨੇ। ਪਰ ਉਹ ਭੁੱਲ ਜਾਂਦੇ ਨੇ ਕਿ ਹਰ ਧਰਮ ਦੇ ਰਹਿਬਰ ਦੀ ਵੇਲੇ ਦੀ ਹਕੂਮਤ ਨਾਲ
ਟੱਕਰ ਹੋਈ ਹੈ। ਅਗਰ ਧਰਮ ਕੇਵਲ ਇੱਕ ਜਾਤੀ ਮਸਲਾ ਹੁੰਦਾ ਤਾਂ ਅਜਿਹਾ ਕਿਉਂ ਹੋਇਆ। ਜ਼ਾਹਰ ਹੈ ਕਿ
ਧਾਰਮਿਕ ਵਰਗ ਦੀ ਇਹ ਦਲੀਲ ਕਿ ਧਰਮ ਸਿਰਫ ਇੱਕ ਜਾਤੀ ਮਸਲਾ ਹੈ ਇਸ ਸੱਚਾਈ ਸਾਹਮਣੇ ਛਿੱਥੀ ਪੈ
ਜਾਂਦੀ ਹੈ। ਧਰਮ ਨੂੰ ਬੰਦੇ ਦੀ ਜਾਤ ਤਕ ਮਹਿਦੂਦ ਕਰਨ ਵਿੱਚ ਪੁਜਾਰੀਵਾਦ ਦਾ ਬਹੁਤ ਵੱਡਾ ਹੱਥ ਹੈ।
ਪੁਜਾਰੀਵਾਦ ਅਤੇ ਗੰਦੀ ਸਿਆਸਤ ਮਿਲ ਕੇ ਆਮ ਜਨਤਾ ਨੂੰ ਲੁਟਦੇ ਨੇ। ਗੰਦੀ ਸਿਆਸਤ ਪੁਜਾਰੀਵਾਦ ਰਾਹੀਂ
ਆਮ ਲੋਕਾਂ ਨੂੰ ਗੁਮਰਾਹ ਕਰਨ ਵਿੱਚ ਸਫਲ ਹੋ ਜਾਂਦੀ ਹੈ। ਦਰਅਸਲ ਇਹ ਇੱਕੋ ਸਿਕੇ ਦੇ ਦੋ ਪਾਸੇ ਨੇ।
ਇਹਨਾਂ ਦਾ ਧਰਮ ਅਤੇ ਸਿਆਸਤ ਨਾਲ ਕੋਈ ਵਾਸਤਾ ਨਹੀਂ ਅਤੇ ਸਿਰਫ ਲੋਕਾਂ ਨੂੰ ਲੁਟਣਾ ਕੁਟਣਾ ਹੀ
ਇਹਨਾਂ ਦਾ ਮੁੱਖ ਮਕਸਦ ਹੈ। ਇਸ ਦਾ ਹੱਲ ਧਰਮ ਨੂੰ ਸਿਆਸਤ ਤੋਂ ਦੂਰ ਰੱਖਣਾ ਨਹੀਂ ਬਲਕਿ ਪੁਜਾਰੀਵਾਦ
ਤੋਂ ਮੁਕਤ ਹੋ ਸਿਹਤਮੰਦ ਸਿਆਸਤ ਦਾ ਸਾਥ ਦੇਣਾ ਹੈ। ਅਗਰ ਧਰਮ ਪੁਜਾਰੀਵਾਦ ਤੋਂ ਮੁਕਤ ਹੋ ਜਾਂਦਾ ਏ
ਤਾਂ ਧਰਮ ਸਿਹਤਮੰਦ ਸਮਾਜ ਦੀ ਸਿਰਜਣਾ ਕਰਦਾ ਏ। ਗੁਰੂ ਕਾਲ ਵੇਲੇ ਦੀ ਸਿੱਖੀ ਇਸ ਦੀ ਮਿਸਾਲ ਹੈ।
ਸਿੱਖੀ ਅਤੇ ਖਾਲਸਤਾਨ
ਇੱਕ ਵਾਰ ਮੈ ਇੱਕ ਮਸ਼ਹੂਰ ਪ੍ਰਚਾਰਿਕ ਨੂੰ
ਸਵਾਲ ਕੀਤਾ ਕਿ ਕੀ ਗੁਰੂ ਗ੍ਰੰਥ ਸਾਹਿਬ ਖਾਲਸਤਾਨ ਦੀ ਹਮਾਇਤ ਕਰਦਾ ਹੈ ਜਾਂ ਨਹੀਂ? ਉਸ ਨੇ ਕਿਹਾ
ਕਿ ਚੰਗਾ ਹੋਇਆ ਕਿ ਇਹ ਸਵਾਲ ਮੈਂ ਆਪਣੀ ਆਪਸੀ ਨਿਜੀ ਗੱਲਬਾਤ ਵਿੱਚ ਕੀਤਾ ਹੈ ਨਹੀਂ ਤਾਂ ਉਸ ਲਈ
ਮੁਸ਼ਕਿਲ ਹੋ ਸਕਦੀ ਸੀ। ਖਾਲਸਤਾਨ ਦੇ ਮੁੱਦੇ ਤੇ ਪ੍ਰਚਾਰਕਿ ਪਾਸਾ ਵੱਟਣ ਵਿੱਚ ਹੀ ਭਲਾਈ ਸਮਝਦੇ ਹਨ।
ਗੁਰੂ ਗ੍ਰੰਥ ਸਾਹਿਬ ਬੰਦੇ ਨੂੰ ਅਜ਼ਾਦ ਕਰਦਾ ਏ। ਹਰ ਤਰ੍ਹਾਂ ਦੀ ਅਜ਼ਾਦੀ-ਸਿਆਸੀ, ਸਮਾਜਿਕ, ਧਾਰਮਿਕ
ਇਤਆਦਿ। ਪਰ ਗੁਰੂ ਗ੍ਰਥ ਸਾਹਿਬ ਦਾ ਫਲਸਫਾ ਕਿਸੇ ਮੁਲਖ ਦੀਆਂ ਹੱਦਾਂ ਵਿੱਚ ਕੈਦ ਨਹੀਂ ਹੋ ਸਕਦਾ।
ਸਿੱਖ ਗੁਰੂ ਸਹਿਬਾਨ ਨੇ ਅਨੇਕਾਂ ਯੁੱਧ ਲੜੇ ਅਤੇ ਜਿੱਤੇ ਪਰ ਕੋਈ ਸਲਤਨਤ
ਨਹੀਂ ਕਾਇਮ ਕੀਤੀ। ਜਿਸ ਕਦਰ ਉਹ ਮਕਬੂਲ ਸਨ ਇਹ ਕੰਮ ਉਹਨਾਂ ਲਈ ਕੋਈ ਮੁਸ਼ਕਿਲ ਕੰਮ ਵੀ ਨਹੀਂ ਸੀ।
ਉਹਨਾਂ ਅਜਿਹਾ ਨਾ ਕਰਨ ਦਾ ਫੈਸਲਾ ਇਸ ਲਈ ਕੀਤਾ ਕਿਉਂਕਿ ਉਹਨਾਂ ਦੀ ਦਰਸਾਈ ਸਿੱਖੀ ਸਰਹੱਦਾ ਅੰਦਰ
ਕੈਦ ਨਹੀਂ ਹੋ ਸਕਦੀ। ਇਹ ਉਹ ਹਵਾ ਹੈ ਜੋ ਸਰਹੱਦ ਪਾਰ ਜਾਣ ਆਉਣ ਲਈ ਵੀਜਾ ਵੀ ਨਹੀਂ
ਲੋੜਦੀ। ਪਰ ਇਸਦੇ ਨਾਲ ਹੀ ਸਿੱਖੀ ਇਸ ਗੱਲ ਦੀ ਵੀ ਭਰਪੂਰ ਹਮਾਇਤ ਕਰਦੀ ਹੈ ਕਿ ਹਰ ਕਿਸੇ ਨੂੰ ਅਜ਼ਾਦ
ਰਹਿਣ ਦਾ ਹੱਕ ਹੈ। ਅਗਰ ਅਸੀਂ ਇਹ ਕਹੀਏ ਕਿ ਕਿਸੇ ਖਾਸ ਖਿੱਤੇ ਵਿੱਚ ਸਿਰਫ ਸਿੱਖ ਹੀ ਰਹਿਣ ਅਤੇ
ਰਾਜ ਕਰਨ ਤਾਂ ਇਹ ਗੱਲ ਸਿੱਖੀ ਦੇ ਉਲਟ ਹੈ। ਗੁਰੂ ਸਾਹਿਬ ਦੀ ਫੋਜ਼ ਵਿੱਚ ਪੀਰ ਬੁਧੂ ਸ਼ਾਹ ਦਾ ਹੋਣਾ
ਮਹਿਜ਼ ਇੱਕ ਇਤਫਾਕ ਨਹੀਂ ਸੀ। ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਕੋਈ ਵੀ ਕੌਮ ਅਗਰ ਆਪਣੀ ਅਜ਼ਾਦੀ
ਲਈ ਜੂਝਦੀ ਹੈ ਤਾਂ ਸਿੱਖੀ ੳਹਦੇ ਨਾਲ ਖੜੀ ਹੈ। ਪਰ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਸਿਰਫ ਇੱਕ
ਧਰਮ ਦੇ ਰਾਜ ਨੂੰ ਸਿੱਖੀ ਪ੍ਰਵਾਨ ਨਹੀਂ ਕਰਦੀ। ਗੁਰਬਾਣੀ ਸਾਨੂੰ ਸਾਂਝੇ ਬਾਪ ਦੀ ਔਲਾਦ ਬਣ ਕੇ
ਰਹਿਣਾ ਅਤੇ ਜੀਉਣਾ ਸਿਖਾਉਂਦੀ ਹੈ। ਕਰਤੇ ਨੇ ਇਹ ਦੁਨੀਆਂ ਭਾਂਤ ਭਾਂਤ ਕਰ ਸਾਜੀ ਏ। ਇਹ ਕਰਤੇ ਦੀ
ਹੀ ਮਰਜ਼ੀ ਏ ਕਿ ਨਾਨਾ ਪ੍ਰਕਾਰ ਦੇ ਜੀਵ ਜੰਤ ਜਾਂ ਬਨਸਪਤੀ ਹੋਵੇ। ਇਹ ਕਰਤੇ ਦੀ ਹੀ ਮਰਜ਼ੀ ਏ ਕਿ
ਸਾਰੇ ਇਨਸਾਨ ਇੱਕੋ ਜਿਹੇ ਨ ਲਗਣ, ਤੇ ਨ ਹੀ ਇੱਕੋ ਜਿਹਾ ਸੋਚਣ। ਇਸ ਕਰਕੇ ਕਿਸੇ ਇੱਕ ਧਰਮ ਜਾਂ
ਫਲਸਫੇ ਦਾ ਮੁਕੰਮਲ ਰਾਜ ਕਰਤੇ ਦੇ ਹੁਕਮ ਦੀ ਉਲੰਘਣਾ ਏ। ਇਸ ਦੇ ਨਾਲ ਹੀ ਕੋਈ ਵੀ ਮੁਲਖ ਆਪਣੇ ਕਿਸੇ
ਵੀ ਹਿੱਸੇ ਨੂੰ ਜਬਰਦਸਤੀ ਆਪਣੇ ਨਾਲ ਰਹਿਣ ਲਈ ਮਜ਼ਬੂਰ ਨਹੀ ਕਰ ਸਕਦਾ। ਇਹ ਵੀ ਕਰਤੇ ਦੇ ਹੁਕਮ ਦੀ
ਉਲੰਘਣਾ ਹੈ। ਇਸ ਕਰਕੇ ਅਗਰ ਪੰਜਾਬੀ ਆਪਣੇ ਲਈ ਅਲਹਿਦਾ ਮੁਲਖ ਚਾਹੁੰਦੇ ਹਨ ਤਾਂ ਸਿੱਖੀ ਉਹਨਾਂ ਦਾ
ਰਾਹ ਰੌਸ਼ਨ ਕਰੇਗੀ। ਇਸੇ ਤਰ੍ਹਾਂ ਅਗਰ ਨਾਗਾਲੈਂਡ ਜਾਂ ਕੈਟਾਲੋਨੀਆ ਦੇ ਵਾਸੀ ਅਲਹਿਦਗੀ ਚਾਹੁੰਦੇ ਹਨ
ਤਾਂ ਸਿੱਖੀ ਉਹਨਾਂ ਦਾ ਵੀ ਮਾਰਗ ਦਰਸ਼ਣ ਕਰੇਗੀ।
ਸਿੱਖੀ ਅਤੇ ਸਿਆਸਤ
ਸਿੱਖਾਂ ਵਿੱਚ ਇੱਕ ਗੱਲ ਬੜੀ ਮਸ਼ਹੂਰ ਹੈ ਕਿ ਛੇਵੇਂ ਗੁਰੂ ਸਾਹਿਬਾਨ ਨੇ ਸਿੱਖੀ ਵਿੱਚ ਪੀਰੀ ਦੇ ਨਾਲ
ਨਾਲ ਮੀਰੀ ਵੀ ਕਾਇਮ ਕੀਤੀ। ਇੱਕ ਕਹਾਣੀ ਮੁਤਾਬਿਕ ਉਹਨਾਂ ਨੂੰ ਗੁਰ ਗੱਦੀ ਦੇਣ ਵੇਲੇ ਕ੍ਰਿਪਾਨ
ਪੁੱਠੇ ਪਾਸੇ ਪਹਿਨਾ ਦਿੱਤੀ ਗਈ। ਇਸ ਲਈ ਉਨ੍ਹਾ ਨੇ ਦੋ ਤਲਵਾਰਾਂ ਪਹਿਨਣੀਆਂ ਸ਼ੁਰੂ ਕਰ ਦਿੱਤੀਆਂ।
ਇੱਕ ਮੀਰੀ ਦੀ ਇੱਕ ਪੀਰੀ ਦੀ। ਇਹ ਕਹਾਣੀ ਕਿੰਨੀ ਕੁ ਸੱਚ ਹੈ ਅਤੇ ਕਿੰਨੀ ਕੁ ਝੂਠ ਇਸ ਵਾਰੇ ਮੈਨੂੰ
ਜ਼ਿਆਦਾ ਇਲਮ ਨਹੀਂ ਹੈ ਪਰ ਇਹ ਕਹਾਣੀ ਹਾਸੋਹੀਣੀ ਜ਼ਰੂਰ ਹੈ। ਇਹ ਗੱਲ ਕਾਬਲੇ ਇਤਬਾਰ ਨਹੀਂ ਲਗਦੀ ਕਿ
ਕ੍ਰਿਪਾਨ ਪਹਿਨਣ ਅਤੇ ਪਹਿਨਾੳਣ ਵਾਲੇ ਨੂੰ ਇਹ ਇਲਮ ਹੀ ਨ ਹੋਵੇ ਕਿ ਕ੍ਰਿਪਾਨ ਕਿਵੇਂ ਪਹਿਨਦੇ ਨੇ।
ਦਰਅਸਲ ਇਸ ਕਹਾਣੀ ਦਾ ਮੁੱਖ ਮਕਸਦ ਇਹ ਸਾਬਤ ਕਰਨਾ ਹੈ ਕਿ ਸਿੱਖੀ ਵਿੱਚ ਮੀਰੀ ਦਾ ਸਿਧਾਂਤ ਗੁਰੂ
ਨਾਨਕ ਸਾਹਿਬ ਤੋਂ ਨਹੀਂ ਸ਼ੁਰੂ ਹੋਇਆ। ਮੀਰੀ ਦਾ ਮਤਲਬ ਭਾਈ ਕਾਨ੍ਹ ਸਿੰਘ ਹੁਰੀਂ ਅਮੀਰੀ, ਸਰਦਾਰੀ
ਜਾਂ ਬਾਦਸ਼ਾਹਤ ਕਰਦੇ ਨੇ। ਭਾਵ ਚੰਗੀ ਖੁਸ਼ਹਾਲ ਜ਼ਿਮਦਗੀ ਜੀਉਣ ਲਈ ਜਦੋਜਹਿਦ ਦਾ ਸੰਕਲਪ। ਇਹ ਸਿੱਧ
ਕਰਨਾ ਕਿ ਇਹ ਸੰਕਲਪ ਸਿਖੀ ਦੇ ਜਨਮ ਤੋਂ ਬਹੁਤ ਬਾਅਦ ਪੈਦਾ ਹੋਇਆ ਦਾ ਅਸਲ ਮਕਸਦ ਸਿੱਖੀ ਵਿੱਚ ਇਸ
ਸੰਕਲਪ ਨੂੰ ਸ਼ਾਮਲ ਕਰਨ ਦੀ ਵਜਾਏ ਓਪਰਾ ਕਰਨਾ ਹੈ। ਇਸ ਦੇ ਨਾਲ ਹੀ ਛੇਵੇਂ ਗੁਰੂ ਸਹਿਬਾਨ ਵਲੋਂ
ਦਰਬਾਰ ਸਾਹਿਬ ਦੇ ਸਾਹਮਣੇ ਇੱਕ ਥੜੇ (ਜਿਸ ਨੂੰ ਹੁਣ ਅਕਾਲ ਤਖਤ ਕਹਿੰਦੇ ਨੇ) ਤੇ ਬੈਠ ਲੋਕਾਂ ਦੀਆਂ
ਸ਼ਕਾਇਤਾਂ ਜਾਂ ਮੁਸ਼ਕਲਾਂ ਦਾ ਨਿਪਟਾਰਾ ਕਰਦਿਆਂ ਦਰਸਾਇਆ ਜਾਂਦਾ ਹੈ। ਇਹ ਗੱਲ ਵੀ ਅਜੀਬ ਹੈ।
ਇਹ ਗੱਲ ਤੇ ਯਕੀਨ ਨਹੀ ਕੀਤਾ ਜਾ ਸਕਦਾ ਕਿ ਪਹਿਲੇ ਪੰਜ ਗੁਰੂ ਸਹਿਬਾਨ ਇਹ ਕੰਮ ਨਹੀਂ ਸਨ ਕਰਦੇ।
ਅਗਰ ਕਰਦੇ ਸਨ ਤਾਂ ਇਹ ਗਲ ਨਵੀਂ ਕਿਸ ਲਿਹਾਜ਼ ਨਾਲ ਹੋਈ। ਅਗਰ ਨਵੀਂ ਨਹੀਂ ਤਾਂ ਉਸ ਥੜੇ ਦੀ ਇੰਨੀ
ਮਹੱਤਤਾ ਕਿਉਂ ਹੈ?
ਦਰਅਸਲ ਸਿੱਖੀ ਵਿੱਚ ਧਰਮ ਨੂੰ ਸਿਆਸਤ ਤੋਂ ਦੂਰ ਰਹਿਣ ਦੀ ਇਜ਼ਾਜ਼ਤ ਨਹੀਂ ਹੈ। ਇਹ ਗਲ ਗੁਰ ਨਾਨਕ
ਸਾਹਿਬ ਤੋਂ ਹੀ ਸ਼ੁਰੂ ਹੋਈ ਹੈ। ਛੇਵੇਂ ਗੁਰੂ ਸਾਹਿਬ ਨੇ ਨਹੀਂ ਕੀਤੀ। ਹਰ ਸ਼ਖਸ ਨੂੰ ਅਜਾਦ ਖੁਸ਼ਹਾਲ
ਜ਼ਿੰਦਗੀ ਜੀਉਣ ਦੇ ਹੱਕ ਅਤੇ ਸੰਘਰਸ਼ ਦਾ ਨਾਹਰਾ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਬੁਲੰਦ ਹੈ।
ਇਹ ਸੰਘਰਸ਼ ਜਾਤੀ ਅਤੇ ਸਮਾਜਕ ਦੋਨੋਂ ਮੁਹਾਜ ਤੇ ਲੜਿਆ ਜਾਂਦਾ ਹੈ। ਬਾਣੀ ਜਪੁ ਦੀ ਆਖਰੀ ਪੰਗਤੀ ਹੈ
ਕਿ “ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥” ਪੰਨਾ 8. ਜਿਹਨਾਂ ਨੇ ਸਿੱਖੀ ਕਮਾਈ ਹੈ
(ਨਾਮ ਧਿਅਇਆ ਹੈ) ਉਹਨਾ ਦੇ ਸਹਿਯੋਗ ਨਾਲ ਕਈ ਹੋਰਾਂ ਦਾ ਵੀ ਭਲਾ ਹੋ ਜਾਂਦਾ ਹੈ। ਗੁਰ ਨਾਨਕ ਸਾਹਿਬ
ਨੇ “ਕੇਤੀ ਛੁਟੀ” ਕਿਸੇ ਜਾਦੂ ਦੀ ਛੜੀ ਨਾਲ ਜਾਂ ਕਿਸੇ ਕਰਾਮਾਤ ਨਾਲ ਨਹੀ ਕੀਤੀ ਬਲਕਿ ਇਸ ਲਈ
ੳਹੁਨਾ ਲੱਖਾਂ ਮੀਲ ਪੈਂਡਾ ਤਹਿ ਕੀਤਾ, ਜੰਗਲ ਬੀਆਬਾਨ ਘੁੰਮੇ, ਵੇਲੇ ਦੇ ਮਸ਼ਹੂਰ ਵਿਦਵਾਨਾਂ ਨਾਲ
ਗਹਿਗੱਚ ਗੋਸ਼ਟੀਆਂ ਕੀਤੀਆਂ, ਸਮੇਂ ਦੇ ਹਾਕਮਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਸੱਚ ਦਾ ਹੋਕਾ
ਦਿੱਤਾ, ਭਰਪੂਰ ਖਤਰਾ ਮੁਲ ਲੈ ਪੁਜਾਰੀਆਂ ਦਾ ਪਾਜ ਉਘੇੜਿਆ। ਇਹ ੳਹੁਨਾਂ ਦੀ ਸਿਆਸਤ ਵਿੱਚ ਸ਼ਿਰਕਤ
ਸੀ। ਇਸ ਤੋਂ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਜੋਗੀਆਂ ਦੀ ਤਰ੍ਹਾਂ ਸਿਰਫ ਆਪਣਾ “ਮੁਖ ਉਜਲਾ” ਕਰਨਾ
ਸਿੱਖੀ ਨਹੀਂ ਹੈ ਬਲਕਿ ਸਮਾਜ ਵਿੱਚ ਰਹਿ ਕੇ ਸਰਬੱਤ ਦੇ ਭਲੇ ਲਈ ਜਦੋਜਹਿਦ ਕਰਨਾ ਸਿੱਖੀ ਹੈ। ਜਿਹੜੇ
ਲੋਕ ਧਰਮ ਨੂੰ ਸਿਰਫ ਆਪਣੀ “ਆਤਮਾ” ਦਾ ਉਜਲਾਪਨ ਜਾ ਉਚਾਈ ਦੀ ਪ੍ਰਾਪਤੀ ਦਾ ਸਾਧਨ ਮੰਨਦੇ ਨੇ ਉਹ
ਲੋਕ ਸਿੱਖ ਨਹੀ ਬਲਕਿ ਉਹ ਜੋਗੀ ਹਨ ਜੋ ਜੰਗਲ ਦੀ ਵਜਾਏ ਘਰਾਂ ਦੀਆਂ ਗੁਫਾਵਾਂ ਵਿੱਚ ਲੁਕੇ ਬੈਠੇ
ਨੇ। ਸਿੱਖੀ ਗੁਰਦੁਵਾਰੇ ਅੰਦਰ “ਲੁਕ” ਕੇ ਨਾਮ ਸਿਮਰਣ ਕਰਨਾ ਨਹੀਂ ਹੈ ਬਲਕਿ ਸੁੱਚਜਾ ਸਮਾਜ ਸਿਰਜਣ
ਵਾਲਾ ਨਾਗਰਿਕ ਬਣਨਾ ਹੈ। ਸਿੱਖ ਗੁਰੂ ਸਹਿਬਾਨ ਦਾ ਸਾਰਾ ਜੀਵਨ ਇਸੇ ਕਾਰਜ ਹਿੱਤ ਸਮਰਪਿਤ ਰਿਹਾ ਹੈ
ਜਿਸ ਲਈ ਉਹਨਾਂ ਨੇ ਅਕਿਹ ਅਤੇ ਅਸਿਹ ਤਸੀਹੇ ਅਤੇ ਜੁਲਮ ਵੀ ਝੱਲੇ। ਗੁਰਬਾਣੀ ਖੂਨ ਦੇ ਸੋਹਲੇ ਵੀ
ਗਾਉਂਦੀ ਹੈ ਅਤੇ ਭ੍ਰਿਸ਼ਟ ਹੁਕਮਰਾਨਾਂ ਨੁੰ ਸ਼ੀਂਹ ਅਤੇ ਭ੍ਰਿਸ਼ਟ ਮੁਕੱਦਮਾਂ ਨੂੰ ਕੁੱਤੇ ਕਹਿਣ ਤੋਂ
ਵੀ ਨਹੀ ਕਤਰਾਉਂਦੀ। ਗੁਰਬਾਣੀ ਧਰਮ ਨੂੰ ਧਾਰਮਿਕ ਅਸਥਾਨਾਂ ਤੋਂ ਅਜਾਦ ਕਰ ਘਰ ਘਰ ਧਰਮਸਾਲ ਬਣਾਉਂਦੀ
ਏ। ਜਦੋਂ ਸਿੱਖ ਗੁਰਦਵਾਰੇ ਤੋਂ ਬਾਹਰ ਸਮਾਜ ਅੰਦਰ ਸਿੱਖੀ ਨਿਭਾਉਂਦਾ ਹੈ ਤਾਂ ਉਹ ਸਿਆਸਤ ਵਿੱਚ ਹੀ
ਹਿੱਸਾ ਲੈਂਦਾ ਹੈ। ਸਿਆਸਤ ਸਿਰਫ ਚੋਣਾ ਲੜਨਾ ਜਾਂ ਵਜ਼ੀਰ ਬਣਨਾ ਹੀ ਨਹੀ ਬਲਕਿ ਚੰਗੇ ਸਮਾਜ ਦੀ
ਸਿਰਜਣਾ ਵਿੱਚ ਹਿੱਸਾ ਪਾਉਣਾ ਏ। ਇਸ ਲਈ ਕਿਸੇ ਸਿਆਸੀ ਜਮਾਤ ਦਾ ਕਾਰਕੁਨ ਹੋਣਾ ਵੀ ਜ਼ਰੂਰੀ ਨਹੀਂ
ਹੈ। ਆਪ ਚੋਣਾਂ ਲੜੇ ਵਗੈਰ ਵੀ ਚੋਣਾਂ ਵਿੱਚ ਸ਼ਿਰਕਤ ਕੀਤੀ ਜਾ ਸਕਦੀ ਹੈ।
ਸਾਰਅੰਸ਼
ਸਾਰੀ ਵਿਚਾਰ ਤੋਂ ਅਸੀ ਦੋ ਸਿੱਟੇ ਕੱਢ ਸਕਦੇ
ਹਾਂ। ਪਹਿਲਾ ਇਹ ਕਿ ਨਾ ਤਾਂ ਸਿਆਸਤ ਅਤੇ ਧਰਮ ਕਦੇ ਅਲੱਗ ਅਲੱਗ ਰਹੇ ਨੇ ਅਤੇ ਨਾ ਹੀ ਕਦੇ ਰਹਿਣਗੇ।
ਧਰਮ ਨੂੰ ਸਿਆਸਤ ਤੋਂ ਅਲੱਗ ਰੱਖਣ ਦੀ ਵਕਾਲਤ ਵੀ ਇੱਕ “ਸਿਆਸੀ ਚਾਲ” ਹੈ। ਦੂਜੇ ਸਿੱਖੀ ਇਹ ਕਤਈ
ਵਕਾਲਤ ਨਹੀਂ ਕਰਦੀ ਕਿ ਧਰਮ ਅਤੇ ਸਿਆਸਤ ਵੱਖ ਵੱਖ ਰਹਿਣੇ ਚਾਹੀਦੇ ਨੇ। ਅਗਰ ਸਿੱਖੀ ਸਿਆਸਤ ਤੋਂ
ਅਲਹਿਦਗੀ ਦੀ ਵਕਾਲਤ ਕਰਦੀ ਹੁੰਦੀ ਤਾਂ ਇਸਦੇ ਇਤਿਹਾਸ ਦੇ ਹਰ ਪੰਨੇ ਤੇ ਸ਼ਹਾਦਤਾਂ ਨਾ ਹੁੰਦੀਆਂ।
ਨਾਮ ਸਿਮਰਣ ਕਰਕੇ ਆਤਮਾ ਨੂੰ ਉੱਜਲਾ ਕਰਨ ਵਾਲਿਆਂ ਜਾਂ ਅਗਲਾ ਪਿਛਲਾ ਜਨਮ ਸਵਾਰਨ ਵਾਲਿਆਂ ਤੋਂ
ਕਿਸੇ ਨੂੰ ਕੋਈ ਖਤਰਾ ਨਹੀਂ ਹੁੰਦਾ ਨਾ ਹੀ ਇਸਦਾ ਕਿਸੇ ਨੂੰ ਇਤਰਾਜ਼ ਹੁੰਦਾ ਏ। ਪਰ ਜਦੋਂ ਸਾਡੇ
ਅੰਦਰੋਂ ਸਿੱਖੀ ਸਾਨੂੰ ਸੱਚ ਦੇ ਰਾਹ ਤੇ ਤੁਰਨ ਲਈ ਪ੍ਰੇਰਦੀ ਹੈ ਤਾਂ ਫਿਰ ਇਨਸਾਨ ਕਬੀਰ ਸਾਹਿਬ ਦੇ
ਕਹਿਣ ਮੁਤਾਬਿਕ ਦੀਨ (ਗਰੀਬ, ਮਜਲੂਮ) ਕੇ ਹੇਤ ਲੜਨ ਵਾਲਾ ਸੂਰਮਾ ਬਣ ਜਾਂਦਾ ਏ। ਇਤਿਹਾਸ ਗਵਾਹ ਹੈ
ਕਿ ਅਜਿਹੇ ਸੂਰਮੇ ਅਕਸਰ ਸ਼ਹਾਦਤ ਵਾਲੀ ਸੁਰਖੀ ਹੀ ਬਣਦੇ ਨੇ।
ਹਵਾਲੇ ਅਤੇ ਨੋਟ
1. ਮੇਰਾ ਇੱਥੇ ਧਰਮ ਤੋਂ ਮਤਲਬ ਸਾਰੇ ਪ੍ਰਚਲਤ ਧਰਮ ਹੈ।
2. ਇਹ ਗੱਲਾਂ ਅਰਸਤੂ ਆਪਣੀ ਕਿਤਾਬ ਪਾਲਿਟਿਕਸ ਵਿੱਚ ਲਿਖਦਾ ਹੈ।
3. ਇਹ ਗੱਲ ਹਾਕਿੰਗ ਦੀ ਕਿਤਾਬ Brief Answers to
the Big Questions ਦੇ ਪੰਨਾ 25 ਤੇ ਲਿਖੀ
ਮਿਲਦੀ ਹੈ।
ਬੇਨਤੀ
ਮੇਰੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਲਿਖੇ ਹੋਰ ਲੇਖ ਅਤੇ ਗੁਰਬਾਣੀ ਦਾ ਅੰਗਰੇਜ਼ੀ ਵਿੱਚ ਉਲਥਾ ਪੜ੍ਹਨ
ਲਈ ਮੇਰੀ ਵੈੱਬ ਸਾਈਟ www.understandingguru.com
ਤੇ ਤੁਹਾਡਾ ਤਹਿਦਿਲੋਂ ਸਵਾਗਤ ਹੈ।
14/9/2019