ਗੁਰਬਾਣੀ ਦੇ ਚਾਨਣ ਵਿਚ ‘ਅਖਾਣ’
(ਕਿਸ਼ਤ ਨੰ:01)
ਵੀਰ ਭੁਪਿੰਦਰ ਸਿੰਘ
1.
ਭਰਮ ’ਚ ਪੈਣਾ:
ਅਸਲੀਅਤ ਨੂੰ ਦੇਖੇ, ਸੁਣੇ, ਸਮਝੇ ਅਤੇ ਮਹਿਸੂਸ ਕੀਤੇ ਬਿਨਾ ਮਨ ਦੀ ਜੋ ਦਸ਼ਾ ਹੁੰਦੀ
ਹੈ ਉਸੇ ਨੂੰ ਭਰਮ ਕਹਿੰਦੇ ਹਨ। ਜੋ ਕੁਝ ਮਨ ਦੇਖਦਾ, ਸੁਣਦਾ ਅਤੇ ਸਮਝਦਾ ਰਹਿੰਦਾ ਹੈ, ਉਹ ਅਸਲੀਅਤ
ਨਹੀ ਹੁੰਦੀ ਬਲਕਿ ਭਰਮ ਹੀ ਹੁੰਦਾ ਹੈ। ਮਨ ਦੇ ਭਰਮ ਕਾਰਨ ਰੱਸੀ ਵੀ ਸੱਪ ਲਗਦੀ ਹੈ। ਗੁਰਬਾਣੀ
ਕਹਿੰਦੀ ਹੈ -
ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ ਜੈਸਾ ਮਾਨੀਐ ਹੋਇ ਨ ਤੈਸਾ ॥ (ਗੁਰੂ
ਗ੍ਰੰਥ ਸਾਹਿਬ, ਪੰਨਾ 657)
ਜਿਸ ਅਕਲ, ਸੂਝ-ਬੂਝ ਅਤੇ ਬੁੱਧੀ ਨਾਲ ਅਸਲੀਅਤ ਨਜ਼ਰ ਆ ਜਾਵੇ ਉਸੇ ਬੁੱਧੀ ਨੂੰ
ਬਿਬੇਕ-ਬੁੱਧੀ ਕਹਿੰਦੇ ਹਨ। ਇਸੇ ਬਿਬੇਕ-ਬੁੱਧੀ ਦੇ ਕਾਰਨ ਰੱਸੀ ਅਤੇ ਸੱਪ ’ਚ ਫ਼ਰਕ ਸਾਫ਼-ਸਾਫ਼ ਨਜ਼ਰ ਆ
ਜਾਂਦਾ ਹੈ। ਸੱਚ ਦੀ ਬਾਣੀ (ਗੁਰਬਾਣੀ) ਦੀ ਵਿਚਾਰ ਕਰਨ ਦੇ ਨਾਲ ਬਿਬੇਕ ਬੁੱਧੀ ਪ੍ਰਾਪਤ ਹੁੰਦੀ ਹੈ।
ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ ॥ (ਗੁਰੂ
ਗ੍ਰੰਥ ਸਾਹਿਬ, ਪੰਨਾ 711)
2. ਬਿਬੇਕ ਬੁੱਧੀ:
ਉਹ ਵਾਲੀ ਅਕਲ ਜਾਂ ਸੂਝ-ਬੂਝ, ਜਿਸ ਨਾਲ ਸਰ-ਅਪਸਰ ਅਤੇ ਚੰਗੇ-ਮੰਦੇ ਦੀ ਪਛਾਣ ਕਰਨ ਦੀ ਸਮਰੱਥਾ
ਆਉਂਦੀ ਹੈ। ਜਿਉਂ-ਜਿਉਂ ਸਤਿਗੁਰ ਦੀ ਬਾਣੀ ਨਾਲ ਮਨੁੱਖ ਦੀ ਸਮਝ ਨਿਰਮਲ ਹੁੰਦੀ ਹੈ ਤਾਂ
ਬਿਬੇਕ-ਬੁੱਧੀ ’ਚ ਵੀ ਵਾਧਾ ਹੁੰਦਾ ਹੈ। ਸਤਿਗੁਰ ਦੀ ਬਾਣੀ ਦੇ ਤੱਤ ਗਿਆਨ ਨੂੰ ਹੀ ਬਿਬੇਕ-ਬੁੱਧੀ
ਕਹਿੰਦੇ ਹਨ।
ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕੋ ॥ (ਗੁਰੂ ਗ੍ਰੰਥ
ਸਾਹਿਬ, ਪੰਨਾ 763)
ਅਤੇ
ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ (ਗੁਰੂ ਗ੍ਰੰਥ
ਸਾਹਿਬ, ਪੰਨਾ 641)
ਇਨ੍ਹਾਂ ਪੰਕਤੀਆਂ ਦਾ ਭਾਵ ਅਰਥ ਬਿਬੇਕ ਬੁੱਧੀ ਦੀ ਜਾਚਨਾ ਕਰਨਾ ਹੈ। ਬਿਬੇਕ-ਬੁੱਧੀ ਨੂੰ
ਸੁਹਾਗਣੀਆਂ ਵਾਲੀ ਮੱਤ ਜਾਂ ਬਿਬੇਕੀਆਂ ਵਾਲੀ ਮੱਤ ਵੀ ਕਿਹਾ ਜਾਂਦਾ ਹੈ। ਬਿਬੇਕ-ਬੁੱਧੀ ਨਾਲ ਭਰਮ
ਟੁਟਦਾ ਹੈ, ਸ਼ੰਕੇ, ਸੰਦੇਹ ਅਤੇ ਸ਼ੱਕ ਮੁਕਦੇ ਹਨ।
3. ਮੂੰਹ ਖੋਲ੍ਹਣਾ:
ਜਦੋਂ ਕਿਸੇ ਮਨੁੱਖ ਨਾਲ ਗੱਲ-ਬਾਤ ਕਰਦਿਆਂ ਲੱਗੇ ਕਿ ਉਸਨੇ ਅਸਲੀ ਗੱਲ ਦਾ ਭੇਤ ਨਹੀਂ
ਖੋਲਿਆ, ਅਸਲੀਅਤ ਬਿਆਨ ਨਹੀਂ ਕੀਤੀ ਤਾਂ ਸਮਝੋ ਉਸਨੇ ਆਪਣੇ ਮਨ ਦੀ ਗੱਲ ਨਹੀ ਕੀਤੀ। ਚੰਗੀ-ਮੰਦੀ
ਕਿਸੇ ਗੱਲ ਦੀ ਸਹੀ ਤਰੀਕੇ ਨਾਲ ਸਾਂਝ ਨਾ ਕਰਨਾ ‘ਮੂੰਹ ਨਾ ਖੋਲਣਾ’ ਕਹਿਲਾਉਂਦਾ ਹੈ। ਜੇ ਕਰ ਕੋਈ
ਮਨ ਦੀ ਗੱਲ (ਗੁੱਝੇ ਭੇਤ ਦੀ ਗੱਲ) ਸਾਂਝ ਕਰ ਲਵੇ ਤਾਂ ਉਸਨੂੰ ‘ਮੂੰਹ ਖੋਲਣਾ’ ਕਹਿੰਦੇ ਹਨ। ਮਨ ਦੇ
ਭੇਤ ਖੋਲ੍ਹਣ ਨੂੰ ਹੀ ਮੂੰਹ ਖੋਲ੍ਹਣਾ ਕਹਿੰਦੇ ਹਨ। ਸਰੀਰਕ ਅੰਗਾਂ ਦੇ ਇਸ਼ਾਰੇ
(body language)
ਨਾਲ ਸੁਨੇਹਾ ਦੇਣਾ ਵੀ ‘ਮੂੰਹ ਖੋਲ੍ਹਣਾ’ ਹੀ ਹੁੰਦਾ ਹੈ।
4. ਮਨ ਦੇਣਾ:
ਜਿਸ ਨਾਲ ਸੱਚਾ ਪਿਆਰ ਹੋਵੇ ਉਸਦੀ ਗੱਲ ਮੰਨਣ ਦਾ ਚਿੱਤ ਕਰਦਾ ਹੈ। ਗੁਰਬਾਣੀ ਕਹਿੰਦੀ
ਹੈ -
ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥ (ਗੁਰੂ ਗ੍ਰੰਥ ਸਾਹਿਬ,
ਪੰਨਾ 83)
ਇਸ ਲਈ ‘ਮਨ ਕਰਕੇ’ ਉਸਦੀ ਗੱਲ ਨੂੰ ਸੁਣਨਾ ਹੀ ਅਸਲੀ ਪ੍ਰੀਤ ਹੈ। ਇਸੇ ਅਵਸਥਾ ਨੂੰ ‘ਮਨ
ਦੇਣਾ’ ਕਹਿੰਦੇ ਹਨ। ਭਾਵ ਜਿਸਨੂੰ ‘ਮਨ ਦਿਤਾ’ ਉਸਦੀ ਗੱਲ ਸੁਣ ਕੇ ਪਸੰਦ ਕਰਕੇ ਉਸ `ਤੇ ਅਮਲ ਕੀਤਾ।
ਜਦੋਂ ਅਸੀ ਕਿਸੇ ਦੀ ਗੱਲ ਧਿਆਨ ਦੇ ਕੇ ਨਹੀ ਸੁਣਦੇ ਤਾਂ ਇਸ ਦਸ਼ਾ ਨੂੰ ‘ਮਨ ਨਾਲ ਨਾ ਸੁਣਨਾ’
ਕਹਿੰਦੇ ਹਨ। ਐਸੀ ਗੱਲ ਨੂੰ ਮੰਨਣਾ ਅਤੇ ਅਮਲ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ।
5. ਸਿਰ ਦੇਣਾ:
ਜਿਸ ਨੂੰ ਮਨ ਦੇ ਦਿੱਤਾ ਜਾਏ ਉਸ ਨਾਲ ਸੱਚੀ ਪ੍ਰੀਤ ਹੁੰਦੀ ਹੈ। ਪ੍ਰੀਤਮ ਦੀ ਗੱਲ
ਆਪਣੀ ਮਨ-ਮਰਜ਼ੀ ਤੋਂ ਉੱਪਰ ਅਹਿਮੀਅਤ ਰੱਖਦੀ ਹੈ। ਪਿਆਰੇ ਦੀ ਗੱਲ ਸਿਰ ਮੱਥੇ ਮੰਨ ਲੈਣਾ ਅਤੇ ਆਪਣੀ
ਮਨ ਕੀ ਮੱਤ ਛੱਡ ਦੇਣਾ ਹੀ ਸਿਰ ਦੇਣ ਦਾ ਲਖਾਇਕ ਹੈ।