.

ਹਉਮੈ

(2)

ਗੁਰਬਾਣੀ ਸਾਨੂੰ "ਇਹ ਲੋਕ ਸੁਖੀਏ ਪਰਲੋਕ ਸੁਹੇਲੇ" ਬਣਾਉਣ ਵਾਸਤੇ ਹਰਿਨਾਮ ਸਲਾਹਨ ਦਾ ਸੰਦੇਸ਼ ਦਿੰਦੀ ਹੈ। ਸੱਚੇ ਗੁਰਸਿੱਖ, ਗੁਰਸਿੱਖਿਆ ਉੱਤੇ ਚਲਦਿਆਂ, ਸੱਚੀ ਸੰਗਤ ਵਿੱਚ ਬੈਠਿ ਕਰਤਾਰ ਦੇ ਗੁਣਾਂ ਦਾ ਗਾਇਨ ਅਤੇ ਚਿੰਤਨ ਕਰਕੇ ਆਪਣੇ ਅੰਦਰੋਂ ਚੰਦਰੀ ਹਉਮੈ ਨੂੰ ਮਾਰ ਮੁਕਾਉਂਦੇ ਹਨ ਅਤੇ ਆਪਣਾ, ਆਪਣੇ ਨਜ਼ਦੀਕੀਆਂ ਅਤੇ ਸਕੇ-ਸਨਬੰਧੀਆਂ ਦਾ ਜੀਵਨ ਸਫ਼ਲਾ ਕਰ ਜਾਂਦੇ ਹਨ:

ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ॥

ਗੁਰਮੁਖਿ ਨਾਮੁ ਸਾਲਾਹਿ ਜਨਮੁ ਸਵਾਰਿਆ॥ ਆਪਿ ਹੋਆ ਸਦਾ ਮੁਕਤੁ ਸਭੁ ਕੁਲੁ ਨਿਸਤਾਰਿਆ॥ ……

ਪਰੰਤੂ ਮਨਮੁਖ ਲੋਗ, ਮਾਇਆ ਦੇ ਪ੍ਰਭਾਵ ਅਧੀਨ, ਹਰਿਨਾਮ ਵੱਲੋਂ ਬੇਮੁਖ ਹੋ ਕੇ, ਹਉਮੈ-ਹੰਕਾਰ ਅਤੇ ਮੈ-ਮੇਰੀ ਦੇ ਮੁਰੀਦ ਬਣ ਕੇ ਆਪਣੀ ਆਤਮਿਕ ਮੌਤ ਆਪ ਸਹੇੜ ਲੈਂਦੇ ਹਨ:

ਮਨਮੁਖ ਮਰਹਿ ਅਹੰਕਾਰਿ ਮਰਣੁ ਵਿਗਾੜਿਆ॥ … ਸਲੋਕ ਮ: ੩

ਅਸੀਂ ‘ਸਿੱਖ’, ਮਾਇਆਧਾਰੀ ਪ੍ਰਬੰਧਕਾਂ ਦੀ ਜੁੰਡਲੀ ਅਤੇ ਮਨਮੁਖ ਪੁਜਾਰੀ ਟੋਲੇ ਦੇ ਮਗਰ ਲੱਗ ਕੇ, ਪੂਰਣ ਤੌਰ `ਤੇ, ਦੂਜੀ ਬਿਰਤੀ ਦੇ ਮਾਲਿਕ ਬਣ ਗਏ ਹਾਂ। ਆਓ! ਬੀਚਾਰੀਏ ਕਿਵੇਂ?

ਗੁਰੂ ਅਰਜਨ ਦੇਵ ਜੀ ਦੀ ਰਚੀ ਇੱਕ ਤੁਕ ਹੈ:

ਗਰਬੁ ਬਡੋ ਮੂਲੁ ਇਤਨੋ॥ ਰਹਨੁ ਨਹੀ ਗਹੁ ਕਿਤਨੋ॥ ਗਉੜੀ ਮ: ੫

ਉਪਰੋਕਤ ਤੁਕ ਸਾਡੇ (ਅਜੋਕੇ ਸਿੱਖਾਂ ਦੇ) ਕਿਰਦਾਰ ਉੱਤੇ ਖ਼ੂਬ ਢੁੱਕਦੀ ਹੈ। ਮਾਇਆ ਮਗਰ ਲਗਿ, ਹਰਿਨਾਮ ਨਾਲੋਂ ਟੁੱਟ ਕੇ ਸਾਡੀ ਸਿੱਖਾਂ ਦੀ ਅਧਿਆਤਮਿਕ ਪਾਂਇਆ ਕੁੱਛ ਵੀ ਨਹੀਂ ਰਹੀ, ਪਰ ਸਾਡੀਆਂ ਬਾਹਰੋਂ ਚਮਕਦੀਆਂ ਭੇਖੀ ਸ਼ਖ਼ਸੀਯਤਾਂ, ਦਿਖਾਵੇ ਦੇ ਆਡੰਬਰ ਅਤੇ ਫੋਕੀਆਂ ਫੜਾਂ ਦਾ ਕੋਈ ਅੰਤ ਨਹੀਂ। ਚੰਦਰੀ ਹਉਮੈ ਦੇ ਨਾਮੁਰਾਦ ਅਫਾਰੇ ਕਾਰਣ ਅਸੀਂ ਆਪਣੀ ਆਤਮਿਕ ਮੌਤ ਆਪ ਸਹੇੜ ਲਈ ਹੈ:

ਮਾਨੈ ਹੁਕਮੁ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ॥ ਮਾਰੂ ਮ: ੧

ਅਸੀਂ ਅਜੋਕੇ ‘ਸਿੱਖ’ ਅਤੇ ‘ਸਿੱਖਾਂ’ ਦੇ ਕਹਿੰਦੇ/ਕਹਾਉਂਦੇ ‘ਮਹਾਨ ਪੰਥਕ ਨੇਤਾ’ ਆਤਮਿਕ ਪੱਖੋਂ ਥੋਥੇ ਚਣਿਆਂ ਤੋਂ ਵੱਧ ਕੁਛ ਵੀ ਨਹੀਂ ਹਾਂ, ਪਰ ਹੰਕਾਰ ਇਤਨਾ ਕਰਦੇ ਹਾਂ ਜਿਵੇਂ ਆਸਮਾਨ ਸਾਡੇ ਬਲ-ਬੁੱਤੇ `ਤੇ ਹੀ ਖੜਾ ਹੋਵੇ! ਗੁਰਬਾਣੀ ਵਿੱਚ ਅਜਿਹੀ ਸੋਚ ਵਾਲੇ ਮਨਮੁਖ ਹੰਕਾਰੀ ਨੂੰ ਮੂੜ੍ਹ, ਮੂਰਖ, ਗਵਾਰ ਅਤੇ ਅੰਧਾ-ਅਗਿਆਨੀ ਆਦਿ ਵਿਸ਼ੇਸ਼ਣਾਂ ਨਾਲ ‘ਨਿਵਾਜਿਆ’ ਗਿਆ ਹੈ:

ਇਕਿ ਮੂਲੁ ਨ ਬੂਝਨਿੑ ਅਣਹੋਦਾ ਆਪੁ ਗਣਾਇਦੇ॥

ਜੇ ਕੋ ਆਪ ਗਣਾਇਦਾ ਸੋ ਮੂਰਖ ਗਾਵਾਰ॥ ਮ: ੩

ਸਤਿਗੁਰ ਕੀ ਸੇਵ ਨ ਕੀਨੀਆ ਕਿਆ ਓਹੁ ਕਰੇ ਵੀਚਾਰੁ॥

ਸਬਦੈ ਸਾਰ ਨ ਜਾਣਈ ਬਿਖੁ ਭੂਲਾ ਗਾਵਾਰੁ॥

ਅਗਿਆਨੀ ਅੰਧੁ ਬਹੁ ਕਰਮ ਕਮਾਵੈ ਦੂਜੈ ਭਾਇ ਪਿਆਰੁ॥

ਅਣਹੋਦਾ ਆਪੁ ਗਣਾਇਦੇ ਜਮੁ ਮਾਰਿ ਕਰੇ ਤਿਨ ਖੁਆਰੁ॥ …ਸਲੋਕ ਮ: ੩

ਮਨੁੱਖਾ ਮਨ ਗੁਣ-ਔਗੁਣਾਂ ਦਾ ਜ਼ਖ਼ੀਰਾ ਹੈ। ਜਿਸ ਮਨ ਵਿੱਚ ਗੁਣ (ਮਿੱਠਤ, ਹਲੀਮੀ, ਮਸਕੀਨਤਾ, ਦੀਨਤਾ, ਨਮਰਤਾ, ਨਿਮਾਣਾਪਣ……ਆਦਿ) ਭਾਰੂ ਹਨ, ਉਹ ਮਨ ਹਉਮੈ-ਮੁਕਤ ਹੋ ਜਾਂਦਾ ਹੈ। ਜਿਹੜਾ ਸੁਭਾਗਾ ਮਨੁੱਖ ਆਪਾ ਭਾਵ ਖ਼ਤਮ ਕਰਕੇ ਇਨ੍ਹਾਂ ਸਦਗੁਣਾਂ ਨੂੰ ਅਪਣਾ ਲੈਂਦਾ ਹੈ, ਉਹ ਆਤਮਿਕ ਸੁੱਖ ਦਾ ਜੀਵਨ ਜੀਉਂਦਾ ਹੈ। ਪਰੰਤੂ ਹੰਕਾਰ ਵਿੱਚ ਜ਼ਿੰਦਗੀ ਜੀਣ ਵਾਲੇ ਹੰਕਾਰ ਦੇ ਗੰਦ ਵਿੱਚ ਹੀ, ਆਤਮਿਕ ਪੱਖੋਂ, ਸੜ-ਗਲ ਮਰਦੇ ਹਨ। ਇਸੇ ਲਈ, ਗੁਰਬਾਣੀ ਵਿੱਚ ਹਉਮੈ-ਹੰਕਾਰ ਤਿਆਗ ਕੇ ਮਿੱਠਤ, ਨਮਰਤਾ, ਨਿਰਮਾਨਤਾ, ਮਸਕੀਨਤਾ ਆਦਿ ਗੁਣ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ:

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ …

ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ॥ ਸਲੋਕ ਮ: ੧

ਤੂ ਪੂਰਾ ਹਮ ਊਰੇ ਹੋਛੇ ਤੂ ਗਉਰਾ ਹਮ ਹਉਰੇ॥ ਸੋਰਠ ਮ: ੧

ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ॥

ਬਡੇ ਬਡੇ ਅਹੰਕਾਰੀਆਂ ਨਾਨਕ ਗਰਬਿ ਗਲੇ॥ ਸਲੋਕ ਮ: ੫

ਧਰਮ-ਕਰਮ/ਸੰਸਾਰਕ ਸੰਸਕਾਰ/ਕਰਮਕਾਂਡ ਧਾਰਮਿਕ ਰਹਿਣੀ ਦਾ ਮਹਜ਼ ਦਿਖਾਵਾ ਹੀ ਹਨ। ਲੋਕਾਚਾਰੀ ਧਰਮ-ਕਰਮ ਹਉਮੈ ਰੋਗ ਦਾ ਇਲਾਜ ਨਹੀਂ ਸਗੋਂ ਇਹ ਤਾਂ ਇਸ ਮਾਨਸਿਕ ਰੋਗ ਨੂ ਬਢਾਵਾ ਦਿੰਦੇ ਹਨ:

ਹਉਮੈ ਮੈਲਾ ਇਹੁ ਸੰਸਾਰਾ॥ ਨਿਤ ਤੀਰਥਿ ਨਾਵੈ ਨ ਜਾਇ ਅਹੰਕਾਰਾ॥

ਬਿਨੁ ਗੁਰ ਭੇਟੇ ਜਮੁ ਕਰੇ ਖੁਆਰਾ॥ ਸੋ ਜਨੁ ਸਾਚਾ ਜਿ ਹਉਮੈ ਮਾਰੈ॥

ਗੁਰ ਕੈ ਸਬਦਿ ਪੰਚ ਸੰਘਾਰੈ॥ ਆਪਿ ਤਰੈ ਸਗਲੇ ਕੁਲ ਤਾਰੈ॥ ਗਉੜੀ ਅ: ਮ: ੩

ਰੰਗ ਬਰੰਗੇ ਭੇਖ ਅਤੇ ਚਿੰਨ੍ਹ ਧਾਰਨ ਕਰਕੇ ਵੇਦ (ਧਾਰਮਿਕ ਗ੍ਰੰਥ) ਪੜ੍ਹਨ ਅਤੇ ਦਿਖਾਵੇ ਦੇ ਆਡੰਬਰ ਕਰਨ/ਕਰਵਾਉਣ ਨਾਲ ਹਉਮੈ ਦੇ ਵਿਕਾਰ ਵਿੱਚ ਵਾਧਾ ਹੁੰਦਾ ਹੈ ਅਤੇ ਆਤਮਾ ਅਤੇ ਪਰਮਾਤਮਾ ਵਿਚਾਲੇ ਵਿੱਥ ਵਧਦੀ ਹੈ। ਮੈ-ਮੇਰੀ ਦੀ ਭਾਵਨਾ ਤੋਂ ਮੁਕਤੀ ਪਾਉਣ ਵਾਸਤੇ, ਰੰਗ ਬਰੰਗੇ ਭੇਖਾਂ, ਚੋਲਿਆਂ ਤੇ ਚਿੰਨ੍ਹਾਂ ਨੂੰ ਨਕਾਰ ਕੇ, ਗੁਰਸਬਦ/ਗੁਰੂ ਦੀ ਸਿੱਖਿਆ ਉੱਤੇ ਵਿਚਾਰ ਕਰਨਾ ਤੇ ਚੱਲਣਾ ਲੋੜੀਏ:

ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ॥ ਹੋਇ ਕੁਚੀਲੁ ਰਹਾ ਮਲੁ ਧਾਰੀ ਦੁਰਮਤਿ ਮਤਿ ਵਿਕਾਰ॥ ਨਾ ਹਉ ਨਾ ਮੈ ਨਾ ਹਉ ਹੋਵਾ ਨਾਨਕ ਸਬਦੁ ਵੀਚਾਰਿ॥ ਸਲੋਕ ਮ: ੧

ਸੋ ਨਿਹਕਰਮੀ ਜੋ ਸਬਦੁ ਬੀਚਾਰੇ॥ ਅੰਤਰਿ ਤਤੁ ਗਿਆਨਿ ਹਉਮੈ ਮਾਰੇ॥ …

ਮਨਮੁਖੁ ਸਦਾ ਬਗੁ ਮੈਲਾ ਹਉਮੈ ਮਲੁ ਲਾਈ॥ ਇਸਨਾਨੁ ਕਰੈ ਪਰੁ ਮੈਲੁ ਨ ਜਾਈ॥

ਜੀਵਤੁ ਮਰੈ ਗੁਰਸਬਦੁ ਬੀਚਾਰੈ ਹਉਮੈ ਮੈਲੁ ਚੁਕਾਵਣਿਆ॥ ਮਾਝ ਅ: ਮ: ੩

ਕਾਂਇਆ ਸਾਧੈ ਉਰਧ ਤਪੁ ਕਰੈ ਵਿਚਹੁ ਹਉਮੈ ਨ ਜਾਇ॥

ਅਧਿਆਤਮ ਕਰਮ ਜੇ ਕਰੇ ਨਾਮ ਨ ਕਬਹੀ ਪਾਇ॥ …ਸਿਰੀ ਰਾਗੁ ਮ: ੩

ਸਾਡੀ ਸਿੱਖਾਂ ਦੀ ਮਾਨਸਿਕ ਦਸ਼ਾ ਦੇਖੋ, ਅਸੀਂ, ਖ਼ਾਸ ਕਰਕੇ ਸਾਡੇ ਧਾਰਮਿਕ ਆਗੂ, ਰੱਜ ਕੇ ਕੁਚੀਲ ਮਲਧਾਰੀ ਮਨਮੁੱਖ ਹਾਂ। ਕਲਿਆਣਕਾਰੀ ਗੁਰਸਬਦੁ ਬੀਚਾਰ ਤੋਂ ਕੋਰੇ, ਰੰਗ-ਬਰੰਗੇ ਭੇਖਾਂ ਤੇ ਚਿੰਨ੍ਹਾਂ ਦੇ ਪੁਜਾਰੀ, ਕਥਿਤ ਤੀਰਥਾਂ ਦੇ ਦਰਸ਼ਨਾਂ ਦੇ ਅਭਿਲਾਸ਼ੀ ਅਤੇ ਤੀਰਥ-ਇਸ਼ਨਾਨ ਨੂੰ ਪਾਪਾਂ ਤੋਂ ਮੁਕਤੀ ਦਾ ਸਾਧਨ ਸਮਝੀ ਬੈਠੇ ਮੁਗਧ-ਮੂੜ੍ਹ ਹਾਂ। ਫ਼ਲਸਰੂਪ, ਸਾਡੇ ਵਿੱਚ ਹਉਮੈ ਦਾ ਵਿਕਾਰ ਪੂਰੀ ਤਰ੍ਹਾਂ ਘਰ ਕਰ ਚੁੱਕਿਆ ਹੈ। ਨਤੀਜਤਨ, ਅਸੀਂ ਰੱਬ ਨਾਲੋਂ ਪੂਰੀ ਤਰ੍ਹਾਂ ਟੁੱਟ ਕੇ ਆਪਣੀ ਆਤਮਿਕ ਮੌਤ ਨਾਲ ਘੁੱਟ ਕੇ ਗਲਵੱਕੜੀ ਪਾ ਲਈ ਹੈ।

ਗੁਰਮਤਿ ਅਨੁਸਾਰ, ਕੀਰਤਨ ਸੱਚੀ ਪ੍ਰਭੂ-ਭਗਤੀ ਦੇ ਮੁੱਖ ਸਾਧਨਾਂ ਵਿੱਚੋਂ ਇੱਕ ਕਾਰਗਰ ਸਾਧਨ ਹੈ। ਪਰੰਤੂ, ਉਹ ਕੀਰਤਨ ਹੀ ਸਾਰਥਕ ਹੈ ਜਿਸ ਨੂੰ ਕੀਰਤਨੀਆ ਸੱਚੀ ਸ਼੍ਰੱਧਾ, ਹਾਰਦਿਕ ਲਗਨ ਅਤੇ ਨਿਸ਼ਕਾਮ ਰੁਚੀ ਅਤੇ ਬਿਬੇਕ ਨਾਲ ਬੀਚਾਰ ਕੇ ਕਰਦਾ ਹੈ। ਅਜੋਕੇ ਰਾਗੀਆਂ/ਕੀਰਤਨੀਆਂ ਦੀ ਹਉਮੈ ਦੀ ਮਾਂ ਮਾਇਆ ਨਾਲ ਯਾਰੀ ਹੈ। ਮਾਇਆ ਨਾਲ ਯਾਰੀ ਨਿਭਾਉਣ ਵਾਸਤੇ ਉਨ੍ਹਾਂ ਨੇ ਨਿਸੰਗ ਹੋ ਕੇ ਕੀਰਤਨ ਨੂੰ ਇੱਕ ਧੰਧਾ ਬਣਾ ਲਿਆ ਹੈ। ‘ਮਹਾਨ ਕੀਰਤਨੀਏਂ’ ਤੇ ‘ਉੱਚ ਕੋਟੀ ਦੇ ਰਾਗੀ’, ਕੀਰਤਨ-ਭੇਟਾ ਦੇ ਨਾਮ `ਤੇ, ਮੂੰਹ ਪਾੜ ਕੇ ਮਾਇਆ ਮੰਗਦੇ ਅਤੇ ਲੈਂਦੇ ਹਨ; ਨਾਲ ਹੀ ਸੋਨੇ ਦੇ ਸਿੱਕੇ ਤੇ ਤਮਗ਼ਿਆਂ ਨਾਲ ‘ਸਨਮਾਨਤ’ ਹੋਣ ਦੀ ਸ਼ਰਤ ਵੀ ਰੱਖਦੇ ਹਨ! ਮਾਇਆ ਦੀ ਇਹ ਤ੍ਰਿਸ਼ਨਾ ਹੀ ਉਨ੍ਹਾਂ ਦੇ ਮਨ ਵਿੱਚ ਹਉਮੈ ਦਾ ਜ਼ਹਿਰ ਭਰ ਦਿੰਦੀ ਹੈ ਤੇ ਉਨ੍ਹਾਂ ਦਾ "ਗਿਆਨ ਵਿਹੂਣਾ ਗਾਵੈ ਗੀਤ॥" ਵਾਲਾ ਕੀਰਤਨ ਬੇ-ਅਸਰ ਤੇ ਨਿਰਾਰਥਕ ਸਿੱਧ ਹੁੰਦਾ ਹੈ।

ਇਕਿ ਗਾਵਤ ਰਹੇ ਮਨਿ ਸਾਦੁ ਨ ਪਾਇ॥ ਹਉਮੈ ਵਿਚਿ ਗਾਵਹਿ ਬਿਰਥਾ ਜਾਇ॥

ਗਾਵਣਿ ਗਾਵਹਿ ਜਿਨ ਨਾਮ ਪਿਆਰੁ॥ ਸਾਚੀ ਬਾਣੀ ਸਬਦ ਬੀਚਾਰੁ॥ ਗਉੜੀ ਮ: ੩

ਨਮਰਤਾ, ਨਿਮਾਣਾਪਣ, ਦੀਨਤਾ ਤੇ ਮਸਕੀਨਤਾ ਆਦਿ ਸਦਗੁਣ ਗੁਰਸਿੱਖ ਦਾ ਗਹਿਣਾ ਹਨ। ਹਉਮੈ ਤਿਆਗ ਕੇ ਇਨ੍ਹਾਂ ਗੁਣਾਂ ਨੂੰ ਧਾਰਨ ਕੀਤੇ ਬਿਨਾ ਮਨ ਸ਼ੁੱਧ ਨਹੀਂ ਹੋ ਸਕਦਾ।

ਨਾ ਹਮ ਚੰਗੇ ਆਖੀਅਹਿ ਬੁਰਾ ਨ ਦਿਸੈ ਕੋਇ॥

ਨਾਨਕ ਹਉਮੈ ਮਾਰੀਐ ਸਚੇ ਜੇਹੜਾ ਸੋਇ॥ ਮਾਰੂ ਅ: ਮ: ੧

ਆਪਸ ਕਉ ਜੋ ਭਲਾ ਕਹਾਵੈ॥ ਤਿਸਹਿ ਭਲਾਈ ਨਿਕਟਿ ਨ ਆਵੈ॥

ਸਰਬ ਕੀ ਰੇਨ ਜਾ ਕਾ ਮਨੁ ਹੋਇ॥ ਕਹੁ ਨਾਨਕ ਤਾ ਕੀ ਨਿਰਮਲ ਸੋਇ॥ ਸੁਖਮਨੀ ਮ: ੫

ਹਮ ਕੁਚਲ ਕੁਚੀਲ ਅਤਿ ਅਭਿਮਾਨੀ ਮਿਲਿ ਸਬਦੈ ਮੈਲੁ ਉਤਾਰੀ॥ ਰਾਗੁ ਰਾਮਕਲੀ ਮ: ੩

ਅਜੋਕੇ ਸਿੱਖਾਂ ਵਿੱਚ ਸਤਿ ਸਲਾਹਣ ਦੀ ਬਜਾਏ ਆਪ ਗਣਾਉਣ ਅਥਵਾ ਆਪ ਸਲਾਹਣ ਦੀ ਨਾਮੁਰਾਦ ਬਿਮਾਰੀ ਚਰਮਸੀਮਾ ਤੀਕ ਪਹੁੰਚ ਚੁੱਕੀ ਹੈ। ‘ਪੰਥ ਦੀਆਂ ਮਹਾਨ ਸ਼ਖ਼ਸੀਅਤਾਂ’ ਅਤੇ ‘ਉੱਚ ਕੋਟੀ ਦੇ ਪੰਥਕ ਪ੍ਰਚਾਰਕਾਂ’ ਨੇ ਆਪਣੇ ਆਪਣੇ ਰਸਾਲੇ, ਅਖ਼ਬਾਰ, ਬਲਾਗ, ਵੈਬਸਾਈਟ ਆਦਿ ਚਾਲੂ ਕੀਤੇ ਹੋਏ ਹਨ, ਜਿੰਨ੍ਹਾਂ ਨੂੰ ਚਲਾਉਣ ਵਾਸਤੇ ਬੇ-ਗ਼ੈਰਤ ਖ਼ੁਸ਼ਾਮਦੀ, ਝੋਲੀਚੁਕ ਅਤੇ ਪਿਆਦੇ ਆਦਿ ਭਰਤੀ ਕੀਤੇ ਹੋਏ ਹਨ, ਜੋ ਆਪਣੇ ਮਾਲਿਕਾਂ ਦੀਆਂ ਝੂਠੀਆਂ ਤਾਅਰੀਫ਼ਾਂ ਦੇ ਅਜਿਹੇ ਪੁਲ ਬੰਨ੍ਹਦੇ ਹਨ ਕਿ ਬਾਣੀਕਾਰਾਂ ਜਿਹੀਆਂ ਉੱਚਤਮ ਸੱਚੀਆਂ ਸ਼ਖ਼ਸੀਅਤਾਂ ਨੂੰ ਵੀ ਆਪਣੇ ਭ੍ਰਮਗਿਆਨੀ ਸਰਪ੍ਰਸਤਾਂ ਤੋਂ ਵੀ ਨੀਵਾਂ ਦਿਖਾ ਦਿੰਦੇ ਹਨ! ਹੋਰ ਤਾਂ ਹੋਰ, ਆਪਣੇ ਚੁੰਚਗਿਆਨੀ ਲਫ਼ਾਫ਼ੇਬਾਜ਼ ਆਕਾਵਾਂ ਦੀ ਸ਼ਖ਼ਸੀਅਤ ਨੂੰ ਵਧੇਰੇ ਉਘਾੜਣ ਵਾਸਤੇ ਉਹ ਦੂਜਿਆਂ ਦੀ ਬੇਵਜ੍ਹਾ ਤੇ ਆਧਾਰ ਰਹਿਤ ਨਿੰਦਾ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ! ਕੋਈ ਵੀ ਰਸਾਲਾ, ਅਖ਼ਬਾਰ, ਬਲਾਗ ਜਾਂ ਵੈਬਸਾਈਟ ਖੋਲ੍ਹ ਕੇ ਵੇਖ ਲਵੋ ਇਸ ਕਥਨ ਦਾ ਪੁਖ਼ਤਾ ਪ੍ਰਮਾਣ ਮਿਲ ਜਾਵੇ ਗਾ!

ਗੁਰਬਾਣੀ ਵਿੱਚ ਸਿਰਫ਼ ਤੇ ਸਿਰਫ਼ ਸਤਿਨਾਮ ਨੂੰ ਹੀ ਸਲਾਹਿਆ ਗਿਆ ਹੈ, ਕਿਸੇ ਮਿੱਟੀ ਦੇ ਪੁਤਲੇ ਦੀ ਤਾਅਰੀਫ਼ ਸਾਰੀ ਗੁਰਬਾਣੀ ਵਿੱਚ ਕਿਧਰੇ ਵੀ ਨਜ਼ਰ ਨਹੀਂ ਆਉਂਦੀ। ਪਰੰਤੂ ‘ਸਿੱਖ ਪੰਥ’ ਦੇ ਵਿਹੜੇ ਵਿੱਚ ਧਰਮਸਥਾਨਾਂ `ਤੇ ਹਰਿਨਾਮ ਸਲਾਹਣ ਦਾ ਭੋਰਾ ਵੀ ਦਿਖਾਈ ਨਹੀਂ ਦਿੰਦਾ। ਹਰ ਗੁਰੂਦਵਾਰੇ, ਡੇਰੇ ਤੇ ਟਕਸਾਲ ਆਦਿ ਵਿੱਚ, ਗੁਰੂ ਸਤਿਗੁਰੂ, ਸਤਿਨਾਮ ਤੇ ਮਹਾਨਾਤਮਾਵਾਂ ਨੂੰ ਨਜ਼ਰਅੰਦਾਜ਼ ਕਰਕੇ, ਦੁਸ਼ਟਾਤਮਾਵਾਂ ਦੀ ਝੂਠੀ ਸ਼ਲਾਘਾ ਕਰਕੇ ਉਨ੍ਹਾਂ ਦੀ ਹਉਮੈ ਦੀ ਗੁੱਝੀ ਅੱਗ ਨੂੰ ਹਵਾ ਦਿੱਤੀ ਜਾਂਦੀ ਹੈ।

ਵਿਣੁ ਨਾਵੈ ਹੋਰ ਸਲਾਹਣਾ ਸਭੁ ਬੋਲਣੁ ਫਿਕਾ ਸਾਦੁ॥

ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ॥

ਜਿਨ ਸਾਲਾਹਿਨ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ॥

ਜਨ ਨਾਨਕ ਗੁਰਮੁਖਿ ਉਬਰੇ ਜਪੁ ਹਰਿ ਹਰਿ ਪਰਮਾਨਾਦੁ॥ ਸਲੋਕ ਮ: ੪

ਹੰਉਮੈ ਅੰਦਰਿ ਖੜਕੁ ਹੈ ਖੜਕੇ ਖੜਕਿ ਵਿਹਾਇ॥ ਹੰਉਮੈ ਵਡਾ ਰੋਗੁ ਹੈ ਮਰਿ ਜੰਮੈ ਆਵੈ ਜਾਇ॥ ਸਲੋਕ ਮ: ੩

ਹਉਮੈ ਕਰਤਿਆ ਨਹ ਸੁਖੁ ਹੋਇ॥ ਮਨਮਤਿ ਝੂਠੀ ਸਚਾ ਸੋਇ॥

ਸਗਲ ਬਿਗੂਤੇ ਭਾਵੈ ਦੋਇ॥ ਸੋ ਕਮਾਵੈ ਧੁਰਿ ਲਿਖਿਆ ਹੋਇ॥

ਗੁਰਸਿੱਖਿਆ ਦੇ ਬਿਲਕੁਲ ਉਲਟ, ਗੁਰੂ (ਗ੍ਰੰਥ) ਦੀ ਹਜ਼ੂਰੀ ਵਿੱਚ ਕੁਚਲ-ਕੁਚੀਲ ਤੇ ਰੱਜ ਕੇ ਗ਼ਲੀਜ਼ ਮੁਰਦਾਰਖ਼ੋਰ ਸ਼ਾਸਕਾਂ/ਸਿਆਸਤਦਾਨਾਂ, ਮਲਿਕ ਭਾਗੋਆਂ, ਨੇਤਾਵਾਂ (ਰਾਜਸੀ, ਧਾਰਮਿਕ, ਸਮਾਜਿਕ ਆਦਿ), ਪੁਜਾਰੀ ਲਾਣੇ ਅਤੇ ‘ਪੰਥ’ ਦੀਆਂ ‘ਮਹਾਨ ਸ਼ਖ਼ਸੀਅਤਾਂ’ ਨੂੰ ਸਿਰੋਪਿਆਂ, ਕਥਿਤ ਧਾਰਮਿਕ ਚਿੰਨ੍ਹਾਂ, ਅਤੇ ਲਫ਼ਾਫ਼ਿਆਂ ਆਦਿ ਨਾਲ ਸਨਮਾਨਿਤ ਕੀਤਾ ਜਾਂਦਾ ਹੈ!

ਗੁਰੂਦਵਾਰਾ ਪ੍ਰਬੰਧਕ ਕਮੇਟੀਆਂ, ਪੁਜਾਰੀਆਂ ਅਤੇ ਮਾਇਆਧਾਰੀਆਂ ਦੁਆਰਾ ਅਣਗਿਣਤ ਗੁਰਮਤਿ ਸਮਾਗਮ, ਨਗਰ ਕੀਰਤਨ, ਕਾਨਫ਼੍ਰੰਸਾਂ ਅਤੇ ਸੈਮੀਨਾਰ ਆਦਿ ਆਯੋਜਿਤ ਕੀਤੇ/ਕਰਾਏ ਜਾਂਦੇ ਹਨ। ਇਨ੍ਹਾਂ ਸਮਾਗਮਾਂ/ਸੰਮੇਲਨਾਂ ਵਿੱਚ ਗੁਰਮਤਿ ਦਾ ਪੂਰਣ ਅਭਾਵ ਹੁੰਦਾ ਹੈ; ਅਤੇ ਮਨਹੂਸ ਮਨਮਤਿ ਦਾ ਬੋਲਬਾਲਾ ਹੁੰਦਾ ਹੈ! ਮਾਇਆਧਾਰੀਆਂ ਦੁਆਰਾ ਆਯੋਜਿਤ ਇਨ੍ਹਾਂ ਧਾਰਮਿਕ ਸਮਾਗਮਾਂ ਵਿੱਚ ਮਾਇਆ ਦਾ ਜਲਵਾ ਤੇ ਹਉਮੈ ਦੀ ਨੁਮਾਇਸ਼ ਤੋਂ ਸਿਵਾ ਹੋਰ ਕੁੱਝ ਵੀ ਦੇਖਣ, ਸੁਣਨ ਸਮਝਣ ਗੋਚਰਾ ਨਜ਼ਰ ਨਹੀਂ ਆਉਂਦਾ।

੫੫੦ਵੇਂ ‘ਪ੍ਰਕਾਸ਼ ਪੁਰਬ’ ਜਾਂ ‘ਆਗਮਨ ਪੁਰਬ’ ਨੂੰ ਮਨਾਉਣ ਵਾਸਤੇ ਕੀਤੇ ਜਾ ਰਹੇ ਅਣਗਿਣਤ ਸਮਾਗਮਾਂ ਵਿੱਚ ਮਾਈ (ਮਾਇਆ) ਅਤੇ ਉਸ ਦੀ ਲਾਡਲੀ ਧੀ (ਹਉਮੈਂ) ਦੀ ਨਿਖਿੱਧ ਜੋੜੀ ਦਾ ਤਾਂਡਵ ਨਾਚ ਦੇਖਣ ਤੋਂ ਬਿਨਾਂ ਸ਼੍ਰੱਧਾਲੂਆਂ ਨੂੰ ਹੋਰ ਕੁੱਝ ਵੀ ਨਹੀਂ ਮਿਲ ਰਿਹਾ! ਮਾਂ-ਧੀ ਦੀ ਜੋੜੀ ਦਾ ਲੁਭਾਉਣਾ ਭੜਕੀਲਾ ਨਾਚ ਅਤੇ ਆਪਹੁਦਰੇ ਤੇ ਬੇਮੁਹਾਰੇ ਠੁਮਕੇ ਵੇਖਿ ਵੇਖਿ ‘ਗੁਰੂ ਕੀਆਂ ਸੰਗਤਾਂ’ ‘ਨਿਹਾਲ ਨਿਹਾਲ’ ਅਤੇ ‘ਧੰਨ ਧੰਨ’ ਹੋਈ ਜਾ ਰਹੀਆਂ ਹਨ! ! ! ਜਗਤਗੁਰੂ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ‘ਆਗਮਨ ਪੁਰਬ’ ਨੂੰ ਮਨਾਉਣ ਵਾਸਤੇ, ਅਰਬਾਂ-ਖਰਬਾਂ ਰੁਪਏ ਰੋੜ੍ਹ ਕੇ, ਸੰਸਾਰ ਭਰ ਵਿੱਚ ਕੀਤੇ/ਕਰਾਏ ਜਾ ਰਹੇ ਸਮਾਗਮਾਂ ਵਿੱਚ ਮੋਹਨੀ ਮਾਇਆ ਦੇ ਲਿਸ਼ਕਾਰੇ ਤੇ ਹਉਮੈ ਦੇ ਨਖ਼ਰੀਲੇ ਨਜ਼ਾਰੇ ਤਾਂ ਸਭ ਪਾਸੇ ਨਜ਼ਰ ਆ ਰਹੇ ਹਨ ਪਰੰਤੂ, ਗੁਰੂ ਨਾਨਕ ਦੇਵ ਜੀ ਦੀ ਪਰਮਪਦ ਪ੍ਰਾਪਤ ਅਦੁੱਤੀ ਰੂਹਾਨੀ ਸ਼ਖ਼ਸੀਯਤ ਦੀ ਜ਼ਰਾ ਜਿਤਨੀ ਵੀ ਝਲਕ ਦਿਖਾਈ ਨਹੀਂ ਦੇ ਰਹੀ!

‘ਪੰਥਕ’ ਵਿਦਵਾਨ ਵੀ ਹਉਮੈ ਦੀ ਕਾਲਖ ਨਾਲ ਕਲੰਕਿਤ ਹੋ ਚੁੱਕੇ ਹਨ। ਉਹ, ਨਿਰਲੱਜ ਤੇ ਨਿਰਸੰਕੋਚ ਹੋ ਕੇ ਆਪਣੀਆਂ ਲਿਖਤਾਂ ਵਿੱਚ ਆਪਣੀ ਹੋਛੀ ਹਉਮੈ ਦਾ ਦਿਖਾਵਾ ਕਰਦੇ ਹਨ। ਹਉਮੈ-ਰੋਗ ਗ੍ਰਸਤ ਵਿਦਵਾਨ ਮੂਲ ਰੂਪ ਵਿੱਚ ਦੋ ਤਰ੍ਹਾਂ ਦੇ ਹਨ: ਇਕ, ਉਹ ਨਾਮ ਧਰੀਕ ਵਿਦਵਾਨ ਜੋ ਆਪਣੇ ਸਵਾਰਥ ਦੀ ਖ਼ਾਤਿਰ, ਆਪਣੀਆਂ ਜ਼ਮੀਰਾਂ ਮਾਰ ਕੇ, ਮਨਮਤੀ ਤੇ ਭ੍ਰਸ਼ਟ ਮਾਲਿਕਾਂ ਦਾ ਹੁਕਮ ਬਜਾਉਂਦਿਆਂ ਗੁਰਮਤਿ ਨੂੰ ਢਾਹ ਲਾਉਣ ਲਈ ਆਪਣਾ ਪੂਰਾ ਟਿੱਲ ਲਾ ਰਹੇ ਹਨ। ਉਹ ਜਾਣ-ਬੁੱਝ ਕੇ ਝੂਠ ਨੂੰ ਸੱਚ ਅਤੇ ਸੱਚ ਨੂੰ ਝੂਠ ਮੰਨਣ/ਮਨਵਾਉਣ `ਤੇ ਤੁਲੇ ਹੋਏ ਹਨ। ਅਖਾਉਤੀ ਦਸਮ ਗ੍ਰੰਥ, ਗੁਰਬਿਲਸ, ਪੰਥ ਪ੍ਰਕਾਸ਼ ਤੇ ਸੂਰਜ ਪ੍ਰਕਾਸ਼, ਰਹਿਤ ਨਾਮੇ ਅਤੇ ਰਹਿਤ ਮਰਿਆਦਾਵਾਂ ਆਦਿ ਦੇ ਸਮਰਥਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਦੂਜੇ, ਉਹ ਵਿਦਵਾਨ ਹਨ ਜਿਨ੍ਹਾਂ ਨੇ ਆਪਣੀਆਂ ਅਕਲ ਦੀਆਂ ਅੱਖਾਂ ਉੱਤੇ ਹਉਮੈ ਦੇ ਖੋਪੇ ਚਾੜ੍ਹੇ ਹੋਏ ਹਨ। ਗੁਰਬਾਣੀ ਸਾਨੂੰ ਸ਼੍ਰੱਧਾਲੂਆਂ ਨੂੰ ਤ੍ਰੈਗੁਣੀ ਮਾਇਆ ਦੀ ਦਲਦਲ ਵਿੱਚ ਵਿਚਰਦਿਆਂ, ਕੰਵਲ ਦੀ ਤਰ੍ਹਾਂ, ਮਾਇਆ ਦੇ ਚਿੱਕੜ ਤੋਂ ਨਿਰਲੇਪ ਰਹਿਣ ਦਾ ਆਦੇਸ਼ ਦਿੰਦੀ ਹੈ। ਪਰੰਤੂ ਹਉਮੈ ਦੇ ਮੁਰੀਦ ਵਿਦਵਾਨ ਆਪਣੇ ਈਜਾਦ ਕੀਤੇ ਫ਼ਲਸਫ਼ੇ ਨਾਲ ਤੁਰੀਆਵਸਥਾ/ਸਚਿਖੰਡ ਵਾਲੀ ਅਵਸਥਾ ਵਿੱਚ ਵਿਚਰਣ ਵਾਲੇ ਪਰਮਪਦ ਪ੍ਰਾਪਤ ਗੁਰਬਾਣੀ ਰਚਯਤਿਆਂ ਨੂੰ ਖਿੱਚ-ਧੂਹ ਕੇ ਆਪਣੇ ਪੱਧਰ `ਤੇ ਤ੍ਰੈਗੁਣੀ ਮਾਇਆ ਦੀ ਦਲਦਲ ਵਿੱਚ ਲਿਆਉਣ ਲਈ ਜ਼ੋਰ ਲਾ ਰਹੇ ਹਨ। ਇਨ੍ਹਾਂ ਬੂਝੜ ਵਿੱਦਵਾਨਾਂ ਬਾਰੇ ਗੁਰੂ ਨਾਨਕ ਦੇਵ ਜੀ ਦੇ ਬਚਨ ਹਨ:

ਇਕਨਾ ਸਿਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤ॥

ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ॥ ਸਲੋਕ ਮ: ੧

ਪਾਠਕ ਸੱਜਨੋਂ! ਮਾਇਆਧਾਰੀ ਮਨਮਤੀਆਂ ਦੁਆਰਾ ਵਿਛਾਏ ਗਏ ਹਉਮੈ-ਜਾਲ ਵਿੱਚੋਂ ਨਿਕਲਣ ਵਾਸਤੇ ਸਾਨੂੰ ਗੁਰਬਾਣੀ-ਗਿਆਨ ਦਾ ਸਹਾਰਾ ਲੈਣ ਦੀ ਜ਼ਰੂਰਤ ਹੈ। ਇਹ ਸਹਾਰਾ ਸਾਨੂੰ ਤਾਂ ਹੀ ਨਸੀਬ ਹੋ ਸਕਦਾ ਹੈ ਜੇ ਅਸੀਂ, ਹਉਮੈ-ਮਾਰੇ ਮਨਮਤੀਆਂ ਤੋਂ ਪੱਲਾ ਛੁਡਾ ਕੇ ਅਤੇ ਉਨ੍ਹਾਂ ਦੇ ਝਾਂਸਿਆਂ ਵਿੱਚੋਂ ਨਿਕਲ ਕੇ ਗੁਰੂ (ਗ੍ਰੰਥ) ਦੀ ਸੱਚੀ ਸਿੱਖਿਆ ਉੱਤੇ ਚੱਲੀਏ! ਗੁਰੂ ਦੀ ਸੱਚੀ ਸਿੱਖਿਆ ਉੱਤੇ ਚੱਲਣ ਲਈ, ਪੁਜਾਰੀਆਂ ਦੇ ਮਗਰ ਲੱਗਣ ਦੀ ਬਜਾਏ, ਸਾਨੂੰ ਗੁਰਬਾਣੀ-ਗਿਆਨ ਦੀ ਲੋੜ ਹੈ। ਗੁਰਬਾਣੀ ਦਾ ਸੱਚਾ ਸਹੀ ਗਿਆਨ ਪ੍ਰਾਪਤ ਕਰਨ ਵਾਸਤੇ, ਹੰਕਾਰੀ ਅਤੇ ਭੇਖਧਰੀ ਪਾਖੰਡੀਆਂ ਦੇ ਮਗਰ ਲੱਗਣ ਦੀ ਬਜਾਏ, ਸਾਨੂੰ ਆਪ ਨੂੰ ਗੁਰਬਾਣੀ ਦੀ ਬਿਬੇਕ ਪੂਰਣ ਬੀਚਾਰ ਕਰਨ ਦੀ ਲੋੜ ਹੈ!

ਗੁਰਇੰਦਰ ਸਿੰਘ ਪਾਲ

22 ਸਤੰਬਰ, 2019.




.