.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਕਲੇਸ਼ਾਂ ਦਾ ਹੱਲ ਨਾਮ

ਸਾਡੇ ਮਨ ਵਿਚ ਢਹਿੰਦੀ ਕਲਾ ਤੇ ਚੜ੍ਹਦੀ ਕਲਾ ਵਾਲੇ ਦੋ ਖ਼ਿਆਲ ਹਰ ਵੇਲੇ ਆਪਸ ਵਿਚ ਝਗੜਾ ਕਰਦੇ ਰਹਿੰਦੇ ਹਨ। ਚੜ੍ਹਦੀ ਕਲਾ ਵਾਲੇ ਖ਼ਿਆਲ ਨੂੰ ਸਮਝਣ ਲਈ ਦੇਰ ਲੱਗ ਜਾਂਦੀ ਹੈ ਜਦ ਕਿ ਢਹਿੰਦੀ ਕਲਾ ਵਾਲਾ ਖ਼ਿਆਲ ਆਪਣੇ ਆਪ ਹੀ ਭਾਰੂ ਹੋ ਜਾਂਦਾ ਹੈ। ਗੁਰਬਾਣੀ ਇੰਝ ਸਮਝਾਉਂਦੀ ਹੈ ਕਿ ਬੰਦਾ ਬੁਰੇ ਕੰਮ ਨੂੰ ਫੱਟ ਤਿਆਰ ਹੋ ਜਾਂਦਾ ਹੈ ਪਰ ਇਮਾਨਦਾਰੀ ਲਈ ਅਵੇਸਲਾ, ਲਾਪ੍ਰਵਾਹ ਤੇ ਲਾ-ਪ੍ਰਵਾਹ ਹੋ ਜਾਂਦਾ ਹੈ। ਬੁਰੇ ਕੰਮਾਂ ਨੂੰ ਸਹੀ ਠਹਿਰਾਉਣ ਲਈ ਕਈ ਬਹਾਨੇ ਘੜ ਲੈਂਦਾ ਹੈ। ਉਂਝ ਵੀ ਮਨੁੱਖੀ ਸੁਭਾਅ ਦੀ ਫਿਦਰਤ ਹੈ ਕਿ ਮੈਂ ਕਰਾਂ ਕੁਝ ਨਾ ਪਰ ਮੈਨੂੰ ਮਿਲ ਸਭ ਕੁਝ ਮਿਲਣਾ ਚਾਹੀਦਾ ਹੈ। ਇਸ ਸਲੋਕ ਵਿਚ ਗੁਰਦੇਵ ਪਿਤਾ ਜੀ ਇਕ ਨੁਕਤਾ ਸਮਝਾਇਆ ਹੈ ਕਿ ਆਲਸ, ਕਲੇਸ਼ ਭੈੜੀ ਸੋਚਣੀ ਆਦ ਕੋਈ ਲੰਬਾ ਸਮਾਂ ਰਹਿਣ ਵਾਲੇ ਰੋਗ ਨਹੀਂ ਹਨ। ਜਦੋਂ ਵੀ ਗੁਰੂ ਦੀ ਮਤ ਦੀ ਸਮਝ ਆ ਜਾਏ ਤਾਂ ਇਹ ਬਿਮਾਰੀਆਂ ਆਪਣੇ ਆਪ ਹੀ ਕਿਨਾਰਾ ਕਰ ਜਾਂਦੀਆਂ ਹਨ—
ਘੋਰ ਦੁਖ੍ਯ੍ਯੰ ਅਨਿਕ ਹਤ੍ਯ੍ਯੰ ਜਨਮ ਦਾਰਿਦੰ੍ਰ ਮਹਾ ਬਿਖ੍ਯ੍ਯਾਦੰ॥
ਮਿਟੰਤ ਸਗਲ, ਸਿਮਰੰਤ ਹਰਿ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮੰ ਕਰੋਤਿ॥੧੮॥
ਅੱਖਰੀਂ ਅਰਥ--— ਭਿਆਨਕ ਦੁੱਖ-ਕੇਲਸ਼, (ਕੀਤੇ ਹੋਏ) ਅਨੇਕਾਂ ਖ਼ੂਨ, ਜਨਮਾਂ ਜਨਮਾਂਤਰਾਂ ਦੀ ਗ਼ਰੀਬੀ, ਵੱਡੇ ਵੱਡੇ ਪੁਆੜੇ—ਇਹ ਸਾਰੇ, ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰਿਆਂ ਮਿਟ ਜਾਂਦੇ ਹਨ, ਜਿਵੇਂ ਅੱਗ ਲੱਕੜਾਂ ਨੂੰ ਸੁਆਹ ਕਰ ਦੇਂਦੀ ਹੈ।
ਵਿਚਾਰ ਚਰਚਾ
ਦਲਿੱਦਤ੍ਰੀ ਮਨੁੱਖ ਵਿਚ ਦੁਖ-ਕਲੇਸ਼ ਮਨੁੱਖੀ ਜ਼ਿੰਦਗੀ ਵਿਚ ਸੁਭਾਵਕ ਆ ਹੀ ਆ ਜਾਂਦੇ ਹਨ। ਉਦਮ ਕਰਨ ਨਾਲ ਇਹਨਾਂ ਦਾ ਹੱਲ ਕੀਤਾ ਜਾ ਸਕਦਾ ਹੈ।
੧ ਪਹਿਲਾਂ ਮਨੁੱਖ ਦੇ ਮਨ ਵਿਚ ਖ਼ਿਆਲ ਆਉਂਦਾ ਹੈ ਫਿਰ ਉਸ ਨੂੰ ਅਮਲੀ ਜਾਮਾ ਪਹਿਨਾਉਂਦਾ ਹੈ। ਚੰਗੇ ਖ਼ਿਆਲ ਸਮਾਜ ਦੀ ਤਰੱਕੀ ਕਰਾਉਂਦੇ ਹਨ ਜਦ ਕਿ ਭੈੜੇ ਖ਼ਿਆਲ ਮਨੁੱਖ ਦੇ ਮਨਸਕ ਅਤੇ ਸਮਾਜ ਵਿਚ ਖੜੋਤ ਪੈਦਾ ਕਰਕੇ ਤਬਾਹੀ ਵਲ ਨੂੰ ਵੱਧ ਜਾਂਦੇ ਹਨ।
੨ ਭਿਆਨਕ ਕਲੇਸ਼, ਘਟੀਆ ਖ਼ਿਆਲ ਤੇ ਆਲਸ ਕੋਈ ਸਦੀਵ ਕਾਲ ਬਿਮਾਰੀਆਂ ਨਹੀਂ ਹਨ। ਆਤਮਕ ਹੱਤਿਆ ਕਰਨ ਵਾਲੇ ਖ਼ਿਆਲਾਂ ਦਾ ਵਾਸਾ ਓਨਾ ਚਿਰ ਹੀ ਹੁੰਦਾ ਹੈ ਜਿੰਨੀ ਦੇਰ ਇਹਨਾਂ ਦੀ ਅਸਲੀਅਤ ਦੀ ਸਮਝ ਨਹੀਂ ਆਉਂਦੀ।
੩ ਜਿਸ ਤਰ੍ਹਾਂ ਅੱਗ ਦੀ ਇਕ ਚਿਣਗ ਲੱਖਾਂ ਮਣ ਲਕੜਾਂ ਨੂੰ ਸਾੜ ਕੇ ਸਵਹ ਕਰ ਦੇਂਦਾ ਹੈ ਏਸੇ ਤਰ੍ਹਾਂ ਗੁਰੂ ਦੀ ਇਕ ਸਿੱਖਿਆ ਨਾਲ ਸਾਡੀ ਇਹ ਆਲਸ ਵਾਲੀ ਮੱਤ ਖਤਮ ਹੋ ਸਕਦੀ ਹੈ।
੪ ਗੁਰੂ ਦੀ ਮਤ ਦਾ ਨੂੰ ਸਮਝਣ ਵਾਲੀ ਸਾਰੀ ਪ੍ਰਕਿਰਿਆ ਨੂੰ ਗੁਰਬਾਣੀ ਨੇ ਨਾਮ ਆਖਿਆ ਹੈ। “ਸਿਮਰੰਤ ਹਰਿ ਨਾਮ”।
੫ ਇਸ ਦਾ ਇਹ ਭਾਵ ਨਹੀਂ ਕਿ ਕਿਸੇ ਇਕ ਸ਼ਬਦ ਨੂੰ ਵਾਰ ਵਾਰ ਬੋਲੀ ਜਾਈਏ ਤੇ ਇਹ ਸਿਮਰਨ ਬਣ ਜਾਏਗਾ? ਨਹੀਂ ਏਦਾਂ ਦੇ ਸਿਮਰਨ ਦੀ ਸਿੱਖੀ ਵਿਚ ਕੋਈ ਥਾਂ ਨਹੀਂ ਹੈ। ਅਤਮਕ ਸੂਝਤਾ ਨੂੰ ਸਦਾ ਕਾਇਮ ਰੱਖਣਾ ਹੀ ਸਿਮਰਣ ਕਰਨ ਵਿਚ ਆਉਂਦਾ ਹੈ।
੬ ਸਿਮਰੰਤ ਹਰਿ ਨਾਮ ਦਾ ਭਾਵ ਅਰਥ ਹੈ ਪਹਿਲਾ ਸਮਾਂ ਕੱਢਣਾ, ਫਿਰ ਗੁਰਬਾਣੀ ਪੜ੍ਹਨੀ, ਵਿਚਾਰਨੀ ਤੇ ਫਿਰ ਉਸ ‘ਤੇ ਅਮਲ ਕਰਨ ਵਾਲੀ ਸਾਰੀ ਪ੍ਰਕਿਰਿਆ ਨੂੰ ਨਾਮ ਸਿਮਰਨ ਕਹਿਆ ਗਿਆ ਹੈ।
੭ ਜਦੋਂ ਗੁਰੂ ਦੀ ਗੱਲ ਦੀ ਸਮਝ ਆ ਜਾਏਗੀ ਤਾਂ ਘਟੀਆ ਖ਼ਿਆਲ ਆਪਣੇ ਆਪ ਕਿਨਾਰਾ ਕਰ ਜਾਣਗੇ---
ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ॥
ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ॥
ਪ੍ਰਗਟੇ ਗੁਪਾਲ ਗੋਬਿੰਦ ਲਾਲਨ ਸਾਧ ਸੰਗਿ ਵਖਾਣਿਆ॥
ਆਚਰਜੁ ਡੀਠਾ ਅਮਿਉ ਵੂਠਾ ਗੁਰ ਪ੍ਰਸਾਦੀ ਜਾਣਿਆ॥
ਮਨਿ ਸਾਂਤਿ ਆਈ ਵਜੀ ਵਧਾਈ ਨਹ ਅੰਤੁ ਜਾਈ ਪਾਇਆ॥
ਬਿਨਵੰਤਿ ਨਾਨਕ ਸੁਖ ਸਹਜਿ ਮੇਲਾ ਪ੍ਰਭੂ ਆਪਿ ਬਣਾਇਆ॥੨॥
ਪੰਨਾ ੪੬੦




.