.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਗੁਣਾਂ ਦਾ ਪ੍ਰਭਾਵ

ਅਵਗੁਣ ਜ਼ੰਜੀਰਾਂ ਹਨ ਜਿਸ ਕਰਕੇ ਮਨੁੱਖ ਦਾ ਮਾਨਸਕ ਵਿਕਾਸ ਨੂੰ ਰੁਕ ਜਾਂਦਾ ਹੈ। ਗੁਣ ਉਹ ਕੈਂਚੀ ਹੈ ਜਿਹੜੀ ਅਵਗੁਣ ਰੂਪੀ ਗੁਣਾਂ ਨੂੰ ਕੱਟ ਕੇ ਜ਼ਿੰਦਗੀ ਦਾ ਸਹੀ ਰਾਹ ਦਿਖਾਉਂਦੀ ਹੈ। ਰੱਬ ਦਾ ਨਾਮ ਸਿਮਰਣਾ, ਨਾਮ ਧਿਆਉਣਾ, ਬੰਦਗੀ ਕਰਨੀ, ਸੰਗਤ ਕਰਨੀ ਜਾਂ ਰੱਬ ਦੀ ਪ੍ਰਾਪਤੀ ਕਰਨੀ ਆਦ ਦਾ ਸੰਖੇਪ ਭਾਵ ਹੈ ਕਿ ਰੱਬੀ ਗਿਆਨ ਨੂੰ ਸਮਝਦਿਆਂ ਹੋਇਆਂ ਦੈਵੀ ਗੁਣਾਂ ਨੂੰ ਧਾਰਨ ਕਰਨ ਤੋਂ ਹੈ। ਇਹ ਦੈਵੀ ਗੁਣ ਸਾਰੀ ਦੁਨੀਆਂ ਲਈ ਸਾਂਝੇ ਹਨ ਤੇ ਸਰਬ ਵਿਆਪਕ ਹਨ। ਸਾਰੀ ਧਰਤੀ, ਅਕਾਸ਼, ਦਰਿਆ, ਸਮੁੰਦਰ ਇਕ ਬੱਝਵੇਂ ਨਿਯਮ ਵਿਚ ਚੱਲ ਰਹੇ ਹਨ। ਇਸ ਬੱਝਵੇਂ ਨਿਯਮ ਦਾ ਨਾਂ ਹੀ ਨਾਮ ਸਿਮਰਨ ਹੈ।
ਦੁਖਾਂਤ ਇਹ ਹੋਇਆ ਹੈ ਕਿ ਦੈਵੀ ਗੁਣਾਂ ਨੂੰ ਸਮਝਣ ਦੀ ਥਾਂ ‘ਤੇ ਦੈਵੀ ਗੁਣਾਂ ਦੀ ਪੂਜਾ ਕਰਨੀ ਅਰੰਭ ਕਰ ਦਿੱਤੀ ਹੈ। ਸਾਰੀ ਦੁਨੀਆਂ ਨੂੰ ਪਤਾ ਹੈ ਕਿ ਸਾਰੀ ਧਰਤੀ ਦਾ ਦਾਰੋ-ਸੂਰਜ ‘ਤੇ ਨਿਰਭਰ ਕਰਦਾ ਹੈ। ਸੂਰਜ ਦੇ ਅਸਲ ਗੁਣ ਸਮਝਣ ਦੀ ਥਾਂ ‘ਤੇ ਹਨੇਰ ਢੋਂਦਿਆਂ ਹੋਇਆਂ ਭਾਰਤੀਆਂ ਨੇ ਸੂਰਜ ਦੀ ਹੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਹੜੀ ਅੱਜ ਤੱਕ ਚਲਦੀ ਆ ਰਹੀ ਹੈ। ਪਰ ਡੂੰਘੀ ਸੋਚ ਵਾਲਿਆਂ ਨੇ ਸੂਰਜ ਦੇ ਗੁਣਾਂ ਦਾ ਲਾਭ ਲੈਂਦਿਆਂ ਹੋਇਆਂ ਇਸ ਤੋਂ ਬਿਜਲੀ ਪੈਦਾ ਕਰਨੀ ਸ਼ੁਰੂ ਕਰ ਦਿੱਤੀ। ਇੰਝ ਹੀ ਰੱਬੀ ਨਿਸ਼ਾਨੇ ਨੂੰ ਸਮਝਣ ਦੀ ਥਾਂ ‘ਤੇ ਅਗਿਆਨਤਾ ਵੱਸ ਹਰੇਕ ਰੱਬੀ ਗੁਣ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਹੈ—
ਅੰਧਕਾਰ ਸਿਮਰਤ ਪ੍ਰਕਾਸੰ ਗੁਣ ਰਮੰਤ ਅਘ ਖੰਡਨਹ॥
ਰਿਦ ਬਸੰਤਿ ਭੈ ਭੀਤ ਦੂਤਹ ਕਰਮ ਕਰਤ ਮਹਾ ਨਿਰਮਲਹ॥
ਜਨਮ ਮਰਣ ਰਹੰਤ ਸ੍ਰੋਤਾ ਸੁਖ ਸਮੂਹ ਅਮੋਘ ਦਰਸਨਹ॥
ਸਰਣਿ ਜੋਗੰ ਸੰਤ ਪ੍ਰਿਅ ਨਾਨਕ ਸੋ ਭਗਵਾਨ ਖੇਮੰ ਕਰੋਤਿ॥੧੯॥
ਅੱਖਰੀਂ ਅਰਥ--— ਪਰਮਾਤਮਾ ਦਾ ਨਾਮ ਸਿਮਰਿਆਂ (ਅਗਿਆਨਤਾ ਦਾ) ਹਨੇਰਾ (ਦੂਰ ਹੋ ਕੇ) (ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ। ਪ੍ਰਭੂ ਦੇ ਗੁਣ ਚੇਤੇ ਕੀਤਿਆਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਪ੍ਰਭੂ ਦਾ ਨਾਮ ਹਿਰਦੇ ਵਿਚ ਵੱਸਿਆਂ ਜਮਦੂਤ ਭੀ ਡਰਦੇ ਹਨ, ਉਹ ਮਨੁੱਖ ਬੜੇ ਪਵਿਤ੍ਰ ਕਰਮ ਕਰਨ ਵਾਲਾ ਬਣ ਜਾਂਦਾ ਹੈ। ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਨ ਵਾਲੇ ਦਾ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ, ਪ੍ਰਭੂ ਦਾ ਦੀਦਾਰ ਫਲ ਦੇਣ ਤੋਂ ਖੁੰਝਦਾ ਨਹੀਂ, ਅਨੇਕਾਂ ਸੁਖ ਦੇਂਦਾ ਹੈ।ਹੇ ਨਾਨਕ! ਉਹ ਭਗਵਾਨ ਜੋ ਸੰਤਾਂ ਦਾ ਪਿਆਰਾ ਹੈ ਤੇ ਸਰਨ ਆਇਆਂ ਦੀ ਸਹੈਤਾ ਕਰਨ ਦੇ ਸਮਰੱਥ ਹੈ (ਭਗਤਾਂ ਨੂੰ ਸਭ) ਸੁਖ ਦੇਂਦਾ ਹੈ।
ਵਿਚਾਰ ਚਰਚਾ—
੧ ਪਰਮਾਤਮਾ ਦਾ ਨਾਮ ਸਿਮਰਿਆਂ ਅੰਧਕਾਰ, ਭਾਵ ਅਗਿਆਨਤਾ ਦਾ ਹਨੇਰਾ ਦੂਰ ਹੋ ਸਕਦਾ ਹੈ। ਅਗਿਆਨਤਾ ਖਤਮ ਹੁੰਦਿਆਂ ਹੀ ਆਤਮਕ ਸੂਝ ਦਾ ਜਨਮ ਹੁੰਦਾ ਹੈ। ਗਿਆਨ ਹਾਸਲ ਕਰਨ ਦੀ ਥਾਂ ‘ਤੇ ਇਕ ਸ਼ਬਦ ਨੂੰ ਹੀ ਬਾਰ ਬਾਰ ਬੋਲਣਾ ਸ਼ੁਰੂ ਕਰ ਦਿੱਤਾ ਅਖੇ ਅਸੀਂ ਨਾਮ ਜੱਪ ਰਹੇ ਹਾਂ। ਇਹ ਪ੍ਰਕਿਰਿਆ ਕਈ ਗੁਰਦੁਆਰਿਆਂ ਦੀ ਸ਼ੈਲੀ ਬਣ ਗਈ ਹੈ।
੨ ਨਾਮ ਸਿਮਰਨ ਸਬੰਧੀ ਵਾਰ ਵਾਰ ਇਹ ਸਮਝਣ ਦਾ ਯਤਨ ਕੀਤਾ ਹੈ ਕਿ ਇਮਾਨਦਾਰੀ , ਵਫ਼ਾਦਾਰੀ, ਸਖਤ ਮਿਹਨਤ, ਆਪਸੀ ਪਿਆਰ ਦੀ ਭਾਵਨਾ ਆਦਕ ਦੇਵੀ ਗੁਣਾਂ ਨੂੰ ਸਮਝ ਕੇ ਜੀਵਨ ਵਿਚ ਆਪਨਾਉਣਾ ਹੀ ਨਾਮ ਸਿਮਰਨਾ ਹੈ।
੩ ਰੱਬੀ ਗੁਣਾਂ ਦੀ ਸਮਝ ਆਉਣ ‘ਤੇ ਪਾਪਾਂ ਦਾ ਨਾਸ ਹੁੰਦਾ ਹੈ ਭਾਵ ਮਲੀਨ ਸੋਚ ਖਤਮ ਹੁੰਦੀ ਹੈ।
੪ ਆਤਮਕ ਸੂਝ ਦਾ ਜਨਮ ਹੁੰਦਿਆਂ ਹੀ ਜਮਦੂਤ ਭੱਜ ਨਿਕਲਦੇ ਹਨ। ਜਮਦੂਤ ਗਰੜ ਪੁਰਾਣ ਵਾਲੇ ਨਹੀਂ ਹਨ ਜਿਹੜੇ ਕਿਸੇ ਊਪਰਲੇ ਅਸਮਾਨ ‘ਤੇ ਮੰਨੇ ਹੋਏ ਹਨ। ਜਮਦੂਤਾਂ ਦਾ ਅਰਥ ਭੈੜੀਆਂ ਸੋਚਾਂ ਤੇ ਭੈੜੇ ਵਿਕਾਰਾਂ ਤੋਂ ਹੈ।
੫ ਅਜ ਦੀ ਤਾਰੀਕ ਵਿਚ ਵੀ ਸਿੱਖ ਗਰੜ ਪੁਰਾਣ ਵਾਲੇ ਹੀ ਜਮਦੂਤ ਸਮਝੀ ਬੈਠੇ ਹਨ। ਪਰ ਇਹ ਜਮਦੂਤ ਵਿਕਾਰ ਹਨ ਜਿਹੜੇ ਨਿੱਤ ਸਾਡੇ ਆਤਮਕ ਗੁਣਾਂ ਨੂੰ ਚੁਰਾ ਕੇ ਲੈ ਜਾਂਦੇ ਹਨ।
੬ ਸਰੀਰਕ ਤਲ ਵਾਲਾ ਜਨਮ ਮਰਨ ਨਹੀਂ ਬਲ ਕੇ ਆਤਮਕ ਤੌਰ ‘ਤੇ ਜਨਮ ਮਰਨ ਸਾਡਾ ਖਤਮ ਹੁੰਦਾ ਹੈ, ਓਦੋਂ, ਜਦੋਂ ਅਸੀਂ ਗਿਆਨ ਨੂੰ ਸਮਝਣ ਲਈ ਤਿਆਰ ਹੁੰਦੇ ਹਾਂ।
੭ ਭਗਵਾਨ ਸੰਤਾਂ ਦਾ ਪਿਆਰਾ ਹੈ ਤੇ ਜਿਹੜਾ ਉਸਦੀ ਸਰਣ ਵਿਚ ਆਉਂਦਾ ਹੈ। ਸਰਨ ਵਿਚ ਆਉਣ ਦਾ ਭਾਵ ਆਪਣੇ ਆਪ ਨੂੰ ਸਮਰਪਤ ਤੇ ਨਿਯਮਤ ਕਰਨ ਤੋਂ ਹੈ। ਨਿਯਮ ਵਿਚ ਚੱਲਣ ਵਾਲਿਆਂ ਦੀ ਹੀ ਰੱਬ ਸਹਾਇਤਾ ਕਰਦਾ ਹੈ।
੮ ਗੁਰਬਾਣੀ ਵਿਚ ਸੰਤ ਸੱਚੇ ਗਿਆਨ ਲਈ ਆਇਆ ਹੈ ਜਿਹੜਾ ਸਾਡੇ ਉੱਚੇ ਸੁੱਚੇ ਕਿਰਦਾਰ ਨੂੰ ਘੜਦਾ ਹੈ।
੯ ਸਿੱਖੀ ਵਿਚ ਇਕ ਅਜੇਹਾ ਲਿਬਾਸ ਆ ਗਿਆ ਹੈ ਜਿਹੜਾ ਆਪਣੇ ਆਪ ਨੂੰ ਸ੍ਰੇਸ਼ਟ ਸੰਤ ਸਮਝਣ ਲੱਗ ਗਿਆ ਹੈ। ਪਰ ਏੱਥੇ ਸੰਤ ਸ਼ਬਦ ਆਮ ਕਿਰਤੀ, ਉਦਮੀ ਤੇ ਸਾਹਸੀ ਲਈ ਆਇਆ ਹੈ ਜਿਹੜਾ ਸਾਫ਼ਗੋਈ ਨਾਲ ਜੀਵਨ ਬਸਰ ਕਰ ਰਿਹਾ ਹੈ-
ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ॥
ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ॥੧॥
ਪੰਨਾ ੨੯੩




.